ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਦੋ ਸ਼ਬਦ (ਭਾਗ ਤੀਜਾ)
ਦੋ ਸ਼ਬਦ (ਭਾਗ ਤੀਜਾ)
Page Visitors: 3049

                                                                        ੴਸਤਿ ਗੁਰ ਪ੍ਰਸਾਦਿ ॥
                                                                          (ਗੁਰਬਾਣੀ ਦਰਸ਼ਨ)
                                                                       (ਦੋ ਸ਼ਬਦ , ਭਾਗ ਤੀਜਾ)
         ਕੀਰਤਨ।

            ਕੀਰਤਨ ਲਫ਼ਜ਼ ,ਕੀਰਤਿ (ਵਡਿਆਈ) ਤੋਂ ਬਣਿਆ ਹੈ,ਜਿਸ ਦਾ ਗੁਰਮੁਖੀ ਲਫਜ਼ ਹੈ ਕੀਰਤੀ ਅਰਥ ਹੈ ਵਡਿਆਈ । ਕੀਰਤਨ ਕਰਨ ਦਾ ਅਰਥ ਹੈ ਵਢਿਆਈ ਕਰਨੀ।ਵਡਿਆਈ ਕਰਨ ਵਾਲੇ ਨੂੰ ਕੀਰਤਨੀਆ ਕਿਹਾ ਜਾਂਦਾ ਹੈ । ਵਡਿਆਈ ਗੁਣਾਂ ਤੇ ਅਧਾਰਿਤ ਹੁੰਦੀ ਹੈ । ਸੋ ਕਿਸੇ ਦੀ ਵੀ ਵਡਿਆਈ ਕਰਨ ਤੋਂ ਪਹਿਲਾਂ , ਉਸ ਦੇ ਗੁਣਾਂ ਦੀ ਸੋਝੀ ਹੋਣੀ ਬਹੁਤ ਜ਼ਰੂਰੀ ਹੈ । ਗੁਣਾਂ ਨੂੰ ਜਾਣੇ ਬਗੈਰ ਕੀਤੀ ਵਡਿਆਈ , ਕੀਰਤਨ ਨਹੀਂ , ਚਾਪਲੂਸੀ ਹੈ । ਅਕਾਲ ਪੁਰਖ ਦੀ ਵਡਿਆਈ , ਕੀਰਤਨ , ਵਾਹਿਗੁਰੂ ਬਾਰੇ ਸ਼ਬਦ ਵਿਚਾਰ ਨਾਲ , ਉਸ ਦੇ ਗੁਣਾਂ , ਉਸ ਦੇ ਨਾਮ , ਉਸ ਦੇ ਹੁਕਮ ਬਾਰੇ ਸੋਝੀ ਹੋਣ ਮਗਰੋਂ ਹੀ ਸ਼ੁਰੂ ਹੁੰਦੀ ਹੈ ।                         ਜਿਵੇਂ

                      ਹਰਿ ਕੀਰਤਿ  ਉਤਮ  ਨਾਮੁ  ਹੈ  ਵਿਚਿ ਕਲਜੁਗ  ਕਰਣੀ ਸਾਰੁ ॥

                      ਮਤਿ ਗੁਰਮਤਿ  ਕੀਰਤਿ ਪਾਈਐ  ਹਰਿ ਨਾਮਾ ਹਰਿ ਉਰਿ ਹਾਰੁ ॥

                       ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥

                       ਬਿਨੁ ਨਾਵੈ  ਜਿ  ਕਰਮ ਕਮਾਵਣੇ  ਨਿਤ  ਹਉਮੈ  ਹੋਇ  ਖੁਆਰੁ ॥

                       ਜਲਿ  ਹਸਤੀ  ਮਲਿ ਨਾਵਾਲੀਐ  ਸਿਰਿ ਭੀ ਫਿਰਿ  ਪਾਵੈ ਛਾਰੁ ॥

                       ਹਰਿ ਮੇਲਹੁ  ਸਤਿਗੁਰ  ਦਇਆ  ਕਰਿ  ਮਨਿ  ਵਸੈ  ਏਕੰਕਾਰੁ ॥

                       ਜਿਨ  ਗੁਰਮੁਖਿ  ਸੁਣਿ ਹਰਿ ਮੰਨਿਆ  ਜਨ ਨਾਨਕ ਤਿਨ ਜੈਕਾਰੁ ॥            (1314)

