ਬ੍ਰਹਮਣ/ਪੰਡਿਤ ਅਤੇ ਸਿੱਖਾਂ ਦੇ ਸੰਤਾਂ/ਸਾਧਾਂ ਵਿਚ ਸਮਾਨਤਾ
ਕੁੱਝ ਦਿਨਾਂ ਤੋਂ ਮੈਂ “ਭਾਰਤੀ ਲੋਕ ਨੀਚ ਕਿਵੇਂ ਬਣੇ” ਪੜ੍ਹ ਰਿਹਾ ਹਾਂ ਤੇ ਮਨ ਵਿਚ ਬਹੁਤ ਸਾਰੇ ਸਵਾਲ ਪੈਦਾ ਹੋਏ। ਇਨ੍ਹਾ ਵਿਚੋਂ ਕੁੱਝ ਕੁ ਗੱਲਾਂ ਆਪਣੇ ਦੋਸਤਾਂ/ਮਿਤਰਾਂ ਅਤੇ ਪਾਠਕਾਂ ਨਾਲ ਸਾਝੇ ਕਰਨ ਦਾ ਯਤਨ ਕਰ ਰਿਹਾ ਹਾਂ।
ਗੱਲ ਚਾਹੇ ‘ਸੁਚ-ਭਿਟ’ ਦੀ ਕਰੀਏ,
‘ਛੁਆ-ਛਾਤ’ ਦੀ ਕਰੀਏ,
‘ਚੰਗੇ-ਮਾੜੇ’ ਇਨਸਾਨ ਦੀ ਕਰੀਏ,
‘ਮੂਰਖ ਤੇ ਸਮਝਦਾਰ’ ਦੀ ਕਰੀਏ,
‘ਚੰਗੇ ਤੇ ਮਾੜੇ’ ਅਚਰਣ ਦੀ ਕਰੀਏ,
‘ਦਾਨ-ਪੁੰਨ’ ਦੀ ਕਰੀਏ,
ਵਿਦਿਆ ਪੜ੍ਹਨ- ਪੜ੍ਹਾਉਣ ਦੀ ਕਰੀਏ।
ਗੱਲ ਮੁੜ-ਘੁੜ ਕੇ ਉਥੇ ਹੀ ਆ ਜਾਂਦੀ ਹੈ ਜਾਣੀ ਕੇ ‘ਖੋਤੀ ਬੋਝ ਥੱਲੇ ਜਾਂ ਖੋਤੀ ਬੋਹੜ ਥੱਲੇ’ ਗੱਲ ਇਕ ਬਰਾਬਰ ਹੈ।
ਪੰਨਾ 82 ਤੇ ਦਰਜ਼ ਹੈ: ਮੰਨੂ ਸਿਮਰਤੀ(7/133)-
ਬਹੁਤ ਗਰੀਬ ਹੋ ਜਾਣ ਤੇ ਵੀ ਰਾਜਾ ਬ੍ਰਹਮਣ ਤੋਂ ਟੈਕਸ ਨਾ ਲਵੇ ਬਲਕਿ ਧਿਆਨ ਰੱਖੇ ਕਿ ਉਸਦੇ ਦੇਸ਼ ਵਿਚ ਰਹਿੰਦਾ ਬ੍ਰਹਮਣ ਭੁੱਖ ਨਾਲ ਦੁੱਖੀ ਨਾ ਹੋਵੇ।
ਸਾਰੀ ਦੁਨੀਆਂ ਦੇ ਸਾਧ ਟੈਕਸ ਦਿੰਦੇ ਹਨ? ਨਹੀਂ।
ਕਿਸੇ ਵੀ ਮੁਲਕ ਦੀ ਸਰਕਾਰ ਨੇ ਇਨ੍ਹਾਂ ਲੁਟੇਰਿਆਂ ਨੂੰ ਨੱਥ ਨਹੀਂ ਪਾਈ। ਚਾਹੇ ਇੰਗਲੈਂਡ ਦੀ ਸਰਕਾਰ ਦੀ ਗੱਲ ਕਰੋ। ਇੰਗਲੈਂਡ ਵਿਚ ਅਮਰ ਸਿੰਘ ਬੜੂੰਦੀ ਵਾਲੇ ਨੇ ਸਕੂਲ ਖੋਹਲੇ ਹਨ, ਧਨ ਦੋਲਤ ਰੱਜ ਕੇ ਬਣਾਈ ਅਤੇ ਅਯਾਸ਼ੀ ਵੀ ਪੂਰੀ ਰੱਜ ਕੇ ਕੀਤੀ। ਨਾ ਕਿਸੇ ਕੁੜੀ ਦੇ ਮਾਪਿਆਂ ਨੇ ਚੂੰ ਤਕ ਕੀਤੀ ਤੇ ਨਾ ਹੀ ਕਿਸੇ ਦਾਨੀ ਸੱਜਣ ਨੇ ਹਿਸਾਬ ਕਿਤਾਬ ਜਾਂ ਲੇਖੇ ਜੋਖੇ ਦੀ ਤਫਦੀਸ਼ ਕਰਾਈ?
