ਡੇਰੇਦਾਰਾਂ ਨੂੰ ਆਪਣੇ ਸਾਧਾਂ ਦੀ ਨਿੰਦਾ ਤਾਂ ਬਹੁਤ ਹੀ ਚੁਭਦੀ ਹੈ ਪਰ
ਗੁਰੂ ਸਹਿਬਾਨ ਜੀ ਦੀ ਕੀਤੀ ਜਾ ਰਹੀ ਬੇਅਦਬੀ ਤੇ ਚਰਿਤਰਘਾਣ ਦੀ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਦਸਮ ਗ੍ਰੰਥ ਦੇ ਮਹਾਂ ਵਿਦਵਾਨ ਸਮਝੇ ਜਾ ਰਹੇ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲਾ ਨੇ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ 17-18-19 ਮਾਰਚ ਨੂੰ ਤਿੰਨ ਦਿਨ ਕਥਾ ਕੀਤੀ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।
18 ਤਰੀਕ ਨੂੰ ਕੀਤੀ ਕਥਾ ਦੌਰਾਨ ਉਨ੍ਹਾਂ ਨੇ ਕਈ ਪ੍ਰਚਾਰਕਾਂ ਵੱਲੋਂ ਸੰਤਾਂ ਦੀ ਕੀਤੀ ਜਾ ਰਹੀ ਨਿੰਦਾ ਦੀ ਅਲੋਚਨਾ ਕਰਦਿਆਂ ਕਿਹਾ ਗੁਰਬਾਣੀ ਤੋਂ ਅਣਜਾਣ ਇਹ ਪ੍ਰਚਾਰਕ ਕਹਿੰਦੇ ਹਨ ਕਿ ਕੋਈ ਮਨੁਖ ਸੰਤ ਹੋ ਹੀ ਨਹੀਂ ਸਕਦਾ ਤੇ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ ‘ਸੰਤ’ ਕੇਵਲ ਗੁਰੂ ਗ੍ਰੰਥ ਸਹਿਬ ਜੀ ਲਈ ਹੀ ਹਨ। ਉਨ੍ਹਾਂ ਸੁਖਮਨੀ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਵੱਲੋਂ ‘ਸੰਤ’ ਦੀ ਕੀਤੀ ਮਹਿਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਬਾਣੀ ਵਿੱਚ ਇਹ ਵੀ ਲਿਖਿਆ ਹੋਇਆ ਹੈ:
‘ਪੂਰਾ ਗੁਰੁ, ਅਖ੍ਹਓ ਜਾ ਕਾ ਮੰਤ੍ਰ ॥ ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
’ ਜਿਸ ਦਾ ਭਾਵ ਹੈ ਕਿ ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ, (ਜਿਸ ਵਲ) ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਓਹੀ ਸੰਤ ਹੋ ਜਾˆਦਾ ਹੈ।
ਗਿਆਨੀ ਸ਼ੇਰ ਸਿੰਘ ਨੇ ਕਿਹਾ ‘‘ਕੀ ਗੁਰੂ ਸਾਹਿਬ ਜੀ ਕਿਸੇ ਸਿੱਖ ਨੂੰ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਤਕਦੇ ਹੀ ਨਹੀਂ? ਜੇ ਤਕਦੇ ਹਨ ਤਾਂ ਉਹ ਸੰਤ ਕਿਉਂ ਨਹੀਂ ਹੋ ਸਕਦੇ? ਗੁਰੂ ਸਾਹਿਬ ਜੀ ਤਾਂ ਸਾਰੇ ਹੀ ਸਿੱਖਾਂ ’ਤੇ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਦੇ ਹਨ ਇਸ ਲਈ ਜੇ ਸਿੱਖ ‘ਸੰਤ’ ਨਹੀਂ ਬਣ ਸਕਦੇ ਤਾਂ ਹੋਰ ਕੌਣ ਬਣੇਗਾ? ਪਰ ਇਹ ਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਉਨ੍ਹਾਂ ’ਤੇ ਹੀ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਹਮੇਸ਼ਾਂ ਨਾਮ ਨਾਲ ਜੁੜੇ ਰਹਿੰਦੇ ਹਨ। ਨਾਮ ਬਿਹੂਣੇ ਜਿਹੜੇ ਮਨੁੱਖ ਆਪਣੇ ਕਰਮਾਂ ਕਰਕੇ ਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਤੋਂ ਵਾਂਝੇ ਰਹਿ ਜਾਂਦੇ ਹਨ ਉਹ ਈਰਖਾ ਵੱਸ ਸੰਤਾਂ ਦੀ ਨਿੰਦਾ ਕਰਦੇ ਹਨ।’’ ਦੂਸਰੀ ਕੱਚਘਰੜ ਗੱਲ ਉਨ੍ਹਾਂ ਕਹੀ ਕਿ ਜਿਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਪਿਛੋਂ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਚਿਖਾ ਤਿਆਰ ਕਰਨ ਦੌਰਾਨ ਕੀਤੇ ਗਏ ਜਪੁਜੀ ਸਾਹਿਬ ਜੀ ਦੇ ਪਾਠ ਦਾ ਜਦੋਂ ਹੀ ਭੋਗ ਪਿਆ ਤੇ ਅੰਤਲੀ ਤੁਕ ਪੜ੍ਹੀ ਗਈ:
