ਸਿਆਸੀ ਆਗੂਆਂ ਤੇ ਜਥੇਦਾਰ ਨੇ ਮਿਲ ਕੇ ਅਕਾਲ ਤਖ਼ਤ ਦਾ ਸਨਮਾਨ ਮਿਲਾਇਆ ਮਿੱਟੀ ’ਚ
ਨਿਘਾਰ ਇਸ ਪੱਧਰ ’ਤੇ ਪਹੁੰਚ ਗਿਆ ਹੈ ਕਿ ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਸਾੜਨ ਵਾਂਗ ਜੇ ਇਹ ਸਾੜੇ ਨਹੀਂ ਵੀ ਜਾ ਸਕਦੇ ਤਾਂ ਘੱਟ ਤੋਂ ਘੱਟ ਸਿਆਸੀ ਆਗੂਆਂ ਤੋਂ ਸ਼੍ਰੋਮਣੀ ਕਮੇਟੀ ਅਜਾਦ ਕਰਵਾ ਕੇ ਅਤੇ ਜਥੇਦਾਰਾਂ ਦੇ ਅਹੁੱਦੇ ਰੱਦ ਕਰਕੇ ਗੁਰੂ ਦੀ ਸਿੱਖੀ ਨੂੰ ਬਚਾਉਣ ਦਾ ਉਪਾਅ ਜ਼ਰੂਰ ਲੱਭਣਾ ਚਾਹੀਦਾ ਹੈ ।
ਕਿਰਪਾਲ ਸਿੰਘ (ਬਠਿੰਡਾ) 9855480797
ਜੇ ਬਹੁਤਾ ਪਿਛਾਂਹ ਨਾ ਵੀ ਜਾਈਏ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਆਗੂਆਂ ਵੱਲੋਂ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਲਈ ਅਕਾਲ ਤਖ਼ਤ ਦਾ ਨਾਮ ਵਰਤ ਕੇ ਜਥੇਦਾਰਾਂ ਤੋਂ ਜਾਰੀ ਕਰਵਾਏ ਗਏ ਹੁਕਮਨਾਮਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਸਿਆਸੀ ਆਗੂਆਂ ਤੇ ਜਥੇਦਾਰਾਂ ਦੀ ਮਿਲੀਭੁਗਤ ਨੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ਘੱਟੇ ਵਿੱਚ ਰੋਲਣ ਸਮੇਤ ਸਿੱਖੀ ਦਾ ਬੇਹੱਦ ਨੁਕਸਾਨ ਕੀਤਾ ਹੈ। ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾਉਣ ਲਈ ਕਾਬਜ਼ ਧੜੇ ਨੇ ਬਿਨਾਂ ਕਿਸੇ ਯੋਗਤਾ ਤੇ ਮੈਰਿਟ ਨੂੰ ਵੀਚਾਰਿਆਂ; ਸਿੱਖੀ ਅਸੂਲਾਂ ਤੋ ਅਣਜਾਣ ਨਾ-ਅਹਿਲ ਕਿਸਮ ਦੇ ਆਪਣੇ ਜੀ-ਹਜੂਰੀ ਗ੍ਰੰਥੀਆਂ ਨੂੰ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਉੱਚ ਅਹੁੱਦਿਆਂ ’ਤੇ ਨਿਯੁਕਤ ਕਰਕੇ ਉਨ੍ਹਾਂ ਨੂੰ ਗੁਰੂ ਕੀ ਗੋਲਕ ਵਿੱਚੋਂ ਬੇਸ਼ੁਮਾਰ ਵੀ. ਆਈ. ਪੀ. ਸਹੂਲਤਾਂ ਨਾਲ ਨਿਵਾਜ਼ਿਆ ਤੇ ਸਰਬ-ਉੱਚ ਸਿੰਘ ਸਾਹਿਬਾਨਾਂ ਦੇ ਲਕਬਾਂ ਨਾਲ ਸੰਬੋਧਨ ਕਰਕੇ ਇਨ੍ਹਾਂ ਵੱਲੋਂ ਜਾਰੀ ਗੈਰ ਸਿਧਾਂਤਕ ਹੁਕਮਨਾਮਿਆਂ ਨੂੰ ਵੀ ਗੁਰੂ ਸ਼ਬਦ ਤੋਂ ਵੱਧ ਪ੍ਰਚਾਰਿਆ ਗਿਆ।
ਇਨ੍ਹਾਂ ਸਰਬਉੱਚ ਦੱਸੇ ਜਾ ਰਹੇ ਜਥੇਦਾਰਾਂ ਦੀ ਆਪਣੀ ਪਾਇਆਂ ਇਹ ਹੈ ਕਿ ਜਿਸ ਦਿਨ ਕੋਈ ਜਥੇਦਾਰ, ਕਾਬਜ਼ ਧੜੇ ਦੇ ਇਸ਼ਾਰੇ ਨੂੰ ਸਮਝੇ ਬਿਨਾਂ ਕੋਈ ਵੱਖਰੀ ਰਾਇ ਦੇ ਬੈਠੇ ਤਾਂ ਤੁਰੰਤ ਉਨ੍ਹਾਂ ਨੂੰ ਕਾਰਖਾਨੇ ਦੇ ਦਿਹਾੜੀਦਾਰ ਮਜ਼ਦੂਰਾਂ ਵਾਂਗ ਅਗਲੇ ਦਿਨ ਹੀ ਕੰਮ ’ਤੇ ਨਾ ਆਉਣ ਦੇ ਹੁਕਮ ਜਾਰੀ ਹੋ ਜਾਂਦੇ ਹਨ। ਭਾਈ ਰਣਜੀਤ ਸਿੰਘ, ਪ੍ਰੋ: ਮਨਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਜਿਸ ਢੰਗ ਨਾਲ ਜਥੇਦਾਰੀ ਦੇ ਅਹੁੱਦੇ ਤੋਂ ਵੱਖ ਕੀਤਾ ਗਿਆ ਹੈ ਇਸ ਨੂੰ ਬਹੁਤਾ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਰਹੀ। ਜਥੇਦਾਰੀ ਦੇ ਰੁਤਬੇ ਅਤੇ ਵੀ. ਆਈ. ਪੀ. ਸਹੂਲਤਾਂ ਖੁੱਸਣ ਦੇ ਡਰੋਂ ਬਹੁਤੇ ਜਥੇਦਾਰ ਸਿਆਸੀ ਮਾਲਕਾਂ ਵੱਲੋਂ ਚੰਡੀਗੜ੍ਹ ਤੋਂ ਕੀਤੇ ਫੈਸਲਿਆਂ ’ਤੇ ਦਸਤਖ਼ਤ ਕਰਕੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਦਾ ਨਾਮ ਦੇ ਦਿੰਦੇ ਹਨ ਜਿਸ ਨੂੰ ਸਾਰੀ ਸਿੱਖ ਕੌਮ ਇਲਾਹੀ ਹੁਕਮ ਸਮਝ ਕੇ ਮੰਨਣ ਲਈ ਪਾਬੰਦ ਹੋ ਜਾਂਦੀ ਹੈ।