ਅੱਜ ਹਜ਼ਾਰਾਂ ਇਸ ਤਰ੍ਹਾਂ ਦੇ ਲੁਟੇਰੇ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚ ਫੇਰੀਆਂ ਪਾ ਪਾ ਕੇ, ਲੋਕਾਂ ਨੂੰ ਮੂਰਖ ਬਣਾ ਬਣਾ ਕੇ ਡਾਲਰਾਂ ਦੇ ਅੰਬਾਰ ਲਗਾ ਚੁੱਕੇ ਹਨ। ਪਰ ਕੋਈ ਪੁੱਛ-ਪੜਤਾਲ ਨਹੀਂ। ਚੰਡੀਗੜ੍ਹੀਆ ਆਈ.ਏ.ਐਸ ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਰੰਗੀਲਾ, ਜਿਸਦਾ ਲੜਕਾ ਹੁਣੇ ਹੁਣੇ ਸ਼ਰਾਬ ਪੀ ਕੇ ਮੰਦੇ ਕਰਮ ਕਰਦਾ ਫੜਿਆ ਗਿਆ ਹੈ(ਵੀਡੀਓ ਵਾਇਰਲ ਹੋਈ ਹੈ) ਅਤੇ ਸਾਰੀ ਕਿਸਮ ਦੇ ਸਾਧ ਇਹ ਸੱਭ ਇਕੋ ਜਮਾਤ ਦੇ ਵਿਦਿਆਰਥੀ ਹਨ ਤੇ ਕੰਮ ਵੀ ਸੱਭਨਾਂ ਦਾ ਇਕੋ ਹੈ। ਪੈਸਾ ਇਕੱਠਾ ਕਰਨਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ।
ਪੰਨਾ 83: ਰਾਮਾਇਣ ਤੁਲਸੀ ਦਾਸ:
ਜਦੋਂ ਬ੍ਰਹਮਾ ਨੂੰ ਕਰੋਧ ਹੋਵੇ ਤਾ ਬ੍ਰਹਮਣ ਬਚਾ ਲੈਂਦਾ ਹੈ। ਪਰੰਤੂ ਜਦ ਬ੍ਰਹਮਣ ਕ੍ਰੋਧਵਾਨ ਹੋ ਜਾਵੇ ਤਾਂ ਕੋਈ ਬਚਾਉਣ ਵਾਲਾ ਨਹੀਂ। ਬ੍ਰਹਮਣਾਂ ਦਾ ਸਰਾਪ ਬਹੁਤ ਭਿਆਨਕ ਹੁੰਦਾ ਹੈ। ਇਸ ਨੂੰ ਕਿਸੇ ਤਰ੍ਹਾਂ ਵੀ ਟਾਲਿਆ ਨਹੀਂ ਜਾ ਸਕਦਾ।
ਤੁਲਸੀਦਾਸ ਰਮਾਇਣ (ਬਾਲ ਕਾਂਡ 148)
ਇਕ ਵਾਰ ਬ੍ਰਹਮਣ ਨਾਰਦ ਨੇ ਭਗਵਾਨ ਨੂੰ ਹੀ ਸਰਾਪ ਦੇ ਦਿੱਤਾ ਸੀ।
ਸਿੱਖਾਂ ਦੇ ਸਾਧ/ਸੰਤ ਵੀ ਸਰਾਪ ਦੇ ਸਕਣ ਦੇ ਕਾਬਲ ਹਨ ਤੇ ਲੋਕ ਡਰਦੇ ਮਾਰੇ ਸਾਹ ਤਕ ਨਹੀਂ ਕੱਢਦੇ। ਅੱਜ ਤੋਂ ਕੋਈ 8-9 ਸਾਲ ਪਹਿਲਾਂ ਜਦੋਂ ਹਰੀ ਸਿੰਘ ਰੰਧਾਵੇ ਵਾਲੇ ਨਾਲ ਟੈਲੀਵਿਜ਼ਨ ਤੇ ਸਰਾਪ ਬਾਰੇ ਸਾਡੀ ਗੱਲ ਬਾਤ ਹੋਈ ਤਾਂ ਉਹ ਅੱਗੇ ਲਿਖਿਆ ਸਲੋਕ ਲੈ ਕੇ ਚਰਚਾ ਕਰਨ ਲੱਗਾ। ਪਰ ਜਦੋਂ ਵਿਆਖਿਆ ਪੜ੍ਹੀ ਤੇ ਲੋਕਾਂ ਨੂੰ ਸੁਣਾਈ ਤਾਂ ਫਿਰ, “ਕੱਚੇ ਹੁੰਦੇ ਪਚਾਦੇ ਦੀ ਅਊ ਅਊ”।