‘ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥’
ਉਸੇ ਸਮੇਂ ਰਾਜਾ ਰਾਮ ਪ੍ਰਸ਼ਾਦ ਨੇ ਆਪਣਾ ਸੀਸ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ’ਤੇ ਟਿਕਾਇਆ ਤੇ ਆਪਣੇ ਆਪ ਨੂੰ ਬਲ਼ ਰਹੀ ਚਿਖਾ ਦੇ ਸਪੁਰਦ ਕਰ ਦਿੱਤਾ। ਵੇਖਦਿਆਂ ਹੀ ਵੇਖਦਿਆਂ ਰਾਜਾ ਸ਼ੇਰ ਸਿੰਘ ਨੇ ਵੀ ਚਿਖਾ ਵਿੱਚ ਛਾਲ ਮਾਰ ਕੇ ਪ੍ਰਾਣ ਤਿਆਗ ਦਿੱਤੇ। ਚਿਖਾ ਵਿੱਚ ਸੜ ਕੇ ਮਰਨ ਦਾ ਕਾਰਣ ਗਿਆਨੀ ਸ਼ੇਰ ਸਿੰਘ ਨੇ ਇਹ ਦੱਸਿਆ ਕਿ ਰਾਜਾ ਰਾਮ ਪ੍ਰਸ਼ਾਦ ਤੇ ਰਾਜਾ ਸ਼ੇਰ ਸਿੰਘ ਜਹਾਂਗੀਰ ਦੇ ਜੁਲਮਾਂ ਤੋਂ ਬਚਨ ਲਈ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ ਤੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਹ ਸਮਝਦੇ ਸਨ ਕਿ ਹੁਣ ਉਨ੍ਹਾਂ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਉਨ੍ਹਾਂ ਗੁਰੂ ਸਾਹਿਬ ਜੀ ਦੀ ਚਿਖਾ ਵਿੱਚ ਸੜ ਜਾਣਾ ਹੀ ਬਿਹਤਰ ਸਮਝਿਆ।
18 ਮਾਰਚ ਦੀ ਕਥਾ ਉਪ੍ਰੰਤ ਗਿਆਨੀ ਸ਼ੇਰ ਸਿੰਘ ਨੂੰ ਉਨ੍ਹਾਂ ਦੇ ਮੋਬ: ਨੰ: 09466466987 ’ਤੇ ਫ਼ੋਨ ਮਿਲਾਇਆ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਚੰਗਾ ਹੋਇਆ ਤੁਸੀਂ ਬਨਾਉਟੀ ਸੰਤਾਂ ਦੀ ਅਸਲੀਅਤ ਪ੍ਰਗਟ ਕਰਨ ਵਾਲੇ ਗੁਰਸ਼ਬਦਾਂ ਦੀ ਕੀਤੀ ਜਾ ਰਹੀ ਵਿਖਾਖਿਆ ਨੂੰ ਤਾਂ ਸੰਤਾਂ ਦੀ ਨਿੰਦਾ ਕਰਨਾ ਦੱਸ ਕੇ ਉਨ੍ਹਾਂ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਪ੍ਰਚਾਰਕਾਂ ਦੀ ਅਲੋਚਨਾ ਕਰ ਦਿੱਤੀ ਪਰ ਜੋ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਗਈ ਪੁਸਤਕ ‘ਸਿੱਖ ਇਤਿਹਾਸ ਹਿੰਦੀ’ ਵਿੱਚ ਕੁਫ਼ਰ ਤੋਲਿਆ ਗਿਆ ਹੈ, ਜਿਸ ਦਾ ਖ਼ੁਲਾਸਾ ਭਾਈ ਬਲਦੇਵ ਸਿੰਘ ਸਿਰਸਾ ਨੇ ਡੇ ਐਂਡ ਨਾਈਟ ਟੀਵੀ ਚੈਨਲ ’ਤੇ 16 ਮਾਰਚ ਨੂੰ ਕੀਤਾ ਸੀ; ਉਸ ਸਬੰਧੀ ਵੀ ਚਾਨਣਾਂ ਪਾ ਦੇਣਾਂ ਸੀ ਕਿ ਪੁਸਤਕ ਲਿਖਣ ਤੇ ਛਪਵਾਉਣ ਵਾਲੇ ਗੁਰੂ ਨਿੰਦਕ ਹਨ।
ਉਨ੍ਹਾਂ ਨੂੰ ਬੇਨਤੀ ਕੀਤੀ ਕਿ ਕੱਲ੍ਹ ਜਾਨੀ ਕਿ 19 ਮਾਰਚ ਨੂੰ ਹੋਣ ਵਾਲੀ ਕਥਾ ਦੌਰਾਨ ਇਸ ਪੁਸਤਕ ਵਿੱਚ ਤੋਲੇ ਗਏ ਕੁਫ਼ਰ ਸਬੰਧੀ ਚਾਨਣਾਂ ਪਾ ਕੇ ਅਜੇਹੀਆਂ ਪੁਸਤਕਾਂ ਦੇ ਲਿਖਾਰੀਆਂ ਤੇ ਪ੍ਰਕਾਸ਼ਕਾਂ ਤੋਂ ਸੁਚੇਤ ਰਹਿਣ ਲਈ ਸੰਗਤਾਂ ਨੂੰ ਜਰੂਰ ਜਾਗਰੂਕ ਕਰ ਦੇਣਾਂ। ਮੇਰੇ ਵਾਰ ਵਾਰ ਬੇਨਤੀ ਕਰਨ ਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇ ਗੁਰੂ ਨੇ ਬਖ਼ਸ਼ਿਸ਼ ਕੀਤੀ ਤਾਂ ਉਹ ਜਰੂਰ ਇਸ ਸਬੰਧੀ ਸੰਗਤਾਂ ਨੂੰ ਕੁਝ ਜਾਣਕਾਰੀ ਦੇਣਗੇ। ਪਰ ਮੈਨੂੰ ਹੈਰਾਨੀ ਹੋਈ ਜਦੋਂ 19 ਮਾਰਚ ਦੀ ਸਾਰੀ ਕਥਾ ਦੌਰਾਨ ਉਨ੍ਹਾਂ ਇਸ ਪੁਸਤਕ ਸਬੰਧੀ ਇਸ਼ਾਰੇ ਮਾਤਰ ਵੀ ਕੋਈ ਗੱਲ ਨਾ ਕੀਤੀ ਜਦੋਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਿਖਾ ਵਿੱਚ ਸੜ ਕੇ ਪ੍ਰਾਣ ਤਿਆਗਣ ਵਾਲਿਆਂ ਦੀ ਕੱਚ ਘਰੜ ਕਹਾਣੀ ਦੂਸਰੇ ਦਿਨ ਵੀ ਦੁਹਰਾ ਦਿੱਤੀ। ਇਸ ਲਈ ਕਥਾ ਉਪ੍ਰੰਤ ਅੱਜ ਦੂਸਰੇ ਦਿਨ ਫਿਰ ਫ਼ੋਨ ਮਿਲਾ ਕੇ ਉਨ੍ਹਾਂ ਨੂੰ ਚੇਤਾ ਕਰਵਾਇਆ ਕਿ ‘ਸਿੱਖ ਇਤਿਹਾਸ ਹਿੰਦੀ’ ਪੁਸਤਕ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਸਬੰਧੀ ਤੁਸੀਂ ਆਪਣਾ ਵਾਅਦਾ ਨਹੀਂ ਨਿਭਾਇਆ।
