ਕੰਨ ਪਾੜਵੀ ਅਵਾਜ਼, ਨਸ਼ਿਆਂ ਤੇ ਫੋਕਟ ਰਸਮਾਂ ਰਿਵਾਜ਼ਾਂ ਤੋਂ ਮੁਕਤ;
ਅੱਖੀਂ ਡਿੱਠਾ ਗੁਰਮਤਿ ਅਨੁਸਾਰੀ ਅਨੰਦਕਾਰਜ਼
ਕਿਰਪਾਲ ਸਿੰਘ ਬਠਿੰਡਾ ਮੋਬ:9855480797
ਬੇਸ਼ੱਕ ਸਿੱਖ ਰਹਿਤ ਮਰਯਾਦਾ ਤੇ ਹੋਰ ਲੇਖਾਂ ਵਿੱਚ ਗੁਰਮਤਿ ਅਨੁਸਾਰੀ ਅਨੰਦ ਕਰਾਜ਼ ਦੀ ਵਿਧੀ ਤੇ ਮਰਯਾਦਾ ਤਾਂ ਕਈ ਵਾਰ ਪੜ੍ਹੀ ਸੁਣੀ ਹੈ ਪਰ ਬਹੁਤ ਹੀ ਘੱਟ
ਸਮੇਂ ਐਸੇ ਮਿਲੇ ਹਨ ਜਿੱਥੇ ਅਨੰਦ ਕਾਰਜ਼ ਪੂਰਨ ਗੁਰਮਰਯਾਦਾ ਅਨੁਸਾਰ ਹੋਏ ਹੋਣ। ਇਹ ਵੱਖਰੀ ਗੱਲ ਹੈ ਕਿ ਬੜੇ ਮਹਿੰਗੇ ਮੈਰਿਜ ਪੈਲਸਾਂ ਵਿੱਚ ਕੰਨ ਪਾੜਵੀਂ ਆਵਾਜ਼ ’ਚ ਵੱਡ ਆਕਾਰੀ ਸਟੇਜ਼ਾਂ ’ਤੇ ਆਰਕੈਸਟਰਾ ਅਤੇ ਲੱਚਰਤਾ ਭਰਪੂਰ ਮੁਜ਼ਰਿਆਂ ਦੌਰਾਨ, ਜਿੱਥੇ ਅਸਲੀਲਤਾ ਦਾ ਨੰਗਾ ਨਾਚ ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਤੇ ਖਾਣ ਪੀਣ ਤੋਂ ਬਿਨਾਂ ਹੋਰ ਕੁਝ ਵੇਖਣ ਸੁਣਨ ਨੂੰ ਮਿਲਦਾ ਹੀ ਨਹੀਂ, ਵਿੱਚੋਂ ਬੜੀ ਮੁਸ਼ਕਲ ਨਾਲ 20-25 ਮਿੰਟ ਕੱਢ ਕੇ ਦੋਵਾਂ ਪ੍ਰਵਾਰਾਂ ਦੇ ਨੇੜੇ ਦੇ ਪੰਜ-ਪੰਜ ਸੱਤ-ਸੱਤ ਰਿਸ਼ਤੇਦਾਰ ਨੇੜੇ ਦੇ ਗੁਰਦੁਆਰੇ ਵਿੱਚ ਅਨੰਦ ਕਾਰਜ਼ ਦੀ ਰਸਮ (ਮਰਯਾਦਾ) ਕਾਹਲੀ ਕਾਹਲੀ ਵਿੱਚ ਨਿਭਾ ਕੇ ਮੁੜ ਉਸ ਸ਼ੋਰ ਸ਼ਰਾਬੇ ਵਿੱਚ ਸ਼ਾਮਲ ਹੋ ਜਾਂਦੇ ਹਨ ਤੇ ਅਗਲੇ ਦਿਨ ਅਖ਼ਬਾਰ ’ਚ ਸਿਰ ਮੂੰਹ ਮੁੰਨੇ ਲੜਕੇ ਅਤੇ ਬਿਊਟੀ ਪਾਰਲਰ ਵਿੱਚ ਆਪਣਾ ਕੁਦਰਤੀ ਸੁਹੱਪਣ ਵਿਗਾੜ ਕੇ ਬੈਠੀ ਲੜਕੀ ਦੀ ਫੋਟੋ ਛਪੀ ਮਿਲ ਜਾਂਦੀ ਹੈ, ਜਿਸ ਦੇ ਹੇਠਾਂ ਕੈਪਸ਼ਨ ਲਿਖੀ ਹੁੰਦੀ ਹੈ:
‘ਗੁਰਮੁਖ ਪ੍ਰਵਾਰ ਦੇ ਸ: ……… ਸਿੰਘ ਦੇ ਹੋਣਹਾਰ ਸਪੁੱਤਰ ਕਾਕਾ
……… ਸਿੰਘ ਦਾ ਸ਼ੁਭ ਅਨੰਦ ਕਾਰਜ਼ ਸ: ……… ਸਿੰਘ ਦੀ ਸਪੁੱਤਰੀ ਬੀਬੀ
………… ਕੌਰ ਨਾਲ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ’।
ਇਹ ਵੇਖ ਕੇ ਕਈ ਵਾਰੀ ਮਨ ’ਚ ਖ਼ਿਆਲ ਆਉਂਦਾ ਹੈ ਕਿ ਜੇ ਇਹੀ ਗੁਰਮਰਯਾਦਾ ਹੈ, ਤਾਂ ਜੋ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਉਹ ਕਿਹੜੀ ਮਰਯਾਦਾ ਹੈ? ਆਮ ਤੌਰ ’ਤੇ ਹਰ ਮੱਧਵਰਗੀ ਤੇ ਅਮੀਰਾਂ ਦੇ ਵਿਆਹਾਂ ਵਿੱਚ ਥੋਹੜੇ ਬਹੁਤੇ ਫਰਕ ਨਾਲ ਇਹੀ ਕੁਝ ਵਾਪਰ ਰਿਹਾ ਹੈ ਤੇ ਲੱਖਾਂ ਰੁਪਏ ਨੱਕ ਦੀ ਲਾਜ ਰੱਖਣ ਲਈ ਉਜਾੜੇ ਜਾ ਰਹੇ ਹਨ। ਜੇ ਕਿਧਰੇ ਲੜਕਾ ਲੜਕੀ ਦੇ ਪ੍ਰਵਾਰ ਦਾ ਇੱਕ ਅੱਧ ਮੈਂਬਰ ਵਿਦੇਸ਼ ਵਿੱਚ ਰਹਿੰਦਾ ਹੋਵੇ ਤੇ ਵਿਆਹ ਉਪ੍ਰੰਤ ਨਵ ਵਿਆਹੇ ਜੋੜੇ ਦੀ ਵਿਦੇਸ਼ ਵਿੱਚ ਚਲੇ ਜਾਣ ਦੀ ਸੰਭਾਵਨਾ ਹੋਵੇ ਫਿਰ ਤਾਂ ਕਹਿਣੇ ਹੀ ਕੀ ਹਨ! ਸਾਡੇ ਦੇਸ਼ ਵਿੱਚ ਵੇਖਾ ਵੇਖੀ ਦੀ ਰੀਸ ਇੰਨੀ ਵਧ ਚੁੱਕੀ ਹੈ ਕਿ ਅਮੀਰਾਂ ਦੇ ਵਿਆਹਾਂ ਦੀ ਚਕਾਚੌਂਧ ਵੇਖ ਕੇ ਸੀਮਤ ਆਮਦਨ ਵਾਲੇ ਪ੍ਰਵਾਰਾਂ ਨੇ ਵੀ ਆਪਣੇ ਬੱਚਿਆਂ ਦੇ ਵਿਆਹਾਂ ਦੇ ਖਰਚੇ ਇੰਨੇ ਵਧਾ ਲਏ ਹਨ ਕਿ ਉਹ ਆਪਣੇ ਸਾਰੇ ਸਾਧਨ ਜੁਟਾ ਕੇ ਵੀ ਬੱਚਿਆਂ ਖਾਸ ਕਰਕੇ ਬੱਚੀਆਂ ਦੇ ਵਿਆਹਾਂ ਦੇ ਖਰਚੇ ਸਹਿਨ ਕਰਨ ਤੋਂ ਅਸਮਰਥ ਹੋ ਜਾਂਦੇ। ਸਾਡੇ ਕਈ ਪ੍ਰਚਾਰਕਾਂ ਤੇ ਅਖੌਤੀ ਸਮਾਜ ਸੇਵਕਾਂ ਨੇ ਗੁਰਮਤਿ ਅਨੁਸਾਰੀ ਸਾਦੇ ਵਿਆਹ ਕਰਕੇ ਫਜੂਲ ਖਰਚੀ ਤੋਂ ਬਚਣ ਦਾ ਪ੍ਰਚਾਰ ਕਰਨ ਦੀ ਥਾਂ ‘ਗਰੀਬ ਲੜਕੀਆਂ ਦੀਆਂ ਸਮਹੂਕ ਸ਼ਾਦੀਆਂ’ ਦੇ ਨਾਮ ਹੇਠਾਂ ਆਪਣੇ ਵਪਾਰ ਸ਼ੁਰੂ ਕਰ ਰੱਖੇ ਹਨ। ਕਿਉਂਕਿ ਗਰੀਬ ਲੜਕੀਆਂ ਦੀਆਂ ਸਮਹੂਕ ਸ਼ਾਦੀਆਂ ਦੇ ਨਾਮ ਹੇਠਾਂ ਪੁੰਨ ਖੱਟਣ ਲਈ ਕੀਤੇ ਦਾਨ ਵਿੱਚੋਂ ਕੁਝ ਕੁ ਹਿੱਸਾ ਵਿਆਹ ਦੀਆਂ ਰਸਮਾਂ ਅਤੇ ਦਾਜ਼ ਦੇਣ ਉਪ੍ਰੰਤ ਉਨ੍ਹਾਂ ਦੇ ਫੁਲਕੇ ਤੋਰੀਏ ਲਈ ਵੀ ਬਚ ਰਹਿੰਦਾ ਹੈ ਤੇ ਉਨ੍ਹਾਂ ਦੀ ਮਸ਼ਹੂਰੀ ਮੁਫਤ ਦੀ ਕਿ ਇਸ ਨੇ ਇੰਨੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ।
ਜਿਸ ਗੁਰਮਤਿ ਅਨੁਸਾਰੀ ਅਨੰਦਕਾਰਜ਼ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹ ਹੈ ਪਾਵਰਕਾਮ ਦੇ ਸੇਵਾ ਮੁਕਤ ਸੀਨੀਅਰ ਕਾਰਜਕਾਰੀ ਇੰਜਨੀਅਰ ਸ: ਮੇਜਰ ਸਿੰਘ ਦੀ ਆਸਟ੍ਰੇਲੀਆ ਰਹਿ ਰਹੀ ਸਪੁੱਤਰੀ ਬੀਬੀ ਰਾਜਬੀਰ ਕੌਰ ਦੀ। ਰਾਜਬੀਰ ਕੌਰ ਦੀ ਮਾਤਾ ਬੀਬੀ ਜਸਬੀਰ ਕੌਰ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਹੈ। ਵੱਡੀ ਭੈਣ ਵੀ ਇੰਜਨੀਅਰ ਹੈ ਅਤੇ ਸਰਦੇ ਪੁਜਦੇ ਪ੍ਰਵਾਰ ਵਿੱਚ ਵਿਆਹੀ ਹੈ ਤੇ ਉਹ ਆਸਟ੍ਰੇਲੀਆ ਵਿੱਚ ਆਪਣਾ ਸੋਹਣਾ ਜੀਵਨ ਨਿਰਵਾਹ ਕਰ ਰਹੇ ਹਨ। ਵੱਡਾ ਭਰਾ ਵੀ ਇੰਜਨੀਅਰ ਹੈ ਤੇ ਭਰਜਾਈ ਐੱਮ.ਏ., ਬੀ.ਐੱਡ ਹੈ। ਇਸ ਤਰ੍ਹਾਂ ਸਾਰਾ ਪ੍ਰਵਾਰ ਹੀ ਖੁਸ਼ਹਾਲ ਪ੍ਰਵਾਰ ਹੈ
ਤੇ ਸਾਰੇ ਦੇ ਸਾਰੇ ਮਿਸ਼ਨਰੀ ਭਾਵਨਾ ਵਾਲੇ ਅੰਮ੍ਰਿਤਧਾਰੀ ਹਨ। ਬੀਬੀ ਰਾਜਬੀਰ ਕੌਰ ਦਾ ਅਨੰਦਕਾਰਜ਼ ਆਸਟ੍ਰੇਲੀਆ ਵਿੱਚ ਰਹਿ ਰਹੇ ਕਾਕਾ ਰਸਦੀਪ ਸਿੰਘ ਸਪੁੱਤਰ ਸ: ਰਘਬੀਰ ਸਿੰਘ ਸਿੰਘ ਵਾਸੀ ਕੋਟ ਰਾਂਝਾ ਜਿਲ੍ਹਾ ਨਵਾਂ ਸ਼ਹਿਰ ਨਾਲ ਹੋਇਆ। ਦੋਵਾਂ ਪ੍ਰਵਾਰਾਂ ਦੀ ਆਰਥਕ ਸਥਿਤੀ ਤੇ ਅਹੁਦਿਆਂ ਦਾ ਵਿਸਥਾਰ ਦੇਣ ਤੋਂ ਮੇਰਾ ਭਾਵ ਉਨ੍ਹਾਂ ਦੀ ਕੋਈ ਅਣਲੋੜੀਂਦੀ ਵਡਿਆਈ ਕਰਨਾ ਨਹੀਂ ਬਲਕਿ ਇਹ ਦੱਸਣ ਤੋਂ ਹੈ ਕਿ ਜੇ ਗੁਰੂ ਵੱਲੋਂ ਮੂੰਹ ਮੋੜ ਕੇ ਇਹ ਆਪਣਾ ਮੂੰਹ ਮੱਥਾ ਲੋਕ ਵਿਖਾਵੇ ਦੇ ਤੌਰ ’ਤੇ ਵਿਖਾਉਣਾਂ ਚਾਹੁੰਦੇ ਤਾਂ ਉਹ ਸਭ ਕੁਝ ਕਰ ਸਕਦੇ ਸਨ ਜੋ ਹੋਰ ਲੋਕ ਅਕਸਰ ਕਰਦੇ ਹਨ। ਪਰ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਅਤੇ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢਣ ਵਾਲੇ ਦੋਵਾਂ ਪ੍ਰਵਾਰਾਂ ਨੇ ਅਜੇਹਾ ਸਾਦਾ ਵਿਆਹ ਕੀਤਾ ਜੋ ਕਿ ਸਿੱਖੀ ਦਾ ਇੱਕ ਮਾਡਲ ਵਿਆਹ ਸੀ ਤੇ ਸਾਡੇ ਕੁਰਾਹੇ ਪਏ ਸਮਾਜ ਲਈ ਰਾਹ ਦਸੇਰਾ ਹੈ। ਬਿਨਾਂ ਕਿਸੇ ਬੈਂਡ ਬਾਜੇ ਦੇ ਬਰਾਤ ਨਿਸਚਤ ਸਮੇਂ ’ਤੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਵਿਖੇ ਪਹੁੰਚੀ। ਦੇਣ ਲੈਣ ਵਾਲੀ ਰਸਮੀ ਮਿਲਣੀ ਦਾ ਕੋਈ ਵਿਖਾਵਾ ਨਹੀਂ ਹੋਇਆ। ਮਿਲਣੀ ਦੀ ਅਰਦਾਸ ਹੋਣ ਉਪ੍ਰੰਤ ਜਾਂਝੀਆਂ ਮਾਂਝੀਆਂ ਨੇ ਰਲ ਕੇ ਗੁਰਦੁਆਰਾ ਸਾਹਿਬ ਜੀ ਦੇ ਖੁਲ੍ਹੇ ਲਾਅਨ ਵਿੱਚ ਲੱਗੇ ਪੰਡਾਲ ਵਿੱਚ ਚਾਹ ਪਾਣੀ ਛਕਿਆ ਤੇ ਸਾਰੇ ਹੀ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ। ਲੜਕਾ ਤੇ ਲੜਕੀ ਦੋਵੇਂ ਹੀ ਵਿਖਾਵੇ ਦੀ ਮੇਕ ਅਪ, ਸਾੜੀ/ ਲਹਿੰਗੇ ਅਤੇ ਸਿਹਰੇ ਅਚਕਨਾਂ ਤੋਂ ਮੁਕਤ ਬਿਲਕੁਲ ਸਾਦੇ ਪਰ ਪ੍ਰਭਾਵਸ਼ਾਲੀ ਗੁਰਸਿੱਖੀ ਪਹਿਰਾਵੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਬਗੈਰ ਕਿਸੇ ਵਿਸ਼ੇਸ਼ ਆਸਨ ਦੇ ਆ ਸਜੇ। ਭਾਈ ਲਖਵਿੰਦਰ ਸਿੰਘ ਬਠਿੰਡੇ ਵਾਲਿਆਂ ਦੇ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਕੀਰਤਨ ਦੀ ਸਮਾਪਤੀ ਉਪ੍ਰੰਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਸਿੱਖ ਰਹਿਤ ਮਰਯਾਦਾ ਅਨੁਸਾਰ ਅਨੰਦ ਕਾਰਜ ਦੀ ਵਿਧੀ ਅਤੇ ਗ੍ਰਿਹਸਤੀ ਜੀਵਨ ਵਿੱਚ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਉਣ ਉਪ੍ਰੰਤ ਉਨ੍ਹਾਂ ਅਨਮਤੀ ਫੋਕਟ ਰਸਮਾਂ ਰਿਵਾਜ਼ਾਂ ਬਾਰੇ ਵੀ ਦੱਸਿਆ ਜਿਹੜੀਆਂ ਵੇਖਾ ਵੇਖੀ ਸਿੱਖਾਂ ਵਿੱਚ ਵੀ ਵਿਸ਼ੇਸ਼ ਸਥਾਨ ਬਣਾਈ ਬੈਠੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖ ਰਹਿਤ ਮਰਯਾਦਾ ’ਚ ਅਨੰਦ ਸੰਸਕਾਰ ਸਿਰਲੇਖ ਹੇਠ ਵਿਸ਼ੇਸ਼ ਤੌਰ ’ਤੇ ਲਿਖਿਆ ਹੈ ਕਿ ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿਕ ਦੀ ਵਰਤੋਂ ਮਨਮਤ ਹੈ। ਪਰ ਇਸ ਦੇ ਬਾਵਯੂਦ ਇਨ੍ਹਾਂ ਵਿੱਚੋਂ ਇੱਕ ਅੱਧੀ ਰਸਮ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਹੀ ਅਣਲੋੜੀਂਦੀਆਂ ਰਸਮਾਂ ਅਨਮਤੀਆਂ ਵਾਂਗ ਸਿੱਖਾਂ ਦੇ ਵਿਆਹਾਂ ਦਾ ਵੀ ਇੱਕ ਜਰੂਰੀ ਅੰਗ ਬਣੀਆਂ ਹੋਈਆਂ ਹਨ। ਗਿਆਨੀ ਕੇਵਲ ਸਿੰਘ ਜੀ ਨੇ ਕਿਹਾ ਅਨੰਦ ਕਾਰਜ਼ ਮੌਕੇ ਲੜਕਾ ਲੜਕੀ ਨੂੰ ਗੁਰਮਤਿ ਅਨੁਸਾਰ ਸਿੱਖਿਆ ਦੇਣ ਵਾਲੇ ਗ੍ਰੰਥੀ ਤੇ ਕੀਰਤਨੀਏ ਸਿੰਘ ਨੂੰ ਤਾਂ ਟੋਕ ਦਿੱਤਾ ਜਾਂਦਾ ਹੈ ਕਿ ਭਾਈ ਜੀ ਸਮੇਂ ਦੀ ਬਹੁਤ ਘਾਟ ਹੈ ਤੁਸੀ ਜਲਦੀ ਕੰਮ ਨਿਪਟਾਓ ਪਰ ਇਨ੍ਹਾਂ ਫੋਕਟ ਰਸਮਾਂ ਜਿਨ੍ਹਾਂ ਦਾ ਨਾ ਸਾਡੀ ਮਰਯਾਦਾ ਨਾਲ ਕੋਈ ਸਬੰਧ ਹੈ, ਨਾ ਇਹ ਜੀਵਨ ਵਿੱਚ ਸਾਡੇ ਕਿਸੇ ਕੰਮ ਆਉਣ ਵਾਲੀਆਂ ਹਨ ਅਤੇ ਨਾ ਹੀ ਇਨ੍ਹਾਂ ਤੋਂ ਕੋਈ ਸਿਖਿਆ ਮਿਲਦੀ ਹੈ; ਪਰ ਫਿਰ ਵੀ ਇਹ ਰਸਮਾਂ ਨਿਭਾਉਂਦੇ ਸਮੇਂ ਜਿਨ੍ਹਾਂ ਮਰਜੀ ਸਮਾਂ ਬਰਬਾਦ ਹੋ ਰਿਹਾ ਹੋਵੇ ਕੋਈ ਨਹੀਂ ਟੋਕਦਾ ਕਿ ਬਾਕੀ ਦੇ ਕੰਮ ਲੇਟ ਹੋ ਰਹੇ ਹਨ ਤੁਸੀਂ ਜਲਦੀ ਕਰੋ। ਸਗੋਂ ਇਹ ਹੀ ਸੁਣਨ ਨੂੰ ਮਿਲਦਾ ਹੈ ਕਿ ਇਹ ਸ਼ਗਨਾਂ ਦਾ ਮੌਕਾ ਹੈ ਜੀ, ਜੇ ਹੁਣ ਰੀਝਾਂ ਪੂਰੀਆਂ ਨਾ ਕੀਤੀਆਂ ਤਾਂ ਹੋਰ ਕਦੋਂ ਕੀਤੀਆਂ ਜਾਣ। ਗਿਆਨੀ ਕੇਵਲ ਸਿੰਘ ਨੇ ਕਿਹਾ ਕੀ ਅਸੀਂ ਸੋਚਿਆ ਹੈ ਕਿ ਵਿਆਹਾਂ ਮੌਕੇ ਜਿਸ ਤਰ੍ਹਾਂ ਦੇ ਲੱਚਰ ਗਾਣੇ ਆਰਕੈਸਟਰਾ ਤੇ ਹੋਰ ਕਲਾਕਾਰ ਗਾਉਂਦੇ ਹਨ ਤੇ ਅਸ਼ਲੀਲ ਹਰਕਤਾਂ ਕਰਦੇ ਹਨ; ਜੇ ਇਨ੍ਹਾਂ ਨੂੰ ਆਪਣੀਆਂ ਬੱਚੀਆਂ ’ਤੇ ਢੁਕਾ ਕੇ ਵੇਖਿਆ ਜਾਵੇ ਕਿ ਜੇ ਸਾਡੀਆਂ ਧੀਆਂ ਭੈਣਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਜਾਂ ਉਨ੍ਹਾਂ ਵੱਲ ਕੋਈ ਇਸ ਤਰ੍ਹਾਂ ਦੇ ਫਿਕਰੇ ਕਸਣ ਤਾਂ ਕੀ ਉਹ ਸਾਨੂੰ ਪ੍ਰਵਾਨ ਹੋਵੇਗਾ? ਜੇ ਨਹੀਂ ਤਾਂ ਉਨ੍ਹਾਂ ਕਲਾਕਾਰਾਂ ਦਾ ਸਿੱਖਾਂ ਦੇ ਵਿਆਹਾਂ ਵਿੱਚ ਕੀ ਕੰਮ? ਪਰ ਸ਼ਰਾਬ ਦੇ ਨਸ਼ੇ ਵਿੱਚ ਸਭ ਦੀ ਮਤ ਮਾਰੀ ਹੁੰਦੀ ਹੈ ਤੇ ਇਸ ਨੂੰ ਸਾਡੇ ਸਭਿਆਚਾਰ ਦੇ ਤੌਰ ’ਤੇ ਪ੍ਰਚਾਰਿਆ ਜਾ ਰਿਹਾ ਹੁੰਦਾ ਹੈ। ਉਨ੍ਹਾਂ ਦੋਵਾਂ ਪ੍ਰਵਾਰਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਇਨ੍ਹਾਂ ਫੋਕਟ ਰਸਮਾਂ ਰਿਵਾਜਾਂ, ਸ਼ਰਾਬ ਅਤੇ ਆਰਕੈਸਟਰਾ ਦੀ ਕੰਨ ਪਾੜਵੀਂ ਆਵਾਜ਼ ਤੋਂ ਮੁਕਤ ਇਹ ਅਨੰਦਕਾਰਜ਼ ਪੂਰਨ ਗੁਰਮਤਿ ਅਨੁਸਾਰ ਹੋ ਰਿਹਾ ਹੈ। ਇਹ ਸਿੱਖਿਆ ਦੇਣ ਅਤੇ ਅਰਦਾਸ ਉਪ੍ਰੰਤ ਉਨ੍ਹਾਂ ਨੇ ਵਾਰੀ ਵਾਰੀ ਚਾਰ ਲਾਵਾਂ ਦਾ ਪਾਠ ਕੀਤਾ ਤੇ ਭਾਈ ਲਖਵਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਲਾਵਾਂ ਦਾ ਕੀਰਤਨ ਕੀਤਾ।
ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਭਲਿਆਣ (ਰੋਪੜ) ਦੇ ਪ੍ਰਿੰ: ਬਲਜੀਤ ਸਿੰਘ ਨੇ ਗੁਰਮਤਿ ਵਖਿਆਣ ਦੌਰਾਨ ਜਾਂਞੀ-ਮਾਂਜੀ ਦਾ ਭਾਵ ਸਮਝਾਉਂਦੇ ਹੋਏ ਕਿਹਾ ਕਿ ਜਾਂਞੀ ਦਾ ਭਾਵ ਹੈ ਵਿਹਾਂਦੜ ਲੜਕੇ ਦੇ ਨਾਲ ਆਏ ਉਸ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ। ਆਮ ਤੌਰ ’ਤੇ ਜਾਂਞੀ ਇੱਕ ਜੇਤੂ ਹਮਲਾਵਰ ਦੀ ਤਰ੍ਹਾਂ ਭਾਵਨਾ ਬਣਾਈ ਬੈਠੇ ਹੁੰਦੇ ਹਨ ਤੇ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਜਾਂਦੀ ਹੈ ਤੇ ਸੇਵਾ ਕੀਤੀ ਜਾਂਦੀ ਹੈ। ਮਾਂਜੀ ਤੋਂ ਭਾਵ ਲਿਆ ਜਾਂਦਾ ਹੈ ਭਾਂਡੇ ਮਾਂਜਣ ਵਾਲੇ। ਸਾਡੇ ਸਮਾਜ ਵਿੱਚ ਲੜਕੀ ਪੱਖ ਵਾਲਿਆਂ ਨੂੰ ਮਾਂਜੀ ਕਿਹਾ ਹੈ। ਜਿਸ ਸਮਾਜ ਵਿੱਚ ਲੜਕੀ ਵਾਲਿਆਂ ਦੀ ਤੁਲਨਾ ਹੀ ਭਾਂਡੇ ਮਾਂਜਣ ਵਾਲਿਆਂ ਨਾਲ ਕੀਤੀ ਜਾਂਦੀ ਹੋਵੇ ਉਥੇ ਬਰਾਬਰਤਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਜਿਥੇ ਬਰਾਬਰਤਾ ਨਾ ਹੋਵੇ ਉਥੇ ਧਰਮ ਕਿਥੇ ਰਹਿ ਜਾਂਦਾ ਹੈ। ਇਸ ਸਥਿਤੀ ਵਿੱਚ ਲੜਕੇ ਦੇ ਪ੍ਰਵਾਰ ਦੇ ਸਹਿਯੋਗ ਤੋਂ ਬਿਨਾਂ ਇਕੱਲੇ ਲੜਕੀ ਵਾਲਿਆਂ ਦੀ ਮਰਜੀ ਨਾਲ ਕੋਈ ਅਨੰਦ- ਕਾਰਜ਼ ਸਮਾਗਮ ਫੋਕਟ ਰਸਮਾਂ ਤੋਂ ਮੁਕਤ, ਗੁਰਮਤਿ ਅਨੁਸਾਰ ਹੋ ਸਕੇ; ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਸਾਡੇ ਸਮਾਜ ’ਚ ਅਨੰਦ ਕਾਰਜ਼ ਸਮਾਗਮ ਮੌਕੇ ਇਹ ਕਹਿਣਾ ਪ੍ਰਚਲਤ ਹੈ ਕਿ ਸ: ਫਲਾਨਾ ਸਿੰਘ ਲੜਕੀ ਦਾ ਦਾਨ ਦੇ ਰਿਹਾ ਹੈ। ਇਸ ਦਾ ਭਾਵ ਹੈ ਕਿ ਦਾਨ ਦੇਣ ਵਾਲਾ ਹਮੇਸ਼ਾਂ ਵੱਡਾ ਤੇ ਉਚਾ ਹੁੰਦਾ ਹੈ ਤੇ ਲੈਣ ਵਾਲਾ ਛੋਟਾ ਤੇ ਨੀਵਾਂ। ਪਰ ਜਿਸ ਤਰ੍ਹਾਂ ਦੀ ਸਥਿਤੀ ਸਾਡੇ ਸਮਾਜ ਵਿੱਚ ਜਾਂਞੀ-ਮਾਂਜੀ ਦੀ ਬਣੀ ਹੋਈ ਹੈ ਇਸ ਨੂੰ ਵੇਖ ਕਿ ਤਾਂ ਇੰਝ ਲਗਦਾ ਹੈ ਜਿਵੇਂ:
‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥’ (ਤਿਲੰਗ ਮ: 1,ਗੁਰੂ ਗ੍ਰੰਥ ਸਾਹਿਬ - ਪੰਨਾ 723)
ਵਾਲੀ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਜੇ ਅੱਜ ਦਾ ਇਹ ਸਮਾਗਮ ਇਨ੍ਹਾਂ ਪ੍ਰਭਾਵਾਂ ਤੋਂ ਮੁਕਤ ਨਿਰੋਲ ਗੁਰਮਤਿ ਅਨੁਸਾਰ ਨੇਪਰੇ ਚੜ੍ਹਿਆ ਹੈ ਤਾਂ ਇਸ ਲਈ ਮੈਂ ਵਿਸ਼ੇਸ ਤੌਰ ’ਤੇ ਲੜਕੇ ਤੇ ਉਸ ਦੇ ਪ੍ਰਵਾਰ ਨੂੰ ਵਧਾਈ ਦਿੰਦਾ ਹਾਂ, ਕਿਉਂਕਿ ਇਨ੍ਹਾਂ ਦੀ ਸਹਿਮਤੀ ਤੇ ਸਹਿਯੋਗ ਤੋਂ ਬਿਨਾਂ ਇਹ ਸਮਾਗਮ ਗੁਰਮਤਿ ਅਨੁਸਾਰ ਨੇਪਰੇ ਚਾੜ੍ਹਨਾ ਸੰਭਵ ਨਹੀਂ ਸੀ ਹੋਣਾ।
ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਦੂਸਰੇ ਕਈ ਧਰਮਾਂ ਵਿੱਚ ਗ੍ਰਿਸਤੀ ਜੀਵਨ ਨੂੰ ਇੱਕ ਬੰਧਨ ਤੇ ਆਤਮਕ ਜੀਵਨ ਵਿੱਚ ਰੋੜਾ ਸਮਝਿਆ ਜਾਂਦਾ ਹੈ ਪਰ ਗੁਰਮਤਿ ਵਿੱਚ ਸਭ ਤੋਂ ਵੱਧ ਉਤਮ ਗ੍ਰਿਸਤੀ ਜੀਵਨ ਹੀ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਲਿਖਿਆ ਹੈ:
‘ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ; ਮੇਰਨ ਮੈ ਸੁਮੇਰ ਬਡੋ ਜਗਤੁ ਬਖਾਨ ਹੈ।
ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ; ਧਾਤਨ ਮੈ ਕਨਕ ਅਤਿ ਉਤਮ ਕੈ ਮਾਨ ਹੈ।
ਪੰਛੀਅਨ ਮੈ ਹੰਸ, ਮ੍ਰਿਗ ਰਾਜਨ ਮੈ ਸਾਰਦੂਲ, ਰਾਗਨ ਮੈ ਸਿਰੀਰਾਗੁ, ਪਾਰਸ ਪਖਾਨ ਹੈ।
ਗਿਆਨਨ ਮੈ ਗਿਆਨੁ, ਅਰੁ ਧਿਆਨਨ ਮੈ ਧਿਆਨ ਗੁਰ, ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ॥376॥’ (ਕਬਿੱਤ 376)।