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ {ਪੰਨਾ 306}।
ਜੋ ਜੋ ਮਨੁੱਖ ਸੰਤ (ਗਿਆਨ ਗੁਰੂ) ਵਲੋਂ ਫਿਟਕਾਰੇ/ਟੁਟੇ ਹੋਏ ਹਨ, (ਭਾਵ ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ। ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਵੀ ਸੁੱਕ ਜਾਂਦੇ ਹਨ। ਜੋ ਸੱਚ ਨਾਲੋਂ ਟੁੱਟ ਗਿਆ ਉਹ ਮਰ ਗਿਆ ਜਿਵੇਂ ਦਰੱਖਤ ਨਾਲੋ ਟੁੱਟ ਕੇ ਟਾਹਣੇ ਵੀ ਸੁੱਕ ਜਾਂਦੇ ਹਨ। ਸਿੱਖ ਸਿਧਾਂਤ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਉਨ੍ਹਾ ਮੁਤਾਬਕ ਵਰ-ਸਰਾਪ ਕੋਈ ਚੀਜ਼ ਨਹੀਂ। ਨਾ ਕੋਈ ਕਿਸੇ ਨੂੰ ਵਰ ਦੇ ਸਕਦਾ ਹੈ ਤੇ ਨਾ ਹੀ ਸਰਾਪ।
ਮੰਨੂ ਸਿਮਰਤੀ(5/22)
ਜੇ ਕਿਸੇ ਸ਼ੂਦਰ ਦਾ ਹੱਥ ਬ੍ਰਹਾਮਣ ਦੇ ਖਾਣੇ ਨੂੰ ਲੱਗ ਜਾਵੇ ਤਾਂ ਬ੍ਰਹਮਣ ਨੂੰ ਇਹ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ।
ਵਸਿਸ਼ਠ ਧਰਮ ਸੂਤਰ(6-26)
ਜਿਸ ਬ੍ਰਾਹਮਣ ਨੇ ਸ਼ੂਦਰ ਦਾ ਅੰਨ ਨਾ ਖਾਦ ਹੋਵੇ, ਉਹ ਸਰਬ ਉੱਤਮ ਪਾਤਰ ਹੈ।
ਓਹੀ (6, 27, 19)
ਜਦੋਂ ਬ੍ਰਾਹਮਣ ਸ਼ੂਦਰ ਦਾ ਅੰਨ ਖਾ ਕੇ ਮਰ ਜਾਵੇ ਉਹ ਸ਼ੂਦਰ ਦੇ ਘਰ ਜਨਮ ਲਵੇਗਾ ਜਾਂ ਪਿੰਡ ਦਾ ਕੁੱਤਾ ਹੋਵੇਗਾ।
ਆਓ ਹੁਣ ਆਪਾਂ ਭੂਚੋ ਮੰਡੀ ਵਾਲੀ ਨਾਨਕ ਸਰੀਆਂ ਦੀ ਠਾਠ ਵੱਲ ਨਜ਼ਰ ਮਾਰੀਏ।