ਗਿਆਨੀ ਸ਼ੇਰ ਸਿੰਘ ਨੇ ਕਿਹਾ ਅੱਜ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੋਣ ਕਰਕੇ ਉਨ੍ਹਾਂ ਦਾ ਇਤਿਹਾਸ ਦੱਸਣਾਂ ਜਰੂਰੀ ਸੀ ਇਸ ਲਈ ਸਮਾਂ ਨਹੀਂ ਮਿਲ ਸਕਿਆ। ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਇਹ ਕੱਚ ਘਰੜ ਇਤਿਹਾਸ ਤਾਂ ਤੁਸੀਂ ਕਲ੍ਹ ਵੀ ਸੁਣਾਂ ਦਿੱਤਾ ਸੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਤੀ ਰਸਮ ਦਾ ਭਾਰੀ ਵਿਰੋਧ ਕੀਤਾ ਤੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਹ ਨਿੰਦਣਯੋਗ ਰਸਮ ਕਨੂੰਨੀ ਤੌਰ ਤੇ ਬੰਦ ਕਰਵਾਈ ਸੀ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਰਾਜਾ ਰਾਮ ਪ੍ਰਸ਼ਾਦ ਤੇ ਰਾਜਾ ਸ਼ੇਰ ਸਿੰਘ ਜਿਹੜੇ ਹਰ ਰੋਜ ਗੁਰੂ ਸਾਹਿਬ ਜੀ ਦੇ ਦੀਵਾਨਾਂ ਵਿੱਚ: ‘ਮਨਮੁਖਿ ਅੰਧੇ ਸੁਧਿ ਨ ਕਾਈ ॥ ਆਤਮ ਘਾਤੀ ਹੈ ਜਗਤ ਕਸਾਈ ॥’ (ਮਾਝ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 118) ਦੀ ਕਥਾ ਵੀ ਸ੍ਰਵਨ ਕਰਦੇ ਹੋਣਗੇ, ਪਰ ਇਸ ਦੇ ਬਾਵਯੂਦ ਉਨ੍ਹਾਂ ਨੇ ਚਿੱਤਾ ਵਿੱਚ ਛਾਲਾਂ ਮਾਰ ਕੇ ਆਤਮਘਾਤ ਕੀਤਾ ਹੋਵੇਗਾ?
ਗਿਆਨੀ ਸ਼ੇਰ ਸਿੰਘ ਨੇ ਕਿਹਾ ਫ਼ੋਨ ’ਤੇ ਸਾਰਾ ਗਿਆਨ ਨਹੀਂ ਦਿੱਤਾ ਜਾ ਸਕਦਾ ਤੁਸੀਂ ਮੇਰੇ ਕੋਲ ਆ ਜਾਣਾ ਤੁਹਾਨੂੰ ਸਭ ਕੁਝ ਲਿਖਿਆ ਵਿਖਾ ਦੇਵਾਂਗਾ। ਉਨ੍ਹਾਂ ਨੂੰ ਪੁੱਛਿਆ ਕਿ ਜੇ ਲਿਖਿਆ ਹੀ ਵਿਖਾਉਣ ਹੈ ਤਾਂ ਕੱਲ੍ਹ ਨੂੰ ਕੋਈ ਇਹ ਵੀ ਵਿਖਾ ਦੇਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਇਤਿਹਾਸ ਦੀ ਪੁਸਤਕ ਵਿੱਚ ਲਿਖਿਆ ਹੈ: ‘ਨਾਨਕ ਕਾ ਗੁਰੂ ਇਕ ਮੁਸਲਮਾਨ ਥਾ। ਨਾਨਕ ਮੁੱਗਲੋਂ ਕੋ ਹਿੰਦੁਸਤਾਨ ਲੇ ਕੇ ਆਇਆ। ਨਾਨਕ ਮਰ ਗਿਆ। ਅੰਗਦ ਆ ਗਿਆ। ਅਰਜੁਨ ਨੇ ਆਤਮ ਹੱਤਿਆ ਕਰੀ। ਅਰਜੁਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ। ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ। ਹਰਗੋਬਿੰਦ ਜਬ ਸੋਤਾ ਥਾ ਤੋ ਸਾਥ ਬੰਦੂਕਦਾਰੀ ਪਹਿਰੇ ਪੇ ਖੜ੍ਹੇ ਰਹਿਤੇ ਥੇ। ਹਰਿਰਾਏ ਕੇ ਦੋ ਬੇਟੇ ਤੇ। ਜਬ ਹਰਿਰਾਏ ਮਰਾ ਤੋ ਬੜੇ ਬੇਟੇ ਰਾਮ ਰਾਇ ਕੀ ਉਮਰ 15 ਥੀ ਔਰ ਹਰਕ੍ਰਿਸ਼ਨ ਕੀ 6 ਬਰਸ ਦੀ। ਬੜੇ ਬੇਟੇ ਕੋ ਗੱਦੀ ਇਸ ਲੀਏ ਨਹੀਂ ਦੀ ਕੇ ਵੋ ਨੌਕਰਾਣੀ ਕਾ ਬੇਟਾ ਥਾ।’ ਉਸ ਸਮੇਂ ਇਸ ਦਾ ਜਵਾਬ ਕੌਣ ਦੇਵੇਗਾ ਕਿ ਜਿਸ ਗੁਰੂ ਅਰਜੁਨ ਨੇ ਜਹਾਂਗੀਰ ਦੇ ਤਸੀਹਿਆਂ ਤੋਂ ਡਰਦਿਆਂ ਆਤਮ ਹੱਤਿਆ ਕਰ ਲਈ। ਗੁਰੂ ਹਰਿਗੋਬਿੰਦ ਸਾਹਿਬ ਜੀ ਖ਼ੁਦ ਬਹੁਤ ਡਰਪੋਕ ਹੋਣ ਕਰਕੇ ਜਹਾਂਗੀਰ ਤੋਂ ਡਰਦਿਆਂ ਉਨ੍ਹਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ, ਸੌਣ ਸਮੇਂ ਬੰਦੂਕਧਾਰੀ ਪਹਿਰੇ ’ਤੇ ਖੜ੍ਹਦੇ ਸਨ ਤਾਂ ਹੀ ਉਨ੍ਹਾਂ ਨੂੰ ਨੀਂਦ ਆਉਂਦੀ ਸੀ, ਤਾਂ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਜਹਾਂਗੀਰ ਦੇ ਜੁਲਮਾਂ ਤੋਂ ਹੋਰ ਕਿਸੇ ਨੂੰ ਸੁਰੱਖਿਆ ਕਿਵੇਂ ਦੇ ਸਕਦੇ ਸਨ?
ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਅਸਮਰਥ ਗਿਆਨੀ ਸ਼ੇਰ ਸਿੰਘ ਜੀ ਨੇ ਇਹ ਕਹਿ ਕੇ ਟੈਲੀਫ਼ੋਨ ਕੱਟ ਦਿੱਤਾ ਕਿ ਤੁਹਾਡੀ ਅਵਾਜ਼ ਸਮਝ ਨਹੀਂ ਆ ਰਹੀ ਤੁਸੀਂ ਇੱਥੇ ਆ ਜਾਓ ਸਭ ਕੁਝ ਦੱਸ ਦਿੱਤਾ ਜਾਵੇਗਾ। ਦੋ ਤਿੰਨ ਵਾਰ ਦੁਬਾਰਾ ਦੁਬਾਰਾ ਫ਼ੋਨ ਮਿਲਾਇਆ ਤੇ ਪੁੱਛਿਆ ਕਿ ਤੁਹਾਨੂੰ ਮੇਰੀ ਅਵਾਜ਼ ਸੁਣਾਈ ਨਹੀਂ ਆਉਂਦੀ ਜਾਂ ਸਮਝ ਨਹੀਂ ਆਉਂਦੀ? ਜਾਂ ਤੁਸੀਂ ਇਹ ਅਣਸੁਖਾਵੇਂ ਸਵਾਲ ਸੁਣਨਾਂ/ਸਮਝਣਾਂ ਹੀ ਨਹੀਂ ਚਹੁੰਦੇ? ਜਵਾਬ ’ਚ ਉਹ ਇਹ ਕਹਿੰਦੇ ਸੁਣਾਈ ਦਿੰਦੇ ਕਿ ਸਾਰਾ ਗਿਆਨ ਟੈਲੀਫ਼ੋਨ ’ਤੇ ਨਹੀਂ ਸੁਣਾਇਆ ਜਾ ਸਕਦਾ ਜੇ ਕੁਝ ਸਿੱਖਣਾਂ ਜਾਂ ਵੀਚਾਰ ਕਰਨੀ ਚਾਹੁੰਦੇ ਹੋ ਤਾਂ ਨਿਜੀ ਤੌਰ ’ਤੇ ਆ ਕੇ ਮਿਲੋ। ਹੋ ਸਕਦਾ ਹੈ ਕਿ ਗਿਆਨੀ ਸ਼ੇਰ ਸਿੰਘ ਸੱਚ ਹੀ ਕਹਿੰਦੇ ਹੋਣ ਤੇ ਉਨ੍ਹਾਂ ਨੂੰ ਟੈਲੀਫ਼ੋਨ ’ਤੇ ਮੇਰੀ ਗੱਲ ਨਾ ਸਮਝ ਆਉਂਦੀ ਹੋਵੇ। ਪਰ ਐਸਾ ਵੀ ਨਹੀਂ ਹੈ; ਕਿਉਂਕਿ ਪਿਛਲੇ ਦਿਨ ਜਦੋਂ (ਉਨ੍ਹਾਂ ਵਲੋਂ ਮਿਥੇ ਗਏ) ਸੰਤ ਨਿੰਦਕਾਂ ਦੀ ਅਲੋਚਨਾ ਨੂੰ ਮੈਂ ਚੰਗਾ ਕਹਿ ਕੇ ਜਾਣਬੁੱਝ ਕੇ ਸਲਾਹ ਦਿੱਤਾ ਸੀ ਤਾਂ ਉਸ ਦਿਨ ਮੇਰੀ ਹਰ ਗੱਲ ਉਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਰਹੀ ਸੀ। ਅੱਜ ਵੀ ਉਸ ਸਮੇਂ ਤੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣਦੇ ਸਮਝਦੇ ਰਹੇ ਜਦ ਤੱਕ ਉਨ੍ਹਾਂ ਵੱਲੋਂ ਸੁਣਾਈ ਕੱਚ ਘਰੜ ਸਾਖੀ ਨੂੰ ਮੈਂ ਰੱਦ ਨਹੀਂ ਕੀਤਾ। ਪਰ ਇਸ ਕੱਚਘਰੜ ਸਾਖੀ ਰੱਦ ਕਰਦੇ ਸਾਰ ਹੀ ਉਨ੍ਹਾਂ ਨੂੰ ਮੇਰੀ ਗੱਲ ਸੁਣਨ ਤੇ ਸਮਝਣੀ ਬੰਦ ਹੋ ਗਈ। ਇਸ ਦੇ ਬਾਵਯੂਦ ਮੈਂ ਉਨ੍ਹਾਂ ’ਤੇ ਛੱਕ ਨਹੀਂ ਕਰਦਾ ਤੇ ਹੇਠ ਲਿਖੇ ਸਵਾਲ ਜਨਤਕ ਤੌਰ ’ਤੇ ਪੁੱਛ ਕੇ ਇਨ੍ਹਾਂ ਦੇ ਜਵਾਬ ਵੀ ਜਨਤਕ ਤੌਰ ’ਤੇ ਦੇਣ ਦੀ ਮੰਗ ਕਰਦਾ ਹਾਂ ਤਾਂ ਕਿ ਕਿਸੇ ਨੂੰ ਅਵਾਜ਼ ਦੇ ਗਲਤ ਸਮਝਣ ਦਾ ਭੁਲੇਖਾ ਨਾ ਰਹੇ।1. ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ 19ਵੀਂ ਸਦੀ ਦੇ ਅੱਧ ਤੱਕ ਦੇ ਸਿੱਖ ਇਤਿਹਾਸ ਵਿੱਚ ਕੋਈ ਇੱਕ ਵੀ ਸੰਤ ਪੈਦਾ ਨਹੀਂ ਹੋਇਆ। ਗੁਰੂ ਸਾਹਿਬਾਨ ਦੇ ਸਭ ਤੋਂ ਨਜ਼ਦੀਕ ਰਹਿਣ ਵਾਲੇ ਸਿੱਖਾਂ ਤੇ ਉਨ੍ਹਾਂ ਪਿੱਛੋਂ ਗੁਰੂ ਸ਼ਬਦ ਤੋਂ ਸੇਧ ਲੈ ਕੇ, ਪੰਥ ਲਈ ਭਾਰੀ ਕੁਰਬਾਨੀਆਂ ਕਰਨ ਵਾਲੇ ਸਾਰੇ ਸਿੱਖਾਂ ਦੇ ਨਾਮ ਨਾਲ ‘ਭਾਈ’ ਤੇ ‘ਬਾਬਾ’ ਸ਼ਬਦ ਹੀ ਲਗਦੇ ਰਹੇ। ਜਿਵੇਂ ਕਿ ਭਾਈ ਰਾਇ ਬੁਲਾਰ ਜੀ, ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਸੁੰਦਰ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਮੰਝ ਜੀ, ਭਾਈ ਮਨਸੁਖ ਜੀ, ਸਾਂਈ ਮੀਆਂਮੀਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਭਾਈ ਨੰਦ ਲਾਲ ਸਿੰਘ ਜੀ, ਪੀਰ ਬੁੱਧੂ ਸ਼ਾਹ, ਭਾਈ ਬਚਿੱਤਰ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਗ਼ਨੀ ਖਾਂ, ਭਾਈ ਨੱਬੀ ਖਾਂ, ਭਾਈ ਮਹਾਂ ਸਿੰਘ ਜੀ, ਭਾਈ ਦਾਨ ਸਿੰਘ ਜੀ, ਭਾਈ ਵੀਰ ਸਿੰਘ, ਭਾਈ ਧੀਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਹਿਬਾਜ਼ ਸਿੰਘ ਜੀ, ਬਾਬਾ ਗੁਰਬਖ਼ਸ਼ ਸਿੰਘ ਜੀ ਅਤੇ ਅਨੇਕਾਂ ਹੋਰ ਸਿੰਘਾਂ ਵਿੱਚੋਂ ਕਿਸੇ ਇੱਕ ਦੇ ਨਾਮ ਨਾਲ ਵੀ ‘ਸੰਤ’ ਸ਼ਬਦ ਨਹੀਂ ਲੱਗਾ।