ਇਸ ਤੋਂ ਵੱਧ ਹੈਰਾਨੀਜਨਕ ਅਤੇ ਦੁਖਦਾਇਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮੇ (ਸ਼ਬਦ ਉਪਦੇਸ਼) ਜਿਨ੍ਹਾਂ ਵਿੱਚ ਸਿੱਖ ਨੂੰ ਨਸੀਹਤ ਕੀਤੀ ਗਈ ਹੈ ਕਿ ਪੱਥਰ ਪੂਜਾ ਦਾ ਕੋਈ ਵੀ ਲਾਭ ਨਹੀਂ ਹੈ ਕਿਉਂਕਿ ਵੇਖੋ ਜਿਨ੍ਹਾਂ ਪੱਥਰ ਦੇ ਦੇਵਤਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਤੇ ਪੂਜਾ ਕੀਤੀ ਜਾਂਦੀ ਹੈ, ਜੇ ਉਹ ਹੱਥੋਂ ਨਿਕਲ ਜਾਣ ਤਾਂ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ :
“ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ ॥੬॥”
ਬੇ-ਸਮਝ ਮੂਰਖ ਪੱਥਰ (ਦੀਆਂ ਮੂਰਤੀਆਂ ਲੈ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹਨ ਜਦੋਂ ਕਿ ਪੱਥਰ ਤਾਂ ਖੁਦ ਹੀ ਡੁੱਬ ਜਾਂਦੇ ਹਨ, ਤਾਂ ਹੇ ਬੰਦੇ ! ਤੈਨੂੰ ਕਿਸ ਤਰ੍ਹਾਂ ਪਾਰ ਲੈ ਜਾਣਗੇ’
: “ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥”
‘ਦੇਵੀ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਾਈ ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ ?’ :
“ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ? ॥”
ਇਨ੍ਹਾਂ ਪਾਵਨ ਹੁਕਮਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਮੰਦਰਾਂ ਵਿੱਚ ਜਾ ਕੇ ਸ਼ਿਵ ਲਿੰਗ ਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਹਵਨ ਤੇ ਜਗਰਾਤੇ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜਥੇਦਾਰਾਂ ਵੱਲੋਂ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਨਾਲ ਨਿਵਾਜ਼ਿਆ ਗਿਆ ਪਰ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਦੀ ਵਿਆਖਿਆ ਕਰਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ, ਵਿਦਵਾਨਾਂ, ਲੇਖਕਾਂ ਅਤੇ ਬਾਦਲ ਦੀਆਂ ਨੀਤੀਆਂ ਦਾ ਪਰਦਾ ਫ਼ਾਸ਼ ਕਰਨ ਵਾਲੇ ਵਿਰੋਧੀ ਸਿਆਸੀ ਆਗੂਆਂ ਦੀ ਆਵਾਜ਼ ਬੰਦ ਕਰਵਾਉਣ ਲਈ ਕਿਸੇ ਨੇ ਕਿਸੇ ਬਹਾਨੇ ਅਕਾਲ ਤਖ਼ਤ ਤੋਂ ਤਨਖਾਹੀਏ ਘੋਸ਼ਿਤ ਕਰਕੇ ਜਾਂ ਤਾਂ ਉਨ੍ਹਾਂ ਨੂੰ ਬਾਦਲ ਦੀ ਈਨ ਮੰਨਣ ਦੀ ਸ਼ਰਤ ’ਤੇ ਥੋੜੀ ਤਨਖ਼ਾਹ ਲਾ ਕੇ ਮੁਆਫ਼ ਕਰਨ ਦਾ ਡਰਾਮਾ ਰਚ ਦਿੱਤਾ ਜਾਂਦਾ ਹੈ ਜਾਂ ਫਿਰ ਈਨ ਮੰਨਣ ਤੋਂ ਆਕੀ ਵਿਦਵਾਨਾਂ ਨੂੰ ਪੰਥ ਵਿੱਚੋਂ ਛੇਕ ਕੇ ਉਨ੍ਹਾਂ ਨੂੰ ਅਲੱਗ ਥਲੱਗ ਕਰਕੇ ਆਵਾਜ਼ ਬੰਦ ਕਰਵਾ ਦਿੱਤਾ ਜਾਂਦੀ ਹੈ।
