-: ਜਾਪ ਸਾਹਿਬ ਵਿਵਾਦ ਬਾਰੇ :-
(ਨੋਟ 1:- ਇਹ ਲੇਖ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦੇ ਲੇਖ ‘ਨਮੋਂ ਅੰਧਕਾਰੇ?’ ਦੇ ਸੰਬੰਧ ਵਿੱਚ ਹੈ।ਪਰ ਜਦੋਂ ਤੋਂ ਤੱਤ… ਪਰਿਵਾਰ ਵਾਲੇ ਹੋਂਦ ਵਿੱਚ ਆਏ ਹਨ, ਇਹਨਾਂ ਦੀ ਕਿਸੇ ਲਿਖਤ ਵਿੱਚ ਮੈਨੂੰ ‘ਗੁਰਮਤਿ’ ਨਜ਼ਰ ਨਹੀਂ ਆਈ।ਸੋ ਇਹਨਾਂ ਦੀ ਆਪਣੀ ਸੋਚ ਨੂੰ ਮੈਂ ਗੁਰਮਤਿ ਨਹੀਂ ਮੰਨ ਸਕਦਾ।ਲਿਹਾਜਾ ਇਹਨਾਂ ਨੂੰ ‘ਤੱਤ ਗੁਰਮਤਿ ਪਰਿਵਾਰ’ ਦੀ ਬਜਾਏ, ਮੈਂ ‘ਤੱਤ … ਪਰਿਵਾਰ ਵਾਲੇ’ ਨਾਮ ਨਾਲ ਹੀ ਸੰਬੋਧਨ ਕਰਨਾ ਪਸੰਦ ਕਰਦਾ ਹਾਂ।
ਨੋਟ 2- ਤੱਤ ਗੁਰਮਤਿ ਪਰਿਵਾਰ ਵਾਲੇ, ਲੇਖ ਵਿੱਚ ਲਿਖੇ ‘ਤੱਤ … ਪਰਿਵਾਰ’ ਨੂੰ ‘ਤੱਤ ਗੁਰਮਤਿ ਪਰਿਵਾਰ’ ਪੜ੍ਹਕੇ ਆਪਣਾ ਪ੍ਰਤੀਕਰਮ ਜਰੂਰ ਦੇਣ)
ਦਸਮ ਗ੍ਰੰਥ ਵਿਵਾਦ ਨੂੰ ਸੁਲਝਾਉਣ ਅਤੇ ਸਾਰੇ ਸਿੱਖ ਜਗਤ ਨੂੰ ਇੱਕ ਥਾਂ ਇੱਕਠੇ ਕਰਨ ਲਈ ਸਾਰੇ ਪੰਥ-ਦਰਦੀ ਚਾਹਵਾਨ ਹਨ।ਪਰ ਚਾਹੇ ਕੋਈ ਦਸਮ ਗ੍ਰੰਥ ਦਾ ਸਮਰਥਕ ਹੈ ਜਾਂ ਵਿਰੋਧੀ, ਹਰ ਕੋਈ ਆਪਣੇ ਮਨ ਤੋਂ ਮੰਨੀ ਬੈਠਾ ਹੈ ਕਿ ਉਹ ਖੁਦ ਸਹੀ ਹੈ, ਅਤੇ ਉਸ ਦੇ ਵਿਰੋਧੀ ਵਿਚਾਰਾਂ ਵਾਲੇ ਗ਼ਲਤ।ਇਸ ਤਰ੍ਹਾਂ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਿਰੋਧੀ ਵਿਚਾਰਾਂ ਵਾਲੇ ਆਪਣੀ ਸੋਚ ਛੱਡਕੇ ਉਸ ਦੀ ਸੋਚ ਅਪਨਾ ਕੇ ਸਭ ਇਕੱਠੇ ਹੋ ਜਾਈਏ।
ਤੱਤ …. ਪਰਿਵਾਰ ਵਾਲਿਆਂ ਨੇ ‘ਜਾਪ ਸਾਹਿਬ’ ਬਾਣੀ ਦੀ ਇਕ ਤੁਕ ਪੇਸ਼ ਕਰਕੇ ਜਾਪ ਸਾਹਿਬ ਨੂੰ ਗੁਰੂ ਕ੍ਰਿਤ ਮੰਨਣ ਬਾਰੇ ਆਪਣਾ ਵਿਰੋਧ ਪ੍ਰਗਟਾਇਆ ਹੈ।ਤੱਤ … ਪਰਿਵਾਰ ਵਾਲੇ ਗੁਰਮਤਿ ਵਿਚਾਰਾਂ ਲਈ ਅਤੇ ਪੰਥਕ ਮੁੱਦੇ ਸੁਲਝਾਉਣ ਪ੍ਰਤੀ ਕਿੰਨੇਕੁ ਸੁਹਿਰਦ ਅਤੇ ਇਮਾਨਦਾਰ ਹਨ, ਇਸ ਦਾ ਨਮੂੰਨਾ ਤਾਂ ਬਹੁਤ ਸਾਰੇ ਸੱਜਣਾਂ ਨੇ ਪਿਛਲੇ ਸਮੇਂ ਵਿੱਚ ਦੇਖ ਹੀ ਲਿਆ ਹੈ।ਅਨੇਕਾਂ ਵਿਦਵਾਨਾਂ ਦੇ ਸਮਝਾਉਣ ਦੇ ਬਾਵਜੂਦ ਹੁਣ ਤੱਕ ਇਹ ਇਸ ਗੱਲ ਤੇ ਅੜੇ ਬੈਠੇ ਹਨ ਕਿ ਗੁਰੂ ਸਾਹਿਬਾਂ ਨੂੰ ਗੁਰੂ ਕਹਿਣਾ ਗੁਰਮਤਿ ਦੇ ਉਲਟ ਹੈ।ਗੁਰੂ ਸਾਹਿਬਾਂ ਨੂੰ ‘ਰਹਬਰ’ ਕਹਿਣ ਵਿੱਚ ਇਹਨਾਂ ਨੂੰ ਕੋਈ ਇਤਰਾਜ ਨਹੀਂ।