                                             ਅਰਥਾਤ,

             ਕਲਜੁਗ ਵਿਚ ਸ੍ਰੇਸ਼ਟ ਕਰਨੀ ਇਹ ਹੈ ਕਿ ਬੰਦਾ ਹਰੀ ਦੀ ਉਤਮ ਵਡਿਆਈ ਕਰੇ ਅਤੇ ਹਰੀ ਦੀ ਉਤਮ ਵਡਿਆਈ , ਉਸ ਦਾ ਉਤਮ ਨਾਮ ਹੀ ਹੈ , ਉਸ ਦੀ ਰਜ਼ਾ ਵਿਚ ਚਲਣਾ ਹੀ ਹੈ।
          ਇਹ ਵਡਿਆਈ , ਗੁਰ (ਸ਼ਬਦ) ਦੀ ਵਿਚਾਰ ਨਾਲ ਪਰਾਪਤ ਹੋਈ ਮੱਤ ਆਸਰੇ ਹੀ ਜਾਣੀ ਜਾਂਦੀ ਹੈ , ਉਸ ਵਡਿਆਈ ਨੂੰ ਮਨ ਵਿਚ , ਇਵੇਂ ਧਾਰਨ ਕਰਨਾ ਚਾਹੀਦਾ ਹੈ , ਜਿਵੇਂ ਗਲ ਵਿਚ ਹਾਰ ਪਾਈਦਾ ਹੈ । ਗਲ ਵਿਚ ਪਾਇਆ ਹਾਰ , ਆਪ ਲਾਹਿਆਂ ਹੀ ਲੱਥਦਾ ਹੈ , ਅਪਣੇ ਆਪ ਨਹੀਂ ਲੱਥਦਾ ।
             ਵਡੇ ਭਾਗਾਂ ਵਾਲੇ ਹਨ ਉਹ ਲੋਕ , ਜਿਨ੍ਹਾਂ ਹਰੀ ਨੂੰ ਹਰ ਵੇਲੇ ਧਿਆਨ ਵਿਚ ਰੱਖਿਆ ਹੈ , ਯਾਦ ਰੱਖਿਆ ਹੈ । ਉਨ੍ਹਾਂ ਨੂੰ ਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਹੈ ।
             ਹਰੀ ਦਾ ਨਾਮ ਸਿਮਰੇ ਬਗੈਰ , ਹਰੀ ਦੇ ਹੁਕਮ ਵਿਚ ਚਲੇ ਬਗੈਰ , ਕੀਤੇ ਸਾਰੇ ਕਰਮ , ਹਮੇਸ਼ਾ ਹਉਮੈ ਦਾ ਕਾਰਨ ਬਣਦੇ ਹਨ , ਜਿਨ੍ਹਾਂ ਕਾਰਨ ਬੰਦਾ ਹਮੇਸ਼ਾ ਖੁਆਰ ਹੁੰਦਾ ਹੈ ।
              ਇਹ ਕਰਮ ਇਵੇਂ ਹੀ ਹਨ , ਜਿਵੇਂ ਕਿਸੇ ਹਾਥੀ ਨੂੰ ਮਲ ਮਲ ਕੇ ਪਾਣੀ ਨਾਲ ਇਸ਼ਨਾਨ ਕਰਵਾਈਏ , ਉਹ ਮੌਕਾ ਮਿਲਦੇ ਹੀ ਅਪਣੇ ਸਿਰ ਵਿਚ ਸੁਆਹ ਪਾ ਲੈਂਦਾ ਹੈ ।