ਉਹ ਲੰਗਰ ਵਕਤ ਹੋਕਾ ਇਹ ਦਿੰਦੇ ਹਨ ਕਿ ਕੋਈ ਚੌਥੇ ਪਉੜੇ ਵਾਲਾ (ਮਜ਼ਬੀ ਸਿੱਖ) ਤਾਂ ਨਹੀਂ ਅੰਦਰ ਆ ਗਿਆ। ਇਹੋ ਹਾਲ ਹੈ ਟਕਸਾਲ ਦਾ ਅਤੇ ਅਖੰਡ ਕੀਰਤਨੀਏ ਜੱਥੇ ਵਾਲੇ ਤਾਂ ਇਸ ਤੋਂ ਵੀ ਅੱਗੇ ਲੰਘ ਗਏ ਹਨ। ਇਹ ਲੋਕ ਤਾਂ ਕਿਸੇ ਹੋਰ ਜੱਥੇ ਦੇ ਅੰਮ੍ਰਤਧਾਰੀ ਦੇ ਹੱਥਾਂ ਦਾ ਬਣਿਆ ਪ੍ਰਸ਼ਾਦ ਵੀ ਨਹੀਂ ਲੈਂਦੇ।
ਓਹੀ ਬ੍ਰਾਹਮਣ ਵਾਲੀ ਸੁੱਚ-ਭਿੱਟ ਵਿਚ ਇਹ ਲੋਕ ਗ੍ਰਸਤ ਹਨ।
ਮੰਨੂ ਸਿਮਰਤੀ(ਅਧੀਆਇ2)
ਜੋ ਪ੍ਰਾਣੀ ਸਵੇਰੇ ਸ਼ਾਮ ਗਾਇਤ੍ਰੀ ਪਾਠ ਕਰੇ ਤਾਂ ਉਸਨੂੰ ਤਿੰਨ ਵੇਦਾਂ ਦੇ ਪੜ੍ਹਨ ਸਮਾਨ ਫਲ ਮਿਲਦਾ ਹੈ।
ਸਿੱਖਾਂ ਦੇ ਧਰਮ ਸ਼ਾਸ਼ਤ੍ਰੀ ਸਾਨੂੰ ਕੀ ਸਿਖਾਉਂਦੇ ਹਨ?
ਇਹ ਵੀ ਤਾਂ ਇਹੀ ਕਹਿੰਦੇ ਹਨ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਬਾਣੀ ‘ਜਪੁ’ ਜੀ ਵਿਚ। ਜਾਣੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਪਹਿਲੀ ਬਾਣੀ ਦਾ ਨਿਚੋੜ ਮੂਲ ਮੰਤ੍ਰ ਵਿਚ। ਮਤਲਬ ਕਿ ਬਾਣੀ ‘ਜਪੁ’ ਜੀ ਵੀ ਪੜ੍ਹਨ ਦੀ ਲੋੜ ਨਹੀਂ ਸਿਰਫ ਮੂਲ ਮੰਤ੍ਰ ਪੜ੍ਹੋ। ਆਖਰ ਵਿਚ ਇਹੀ ਕਹਿੰਦੇ ਹਨ ਕਿ ਮੂਲ ਮੰਤ੍ਰ ਵੀ ਪੜ੍ਹਨ ਦੀ ਲੋੜ ਨਹੀਂ ਇਸ ਦਾ ਨਿਚੋੜ ਹੈ ‘ਵਾਹਿ ਗੁਰੂ’ ਸ਼ਬਦ ਦੇ ਜਾਪ ਵਿਚ।
ਲਓ ਜੀ ਇਹ ਲੋਕ ਕਰ ਗਏ ਆਪਣਾ ਕੰਮ ਤੇ ਕਰਤੀ ਸਿੱਖ ਸੰਗਤ ਗਿਆਨ ਵਿਹੂਣੀ ਅਤੇ ਤੋੜਤਾ ਬਾਬੇ ਦੀ ਬਾਣੀ ਨਾਲੋ। ਕਰ ਲਓ ਘਿਓ ਨੂੰ ਭਾਂਡਾ। ਲੋਕ ਤਾਂ ਪਹਿਲਾ ਹੀ ਨਹੀਂ ਚਾਹੁੰਦੇ ਕਿ ਕੋਈ ਮੁਸ਼ੱਕਤ ਕੀਤੀ ਜਾਏ। ਪਰ ਬਾਬਾ ਜੀ ਦਾ ਸਿਧਾਂਤ ਜਿਸ ਤੋਂ ਅਸੀਂ ਕੋਰੇ ਹਾਂ ਕੀ ਕਹਿੰਦਾ ਹੈ:
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਅਪਸਤੰਬ ਧਰਮ ਸੂਤਰ:
ਜਿਵੇਂ ਕੁੱਤਾ ਹੈ ਤਿਵੇਂ ਸ਼ੂਦਰ ਹੈ।
ਨਾਰਦ ਸਿਮਰਤੀ (ਅ-5)
ਸੂਦਰ ਦਾ ਕੰਮ ਦਰਵਾਜਿਆਂ, ਟੱਟੀ ਖਾਨਿਆਂ, ਸੜਕਾਂ ਉੱਤੇ ਕੂੜਾ ਸੁੱਟਣ ਦੀ ਥਾਂ ਝਾੜੂ ਫੇਰਨਾ, ਸਰੀਰ ਦੇ ਗੁਪਤ ਅੰਗਾਂ ਦੀ ਮਾਲਸ਼ ਕਰਨ, ਜੂਠਾ ਭੋਜਨ ਅਤੇ ਟੱਟੀ ਪਿਸ਼ਾਬ ਇਕੱਠਾ ਕਰਕੇ ਸੁੱਟਣਾ।
ਸ਼ਤਪਥ ਬ੍ਰਾਹਮਣ(1/41/1/31)
ਇਸਤਰੀ, ਸ਼ੂਦਰ, ਕੁੱਤੇ ਅਤੇ ਕਾਂ ਵਿਚ ਝੂਠ ਪਾਪ ਅਤੇ ਅੰਧਕਾਰ ਬਣੇ ਰਹਿੰਦੇ ਹਨ।
ਪੰਜਾਬ ਕਾਨੂੰਨ 1872:
ਇਸ ਕਾਨੂੰਨ ਅਨੁਸਾਰ ਨਗਰ ਨਿਗਮ ਵਿਚ ਮਰਨ ਵਾਲੇ ਮੁਰਦਾ ਪਸ਼ੂਆਂ ਨੁੰ ਉਠਾਉਣਾ ਤੇ ਸਫਾਈ ਮਜ਼ਦੂਰ ਦਾ ਕੰਮ ਸੀ। ਇਸ ਦੇ ਬਦਲੇ ਉਸ ਨੂੰ ਕੋਈ ਮਿਹਨਤਾਨਾ ਨਹੀਂ ਸੀ ਦਿੱਤਾ ਜਾਂਦਾ। ਪੰਜਾਬ ਵਿਚ ਕਿਸੇ ਭੰਗੀ ਨੂੰ ਕਿਸੇ ਰਾਹ ਵਿਚੋਂ ਲੰਘਣ ਲਈ, ਦੂਰ ਹਟੋ, ਦੂਰ ਹਟੋ ਕਹਿਣਾ ਪੈਂਦਾ ਸੀ।
ਪੰਜਾਬ ਲੈਂਡ ਐਲੀਨੇਸ਼ਨ ਐਕਟ: ਅਨੁਸਾਰ
ਅਛੂਤਾਂ ਨੂੰ ਗੈਰ ਕਾਸ਼ਤਕਾਰ ਕਰਾਰ ਦਿੱਤਾ ਗਿਆ ਹੈ। ਉਹ ਖੇਤੀ ਲਈ ਤਾਂ ਕੀ , ਮਕਾਨ ਵਾਸਤੇ ਵੀ ਜ਼ਮੀਨ ਨਹੀਂ ਸੀ ਖਰੀਦ ਸਕਦਾ।
ਮਿਉਂਪਲ ਸਰਵੈਂਟਸ ਐਕਟ 1890 ਧਾਰਾ 3:
ਜੇਕਰ ਨੀਵੀਆਂ ਜਾਤੀਆਂ ਦਾ ਕੋਈ ਸਫਾਈ ਮਜ਼ਦੂਰ ਬਿਨਾਂ ਸੂਚਨਾ ਦਿਤੇ ਕੰਮ ਤੋਂ ਗੈਰਹਾਜਰ ਹੁੰਦਾ ਜਾਂ ਤਿਆਗ ਪੱਤਰ ਦਿੰਦਾ ਸੀ ਤਾਂ ਉਸਨੂੰ ਕੈਦ ਦੀ ਸਜਾ ਹੁੰਦੀ ਸੀ।
ਸਮਾ ਬੜਾ ਬਲਵਾਨ ਹੈ। ਮਨੁੱਖਤਾ ਦੇ ਭਲੇ ਦੇ ਕੰਮ ਕਿਸੇ ਨਾ ਕਿਸੇ ਕੋਲੋਂ ਕੁਦਰਤ ਆਪਣੇ ਆਪ ਕਰਵਾਈ ਜਾ ਰਹੀ ਹੈ ਇਸੇ ਕਰਕੇ ਤਾਂ ਸਾਰੇ ਰਾਜੇ ਨਹੀਂ, ਸਾਰੇ ਵਪਾਰੀ ਨਹੀਂ, ਸਾਰੇ ਕਾਸ਼ਤਕਾਰ ਨਹੀਂ, ਸਾਰੇ ਗੁਣੀ-ਗਿਆਨੀ ਨਹੀਂ, ਸਾਰੇ ਅਧਿਆਪਕ ਨਹੀਂ ਤੇ ਸਾਰੇ ਇੰਜਨੀਅਰ ਨਹੀਂ। ਕੋਈ ਨਾ ਕੋਈ ਆਪਣੇ ਆਪ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਛੱਡ ਕੇ ਮਨੁੱਖਤਾ ਦੇ ਭਲੇ ਲਈ ਜੁਟਿਆ ਹੀ ਹੁੰਦਾ ਹੈ।
ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਬਹੁਤ ਅਮੀਰ ਘਰ ਵਿਚ ਪੈਦਾ ਹੁੰਦੇ ਹਨ। ਉਹ ਵੀ ਕਹਿ ਸਕਦੇ ਹਨ ਕਿ “ਆਪਾਂ ਨੂੰ ਕੀ”। ਪਰ ਨਹੀਂ ਉਨ੍ਹਾਂ ਨੂੰ ਤਾਂ ਭਾਈ ਗੁਰਦਾਸ ਮੁਤਾਬਕ,
“ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭੀ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜਿਆ ਸੋਧਣ ਧਰਤਿ ਲੁਕਾਈ। ਵਾਰ 1 ਪਉੜੀ 24।” ਲੋਕਾਈ ਨਾਲ ਪਿਆਰ ਹੈ।
ਸਿੱਖ ਭਰਾਵੋ! ਆਪਾਂ ਨੂੰ ਵੀ ਇਹ ਭਾਵਨਾ ਪੈਦਾ ਕਰਨੀ ਹੀ ਪੈਣੀ ਹੈ। ਸਾਨੂੰ ਹੈ। ਜੇਕਰ ਸਾਡਾ ਆਲਾ ਦੁਆਲਾ ਪ੍ਰਦੂਸ਼ਤ ਹੈ, ਖਰਾਬ ਹੈ, ਗੰਦਗੀ ਭਰਿਆ ਹੈ, ਲੁੱਚੇ-ਲੰਡੇ ਤੇ ਚੋਰ-ਉਚੱਕੇ ਬਜ਼ਾਰ ਵਿਚ ਸ਼ਰੇਆਮ ਘੁੰਮਦੇ ਫਿਰਦੇ ਹਨ ਤਾਂ ਲੱਖਾਂ ਪ੍ਰਬੰਧਾਂ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਦਿਨ ਸਾਡੀ ਵਾਰੀ ਵੀ ਆਉਣੀ ਹੈ। ਆਸੇ ਪਾਸੇ ਦੇ ਗੰਦ ਦਾ, ਭਾਂਵੇਂ ਸਾਂਡੀ ਕੋਠੀ ਕਿਤਨੀ ਵੀ ਚੰਗੀ ਕਿਉਂ ਨਾ ਬਣਾਈ ਹੋਵੇ, ਮੁਸ਼ਕ ਸਾਨੂੰ ਜ਼ਰੂਰ ਆਵੇਗਾ।
ਕਿਸੇ ਨਾ ਕਿਸੇ ਦਿਨ ਸ਼ਰੇ-ਬਜਾਰ ਵਿਚ ਸਾਨੂੰ ਕੋਈ ਲੁੱਟ ਲਵੇਗਾ, ਮਾਰ ਦੇਵੇਗਾ, ਸਾਡੀ ਪੱਤ ਲੁੱਟ ਲਵੇਗਾ। ਇਸੇ ਕਰਕੇ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਲੱਖਮੀ ਚੰਦ ਤੇ ਸਿਰੀ ਚੰਦ ਵਾਲਾ ਪਿਆਰ ਸਾਡੇ ਉਤੋਂ ਵਾਰ ਕੇ, ਸਾਡੇ ਭਲੇ ਲਈ 35000 ਹਜ਼ਾਰ ਕਿਲੋਮੀਟਰ ਦਾ ਫਾਸਲਾ ਪੈਦਲ ਤਹਿ ਕਰਕੇ ‘ਗੰਗਾ ਕੀ ਲਹਿਰ’ ਦੀਆਂ ਜੰਜੀਰਾਂ ਕੱਟਣ ਲਈ, ਘਰੋਂ ਨਿਲਕ ਪੈਂਦੇ ਹਨ।