ਹੁਣ ਇਹਨਾਂ ਨੂੰ ਕੌਣ ਸਮਝਾਵੇ ਕਿ ‘ਰਹਬਰ’ ਅਤੇ ‘ਗੁਰੂ’ ਵਿੱਚ ਕੋਈ ਫਰਕ ਨਹੀਂ ਹੈ।ਜਿਸ ਨੂੰ ਹਿੰਦੀ ਜਾਂ ਪੰਜਾਬੀ ਵਿੱਚ ‘ਗੁਰੂ’ ਕਿਹਾ ਜਾਂਦਾ ਹੈ, ਉਸੇ ਨੂੰ ਫਾਰਸੀ ਵਿੱਚ ‘ਰਹਬਰ/ਰਾਹਬਰ’ ਕਿਹਾ ਜਾਂਦਾ ਹੈ।ਇਹ ‘ਗੁਰੂ’ ਵਾਲਾ ਮੁੱਦਾ ਚੱਲਦਾ ਵਿਸ਼ਾ ਨਾ ਹੋਣ ਕਰਕੇ ਇਸ ਬਾਰੇ ਜਿਆਦਾ ਵਿਚਾਰ ਸਾਂਝੇ ਨਹੀਂ ਕੀਤੇ ਜਾ ਰਹੇ।
ਤੱਤ … ਪਰਿਵਾਰ ਵਾਲੇ ਜਾਪ ਸਾਹਿਬ ਬਾਰੇ ਕਿੰਨੀਂ ਸੁਹਿਰਦਤਾ ਨਾਲ ਆਪਣਾ ਪੱਖ ਰੱਖ ਰਹੇ ਹਨ, ਉਹ ਵੀ ਦੇਖੋ:- ਜਾਪ ਸਾਹਿਬ ਦੀ ਜਿਸ ਪੰਗਤੀ ਦੇ ਹਵਾਲੇ ਨਾਲ ਇਹ ਬਾਣੀ ਗੁਰੂ ਕ੍ਰਿਤ ਨਾ ਹੋਣ ਦਾ ਦਾਅਵਾ ਕਰਦੇ ਹਨ, ਉਹ ਪੰਗਤੀ ਇਸ ਪ੍ਰਕਾਰ ਹੈ:-
“ਨਮੋ ਅੰਧਕਾਰੇ ਨਮੋ ਤੇਜ ਤੇਜੇ” ….. । 185 ।
ਤੱਤ … ਪਰਿਵਾਰ:-
{{{“ਪ੍ਰੋ. ਸਾਹਿਬ ਸਿੰਘ ਇਸ ਬੰਦ ਦੇ ਅਰਥ ਲਿਖਦੇ ਹਨ:-
"ਹੇ ਪ੍ਰਭੂ! ਤੈਨੂੰ ਨਮਸ਼ਕਾਰ ਹੈ, ਘੁੱਪ ਹਨੇਰਾ ਵੀ ਤੂੰ ਹੀ ਹੈ ਅਤੇ ਮਹਾਨ ਚਮਕ ਵਾਲਾ ਪ੍ਰਕਾਸ਼ ਵੀ ਤੂੰ ਹੀ ਹੈਂ।"।
ਗੁਰਬਾਣੀ ਵਿਚ ਪ੍ਰਭੂ ਨੂੰ ਕਿਧਰੇ ਵੀ ਹਨੇਰਾ ਨਹੀਂ ਕਿਹਾ ਗਿਆ ਅਤੇ ਨਾ ਹੀ ਹਨੇਰੇ ਨੂੰ ਨਮਸਕਾਰ ਕੀਤੀ ਮਿਲਦੀ ਹੈ। ਬਲਕਿ ਗੁਰਬਾਣੀ ਵਿਚ ਤਾਂ ਗੁਰਵਾਕ ਸਮਝਾਉਂਦਾ ਹੈ ਕਿ ਹਨੇਰੇ ਵਿਚ ਕਦੀਂ ਸੁਖ ਨਹੀਂ ਹੋ ਸਕਦਾ।
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥ (ਭਗਤ ਕਬੀਰ ਜੀ ਪੰਨਾ 325)
ਪ੍ਰੋ. ਸਾਹਿਬ ਨੇ ਇਥੇ ਅਰਥ ਘੁਮਾ ਕੇ ਕੁਝ ਇਸ ਤਰਾਂ ਕਰ ਦਿਤੇ ਕਿ ਸਾਰਾ ਕੁਝ ਹੀ ਉਸ ਪ੍ਰਭੂ ਦਾ ਬਣਾਇਆ ਹੋਇਆ ਹੈ। ਸੋ ਹਨੇਰਾ ਵੀ ਉਸ ਦਾ ਹੀ ਬਣਾਇਆ ਹੈ। ਉਸ ਦੀ ਬਣਾਈ ਹਰ ਸ਼ੈ ਨੂੰ ਨਮਸਕਾਰ ਹੈ। ਪਰ ਕੀ ਇਹ ਸਹੀ ਪਹੁੰਚ ਹੈ? ਬਿਲਕੁਲ ਨਹੀਂ।”}}}
ਵਿਚਾਰ:- ਦੇਖੋ ਤੱਤ … ਪਰਿਵਾਰ ਵਾਲੇ, ਅਰਥਾਂ ਨੂੰ ਖੁਦ ਘੁਮਾ ਕੇ ਪ੍ਰੋ: ਸਾਹਿਬ ਨੂੰ ਗ਼ਲਤ ਠਹਿਰਾ ਕੇ ਆਪਣਾ ਪੱਖ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਤੁਕ ਦੇ ਅੱਧੇ ਹਿੱਸੇ ਵਿੱਚ ਲਫਜ਼ ਹਨ- ‘… ਨਮੋ ਤੇਜ ਤੇਜੇ’ ਮਤਲਬ ਸਾਫ ਹੈ ਕਿ ਤੁਕ ਦੇ ਪਹਿਲੇ ਅੱਧੇ ਹਿੱਸੇ ਵਿੱਚ ਆਏ ‘ਨਮੋ ਅੰਧਕਾਰੇ…’ ਦਾ ਸੰਬੰਧ ਪ੍ਰਕਾਸ਼(ਤੇਜ ਤੇਜੇ) ਦੀ ਅਣ-ਹੋਂਦ ਵਾਲੇ ਹਨੇਰੇ ਨਾਲ ਹੈ ਗਿਆਨ ਦੀ ਅਣ-ਹੋਂਦ ਵਾਲੇ ਹਨੇਰੇ ਨਾਲ ਨਹੀਂ।ਪਰ ਤੱਤ … ਪਰਿਵਾਰ ਵਾਲੇ ਜ਼ਬਰਦਸਤੀ ਇਸ ਨੂੰ ਗਿਆਨ ਦੀ ਅਣ-ਹੋਂਦ ਵਾਲੇ ਹਨੇਰੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।
ਤੱਤ …ਪਰਿਵਾਰ ਵਾਲੇ ਲਿਖਦੇ ਹਨ: “ਉਨ੍ਹਾਂ ਨੇ(ਅਰਥਾਤ ਪ੍ਰੋ: ਸਾਹਿਬ ਸਿੰਘ ਜੀ ਨੇ) ਅਰਥ ਘੁਮਾ ਕੇ ਕੁਝ ਇਸ ਤਰ੍ਹਾਂ ਕਰ ਦਿੱਤੇ ਕਿ ਸਾਰਾ ਕੁਝ ਹੀ ਉਸ ਪ੍ਰਭੂ ਦਾ ਬਣਾਇਆ ਹੋਇਆ ਹੈ।ਉਸ ਦੀ ਬਣਾਈ ਹਰ ਸ਼ੈ ਨੂੰ ਨਮਸਕਾਰ ਹੈ।”
ਵਿਚਾਰ- ਪਾਠਕ ਦੇਖ ਲੈਣ ਕਿ ਮੇਰੇ ਵੱਲੋਂ ਇਹਨਾਂ ਦੇ ਨਾਮ ਨਾਲ ‘…ਗੁਰਮਤਿ…’ ਲਫਜ਼ ਨਾ ਵਰਤੇ ਜਾਣਾ ਬੇ-ਵਜਹ ਨਹੀਂ ਹੈ।ਗੁਰਬਾਣੀ ਤਾਂ ਪੈਰ ਪੈਰ ਤੇ ਕਹਿ ਰਹੀ ਹੈ ਕਿ ਸਭ ਕੁਝ ਉਸੇ ਦਾ ਕੀਤਾ ਹੋਇਆ ਹੈ, ਪਰ ਤੱਤ …ਪਰਿਵਾਰ ਵਾਲੇ ਗੁਰਮਤਿ ਦੇ ਇਸ ਸੰਕਲਪ ਨੂੰ ਮੰਨਣ ਤੋਂ ਇਨਕਾਰੀ ਹਨ।
ਗੁਰਬਾਣੀ ਫੁਰਮਾਨ ਦੇਖੋ:-
“ਸੁੰਨਹੁ ਚੰਦੁ ਸੂਰਜੁ ਗੈਣਾਰੇ ॥..
ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਓਪਤਿ ਖਪਤਿ ਸੁਖਾ ਦੁਖ ਦੀਏ ॥” ਪੰਨਾ 1037-38
(ਇਹ ਪੂਰਾ ਸ਼ਬਦ ਵਿਚਾਰਨ ਯੋਗ ਹੈ)
ਹੋਰ ਦੇਖੋ- “ਪਉੜੀ ॥
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥ {ਪੰਨਾ 313}
(ਜਿਸਨੇ ਦਿਨ ਰਾਤ ਬਣਾਏ ਹਨ, ਉਸ ਨੂੰ ਸਲਾਹੁਣ ਅਰਥਾਤ ਉਸ ਦੀਆਂ ਵਡਿਆਈਆਂ ਦੀ ਗੱਲ ਕੀਤੀ ਗਈ ਹੈ)
“ਜਾਪ ਸਾਹਿਬ ਦੀ ਵਿਚਾਰ-ਅਧੀਨ ਤੁਕ ਦਾ ਸੰਬੰਧ ਵੀ ਇਸੇ ‘ਸੂਰਜ, ਤੇਜ, ਰਾਤਿ-ਦਿਨਸੁ ਵਾਲੇ ਅੰਧਕਾਰ ਨਾਲ ਹੈ (ਅਗਿਆਨਤਾ ਦੇ ਅੰਧੇਰੇ ਨਾਲ ਬਿਲਕੁਲ ਵੀ ਨਹੀਂ)। ਪਰ ਤੱਤ ਪਰਿਵਾਰ ਵਾਲੇ ਗੁਰਮਤਿ ਦੇ ਇਸ ਸੰਕਲਪ ਨੂੰ ਮੰਨਣ ਤੋਂ ਇਨਕਾਰੀ ਹਨ ਕਿ- “ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ **ਬਣਾਈਆ**”।
ਪ੍ਰਭੂ ਦੀ ਸਿਫਤ ਸਲਾਹ ਅਤੇ ਵਡਿਆਈ ਵਾਲਾ ਪੱਖ ਇਹਨਾਂ ਦੀ ਆਪਣੀ ਸੋਚ ਵਿੱਚ ਫਿੱਟ ਨਹੀਂ ਬੈਠਦਾ।ਪਰ ਜੇ ਗੁਰਬਾਣੀ ਵਿੱਚ ਸਭ ਕੁਝ ਬਨਾਉਣ ਵਾਲੇ ਨੂੰ ਅਤੇ ਉਸ ਦੀ ਬਣਾਈ ਹੋਈ ਹਰ ਕ੍ਰਿਤ ਨੂੰ ਸਲਾਹੁਣਾ ਅਤੇ ਵਡਿਆਉਣਾ ਠੀਕ ਹੈ (ਜਿਸ ਨੂੰ ਤੱਤ … ਪਰਿਵਾਰ ਵਾਲੇ ਮੰਨਣ ਤੋਂ ਇਨਕਾਰੀ ਹਨ) ਤਾਂ ਜਾਪ ਸਾਹਿਬ ਦੀ ਤੁਕ ਦੇ ਪ੍ਰੋ: ਸਾਹਿਬ ਸਿੰਘ ਜੀ ਨੇ ਜੋ ਅਰਥ ਲਿਖੇ ਹਨ “ਹੇ ਪ੍ਰਭੂ! ਤੈਨੂੰ ਨਮਸ਼ਕਾਰ ਹੈ, ਘੁੱਪ ਹਨੇਰਾ ਵੀ ਤੂੰ ਹੀ ਹੈ ਅਤੇ ਮਹਾਨ ਚਮਕ ਵਾਲਾ ਪ੍ਰਕਾਸ਼ ਵੀ ਤੂੰ ਹੀ ਹੈਂ।” ਇਸ ਵਿੱਚ ਕੀ ਗ਼ਲਤ ਹੋ ਗਿਆ?
ਜੇ ਗੁਰਬਾਣੀ ਉਸ ਦੀ ਕ੍ਰਿਤ ‘ਦੁਖ ਭੁੱਖ’ ਨੂੰ ਵੀ ਉਸ ਦੀ ਦਾਤ ਮੰਨਦੀ ਹੈ
“ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ”
ਤਾਂ ਉਸ ਦੀ ਕ੍ਰਿਤ ‘ਅੰਧਕਾਰ’ ਨੂੰ ਨਮੋ ਕਹਿਣ ਨਾਲ ਕੀ ਗ਼ਲਤ ਹੋ ਗਿਆ?
ਜਾਪ ਸਾਹਿਬ ਦੀ ਵਿਚਾਰ-ਅਧੀਨ ਪੰਗਤੀ ਵਿੱਚ ਆਏ ਅੰਧਕਾਰ ਦਾ ਸੰਬੰਧ ਚਾਨਣ/ਤੇਜ ਦੀ ਅਣ-ਹੋਂਦ ਵਾਲੇ ਹਨੇਰੇ ਨਾਲ ਹੈ, ਪਰ ਤੱਤ … ਪਰਿਵਾਰ ਵਾਲੇ ਕਬੀਰ ਜੀ ਦੀ ਪੰਗਤੀ- “ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥” ਜਿਸ ਵਿੱਚ ਅਗਿਆਨਤਾ ਦੇ ਹਨੇਰੇ ਬਾਰੇ ਵਿਚਾਰ ਹੈ, ਦੇ ਹਵਾਲੇ ਨਾਲ ਜਾਪ ਸਾਹਿਬ ਦੀ ਵਿਚਾਰ-ਅਧੀਨ ਪੰਗਤੀ ਬਾਰੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅੱਗੇ ਤੱਤ… ਪਰਿਵਾਰ ਵਾਲੇ ਲਿਖਦੇ ਹਨ:- {{“ਅਸੀਂ ਮੰਨਦੇ ਹਾਂ ਕਿ ਇਸ ਬ੍ਰਹਿਮੰਡ ਦਾ ਹਰ ਵਰਤਾਰਾ ਉਸ ਦੇ ਨਿਯਮਾਂ ਵਿਚ ਹੈ। ਸੰਭੋਗ (ਸੈਕਸ) ਦਾ ਵਰਤਾਰਾ ਵੀ ਉਸੇ ਦੀ ਬਣਾਈ ਸ਼ੈ ਹੈ। ਇਸਦੀ ਹਾਂ-ਪੱਖੀ ਵਰਤੋਂ ‘ਰਜ਼ਾਮੰਦੀ ਨਾਲ ਕੀਤਾ ਜ਼ਾਇਜ ਸੰਭੋਗ’ ਹੈ। ਪਰ ਜਦੋਂ ਇਹੀ ਸੰਭੋਗ ਨਜ਼ਾਇਜ (ਨਾਂ-ਪੱਖੀ, ਅੰਧਕਾਰ) ਹੋ ਜਾਂਦਾ ਹੈ ਤਾਂ ‘ਬਲਾਤਕਾਰ’ ਕਹਿਲਾਉਂਦਾ ਹੈ। ਇਵੇਂ ਹੀ ਕਿਸੇ ਦਾ ਤ੍ਰਿਸਕਾਰ, ਹਤਿਆ ਕਰਨਾ, ਭ੍ਰਿਸ਼ਟਾਚਾਰ ਆਦਿ ਵਰਤਾਰੇ ਨਾਂ-ਪੱਖੀ (ਹਨੇਰਾ ਪੱਖ) ਹੁੰਦੇ ਹਨ। ਸਭ ਕੁਝ ਰੱਬ ਦਾ ਬਣਾਇਆ ਹੈ, ਸੋ ਹਰ ਰੂਪ ਨੂੰ ਨਮਸਕਾਰ ਹੈ ਦੀ ਕਸਵੱਟੀ ਤੇ, ਜੇ ਕੋਈ ਕਲ ਨੂੰ ਲਿਖ ਦੇਵੇ--