ਕੀ ਉਨ੍ਹਾਂ ਕਿਸੇ ਇੱਕ ’ਤੇ ਵੀ ਗੁਰੂ ਸਾਹਿਬ ਦੀ ਕ੍ਰਿਪਾ ਦ੍ਰਿਸ਼ਟੀ ਨਹੀਂ ਹੋਈ? ਕੀ ਅੱਜ ਦੇ ਸੰਤ ਬ੍ਰਹਮਗਿਆਨੀਆਂ ਦਾ ਨਾਮ ਅਭਿਆਸ ਸਿਖ ਇਤਿਹਾਸ ਦੀ ਸਿਰਜਨਾ ਕਰਨ ਵਾਲੇ ਉਕਤ ਸਤਿਕਾਰਯੋਗ ਸਿੱਖਾਂ ਤੋਂ ਵੀ ਵੱਧ ਹੈ? ਜੇ ਨਹੀਂ ਤਾਂ 20ਵੀਂ ਸਦੀ ਦੇ ਖਤਮ ਹੋਣ ਤੱਕ ਇਨ੍ਹਾਂ ਸੰਤਾਂ ਦੀ ਗਿਣਤੀ ਇੱਕਦਮ ਇਤਨੀ ਕਿਵੇਂ ਵਧ ਗਈ ਕਿ ਉਨ੍ਹਾਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਨਾਲ ਵੀ ਬਹੁਤ ਜਿਆਦਾ ਵਧ ਗਈ ਹੈ।
2. ਸੁਖਮਨੀ ਸਾਹਿਬ ਦੀ 7ਵੀਂ ਅਸਟਪਦੀ ਵਿੱਚ ਸਾਧ ਦੀ ਬੇਅੰਤ ਸੋਭਾ ਦਾ ਬਿਆਨ ਕੀਤਾ ਗਿਆ ਹੈ ਉਸ ਦੇ ਅਖੀਰਲੇ ਪਦੇ ’ਚ ਦੱਸਿਆ ਗਿਆ ਹੈ ਕਿ ਜਿਸ ਸਾਧ ਦੀ ਸੋਭਾ ਦਾ ਵਰਨਣ ਇਸ ਅਸਟਪਦੀ ਵਿੱਚ ਕੀਤਾ ਗਿਆ ਹੈ; ਉਸ ਦੇ ਗੁਣ ਇਹ ਹਨ:
‘‘ਸਾਧ ਕੀ ਸੋਭਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥8॥7॥’’
ਭਾਵ ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ (ਕਿਉਂਕਿ) ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀˆ ਹੈ ॥8॥7॥
3. ਸੁਖਮਨੀ ਸਾਹਿਬ ਦੀ 8ਵੀਂ ਅਸਟਪਦੀ ਵਿੱਚ ਬ੍ਰਹਮ ਗਿਆਨੀ ਦੀ ਸ਼ੋਭਾ ਕੀਤਾ ਗਈ ਹੈ ਉਸ ਦੇ ਅਖੀਰਲੇ ਪਦੇ ’ਚ ਦੱਸਿਆ ਗਿਆ ਹੈ ਕਿ ਜਿਸ ਬ੍ਰਹਮਗਿਆਨੀ ਦੀ ਸੋਭਾ ਦਾ ਵਰਨਣ ਇਸ ਅਸਟਪਦੀ ਵਿੱਚ ਕੀਤਾ ਗਿਆ ਹੈ ਉਸ ਦੇ ਗੁਣ ਇਹ ਹਨ:
‘‘ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥8॥8॥
’’ ਭਾਵ ਉਹ ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ। ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ। ਬ੍ਰਹਮਗਿਆਨੀ ਨਿਖ਼ਸਮਿਆˆ ਦਾ ਖ਼ਸਮ ਹੈ, ਸਭ ਦੀ ਸਹਾਇਤਾ ਕਰਦਾ ਹੈ। ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ, ਉਹ (ਤਾˆ ਪ੍ਰਤੱਖ) ਆਪ ਹੀ ਰੱਬ ਹੈ। ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ; ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾˆ ਦਾ ਮਾਲਕ ਹੈ ॥8॥8॥
4. ਸੁਖਮਨੀ ਸਾਹਿਬ ਦੀ 13ਵੀਂ ਅਸਟਪਦੀ ਦੇ ਸਲੋਕ :
‘‘ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥1॥’’ ਨੂੰ ਇਹ ਅਖੌਤੀ ਸੰਤ ਸਭ ਤੋਂ ਵੱਧ ਲੈਅ ਵਿੱਚ ਗਾ ਕੇ ਉਨ੍ਹਾਂ ਦੀਆਂ ਕਰਤੂਤਾਂ ਦਾ ਪਾਜ ਖੋਲ੍ਹਣ ਵਾਲਿਆਂ ਨੂੰ ਨਿੰਦਕ ਦੱਸ ਕੇ ਉਨ੍ਹਾਂ ਨੂੰ ਹਮੇਸ਼ਾਂ ਜਨਮ ਮਰਨ ਦੇ ਚੱਕਰਾਂ ਵਿੱਚ ਫਸੇ ਰਹਿਣ ਵਾਲੇ ਦੱਸਦੇ ਹਨ, ਉਸ ਅਸਟਪਦੀ ਦੇ ਅਖੀਰਲੇ ਪਦੇ ਵਿੱਚ ਦੱਸਿਆ ਗਿਆ ਹੈ ਕਿ ਜਿਸ ਸੰਤ ਦੀ ਨਿੰਦਾ ਕਰਨੀ ਮਾੜੀ ਹੈ ਉਸ ਸੰਤ ਦੇ ਗੁਣ ਇਹ ਹਨ:
