ਸਾਕਤ ਸੂਤੁ ਬਹੁ ਗੁਰਝੀ ਭਰਿਆ…
ਸਾਕਤ ਬੰਦੇ ਦੇ ਜੀਵਨ ਦਾ ਤਾਣਾ ਬਹੁਤ ਉਲਝਿਆ ਹੁੰਦਾ ਹੈ, ਇਨਾ ਉਲਝਿਆ ਕਿ ਉਸ ਦੇ ਕਿਸੇ ਧਾਗੇ ਬਾਰੇ ਵੀ ਪਤਾ ਨਹੀ ਚਲਦਾ ਕਿ ਤੁਸੀਂ ਉਸ ਨੂੰ ਸਿੱਧਾ ਕਰ ਸਕੋਂ। ਇਕ ਤੰਦ ਸਿੱਧੀ ਕਰਦੇ ਹੋਂ ਦੂਜੀ ਫਸੀ ਹੁੰਦੀ, ਦੂਜੀ ਕੱਢਦੇ ਹੋਂ ਹੋਰ ਗੰਡ ਪਈ ਹੁੰਦੀ। ਯਾਨੀ ਗੰਡਾਂ ਹੀ ਗੰਡਾਂ, ਉਲਝਣਾ ਹੀ ਉਲਝਣਾ। ਤੇ ਕਦੇ ਤੁਸੀਂ ਖਿਝ ਕੇ ਸਾਰਾ ਪਿੰਨਾ ਹੀ ਚਲਾ ਮਾਰਦੇ ਹੋਂ ਕਿ ਦਫਾ ਕਰੋ ਪਰ੍ਹਾਂ ਪਰ ਤੁਹਾਡਾ ਮਨ ਫਿਰ ਕਰ ਆਉਂਦਾ ਕਿ ਇਕ ਕੋਸ਼ਿਸ਼ ਹੋਰ ਕਰ ਦੇਖਾਂ ਪਰ ਨਹੀ! ਇੰਝ ਤੁਸੀਂ ਕਦੇ ਸੁੱਟਦੇ ਹੋਂ ਕਦੇ ਫਿਰ ਕੱਢਣ ਲੱਗਦੇ ਹੋਂ ਪਰ ਜਦ ਸਿਰਾ ਹੀ ਕੋਈ ਨਹੀ ਤੁਸੀਂ ਇਹ ਗੰਡਾਂ ਕਿਵੇਂ ਖੋਹਲ ਲਵੋਂਗੇ।
ਫੇਸਬੁੱਕ ਉਪਰ ਕੁਝ ਇੰਝ ਦੀ ਹੀ ਲੜਾਈ ਚਲਦੀ ਰਹਿੰਦੀ। ਸਾਕਤ ਲੋਕ ਸਵਾਲ ਕਰਦੇ, ਬੰਦਾ ਇੱਕ ਜਵਾਬ ਦਿੰਦਾ ਉਹ ਅਗੋਂ ਹੋਰ ਗੰਡ ਪਾ ਲੈਂਦੇ। ਇੰਝ ਹੋਰ ਹੋਰ ਕਰਕੇ ਤੁਸੀਂ ਇੱਕ ਗੰਢ ਖੋਲ੍ਹਦੇ ਅਗੇ ਹੋਰ ਨਿਕਲ ਆਉਂਦੀ ਤੇ ਕਈ ਭਰਾ ਖਿੱਝ ਕੇ ਗਾਲੀਂ ਡਹਿ ਪੈਂਦੇ ਤਾਂ ਸਾਕਤ ਦੀ ਇਥੇ ਫਿਰ ਅਗਲੀ ਗੰਢ ਸ਼ੁਰੂ ਹੁੰਦੀ,
'ਦੇਖੋ ਜੀ ਧਾਰਮਿਕ ਲੋਕ ਗਾਹਲਾਂ ਕੱਢਦੇ ਨੇ'?