              ਹੇ ਸ਼ਬਦ ਗੁਰੂ ਮੇਰੇ ਤੇ ਦਇਆ ਕਰ ਕੇ ਮੈਨੂੰ ਹਰੀ ਨਾਲ ਮੇਲ ਦੇਉ , ਤਾਂ ਜੋ ਮੇਰੇ ਮਨ ਵਿਚ ਉਹ ਵੱਸ ਜਾਵੇ , ਜੋ ਮੂਲ ਰੂਪ ਵਿਚ ਇਕੋ ਇਕ ਹੈ ਅਤੇ ਇਹ ਸਾਰਾ ਦਿਸਦਾ ਪਸਾਰਾ , ਉਸ ਦਾ ਅਪਣਾ ਹੀ ਆਕਾਰ ਹੈ , ਉਸ ਦਾ ਅਪਣਾ ਹੀ ਰੂਪ ਹੈ ।
              ਹੇ ਨਾਨਕ , ਜਿਨ੍ਹਾਂ ਬੰਦਿਆਂ ਨੇ ਸ਼ਬਦ ਗੁਰੂ ਦਾ ਉਪਦੇਸ਼ ਸੁਣ ਕੇ , ਉਸ ਅਨੁਸਾਰ ਹੀ ਹਰੀ ਨੂੰ ਮੰਨਿਆ ਹੈ , ਉਸ ਦੀ ਰਜ਼ਾ ਵਿਚ ਚਲੇ ਹਨ , ਉਨ੍ਹਾਂ ਦੀ ਹਰ ਵੇਲੇ ਜੈ ਜੈ ਕਾਰ ਹੁੰਦੀ ਹੈ ।
                  ਸਵਾਲ ਪੈਦਾ ਹੁੰਦਾ ਹੈ ਕਿ ਸ਼ਬਦ ਗੁਰੂ ਦੀ ਕਿਹੜੀ ਵਿਚਾਰ ਨੂੰ , ਉਤਮ ਮੰਨਿਆ ਜਾ ਸਕਦਾ ਹੈ ? ਹਰ ਬੰਦਾ , ਹਰ (ਅਖੌਤੀ ) ਸੰਤ , ਹਰ ਉਹ ਬੰਦਾ , ਜੋ ਅਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦਾ ਹੈ , ਹਰ ਡੇਰੇਦਾਰ , ਹਰ ਟਕਸਾਲੀਆ , ਅਪਣੇ ਢੰਗ ਨਾਲ ਹੀ ਸ਼ਬਦ ਦੀ ਵਿਚਾਰ , ਸਿੱਖਾਂ ਸਾਮ੍ਹਣੇ ਪੇਸ਼ ਕਰਦਾ ਹੈ । ਨਤੀਜਾ ਇਹ ਹੈ ਕਿ ਹਰ ਉਸ ਥਾਂ , ਜਿਥੋਂ ਸਿੱਖੀ ਦਾ ਪਰਚਾਰ ਹੁੰਦਾ ਪਰਚਾਰਿਆ ਜਾਂਦਾ ਹੈ , ਤੇ 90 % ਤੋਂ ਵੱਧ ਉਹ ਕਰਮ ਹੁੰਦੇ ਹਨ , ਜਿਨ੍ਹਾਂ ਤੋਂ ਗੁਰਬਾਣੀ ਵਰਜਦੀ ਹੈ । ਜਿਵੇਂ ਗੁਰਬਾਣੀ ਕਹਿੰਦੀ ਹੈ ,