‘ਨਮੋ ਬਲਾਤਕਾਰੇ ਨਮੋ ਤ੍ਰਿਸਕਾਰੇ
ਨਮੋ ਹਤਿਆਰੇ ਨਮੋ ਭ੍ਰਿਸ਼ਟਾਚਾਰੇ’
ਤਾਂ ਕੀ ਅਸੀਂ ‘ਦਸਮ ਦੁਆਰ’ (ਦਿਮਾਗ) ਨੂੰ ਬੰਦ ਕਰ ਕੇ ਉਸ ਨੂੰ ਵੀ ਸਤਿ-ਬੱਚਣ ਮੰਨ ਲਵਾਂਗੇ?”}}
ਵਿਚਾਰ:- ਤੱਤ … ਪਰਿਵਾਰ ਵਾਲਿਆਂ ਨੇ ਤਾਂ ਲੱਗਦਾ ਹੈ ਖੁਦ ਦਿਮਾਗ਼ ਨੂੰ ਬੰਦ ਕਰ ਰੱਖਿਆ ਹੈ, ਤਾਂ ਹੀ ਇਹਨਾਂ ਨੂੰ (ਚਾਨਣ ਦੀ ਅਣ-ਹੋਂਦ ਵਾਲੇ) ਹਨੇਰੇ ਅਤੇ ਬਲਾਤਕਾਰ ਵਰਗੇ ਕੁਕਰਮ ਦੇ ਫਰਕ ਦਾ ਪਤਾ ਨਹੀਂ ਲੱਗ ਰਿਹਾ।
ਇਹਨਾਂ ਨੂੰ ਕੌਣ ਸਮਝਾਵੇ ਕਿ, ਅੰਧਕਾਰ ਪ੍ਰਭੂ ਦੀ ਕੀਤੀ ‘ਕ੍ਰਿਤ’ ਹੈ ਅਤੇ ‘ਬਲਾਤਕਾਰ’ ਮਨੁੱਖ ਦੁਆਰਾ ਕੀਤਾ ‘ਕੁਕਰਮ’ ਹੈ।
ਤੱਤ … ਪਰਿਵਾਰ ਵਾਲੇ ਲਿਖਦੇ ਹਨ:- “ਸਿੱਖ ਸਮਾਜ ਵਿਚ ਵਿਆਖਿਆ ਦੇ ਖੇਤਰ ਵਿਚ ਪ੍ਰੋ. ਸਾਹਿਬ ਸਿੰਘ ਜੀ ਨੂੰ ਸਭ ਤੋਂ ਵੱਧ ਪ੍ਰਮਾਨਿਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਗੁਰਬਾਣੀ ਵਿਆਖਿਆ ਸੁਧਾਰ ਦਾ ਥੰਮ੍ਹ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵੀ ਪ੍ਰਚਲਿਤ ਨਿਤਨੇਮ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਨੂੰ ਮਾਨਤਾ ਦਿੰਦੇ ਹੋਏ ਵਿਆਖਿਆ ਕੀਤੀ ਹੈ। ਇਸਦਾ ਕਾਰਨ ‘ਰਹਿਤ ਮਰਿਯਾਦਾ’ ਦਾ **ਮਾਨਸਿਕ ਬੋਝ** ਸੀ ਜਾਂ ਕੁਝ ਹੋਰ ਅਸੀਂ ਨਹੀਂ ਜਾਣਦੇ। ਇਹ ਵੀ ਜ਼ਰੂਰੀ ਨਹੀਂ ਕਿ ਕੋਈ ਸ਼ਖਸੀਅਤ ਹਰ ਪੱਖੋ ਹੀ ਸੰਪੂਰਨ ਹੋਵੇ।”
ਵਿਚਾਰ:- ਕੁਝ ਸਾਲ ਪਹਿਲਾਂ ਤੱਤ … ਪਰਿਵਾਰ ਵਾਲੇ ਖੁਦ ਵੀ ਮੌਜੂਦਾ ਪੰਥਕ ਰਹਿਤ ਮਰਿਆਦਾ ਦੇ ਸੁਧਾਰ ਦੇ ਨਾਂ ਤੇ ਆਪਣੀ ਵੱਖਰੀ ਰਹਿਤ ਮਰਿਆਦਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਇਹ ਗੱਲ ਵੱਖਰੀ ਹੈ ਕਿ ਗੁਰਮਤਿ ਵਿਰੋਧੀ ਆਪਣੀ ਨਿਜੀ ਸੋਚ ਦੇ ਕਾਰਣ ‘ਸਿੱਖ ਦੀ ਪਰਿਭਾਸ਼ਾ’ ਵਾਲੇ ਪਹਿਲੇ ਹੀ ਨੁਕਤੇ ਤੇ ਅਟਕ ਕੇ ਰਹਿ ਗਏ।ਤਾਂ ਕੀ ਇਹ ਖੁਦ ਰਹਿਤ ਮਰਿਆਦਾ ਦਾ ਮਾਨਸਿਕ ਬੋਝ ਸਿੱਖਾਂ ਦੇ ਸਿਰ ਤੇ ਪਾਉਣ ਵਾਲੇ ਸਨ? ਕੀ ਰਹਿਤ ਮਰਿਆਦਾ ਸਿੱਖ ਲਈ ਮਾਨਸਿਕ ਬੋਝ ਹੈ?