‘‘ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥ ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥ ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥ ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ ਬਡਭਾਗੀ ਨਾਨਕ ਜਨ ਸੇਇ ॥8॥13॥’’
ਭਾਵ ਸਾਰੇ ਜੀਅ ਜੰਤ ਉਸੇ ਦੇ ਹੀ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ, ਸਦਾ ਉਸ ਅੱਗੇ ਸਿਰ ਨਿਵਾਓ। ਦਿਨ ਰਾਤਿ ਉਸ ਪ੍ਰਭੂ ਦੇ ਗੁਣ ਗਾਓ, ਦਮ-ਬ-ਦਮ ਉਸੇ ਨੂੰ ਯਾਦ ਕਰੋ। (ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ, ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾˆਦਾ ਹੈ। (ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ। ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ? ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ; (ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾˆ ਵਾਲੇ ਹੋ ਜਾˆਦੇ ਹਨ ॥8॥13॥
5. ਉਕਤ ਤਿੰਨਾਂ ਹੀ ਅਸਟਪਦੀਆਂ ਦੇ ਅਖੀਰ ’ਤੇ ਕੱਢੇ ਨਚੋੜ ਵਾਲੀਆਂ ਤੁਕਾਂ ਸਿਰਫ ਪ੍ਰਭੂ ਲਈ ਵਰਤੀਆਂ ਜਾ ਸਕਦੀਆਂ ਹਨ। ਇਸ ਲਈ ਇਨ੍ਹਾਂ ਅਸਟਪਦੀਆਂ ਵਿੱਚ ਵਰਤੇ ਗਏ ਸ਼ਬਦ ‘ਸੰਤ’ ‘ਸਾਧ’ ‘ਬ੍ਰਹਮਗਿਆਨੀ’ ਕੀ ਕਿਸੇ ਵਿਅਕਤੀ ਲਈ ਵਰਤਣੀਆ ਯੋਗ ਹਨ?
6. ‘‘ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥’’ (ਮਾਝ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 97)
ਜੇ ਇਥੇ ਸੰਤ ਦਾ ਭਾਵ ਕਿਸੇ ਨਾਮ ਅਭਿਆਸੀ ਮਨੁੱਖ ਵਾਸਤੇ ਹੁੰਦੇ ਤਾਂ ਗੁਰੂ ਨੇ ਕਿਹੜੇ ਸੰਤ ਨੂੰ ਮਿਲਾਇਆ ਕਿਉਂਕਿ ਗੁਰੂ ਸਾਹਿਬ ਜੀ ਦੇ ਸਮੇਂ ਤਾਂ ਕੋਈ ਸੰਤ ਹੈ ਹੀ ਨਹੀਂ ਸੀ। ਜਿਸ ’ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਦ੍ਰਿਸ਼ਟੀ ਹੋ ਜਾਵੇ ਉਸ ਨੂੰ ਕਿਸੇ ਮਨੁਖ ਨਾਲ ਨਹੀ ਬਲਕਿ ਪ੍ਰਭ ਨਾਲ ਹੀ ਮਿਲਾਉਣਗੇ। ਇਨ੍ਹਾਂ ਤੁਕਾਂ ਦੇ ਇਹੋ ਅਰਥ ਨਿਕਲਦੇ ਹਨ ਕਿ ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ (ਸੰਤ) ਸ਼ਾˆਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ। (ਕਿਸ ਸੰਤ ਨੂੰ ਮਿਲਾਇਆ ਉਸ ਸਬੰਧੀ ਗੁਰੂ ਸਾਹਿਬ ਜੀ ਆਖ ਰਹੇ ਹਨ ਕਿ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਇਸ ਤੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਪ੍ਰੋਕਤ ਸਾਰੀਆਂ ਤੁਕਾਂ ਵਿੱਚ ਸ਼ਬਦ ‘ਸਾਧ’ ‘ਬ੍ਰਹਮਗਿਆਨੀ’ ਅਤੇ ‘ਸੰਤ’ ਕੇਵਲ ਤੇ ਕੇਵਲ ਪ੍ਰਭੂ ਵਾਸਤੇ ਹੀ ਵਰਤੇ ਗਏ ਹਨ। ਕਿਉਂਕਿ ਗੁਰਬਾਣੀ ਵੀ ਨਿਰੰਕਾਰ ਦਾ ਹੀ ਰੂਪ ਹੈ:
’‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥’ (ਗੂਜਰੀ ਕੀ ਵਾਰ:1 (ਮ: 3) ਗੁਰੂ ਗ੍ਰੰਥ ਸਾਹਿਬ -ਪੰਨਾ 516)
ਇਸ ਲਈ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਸੰਤ ਹਨ।