                          ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥        ਅਰਥਾਤ ,
               ਜੇ ਬੰਦਾ ਲੱਖਾਂ ਢੰਗਾਂ ਨਾਲ ਵੀ ਇਹ ਕੋਸ਼ਿਸ਼ ਕਰੇ ਕਿ ਸਰੀਰਕ ਸੁਚਮ ਲਈ ਵਰਤੇ ਜਾਂਦੇ ਢੰਗ ਵਰਤ ਕੇ , ਮਨ ਦੀ ਸੁਚਮ ਹੋ ਜਾਵੇ ਤਾਂ ਇਹ ਸੰਭਵ ਨਹੀਂ । ਇਸ ਨੂੰ ਹੋਰ ਵਿਸਤਾਰ ਨਾਲ ਇਵੇਂ ਸਮਝਾਇਆ ਹੈ ,

                            ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨਾ ਹੋਇ ॥
                             ਇਹ  ਜਗਤੁ  ਭਰਮਿ  ਭਲਾਇਆ  ਵਿਰਲਾ  ਬੂਝੈ ਕੋਇ ॥             (558)
              ਹੇ ਭਾਈ , ਇਹ ਸਾਰਾ ਸੰਸਾਰ , ਭਰਮ ਭੁਲੇਖਿਆਂ ਵਿਚ ਫਸਿਆ , ਕਿ ਸਰੀਰਕ ਕੰਮਾਂ ਨਾਲ ,ਆਤਮਕ ਲਾਭ ਹੋ ਜਾਂਦਾ ਹੈ , ਸਰੀਰਕ ਕਰਮ ਕਾਂਡ ਕਰੀ ਜਾਂਦਾ ਹੈ । ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਕਿ ਤਨ ਦੇ ਸਾਫ ਕਰਨ ਨਾਲ ਮਨ ਸਾਫ ਨਹੀਂ ਹੁੰਦਾ , ਅਤੇ ਮਨ ਮੈਲਾ ਹੋਣ ਨਾਲ , ਮਨ ਵਿਚ ਵਿਕਾਰ ਹੋਣ ਕਾਰਨ , ਸਰੀਰ ਨਾਲ ਕੀਤੇ ਸਾਰੇ ਕਰਮ , ਵਿਕਾਰ ਭਰਪੂਰ ਹੁੰਦੇ ਹਨ ।
                 ਮਨ ਨੂੰ ਸਾਫ ਕਰਨ ਦੀ ਵਿਧੀ ਗੁਰੂ ਸਾਹਿਬ ਨੇ ਇਵੇਂ ਦੱਸੀ ਹੈ ,
                             ਭਰੀਐ  ਹਥੁ ਪੈਰੁ ਤਨੁ ਦੇਹ ॥ ਪਾਣੀ  ਧੋਤੈ ਉਤਰਸੁ  ਖੇਹ ॥
                             ਮੂਤ ਪਲੀਤੀ  ਕਪੜੁ  ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
                             ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ  ਧੋਪੈ ਨਾਵੈ  ਕੈ  ਰੰਗਿ ॥        (4)
           ਜੇ ਬੰਦੇ ਦੇ ਹੱਥ , ਪੈਰ , ਸਰੀਰ ਆਦਿ , ਮਿੱਟੀ ਨਾਲ ਭਰੇ ਹੋਏ ਹੋਣ , ਤਾਂ ਪਾਣੀ ਨਾਲ ਧੋਤਿਆਂ , (ਭਾਵੇਂ ਉਹ ਪਾਣੀ ਕਸੇ ਨਦੀ , ਦਰਿਆ , ਸਮੁੰਦਰ , ਕਿਸੇ ਝਰਨੇ , ਖੂਹ , ਨਲਕੇ , ਬੋਰਿੰਗ ਜਾਂ ਕਿਸੇ ਤਾਲਾਬ ਦਾ ਹੀ ਹੋਵੈ ) ਉਹ ਮਿੱਟੀ ਸਾਫ ਹੋ ਜਾਂਦੀ ਹੈ । ਜੇ ਬੰਦੇ ਦੇ ਕਪੜੇ ਪਿਸ਼ਾਬ ਆਦਿ ਨਾਲ ਗੰਦੇ ਹੋ ਜਾਣ ਤਾਂ ਉਹ  ਕਪੜੇ ਸਾਬਣ ਦੀ ਵਰਤੋਂ ਨਾਲ ਸਾਫ ਹੋ ਜਾਂਦੇ ਹਨ । ਜੇ ਬੰਦੇ ਦੀ ਮੱਤ ਵਿਚ , ਮਨ ਵਿਚ ਵਿਕਾਰਾਂ ਦੀ ਮੈਲ ਹੋਵੇ ਤਾਂ ਉਸ ਦਾ ਮਨ  , ਪ੍ਰਭੂ ਦੇ ਨਾਮ , ਉਸ ਦੀ ਰਜ਼ਾ ਵਿਚ ਰੰਗ ਹੋ ਕੇ , ਉਸ ਦੀ ਰਜ਼ਾ ਵਿਚ , ਉਸ ਦੇ ਹੁਕਮ ਵਿਚ ਚੱਲਣ ਨਾਲ ਹੀ ਸਾਫ ਹੁੰਦਾ ਹੈ ।
           ਏਨਾ ਹੋਣ ਤੇ ਵੀ 80 % ਤੋਂ ਵੱਧ ਬੰਦਿਆਂ ਦੇ ਦਿਮਾਗ ਵਿਚ , ਸੋਚੈ ਸੋਚ ਨ ਹੋਵਈ , ਦਾ ਅਰਥ ਹੈ ,ਸੋਚਣ ਨਾਲ ਕੁਝ ਨਹੀਂ ਹੁੰਦਾ , ਭਾਵੇਂ ਲੱਖਾਂ ਵਾਰੀ ਸੋਚੀ ਜਾਵੋ ।                                              ਕਿਉਂ
           ਸਿਰਫ ਸ਼ਬਦ ਦੀ ਗਲਤ ਵਿਆਖਿਆ ਆਸਰੇ , (ਕਿਉਂਕਿ ਪੁਜਾਰੀ ਜਮਾਤ ਚਾਹੁੰਦੀ ਹੈ ਕਿ ਸਿੱਖ , ਸੋਚਣ ਦੀ ਕਿਰਿਆ ਤੋਂ ਦੂਰ ਹੋਕੇ ਅੰਧ ਵਿਸ਼ਵਾਸੀ ਬਣਨ)
                     ਗੁਰਬਾਣੀ ਇਸ ਨੂੰ ਹੋਰ ਵਿਸਤਾਰ ਨਾਲ ਸਮਝਾਉਂਦੀ ਹੈ ,

                              ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥        (265)
                  ਬੰਦਾ ਦਿਨ ਰਾਤ ਸਰੀਰਕ ਸੁਚਮ ਦੇ ਕੰਮ ਕਰਦਾ ਰਹੇ , ਪਰ ਮਨ ਦੀ ਮੈਲ , ਸਰੀਰ ਦੀ ਸਫਾਈ ਨਾਲ ਦੂਰ ਨਹੀਂ ਹੁੰਦੀ ।
              ਗੁਰੂ ਸਾਹਿਬ ਹਰ ਕੰਮ ਅਕਲ ਦੀ ਕਸਵੱਟੀ ਤੇ ਪਰਖ ਕੇ ਕਰਨ ਲਈ ਕਹਿੰਦੇ ਹਨ । ਇਹ ਵੀ ਤਾੜਨਾ ਕਰਦੇ ਹਨ ਕਿ ਅਕਲ ਦੀ ਪਰਖ ਦੇ ਅਧਾਰ ਤੇ ਕੰਮ ਕਰਨੇ ਹੀ ਠੀਕ ਰਸਤਾ ਹੈ । ਅਕਲ ਦੀ ਪਰਖ ਤੋਂ ਬਗੈਰ ਕੀਤੇ ਸਾਰੇ ਕੰਮ , ਸ਼ੈਤਾਨਾਂ ਦੇ ਕੰਮ ਹਨ ।

                                   ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
                                   ਅਕਲੀ  ਪੜ੍‍ ਿਕੈ  ਬੁਝੀਐ ਅਕਲੀ ਕੀਚੈ ਦਾਨੁ ॥
                                    ਨਾਨਕ  ਆਖੈ  ਰਾਹੁ ਏਹੁ  ਹੋਰਿ  ਗਲਾਂ ਸੈਤਾਨੁ ॥        (1245)
             ਏਨਾ ਕੁਝ ਹੋਣ ਤੇ ਵੀ ਸ਼ਬਦ ਦੇ ਗਲਤ ਅਰਥ ਕਰਨ ਸਦਕੇ , ਸਿੱਖੀ ਵਿਚ ਡੇਰਿਆਂ , ਟਕਸਾਲਾਂ , ਗੁਰਦਵਾਰਿਆਂ ਦੇ ਸਰੋਵਰਾਂ ਦੇ ਇਸ਼ਾਨ , ਖਾਸ ਕਰ ਕੇ ਮੱਸਿਆ ਵਾਲੇ ਦਿਨ । ਖਾਸ ਖਾਸ ਦਿਨਾਂ ਤੇ , ਖਾਸ ਖਾਸ ਤੀਰਥਾਂ ਦੇ ਇਸ਼ਨਾਨ ਦੇ ਬੜੇ ਪੁੰਨ ਪਰਚਲਤ ਹਨ । ਕੀ ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਹੈ ?

                ਇਵੇਂ ਹੀ ਗੁਰੂ ਗ੍ਰੰਥ ਸਾਹਿਬ ਵਿਚ ਸੇਧ ਹੈ ,

                                   ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥           (1)
            ਚੁਪ ਧਾਰਨ ਕਰਨ ਨਾਲ , ਚੁਪ ਧਾਰ ਕੇ ਇਕ ਟਕ ਧਿਆਨ ਜਮਾਉਣ ਨਾਲ ਵੀ ਮਨ ਚੁਪ ਨਹੀਂ ਹੁੰਦਾ , ਉਸ ਦੀ ਭਟਕਣਾ ਨਹੀਂ ਮੁਕਦੀ। ਯਾਨੀ ਗੁਰਮਤ ਵਿਚ ਵੇਹਲਿਆਂ ਬੈਠ ਕੇ , ਇਕਾਂਤ ਵਿਚ ਬੈਠ ਕੇ , ਭੋਰਿਆਂ ਵਿਚ ਵੜ ਕੇ , ਧਿਆਨ ਟਿਕਾਉਣ ਨੂੰ ਮਨ ਦੀ ਭਟਕਣਾ ਰੋਕਣ ਦਾ ਸਾਧਨ ਨਹੀਂ ਮੰਨਿਆ । ਪਤਾ ਨਹੀਂ ਗੁਰਬਾਣੀ ਦੀ ਕਿਹੜੀ ਤੁਕ ਦੀ ਵਿਆਖਿਆ ਅਨੁਸਾਰ , ਗੁਰੂ ਤੇਗ ਬਹਾਦਰ ਜੀ ਨੂੰ 27 ਸਾਲ ਤੋਂ ਉਪਰ , ਭੋਰੇ ਵਿਚ ਵੜ ਕੇ , ਇਕਾਂਤ ਵਿਚ ਤਪੱਸਿਆ ਕਰਦੇ ਪਰਚਾਰਿਆ ਜਾਂਦਾ ਹੈ ? ਇਸੇ ਅਧਾਰ ਤੇ ਸੰਤਾਂ ਦੇ ਸਭ ਡੇਰਿਆਂ ਵਿਚਲੇ ਭੋਰੇ (ਵਿਭਚਾਰ ਦੇ ਅੱਡੇ) ਨੂੰ ਤਪ ਅਸਥਾਨ ਬਣਾ ਦਿੱਤਾ ਹੈ ।
            ਗੁਰਦਵਾਰਿਆਂ ਵਿਚ ਪਰਚਾਰਿਆ ਜਾਂਦਾ ਹੈ , ਅਤੇ 90 % ਤੋਂ ਵੱਧ ਸਿੱਖ ਮੰਨਦੇ ਹਨ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਲੱਭਾ ਸੀ। ਜਦ ਕਿ ਭਗਤ ਧੰਨਾ ਜੀ ਅਪਣੇ ਬਾਰੇ ਲਿਖਦੇ ਹਨ ,