ਤੱਤ … ਪਰਿਵਾਰ ਵਾਲੇ ਪ੍ਰੋ: ਸਾਹਿਬ ਸਿੰਘ ਜੀ ਨੂੰ ਸਖਸ਼ੀਅਤ ਪੱਖੋਂ ਅਧੂਰਾ ਦੱਸ ਰਹੇ ਹਨ, ਪਰ ਪਾਠਕ ਖੁਦ ਇਹਨਾਂ ਦੀ ਸੰਪੂਰਣਤਾ ਦੇਖ ਸਕਦੇ ਹਨ।ਜਿਹਨਾਂ ਨੂੰ ਪ੍ਰਭੂ ਦੀ ਕ੍ਰਿਤ ਅਤੇ ਮਨੁੱਖ ਦੇ ਕੁਕਰਮਾਂ ਦੇ ਫਰਕ ਦਾ ਵੀ ਪਤਾ ਨਹੀਂ ਲੱਗਦਾ।ਜਿਹਨਾਂ ਨੂੰ, ‘ਤੇਜ ਤੇਜੇ(ਸੂਰਜ ਦੇ ਪ੍ਰਕਾਸ਼) ਦੀ ਅਣਹੋਂਦ ਵਾਲੇ ਹਨੇਰੇ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਵੀ ਫਰਕ ਪਤਾ ਨਹੀਂ ਲੱਗਦਾ।
ਕਰਮ ਸਿਧਾਂਤ ਬਾਰੇ:-
ਤੱਤ … ਪਰਿਵਾਰ ਵਾਲੇ (ਗੁਰਮਤਿ ਦੇ) ‘ਕਰਮ-ਫਲ਼’ ਸਿਧਾਂਤ ਨੂੰ ਅਸਵਿਕਾਰ ਕਰਦੇ ਹੋਏ ਲੇਖ ਵਿੱਚ ਲਿਖਦੇ ਹਨ:-
“ਅਫਸੋਸ! ਸਾਡੇ ਸਮਾਜ ਵਿਚ ਆਪਣੇ ਆਪ ਨੂੰ ਗੁਰਮਤਿ ਦੇ ਵਿਦਵਾਨ ਵਜੋਂ ਪੇਸ਼ ਕਰਨ ਵਾਲੇ ਐਸੇ ਵੀ ਸੱਜਣ ਹਨ ਜੋ ਬ੍ਰਾਹਮਣੀ ‘ਕਰਮ-ਫਿਲਾਸਫੀ’ ਨੂੰ ਗੁਰਮਤਿ ਤੇ ਥੋਪਦੇ ਹੋਏ ਕੁਝ ਇਸ ਤਰਜ਼ ਦਾ ਵੀ ਲਿਖ ਜਾਂਦੇ ਹਨ ਕਿ ਜੇ ਕਿਸੇ ਛੇ ਸਾਲ ਦੀ ਬੱਚੀ ਦਾ ਬਲਾਤਕਾਰ ਹੋ ਜਾਂਦਾ ਹੈ ਤਾਂ ਇਸ ਦੀ ਦੋਸ਼ੀ ਉਹ ਬੱਚੀ ਖੁਦ ਹੈ (ਆਪਣੇ ਪਿਛਲੇ ਜਨਮ ਦੇ ਮਾੜੇ ਕਰਮਾਂ ਕਰ ਕੇ)। ਧੰਨ ਹਨ ਐਸੇ ਵਿਦਵਾਨਾਂ ਦੀ ਗੁਰਮਤਿ ਸਮਝ!”
ਵਿਚਾਰ- ਤੱਤ … ਪਰਿਵਾਰ ਵਾਲੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਆਪਣੇ ਕੋਲੋਂ ਵੀ ਬਹੁਤ ਕੁਝ ਘੜ ਲੈਂਦੇ ਹਨ।ਬਲਾਤਕਾਰ ਦੀ ਪੀੜਤਾ ਬੱਚੀ ਖੁਦ ਦੋਸ਼ੀ ਹੈ …” ਵਰਗੀ ਕੋਈ ਗੱਲ ਕਿਸੇ ਨੇ ਕਹੀ ਹੋਵੇ, ਐਸੀ ਗੱਲ ਕਦੇ ਪੜ੍ਹੀ ਸੁਣੀ ਨਹੀਂ ਗਈ।ਇਹੋ ਜਿਹੀਆਂ ਗੱਲਾਂ ਆਪਣੇ ਕੋਲੋਂ ਹੀ ਘੜਕੇ ਇਹ ਲੋਕ ਗੁਰਮਤਿ ਸੰਬੰਧੀ ਭੁਲੇਖੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਬੱਚੀ ਖੁਦ ਦੋਸ਼ੀ ਹੈ ਵਰਗੀਆਂ ਗੱਲਾਂ ਘੜਨ ਦਾ ਇਹਨਾਂ ਦਾ ਆਧਾਰ ਹੈ ਗੁਰਬਾਣੀ ਦੀ ਹੇਠਾਂ ਲਿਖੀ ਪੰਗਤੀ-
“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}”