ਜਿਸ ਦਾ ਭਾਵ ਹੈ- ਜਿਵੇਂ, ਲੋਕੀ ਆਖਦੇ ਹਨ ਕਿ ਸਾਰੇ ਸ੍ਰੋਵਰਾਂ, ਨਦੀਆˆ ਨਾਲੋਂ ਸਮੁੰਦ੍ਰ ਵੱਡਾ ਹੈ ਅਤੇ ਹੋਰਨਾˆ ਪਹਾੜਾˆ ਨਾਲੋਂ ਸੁਮੇਰ ਪਰਬਤ ਵੱਡਾ ਹੈ। ਜਿਵੇਂ ਸਾਰਿਆˆ ਬ੍ਰਿਛਾˆ ਵਿੱਚੋਂ ਚੰਦਨ ਦਾ ਬ੍ਰਿਛ ਉਤਮ ਮੰਨਿਆਂ ਜਾਂਦਾ ਹੈ, ਅਤੇ ਸਾਰੀਆˆ ਧਾਤਾˆ ਵਿੱਚ ਸੋਨਾ ਅਤਿਯੰਤ ਹੱਛਾ ਕਰ ਕੇ ਮੰਨੀਦਾ ਹੈ। ਜਿਵੇਂ ਪੰਛੀਆˆ ਵਿੱਚ ਹੰਸ, ਹਰਨਾˆ ਆਦਿ ਜੰਗਲੀ ਜੀਵਾਂ ਵਿੱਚ ਬੱਬਰ ਸ਼ੇਰ ਨੂੰ ਉਨ੍ਹਾਂ ਦਾ ਰਾਜਾ ਮੰਨਿਆ ਜਾਂਦਾ ਹੈ, ਰਾਗਾˆ ਵਿੱਚ ਸਿਰੀ ਰਾਗ, ਪੱਥਰਾˆ ਵਿੱਚ ਪਾਰਸ ਨੂੰ ਉਤਮ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੋਰ ਦੇਵੀ ਦੇਵਤਿਆˆ ਦੇ ਗਯਾਨ ਵਿਚੋਂ ਵਾਹਿਗੁਰੂ ਦਾ ਗਯਾਨ ਜਾਨਣਾˆ ਅਤੇ ਹੋਰਨਾˆ ਦੇ ਧਿਆਨ ਲਾਉਣ ਨਾਲੋਂ ਗੁਰੂ ਦੀ ਸਿਖਿਆ ਵੱਲ ਧਿਆਨ ਕਰਨਾ ਅਤੇ ਸਾਰਿਆˆ ਧਰਮ (ਵਰਨ ਆਸ਼੍ਰਮਾˆ) ਵਿੱਚੋਂ ਗ੍ਰਿਹਸਤ ਆਸ਼੍ਰਮ ਪ੍ਰਧਾਨ ਹੈ ਭਾਵ ਸਭ ਤੋਂ ਸ਼੍ਰੋਮਣੀ ਧਰਮ ਹੈ। ਲਾਂਵ ਬਾਣੀ ਦੇ ਅਰਥ ਸਮਝਾਉਂਦੇ ਹੋਏ ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਲਾਂਵ ਦਾ ਅਰਥ ਹੈ ਕਿਸੇ ਦੇ ਲੜ ਲੱਗ ਜਾਣਾ। ਜਿਵੇਂ ਅੱਜ ਇਹ ਬੱਚੀ ਇਸ ਕਾਕੇ ਦੇ ਲੜ ਲੱਗ ਕੇ ਆਪਣੇ ਪੇਕੇ ਪ੍ਰਵਾਰ ਨੂੰ ਛੱਡ ਕੇ ਸਹੁਰੇ ਪ੍ਰਵਾਰ ’ਚ ਜਾ ਰਹੀ ਹੈ ਉਸੇ ਤਰਾਂ ਅਸੀਂ ਜੀਵਾਂ ਨੇ ਇਸ ਸੰਸਾਰਕ ਤੇ ਸਰੀਰਕ ਮੋਹ ਨੂੰ ਛੱਡ ਕੇ ਪ੍ਰਭੂ ਦੇ ਲੜ ਲੱਗਣਾਂ ਹੈ। ਇੱਕ ਪ੍ਰਵਾਰ ਤੋਂ ਲੈ ਕੇ ਸਮਾਜ ਤੱਕ ਅਤੇ ਸਮਾਜ ਤੋਂ ਲੈ ਕੇ ਪ੍ਰਭੂ ਨਾਲ ਜੁੜਨ ਦਾ ਇੱਕੋ ਇੱਕ ਸਾਧਨ ਹੈ ਸਾਡੀ ਬੋਲੀ ਤੇ ਇਕ ਦੂਸਰੇ ਨਾਲ ਪਿਆਰ ਦੀ ਭਾਵਨਾ। ਜੇ ਪ੍ਰਭੂ ਦੇ ਮਿਲਾਪ ਦਾ ਵਸੀਲਾ ਪਿਆਰ ਹੈ:
ਪ੍ਰਭੂ ਮਿੱਠਬੋਲੜਾ ਹੈ ਤੇ ਕਦੇ ਕੌੜਾ ਬੋਲਣਾ ਜਾਣਦਾ ਹੀ ਨਹੀਂ: ‘ਮਿਠ ਬੋਲੜਾ ਜੀ,
ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ, ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ, ਪੂਰਨ ਭਗਵਾਨੈ; ਅਉਗਣੁ ਕੋ ਨ ਚਿਤਾਰੇ ॥
ਪਤਿਤ ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ ਨਹੀ ਭੰਨੈ ਘਾਲੇ ॥
ਘਟ ਘਟ ਵਾਸੀ, ਸਰਬ ਨਿਵਾਸੀ; ਨੇਰੈ ਹੀ ਤੇ ਨੇਰਾ ॥
ਨਾਨਕ ਦਾਸੁ ਸਦਾ ਸਰਣਾਗਤਿ; ਹਰਿ ਅੰਮ੍ਰਿਤ ਸਜਣੁ ਮੇਰਾ ॥1॥’ (ਸੂਹੀ ਮ: 5, ਗੁਰੂ ਗ੍ਰੰਥ ਸਾਹਿਬ- ਪੰਨਾ 784)।
ਬੁਰੇ ਤੇ ਕੌੜੇ ਬੋਲਾਂ ਨਾਲ ਪ੍ਰੀਤੀ ਟੁੱਟ ਜਾਂਦੀ ਹੈ:
‘ਟੂਟੈ ਨੇਹੁ, ਕਿ ਬੋਲਹਿ ਸਹੀ ॥ ਟੂਟੈ ਬਾਹ, ਦੁਹੂ ਦਿਸ ਗਹੀ ॥
ਟੂਟਿ ਪਰੀਤਿ ਗਈ, ਬੁਰ ਬੋਲਿ ॥ ਦੁਰਮਤਿ ਪਰਹਰਿ ਛਾਡੀ, ਢੋਲਿ ॥
ਟੂਟੈ ਗੰਠਿ ਪੜੈ, ਵੀਚਾਰਿ ॥ ਗੁਰ ਸਬਦੀ, ਘਰਿ ਕਾਰਜੁ ਸਾਰਿ ॥
ਲਾਹਾ ਸਾਚੁ, ਨ ਆਵੈ ਤੋਟਾ॥ ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥28॥’ (ਰਾਮਕਲੀ ਓਅੰਕਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 933)
ਭਾਵ ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆˆ ਪਿਆਰ ਟੁੱਟ ਜਾˆਦਾ ਹੈ; ਦੋਹਾˆ ਪਾਸਿਆˆ ਤੋਂ ਫੜਿਆˆ ਬਾˆਹ ਟੁੱਟ ਜਾˆਦੀ ਹੈ; ਮੰਦਾ ਬੋਲ ਬੋਲਿਆˆ ਪ੍ਰੀਤ ਟੁੱਟ ਜਾˆਦੀ ਹੈ, ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ ਜੇ ਚੰਗੀ ਵਿਚਾਰ ਫੁਰ ਪਏ ਤਾˆ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾˆਦੀ ਹੈ। (ਹੇ ਪਾˆਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀˆ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾˆ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾˆਦੀ ਹੈ; ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀˆ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ, ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥28॥
ਤਾਂ ਇਸ ਤੋਂ ਪ੍ਰੇਰਣਾਂ ਲੈ ਕੇ ਲੜਕੀ ਤੇ ਲੜਕੇ ਦੋਵਾਂ ਲਈ ਸਾਂਝਾ ਉਪਦੇਸ਼ ਹੈ ਕਿ ਆਪਸ ਵਿੱਚ ਤੇ ਦੋਵਾਂ ਪ੍ਰਵਾਰਾਂ ਨਾਲ ਪਿਆਰ ਬਣਾਈ ਰੱਖਣਾ ਹੈ ਮਿੱਠੇ ਬੋਲ ਬੋਲਣੇ ਚਾਹੀਦੇ ਹਨ ਤੇ ਕੌੜੇ ਬਚਨਾਂ ਤੋਂ ਹਮੇਸ਼ਾਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾਂ ਪ੍ਰਭੂ ਦੇ ਨਾਮ ਦੀ ਟੇਕ ਰੱਖਣੀ ਹੈ। ਕਈ ਬਚੀਆਂ ਆਪਣੇ ਪਤੀ ਨੂੰ ਵੱਸ ਵਿੱਚ ਰੱਖਣ ਲਈ ਪਖੰਡੀ ਸਾਧਾਂ ਦੇ ਡੇਰਿਆਂ ’ਤੇ ਧਾਗੇ ਤਵੀਤ ਲੈਣ ਦੇ ਚੱਕਰ ਵਿੱਚ ਖ਼ੁਆਰ ਹੁੰਦੀਆਂ ਹਨ। ਅਜਿਹੀਆਂ ਬੀਬੀਆਂ ਨੂੰ ਬਾਬਾ ਫ਼ਰੀਦ ਜੀ ਦਾ ਉਪਦੇਸ਼ ਹੈ:
‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ; ਤਾਂ ਵਸਿ ਆਵੀ ਕੰਤੁ ॥127॥’ (ਗੁਰੂ ਗ੍ਰੰਥ ਸਾਹਿਬ - ਪੰਨਾ 1384)।
ਭਾਵ ਹੇ ਭੈਣ! ਨਿਮ੍ਰਤਾ ਭਰੇ ਬੋਲ ਬੋਲਣੇ, ਦੂਸਰੇ ਦੀ ਵਧੀਕੀ ਨੂੰ ਸਹਾਰਨਾ ਦਾ ਗੁਣ ਅਤੇ ਮਿੱਠਾ ਬੋਲਣਾ ਹੀ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾˆ ਕੰਤ (ਤੇਰੇ) ਵੱਸ ਵਿਚ ਆ ਜਾਇਗਾ ॥127॥
ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਨੇ ਇੱਥੇ ‘ਕੰਤ’ ਸ਼ਬਦ ਸਾਡੇ ਸਾਂਝੇ ਭਰਤਾ ਪ੍ਰਭੂ ਲਈ ਵਰਤਿਆ ਇਸ ਲਈ ਇਹ ਉਪਦੇਸ਼ ਸਿਰਫ ਪਤਨੀ ਲਈ ਹੀ ਨਹੀਂ ਬਲਕਿ ਦੋਵਾਂ ਲਈ ਸਾਂਝੇ ਹਨ। ਇਸ ਲਈ ਦੋਵਾਂ ਨੇ ਹੀ ਇਹ ਗੁਣ ਧਾਰਨ ਕਰਨੇ ਹਨ।
ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਪ੍ਰਵਾਰ ਦਾ ਜੀਵਨ ਨ੍ਰਿਵਾਹ ਚਲਾਉਣ ਲਈ ਮਾਇਆ ਦੀ ਲੋੜ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵਿਹਲੜਾਂ ਨੂੰ ਪ੍ਰਵਾਨ ਨਹੀਂ ਕੀਤਾ:
‘ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥’ (ਗੁਰੂ ਗ੍ਰੰਥ ਸਾਹਿਬ - ਪੰਨਾ 1246)
ਇਸ ਲਈ ਗੁਰੂ ਸਾਹਿਬ ਜੀ ਦਾ ਸਿੱਖ ਨੂੰ ਉਪਦੇਸ਼ ਹੈ:
‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ, ਉਤਰੀ ਚਿੰਤ ॥1॥’ (ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 522)। ਪਰ
ਮਾਇਆ ਕਮਾਉਣ ਲਈ ਕੀਤਾ ਗਿਆ ਇਹ ਉਦਮ ਠੱਗੀ ਠੋਰੀ ਵਾਲਾ ਨਹੀਂ ਹੋਣਾ ਚਾਹੀਦਾ ਬਲਕਿ ਦਸਾਂ ਨਹੁੰਆਂ ਦੀ ਧਰਮੀ ਕ੍ਰਿਤ ਵਾਲਾ ਹੋਵੇ। ਪਤੀ ਪਤਨੀ ਤੋਂ ਬੱਚੇ ਪੈਦਾ ਹੋਣੇ ਹਨ। ਮਾਤਾ ਪਿਤਾ ਤੇ ਬੱਚਿਆਂ ਤੋਂ ਮਿਲ ਕੇ ਪ੍ਰਵਾਰ ਬਣਨਾ ਹੈ। ਪ੍ਰਵਾਰਾਂ ਤੋਂ ਮਿਲ ਕੇ ਸਮਾਜ ਬਣਨਾ ਹੈ। ਇਸ ਸਮਾਜ ਵਿੱਚੋਂ ਹੀ ਡਾਕਟਰ, ਇੰਜਨੀਅਰ, ਵਿਗਿਆਨੀ, ਚੰਗੇ ਅਫਸਰ ਤੇ ਆਗੂ ਬਣਨੇ ਹਨ ਜਿਨ੍ਹਾਂ ਨੇ ਦੇਸ਼ ਕੌਮ ਤੇ ਸਮਾਜ ਨੂੰ ਸੁਜੱਜਾ ਬਣਾਉਣ ਹੈ। ਸੋ ਕੱਲ੍ਹ ਦੇ ਚੰਗੇ ਤੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਜਰੂਰੀ ਹੈ ਕਿ ਅੱਜ ਦੇ ਬੱਚੇ ਸੂਝਵਾਨ, ਮਿਹਨਤੀ ਤੇ ਚੰਗੇ ਗੁਣਾਂ ਦੇ ਧਾਰਨੀ ਹੋਣ। ਇਹ ਤਾਂ ਹੀ ਸੰਭਵ ਹੈ ਜੇ ਅੱਜ ਦੇ ਪਤੀ ਪਤਨੀ ਭਾਵ ਕੱਲ੍ਹ ਦੇ ਮਾਤਾ ਪਿਤਾ ਚੰਗੇ ਗੁਣਾਂ ਦੇ ਧਾਰਨੀ ਹੋਣਗੇ; ਕਿਉਂਕਿ ਜੋ ਗੁਣ ਉਨ੍ਹਾਂ ਦੇ ਆਪਣੇ ਪਾਸ ਹੋਣਗੇ ਉਹ ਹੀ ਆਪਣੇ ਬੱਚਿਆਂ ਨੂੰ ਦੇਣ ਦੇ ਸਮਰਥ ਹੋ ਸਕਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਗੁਰੂ ਦੇ ਉਕਤ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਇਸ ’ਤੇ ਖ਼ੁਦ ਅਮਲ ਕਰਨਾ ਹੈ ਤੇ ਇਹ ਗੁਣ ਆਪਣੇ ਬੱਚਿਆਂ ਨੂੰ ਦੇਣ ਦਾ ਉਪ੍ਰਾਲਾ ਕਰਨਾ ਚਾਹੀਦਾ ਹੈ।
ਸਮਾਗਮ ਦੀ ਸਮਾਪਤੀ ਉਪ੍ਰੰਤ ਅਰਦਾਸ ਤੇ ਗੁਰੂ ਦੀ ਕ੍ਰਿਪਾ ਰੂਪ ਪ੍ਰਸਾਦੁ ਛਕਣ ਤੋਂ ਬਾਅਦ ਸਾਰੀ ਸੰਗਤ ਮੁੜ ਲਾਅਨ ਵਿੱਚ ਸਜੇ ਪੰਡਾਲ ਵਿੱਚ ਚਲੀ ਗਈ ਤੇ ਲੋੜ ਅਨੁਸਾਰ ਸਾਰੇ ਮਿਲ ਜੁਲ ਕੇ ਲੰਗਰ ਹਾਲ ਵਿੱਚ ਲੰਗਰ ਛਕਦੇ ਰਹੇ। ਜਾਂਞੀਆਂ ਤੇ ਮਾਂਜੀਆਂ ਵਿੱਚ ਕੋਈ ਅੰਤਰ ਹੀ ਮਹਿਸੂਸ ਨਹੀਂ ਕੀਤਾ ਜਾ ਸਕਦਾ ਸੀ। ਆਰਕੈਸਟਰਾ, ਬੈਂਡ ਬਾਜੇ ਜਾਂ ਹੋਰ ਕਿਸੇ ਕਲਾਕਾਰ ਦੀਆਂ ਕੰਨ ਪਾੜਵੀਆਂ ਅਵਾਜਾਂ ਦੇ ਕਿਧਰੇ ਨਾਮੋ ਨਿਸ਼ਾਨ ਨਹੀਂ ਸਨ। ਸਮੇਂ ਸਿਰ ਡੋਲੀ ਤੋਰ ਕੇ ਸਾਰਿਆਂ ਦੇ ਮਨ ਵਿਚੋਂ ਹੀ ਇਹ ਆਵਾਜ਼ ਨਿਕਲ ਰਹੀ ਸੀ ਕਿ ਜੇ ਕਰ ਸਿੱਖ ਸਮਾਜ ’ਚ ਸਾਰੇ ਅਨੰਦ ਕਾਰਜ਼ ਹੀ ਇਸ ਤਰ੍ਹਾਂ ਹੋਣ ਲੱਗ ਜਾਣ ਤਾਂ ਲੜਕੀ ਦੇ ਜਨਮ ਨੂੰ ਮਾਤਾ ਪਿਤਾ ਵੱਲੋਂ ਭਾਰ ਸਮਝਣ, ਭਰੂਣ ਹੱਤਿਆ, ਤਲਾਕ ਅਤੇ ਆਤਮ ਹੱਤਿਆਵਾਂ ਵਰਗੀਆਂ ਮੰਦਭਾਗੀ ਘਟਨਾਵਾਂ ਦਾ ਕਲੰਕ ਸਾਡੇ ਕਦੀ ਵੀ ਨੇੜੇ ਨਹੀਂ ਢੁਕ ਸਕਦਾ।