ਹੋਰ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਰਮ ਦੇ ਨਾਮ ’ਤੇ ਜੀਵਾਂ ਦੀ ਬਲੀ ਦੇਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਹੇ ਮੇਰੇ ਵੀਰ ! ਤੂੰ ਜੀਵ ਨੂੰ ਮਾਰਦਾ ਹੈਂ ਅਤੇ ਉਸ ਨੂੰ ਧਰਮ ਕਰਕੇ ਜਾਣਦਾ ਹੈਂ । ਤੂੰ ਆਪਣੇ ਆਪ ਨੂੰ ਤਾਂ ਪਰਮ ਸ੍ਰੇਸ਼ਟ ਰਿਸ਼ੀ ਆਖਦਾ ਹੈਂ। ਫੇਰ ਤੂੰ ਕਸਾਈ ਕਿਸ ਨੂੰ ਆਖਦਾ ਹੈਂ ? ਤਦ ਤੂੰ ਮੈਨੂੰ ਦਸ; ਤੂੰ ਕਿਸ ਨੂੰ ਅਧਰਮ (ਮੰਦਾ ਕਰਮ) ਆਖਦਾ ਹੈਂ ?’ :
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥”j
ਜਗਨ ਨਾਥ ਪੁਰੀ ਵਿੱਖੇ ਪਾਂਡਿਆਂ ਵੱਲੋਂ ਜਗਨ ਨਾਥ ਦੀ ਕੀਤੀ ਜਾ ਰਹੀ ਆਰਤੀ ਦਾ ‘ਗੁਰੂ ਨਾਨਕ ਸਾਹਿਬ ਜੀ ਵੱਲੋਂ ਖੰਡਨ ਕਰਨ ਲਈ ਆਰਤੀ ਵਿੱਚ ਸ਼ਾਮਲ ਨਾ ਹੋ ਕੇ ਕੇਵਲ ਉਨ੍ਹਾਂ ਦੀਆਂ ਗਤੀਵਿਧੀਆਂ ਨੋਟ ਕੀਤੀਆਂ। ਪਾਂਡਿਆਂ ਵੱਲੋਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜਗਤ ਦੇ ਮਾਲਕ ਪ੍ਰਭੂ ਦੀ ਤਾਂ ਕੁਦਰਤੀ ਹੋ ਰਹੀ ਆਰਤੀ ਲਈ ਮਾਨੋ ਅਸਮਾਨ ਰੂਪੀ ਵੱਡੇ ਥਾਲ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੋਤੀ ਹਨ। ਚੰਨਣ ਦੀ ਸੁਗੰਧਤ ਹੋਮ-ਸਾਮੱਗਰੀ ਹੈ, ਹਵਾ ਚੌਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਫੁੱਲ ਹਨ। (ਮੈਂ ਤਾਂ ਉਸ ਮਹਾਨ ਆਰਤੀ ਵਿੱਚ ਸ਼ਾਮਲ ਹਾਂ ਤੁਹਾਡੀ ਇਸ ਨਾਟਕ ਮਾਤ੍ਰ ਆਰਤੀ ਦੇ ਪਾਖੰਡ ਵਿੱਚ ਸ਼ਾਮਲ ਹੋਣ ਦਾ ਕੀ ਲਾਭ ?)’ :
“ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥”
ਇਨ੍ਹਾਂ ਮਹਾਨ ਉਪਦੇਸ਼ਾਂ ਨੂੰ ਪੂਰੀ ਤਰ੍ਹਾਂ ਪਿੱਠ ਦੇਣ ਵਾਲੇ ਭਾਵ ਬ੍ਰਾਹਮਣਾਂ ਵਾਙ ਥਾਲ ਵਿੱਚ ਦੀਵੇ ਰੱਖ ਕੇ ਆਰਤੀ ਕਰਨ ਵਾਲੇ ਅਤੇ ਗੁਰੂ ਘਰ ਵਿੱਚ ਬੱਕਰਿਆਂ ਦੀਆਂ ਕੁਰਬਾਨੀਆਂ ਦੇਣ ਵਾਲੇ ਤਖ਼ਤ ਹਜੂਰ ਸਾਹਿਬ ਦੇ (ਪਾਂਡੇ) ਜਥੇਦਾਰ ਜੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗਾਂ ਵਿੱਚ ਬੈਠ ਕੇ ਇਹ ਫੈਸਲਾ ਕਰਨ ਕਿ ਕਿਸ ਸਿੱਖ ਨੂੰ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਦੇਣਾ ਹੈ ਤੇ ਕਿਸ ਨੂੰ ਪੰਥ ਵਿੱਚੋਂ ਛੇਕ ਕੇ ਸਿੱਖਾਂ ਨੂੰ ਹਦਾਇਤ ਕਰਨੀ ਹੈ ਕਿ ਇਸ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਤਾਂ ਸਿਧਾਂਤਕ ਤੌਰ ’ਤੇ ਇਸ ਤੋਂ ਵੱਧ ਨਿਘਾਰ ਹੋਰ ਕੀ ਸਕਦਾ ਹੈ ?