                               ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥        (487)
             ਮੈਨੂੰ ਧੰਨੇ ਨੂੰ , ਸੰਤਾਂ ਦੀ , ਸਤਸੰਗੀਆਂ ਦੀ ਸੰਗਤ ਵਿਚੋਂ ਧਰਣੀਧਰ , ਪਰਮਾਤਮਾ ਲੱਭਾ ਹੈ , ਅਤੇ ਮੈਂ ਉਸ ਵਿਚ ਹੀ ਲੀਨ ਹੋ ਗਿਆ ਹਾਂ।                                ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਜਵੇਂ ਨਾਨਕ , ਭਗਤ ਧੰਨਾ ਜੀ ਬਾਰੇ , ਇਵੇਂ ਲਿਖਦੇ ਹਨ ,

                                    ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ  ਮਨੁ ਲੀਣਾ ॥
                                    ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥ਰਹਾਉ॥
                                    ਬੁਨਨਾ ਤਨਨਾ  ਤਿਆਗਿ ਕੈ  ਪ੍ਰੀਤਿ ਚਰਨ ਕਬੀਰਾ ॥
                                    ਨੀਚ  ਕੁਲਾ  ਜੋਲਾਹਰਾ  ਭਇਓ  ਗੁਨੀਯ ਗਹੀਰਾ ॥1॥
                                    ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
                                    ਪਰਗਟੁ  ਹੋਆ  ਸਾਧਸੰਗਿ  ਹਰਿ ਦਰਸਨੁ ਪਾਇਆ ॥2॥
                                    ਸੈਨੁ ਨਾਈ  ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
                                     ਹਿਰਦੇ ਵਸਿਆ  ਪਾਰਬ੍ਰਹਮ  ਭਗਤਾ ਮਹਿ ਗਨਿਆ ॥3॥
                                     ਇਹ ਬਿਧਿ  ਸੁਨਿ ਕੈ  ਜਾਟਰੋ  ਉਠਿ ਭਗਤੀ ਲਾਗਾ ॥
                                    ਮਿਲੇ  ਪ੍ਰਤਖਿ   ਗੁਸਾਈਆ   ਧੰਨਾ ਵਡਭਾਗਾ ॥4॥            (488)
            ਅਰਥਾਤ ਭਗਤ ਨਾਮਦੇਉ ਜੀ , ਭਗਤ ਕਬੀਰ ਜੀ , ਭਗਤ ਰਵਿਦਾਸ ਜੀ ਅਤੇ ਭਗਤ ਸੈਨ ਜੀ ਨੇ ਪਰਮਾਤਮਾ ਦੀ ਭਗਤੀ ਕਰ ਕੇ , ਉਸ ਨਾਲ ਸਾਂਝ ਪਾ ਕੇ ਇਜ਼ਤ ਵਾਲੀ ਥਾਂ ਹਾਸਲ ਕੀਤੀ । ਭਗਤਾਂ ਦਾ ਇਹ ਤਰੀਕਾ ਸੁਣ ਕੇ ਧੰਨਾ ਜੱਟ ਵੀ ਭਗਤੀ ਕਰਨ ਲਗ ਪਿਆ , ਅਤੇ ਉਹ ਭਾਗਾਂ ਵਾਲਾ ਸੀ , ਉਸ ਨੂੰ ਅਪਣੇ ਹਿਰਦੇ ਵਿਚ ਵਸਦੇ ਕਰਤਾਰ ਦਾ ਸਾਕਸ਼ਾਤ ਅਨੁਭਵ ਹੋਇਆ ।
              ਸ਼ਵਾਲ ਪੈਦਾ ਹੁੰਦਾ ਹੈ ਕਿ ਗੁਰਦਵਾਰਿਆਂ ਵਿਚ ਪਰਚਾਰਿਆ ਜਾਂਦਾ ਅਤੇ 90 % ਸਿੱਖਾਂ ਵਲੋਂ ਮੰਨਿਆ ਜਾਂਦਾ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਪਾਇਆ ਸੀ , ਠੀਕ ਹੈ ? ਜਾਂ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਠੀਕ ਹੈ ? (ਗੁਰੂ ਗ੍ਰੰਥ ਸਾਹਿਬ ਵਿਚ ਲਿਖੇ ਦੇ ਗਲਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ) ਇਹ ਗੱਲ ਕਿਉਂ ਪੈਦਾ ਹੋਈ
              ਇਹ ਸਿੱਖੀ ਤੇ ਬ੍ਰਾਹਮਣ ਵਾਦ ਦੀ ਪਕੜ ਦਾ ਪਰਤੱਖ ਸਬੂਤ ਹੈ । ਇਹ ਇਸ ਚੀਜ਼ ਦਾ ਪਰਤੱਖ ਸਬੂਤ ਹੈ ਕਿ ਕਿਵੇਂ , ਪੁਜਾਰੀਆਂ ਦੇ ਪ੍ਰਭਾਵ ਅਧੀਨ ਸਿੱਖਾਂ ਨੇ , ਅਕਲ ਦੀ ਵਰਤੋਂ ਛੱਡ ਕੇ , ਪੁਜਾਰੀਆਂ ਤੇ ਅੰਨੀ ਸ਼ਰਧਾ ਬਣਾ ਲਈ ਹੈ ।ਇਸ ਤੋਂ ਖਹਿੜਾ ਛੁਡਾਉਂਦੇ , ਅਸੀਂ ਅਕਲ ਦੀ ਵਰਤੋਂ ਨਾਲ , ਸ਼ਬਦ ਦੇ ਸਹੀ ਅਰਥ , ਸਹੀ ਵਿਚਾਰ ਕਿਵੈਂ ਜਾਣੀੲੈ ?   ਆਉ ਵਿਚਾਰੀਏ ,
                                             ਗੁਰੂ ਸਾਹਿਬ ਸੇਧ ਦਿੰਦੇ ਹਨ ,

