ਸ਼ਹੀਦ ਕਿਸੇ ਸੰਸਥਾ ਜਾਂ ਧੜੇ ਦੀ ‘ਮਨਾਪਲੀ’ ਨਹੀਂ ਹੁੰਦੇ !
ਗੁਰਦੇਵ ਸਿੰਘ ਸੱਧੇਵਾਲੀਆ
ਸਿੱਖ ਕੌਮ ਜੇ ਹਾਲੇ ਤੱਕ ਇਨੇ ਧੱਕੇ ਧੋੜੇ ਖਾ ਕੇ ਵੀ 'ਸਰਵਾਈਵ' ਕਰ ਰਹੀ ਹੈ, ਉਸ ਪਿੱਛੇ ਉਸ ਦਾ ਲਹੂ ਚੋਂਦਾ ਇਤਿਹਾਸ ਅਤੇ ਸੂਰਬੀਰ ਜੋਧਿਆਂ ਦੀਆਂ ਹਿੱਕਾਂ ਡਾਹ ਕੇ ਕੀਤੀਆਂ ਸ਼ਹਾਦਤਾਂ ਹਨ। ਪਰ ਆਹ ਇੱਕ ਨਵਾਂ ਰੁਝਾਨ ਖਤਰਨਾਕ ਹੈ, ਜਿਹੜਾ ਸੋ ਕਾਲਡ ਟਕਸਾਲ ਵਾਲਿਆਂ ਵਲੋਂ ਸ਼ੁਰੂ ਕੀਤਾ ਗਿਆ ਹੈ, ਸ਼ਹੀਦ ਨੂੰ ਆਪਣੀ ਸੰਸਥਾ ਜਾਂ ਧੜੇਬੰਦੀ ਦੀ 'ਮਨਾਪਲੀ' ਬਣਾ ਕੇ ਦੂਜਿਆਂ ਉਪਰ ਧੌਂਸ ਪਾਈ ਜਾਵੇ ਜਾਂ ਅਪਣੀ ਕਿਸੇ ਊਂਟ ਪਟਾਂਗ ਗੱਲ ਨੂੰ ਮਨਵਾਉਂਣ ਲਈ ਉਸ ਦਾ ਨਾਂ ਵਰਤਿਆ ਜਾਵੇ।
ਯਾਦ ਰਹੇ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਸਾਡੇ ਲਈ ਉਵੇਂ ਹੀ ਚਾਨਣ ਮੁਨਾਰਾ ਹੈ ਜਿਵੇਂ ਪਹਿਲੇ ਅਤੇ ਬਾਕੀ। ਸਾਨੂੰ ਨਹੀਂ ਪਤਾ ਬਾਬਾ ਜਰਨੈਲ ਸਿੰਘ ਕੀ ਕਥਾ ਕਰ ਗਿਆ, ਪਰ ਸਾਨੂੰ ਏਹ ਪਤਾ ਕਿ ਉਹ ਜੋਧਾ ਹਿੱਕ ਡਾਹ ਕੇ ਲੜਿਆ ਅਤੇ ਲੜਦਾ ਹੋਇਆ ਸ਼ਹਾਦਤ ਪਾ ਗਿਆ! ਉਸ ਦੀ ਸਭ ਤੋਂ ਵੱਡੀ ਪ੍ਰਪਾਤੀ ਇਹ ਸੀ ਕਿ ਉਸ ਨੇ ਸੋ ਕਾਲਡ ਆਜ਼ਾਦੀ ਵੇਲੇ ਤੋਂ ਪੱਕੀ ਅਤੇ ਪੀਡੀ ਉਹ ਮਿੱਥ ਤੋੜੀ ਕਿ ਇਸ ਮੁਲਕ ਵਿਚ ਜੇ ਸਾਡੀ ਇੱਜਤ ਨਹੀਂ ਤਾਂ ਸਾਨੂੰ ਕੋਈ ਪ੍ਰਵਾਹ ਨਹੀਂ ਅਜਿਹੇ ਮੁਲਕ ਦੀ ਏਕਤਾ ਜਾਂ ਅਖੰਡਤਾ ਦੇ ਠੇਕੇਦਾਰ ਬਣੇ ਫਿਰੀਏ! ਨਹੀਂ ਤਾਂ ਕਾਲੀਏ ਸਾਰੀ ਉਮਰ ਇਸ ਦੀ ਏਕਤਾ ਅਖੰਡਤਾ ਤੋਂ ਹੀ ਮੂਤੀ ਗਏ!
ਬਚਿੱਤਰ ਨਾਟਕ ਦੇ ਰੌਲੇ ਵਿਚ ਮੈਨੂੰ ਨਹੀਂ ਜਾਪਦਾ ਕਿ ਸਾਨੂੰ ਸ਼ਹੀਦਾਂ ਨੂੰ ਘਸੀਟਣਾ ਚਾਹੀਦਾ ਹੈ। ਬਚਿੱਤਰ ਨਾਟਕ ਦੀ ਇੱਕ ਪੂਰੀ ਸਦੀ ਸੀ ਉਸ ਦਾ ਆਲਮ ਕੇਵਲ ਬਾਬਾ ਜਰਨੈਲ ਸਿੰਘ ਉਪਰ ਹੀ ਨਹੀਂ ਬਲਕਿ ਪੂਰੀ ਕੌਮ ਉਪਰ ਛਾਇਆ ਰਿਹਾ ਹੈ। ਵੱਡੇ ਵੱਡੇ ਮਹਾਂਰਥੀ, ਵਿਦਵਾਨ, ਕੀਰਤਨੀਏ, ਕਥਾਵਾਚਕ ਵੀ ਉਸ ਦਾ ਕੀਰਤਨ ਜਾਂ ਕਥਾ ਕਰਦੇ ਰਹੇ ਹਨ। ਤੁਸੀਂ ਹੇਰਾਨ ਹੋਵੋਂਗੇ ਕਿ ਭਾਈ ਅਵਤਾਰ ਸਿੰਘ ਰਾਗੀ ਵਰਗੇ, ਰਾਗਾਂ ਦੇ ਧੁਨਤੰਰ ਵੀ ਇਸ ਆਲਮ ਵਿਚੋਂ ਬਾਹਰ ਨਹੀਂ ਸਨ ਨਿਕਲ ਸਕੇ, ਪਰ ਕੀ ਇਸ ਦੇ ਬਾਵਜੂਦ ਉਨ੍ਹਾਂ ਦੀ ਈਮਾਨਦਾਰੀ ਅਤੇ ਗੁਰਬਾਣੀ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਤਪੱਸਿਆ ਨੂੰ ਅਸੀਂ ਕਿਵੇਂ ਵੀ ਅੱਖੋਂ ਪਰੋਖੇ ਕਰ ਸਕਦੇ ਹਾਂ? ਹੋਰ ਕਿੰਨੇ ਵਿਦਵਾਨ ਸਨ ਜਿੰਨ੍ਹਾਂ ਉਪਰ ਬਚਿਤਰ ਨਾਟਕ ਆਲਮ ਛਾਇਆ ਰਿਹਾ ਹੈ!
ਟਕਸਾਲ ਵਾਲੇ ਬਾਬਾ ਜਰਨੈਲ ਸਿੰਘ ਨੂੰ ਫੁੱਟਬਾਲ ਦੀ ਤਰ੍ਹਾਂ ਵਰਤ ਰਹੇ ਹਨ ਅਤੇ ਉਕਸਾ ਰਹੇ ਹਨ, ਕਿ ਅਸੀਂ ਇੰਝ ਬੋਲੀਏ ਜਿਵੇਂ ਬੋਲਿਆ ਜਾ ਰਿਹਾ ਹੈ।
ਕੇਵਲ ਵਿਚਾਰਧਾਰਾ ਨੂੰ ਲੈ ਕੇ ਜੇ ਅਸੀਂ ਆਪਣੇ ਸ਼ਹੀਦਾਂ ਦਾ ਅਪਮਾਨ ਕਰਨ ਲਗੀਏ ਤਾਂ ਕੋਈ ਦੱਸ ਸਕਦਾ ਕਿ ਸ੍ਰ. ਜਸਵੰਤ ਸਿੰਘ ਖਾਲੜਾ ਦੀ ਕੀ ਵਿਚਾਰਧਾਰਾ ਸੀ। ਨੈਕਸਲਾਈਟਾਂ ਵਿਚੋਂ ਆਇਆ ਸੀ ਜਿਹੜੇ ਰੱਬ ਨੂੰ ਵੀ ਯੱਬ ਦੱਸਦੇ ਹਨ। ਸ੍ਰ. ਬੇਅੰਤ ਸਿੰਘ, ਸਤਵੰਤ ਸਿੰਘ, ਸੁੱਖਾ, ਜਿੰਦਾ। ਕੋਈ ਕਿਵੇਂ ਨਿਰਣਾ ਕਰੇ ਕਿ ਉਨ੍ਹਾਂ ਦੀ ਵਿਚਾਰਧਾਰਾ ਕੀ ਸੀ? ਇਉਂ ਤਾਂ ਹਾਲੇ ਕੱਲ ਤੱਕ ਸਾਡੀ ਖੁਦ ਦੀ ਕੀ ਵਿਚਾਰਧਾਰਾ ਸੀ?
