ਕੈਟੇਗਰੀ

ਤੁਹਾਡੀ ਰਾਇ



ਮਿੰਟੂ ਬਰਾੜ
ਢਿਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ
ਢਿਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ
Page Visitors: 2603

ਢਿਡੋਂ ਭੁੱਖੇ ਰੂਹ ਦੇ ਰੱਜੇ ‘ਹਰੀ ਸਿੰਘ ਦਿਲਬਰ’ ਦੇ ਤੁਰ ਜਾਣ ‘ਤੇ
ਮਿੰਟੂ ਬਰਾੜ ਆਸਟ੍ਰੇਲੀਆ
mintubrar@gmail.com
+61 434 289 905
ਜਦੋਂ ਵੀ ਦੁਨੀਆ ਦੇ ਕਿਸੇ ਖ਼ਿੱਤੇ 'ਤੇ ਲੀਕ ਵਾਹੀ ਜਾਂਦੀ ਹੈ ਤਾਂ ਵੰਡ ਸਿਰਫ਼ ਧਰਤੀ ਦੀ ਨਹੀਂ ਹੁੰਦੀ। ਵੰਡ ਸਰੀਰਾਂ ਦੀ ਵੀ ਹੁੰਦੀ ਹੈ, ਵੰਡ ਖ਼ੂਨ ਦੀ ਵੀ ਹੁੰਦੀ ਹੈ ਅਤੇ ਵੰਡ ਵਿਰਸੇ ਦੀ ਵੀ ਹੁੰਦੀ ਹੈ। ਜੇ ਬਿਨਾਂ ਵੰਡਿਆਂ ਰਹਿ ਜਾਂਦੀ ਹੈ ਤਾਂ ਉਹ ਹੈ 'ਰੂਹ'।  ਲੱਖ ਲੀਕਾਂ ਖਿੱਚੀਆਂ ਜਾਣ ਤਾਂ ਵੀ ਉਹ ਰੂਹ ਨੂੰ ਡੱਕ ਨਹੀਂ ਸਕਦੀਆਂ। ਵਿਛੋੜਿਆਂ ਦੇ ਦਰਦਾਂ ਚੋਂ ਅਕਸਰ ਬਿਰਹਾ ਉਪਜਦੀ ਦੇਖੀ ਜਾਂਦੀ ਹੈ। ਪਰ ਇਹ ਇਕ ਅਜੀਬ ਇਤਫ਼ਾਕ ਹੈ ਕਿ ਭਾਰਤ ਪਾਕਿਸਤਾਨ ਵੰਡ ਨੂੰ ਪਿੰਡੇ ਤੇ ਹੰਢਾਉਣ ਵਾਲੀ ਇਕ ਰੂਹ ਨੇ ਦਰਦ ਨੂੰ ਟਿੱਚ ਕਰ ਜਾਣਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮੰਨ, ਹਾਕਮਾਂ ਤੋਂ ਮਿਲੇ ਦਰਦ ਦੇ ਬਦਲੇ ਪਰਜਾ 'ਚ ਹਾਸੇ ਬਿਖੇਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਪਰ ਅਫ਼ਸੋਸ ਗ਼ੁਰਬਤ ਨੇ ਉਸ ਦੇ ਅਣਗਿਣਤ ਇਮਤਿਹਾਨ ਲਏ ਤੇ ਹਰ ਮੋੜ 'ਤੇ ਉਸ ਨੂੰ ਰੁਲਾਉਣਾ ਚਾਹਿਆ। ਪਰ ਕਹਿੰਦੇ ਹਨ ਜਦੋਂ ਇਰਾਦੇ ਲੋਹੇ ਦੇ ਹੋਣ ਤਾਂ ਤੂਤ ਦੀਆਂ ਛਮਕਾਂ ਵੀ ਚਮੜੀ ਨਹੀਂ ਉਧੇੜ ਸਕਦੀਆਂ। ਸੋ ਕੁਝ ਇਹੋ ਜਿਹੀ ਜ਼ਿੰਦਗੀ ਦਾ ਮਾਲਕ ਹੋ ਨਿੱਬੜਿਆ 'ਬਾਬਾ ਹਰੀ ਸਿੰਘ ਦਿਲਬਰ'।
ਦੁਨੀਆ 'ਚ ਅਣਗਿਣਤ ਅਚੰਭਿਤ ਵਰਤਾਰੇ ਹਰ ਰੋਜ਼ ਹੁੰਦੇ ਹਨ, ਪਰ ਭੁੱਖੇ ਢਿੱਡ ਹੱਸਣ ਤੇ ਹਸਾਉਣ ਵਰਗਾ ਵਰਤਾਰਾ ਘੱਟ ਹੀ ਦੇਖਣ ਨੂੰ ਮਿਲਦਾ। ਸ਼ਮਸ਼ਾਨ ਜਿਹੀ ਖ਼ਾਮੋਸ਼ੀ ਅਤੇ ਵੀਰਾਨਗੀ ਜਿਹੀ ਦਹਿਲੀਜ਼ ਤੇ ਬਹਿ ਕੇ ਵੀ ਲੋਕਾਂ ਲਈ ਹਾਸੇ ਬਿਖੇਰਨ ਦਾ ਕੰਮ ਪੰਜਾਬੀ ਜਗਤ ਦੇ ਪ੍ਰਸਿੱਧ ਹਾਸਰਸ ਕਵੀ ਹਰੀ ਸਿੰਘ ਦਿਲਬਰ ਦੇ ਹਿੱਸੇ ਆਇਆ। ਇੱਕੋ ਜ਼ਿਲ੍ਹੇ ਦੇ ਹੋਣ ਕਾਰਨ ਉਨ੍ਹਾਂ ਨਾਲ ਮੇਰਾ ਕਾਫ਼ੀ ਪੁਰਾਣਾ ਵਾਹ ਵਾਸਤਾ ਰਿਹਾ। ਲੰਮਾ ਵਕਤ ਤਾਂ ਉਨ੍ਹਾਂ ਨੂੰ ਸਮਝ ਹੀ ਨਹੀਂ ਸਕਿਆ ਸੀ। ਹੁਣ ਉਨ੍ਹਾਂ ਦੇ ਤੁਰ ਜਾਣ 'ਤੇ ਬਹੁਤ ਦੁਖੀ ਹਾਂ। ਜਿੰਨਾ ਕੁ ਉਨ੍ਹਾਂ ਨੂੰ ਸਮਝ ਸਕਿਆ ਅਤੇ ਉਨ੍ਹਾਂ ਨਾਲ ਗੁਜ਼ਾਰੇ ਕੁਝ ਵਕਤ ਅਤੇ ਕੁਝ ਯਾਦਾਂ ਨੂੰ ਆਪ ਜੀ ਨਾਲ ਇਸ ਲੇਖ ਰਾਹੀਂ ਸਾਂਝਾ ਕਰ ਰਿਹਾ ਹਾਂ।
ਗੱਲ ਪੰਜਾਬ ਦੇ ਮਾੜੇ ਦੌਰ ਤੋਂ ਸ਼ੁਰੂ ਕਰਦੇ ਹਾਂ। ਹਰ ਪਾਸੇ ਸਹਿਮ ਦੀ ਹਨੇਰੀ ਝੁੱਲ ਰਹੀ ਸੀ। ਸਾਡੇ ਜਿਹਾ ਨੌਜਵਾਨ ਵਰਗ ਗ਼ੁੱਸੇ 'ਚ ਤੇ ਜੋਸ਼ 'ਚ ਤੜਪ ਰਿਹਾ ਸੀ। ਮਾਂ ਬਾਪ ਚਿੰਤਤ ਸਨ ਖੌਰੇ ਸਾਡੇ ਜੁਆਕ ਕਿਸੇ ਅਣਹੋਣੀ ਦਾ ਸ਼ਿਕਾਰ ਨਾ ਹੋ ਜਾਣ। ਖ਼ੁਸ਼ੀ ਤੇ ਹਾਸੇ ਦੇ ਪਲ ਤਾਂ ਭਾਲਿਆਂ ਵੀ ਨਹੀਂ ਸੀ ਲੱਭਦੇ। ਉਸ ਵਕਤ ਹਰਿਆਣੇ ਦੀ ਇਕ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿਚ ਪੰਜਾਬੀ ਸਾਹਿਤ ਸਭਾ ਵੱਲੋਂ ਭੁਪਿੰਦਰ ਪੰਨੀਵਾਲੀਆ ਬਾਈ ਹੋਰਾਂ ਨੇ ਇਕ ਕਵੀ ਦਰਬਾਰ ਰੱਖਿਆ। ਮੈਨੂੰ ਪਹਿਲੀ ਵਾਰ ਕੋਈ ਕਵੀ ਦਰਬਾਰ ਸੁਣਨ ਦਾ ਮੌਕਾ ਮਿਲਿਆ ਸੀ। ਜਵਾਨੀ ਉਮਰੇ ਕੁਝ ਜ਼ਿਆਦਾ ਪੱਲੇ ਨਹੀਂ ਪਿਆ। ਬੱਸ ਇਕ ਕਵੀ ਦੀਆਂ ਕੁਝ ਹਸਾਉਣ ਵਾਲੀਆਂ ਗੱਲਾਂ ਨੇ ਜ਼ਰੂਰ ਜ਼ਿਹਨ 'ਚ ਥਾਂ ਬਣਾ ਲਈ। ਮਹਿਫ਼ਲ 'ਚ ਆਏ ਹਰ ਬੰਦੇ ਦੀ ਜ਼ਬਾਨ ਤੇ ਹਰੀ ਸਿੰਘ ਦਿਲਬਰ ਦੇ ਚੌਕੇ ਛੱਕੇ ਸਨ। ਬੱਸ ਉਸ ਦਿਨ ਤੋਂ ਬਾਅਦ ਦਿਮਾਗ਼ 'ਚ ਇਸ ਛੋਟੇ ਜਿਹੇ ਕੱਦ ਅਤੇ ਮੋਟੇ ਸ਼ੀਸ਼ੇ ਦੀ ਐਨਕ, ਵਾਂਡੀਆਂ ਲੱਤਾਂ, ਖੁੱਲ੍ਹੇ ਜਿਹੇ ਪਜਾਮੇ ਅਤੇ ਜ਼ਿਆਦਾਤਰ ਹਲਕੇ ਜਿਹੇ ਮੂੰਗੀਆ ਰੰਗ ਦੀ ਪੱਗ ਬੰਨੇ ਇਸ ਬਾਬੇ ਨੂੰ ਦੁਨੀਆ ਦਾ ਸਭ ਤੋਂ ਖ਼ੁਸ਼ ਇਨਸਾਨ ਹੋਣ ਦਾ ਭਰਮ ਮੈਂ ਪਾਲ ਲਿਆ ਸੀ।