                                ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
                                ਵਿਚਿ ਸੰਗਤਿ  ਹਰਿ ਪ੍ਰਭੁ  ਵਰਤਦਾ  ਬੁਝਹੁ  ਸਬਦ ਵੀਚਾਰਿ ॥
                                ਮਨਿ ਹਰਿ ਹਰਿ ਨਾਮੁ ਧਿਆਇਆ  ਬਿਖੁ ਹਉਮੈ ਕਢੀ ਮਾਰਿ ॥         (1314)
             ਹੇ ਭਾਈ , ਕਰਤਾਰ ਦਾ ਨਾਮ ਹੀ ਅੰਮ੍ਰਿਤ ਹੈ , ਇਹੀ ਸਦੀਵੀ ਜ਼ਿੰਦਗੀ ਦੇਣ ਵਾਲਾ ਰਸ ਹੈ , ਤੂੰ ਇਸ ਅੰਮ੍ਰਿਤ ਨੂੰ ਅਪਣੇ ਹਿਰਦੇ ਵਿਚ ਸਾਂਭ ਕੇ ਰੱਖ।ਇਹ ਹਰੀ ਰੂਪੀ ਅੰਮ੍ਰਿਤ ਸੰਗਤ ਵਿਚ ਵਰਤਦਾ ਹੈ , ਜਿਸ ਨੂੰ ਸ਼ਬਦ ਵਿਚਾਰ ਨਾਲ ਜਾਣਿਆ , ਬੁਝਿਆ ਜਾ ਸਕਦਾ ਹੈ ।ਜਿਸ ਮਨੁੱਖ ਨੇ ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ , ਉਸ ਨੇ ਮਨ ਵਿਚੋ  ਹਉਮੈ ਰੂਪੀ ਜ਼ਹਰ , ਮਾਰ ਕੇ ਬਾਹਰ ਕੱਢ ਦਿੱਤੀ ।    
             ਸੋ ਸ਼ਬਦ ਦਾ ਉਹ ਵਿਚਾਰ ਜਿਸ ਆਸਰੇ , ਬੰਦਾ ਪ੍ਰਭੂ ਦਾ ਨਾਮ ਧਿਆਉਂਦਿਆਂ , ਅਪਣੇ ਮਨ ਵਿਚੋਂ ਹਉਮੈ ਦੀ ਜ਼ਹਰ ਖਤਮ ਕਰ ਲੈਂਦਾ ਹੈ , ਉਹੀ ਸ਼ਬਦ ਨੂੰ ਸਮਝਣ ਦਾ ਸਹੀ ਢੰਗ ਹੈ ।ਜਿਸ ਸ਼ਬਦ ਵਿਚਾਰ ਆਸਰੇ ਮਨ ਵਿਚੋਂ ਜਉਮੈ ਖਤਮ ਨਾ ਹੋਵੇ , ਉਹ ਵਿਚਾਰ ਗਲਤ ਲੀਹਾਂ ਤੇ ਚਲ ਰਿਹਾ ਹੈ । ਜਿਸ ਵਿਚਾਰ ਆਸਰੇ , ਬੰਦੇ ਨੂੰ ਕਰਤਾਰ ਦੇ ਗੁਣਾਂ ਦੀ ਸੋਝੀ ਹੋ ਕੇ , ਅਪਣੇ ਨਿਰਗੁਣ ਹੋਣ ਦਾ ਗਿਆਨ ਹੋਵੈ , ਉਹੀ ਵਿਚਾਰ ਸਹI ਲੀਹਾਂ ਤੇ ਹੋ ਰਿਹਾ ਜਾਣੋ ।ਅਜਿਹੇ ਵਿਚਾਰ ਆਸਰੇ ਹੀ ਬੰਦੇ ਨੂੰ , ਅਪਣੀ ਅਸਮਰਥਾ ਦਾ ਗਿਆਨ ਹੋ ਕੇ , ਮਨ ਵਿਚੋਂ ਹਉਮੈ ਦੂਰ ਹੁੰਦੀ ਹੈ ।
                                       ਇਹ ਹਉਮੈ ਮਾਰਨੀ ਕਿਉਂ ਜ਼ਰੂਰੀ ਹੈ ?      ਗੁਰ ਫੁਰਮਾਨ ਹੈ ,

                                 ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥      (560)
              ਹਉਮੈ ਅਤੇ ਪ੍ਰਭੂ ਦਾ ਨਾਮ , ਪ੍ਰਭੂ ਦਾ ਹੁਕਮ ,ਦੋ ਵਿਰੋਧੀ ਚੀਜ਼ਾਂ ਹਨ । ਮਨ ਦੇ ਵਿਚ ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀਆਂ ।ਜੇ ਬੰਦੇ ਦੇ ਮਨ ਵਿਚ ਹਉਮੈ ਹੈ ਤਾਂ ਉਹ ਪ੍ਰਭੂ ਦਾ ਹੁਕਮ ਨਹੀਂ ਮੰਨੇਗਾ । ਜੇ ਬੰਦੇ ਦਾ ਮਨ ਵਾਹਿਗੁਰੂ ਦੀ ਰਜ਼ਾ ਵਿਚ ਚਲੇਗਾ , ਅਕਾਲ ਦਾ ਹੁਕਮ ਮੰਨੇਗਾ , ਤਾਂ ਉਸ ਵਿਚ ਹਉਮੈ ਨਹੀਂ ਹੋ ਸਕਦੀ । ਜੇ ਕਰਤਾਰ ਨਾਲ ਜੁੜਨਾ ਹੈ ਤਾਂ ਮਨ ਵਿਚੋਂ ਹਉਮੈ ਦੂਰ ਕਰਨੀ ਹੀ ਪਵੇਗੀ । ਹਉਮੈ ਦੂਰ ਕਰਨ ਦਾ ਇਕੋ ਤਰੀਕਾ ਹੈ , ਗੁਰ ਸ਼ਬਦ ਦੀ ਵਿਚਾਰ ।
               ਇਸ ਤਰ੍ਹਾਂ ਕੀਰਤੀ , ਕੀਰਤਨ ਤਾਂ ਹੀ ਹੋ ਸਕਦਾ ਹੈ , ਜੇ ਰਾਮ ਦੇ ਗੁਣਾਂ ਦੀ ਸੋਝੀ ਹੋਵੇ । ਇਸ ਸੋਝੀ ਮਗਰੋਂ ਕੀਤੀ ਵਡਿਆਈ ਹੀ ਸਿਮਰਨ ਦੀ ਪਹਿਲੀ ਪੌੜੀ ਹੈ ।
            ਇਥੇ ਇਕ ਚੀਜ਼ ਜ਼ਰੂਰੀ ਸਮਝਣ ਦੀ ਹੈ ਕਿ ਕੀਰਤੀ , ਵਡਿਆਈ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਪਰਮਾਤਮਾ ਦੀ ਕੀਤੀ ਜਾਂਦੀ ਹੈ । ਸ਼ਬਦ ਗੁਰੂ ਦੇ ਗੁਣਾਂ ਨੂੰ ਸਮਝ ਕੇ ,ਸ਼ਬਦ ਗੁਰੂ ਦੀ ਕੀਤੀ ਜਾਂਦੀ ਹੈ । ਨਾਮ , ਰਜ਼ਾ , ਹੁਕਮ ਦੀ ਵਡਿਆਈ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਨੂੰ ਮਨ ਵਿਚ ਵਸਾਇਆ ਜਾਂਦਾ ਹੈ , ਇਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.