ਬੇਸ਼ੱਕ ਪਹਿਲਾਂ ਵੀ ਬਹੁਤ ਸਾਰੇ ਸੂਝਵਾਨ ਸਿੱਖਾਂ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਪੰਜ ਸਿੰਘ ਸਾਹਿਬਾਨ ਦਾ ਤਾਂ ਸਿਰਫ ਨਾ ਹੀ ਵਰਤਿਆ ਜਾਂਦਾ ਹੈ ਅਸਲ ਫੈਸਲੇ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਅੰਮ੍ਰਿਤਸਰ ਪਹੁੰਚ ਜਾਂਦੇ ਹਨ ਤੇ ਜੀ ਹਜੂਰੀ ਪੰਜ ਗ੍ਰੰਥੀਆਂ ਤੋਂ ਦਸਤਖ਼ਤ ਕਰਵਾ ਕੇ ਇਨ੍ਹਾਂ ਨੂੰ ਹੁਕਮਨਾਮਿਆਂ ਦਾ ਨਾਮ ਦੇ ਕੇ ਸਿੱਖ ਕੌਮ ’ਤੇ ਥੋਪ ਦਿੱਤੇ ਜਾਂਦੇ ਹਨ; ਪਰ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਖ਼ੁਲਾਸੇ ਅਤੇ ਉਸ ਦੀ ਬਰਤਰਫੀ (ਡਿਸਮਿਸ) ਪਿੱਛੋਂ ਤਾਂ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ ਕਿ ਅਸਲ ਫੈਸਲੇ ਕਿੱਥੋਂ ਅਤੇ ਕਿਸ ਦੇ ਹੰਦੇ ਹਨ। ਹੁਣ ਤੱਕ ਦੀ ਰਵਾਇਤ ਇਹ ਹੈ ਕਿ ਪੰਥ ਵਿੱਚੋਂ ਛੇਕਿਆ ਜਾਂ ਸਜ਼ਾਯਾਫ਼ਤਾ ਕੋਈ ਮਨੁੱਖ ਜੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਖ਼ੁਦ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਲਿਖਤੀ ਤੌਰ ’ਤੇ ਬੇਨਤੀ ਪੱਤਰ ਦੇਵੇ ਤਾਂ ਪੰਜ ਸਿੰਘ ਸਾਹਿਬਾਨ ਉਸ ਪੱਤਰ ’ਤੇ ਵੀਚਾਰ ਕਰਕੇ ਫੈਸਲਾ ਕਰ ਸਕਦੇ ਹਨ।
ਗਿਆਨੀ ਗੁਰਮੁਖ ਸਿੰਘ ਅਨੁਸਾਰ ਉਸ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਮੇਤ; ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ 16 ਸਤੰਬਰ 2015 ਨੂੰ ਆਪਣੀ ਕਾਰ ਵਿੱਚ ਬਿਠਾ ਕੇ ਚੰਡੀਗੜ੍ਹ ਵਿਖੇ ਸ: ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ) ਦੀ ਸਰਕਾਰੀ ਕੋਠੀ ਵਿੱਚ ਲੈ ਕੇ ਗਿਆ ਜਿੱਥੇ ਪਹਿਲਾਂ ਤੋਂ ਹੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਡਾ: ਦਲਜੀਤ ਸਿੰਘ ਚੀਮਾ ਕੈਬੀਨਟ ਮੰਤਰੀ ਮੌਜੂਦ ਸਨ। ਸੁਖਬੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਦੇ ਦਸਤਖ਼ਤਾਂ ਵਾਲਾ ਹਿੰਦੀ ਵਿੱਚ ਲਿਖਿਆ ਪੱਤਰ ਜਥੇਦਾਰਾਂ ਨੂੰ ਫੜਾ ਕੇ ਕਿਹਾ ਕਿ ਜਲਦੀ ਤੋਂ ਜਲਦੀ ਕੇਸ ਰਫਾ ਦਫਾ ਕਰੋ। ਜਥੇਦਾਰਾਂ ਵੱਲੋਂ ਇਸ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਾਏ ਜਾਣ ਬਾਰੇ ਕਹਿਣ ’ਤੇ ਪੰਜਾਬੀ ਵਿੱਚ ਲਿਖਿਆ ਪੱਤਰ ਅਕਾਲ ਤਖ਼ਤ ’ਤੇ ਪਹੁੰਚਾਇਆ ਗਿਆ ਜਿਸ ’ਤੇ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਵੀਚਾਰ ਕੀਤੀ। ਪੰਜ ਸਿੰਘ ਸਾਹਿਬਾਨ ਚਾਹੁੰਦੇ ਸਨ ਕਿ ਇਸ ਪੱਤਰ ਨੂੰ ਨਸ਼ਰ ਕੀਤਾ ਜਾਵੇ ਤੇ ਸਿੱਖ ਸੰਗਤਾਂ ਦਾ ਪ੍ਰਤੀਕਰਮ ਆਉਣ ਪਿੱਛੋਂ ਇਸ ’ਤੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕੀਤਾ ਜਾਵੇ, ਪਰ ਗਿਆਨੀ ਗੁਰਮੁਖ ਸਿੰਘ ਅਨੁਸਾਰ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਉਪਰ ਮਾਮਲਾ ਤੁਰੰਤ ਰਫਾ ਦਫਾ ਕਰਨ ਲਈ ਇਤਨਾ ਦਬਾਅ ਸੀ, ਜੋ ਸਹਿਣ ਤੋਂ ਬਾਹਰ ਸੀ ਇਸ ਲਈ ਅੰਤਾਂ ਦੇ ਦਬਾਅ ਹੇਠ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਉਹ ਪੱਤਰ ਪ੍ਰਵਾਨ ਕਰਨਾ ਪਿਆ, ਪਰ ਸਿੱਖ ਸੰਗਤਾਂ ਦਾ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਉਪਰ ਵੱਖਰੇ ਵੀਚਾਰ ਰੱਖਣ ਕਾਰਨ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਬੇਇਜ਼ਤੀ ਭਰੇ ਢੰਗ ਨਾਲ ਹਟਾਏ ਜਾਣ ਅਤੇ ਸਿਰਸਾ ਡੇਰਾ ਵਿਵਾਦ ਨੂੰ ਆਪਣੀ ਸਿਆਸਤ ਦੇ ਅਨੂਕੂਲ ਨਜਿੱਠਣ ਲਈ ਬਾਦਲ ਦਲ ਦੀਆਂ ਚਾਲਾਂ ਤੋਂ ਦੁਖੀ ਸਨ ਉਪਰੋਂ ਬਿਨਾਂ ਪੇਸ਼ ਹੋ ਕੇ ਗਲਤੀ ਮੰਨਣ ਤੇ ਮੁਆਫੀ ਮੰਗਣ ਦੇ ਸੌਦਾ ਸਾਧ ਨੂੰ ਮੁਆਫ ਕੀਤੇ ਜਾਣ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਵਿਰੁਧ ਇਤਨਾ ਰੋਹ ਉਤਪੰਨ ਹੋਇਆ ਕਿ ਉਨ੍ਹਾਂ ਅੱਗੇ ਝੁਕਦਿਆਂ ਕੁਝ ਹੀ ਸਮੇਂ ਬਾਅਦ 16 ਅਕਤੂਬਰ 2015 ਨੂੰ ਪੰਜ ਸਿੰਘ ਸਾਹਿਬਾਨ ਨੂੰ 24 ਸਤੰਬਰ ਵਾਲਾ ਹੁਕਮਨਾਮਾ ਵਾਪਸ ਲੈਣਾ ਪਿਆ।
ਗਿਆਨੀ ਗੁਰਮੁਖ ਸਿੰਘ ਦਾ ਰੋਸ ਇਹ ਸੀ ਕਿ ਸਿਰਸਾ ਡੇਰਾ ਮੁਖੀ ਦਾ ਉਹ ਪੱਤਰ ਅਕਾਲ ਤਖ਼ਤ ਵਿਖੇ ਲੈ ਕੇ ਆਉਣ ਵਾਲੇ ਦਾ ਨਾਮ ਉਨ੍ਹਾਂ ਸਿਰ ਹੀ ਮੜ੍ਹ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਨੂੰ ਇਸ ਦਾ ਕੋਈ ਇਲਮ ਨਹੀਂ ਸੀ। ਆਪਣੇ ਸਿਰੋਂ ਕਲੰਕ ਲਹਾਉਣ ਲਈ ਗਿਆਨੀ ਗੁਰਮੁਖ ਸਿੰਘ ਚਿਰਾਂ ਤੋਂ ਮੰਗ ਕਰਦਾ ਆ ਰਿਹਾ ਸੀ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਪਸ਼ਟ ਕਰਨ ਕਿ ਇਹ ਪੱਤਰ ਕੌਣ ਲੈ ਕੇ ਆਇਆ ਸੀ, ਪਰ ਜਥੇਦਾਰ ਆਪਣੀ ਚਮੜੀ ਬਚਾਉਣ ਲਈ ਇਸ ਭੇਦ ਨੂੰ ਜੱਗ ਜ਼ਾਹਰ ਕਰਨ ਤੋਂ ਟਾਲ਼ਾ ਵੱਟਦੇ ਆ ਰਹੇ ਸਨ ਇਸ ਲਈ ਅੰਤ ਥੱਕ ਹਾਰ ਕੇ ਗਿਆਨੀ ਗੁਰਮੁਖ ਸਿੰਘ ਨੇ 17 ਅਪ੍ਰੈਲ 2017 ਨੂੰ ਪੰਜ ਸਿੰਘ ਸਾਹਿਬਾਨ ਦੀ ਬੰਦ ਕਮਰਾ ਮੀਟਿੰਗ ਵਿੱਚ ਭਾਗ ਲੈਣ ਤੋਂ ਇਨਕਾਰ ਕਰਕੇ ਕੇਵਲ ਅਕਾਲ ਤਖ਼ਤ ਸਾਹਿਬ ’ਤੇ ਪਾਰਦਰਸ਼ੀ ਢੰਗ ਨਾਲ ਹੋਣ ਵਾਲੀ ਮੀਟਿੰਗ ਵਿੱਚ ਹੀ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ। ਸਿਰਫ਼ ਇਤਨੀ ਗੁਸਤਾਖ਼ੀ ਕਰਨ ਦੇ ਦੋਸ਼ ਅਧੀਨ ਕੇਵਲ 4 ਦਿਨਾਂ ਬਾਅਦ 21 ਅਪ੍ਰੈਲ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦੇ ਦੋਵੇਂ ਅਹੁਦਿਆਂ ਤੋਂ ਹਟਾਉਣ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਦਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਵਿਖੇ ਤਬਾਦਲਾ ਕਰ ਦਿੱਤਾ।
ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਦੀ ਤਸਦੀਕ ਕਰਨ ਲਈ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮੇਰੇ ਵੱਲੋਂ ਪੁੱਛਿਆ ਗਿਆ ਕਿ ਗਿਆਨੀ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਤੁਸੀਂ ਉਨ੍ਹਾਂ ਨੂੰ ਅਤੇ ਗਿਆਨੀ ਮੱਲ ਸਿੰਘ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ’ਤੇ ਲੈ ਕੇ ਗਏ ਸੀ; ਉਨ੍ਹਾਂ ਦੇ ਇਸ ਕਥਨ ਵਿੱਚ ਕਿੰਨੀ ਕੁ ਸਚਾਈ ਹੈ ? ਗਿਆਨੀ ਗੁਰਬਚਨ ਸਿੰਘ ਨੇ ਬੜੀ ਗੈਰ ਜਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਕਿਹਾ ਕਿ ਮੈਂ ਹਾਲੀ ਕੁਝ ਨਹੀਂ ਬੋਲਣਾ; ਜਦੋਂ ਸਮਾਂ ਆਇਆ ਉਸ ਸਮੇਂ ਜ਼ਰੂਰ ਦੱਸਾਂਗਾ। ਦੱਸਿਆ ਗਿਆ ਸਮਾਂ ਤਾਂ ਇਹੋ ਮੰਗ ਕਰਦਾ ਹੈ ਕਿ ਤੁਸੀਂ ਸੱਚ ਦੱਸੋ, ਚੁੱਪ ਰਹਿਣ ਨਾਲ ਤੁਸੀਂ ਸ਼ੱਕੀ ਹੁੰਦੇ ਜਾ ਰਹੇ ਹੋ; ਇਸ ਲਈ ਜੇ ਕਰ ਤੁਸੀਂ ਲੈ ਕੇ ਗਏ ਸੀ ਤਾਂ ਕਹਿ ਦਿਓ, ਹਾਂ ਇਹ ਸੱਚ ਹੈ, ਮੈਂ ਹੀ ਲੈ ਕੇ ਗਿਆ ਸੀ। ਜੇ ਕਰ ਨਹੀਂ ਲੈ ਕੇ ਗਏ ਤਾਂ ਕਹਿ ਦਿਓ ਕਿ ਉਹ ਝੂਠ ਬੋਲਦਾ ਹੈ। ਉਨ੍ਹਾਂ ਫਿਰ ਕਿਹਾ ਕਿ ਹਾਲੀ ਸਮਾਂ ਨਹੀਂ ਆਇਆ, ਇਸ ਲਈ ਕੁਝ ਨਹੀਂ ਬੋਲਣਾ, ਉਨ੍ਹਾਂ ਨੂੰ ਭੜਾਸ ਕੱਢ ਲੈਣ ਦਿਓ ਜਦੋਂ ਸਮਾਂ ਆਇਆ ਉਸ ਸਮੇਂ ਜ਼ਰੂਰ ਦੱਸਾਂਗਾ। ਕੀ ਇਸ ਗੱਲਬਾਤ ਤੋਂ ਅੰਦਾਜ਼ਾ ਲਾਇਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ ਲਈ ਸੱਚ ਬੋਲਣ ਦਾ ਸਮਾਂ ਉਸ ਸਮੇਂ ਆਵੇਗਾ ਜਦੋਂ ਸ਼੍ਰੋਮਣੀ ਕਮੇਟੀ ਦੇ ਦੋ ਨੁਮਾਇੰਦਿਆਂ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਾਂਗ ਇਸ ਨੂੰ ਰਾਤ ਦੇ 11 ਵਜੇ ਆ ਜਗਾਇਆ ਤੇ ਅਸਤੀਫੇ ’ਤੇ ਦਸਤਖ਼ਤ ਕਰਨ ਸਮੇਂ ਤੱਕ ਸੌਣ ਦੀ ਇਜਾਜ਼ਤ ਨਾ ਦਿੱਤੀ ਅਤੇ ਉਨ੍ਹਾਂ ਦੇ ਉੱਠਣ ਵੇਲੇ ਤੱਕ ਨਵੇਂ ਜਥੇਦਾਰ ਦਾ ਐਲਾਨ ਸੁਣ ਲਿਆ। ਗਿਆਨੀ ਗੁਰਮੁਖ ਸਿੰਘ ’ਤੇ ਤਾਂ ਹੁਣ ਵੀ ਦੋਸ਼ ਲੱਗ ਰਹੇ ਹਨ ਕਿ ਡੇਢ ਸਾਲ ਤੱਕ ਉਹ ਚੁੱਪ ਕਿਉਂ ਰਿਹਾ ਪਹਿਲਾਂ ਕਿਉਂ ਸੱਚ ਸਾਹਮਣੇ ਨਹੀਂ ਲਿਆਂਦਾ ? ਗਿਆਨੀ ਗੁਰਮੁਖ ਸਿੰਘ ਦੇ ਇਸ ਕਥਨ ਵਿੱਚ ਤਾਂ ਫਿਰ ਵੀ ਸੱਚਾਈ ਨਜ਼ਰ ਆ ਰਹੀ ਹੈ ਕਿ ਉਹ ਸ਼ੁਰੂ ਤੋਂ ਹੀ ਸੱਚ ਸਾਹਮਣੇ ਲਿਆਉਣ ਦੀ ਮੰਗ ਕਰਦਾ ਰਿਹਾ ਤੇ ਹਰ ਵਾਰ ਕੁਝ ਹੀ ਦਿਨਾਂ ਵਿੱਚ ਸੱਚ ਸਭ ਦੇ ਸਾਹਮਣੇ ਲਿਆਉਣ ਦੇ ਉਸ ਨੂੰ ਫੋਕੇ ਭਰੋਸੇ ਮਿਲਦੇ ਰਹੇ ਜੋ ਕਦੀ ਵੀ ਵਫਾ ਨਾ ਹੋਏ ਤੇ ਅੰਤ ਉਸ ਨੂੰ ਆਪ ਹੀ ਸਾਰੀ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਪਈ। ਗਿਆਨੀ ਗੁਰਮੁਖ ਸਿੰਘ ਦੇ ਕਥਨ ਇਸ ਗੱਲੋਂ ਵੀ ਸੱਚੇ ਜਾਪਦੇ ਹਨ ਕਿ 17 ਅਪ੍ਰੈਲ ਨੂੰ ਪ੍ਰੈੱਸ ਨੂੰ ਸੰਬੋਧਨ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਜਿਸ ਦਿਨ ਸਿਰਸਾ ਮੁਖੀ ਦੀ ਚਿੱਠੀ ਕੋਈ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਲੈ ਕੇ ਆਇਆ ਸੀ ਉਸ ਦਿਨ ਉਹ ਦਫਤਰ ਵਿੱਚ ਹਾਜਰ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਕਿ ਚਿੱਠੀ ਕੌਣ ਲੈ ਕੇ ਆਇਆ ਸੀ।
ਅਕਾਲ ਤਖ਼ਤ ਦੇ ਸਕੱਤਰ ਸ: ਗੁਰਬਚਨ ਸਿੰਘ ਨੂੰ ਇਸ ਲੇਖਕ (ਮੇਰੇ) ਵੱਲੋਂ ਫ਼ੋਨ ’ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਦਫਤਰ ਨੂੰ ਇਸ਼ ਸਬੰਧੀ ਕੁਝ ਵੀ ਪਤਾ ਨਹੀਂ ਇਸ ਸਬੰਧੀ ਖ਼ੁਦ ਜਥੇਦਾਰ ਹੀ ਦੱਸ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ: ਹਰਚਰਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ: ਹਰਭਜਨ ਸਿੰਘ ਮਨਾਵਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਵੀ ਇਹੋ ਜਵਾਬ ਸੀ ਕਿ ਇਸ ਤਰ੍ਹਾਂ ਦੇ ਧਾਰਮਿਕ ਮਾਮਲਿਆਂ ਨੂੰ ਸਿੱਧੇ ਤੌਰ ’ਤੇ ਜਥੇਦਾਰ ਸਾਹਿਬ ਆਪ ਹੀ ਵੇਖਦੇ ਹਨ ਇਸ ਲਈ ਉਹ ਹੀ ਕੁਝ ਦੱਸ ਸਕਦੇ ਹਨ। ਜਥੇਦਾਰ ਵੱਲੋਂ ਸੱਚ ਦੱਸਣ ਲਈ ਸਮੇਂ ਦੀ ਉਡੀਕ ਕਰਨਾ ਇਹੋ ਸੰਕੇਤ ਦਿੰਦਾ ਹੈ ਕਿ ਆਪਣਾ ਅਹੁਦਾ ਬਚਾਈ ਰੱਖਣ ਲਈ ਉਹ ਹਾਲ ਦੀ ਘੜੀ ਆਪਣਾ ਮੂੰਹ ਸੀਤੇ ਰੱਖਣ ਲਈ ਮਜਬੂਰ ਹਨ। ਸੱਚ ਸਾਹਮਣੇ ਲਿਆਉਣ ਲਈ ਗਿਆਨੀ ਗੁਰਮੁਖ ਸਿੰਘ ਵੱਲੋਂ ਲਾਏ ਗੰਭੀਰ ਦੋਸ਼ਾਂ ਦੀ ਬਿਨਾਂ ਕੋਈ ਪੜਤਾਲ ਕਰਵਾਇਆਂ ਉਲਟਾ ਉਸ ਨੂੰ ਹਟਾਉਣ ਦੀ ਸ਼੍ਰੋਮਣੀ ਕਮੇਟੀ ਦੇ ਇਸ ਝੱਟ-ਪੱਟ ਕਾਰਵਾਈ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਖੌਤੀ ਤੌਰ ’ਤੇ ਕਹੇ ਜਾਂਦੇ ਸਰਬਉੱਚ ਜਥੇਦਾਰਾਂ ਦੀ ਉਹ ਖ਼ੁਦ ਆਪ ਕਿੰਨੀ ਕੁ ਕਦਰ ਕਰਦੇ ਹਨ।
ਇਸੇ ਕਾਰਨ ਜਾਗਰੂਕ ਸਿੱਖ ਤਾਂ ਪਿਛਲੇ ਤਕਰੀਬਨ ਡੇਢ ਦਹਾਕੇ ਤੋਂ ਅਵਾਜ਼ ਉੱਠਾ ਰਹੇ ਸਨ ਕਿ ਸਿਆਸੀ ਆਗੂਆਂ ਦਾ ਧਾਰਮਿਕ ਅਹੁਦਿਆਂ ’ਤੇ ਕਾਬਜ਼ ਹੋਣ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਇਹ ਜਥੇਦਾਰ (ਤਨਖਾਹਦਾਰ ਪੂਜਾਰੀ) ਸਿੱਖ ਧਰਮ ਦੇ ਪ੍ਰਚਾਰ ਪਾਸਾਰ ਦੇ ਰਾਹ ਵਿੱਚ ਰੋੜੇ ਹਨ ਇਸ ਲਈ ਜਿੰਨਾਂ ਛੇਤੀ ਹੋ ਸਕੇ ਇਨ੍ਹਾਂ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਗਿਆਨੀ ਗੁਰਮੁਖ ਸਿੰਘ ਦੇ ਖ਼ੁਲਾਸੇ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਹਟਾਏ ਜਾਣ ਦੇ ਢੰਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਸਾੜਨ ਵਾਂਗ ਸਾਡੇ ਵਿੱਚ ਅੱਜ ਦੇ ਮਸੰਦਾਂ ਨੂੰ ਸਾੜਨ ਦੀ ਸਮਰਥਾ ਤਾਂ ਬੇਸ਼ੱਕ ਨਹੀਂ ਹੈ, ਘੱਟ ਤੋਂ ਘੱਟ ਸਿਆਸੀ ਆਗੂਆਂ ਤੋਂ ਸ਼੍ਰੋਮਣੀ ਕਮੇਟੀ ਅਜਾਦ ਕਰਵਾ ਕੇ ਅਤੇ ਜਥੇਦਾਰਾਂ ਦੇ ਅਹੁਦੇ ਨੂੰ ਹੀ ਰੱਦ ਕਰਕੇ ਗੁਰੂ ਦੀ ਸਿੱਖੀ ਦੇ ਪ੍ਰਚਾਰ ਪਾਸਾਰ ਦੇ ਰਾਹ ਵਿੱਚੋਂ ਅਜਿਹੇ ਰੋੜੇ ਹਮੇਸਾਂ ਲਈ ਦੂਰ ਕਰਨ ਦਾ ਉਪਾਅ ਜ਼ਰੂਰ ਲੱਭਣਾ ਚਾਹੀਦਾ ਹੈ।
ਕਿਰਪਾਲ ਸਿੰਘ ਬਠਿੰਡਾ
ਸਿਆਸੀ ਆਗੂਆਂ ਤੇ ਜਥੇਦਾਰ ਨੇ ਮਿਲ ਕੇ ਅਕਾਲ ਤਖ਼ਤ ਦਾ ਸਨਮਾਨ ਮਿਲਾਇਆ ਮਿੱਟੀ ’ਚ
Page Visitors: 2626