ਵਕਤ ਬੀਤਦਾ ਗਿਆ ਕਈ ਥਾਈਂ ਬਾਬਾ ਜੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਕਦੇ ਵੀ ਉਸ ਹਾਸਿਆਂ ਦੇ ਵਣਜਾਰੇ ਦੇ ਆਰ-ਪਾਰ ਝਾਕਣ ਦੀ ਸੋਚ ਨਹੀਂ ਆਈ ਤੇ ਨਾ ਹੀ ਕੋਈ ਸਬੱਬ ਬਣਿਆ। 2007 'ਚ ਦਾਣਾ ਪਾਣੀ ਆਸਟ੍ਰੇਲੀਆ ਲੈ ਆਇਆ ਤੇ ਫੇਰ ਇਸ ਹਾਸਿਆਂ ਦੇ ਵਣਜਾਰੇ ਨਾਲ ਯੂ ਟਿਊਬ ਤੇ ਇਕ ਅੱਧੀ ਮੁਲਾਕਾਤ ਹੋਈ ਜਦੋਂ ਕਿਸੇ ਨੇ ਇਹਨਾਂ ਦੇ ਛੋਟੇ ਮੋਟੇ ਕਲਿੱਪ ਜਿਹੇ ਪਾਏ। 2010 ਦਾ ਜਨਵਰੀ ਮਹੀਨਾ ਸੀ ਮੈਂ ਆਪਣੇ ਪਹਿਲੇ ਇੰਡੀਆ ਦੌਰੇ ਤੇ ਸੀ ਤਾਂ ਇਕ ਦਿਨ ਸਰਸੇ ਐਫ.ਐੱਮ. ਰੇਡੀਉ ਤੇ ਇਕ ਇੰਟਰਵਿਊ ਦੇਣ ਤੋਂ ਬਾਅਦ ਜਦੋਂ ਮੈਂ ਤੇ ਬਾਈ ਭੁਪਿੰਦਰ ਬਾਹਰ ਆਏ ਤਾਂ ਅਚਨਚੇਤ ਮੈਂ ਬਾਈ ਨੂੰ ਕਿਹਾ ਕਿ ਦਿਲਬਰ ਸਾਹਿਬ ਕਿੱਥੇ ਕੁ ਰਹਿੰਦੇ ਹਨ? ਕਿਉਂ ਨਾ ਉਨ੍ਹਾਂ ਨੂੰ ਮਿਲ ਆਇਆ ਜਾਵੇ। ਉਹ ਕਹਿੰਦੇ ਚਲੋ ਦੇਖਦੇ ਹਾਂ ਜੇ ਘਰ ਹੋਏ, ਨਹੀਂ ਤਾਂ ਬੱਸ ਅੱਡੇ ਤੇ ਆਪਣੀ ਰੇਹੜੀ ਤੇ ਹੋਣਗੇ। ਮੈਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਠਠੰਬਰ ਜਿਹਾ ਗਿਆ। ਕਿਉਂਕਿ ਮੈਂ ਤਾਂ ਮੁਸ਼ਾਇਰਿਆਂ 'ਤੇ ਉਨ੍ਹਾਂ ਦੀ ਪਛਾਣ ਕਰਾਉਣ ਵਾਲੇ ਸਟੇਜ ਸਕੱਤਰਾਂ ਵੱਲੋਂ ਪੜ੍ਹੇ ਉਨ੍ਹਾਂ ਦੇ ਕੱਸੀਦੇ ਕਿ ਬਾਬਾ ਜੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਹਰ ਪ੍ਰਧਾਨ ਮੰਤਰੀ ਦੀ ਪ੍ਰਾਹੁਣਚਾਰੀ ਦਾ ਲੁਤਫ਼ ਲੈ ਚੁੱਕੇ ਹਨ। ਦੱਸਦੇ ਸਨ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਨੂੰ ਹੁੰਦੇ ਮੁਸ਼ਾਇਰੇ ਵਿਚ ਸਿਰਫ਼ ਦੋ ਸਾਲ ਹੀ ਇਹੋ ਜਿਹੇ ਹੋਏ ਹਨ ਜਿਨ੍ਹਾਂ 'ਚ ਬਾਬਾ ਜੀ ਨੇ ਸ਼ਿਰਕਤ ਨਾ ਕੀਤੀ ਹੋਵੇ। ਜਿਗਿਆਸਾ ਜਾਗੀ ਤੇ ਅਸੀਂ ਮੋੜ ਲਈ ਆਪਣੀ ਕਾਰ ਸਰਸੇ ਦੀ ਇਕ ਭੀੜੀ ਜਿਹੀ ਗਲੀ 'ਚ। ਥੋੜ੍ਹੀ ਦੂਰ ਜਾ ਕੇ ਸਾਨੂੰ ਕਾਰ ਠੱਲ੍ਹਣੀ ਪਈ ਕਿਉਂਕਿ ਅੱਗੇ ਕਾਰ ਦੇ ਜਾਣ ਲਾਇਕ ਰਾਹ ਨਹੀਂ ਸੀ।  ਜਿਵੇਂ-ਜਿਵੇਂ ਗਲੀ 'ਚ ਅਗਾਂਹ ਨੂੰ ਜਾਈ ਜਾਈਏ ਗ਼ੁਰਬਤ ਆਪਣੇ ਪੈਰ ਪਸਾਰੀ ਜਾਵੇ। ਗਲੀ ਦੇ ਅਖੀਰ 'ਚ ਰੇਲਵੇ ਲਾਈਨ ਦੇ ਉੱਤੇ ਇਕ ਤਿੰਨ ਖੂੰਜੇ ਨਿੱਕੇ ਜਿਹੇ ਪਲਾਟ ਦੀ ਅੱਧੀ ਢਹੀ ਕੰਧ ਅਤੇ ਚੂਲ ਉੱਤਰੀ ਵਾਲਾ ਇਕ ਲੱਕੜ ਦਾ ਤਖ਼ਤਾ, ਜਿਹੜਾ ਕਿ ਸੇਬਾਂ ਦੀਆਂ ਖ਼ਾਲੀ ਪੇਟੀਆਂ ਨਾਲ ਬਣਾਇਆ ਹੋਇਆ ਸੀ, ਨੂੰ ਜਦੋਂ ਅਸੀਂ ਖੜਕਾਇਆ ਤਾਂ ਮੂਹਰੋਂ ਬੜੇ ਗੜ੍ਹਕੇ ਜਿਹੇ ਜਵਾਬ ਆਇਆ ਕੌਣ ਆ ਵੀਰ ਲੰਘ ਆਓ ਲੰਘ ਆਓ। ਆਵਾਜ਼ ਜਾਣੀ ਪਛਾਣੀ ਸੀ, ਦਿਲਬਰ ਸਾਹਿਬ ਦੀ। ਇਕ ਭੁੱਖ ਦੀ ਮਾਰੀ ਝੋਟੀ ਬੰਨ੍ਹੀ ਹੋਈ ਸੀ। ਦੋ ਕੁ ਬੱਕਰੀਆਂ ਇਕ ਖੂੰਜੇ 'ਚ ਬੈਠੀਆਂ ਸਨ। ਇਕ ਨਿੱਕੇ ਜਿਹੇ ਕਮਰੇ ਦੀ ਅੱਧੀ ਛੱਤ ਡਿੱਗੀ ਹੋਈ ਸੀ ਤੇ ਬਚਦੀ ਛੱਤ ਹੇਠ ਦਿਲਬਰ ਸਾਹਿਬ ਆਪਣਾ ਸਿੰਘਾਸਣ ਲਾਈ ਬੈਠੇ ਸਨ। ਮੇਰਾ ਇੱਥੇ ਸਿੰਘਾਸਣ ਲਿਖਣਾ ਕੋਈ ਮਜ਼ਾਕ ਕਰਨਾ ਨਹੀਂ ਹੈ, ਅਸਲ 'ਚ ਮੇਰਾ ਵੀ ਇਕ ਬਾਰ ਦੇਖ ਕੇ ਤ੍ਰਾਹ ਨਿਕਲ ਗਿਆ ਸੀ।. ਪਰ ਜਦੋਂ ਉਨ੍ਹਾਂ ਨਾਲ ਘੰਟਾ ਕੁ ਗੁਜ਼ਾਰ ਕੇ ਜਾਣ ਲੱਗੇ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਦਿਲ ਦਾ ਬਾਦਸ਼ਾਹ ਆਪਣੇ ਸਿੰਘਾਸਣ ਤੇ ਬਿਰਾਜਮਾਨ ਉਦਾਸੀ 'ਚ ਡੁੱਬ ਰਹੀ ਦੁਨੀਆ ਨੂੰ ਹਸਾ ਹਸਾ ਕੇ ਰੱਬ ਨੂੰ ਟੀਚਰਾਂ ਕਰ ਰਿਹਾ ਹੈ। ਟੁੱਟੀ ਛੱਤ ਵਾਲੇ ਕਮਰੇ 'ਚ ਬੈਠਾ ਇਹ ਬਜ਼ੁਰਗ ਉਸ ਵਕਤ ਆਪਣੀ ਜ਼ਿੰਦਗੀ ਦੇ ਤਕਰੀਬਨ 80 ਤੋਂ ਉੱਤੇ ਵਰ੍ਹੇ ਗੁਜ਼ਾਰ ਚੁੱਕਿਆ ਸੀ। ਕਮਰੇ ਦੀਆਂ ਕੰਧਾਂ ਦਿਲਬਰ ਤੇ ਕਿੱਤੇ ਦੀ ਗਵਾਹੀ ਭਰ ਰਹੀਆਂ ਸਨ। ਤੇਲ ਦੀ ਚਿਕਨਾਹਟ ਅਤੇ ਉਹ ਖ਼ਾਸ ਮਹਿਕ ਦੱਸ ਰਹੀ ਸੀ ਕਿ ਦਿਲਬਰ ਸਮੋਸਿਆਂ ਦਾ ਕਾਰੀਗਰ ਹੈ। ਜਦੋਂ ਅਸੀਂ ਫ਼ਤਿਹ ਬੁਲਾ ਕੇ ਹਾਲ ਪੁੱਛਿਆ ਕਿ ਬਾਬਾ ਜੀ ਕਿ ਹਾਲ ਚਾਲ ਹੈ? ਮੂਹਰੋਂ ਕਹਿੰਦੇ ਹਾਲ ਵਧੀਆ ਤੇ ਚਾਲ ਮਸਤ ਆ। ਅਸੀਂ ਕਿਹਾ ਚਲੋ ਸ਼ੁਕਰ ਆ। ਕਹਿੰਦੇ ਲੈ! ਤੁਸੀਂ ਇਹ ਨਹੀਂ ਪੁੱਛਿਆ ਕਿ ਚਾਲ ਮਸਤ ਕਿਵੇਂ ਆ? ਮੈਂ ਕਿਹਾ ਚਲੋ ਦੱਸ ਦਿਓ? ਕਹਿੰਦੇ ਬਹਿ-ਬਹਿ ਕੇ ਖੁਰਚਣੇ ਮਾਰਦੇ-ਮਾਰਦੇ ਦੇ ਗੋਡੇ ਜੁੜ ਗਏ ਤੇ ਹੁਣ ਫੇਰ ਮਸਤੀ ਨਾਲ ਹੀ ਤੁਰੀ ਦਾ! ਇਹ ਕਹਿ ਕੇ ਠਹਾਕਾ ਮਾਰ ਕੇ ਹੱਸ ਪਏ। ਹਾਸੀ ਉਤਲੀ ਨਹੀਂ ਸੀ ਧੁਰ ਅੰਦਰੋਂ ਨਿਕਲੀ ਸੀ। ਜੁਆਕ ਨੂੰ ਆਵਾਜ਼ ਮਾਰੀ ਤੇ ਉਹ ਇਕ ਪਲਾਸਟਿਕ ਦੀ ਕੁਰਸੀ ਲੈ ਆਇਆ ਤੇ ਬਾਈ ਪੰਨੀਵਾਲੀਆ ਉਸ ਤੇ ਬੈਠ ਗਏ ਤੇ ਮੈਂ ਤੇ ਪੰਜਾਬੀ ਸਤਿਕਾਰ ਸਭਾ ਵਾਲਾ ਪ੍ਰਦੀਪ ਸਚਦੇਵਾ ਬਾਬਾ ਜੀ ਦੀ ਮੰਜੀ 'ਤੇ ਬੈਠ ਗਏ। ਬਾਰ-ਬਾਰ ਮੇਰੀ ਨਿਗਾਹ ਟੁੱਟੀ ਹੋਈ ਛੱਤ ਵੱਲ ਜਾ ਰਾਹੀਂ ਸੀ। ਮੇਰੇ ਮੂੰਹ ਤੇ ਤਰਸ ਦੀਆਂ ਭਾਵਨਾਵਾਂ ਨੂੰ ਭਾਂਪਦੇ ਦਿਲਬਰ ਸਾਹਿਬ ਨੇ ਜੜ੍ਹ ਦਿੱਤਾ ਚੌਕਾ, ਜਿਨ੍ਹਾਂ ਲਈ ਉਹ ਮਸ਼ਹੂਰ ਨੇ ਤੇ ਕਵਿਤਾ ਦੀ ਇਕ ਵਿਦਾ ਚੌਕੇ ਅਤੇ ਛੱਕੇ ਦੇ ਬਾਨੀ ਵੀ ਹਨ। ਕਹਿੰਦੇ! ਯਾਰ ਇਹ ਤਾਂ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਲਈ ਰੱਖੀ ਖਿੜਕੀ ਹੈ। ਅਕਸਰ ਇੱਥੋਂ ਦੀ ਸਾਡੀਆਂ ਲੰਮੀਆਂ-ਲੰਮੀਆਂ ਵਾਰਤਾਵਾਂ ਹੁੰਦੀਆਂ ਹਨ। ਮੇਰੇ ਮੂੰਹੋਂ ਨਿਕਲਿਆ ਕਿਹੋ ਜਿਹੀਆਂ ਵਾਰਤਾਵਾਂ? ਕਹਿੰਦੇ! "ਬੱਸ ਮੈਂ ਉਸ ਦਾ ਸ਼ੁਕਰੀਆ ਕਰੀ ਜਾਨਾਂ ਤੇ 'ਉਹ' ਕਹੀ ਜਾਂਦਾ ਦੱਸ ਹੋਰ ਤੈਨੂੰ ਕੀ ਚਾਹੀਦਾ? ਮੈਨੂੰ ਲੱਗਿਆ ਜਿਵੇਂ ਉਹ ਆਪਣੇ ਅੰਦਾਜ਼ 'ਚ ਗਿਲਾ ਕਰ ਰਹੇ ਹੋਣ ਰੱਬ ਨਾਲ। ਮੈਂ ਬਾਬਾ ਜੀ ਨੂੰ ਪੁੱਛਿਆ ਫੇਰ ਅੱਜਕੱਲ੍ਹ ਕੁਝ ਲਿਖਣ ਪੜ੍ਹਨ ਦਾ ਕਿਵੇਂ ਚੱਲ ਰਿਹਾ? ਮੰਜੇ ਦੇ ਪਾਵੇ ਨਾਲ ਸਰ੍ਹੋਂ ਦੇ ਤੇਲ ਨਾਲ ਚਿੱਪ ਚਿੱਪ ਕਰਦੇ ਝੋਲੇ ਵਿਚੋਂ ਚਾਰ ਕਿਤਾਬਾਂ ਕੱਢ ਕੇ ਕਹਿੰਦੇ ਹਾਲੇ ਤਾਂ ਇਹੀ ਚੱਲ ਰਹੀਆਂ ਹਨ, ਪਰ ਇਕ ਹੋਰ ਛਪਵਾਉਣੀ ਹੈ। ਮੈਂ ਕਿਹਾ ਸਾਡੀ ਪੀੜ੍ਹੀ 'ਚ ਵੀ ਇਕ ਬਜ਼ੁਰਗ ਦਾ ਨਾਂ ਹਰੀ ਸਿੰਘ ਸੀ। ਬੜੀ ਹਾਜ਼ਰ ਜਵਾਬੀ ਨਾਲ ਕਹਿੰਦੇ "ਨਾਂ 'ਚ ਕੀ ਰੱਖਿਆ? ਚਲੋ ਇਸੇ ਤੇ ਇਕ 1943 'ਚ ਲਿਖਿਆ ਚੌਕਾ ਸੁਣੋ";
ਵੱਡਾ ਨਾਮ ਰੱਖਣ ਦੀ ਰਸਮ ਨੂੰ ਜਾਣਦਾ ਹਾਂ
ਗੁਰੂ ਪੀਰਾਂ ਦੇ ਨਾਂ ਮੁੰਡਿਆਂ ਦੇ ਨਾਂ ਸੰਗ ਸਾਂਜਦਾ ਹਾਂ
ਇਕ ਹਰੀ ਸਿੰਘ ਨਲਵਾ ਜੀ ਨੇ ਮਾਂਜੇ ਸੀ ਜ਼ਾਲਮ
ਦਿਲਬਰ ਮੈਂ ਹਰੀ ਸਿੰਘ ਕੜਾਹਿਆਂ ਮਾਂਜਦਾ ਹਾਂ
ਚੌਕਾ ਲਾ ਕੇ ਇੰਜ ਖਿੜ ਖਿੜਾ ਕੇ ਹੱਸ ਪਏ ਜਿਵੇਂ 67 ਸਾਲ ਪੁਰਾਣਾ ਲਿਖਿਆ ਨਾ ਹੋ ਕੇ ਪਹਿਲੀ ਵਾਰ ਸੁਣਿਆ ਸੁਣਾਇਆ ਹੋਵੇ। ਨਾਲੇ ਸਾਨੂੰ ਚੌਕੇ ਛੱਕੇ ਸੁਣਾਈ ਜਾਣ, ਨਾਲ ਹੀ ਆਪਣੀ ਪੋਤੀ ਨੂੰ ਆਵਾਜ਼ ਮਾਰ ਕੇ ਕਹਿੰਦੇ ਦੇਖ ਪੁੱਤ ਆਸਟ੍ਰੇਲੀਆ ਤੋਂ ਮਹਿਮਾਨ ਆਏ ਹਨ ਜਾ ਭੱਜ ਕੇ ਦੁਕਾਨ ਤੋਂ ਦੁੱਧ ਫੜ ਕੇ ਲਿਆ ਤੇ ਕਰੜੀ ਜਿਹੀ ਚਾਹ ਬਣਾ ਕੇ ਪਿਆ। ਅਸੀਂ ਸੁੰਨ ਜਿਹੇ ਹੋ ਕੇ ਉਨ੍ਹਾਂ ਦੇ ਚੌਕੇ ਛੱਕੇ ਸੁਣਦੇ ਰਹੇ। ਦਿਲਬਰ ਸਾਹਿਬ ਦੇ ਕੋਲੋਂ ਵਾਪਸ ਜਾਂਦੇ ਅਸੀਂ ਰਾਹ 'ਚ ਇਕ ਦੂਜੇ ਨਾਲ ਕੁਝ ਨਹੀਂ ਬੋਲੇ ਪਰ ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ਅਸੀਂ ਐਵੇਂ ਆਪਣੇ ਆਪ ਨੂੰ ਦੁਖੀ ਕਹੀ ਜਾਂਦੇ ਹਾਂ! ਦਿਲ 'ਚ ਬਹੁਤ ਉਬਾਲੇ ਆਏ ਤੇ ਦਿਲਬਰ ਸਾਹਿਬ ਲਈ ਕੁਝ ਕਰਨ ਨੂੰ ਮਨ ਨੇ ਹਲੂਣੇ ਮਾਰੇ, ਪਰ ਖ਼ੁਦ ਵੀ ਹਾਲੇ ਬੇਗਾਨੇ ਮੁਲਕ 'ਚ ਜੜ੍ਹਾਂ ਲਾਉਣ ਦੀ ਕੋਸ਼ਿਸ਼ 'ਚ ਸਾਂ ਸੋ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾ ਰਹੇ ਸੀ।
ਵਾਪਸ ਆਸਟ੍ਰੇਲੀਆ ਆ ਗਿਆ ਪਰ ਇਸ ਬਾਰ ਕੁਝ ਬਦਲਿਆ ਬਦਲਿਆ ਸੀ। ਬਿਨਾਂ ਮਤਲਬ ਦੇ ਸ਼ਿਕਵੇ ਕਰਨ ਦੀ ਆਦਤ ਦੂਰ ਹੋ ਚੁੱਕੀ ਸੀ ਸਿਰਫ਼ ਤੇ ਸਿਰਫ਼ ਦਿਲਬਰ ਸਾਹਿਬ ਦੀ ਛੋਟੀ ਜਿਹੀ ਸੰਗਤ ਨਾਲ।