7. ਉਕਤ ਸਾਰੀਆਂ ਉਦਾਹਰਣਾਂ ਅਤੇ ਗੁਰਬਾਣੀ ਵਿੱਚ ਦਿੱਤੇ ਸੈਂਕੜੇ ਹੋਰ ਪ੍ਰਮਾਣਾਂ ਨੂੰ ਗਹੁ ਨਾਲ ਵਾਚਿਆਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰਬਾਣੀ ਵਿੱਚ ਆਇਆ ਸ਼ਬਦ ‘ਸੰਤੁ’ ਜਿਥੇ ਇੱਕ ਬਚਨ ਹੈ ਤਾ ਹਮੇਸ਼ਾਂ ਕੇਵਲ ਤੇ ਕੇਵਲ ਪ੍ਰਭੂ ਜਾਂ ਗੁਰੂ ਲਈ ਹੀ ਵਰਤਿਆ ਗਿਆ ਹੈ। ਜਿਥੇ ਮੁਕਤਾ ਅੰਤ ਨਾਲ ਸ਼ਬਦ ‘ਸੰਤ’ ਆਇਆ ਹੈ ਉਥੇ ਬਹੁ ਬਚਨ ਦੇ ਅਰਥਾਂ ਵਿੱਚ ਹੈ ਤੇ ਇਹ ਗੁਰੂ ਦੀ ਹਜੂਰੀ ਵਿੱਚ ਇੱਕ ਮਨ ਇਕ ਚਿੱਤ ਹੋ ਕੇ ਜੁੜੀ ਸੰਗਤ ਲਈ ਹੈ ਜਿਸ ਨੂੰ ਗੁਰੂ ਰੂਪ ਖ਼ਾਲਸਾ ਜਾਂ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ। ਜਿਥੇ ਵੀ ‘ਸੰਤ’ ਸ਼ਬਦ ਭੇਖਧਾਰੀ ਪਾਖੰਡੀ ਸਾਧਾਂ ਲਈ ਵਰਤਿਆ ਗਿਆ ਹੈ ਉਥੇ ਬਾਬਾ ਕਬੀਰ ਸਾਹਿਬ ਜੀ ਨੇ ਉਨ੍ਹਾਂ ਸਬੰਧੀ ਇਸ ਤਰ੍ਹਾਂ ਦੇ ਖ਼ਿਆਲ ਪ੍ਰਗਟ ਕੀਤੇ ਹਨ:
‘‘ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤਨ ਆਖੀਅਹਿ ਬਾਨਾਰਸਿ ਕੇ ਠਗ ॥1॥
ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ਰਹਾਉ ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ੇ ਸਾਰੇ ਮਾਣਸ ਖਾਵਹਿ ॥2॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥4॥2॥’’ (ਗੁਰੂ ਗ੍ਰੰਥ ਸਾਹਿਬ - ਪੰਨਾ 476) ਅਤੇ ਭੱਟ ਸਾਹਿਬਾਨ ਨੇ ਲਿਖਿਆ ਹੈ:
‘‘ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥2॥ 20॥’’ (ਸਵਈਏ ਮਹਲੇ ਤੀਜੇ ਕੇ (ਭਟ ਭਿਖਾ) ਗੁਰੂ ਗ੍ਰੰਥ ਸਾਹਿਬ - ਪੰਨਾ 1396)।
ਬਾਣੀ ਵਿੱਚ ‘ਸੰਤ’ ਦੀ ਮਹਿਮਾ ਦੱਸਣ ਵਾਲੇ ਅਖੌਤੀ ਸੰਤ ਆਪਣੇ ਡੇਰਿਆਂ ਵਿੱਚ ਇਨ੍ਹਾਂ ਸ਼ਬਦਾਂ ਦਾ ਕੀਰਤਨ ਤੇ ਵਿਆਖਿਆ ਕਿਉਂ ਨਹੀਂ ਕਰਦੇ?
ਨੋਟ: ਗੁਰਬਾਣੀ ਵਿੱਚ ਕਈ ਥਾਵਾਂ ਤੇ ਮੁਕਤਾ ਅੰਤ ਸ਼ਬਦ ‘ਸੰਤ’ ਸਬੋਧਨ ਜਾਂ ਸਬੰਧਕੀ ਕਾਰਕ ਦੇ ਰੂਪ ਵਿੱਚ ਆਇਆ ਹੈ ਜਾਂ ਇਨ੍ਹਾਂ ਪਿਛੇ ਸਬੰਧਕੀ ਸ਼ਬਦ ਕਾ, ਕੇ, ਕੀ ਜਾਂ ਦਾ, ਦੇ, ਦੀ ਆਦਿ ਆਉਣ ਕਰਕੇ ਕੱਟੀ ਜਾਂਦੀ ਹੈ। ਸੋ ਇਹ ਸ਼ਬਦ ਬਹੁ ਬਚਨ ਵਾਸਤੇ ਨਹੀਂ ਇੱਕ ਬਚਨ ‘ਸੰਤੁ’ ਲਈ ਹੀ ਆਏ ਹਨ। ਔਕੜ ਕੱਟੀ ਜਾਣ ਕਰਕੇ ਇਸ ਤੋਂ ਭੁਲੇਖਾ ਨਹੀਂ ਖਾਣਾ। ਉਕਤ ਸਾਰੀ ਵੀਚਾਰ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਸਾਰਾ ਸ਼ਬਦ ਜਾਂ ਸਮੁਚੀ ਬਾਣੀ ਦਾ ਭਾਵ ਅਰਥ ਸਮਝੇ ਬਿਨਾਂ ਇਹ ਪਾਖੰਡੀ ਚੋਣਵੀਆਂ ਤੁਕਾਂ ਸੁਣਾ ਕੇ ਭੋਲੀਆਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਦੀਆਂ ਹਨ। ਸੰਤਾਂ ਦੀ ਨਿੰਦਾ ਸੁਣ ਕੇ ਤੜਫਨ ਵਾਲੇ ਪਰ ਗੁਰੂ ਸਾਹਿਬ ਜੀ ਦੀ ਬੇਅਦਬੀ ਤੇ ਚਰਿਤਰਘਾਣ ਕਰਨ ਵਾਲੀਆਂ ਪੁਸਤਕਾਂ ਛਾਪਣ ਵਾਲਿਆਂ ਵਿਰੁਧ ਮੂੰਹ ਨਾ ਖੋਲ੍ਹਣ ਵਾਲੇ ਗਿਆਨੀ ਸ਼ੇਰ ਸਿੰਘ ਵਰਗੇ ਭੁਲੇਖੇ ਪਾਉ ਪ੍ਰਚਾਰਕ ਜਿਥੇ ਵੀ ਕਥਾ ਕਰਨ ਜਾਣ; ਗੁਰੂ ਕੇ ਸਿੱਖ ਉਨ੍ਹਾਂ ਤੋਂ ਇਹ ਸਵਾਲ ਜਰੂਰ ਪੁੱਛਣ ਕਿ:
1. ਤੁਹਾਡੇ ਲਈ ਗੁਰੂ ਵੱਡਾ ਹੈ ਜਾਂ ਤੁਹਾਡੇ ਪਾਖੰਡੀ ਸਾਧ?
2. ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸਿਖਿਆ ਗ੍ਰਹਿਣ ਕੀਤੀ ਤੇ ਗੁਰੂ ਸਾਹਿਬ ਜੀ ਦੀ ਉਨ੍ਹਾਂ ’ਤੇ ਮਿਹਰ ਦੀ ਨਜ਼ਰ ਹੋਈ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸਿਰਫ ਸਰੀਰਕ ਤੌਰ ’ਤੇ ਸੁਰੱਖਿਆ ਹੀ ਨਹੀਂ ਦਿੱਤੀ ਬਲਕਿ ਉਨ੍ਹਾਂ ਦੀ ਆਤਮਾ ਇਤਨੀ ਬਲਵਾਨ ਕਰ ਦਿੱਤੀ ਕਿ ਗੁਰੂ ਤੇ ਧਰਮ ਲਈ ਉਹ ਆਰਿਆਂ ਨਾਲ ਚੀਰੇ ਗਏ, ਚਰਖੜੀਆਂ ’ਤੇ ਚੜ੍ਹੇ, ਉਬਲਦੇ ਕੜਾਹਿਆ ਵਿੱਚ ਉਬਾਲੇ ਗਏ, ਬੱਚਿਆਂ ਦੇ ਕਲੇਜੇ ਮੂੰਹ ’ਚ ਪਵਾਏ, ਜਮੂਰਾਂ ਨਾਲ ਮਾਸ ਤੁੜਵਾਇਆ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਬੀਬੀਆਂ ਨੇ ਸਵਾ ਸਵਾ ਮਣ ਪੀਸਣ ਪੀਸੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਵਿੱਚ ਪਵਾਏ ਪਰ ਕਿਸੇ ਇੱਕ ਨੇ ਵੀ ਆਤਮ ਹੱਤਿਆ ਨਹੀਂ ਕੀਤੀ ਜਿਸ ਤਰ੍ਹਾਂ ਕਿ ਗਿਆਨੀ ਸ਼ੇਰ ਸਿੰਘ ਵਰਗੇ; ਰਾਜਾ ਰਾਮ ਪ੍ਰਸ਼ਾਦ ਅਤੇ ਰਾਜਾ ਸ਼ੇਰ ਸਿੰਘ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਿਖਾ ਵਿੱਚ ਸੜ ਕੇ ਆਤਮ ਹੱਤਿਆ ਕਰਦੇ ਵਿਖਾ ਰਹੇ ਹਨ। ਗਿਆਨੀ ਸ਼ੇਰ ਸਿੰਘ ਅਨੁਸਾਰ ਜਿਨ੍ਹਾਂ ’ਤੇ ਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਨ੍ਹਾਂ ਵਿੱਚੋਂ ਸੰਤਾਂ ਦੇ ਵੱਗ ਤਾਂ ਬਹੁਤ ਬਣ ਗਏ ਪਰ (ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਛੱਡ ਕੇ ਬਾਕੀ) ਸਾਰਿਆਂ ਦੀ ਜ਼ਮੀਰ ਇੰਨੀ ਮਰ ਚੁੱਕੀ ਹੈ ਕਿ ਇਨ੍ਹਾਂ ਨੇ ਅੱਜ ਤੱਕ ਗੁਰੂ ਸਾਹਿਬ ਜੀ ਦਾ ਚਰਿਤਰਘਾਣ ਕਰਨ ਵਾਲੀਆਂ ਪੁਸਤਕਾਂ ਬਚਿੱਤਰ ਨਾਟਕ, ਗੁਰਬਿਲਾਸ ਪਾਤਸ਼ਾਹੀ 6ਵੀਂ, ਅਤੇ ਸਿੱਖ ਇਤਿਹਾਸ (ਹਿੰਦੀ) ਵਰਗੀਆਂ ਪੁਸਤਕਾਂ ਲਿਖਣ ਵਾਲੀਆਂ ਲਿਖਣ ਵਾਲਿਆਂ ਵਿਰੁਧ ਯਾਦ ਕਰਵਾਉਣ ਦੇ ਬਾਵਯੂਦ ਵੀ ਇੱਕ ਸ਼ਬਦ ਵੀ ਬੋਲਣ ਲਈ ਤਿਆਰ ਨਹੀਂ। ਇਸ ਤੋਂ ਇਹ ਸਿੱਧ ਤਾਂ ਨਹੀ ਹੁੰਦਾ ਕਿ ਇਹ ਸਾਰੇ ਗੁਰੂ ਸਾਹਿਬ ਜੀ ਦਾ ਚਰਿੱਤਰਘਾਣ ਕਰਨ ਵਾਲਿਆਂ ਦੀ ਸਾਜਿਸ਼ ਵਿੱਚ ਸ਼ਾਮਲ ਹਨ?
ਕਿਰਪਾਲ ਸਿੰਘ ਬਠਿੰਡਾ
ਡੇਰੇਦਾਰਾਂ ਨੂੰ ਆਪਣੇ ਸਾਧਾਂ ਦੀ ਨਿੰਦਾ ਤਾਂ ਬਹੁਤ ਹੀ ਚੁਭਦੀ ਹੈ
Page Visitors: 2696