ਪਰ ਇਹ ਤੇ ਗੁਰਮਤਿ ਸਿਧਾਂਤ ਹੈ ਗੁਰੂ ਦਾ ਫੁਰਮਾਨ ਹੈ।ਜੇ ਤੱਤ … ਪਰਿਵਾਰ ਵਾਲੇ ਗੁਰਮਤਿ ਦੇ ਇਸ ਕਰਮ ਸਿਧਾਂਤ ਨੂੰ ਸਮਝਣ ਤੋਂ ਅਸਮਰਥ ਅਤੇ ਮੰਨਣ ਤੋਂ ਇਨਕਾਰੀ ਹਨ ਤਾਂ ਬੇਸ਼ੱਕ ਰਹਿਣ।ਪਰ ਗ਼ਲਤ ਬਿਆਨੀਆਂ ਕਰਕੇ ਭੁਲੇਖੇ ਪਾਉਣ ਦਾ ਇਹਨਾਂ ਨੂੰ ਕੋਈ ਹੱਕ ਨਹੀਂ।
ਬਲਾਤਕਾਰ ਦਾ ਦੋਸ਼ੀ ਅਤੇ ਪੀੜਤਾ ਸਮੇਤ ਸਾਡੇ ਸਭ ਦੇ ਕਰਮਾਂ ਦਾ ਲੇਖਾ ਕਰਤੇ ਦੀ ਕਚਿਹਰੀ ਵਿੱਚ ਹੋਣਾ ਹੈ।ਪਰ ਉਸ ਦੇ ਨਿਜ਼ਾਮ ਬਾਰੇ ਸਿਰਫ ਉਹੀ ਜਾਣਦਾ ਹੈ।ਅਸੀਂ ਆਪਣੇ ਕੋਲੋਂ ਹੀ ਅੰਦਾਜੇ ਨਹੀਂ ਲਗਾ ਸਕਦੇ ਕਿ ਸਾਡੇ ਕਿਸ ਕਰਮ ਦਾ ਲੇਖਾ ਇਸ-ਇਸ ਤਰੀਕੇ ਨਾਲ ਭੁਗਤਿਆ ਗਿਆ ਹੈ।ਅਸੀਂ ਆਪਣੇ ਕੋਲੋਂ ਹੀ ਅੰਦਾਜੇ ਨਹੀਂ ਲਗਾ ਸਕਦੇ ਕਿ ਬਲਾਤਕਾਰ ਦੀ ਪੀੜਤਾ ਨੇ ਪਿਛਲੇ ਜਨਮ ਵਿੱਚ ਕੋਈ ਕੁਕਰਮ ਕੀਤਾ ਅਤੇ ਫਲ਼ ਵਜੋਂ ਹੁਣ ਉਸ ਨਾਲ ਬਲਾਤਕਾਰ ਹੋਇਆ ਹੈ।
ਅਸੀਂ ਸ਼ੁਭ ਆਚਰਣ ਨਾਲ ਸ਼ੁਭ ਕਰਮ ਕਰਦੇ ਹੋਏ ਵਿਚਰਨਾ ਹੈ।ਸੰਸਾਰ ਤੇ ਵਿਚਰਦਿਆਂ ਕਿਸੇ ਨਾਲ ਕੁਝ ਵੀ ਵਾਪਰਦਾ ਹੈ ਜਾਂ ਵਧੀਕੀ ਹੁੰਦੀ ਹੈ, ਤਾਂ ਪ੍ਰਤੀਕਰਮ ਵਜੋਂ ਕੋਈ ਗਤੀ ਵਿਧੀ ਕਰਨ ਤੋਂ ਗੁਰਬਾਣੀ ਨਹੀਂ ਰੋਕਦੀ।ਮਿਸਾਲ ਦੇ ਤੌਰ ਤੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਹੋਣਾ ਪਿਆ ਤਾਂ ਪ੍ਰਤੀਕਰਮ ਵਜੋਂ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਣ ਕਰ ਲਈਆਂ ਅਤੇ ਅੱਗੋਂ ਜੋ ਹੋਇਆ ਲੰਬਾ ਇਤਿਹਾਸ ਹੈ।ਇਸੇ ਤਰ੍ਹਾਂ ਬਲਾਤਕਾਰ ਦੀ ਪੀੜਿਤਾ ਨੇ ਪ੍ਰਤੀਕਰਮ ਵਜੋਂ ਅੱਗੋਂ ਕੀ ਕਰਨਾ ਹੈ, ਉਹ ਕਰਨ ਤੋਂ ਉਸ ਨੂੰ ਗੁਰਬਾਣੀ ਨਹੀਂ ਰੋਕਦੀ।ਜਿਸ ਨੇ ਕੁਕਰਮ ਕੀਤਾ ਅਤੇ ਜਿਸ ਨੇ ਕੁਕਰਮ ਦੇ ਪ੍ਰਤੀ ਕਰਮ ਵਜੋਂ ਜੋ ਵੀ ਕੀਤਾ, ਸਭ ਦੇ ਚੰਗੇ-ਮੰਦੇ ਦਾ ਲੇਖਾ ਉਸ ਦੀ ਕਚਿਹਰੀ ਵਿੱਚ ਹੋਣਾ ਹੈ।ਉਸ ਦੇ ਨਿਆਉਂ ਬਾਰੇ ਅਸੀਂ ਆਪਣੇ ਅੰਦਾਜੇ ਨਹੀਂ ਲਗਾਣੇ।ਅਸੀਂ ਤਾਂ ਇਹੀ ਕਰਨਾ ਹੈ ਕਿ ਸੰਸਾਰ ਤੇ ਚੰਗਾ ਕਿਰਦਾਰ ਨਿਭਾਉਂਦੇ ਹੋਏ ਕਰਮ-ਪ੍ਰਤੀਕਰਮ ਕਰੀਏ।
ਤੱਤ … ਪਰਿਵਾਰ ਵਾਲੇ ਗੁਰਮਤਿ ਦੇ ਬਹੁਤ ਸਾਰੇ (ਤਕਰੀਬਨ ਸਾਰੇ ਹੀ) ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰੀ ਹਨ ਤਾਂ ਗੁਰਮਤਿ ਵਿੱਚ ਦਖਲ ਵੀ ਕਿਉਂ ਦਿੰਦੇ ਹਨ?