2011 'ਚ ਵਾਰਿਸ ਭਰਾ ਆਸਟ੍ਰੇਲੀਆ ਦੇ ਦੌਰੇ ਤੇ ਸੀ ਤੇ ਐਡੀਲੇਡ ਵਿਖੇ ਉਨ੍ਹਾਂ ਦੇ ਸ਼ੋ 'ਚ ਜਾਣ ਦਾ ਮੌਕਾ ਮਿਲਿਆ ਤਾਂ ਸ਼ੋ ਦੌਰਾਨ ਮਨਮੋਹਨ ਵਾਰਿਸ ਹੋਰਾਂ ਨੇ ਕੁਝ ਸ਼ੇਅਰ ਬੋਲੇ ਜਿਨ੍ਹਾਂ ਨਾਲ ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਮੈਂ ਬੜਾ ਹੈਰਾਨ ਸਾਂ ਕਿ ਇਹ ਸ਼ੇਅਰ ਤਾਂ ਦਿਲਬਰ ਹੋਰਾਂ ਦੇ ਹਨ। ਹਾਲੇ ਮੈਂ ਗਿਲਾ ਕਰਨ ਦੇ ਮੋਡ 'ਚ ਹੀ ਜਾ ਰਿਹਾ ਸੀ ਤਾਂ ਮਨਮੋਹਨ ਕਹਿੰਦੇ ਕਿ ਇਹ ਹਰੀ ਸਿੰਘ ਦਿਲਬਰ ਹੋਰਾਂ ਦੇ ਸ਼ੇਅਰ ਹਨ। ਮੈਨੂੰ ਕੁਝ ਸਕੂਨ ਮਿਲਿਆ ਕਿ ਚਲੋ ਉਨ੍ਹਾਂ ਨੂੰ ਬਣਦਾ ਕਰੈਡਿਟ ਤਾਂ ਦਿੱਤਾ ਗਿਆ। ਪਰ ਫੇਰ ਵੀ ਮੇਰਾ ਮਨ ਹਲੂਣੇ ਲਵੇ ਕਿ ਕੀ ਵਾਰਿਸ ਭਰਾਵਾ ਨੂੰ ਪਤਾ ਹੈ ਕਿ ਜਿਸ ਦੇ ਸ਼ੇਅਰ ਸੁਣ ਕੇ ਲੋਕ ਬਾਗੋ ਬਾਗ਼ ਹੋ ਗਏ ਤੇ ਉਹ ਕਿਹੜੇ ਹਾਲਤਾਂ 'ਚ ਜ਼ਿੰਦਗੀ ਬਸਰ ਕਰ ਰਿਹਾ ਹੈ? ਮੈਂ ਸਟੇਜ ਦੇ ਪਿੱਛੇ ਚਲਾ ਗਿਆ ਤੇ ਬਰੇਕ ਦੌਰਾਨ ਜਦੋਂ ਵਾਰਿਸ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਦਿਲਬਰ ਸਾਹਿਬ ਬਾਰੇ ਕਿਥੋਂ ਤੱਕ ਜਾਣਦੇ ਹੋ? ਤਾਂ ਉਹ ਕਹਿੰਦੇ! "ਜ਼ਿਆਦਾ ਨਹੀਂ ਪਤਾ ਬੱਸ ਯੂ ਟਿਊਬ ਤੇ ਸੁਣਿਆ ਦੇਖਿਆ। ਕੋਈ ਦੱਸ ਰਿਹਾ ਸੀ ਕੀ ਉਹ ਹੁਣ ਇਸ ਜਹਾਨ 'ਚ ਨਹੀਂ ਹਨ।" ਜਦੋਂ ਮੈਂ ਉਨ੍ਹਾਂ ਬਾਰੇ ਵਿਸਤਾਰ 'ਚ ਦੱਸਿਆ ਕਿ ਅਸਲ ਹਾਲਾਤ ਕੀ ਹਨ ਤਾਂ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਕਿ ਕੋਈ ਨਾ ਤੁਸੀਂ ਉਪਰਾਲਾ ਸ਼ੁਰੂ ਕਰੋ ਅਸੀਂ ਵੀ ਮਦਦ ਦੇਵਾਂਗੇ।
ਚਲੋ ਇਸੇ ਦੌਰਾਨ ਹਰਮਨ ਰੇਡੀਉ ਰਾਹੀਂ ਮੁਹਿੰਮ ਵਿੱਢੀ, ਸਰੋਤਿਆਂ ਨੇ ਖੁੱਲ੍ਹਦਿਲੀ ਨਾਲ ਸਹਿਯੋਗ ਦਿੱਤਾ ਤੇ ਦੇਖਾ-ਦੇਖੀ ਦਿਲਬਰ ਸਾਹਿਬ ਦੇ ਘਰ ਦਾ ਕੰਮ ਸ਼ੁਰੂ ਹੋ ਗਿਆ। ਦੋ ਚਾਰ ਖ਼ਬਰਾਂ ਅਖ਼ਬਾਰਾਂ 'ਚ ਲੱਗੀਆਂ ਤੇ ਬਾਈ ਪੰਨੀਵਾਲੀਆ ਦੇ ਉੱਦਮ ਸਦਕਾ ਜ਼ਿਲ੍ਹੇ ਦੇ ਡੀ.ਸੀ. ਮਾਨਯੋਗ ਗਣੇਸ਼ਨ ਜੀ ਨੇ ਵੀ ਆਪਣੇ ਹੱਥ ਅੱਗੇ ਕੀਤੇ ਤੇ ਉਨ੍ਹਾਂ ਦਾ ਇਕ ਨਿੱਕਾ ਜਿਹਾ ਆਲ੍ਹਣਾ ਉੱਸਰ ਗਿਆ। 2014 'ਚ ਫੇਰ ਮਿਲਣ ਗਿਆ ਤਾਂ ਉਹੀ ਖ਼ੁਸ਼ੀ ਸੀ ਨਾਲ ਬਾਰ ਬਾਰ ਧੰਨਵਾਦ ਕਰ ਰਹੇ ਸਨ ਉਨ੍ਹਾਂ ਸਾਰੀਆਂ ਰੂਹਾਂ ਦਾ ਜਿਨ੍ਹਾਂ ਨੇ ਘਰ ਬਣਾਉਣ 'ਚ ਮਦਦ ਕੀਤੀ। ਮਾਣਮੱਤੀ ਸ਼ਖ਼ਸੀਅਤ ਤੇ ਉੱਘੇ ਲੇਖਕ, ਚਿੰਤਕ ਪ੍ਰੋ ਹਰਪਾਲ ਸਿੰਘ ਪੰਨੂ ਜੀ ਹੋਰਾਂ ਨੂੰ ਜਦੋਂ ਸਾਰੀ ਵਿਥਿਆ ਸੁਣਾਈ ਤਾਂ ਉਨ੍ਹਾਂ ਨੇ ਪੱਚੀ ਹਜ਼ਾਰ ਰੁਪਿਆ ਹੱਥ ਫੜਾ ਦਿੱਤਾ ਕਹਿੰਦੇ ਮੈਂ ਵੀ ਦਿਲਬਰ ਸਾਹਿਬ ਦੇ ਚਾਹੁਣ ਵਾਲਿਆਂ ਦੀ ਕਤਾਰ 'ਚੋਂ ਹਾਂ। 2015 ਫਰਵਰੀ ਮਹੀਨੇ ਉਨ੍ਹਾਂ ਨਾਲ ਲੰਮੀ ਚੌੜੀ ਗੱਲਬਾਤ ਦੀ ਵੀਡੀਓ ਰਿਕਾਰਡ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੇ ਜੀਵਨ ਬਾਰੇ ਵਿਸਥਾਰ 'ਚ ਸਾਂਝ ਪਾਈ ਜੋ ਹੂਬਹੂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ।
-ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਨਮ ਸਥਾਨ ਬਾਰੇ ਚਾਨਣਾ ਪਾਓ......
“ਪਾਕਿਸਤਾਨ ਦਾ ਜਨਮ ਐ ਜੀ ਮੇਰਾ.... ਲਾਇਲਪੁਰ ਤੋਂ, ਆਜ਼ਾਦੀ ਤੋਂ ਬਾਅਦ ਇਸ ਦਾ ਨਾਮ ਫ਼ੈਸਲਾਬਾਦ ਰੱਖ ਲਿਆ ਗਿਆ।“
- 1947 ਵਾਲੀ ਗਾਜ ਤੁਹਾਡੇ ਪਰਿਵਾਰ ਤੇ ਵੀ ਗਿਰੀ?
“ਪੂਰੀ ਤਰਾਂ ਗਿਰੀ ਜੀ...... ਗਾਜ ਸਾਡੇ ਪੂਰੇ ਪਰਿਵਾਰ ’ਤੇ”
- ਉੱਥੇ ਤੁਹਾਡੇ ਪਰਿਵਾਰ ਦਾ ਕੀ ਕੰਮ ਧੰਦਾ ਸੀ?
“ਮੇਰੇ ਬਾਬਾ ਜੀ ਫ਼ੌਜੀ ਸਨ ਤੇ ਰਿਟਾਇਰ ਹੋਣ ਤੋਂ ਬਾਅਦ ਸਾਡੀ ਥੋੜ੍ਹੀ ਜਿਹੀ ਜ਼ਮੀਨ ਇਸ ਪਾਸੇ ਸੀ, ਜਿਲ੍ਹਾ ਕਪੂਰਥਲਾ ਵਿੱਚ। ਫੇਰ ਉੱਧਰ ਵੀ ਜ਼ਮੀਨ ਠੇਕੇ ਤੇ ਲੈ ਲਈ ਸੀ 55 ਚੱਕ ਤੇ 60 ਚੱਕ ਵਿੱਚ.... ਉਹ ਵਾਹੀ ਕਰਦੇ ਸੀ ਜੀ..... ਤੇ ਮੇਰੇ ਪਿਤਾ ਜੀ ਫਰੀਡਮ ਫਾਈਟਰ ਸਨ ਤੇ ਭਰਤ ਰਾਮ ਰਾਓ ਦੀ ਕੰਟੀਨ ਜੋ ਕਿ ਅੰਗਰੇਜ਼ਾਂ ਨਾਲ ਸਾਂਝੀ ਸੀ ਤੇ ਉਹ ਅੱਜ ਵੀ ਚੱਲ ਰਹੀ ਹੈ... ਵਿੱਚ ਕੰਮ ਕਰਦੇ ਸਨ।“
- 1947 ਦੀ ਵੰਡ ਵੇਲੇ ਤੁਸੀਂ ਜਦੋਂ ਉੱਥੋਂ ਸਭ ਕੁੱਝ ਛੱਡ ਕੇ ਆਏ ਤਾਂ ਸਭ ਤੋਂ ਪਹਿਲਾਂ ਕਿੱਥੇ ਆ ਕੇ ਰੁਕੇ?
