ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਸੀਂ "ਸਿੱਖ " ਹਾਂ ਕਿ "ਰਾਮਰਾਈਏ " ? ਗੁਰਮਤਿ ਦੀ ਕਸਵੱਟੀ ਤੇ ਅਪਣੇ ਆਪ ਨੂੰ ਪਰਖ ਕੇ ਵੇਖ ਲਵੋ !
ਅਸੀਂ "ਸਿੱਖ " ਹਾਂ ਕਿ "ਰਾਮਰਾਈਏ " ? ਗੁਰਮਤਿ ਦੀ ਕਸਵੱਟੀ ਤੇ ਅਪਣੇ ਆਪ ਨੂੰ ਪਰਖ ਕੇ ਵੇਖ ਲਵੋ !
Page Visitors: 2698

ਅਸੀਂ "ਸਿੱਖ " ਹਾਂ ਕਿ "ਰਾਮਰਾਈਏ " ? ਗੁਰਮਤਿ ਦੀ ਕਸਵੱਟੀ ਤੇ ਅਪਣੇ ਆਪ ਨੂੰ ਪਰਖ ਕੇ ਵੇਖ ਲਵੋ !
ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ , "ਪੋਥੀ ਪਰਮੇਸੁਰ ਕਾ ਥਾਨੁ"  ਵਿਚ ਦਰਜ ਕਰਣ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ "ਸੋ ਦਰੁ" ਸਾਹਿਬ ਜੀ ਦੀ ਨਿਰੋਲ ਅੰਮ੍ਰਿਤ ਬਾਣੀ ਵਿਚ , ਕਵੀਆਂ ਦੀ ਵਾਚੀ "ਚੌਪਈ" ਪਾਉਣਾਂ ਭੁੱਲ ਗਏ ਸਨ ? ਕੀ ਸਿੱਖ ਗੁਰੂ ਸਾਹਿਬ ਜੀ ਨਾਲੋਂ ਵੀ ਜਿਆਦੇ ਸਿਆਣੇ ਨਿਕਲੇ. ਕਿ ਉਨ੍ਹਾਂ ਦੇ ਗੁਰੂ ਸਾਹਿਬ ਜੀ ਦੇ ਕੀਤੇ ਫੈਸਲੇ ਨੂੰ ਹੀ ਬਦਲ ਕੇ ਰੱਖ ਦਿੱਤਾ ? ਕੀ ਐਸਾ ਕਰਕੇ ਸਰਬੰਸਦਾਨੀ ਗੁਰੂ ਸਾਹਿਬ ਜੀ ਨੂੰ ਅਸੀਂ ਭੁੱਲੜ ਸਾਬਿਤ ਕਰਣ ਦਾ ਪਾਪ ਤਾਂ ਨਹੀ ਕਰ ਰਹੇ ? "ਰਹਿਰਾਸ " ਸਿਰਲੇਖ ਦੀ ਕੋਈ ਬਾਣੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਕੀਤੀ । ਅਤੇ ਨਾਂ ਹੀ ਸ਼ਬਦ ਗੁਰੂ ਸਾਹਿਬ ਵਿੱਚ ਮੌਜੂਦ ਹੈ । ਫਿਰ ਇਹ ਸਾਡਾ ਨਿਤਨੇਮ ਕਿਸ ਤਰ੍ਹਾਂ ਬਣ ਗਈ ? ਬਚਿਤੱਰ ਨਾਟਕ ਦੀ ਇਸ ਕੱਚੀ ਰਚਨਾਂ " ਚੌਪਈ " ਨੂੰ , "ਸੋ ਦਰੁ ਦੀ ਅੰਮ੍ਰਿਤ ਬਾਣੀ" ਵਿੱਚ ਜੋੜਨ ਦਾ ਗੁਨਾਹ ਕਿਸਨੇ ਕੀਤਾ ? ਜਿਸਨੇ ਵੀ ਇਹ ਕੰਮ ਕੀਤਾ , ਉਹ ਗੁਰੂ ਘਰ ਦਾ ਗੁਨਾਹ ਗਾਰ ਹੈ । "ਸੋ ਦਰੁ " ਦੀ ਅੰਮ੍ਰਿਤ ਬਾਣੀ ਵਿੱਚ ਕਵੀਆਂ ਦੀ ਵਾਚੀ ਇਸ ਚੌਪਈ ਨੂੰ ਜੋੜਨ ਅਤੇ ਪੜ੍ਹਨ ਵਾਲਾ ਵਿਅਕਤੀ ਗੁਰਬਾਣੀ ਦੇ ਨਿਰੋਲ ਮੂਲ ਰੂਪ ਨੂੰ ਵਿਕ੍ਰਤ ਕਰਣ ਅਤੇ ਵਿਗਾੜਨ ਦਾ ਦੋਖੀ ਅਤੇ "ਰਾਮਰਾਈਆ" ਦੀ ਸ਼੍ਰੇਣੀਂ ਵਿਚ ਆਂਉਦਾ ਹੈ । ਰਾਮ ਰਾਏ ਨੂੰ ਵੀ ਤਾਂ ਇੱਸੇ ਬੱਜਰ ਗੁਨਾਹ ਕਰਣ ਦੇ ਦੋਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ , ਗੁਰੂ ਘਰ ਤੋਂ ਬੇਦਖਲ ਕਰ ਦਿੱਤਾ ਸੀ ।
ਮੇਰੇ ਵੀਰੋ ਅਸੀ ਤਾਂ ਇਹ ਗੁਨਾਹ ਰੋਜ ਰੋਜ ਕਰ ਰਹੇ ਹਾਂ ! ਸਾਡਾ ਕੀ ਹੋਵੇਗਾ ? ਗੁਰੂ ਦੇ ਹੁਕਮ ਅਨੁਸਾਰ ਤਾਂ ਫਿਰ ਐਸਾ ਕਰ ਰਿਹਾ ਹਰ ਸਿੱਖ "ਰਾਮਰਾਈਆ" ਹੈ । ਕਿਉਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਰੱਦੋ ਬਦਲ ਕਰਣ ਦਾ ਪ੍ਰਤੱਖ ਰੂਪ ਵਿਚ ਦੋਖੀ ਹੈ । ਕੀ ਗੁਰਬਾਣੀ ਵਿੱਚ ਕਿਸੇ ਵੀ ਸਿੱਖ ਨੂੰ ਇਹੋ ਜਿਹਾ ਰੱਦੋ ਬਦਲ ਕਰਣ ਦਾ ਅਧਿਕਾਰ ਹੈ ? ਐਸਾ ਕਰਣ ਵਾਲੇ ਸਿੱਧੇ ਤੌਰ ਤੇ "ਰਾਮਰਾਈਏ" ਹਨ ਕਿਉਕਿ ਰਾਮ ਰਾਏ ਨੇ ਵੀ ਉਹ ਹੀ ਗੁਨਾਹ ਕੀਤਾ ਸੀ, ਜੋ ਅਸੀ ਕਰ ਰਹੇ ਹਾਂ ।
ਜਿਸ ਰਹਿਤ ਮਰਿਆਦਾ ਨੂੰ ਸਾਰਾ ਪੰਥ ਅਤੇ ਬਹੁਤੇ ਪ੍ਰਚਾਰਕ ਸਿਰ ਤੇ ਚੁੱਕੀ ਫਿਰਦੇ ਨੇ । ਸਿੱਖ ਰਹਿਤ ਮਰਿਆਦਾ ਦੇ ਵੱਡੇ ਪੈਰੋਕਾਰੋ ! ਹੋਸ਼ ਵਿੱਚ ਆਉ ! ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਹੀ ਗੁਰੂ ਘਰ ਦੇ ਦੋਖੀ ਹੋ , ਕਿਉਕਿ ਸਿੱਖ ਰਹਿਤ ਮਰਿਆਦਾ ਵਿੱਚ ਸਾਫ ਸਾਫ ਲਿਖਿਆ ਹੋਇਆ ਹੈ ਕਿ, ਪੰਥ ਦੋਖੀ "ਰਾਮਰਾਈਆਂ" ਨਾਲ ਰੋਟੀ ਬੇਟੀ ਦੀ ਸਾਂਝ ਕਰਣ ਵਾਲਾ ਤਨਖਾਹੀਆ ਹੈ । ਹੋਸ਼ ਵਿੱਚ ਆਉ ਵੀਰੋ ! ਅਪਣੇ ਵਿਵੇਕ ਨਾਲ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਵਿਚਾਰ ਕਰਕੇ ਵੇਖ ਲਵੋ ਕਿ ਅਸੀ ਐਸਾ ਕਰਕੇ "ਸਿੱਖ" ਅਖਵਾਉਣ ਦੇ ਹੱਕਦਾਰ ਹਾਂ ਕਿ "ਰਾਮਰਾਈਏ" ਹਾਂ ? ਇਹ ਗੁਨਾਹ ਨਿਤਨੇਮ ਦੇ ਗੁਟਕੇ ਛਾਪਣ ਵਾਲੇ "ਰਾਮਰਾਈਆਂ" ਨੇ ਕੀਤਾ ਹੈ ਅਤੇ ਸਾਨੂੰ ਵੀ ਪੰਥ ਤੋਂ ਛੇਕੇ ਹੋਏ "ਰਾਮਰਾਈਆਂ " ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ । ਫੈਸਲਾ ਛੇਤੀ ਹੀ ਕਰ ਲਵੋ , ਕਿਤੇ ਗੁਰੂ ਨੂੰ ਮੂੰਹ ਵਖਾਉਣ ਜੋਗੇ ਵੀ ਨਾਂ ਰਹਿ ਜਾਈਏ ! ਬਚਿਤੱਰੀਆਂ ਨੇ ਇਹ ਲੇਖ ਪੜ੍ਹ ਕੇ ਬਹੁਤ ਚੀਕਾਂ ਮਾਰਣੀਆਂ ਹਨ, ਕਿਉ ਕਿ ਸੱਚ ਉਨ੍ਹਾਂ ਦੇ ਜਖਮਾਂ ਤੇ ਲੂਣ ਬਣ ਕੇ ਡਿਗਦਾ ਹੈ । ਸਾਨੂੰ ਕਿਸੇ ਦੀ ਪਰਵਾਹ ਨਹੀ ! ਅਸੀਂ ਤਾਂ ਜੋ ਲਿਖਣਾਂ ਅਤੇ ਕਹਿਣਾਂ ਹੈ ਉਹ ਸੱਚ ਤੋਂ ਸਿਵਾ ਕੁਝ ਨਹੀ ਹੋ ਸਕਦਾ । ਹੁਣ ਇਹ ਸੱਚ ਕਿਸੇ ਦੇ ਜਖਮਾਂ ਨੂੰ ਲੂਣ ਬਣ ਕੇ ਲਗਦਾ ਹੈ ਕਿ ਮਲਹਮ ਬਣ ਕੇ ਠੰਡ ਪਾਂਉਦਾ ਹੈ । ਇਹ ਅਪਣੀ ਅਪਣੀ ਸੋਚ ਤੇ ਨਿਰਭਰ ਕਰਦਾ ਹੈ । ਇਕ ਪਾਸੇ ਗੁਰਮਤਿ ਸਿਧਾਂਤ ਅਤੇ ਦੂਜੇ ਪਾਸੇ ਫੈਸਲਾ ਤੁਹਾਡਾ ਅਪਣਾਂ ।
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.