ਬਾਬਾ ਜਰਨੈਲ ਸਿੰਘ ਜਿਥੋਂ ਮਰਜੀ ਆਇਆ, ਉਸ ਦਾ ਪਿਛੋਕੜ ਕੀ ਸੀ ਇਸ ਤੋਂ ਪਾਸੇ ਹੋ ਕੇ ਦੇਖਿਆ ਜਾਣਾ ਬਣਦਾ ਕਿ ਉਸ ਦਾ ਅਖੀਰ ਕੀ ਸੀ? ਉਸ ਦੇ ਸਿੱਖ ਕਰੈਕਟਰ ਦੀ ਸਿਖਰ ਸੀ, ਜਦ ਉਹ ਕਹਿੰਦਾ ਸਿੰਘੋਂ ਲੜਾਈ ਜਿੰਨੀ ਮਰਜੀ ਹੋ ਜਾਏ, ਪਰ ਇੱਕ ਗੱਲ ਯਾਦ ਰੱਖਣੀ ਕਿ ਕਿਸੇ ਦੀ ਧੀ ਭੈਣ ਤੁਹਾਡੀਆਂ ਬਰੂਹਾਂ 'ਤੇ ਆ ਜਾਏ ਉਸ ਦੀ ਇੱਜ਼ਤ ਨੂੰ ਆਂਚ ਨਹੀਂ ਆਉਂਦੀ ਚਾਹੀਦੀ!
ਉਸ ਆਹਾ ਕਿਹਾ, ਉਸ ਉਹੋ ਕਿਹਾ, ਇਹ ਗੱਲਾਂ ਫਜ਼ੂਲ ਤਾਂ ਹਨ ਕਿ ਤੁਸੀਂ ਇਹ ਕਿਉਂ ਨਹੀਂ ਦੇਖਦੇ ਬਾਬਾ ਜਰਨੈਲ ਸਿੰਘ ਬਾਬਾ ਗੁਰਬਚਨ ਸਿੰਘ ਵਰਗੇ ਪੰਡੀਆਂ ਦੀ ਸੰਗਤ ਵਿਚ ਰਿਹਾ ਸਾਰੀ ਹਯਾਤੀ। ਉਸ ਬਾਬਾ ਬੁਰਬਚਨ ਸਿੰਘ ਦੀ ਜਿਸ ਦਾ ਪਹਿਲਾ ਵਿਦਿਆ ਗੁਰੂ ਹੀ ਪੰਡੀਆ ਸੀ। ਉਸ ਤੋਂ ਪਹਿਲੇ ਦਾ ਵੀ ਤੇ ਸ਼ਾਇਦ ਤੋਂ ਪਹਿਲਾ ਦਾ ਵੀ! ਪੀਹੜੀ ਦਰ ਪੀਹੜੀ ਪੰਡੀਏ ਕੋਲੋਂ ਪੜਨ ਵਾਲੇ ਤੋਂ ਤੁਸੀਂ ਹੋਰ ਉਮੀਦ ਕੀ ਰੱਖਦੇਂ ਪਰ ਬਾਬਾ ਜਰਨੈਲ ਸਿੰਘ ਤਾਂ ਨਿਵੇਕਲਾ ਹੋ ਤੁਰਿਆ ਕਿ ਉਸ ਰਸਤਾ ਹੀ ਹਿੱਕ ਵਿਚ ਵੱਜਣ ਵਾਲਾ ਚੁਣਿਆ ਉਹ ਵੀ ਦਿੱਲੀ ਦੀ ਹਕੂਮਤ ਦੀ ਵਿਚ?
ਸ਼ਹੀਦ ਦਾ ਫੈਸਲਾ ਇਸ ਗੱਲ ਨਾਲ ਹੁੰਦਾ ਕਿ ਉਹ ਜਿੱਤਿਆ ਜਾਂ ਹਾਰਿਆ ਬਲਕਿ ਇਸ ਨਾਲ ਕਿ ਉਹ ਲੜਿਆ ਤੇ ਆਖਰੀ ਦਮ ਤੱਕ ਲੜਿਆ! ਪੰਡੀਏ ਦੀ ਵਿਚਾਰਧਾਰਾ ਵਿਚ ਪਲਨ, ਪੜਨ ਦੇ ਬਾਵਜੂਦ ਵੀ ਉਹ ਪੰਡੀਏ ਨਾਲ ਹੀ ਭਿੜ ਗਿਆ?
ਜੇ ਗੁਰੂ ਨੇ ਰਹਿਮਤ ਕੀਤੀ ਕੁਝ ਲੋਕਾਂ ਨੂੰ ਪੰਡੀਏ ਦੇ ਚੁੰਗਲ ਵਿਚੋਂ ਕੱਢ ਲਿਆ, ਤਾਂ ਅਸੀਂ ਥੋੜਾ ਠੰਢ ਵਿਚ ਚਲੀਏ ਤੇ ਸ਼ਹੀਦ ਹੋ ਚੁੱਕੇ ਸੂਰਬੀਰਾਂ ਦਾ ਅਪਮਾਨ ਕਰਨ ਤੋਂ ਗੁਰੇਜ ਕਰੀਏ!
ਗੁਰਦੇਵ ਸਿੰਘ ਸੱਧੇਵਾਲੀਆ
ਸ਼ਹੀਦ ਕਿਸੇ ਸੰਸਥਾ ਜਾਂ ਧੜੇ ਦੀ ‘ਮਨਾਪਲੀ’ ਨਹੀਂ ਹੁੰਦੇ !
Page Visitors: 2519