“ਅਸੀਂ ਆਏ ਜੀ ਬਾਬੇ ਨਾਨਕ ਦੇ ਪਿੰਡ ਸੁਲਤਾਨ ਪੁਰ ਲੋਧੀ... ਸਾਡੇ ਨਾਨਕੇ ਵੀ ਸਨ ਇੱਥੇ ਹੀ... ਪਿੰਡ ਸੈਦਪੁਰ ਵਿਖੇ.... ਥੋੜ੍ਹਾ ਬਹੁਤਾ ਕੰਮ ਸ਼ੁਰੂ ਕੀਤਾ ਹੀ ਸੀ ਕਿ 1952 ਵਿੱਚ ਹੜ੍ਹ ਆ ਗਿਆ ਤੇ ਸਾਡਾ ਸਾਰਾ ਕੁੱਝ ਫੇਰ ਤੋਂ ਤਬਾਹ ਹੋ ਗਿਆ।
ਕਿਉਂਕਿ ਚੌਧਰੀ ਦੇਵੀ ਲਾਲ ਨਾਲ ਮੇਰੇ ਪਿਤਾ ਜੀ ਨੇ ਜੇਲ੍ਹ ਯਾਤਰਾ ਸਾਂਝੀ ਕੀਤੀ ਹੋਈ ਸੀ ਤਾਂ ਉਹ ਜਦੋਂ ਇੱਧਰ ਆਏ ਤਾਂ ਅਸੀਂ ਫੇਰ ਤੋਂ ਆਪਣਾ ਕਾਰੋਬਾਰ ਉਨ੍ਹਾਂ ਦੀ ਮਦਦ ਨਾਲ ਸ਼ੁਰੂ ਕੀਤਾ, ਹਲਵਾਈ ਦਾ.... ਸੋਹਣ ਸਿੰਘ ਨਾਮਧਾਰੀਆ ਜਲੇਬੀਆਂ ਬਣਾਉਂਦਾ ਸੀ.....  ਜਦੋਂ ਮੈਂ ਇੱਥੇ ਜਲੇਬੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਬਹੁਤ ਹੀ ਪਸੰਦ ਕੀਤੀਆਂ ਗਈਆਂ... ਕਿਉਂਕਿ ਇੱਥੇ ਪਹਿਲਾਂ ਮੈਦੇ ਵਿੱਚ ਖ਼ਮੀਰ ਪਾ ਕੇ ਜਲੇਬੀਆਂ ਬਣਾਈਆਂ ਜਾਂਦੀਆਂ ਸਨ ਅਤੇ ਮੈਂ ਸ਼ੁਰੂ ਕੀਤੀਆਂ.... ਅਸੀਂ ਇੱਥੇ ਜਲੰਧਰੀ ਸਟਾਈਲ ਦੀਆਂ ਜਲੇਬੀਆਂ ਬਣਾ ਕੇ ਵੇਚੀਆਂ ਤਾਂ ਲੋਕਾਂ ਦੀ ਲਾਇਨ ਲੱਗੀ ਰਹਿੰਦੀ ਸੀ ਖ਼ਰੀਦਣ ਵਾਸਤੇ।
ਮੈਂ ਇੱਕ ਸਾਲ ਕੰਮ ਕੀਤਾ। ਮੇਰੇ ਬਾਅਦ ਸੋਹਣ ਸਿੰਘ ਰਿਹਾ ਤੇ ਫੇਰ ਪੰਡਤ ਚੂਨੀ ਲਾਲ ਨੇ ਮੈਨੂੰ ਰੱਖ ਲਿਆ ਤੇ ਫੇਰ ਮਨੀ ਰਾਮ ਰਿਖੀ ਰਾਮ ਦੇ ਕੰਮ ਕੀਤਾ ਤੇ ਫੇਰ ਅਗਲੇ ਸਾਲ ਚਾਵਲਾ ਸਵੀਟਸ ਵਾਲੇ ਜੋ ਕਿ ਉਸ ਵੇਲੇ ਸੀ ਉਨ੍ਹਾਂ ਨੇ ਵੀ ਮੇਰੇ ਨਾਲ ਗੱਲਬਾਤ ਕਰਕੇ ਕੰਮ ਸ਼ੁਰੂ ਕੀਤਾ। ਹਰੀ ਸਿੰਘ ਨਾਂ ਦਾ ਬੰਦਾ ਵੀ ਸੀ ਤੇ ਲਕਸ਼ਮੀ ਸਵੀਟਸ ਨਾਂ ਦੀ ਦੁਕਾਨ ਉਸ ਦੀ..... ਉਸ ਨੇ ਵੀ ਮੇਰੇ ਕੋਲੋਂ ਕੰਮ ਸਿੱਖਿਆ।“
- ਜਿਵੇਂ ਕਿ ਤੁਹਾਡੀ ਗੱਲਬਾਤ ਤੋਂ ਹੀ ਪਤਾ ਲੱਗਦਾ ਹੈ ਕਿ ਦੋ ਤਿੰਨ ਵਾਰੀ ਉਜਾੜਾ ਸਹਿੰਦਿਆਂ ਤੁਸੀਂ ਆਪਣਾ ਸ਼ੁਰੂਆਤੀ ਜੀਵਨ ਸ਼ੁਰੂ ਕੀਤਾ... ਹਲਵਾਈ ਦਾ ਕੰਮ ਕਰਨਾ ਤੇ ਆਪਣੀ ਖ਼ੁਦ ਦੀ ਰੇਹੜੀ ਲਗਾਉਣਾ....  ਤਕਰੀਬਨ ਤੁਸੀਂ 16-17 ਸਾਲ ਦੇ ਹੋਵੋਗੇ ਜਦੋਂ ਤੁਸੀਂ ਇੱਧਰ ਆਏ......?
“ਹਾਂ ਜੀ 17 ਸਾਲ ਦਾ ਸੀ ਜੀ ਮੈਂ...."
-ਤੇ ਲਿਖਣ ਪੜ੍ਹਨ ਦਾ ਸ਼ੌਕ ਤੁਹਾਨੂੰ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਾਂ ਬਾਅਦ ਵਿੱਚ ਇੱਥੇ ਆ ਕਿ ਸ਼ੁਰੂ ਹੋਇਆ?
“ਨਾਂ ਜੀ ਲਿਖਣ ਪੜ੍ਹਨ ਦਾ ਸ਼ੌਕ ਤਾਂ ਜੀ ਮੈਨੂੰ ਪਹਿਲਾਂ ਤੋਂ ਹੀ ਸੀ..... ਸਾਡੇ ਪਿਤਾ ਦੀ ਤੇ ਦੋਸਤ ਸਨ ਸੁੰਦਰ ਦਾਸ ਆਸੀ ਜੋ ਕਿ ਲਾਲ ਚੰਦ ਯਮ੍ਹਲਾ ਜੱਟ ਦੇ ਉਸਤਾਦ ਸਨ ਤੇ ਉਹ ਮੇਰੇ ਉਸਤਾਦ ਚਿਰਾਗ਼ ਦੀਨ ਦਾਮਨ ਦੇ ਗੁਰੂ ਭਾਈ ਸਨ... ਮਾਸਟਰ ਜੀ ਸਿਗੇ ਓਥੇ.. ਵੈਸੇ ਲੁਧਿਆਣੇ ਤੋਂ ਸਨ ਤੇ ਉੱਧਰ ਕੰਮਕਾਰ ਕਰਦੇ ਸਨ। ਉਨ੍ਹਾਂ ਦਾ ਤੇ ਸਾਡਾ ਕੁਆਰਟਰ ਨਾਲ ਨਾਲ ਸਨ ਤੇ ਉਨ੍ਹਾਂ ਦੇ ਕਰਕੇ ਦੋਸਤੀ ਹੋਗੀ .... ਮੈਨੂੰ ਲਗਨ ਲੱਗ ਹੀ ਚੁੱਕੀ ਸੀ ਤੇ ਪਹਿਲੀ ਵਾਰੀ ਦਾਮਨ ਸਾਬ ਨੇ ਲਾਹੌਰ ਦੇ ਕੋਲ ਬਾਗ਼ਬਾਨ ਪਿੰਡ ਐ.... ਤੇ ਸਾਵਣ ਕਵੀ ਦਰਬਾਰ ਵਿੱਚ ਮੇਰੇ ਕੋਲੋਂ ਬੁਲਵਾਇਆ ਸੀ।“
- ਹਾਸ ਵਿਅੰਗ ਦਾ ਵਿਸ਼ਾ ਤੁਸੀਂ ਪਹਿਲੇ ਤੋਂ ਹੀ ਚੁਣ ਚੁੱਕੇ ਸੀ ਜਾਂ......?
ਪਹਿਲਾਂ ਮੈਂ ਸੰਜੀਦਾ ਹੀ ਲਿਖਦਾ ਸੀ ਪਰੰਤੂ ਮਗਰੋਂ ਹਾਸਰਸ ਦੀਆਂ ਸਟੇਜਾਂ ਜ਼ਿਆਦਾ ਹੋਣ ਕਰਕੇ ਇਸ ਪਾਸੇ ਵੱਲ ਧਿਆਨ ਪੈ ਗਿਆ। ਪਾਕਿਸਤਾਨ ਕੁੱਝ ਲੋਕ ਗਏ ਤਾਂ ਮੇਰਾ ਇੱਕ ਚੌਕਾ ਉਨ੍ਹਾਂ ਸੁਣਾਇਆ ਉੱਥੇ.....
ਅੱਖਾਂ ਸਾਹਮਣੇ ਅੱਗ ਜੇ ਲੱਗੀ ਹੋਵੇ.... ਦਰਦਮੰਦ ਜ਼ਬਾਨ ਨਹੀਂ ਸੀ ਹੁੰਦੀ.....
ਸੱਟਾਂ ਖਾਧੀਆਂ ਜਿਨ੍ਹਾਂ ਉਹੀ ਜਾਣਦਾ ਹੈ .. ਕਿਸ ਤਰਾਂ ਹੈ ਜ਼ਿੰਦਗੀ ਜੀ ਹੁੰਦੀ....
ਜਿਹਦੀ ਪੱਗ ਨੂੰ ਕਿਸੇ ਨਾ ਕਰੀ ਉਂਗਲ.... ਉਹ ਕੀ ਜਾਣਦਾ ਇੱਜ਼ਤ ਕੀ ਹੁੰਦੀ....
ਦਿਲਬਰ ਵਾਰਸ ਨਾ ਕਦੇ ਵੀ ਹੀਰ ਲਿਖਦਾ.... ਹੀਰ ਉਸ ਦੀ ਭੈਣ ਜਾਂ ਧੀ ਹੁੰਦੀ...
ਸਵਰਨ ਡਰਾਈਵਰ ਹੁੰਦਾ ਸੀ ਉਹ ਹਰ ਸਾਲ ਜਾਂਦਾ ਸੀ ਪਾਕਿਸਤਾਨ ਤੇ ਉਸ ਨੇ ਉੱਥੋਂ ਦੇ ਸਰੋਤਿਆਂ ਨਾਲ ਫ਼ੋਨ ਤੇ ਮੇਰੀਆਂ ਗੱਲਾਂ ਵੀ ਕਰਵਾਈਆਂ।
- ਜੋ ਤੁਹਾਨੂੰ ਤ੍ਰਾਸਦੀਆਂ ਹੰਢਾਉਣੀਆਂ ਪਈਆਂ ਜਿਵੇਂ ਕਿ 1947 ਦੀ ਜਾਂ 1952 ਦੀ ਤਾਂ ਕੀ ਤੁਹਾਡੇ ਲਿਖਣ ਪੜ੍ਹਨ ਵਿੱਚ ਕਦੇ ਦੂਰੀ ਵੀ ਮਹਿਸੂਸ ਹੋਈ ਕਿਸੇ ਵੇਲੇ.......?