ਕਰਮ ਸਿਧਾਂਤ ਬਾਰੇ ਗੁਰਬਾਣੀ ਸਾਫ ਕਹਿੰਦੀ ਹੈ-
“ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ( ਪੰਨਾ 730)”
“ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥ (ਪੰਨਾ 156)
“ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥” (ਪੰਨਾ 472)
(ਅਤੇ ਹੋਰ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ)
ਇਸ ਤਰ੍ਹਾਂ ਦੀਆਂ ਪੰਗਤੀਆਂ ਬਾਰੇ ਤੱਤ.. ਪਰਿਵਾਰ ਵਾਲੇ ਕਹਿੰਦੇ ਹਨ ਕਿ ਇਹ ਤਾਂ ਇਸੇ ਜਨਮ ਵਿੱਚ ਕਰਮਾਂ ਦੇ ਫਲ਼ ਦੀ ਗੱਲ ਕਹੀ ਗਈ ਹੈ।
ਚਲੋ ਠੀਕ ਹੈ ਇਸੇ ਤਰ੍ਹਾਂ ਮੰਨ ਲੈਂਦੇ ਹਾਂ, ਜੇ ਤੱਤ … ਪਰਿਵਾਰ ਵਾਲੇ ਬੱਚੀ ਨਾਲ ਹੋਏ ਬਲਾਤਕਾਰ ਨੂੰ ਇਸੇ ਜਨਮ ਦੇ ਕਰਮਾਂ ਦਾ ਫਲ਼ ਮੰਨਦੇ ਹਨ ਤਾਂ -
ਇਸੇ ਜਨਮ ਵਿਚਲੇ ਛੇ ਸਾਲ ਦੇ ਕਰਮਾਂ ਦਾ ਲੇਖਾ ਜੋਖਾ ਤਾਂ ਸਭ ਨੂੰ ਪਤਾ ਹੀ ਹੁੰਦਾ ਹੈ ਤਾਂ ਕੀ ਤਤ … ਪਰਿਵਾਰ ਵਾਲੇ ਦੱਸ ਸਕਦੇ ਹਨ ਕਿ; (“ਜੋ ਮੈ ਕੀਆ ਸੋ ਮੈ ਪਾਇਆ…” ਅਨੁਸਾਰ) ਛੇ ਸਾਲ ਦੀ ਬੱਚੀ ਨੇ ਇਸੇ ਜਨਮ ਵਿੱਚ ਐਸੇ ਕਿਹੜੇ ਕਰਮ ਕੀਤੇ ਕਿ ਬਲਾਤਕਾਰ ਵਰਗਾ ਫਲ਼ ਪਾਇਆ?
ਦੂਸਰਾ- ਭਾਰਤ ਵਰਗੇ ਦੇਸ਼ ਵਿੱਚ ਕੋਈ ਬਲਾਤਕਾਰੀ ਕਿਸੇ ਤਰ੍ਹਾਂ ਦੇਸ਼ ਸਮਾਜ ਦੇ ਕਨੂੰਨ ਦੀ ਗਰਿਫਤ ਵਿੱਚ ਆਉਣੋਂ ਬਚ ਜਾਂਦਾ ਹੈ ਜਾਂ ਪੈਸੇ ਦੇ ਜ਼ੋਰ ਤੇ, ਉਚੇ ਅਹੁਦੇ ਦੇ ਜ਼ੋਰ ਤੇ, ਰਾਜਸੀ ਸੰਬੰਧਾਂ ਦੇ ਜ਼ੋਰ ਤੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕੁਕਰਮ ਦੀ ਸਜ਼ਾ ਪਾਉਣੋ ਬਚ ਜਾਂਦਾ ਹੈ ਤਾਂ, ਤੱਤ … ਪਰਿਵਾਰ ਵਾਲੇ ਗੁਰਬਾਣੀ ਦੇ ਚਾਨਣ ਵਿੱਚ ਕਿਵੇਂ ਆਪਣਾ ਪੱਖ ਸਹੀ ਸਾਬਤ ਕਰਨਗੇ?
(ਨੋਟ: 1 – ਤੱਤ ਗੁਰਮਤਿ ਪਰਿਵਾਰ ਵਾਲੇ ਇਸ ਲੇਖ ਸੰਬੰਧੀ ਆਪਣਾ ਪ੍ਰਤੀਕਰਮ ਜਰੂਰ ਦੇਣ।ਜੇ ਨਹੀਂ ਦੇ ਸਕਦੇ ਤਾਂ ਗੁਰਮਤਿ ਦੇ ਨਾਂ ਤੇ ਆਪਣਾ ਗੁਰਮਤਿ ਵਿਰੋਧੀ ਪ੍ਰਚਾਰ ਬੰਦ ਕਰਨ।)
(ਨੋਟ 2:- ਇਸ ਲੇਖ ਤੋਂ ਪਹਿਲਾਂ ਵਾਲਾ ਮੇਰਾ ਲੇਖ, ‘ਦਸਮ ਗ੍ਰੰਥ ਵਿਵਾਦ’ ਵੀ ਦੇਖਿਆ ਜਾਵੇ, ਜੋ ਕਿ ਦਸਮ ਗ੍ਰੰਥ ਦੇ ਇਕ ਸਮਰਥਕ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਸੰਬੰਧੀ ਹੈ।)
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਜਾਪ ਸਾਹਿਬ ਵਿਵਾਦ ਬਾਰੇ :-
Page Visitors: 2905