ਭਾਈ ਸਿੱਖ ਭਰਾਵੋ! ਯਾਦ ਰੱਖੋ ਕਿ ਭਾਈ ਗੁਰਦਾਸ ਤੋਂ ਵੱਧ ਕੇ ਕੋਈ ਹੋਰ ਇਤਹਾਸਕਾਰ ਗੁਰੂ ਸਹਿਬਾਨ ਬਾਰੇ ਸੱਚੀ ਗਵਾਹੀ ਪੇਸ਼ ਨਹੀਂ ਕਰ ਸਕਦਾ। ਗੁਰੂ ਬਾਬੇ ਨਾਲ ਕੋਈ ਬਾਲਾ ਨਹੀਂ ਸੀ। ਬਾਲੇ ਦਾ ਬਾਬੇ ਨਾਲ ਉਟੰਕਣ ਤਕਰੀਬਨ ਗੁਰੂ ਨਾਨਕ ਪਿਤਾ ਦੇ ਅਕਾਲ ਚੜ੍ਹਾਈ ਕਰਨ ਤੋਂ 120 ਸਾਲ ਬਾਦ ਕੀਤਾ ਗਿਆ ਹੈ ਤੇ ਭਾਈ ਗੁਰਦਾਸ ਜੀ ਦੀ ਗਵਾਹੀ ਹੈ, “ ਪਉੜੀ 35 ਵਾਰ ਪਹਿਲੀ, ਫਿਰ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਤਾ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ”।
ਫਿਰ ਕੀ ਹੋਇਆ?
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ ਪੂਜਾ ਅਸਣੁ ਥਾਪਣਿ ਸੋਆ।
ਗੁਰੂ ਨਾਨਕ ਪਿਤਾ ਦੇ ਗਿਆਨ ਦੇ ਮੂਹਰੇ ਕੋਈ ਨਹੀਂ ਅਟਕਿਆ। ਸ਼ੇਰ ਖਲਕਤ ਵਿਚ ਬੁੱਕ ਰਿਹਾ ਹੈ ਤੇ ਸੱਭ ਪੰਡਤ, ਮੁੱਲਾਂ- ਮੌਲਾਣੇ, ਕਾਜ਼ੀ ਤੇ ਜੋਗੀ ਮਿਰਗਾਂ ਵਾਂਗਰ ਬਾਬੇ ਦੇ ਸਾਹਮਣੇ ਆਉਣ ਤੋਂ ਡਰਦੇ ਮਾਰੇ ਭੱਜ ਰਹੇ ਹਨ।
ਆਓ ਆਪਾਂ ਵੀ ਬਾਬਾ ਜੀ ਦੇ ਕਦਮਾਂ ਪੁਰ ਚੱਲਦੇ ਹੋਏ ਆਪਣਾ ਕੁੱਝ ਸਮਾ ਕੱਢ ਕੇ ਆਪਣੇ ਸਮਾਜ ਦੀ ਭਲਾਈ ਲਈ ਲਾਈਏ ਤਾਂ ਹੀ ਤਾਂ ਅਸੀਂ ਸਿੱਖ ਬਣ ਸਕਦੇ ਹਾਂ ਨਹੀਂ ਤਾਂ ਖੁਦਗਰਜ਼ ਤਾਂ ਹੈ ਹੀ। ਕੋਈ ਸੂਰਮਾ ਸਾਥ ਦੇਣਾ ਚਾਹੁੰਦਾ ਹੋਵੇ ਤਾਂ ਹੇਠ ਲਿਖੇ ਨੰਬਰਾਂ ਤੇ ਫੂਨ ਕਰ ਸਕਦਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਬ੍ਰਹਮਣ/ਪੰਡਿਤ ਅਤੇ ਸਿੱਖਾਂ ਦੇ ਸੰਤਾਂ/ਸਾਧਾਂ ਵਿਚ ਸਮਾਨਤਾ
Page Visitors: 2658