“ਨਾ ਜੀ ਲਿਖਣ ਪੜ੍ਹਨ ਤੋਂ ਕਦੇ ਮੈਂ ਦੂਰੀ ਨੀ ਪੈਣ ਦਿੱਤੀ..... ਚਾਹੇ ਕਿੱਦਾਂ ਦਾ ਵੀ ਮਾਹੌਲ ਰਿਹਾ ਹੋਵੇ। ਮੈਂ ਤੁਹਾਨੂੰ ਇੱਕ ਹਕੀਕਤ ਦੱਸਦਾ...... ਮੈਂ ਚਾਵਲਾ ਸਵੀਟਸ ਤੇ ਕੰਮ ਕਰਦਾ ਸੀ ਹਲਵਾਈ ਦਾ ਤੇ ਮੈਂ ਖੋਆ ਮਾਰ ਰਿਹਾ ਸੀ ਤੇ ਖੋਆ ਮਾਰਦੇ ਮਾਰਦੇ ਲਿਖਿਆ ਕਰਾਂ.... ਤੇ ਉਹ ਜਿਹੜਾ ਮਾਲਕ ਸੀ ਖਿਝਣ ਲੱਗ ਪਿਆ ਕਰੇ ਕਿ ਖੋਆ ਖ਼ਰਾਬ ਹੋ ਰਿਹਾ... ਤੇ ਕਈ ਵਾਰੀ ਦੁੱਧ ਵੀ ਦਾਗ਼ੀ ਹੋਜਿਆ ਕਰੇ.... ਤੇ ਫੇਰ ਉਸ ਨੇ ਖਿਝ ਕੇ ਕਹਿਣਾ ਕਿ ਹਰੀ ਸਿੰਘ ਸੰਭਾਲ ਹੁਣ ਤਾਂ.... ਮੈਂ ਫਿਰ ਦੁੱਧ ਬਾਹਰ ਕੱਢ ਕੇ ਥੱਲੇ ਲੱਗਿਆ ਦੁੱਧ ਖੁਰਚ ਕੇ ਉਤਾਰਨਾ... ਕੜਾਹੀ ਸਾਫ਼ ਕਰਨੀ ਤੇ ਫੇਰ ਖੋਆ ਮਾਰਨਾ ਸ਼ੁਰੂ ਕਰ ਦੇਣਾ। ਪਰ ਫੇਰ ਓਦਾਂ ਹੀ ਹੋਇਆ ਕਰਨਾ ਤੇ ਦਾਗ਼ੀ ਦੁੱਧ ਜਾਂ ਸੜਿਆ ਹੋਇਆ ਖੋਆ ਇਕੱਠਾ ਹੋ ਗਿਆ। ਤਾਂ ਮੈਂ ਉਸ ਵਿੱਚ ਸੰਧੂਰੀ ਰੰਗ ਪਾ ਕੇ ਤੇ ਥੋੜ੍ਹੀ ਜਿਹੀ ਕਾਫ਼ੀ ਦਾ ਪਾਊਡਰ ਪਾ ਕੇ ਬਰਫ਼ੀ ਬਣਾ ਦਿੱਤੀ। ਉਹ ਲੋਕਾਂ ਨੂੰ ਪਸੰਦ ਆਉਣ ਲੱਗ ਪਈ ਤੇ ਉਹ ਦਾਗ਼ੀ ਖੋਆ ਵੀ ਵਿਕਣ ਲੱਗ ਪਿਆ। ਡਿਮਾਂਡ ਤਾਂ ਵੱਧ ਗੀ ਪਰ ਫੇਰ ਉਹ ਬਣਿਆ ਨਾ ਕਰੇ ਸਾਡੇ ਤੋਂ.....”
- ਹਾਂ ਜੀ ਉਸ ਵਿੱਚ ਕਵਿਤਾ ਰਲ਼ੀ ਹੋਣ ਕਾਰਨ ਜ਼ਿਆਦਾ ਮਿੱਠੀ ਹੋ ਗਈ ਹੋਣੀ ਐ...... ਤੁਹਾਡੀ ਇੱਕ ਕਵਿਤਾ ਪੜ੍ਹੀ ਸੀ ਮੈਂ ਕਿ ਹਰੀ ਸਿੰਘ ਨਾਂ ਰੱਖ ਲੈਂਦੇ ਆ ਲੋਕ... ਤੇ ਕਿਵੇਂ ਸੀ ਉਹ ਕਵਿਤਾ......?
“1942 - 43 ਦੀ ਗੱਲ ਐ ਜੀ... ਆਹ ਚੌਕਾ ਸੁਣਾਇਆ ਸੀ ਮੈਂ.....
ਵੱਡਾ ਨਾਂ ਰੱਖਣ ਦੀ ਰਸਮ ਨੂੰ ਜਾਣਦਾ ਹਾਂ...... ਗੁਰੂ ਪੀਰਾਂ ਦੇ ਨਾਂ ਨਾਲ ਮੁੰਡਿਆਂ ਦੇ ਨਾਂ ਸੰਗ ਸਾਜਦਾ ਹਾਂ....
ਇੱਕ ਹਰੀ ਸਿੰਘ ਨਲੂਆ ਜੀ ਨੇ ਮਾਂਜੇ ਸੀ ਜ਼ਾਲਮ..... 'ਦਿਲਬਰ' ਮੈਂ ਹਰੀ ਸਿੰਘ ਹਾਂ ਕੜਾਹੀਆਂ ਮਾਂਜਦਾ ਹਾਂ.....”
- ਬਾਬਾ ਜੀ ਗੱਲ ਨੂੰ ਅੱਗੇ ਤੋਰਦਿਆਂ ਮੈਂ ਪੁੱਛਣਾ ਚਾਹਾਂਗਾ ਕਿ ਲਾਲ ਕਿਲ੍ਹੇ ਤੇ ਤੁਹਾਨੂੰ ਕਾਫ਼ੀ ਵਾਰੀ ਬੋਲਣ ਦਾ ਸਬੱਬ ਬਣਿਆ... ਉਸ 'ਤੇ ਚਾਨਣਾ ਪਾਓ ਜਰਾ......?
“1953-54 ਵਿੱਚ ਹੀ ਜਦੋਂ ਚੌਧਰੀ ਦੇਵੀ ਲਾਲ ਕਾਂਗਰਸ ਵਿੱਚ ਹੁੰਦੇ ਸੀ ਤਾਂ ਬੜੀ ਸਰਦਾਰੀ ਹੁੰਦੀ ਸੀ ਜੀ ਉਨ੍ਹਾਂ ਦੀ..... ਮੈਂ ਪਹਿਲਾਂ ਦੋ ਵਾਰੀ ਗਿਆ ਤਾਂ ਕਿਸੇ ਨੇ ਮੈਨੂੰ ਸੰਮੇਲਨ ਵਿੱਚ ਖੜਨ ਨਾ ਦਿੱਤਾ ਤਾਂ ਮੈਂ ਚੌਧਰੀ ਦੇਵੀ ਲਾਲ ਦੀ ਚਿੱਠੀ ਲੈ ਕੇ ਗਿਆ। ਉਦੋਂ ਸਾਰਾ ਮੁਸ਼ਾਇਰਾ ਮਤਲਬ ਪੰਜਾਬੀ, ਉਰਦੂ ਤੇ ਹਿੰਦੀ ਦਾ ਇਕੱਠਾ ਹੀ ਹੁੰਦਾ ਸੀ। ਉਦੋਂ ਫੁੱਟਬਾਲ ਚੌਂਕ ਲਾਲ ਕਿਲ੍ਹੇ ਦੇ ਅੰਦਰ ਹੀ ਹੁੰਦਾ ਸੀ ਹੁਣ ਤੇ ਆਸੇ ਪਾਸੇ ਕਰਨ ਲੱਗ ਪਏ ਨੇ। ਬ੍ਰਹਮ ਪ੍ਰਕਾਸ਼ ਮੁੱਖ ਮੰਤਰੀ ਸੀ ਤੇ ਮੈਂ ਜਾ ਕੇ ਚਿੱਠੀ ਦਿੱਤੀ ਤਾਂ ਉਸ ਨੇ ਓਲਡ ਵਿੱਚ ਭੇਜ ਦਿੱਤਾ ਜਿੱਥੇ ਦਫ਼ਤਰ ਸੀਗਾ.... ਪ੍ਰੀਸ਼ਦ ਨਾਂ ਦੀ ਸੰਸਥਾ ਦਾ ਜੋ ਕਿ ਉਹ ਮੁਸ਼ਾਇਰਾ ਚਲਾਉਂਦੀ ਸੀ .. ਦਰਿਆਗੰਜ ਵਿੱਚ ਦਫ਼ਤਰ ਸੀ ਉਨ੍ਹਾਂ ਦਾ.... ਬੱਸ ਉਨ੍ਹਾਂ ਨੇ ਮੈਨੂੰ ਮੁਸ਼ਾਇਰੇ ਵਿੱਚ ਸ਼ਾਮਲ ਕਰ ਲਿਆ ਤੇ ਫਿਰ ਉਹ ਦਿਨ ਤੇ ਆਹ ਦਿਨ... ਅੱਜ ਤੱਕ ਮੈਨੂੰ ਉੱਥੋਂ ਬੁਲਾਵੇ ਆਉਂਦੇ ਨੇ ਤੇ ਦਰਸ਼ਕਾਂ ਨੇ ਭਰਪੂਰ ਪਿਆਰ ਸਤਿਕਾਰ ਦਿੱਤਾ। ਬੱਸ ਫਿਰ ਸਿਰਫ਼ ਦੋ ਹੀ ਨਾਗ਼ੇ ਪਏ ਇੱਕ ਵਾਰੀ ਤਾਂ ਮਸਕਟ ਗਿਆ ਸੀ ਤੇ ਦੂਜੀ ਵਾਰੀ ਗੱਡੀ ਲੇਟ ਹੋ ਗੀ ਸੀ ਮੈਂ ਕਲਕੱਤੇ ਤੋਂ ਆਇਆ ਸੀ ਤਾਂ ਪਹੁੰਚ ਨੀ ਸਕਿਆ। ਪਰ ਚਿੱਠੀਆਂ ਤਾਂ ਵੀ ਆਈਆਂ ਪਈਆਂ ਸੀ। ਤਕਰੀਬਨ 117-118 ਪ੍ਰੋਗਰਾਮ ਹੋ ਚੁੱਕੇ ਨੇ ਹੁਣ ਤੱਕ.... ਕੁੱਲ ਮਿਲਾ ਕੇ।“
- ਸੋ ਇਹ ਮੁਸ਼ਾਇਰੇ ਆਜ਼ਾਦੀ ਦਿਹਾੜੇ ਵੇਲੇ ਤੇ ਗਣਤੰਤਰ ਦਿਵਸ ਵੇਲੇ ਹਰ ਸਾਲ ਕਰਵਾਏ ਜਾਂਦੇ ਹਨ ਤੇ ਤੁਹਾਡੇ ਦੱਸਣ ਅਨੁਸਾਰ ਇਹਨਾਂ ਨੇ ਸਾਰਿਆਂ ਮੁਸ਼ਾਇਰਿਆਂ ਵਿੱਚ ਹਿੱਸਾ ਲਿਆ ਤੇ ਸਿਰਫ਼ 2 ਹੀ ਨਾਗ਼ੇ ਪਏ?
“ਜੀ ਬਿਲਕੁਲ, ਮੈਂ ਦੋ ਚੌਕੇ ਸੁਣਾ ਰਿਹਾਂ ਆਜ਼ਾਦੀ ਤੇ....
ਆਜ਼ਾਦੀ ਤਾਂ ਆਈ ਏ... ਪਰ ਆਉਂਦੀ ਚੜ੍ਹ ਗਈ ਕਾਰਾਂ ਅੰਦਰ.....
ਇਨਕਲਾਬ ਖੜ੍ਹਾ ਹੈ ਅੱਜ ਵੀ... ਰਾਸ਼ਨ ਦੀਆਂ ਕਤਾਰਾਂ ਅੰਦਰ.....
ਅੱਜਕੱਲ੍ਹ ਟਿਕਟ ਲੈਣ ਨੂੰ ਨੇਤਾ ਇੱਦਾਂ ਆਉਂਦੇ ਨੇ ਦਰਬਾਰਾਂ ਅੰਦਰ....
ਜਿਸ ਤਰਾਂ ਪੱਗ ਬੰਨ੍ਹ ਕੇ ਖੁਸਰੇ ਬੈਠ ਜਾਣ ਸਰਦਾਰਾਂ ਅੰਦਰ.....
ਤੁਹਾਡੀ ਕਾਬਲੀਅਤ ਅਤੇ ਮੁਸ਼ਾਇਰਿਆਂ ਵਿਚਲੀ ਹਾਜ਼ਰੀ ਨੂੰ ਮੁੱਖ ਰੱਖ ਕੇ ਕਿਸੇ ਸਰਕਾਰੀ ਅਦਾਰੇ ਨੇ ਤੁਹਾਨੂੰ ਨੋਟਿਸ ਕੀਤਾ?
“ਨਾ ਜੀ ... ਸਰਕਾਰੀ ਅਦਾਰਿਆਂ ਨੇ ਤਾਂ ਕੀ ਪੁੱਛਣੈ.... ਉਨ੍ਹਾਂ ਦੀ ਤਾਂ ਆਪ ਦੀ ਹੀ ਪੂਰੀ ਨੀ ਪੈਂਦੀ...... ਪਹਿਲਾਂ ਆਸਟ੍ਰੇਲੀਆ ਤੋਂ ਮੈਨੂੰ ਹਰਮਨ ਰੇਡੀਉ ਵੱਲੋਂ ਮਾਣ ਸਨਮਾਨ ਮਿਲਿਆ.... ਉਸ ਦੀ ਖ਼ਬਰ ਪੜ੍ਹ ਕੇ ਇੱਥੇ ਡੀ.ਸੀ. ਹੁੰਦਾ ਸੀ ਕਰਨਾਟਕਾ ਦਾ ਸ੍ਰੀ ਗਣੇਸ਼ਣ ਜੀ.... ਉਨ੍ਹਾਂ ਨੇ ਮੈਨੂੰ ਬੁਲਾ ਲਿਆ.... ਕੁੱਝ ਸੱਜਣ ਉਨ੍ਹਾਂ ਨੇ ਬੁਲਾਏ ਹੋਏ ਸੀ ਤੇ 3 ਲੱਖ ਰੁਪਿਆ ਇਕੱਠਾ ਕਰਕੇ ਮੈਨੂੰ ਦਿੱਤਾ ਤੇ ਆਹ ਸਾਡਾ ਕੋਠਾ ਪੈ ਗਿਆ। ਤੁਸੀਂ ਹੁਣ ਮਿੰਟੂ ਬਰਾੜ ਜੀ ਆਏ ਹੋ ਤੇ ਜਾਂ ਫੇਰ ਸਾਡੇ ਇੱਥੇ ਸਰਸੇ ਤੋਂ ਮੀਡੀਆ ਦੇ ਸਰਤਾਜ ਭੁਪਿੰਦਰ ਪੰਨੀਵਾਲੀਆ ਜੀ... ਬੱਸ ਇਹਨਾਂ ਸਾਰਿਆਂ ਨੇ ਮਿਲ ਕੇ ਆਹ ਦੋ ਮੰਜ਼ਿਲਾਂ ਬਿਲਡਿੰਗ ਬਣਾ ਕੇ ਮੇਰੀ ਮੌਜ ਬਣਾ ਦਿੱਤੀ।“
- ਇਹ ਤਾਂ ਜੀ ਚਲੋ ਸਾਡਾ ਫ਼ਰਜ਼ ਸੀ ਜਿੰਨੇ ਕੁ ਜੋਗੇ ਅਸੀਂ ਸੀ ਅਸੀਂ ਨਿਭਾਈ.... ਪਰ ਇਹ ਗੱਲ ਕਿਤੇ ਨਾ ਕਿਤੇ ਖਲਦੀ ਐ ਕਿ ਇੱਕ ਬੰਦਾ ਤਕਰੀਬਨ ਸੱਠਾਂ ਸਾਲਾਂ ਤੋਂ ਸਰਕਾਰੀ ਜਸ਼ਨਾਂ ਵਿੱਚ ਬੋਲ ਰਿਹੈ ਤੇ ਉਸ ਦੀ ਸੁਣਵਾਈ ਕਿਤੇ ਮੁਕਾਮ ਤੇ ਨਾ ਪੁੱਜੇ..... ਫੇਰ ਨਵੇਂ ਬੰਦੇ ਦੀ ਤਾਂ ਗੱਲ ਹੀ ਕਰਨੀ!!!.... ਕਦੇ ਤੁਹਾਨੂੰ ਆਪਣੀ ਜ਼ਿੰਦਗੀ ਤੇ ਮਲਾਲ ਵੀ ਆਇਆ ਕਿ ਮੈਂ ਜੇ ਆਹ ਕੰਮ ਨਾ ਕੀਤਾ ਹੁੰਦਾ ਜਾਂ ਹੋਰ ਕੁੱਝ ਕੀਤਾ ਹੁੰਦਾ ਤਾਂ ਮੈਂ ਵੀ ਕੁੱਝ ਆਪਣੇ ਵਾਸਤੇ ਬਣਾ ਸਕਦਾ ਸੀ.....?
ਮੈਂ ਜੀ ਆਪਣੀ ਜ਼ਮੀਰ ਮਾਰ ਕੇ ਜਾਂ ਚਮਚਾਗੀਰੀ ਕਰਕੇ ਕੁੱਝ ਨੀ ਕਰ ਸਕਦਾ। ਮੇਰੀਆਂ ਤਿੰਨ ਕਿਤਾਬਾਂ ਛਪੀਆਂ ਨੇ ਤੇ ਮੈਂ ਆਪਣੀ ਇੱਕ ਵੀ ਕਿਤਾਬ ਇਨਾਮ ਵਾਸਤੇ ਨੀ ਭੇਜੀ। ਬਾਕੀ ਜਦੋਂ ਕਿ ਹਰ ਕਿਸੇ ਨੂੰ ਮੇਰੀਆਂ ਮੁਸੀਬਤਾਂ ਦਿਖਦੀਆਂ ਨੇ ਪਰ ਕੀਤਾ ਕਿਸੇ ਨੇ ਕੁੱਝ ਨੀ। ਇਸ ਵਾਸਤੇ ਮੰਗਾਂ ਵੀ ਤੇ ਕੀ ਮੰਗਾਂ... ਰੱਬ ਨੇ ਬਹੁਤ ਕੁੱਝ ਦਿੱਤੈ...... ਮੈਨੂੰ ਤਾਂ ਜੀ ਸਰੋਤਿਆਂ ਦਾ ਭਰਪੂਰ ਪਿਆਰ ਤੇ ਸਨਮਾਨ ਮਿਲਿਆ... ਇਸ ਤੋਂ ਵੱਧ ਮੈਨੂੰ ਕੀ ਚਾਹੀਦੈ......?
- ਅੱਜ ਵੀ ਇਸ 86(ਇਹ ਮੁਲਾਕਾਤ ਫਰਵਰੀ 2015 ਕੀਤੀ ਗਈ ਹੈ) ਸਾਲਾਂ ਦੀ ਉਮਰ ਵਿੱਚ ਜਦੋਂ ਤੁਹਾਨੂੰ ਮੁਸ਼ਾਇਰੇ ਦਾ ਸੱਦਾ ਆਉਂਦੈ ਤਾਂ ਤੁਸੀਂ ਪੈਰੀਂ ਜੁੱਤੀ ਪਾਉਣੇ ਹੋ ਜਾਂ ਬਿਨਾਂ ਜੁੱਤੀ ਹੀ ਤੁਰ ਪੈਣੇ ਹੋ ....?
“ਨਹੀਂ ਜੀ.... ਜੁੱਤੀ ਤਾਂ ਪਾਉਣੀ ਹੀ ਪੈਂਦੀ ਐ... ਮਨ ਤਾਂ ਕਰਦੈ ਇੰਜ ਈ ਭੱਜ ਲਈਏ ਪਰ... ਜੁੱਤੀ ਤਾਂ....... “
- ਤਾਂ ਅੱਜ ਵੀ ਤੁਸੀਂ ਪੂਰੀ ਤਰਾਂ ਨਾਲ ਤਤਪਰ ਹੋ ਮੁਸ਼ਾਇਰਿਆਂ ਵਾਸਤੇ......
“ਬਿਲਕੁਲ ਜੀ....”
- ਜੋ ਪਹਿਲਾਂ ਇੱਕ ਕਾਵਿ ਦਰਬਾਰਾਂ ਤੇ ਮੁਸ਼ਾਇਰਿਆਂ ਦੀ ਰੀਤ ਹੁੰਦੀ ਸੀ... ਇਹ ਓਦਾਂ ਈ ਐ ਕਿ ਪਹਿਲਾਂ ਨਾਲੋਂ ਨਿਘਾਰ ਵਿੱਚ ਐ.... ਕਿ ਕੁੱਝ ਵਧੀ ਵੀ ਐ....?
“ਓ ਤਾਂ ਇੰਜ ਐ ਜੀ ਕਿ ਜਿਵੇਂ ਲਾਫਟਰ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਸਭ ਇੱਕ ਦੂਜੇ ਦੀਆਂ ਚੁੱਕ ਚੁੱਕ ਕੇ ਸੁਣਾਈ ਜਾਂਦੇ ਨੇ... ਕੋਈ ਕੇਸ ਕੂਸ ਤਾਂ ਹੋ ਨੀ ਸਕਦਾ..... ਤੇ ਕਵੀ ਦਰਬਾਰਾਂ ਵਿੱਚ ਵੀ ਕੁੱਝ ਕਵੀ ਇਹੋ ਕੰਮ ਕਰਨ ਲੱਗ ਪਏ ਨੇ।“
- ਅੱਜ ਕੱਲ੍ਹ ਜੋ ਲਾਫਟਰ ਦੇ ਨਾਮ ਤੇ ਹੋ ਰਿਹਾ ਹੈ ਜਿਵੇਂ ਕਿ ਲਾਫਟਰ ਚੈਨਲ ਵੀ ਚੱਲਦੇ ਨੇ, ਉਨ੍ਹਾਂ ਵਿੱਚ ਮੈਨੂੰ ਨੀ ਲੱਗਦਾ ਕਿ ਕੁੱਝ ਇੰਜ ਦਾ ਹੁੰਦਾ ਹੋਵੇ ਕਿ ਸਣੇ ਪਰਿਵਾਰ ਉਨ੍ਹਾਂ ਨਾਲ ਮਨੋਰੰਜਨ ਕੀਤਾ ਜਾ ਸਕੇ..... ਗਾਣਿਆਂ ਵਿੱਚ ਵੀ ਇਹੀ ਕੁੱਝ ਐ... ਲੱਚਰਤਾ ਤੇ ਚੁਟਕਲਿਆਂ ਵਿੱਚ ਵੀ....?
“ਤੁਹਾਨੂੰ ਮੈਂ ਗੱਲ ਦੱਸਦਾ ਜੀ... ਇਹ ਤਾਂ ਸਭ ਕੁੱਝ ਆਮ ਹੋ ਗਿਆ.... 50 ਪ੍ਰਤੀਸ਼ਤ ਤਾਂ ਸਾਰੇ ਲੋਕ ਮੇਰੇ ਹੀ ਪੰਚ ਇਸਤੇਮਾਲ ਕਰ ਰਹੇ ਨੇ... ਮੇਰੇ ਹੀ ਲਿਖੇ ਹੋਏ ... ਬੱਸ ਮੇਰਾ ਨਾਮ ਲਏ ਬਗੈਰ..... ਆਹ ਕਪਿਲ ਸ਼ਰਮਾ ਹੀ ਦੇਖ ਲਓ.... ਮੇਰੇ ਨਾਲ ਹੀ ਹੁੰਦਾ ਸੀ ਐਮ.ਐਚ.1 ਤੇ..... 500 ਰੁਪਿਆ ਦਿਹਾੜੀ ਲੈਂਦੇ ਸੀ ਅਸੀਂ ਦੋਵੇਂ... ਤੇ ਅੱਜ ਉਹ ਕਰੋੜਾਂ ਰੁਪਿਆ ਕਮਾ ਰਿਹੈ... ਤੇ ਬਾਕੀ ਦੋ ਮੇਰੇ ਹੋਰ ਸ਼ਾਗਿਰਦ ਨੇ.... ਇੱਕ ਤਾਂ ਜਗਜੀਤ ਸੂਫ਼ੀ ਅੰਬਾਲਾ .... ਦੂਜਾ ਪ੍ਰਤਾਪ ਫ਼ੌਜਦਾਰ.... ਦੋਵੇਂ ਸ਼ਾਗਿਰਦ ਨੇ ਮੇਰੇ..... ਪ੍ਰਤਾਪ ਫ਼ੌਜਦਾਰ ਤਾਂ ਪਹਿਲਾਂ ਇੱਥੇ ਹੀ ਰਹਿੰਦਾ ਸੀ ਕਿੱਲ੍ਹਿਆਂਵਾਲੀ ਤੇ ਫੇਰ ਉਹ ਆਗਰੇ ਚਲਾ ਗਿਆ ਤੇ ਅੱਜ ਕੱਲ੍ਹ ਦਿੱਲੀ ਆਇਆ ਹੋਇਆ.... ਇਹ ਤਾਂ ਜੀ ਅਲੀ ਬਾਬਾ ਚਾਲੀ ਚੋਰਾਂ ਵਾਲੀ ਗੱਲ ਐ....”
- ਮੈਂ ਸਨੇਹਾ ਦੇਣਾ ਚਾਹਾਂਗਾ ਕਪਿਲ ਸ਼ਰਮਾ ਨੂੰ ਕਿ ਜੇ ਉਸ ਦੀ ਜ਼ਮੀਰ ਗਵਾਰਾ ਕਰੇ ਤਾਂ ਉਹ ਦਿਲਬਰ ਸਾਬ ਨੂੰ ਇੱਕ ਵਾਰੀ ਯਾਦ ਜ਼ਰੂਰ ਕਰੇ..... ਮੈਨੂੰ ਇਹ ਵੀ ਵਿਸ਼ਵਾਸ ਐ ਕਿ ਇੱਕ ਕਲਾਕਾਰ ਦੀ ਜ਼ਮੀਰ ਸੁੱਤੀ ਬੇਸ਼ੱਕ ਹੋਵੇ ਪਰ ਮਰਦੀ ਨੀ... ਤੇ ਕਦੇ ਨਾ ਕਦੇ ਉਹ ਜਾਗਦੀ ਹੈ.... ਬਾਕੀ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਵਾਸਤੇ ਕੋਈ ਨਵਾਂ ਚੌਕਾ ਛੱਕਾ ਯਾਦ ਐ ਤਾਂ ਸਾਂਝ ਪਾਓ....
ਜੀ ਇੱਕ ਛੱਕਾ ਅਰਜ਼ ਕਰ ਰਿਹਾਂ:
“ਕਹਿਣ ਪੁਰਸ਼ ਪ੍ਰਧਾਨ ਸਮਾਜ ਹੈ..... ਇਸ ਵਿੱਚ ਸੱਚ ਚਵੰਨੀ ਹੀ ਨਹੀਂ.....
ਬੜੇ ਬੜਿਆਂ ਕੋਲ ਜਾ ਜਾ ਰੋਇਆਂ... ਕਿਸੇ ਮੇਰੀ ਗੱਲ ਮੰਨੀ ਹੀ ਨਹੀਂ.....
ਇੱਕ ਪਤੀ ਮਰ ਜੇ ਜਿਸਦਾ... ਉਹ ਦੀ ਵਿਧਵਾ ਪੈਨਸ਼ਨ ਬੰਨ੍ਹ ਦਿੰਦੇ ਨੇ.....
ਮੇਰੀਆਂ ਦੋ ਮਰ ਗਈਆਂ.. ਕਿਸੇ ਨੇ.. ਰੰਡਾ ਪੈਨਸ਼ਨ ਬੰਨ੍ਹੀ ਨਹੀਂ.....”

“ਕੀਹਦੀ ਮਾਂ ਨੂੰ ਮਾਸੀ ਆਖਾਂ.... ਕਿਹੜੇ ਢੱਠੇ ਖੂਹ ਵਿੱਚ ਜਾਵਾਂ.....
ਜਦ ਦੀਆਂ ਗਈਐਂ... ਪੁੱਛਦਾ ਰਹਿਨਾਂ.... ਦੱਸੋ ਮੰਜੀ ਕਿੱਥੇ ਡਾਹਵਾਂ.... ਦੱਸੋ ਮੰਜੀ ਕਿੱਥੇ ਡਾਹਵਾਂ....
ਮੇਰਾ ਮੰਜਾ ਉਹ ਦੇ ਨਾਲ ਸੜ ਗਿਐ.... ਉਹ ਦੀ ਮੰਜੀ ਮੇਰੇ ਨਾਲ ਸੜੇਗੀ....
ਉੱਠ ਉੱਠ ਕੇ ਪੁੱਛਦਾ ਰਹਿਨਾਂ.... ਕਿੱਦਣ ਮੇਰੀ ਬਾਰਾਤ ਚੜ੍ਹੇਗੀ.....
ਪੁੱਤਰ ਉਹ ਦੇ... ਨੂੰਹਾਂ ਉਹ ਦੀਆਂ..... ਮੰਜੀ ਉਹ ਦੀ.... ਮੈਂ ਝੁੱਡੂ ਦਿਲਬਰ... ਆਪਣੇ ਘਰ 'ਚ ਪੁੱਛਦਾ ਰਹਿਨਾਂ....
ਦੱਸੋ ਮੰਜੀ ਕਿੱਥੇ ਡਾਹਵਾਂ.... ਦੱਸੋ ਮੰਜੀ ਕਿੱਥੇ ਡਾਹਵਾਂ.... “
“ਇਸੇ ਨਾਮ ਦੀ ਮੇਰੀ ਕਿਤਾਬ ਆ ਰਹੀ ਐ...”
- ਸੋ ਬਹੁਤ ਬਹੁਤ ਮਿਹਰਬਾਨੀ ਜੀ ਤੇ ਉਮੀਦ ਕਰਦੇ ਆਂ ਕਿ ਤੁਹਾਡੀ ਕਿਤਾਬ ਨੂੰ ਵੀ ਇੱਦਾਂ ਹੀ ਹੁੰਗਾਰਾ ਤੇ ਪਿਆਰ ਮਿਲੇਗਾ.... ਸਤਿ ਸ੍ਰੀ ਅਕਾਲ ਜੀ.....
ਦਿਲਬਰ ਹੋਰਾਂ ਨਾਲ ਮੇਰੀ ਇਹ ਮੁਲਾਕਾਤ ਅਖੀਰੀ ਹੋ ਨਿੱਬੜੀ ਬੱਸ ਇਕ ਬਾਰ ਕੁਝ ਕੁ ਮਹੀਨੇ ਪਹਿਲਾਂ ਉਸ ਵਕਤ ਉਨ੍ਹਾਂ ਨਾਲ ਫ਼ੋਨ ਤੇ ਗੱਲ ਹੋਈ ਜਦੋਂ ਪ੍ਰੋ ਪੰਨੂ ਜੀ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਅਮਰੀਕਾ ਤੋਂ ਇਕ ਖ਼ਾਸ ਸਦਾ ਪੱਤਰ ਆਇਆ। ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਆਪਣੇ ਉਸੇ ਚਿੱਤ ਪਰੀਚਿਤ ਅੰਦਾਜ਼ 'ਚ ਕਹਿੰਦੇ! "ਉਹ ਮੇਰਾ ਤਾਂ ਪਾਸਪੋਰਟ ਹੀ ਮੁੱਕ ਗਿਆ ਹੈ ਯਾਰ।" ਜਦੋਂ ਮੈਂ ਕਿਹਾ ਨਵਾਂ ਬਣਵਾ ਲੈਂਦੇ ਹਾਂ ਤਾਂ ਕਹਿੰਦੇ! "ਬਣਵਾ ਸਕਦੇ ਤਾਂ ਹੁਣ ਅਗਾਂਹ ਦਾ ਹੀ ਬਣਵਾ ਦਿਓ।"  ਏਨਾ ਕਹਿ ਕੇ ਉੱਚੀ ਦੇਣੇ ਹੱਸ ਪਏ ਸਨ। ਬੱਸ ਇਹੀ ਅਖੀਰੀ ਸ਼ਬਦ ਸਨ ਮੇਰੇ ਨਾਲ ਉਨ੍ਹਾਂ ਦੀ ਸਾਂਝ ਦੇ।

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.