ਪਰ ਜਵਾਬ ਦੇਣ ਵਾਲੇ ਭਰਾਵਾਂ ਨੂੰ ਇਹ ਨਹੀ ਪਤਾ ਲੱਗਦਾ ਕਿ ਇਹ ਸਾਕਤ ਦਾ ਸੂਤ ਹੈ ਜਿਹੜਾ ਬਹੁਤ ਉਲਝਣਾ ਨਾਲ ਭਰਿਆ ਹੋਇਆ ਹੈ ਤੁਸੀਂ ਸਾਰਾ ਜੀਵਨ ਜਵਾਬ ਦਈ ਜਾਵੋ, ਗੰਢਾਂ ਖੋਹਲੀ ਜਾਵੋ ਪਰ ਤੁਸੀਂ ਇਸ ਤਾਣੀ ਨੂੰ ਸਿੱਧਾ ਨਹੀ ਕਰ ਸਕਦੇ। ਇਸ ਦਾ ਸੌਖਾ ਤਰੀਕਾ ਬਾਬਾ ਜੀ ਅਪਣਿਆਂ ਦੱਸਿਆ ਕਿ ਸਾਕਤ ਦਾ ਸੰਗ ਹੀ ਨਾ ਕਰ। ਇਥੇ ਤੱਕ ਕਿ ਬਾਬਾ ਜੀ ਕਹਿੰਦੇ ਦੂਰੋਂ ਹੀ ਭੱਜ ਜਾਹ, ਪ੍ਰਛਾਵਾਂ ਵੀ ਨਾ ਪੈਣ ਦਈਂ ਇਸ ਦਾ! ਤੁਹਾਨੂੰ ਕਦੇ ਜਾਪਦਾ ਨਹੀ ਕਿ ਬਾਬਾ ਜੀ ਨੇ ਵੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਆਖਰ ਇਨ੍ਹਾਂ ਦੀ ਉਲਝਣ ਤੋ ਬਚਣ ਲਈਂ ਬਾਬਾ ਜੀ ਨੇ ਵੀ ਪਿੰਨਾ ਹੀ ਵਗਾਹ ਮਾਰਿਆ ਤੇ ਤੁਹਾਨੂੰ ਸਾਨੂੰ ਬਚਨ ਕਰ ਦਿੱਤਾ ਕਿ ਸਾਕਤ ਦੇ ਨੇੜੇ ਦੀ ਵੀ ਨਾ ਲੰਘੀ ਜੇ ਉਲਝਣ ਤੋਂ ਬਚਣਾ। ਭਗਰ ਕਬੀਰ ਜੀ ਤਾਂ ਸਿੱਧੇ ਹੀ ਹੋ ਪਏ ਜਦ ਉਹ ਕਹਿੰਦੇ ਸਾਕਤ ਦੀ ਮਾਂ ਨਾਲੋਂ ਤਾਂ ਕਿਸੇ ਸਾਧ ਯਾਨੀ ਭਲੇ ਪੁਰਖ ਦੇ ਡੇਰੇ ਅਗੇ ਬੈਠੀ ਕੁੱਤੀ ਹੀ ਚੰਗੀ ਜਿਸ ਦੇ ਕੰਨੀ ਚਲੋ ਕੋਈ ਭਲੀ ਗੱਲ ਤਾਂ ਪੈਂਦੀ ਹੋਵੇਗੀ! ਹੋਰ ਕਿ ਸਾਕਤ ਨਾਲੋਂ ਤਾਂ ਸੂਰ ਵੀ ਚੰਗਾ ਜਿਹੜਾ ਅਪਣੇ ਮੂੰਹ ਨਾਲ ਗਲੀਆਂ ਦਾ ਗੰਦ ਤਾਂ ਸਾਫ ਕਰਦਾ ਪਰ ਸਾਕਤ ਅਪਣੇ ਮੂੰਹ ਨਾਲ ਗੰਦ ਖਿਲਾਰਦਾ ਅਤੇ ਮਹੌਲ ਨੂੰ ਪ੍ਰਦੂਸ਼ਤ ਕਰਦਾ।
ਇਥੇ ਬਾਬਾ ਜੀ ਨੇ ਗੰਢ-ਗੰਢ ਹੋਈ ਤਾਣੀ ਦੀ ਮਿਸਾਲ ਦੇ ਕੇ ਮੈਨੂੰ ਸਮਝਾਉਂਣ ਦਾ ਯਤਨ ਕੀਤਾ ਹੈ ਕਿ ਸਾਤਕ ਦਾ ਸੂਤ ਬਹੁਤ ਗੰਢਾਂ ਵਿਚ ਉਲਝਿਆ ਹੋਇਆ ਹੈ ਇਸ ਦਾ ਕੋਈ ਤਾਣਾ ਨਹੀ ਤਣਿਆ ਜਾ ਸਕਦਾ ਬਿਹਤਰ ਹੈ ਕਿ ਤੂੰ ਇਸ ਦਾ ਸੰਗ ਹੀ ਨਾ ਕਰ!
'ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉਂ ਕਰ ਤਾਨ ਤਨੀਜੈ॥
ਤੰਤ ਸੂਤ ਕਿਛੁ ਨਿਕਸੈ ਨਾਹੀ ਸਾਕਤ ਸੰਗ ਨ ਕੀਜੈ॥
ਕਿਵੇਂ ਤਾਣਾ ਤਣ ਲਵੋਂਗੇ ਤੁਸੀਂ ਇਸਦਾ। ਗੁੰਝਲਾਂ ਨਾਲ ਮੱਥਾ ਮਾਰਗੋਂ ਤਾਂ ਖੁਦ ਹੀ ਗੁੰਝਲ ਹੋ ਜਾਵੋਂਗੇ।
ਬਾਬਾ ਜੀ ਕਹਿੰਦੇ ਐਵੇਂ ਤੂੰ ਇਸ ਦੀਆਂ ਗੁੰਝਲਾਂ ਕੱਢਣ ਬਾਰੇ ਸੋਚ ਕੇ ਅਪਣਾ ਸਮਾ ਨਾ ਬਰਬਾਦ ਕਰ ਇਹ ਤਾਂ ਗੰਡਾਂ ਹੀ ਗੰਡਾਂ ਹਨ। ਇਹ ਗੰਡਾਂ ਹਰੇਕ ਕੌਮ ਵਿਚ, ਹਰੇਕ ਭਾਈਚਾਰੇ ਵਿਚ, ਹਰੇਕ ਧਰਮ ਵਿਚ ਹਨ ਤੇ ਸਦਾ ਤੋਂ ਰਹੀਆਂ ਹਨ। ਨਾਲ ਨਾਲ ਚਲਦੀਆਂ, ਤੁਰਦੀਆਂ, ਵਕਤ ਬਰਬਾਦ ਕਰਦੀਆਂ। ਇਹ ਗੰਢਾਂ ਤੁਸੀਂ ਖੋਲ੍ਹ ਨਹੀ ਸਕਦੇ, ਦੰਦਾ ਨਾਲ ਵੀ ਨਹੀ! ਇੱਕ ਹੋਵੇ ਤਾਂ ਖ੍ਹੋਲੋ ਇਹ ਤਾਂ ਪੂਰੀ ਤਾਣੀ ਹੀ ਗੰਢ ਗੰਢ ਹੋਈ ਪਈ ਕਿਵੇਂ ਖੋਲ੍ਹੋਂਗੇ ਤੁਸੀਂ ਇਸ ਨੂੰ? ਤੇ ਸਿਆਣੇ ਲੋਕ ਕੀ ਕਰਦੇ! ਉਹ ਇਸ ਤਾਣੀ ਨਾਲ ਉਲਝਣ ਦੀ ਬਜਾਇ ਅਪਣੇ ਸਮੇ ਨੂੰ ਉਸਾਰੂ ਕੰਮਾਂ ਲਈ ਵਰਤਦੇ ਯਾਨੀ ਸਾਕਤ ਤੋਂ ਦੂਰੋਂ ਹੀ ਦੌੜ ਪੈਂਦੇ ਹਨ।
ਭਾਈ ਗੁਰਦਾਸ ਜੀ ਨੇ ਇੱਕ ਵਾਰ, ਜਿਹੜੀ ਹੁਣ ਮੇਰੇ ਚੇਤੇ ਵਿਚ ਨਹੀ ਆ ਰਹੀ, ਵਿਚ ਸਾਕਤ ਦੀ ਭਿਆਨਕਤਾ ਬਾਰੇ ਸੁਚੇਤ ਕਰਦਿਆਂ ਦੱਸਿਆ ਹੈ ਕਿ ਤੂੰ ਜੇ ਜੰਗਲ ਵਿਚ ਤੁਰਿਆ ਜਾ ਰਿਹਾ ਹੈ ਤੇ ਅਗੇ ਕੋਈ ਤੈਨੂੰ ਭੁੱਖਾ ਸ਼ੇਰ ਮਿਲ ਜਾਂਦਾ ਹੈ ਤਾਂ ਰਿਸਕ ਲੈ ਲਈਂ ਕੋਲੋਂ ਲੰਘਣ ਦਾ ਸ਼ਾਇਦ ਤੂੰ ਬਚ ਜਾਏਂ। ਤੂੰ ਰਸਤੇ ਵਿਚ ਜਾ ਰਿਹਾਂ ਅਗੇ ਜ਼ਹਿਰੀਲੇ ਸੱਪਾਂ ਨਾਲ ਤੇਰਾ ਵਾਹ ਪੈ ਜਾਏ ਰਿਸਕ ਲੈ ਲਈਂ ਵਿਚਦੀ ਲੰਘਣ ਦਾ ਸ਼ਾਇਦ ਬਚ ਜਾਏਂ ਪਰ ਸਾਕਤ ਨਾਲ ਤੁਰਨ ਜਾਂ ਸੰਗਤ ਕਰਨ ਦਾ ਰਿਸਕ ਨਾ ਲਈਂ ਉਸ ਤੇਰੇ ਜੀਵਨ ਦਾ ਕੱਖ ਨਹੀ ਛੱਡਣਾ।
ਪਹਿਲਾਂ ਤਾਂ ਅਜਿਹੇ ਸਾਕਤਾਂ ਦੀ ਸੰਗਤ ਕਿਸੇ ਨੂੰ ਤੁਰ ਕੇ ਜਾ ਕੇ ਕਰਨੀ ਪੈਂਦੀ ਸੀ ਹੁਣ ਇਹ ਫੇਸ ਬੁੱਕ ਉਪਰ ਨਕਲੀ ਨਾਵਾਂ ਨਾਲ ਘਰੇ ਬੈਠੇ ਹੀ ਮਹੌਲ ਨੂੰ ਪ੍ਰਦੂਸ਼ਤ ਕਰਦੇ ਹਨ। ਤੁਸੀਂ ਇੱਕ ਗੰਢ ਕੱਢਦੇ ਹੋਂ ਦੂਜੀ ਢੁੱਚਰ ਤਿਆਰ ਹੁੰਦੀ। ਸਾਕਤ ਦੀ ਬਹਿਸ ਦਾ ਕੋਈ ਸਿਰਾ ਨਹੀ ਹੁੰਦਾ ਤੇ ਨਾ ਕੋਈ ਅੰਤ ਜਦ ਉਸ ਦੀ ਤਾਣੀ ਹੀ ਉਲਝੀ ਹੋਈ ਹੈ ਤਾਂ ਸਿਰਾ ਅੰਤ ਕਿਥੋਂ ਹੋ ਜੂ। ਇਕ ਸਵਾਲ ਦਾ ਜਵਾਬ ਦਿਓ ਉਹ ਤੁਹਾਡੇ ਹੀ ਸਵਾਲ ਨੂੰ ਘੁਮਾ ਕੇ ਦੂਜਾ ਸਵਾਲ ਖੜਾ ਕਰ ਦਿੰਦਾ ਹੈ। ਸਵਾਲ ਕਰਨਾ ਮਾੜਾ ਨਹੀ, ਸਵਾਲਾਂ ਵਿਚੋਂ ਤੁਹਾਡਾ ਵਿਕਾਸ ਹੁੰਦਾ, ਸਵਾਲਾਂ ਵਿਚੋਂ ਨਵੇਂ ਜਵਾਬ ਮਿਲਦੇ, ਸਵਾਲ ਤੁਹਾਨੂੰ ਸੁਚੇਤ ਰੱਖਦਾ, ਸਵਾਲ ਵਿਚੋਂ ਤੁਸੀਂ ਸਿੱਖਦੇ ਹੋਂ ਪਰ ਸਵਾਲ ਕਿਹੜਾ? ਸਾਕਤ ਵਾਲਾ? ਜਿਹੜਾ ਸਵਾਲ ਸਾਕਤ ਦੀ ਉਲਝੀ ਹੋਈ ਤਾਣੀ ਵਿਚੋਂ ਆ ਰਿਹੈ ਉਹ ਵਿਕਾਸ ਨਹੀ ਤੁਹਾਡੇ ਜੀਵਨ ਦਾ ਵਿਨਾਸ ਕਰਦਾ ਹੈ। ਸਾਕਤ ਖੁਦ ਤਾਂ ਉਲਝਿਆ ਹੀ ਹੈ ਉਹ ਤੁਹਾਨੂੰ ਵੀ ਉਲਝਾ ਦਿੰਦਾ ਹੈ। ਤੁਹਾਡਾ ਜੀਵਨ ਵੀ ਗੰਢੋ ਗੰਢੀ ਕਰ ਦਿੰਦਾ ਹੈ। ਤੁਸੀਂ ਖੁਦ ਅਪਣੀਆਂ ਹੀ ਗੰਢਾਂ ਵਿਚ ਉਲਝ ਕੇ ਰਹਿ ਜਾਂਦੇ ਹੋਂ। ਕਿਸੇ ਜਵਾਬ ਦਾ ਤੁਹਾਨੂੰ ਕੋਈ ਸਿਰਾ ਲੱਭਦਾ ਹੀ ਨਹੀ ਕਿਉਂਕਿ ਜਿਸ ਦੀ ਸੰਗਤ ਤੁਸੀਂ ਕਰ ਬੈਠੇ ਉਸ ਖੁਦ ਕੋਲੇ ਕੋਈ ਜਵਾਬ ਨਹੀ। ਉਸ ਕੋਲੇ ਕੇਵਲ ਸਵਾਲ ਹਨ, ਸਿਰਫ ਸਵਾਲ! ਯਾਦ ਰਹੇ ਕੇਵਲ ਸਵਾਲ ਤੁਹਾਨੂੰ ਕਿਸੇ ਕਿਨਾਰੇ ਨਹੀ ਲਾ ਸਕਦਾ! ਕਿ ਲਾ ਸਕਦਾ? ਜਦ ਜਵਾਬ ਹੀ ਕੋਈ ਨਹੀ ਤਾਂ ਸਵਾਲਾਂ ਦਾ ਤੁਸੀਂ ਕੀ ਕਰੋਂਗੇ?
ਬੱਅਸ! ਸਾਕਤ ਦਾ ਇਹੀ ਦੁਖਾਂਤ ਹੈ ਕਿ ਉਸ ਕੋਲੇ ਕੇਵਲ ਸਵਾਲ ਹਨ ਜਵਾਬ ਨਹੀ। ਤੁਸੀਂ ਹੈਰਾਨ ਹੋਵੋਂਗੇ ਕਿ ਉਸ ਦਾ ਜਵਾਬ ਵੀ ਸਵਾਲ ਹੈ!!!! ਤੇ ਤੁਸੀਂ ਖੁਦ ਹੀ ਸੋਚੋ ਕਿ ਜਵਾਬ ਤੋਂ ਬਿਨਾ ਸਵਾਲ ਦੀ ਕੀ ਅਹਿਮੀਅਤ ਹੈ। ਤੁਸੀਂ ਕਦੇ ਕੰਧ ਨੂੰ ਸਵਾਲ ਕਰੋਂਗੇ? ਸਾਕਤ ਕੰਧ ਵਰਗਾ ਕਠੋਰ ਹੈ। ਪੱਥਰ ਦੀ ਕੰਧ ਵਰਗਾ। ਕਠੋਰਤਾ ਨਾਲ ਭਰਿਆ। ਬਹੁਤਾ ਜਾਣ ਲੈਣ ਦੇ ਹੰਕਾਰ ਨੇ ਉਸ ਨੂੰ ਕਠੋਰ ਕਰ ਦਿੱਤਾ ਹੈ। ਉਸ ਨੂੰ ਜਾਪਦਾ ਕਿ ਉਸ ਇਨਾ ਕੁਝ ਜਾਣ ਲਿਆ ਹੈ ਕਿ ਬਾਕੀ ਤੁਰੀ ਫਿਰਦੀ ਮਨੁੱਖਤਾ ਕੀੜੇ-ਮਕੌੜੇ ਹੀ ਹਨ। ਇਸੇ ਲਈ ਉਹ ਹਰੇਕ ਦਾ ਮਖੌਲ ਉਡਾਉਂਦਾ ਹੈ, ਹੱਸਦਾ ਹੈ ਤੇ ਅੰਦਰੇ ਅੰਦਰ ਖੁਸ਼ ਹੁੰਦਾ ਹੈ। ਕੁੱਤੇ ਦੇ ਹੱਡੀ ਖਾਣ ਤੇ ਅਪਣੇ ਹੀ ਲਹੂ ਦਾ ਸੁਆਦ ਲੈਂਣ ਵਾਂਗ ਉਹ ਅਪਣੀ ਹੀ ਹਓਂ ਦਾ ਸੁਆਦ ਲੈਂਦਾ ਹੈ। ਉਹ ਹੁਣ ਵਿਸ਼ਾਲ ਕੁਦਰਤ ਦੇ ਇੱਕ ਜ਼ਰਰੇ ਵਾਂਗ ਨਹੀ ਜਿਉਂਦਾ ਬਲਕਿ ਖੁਦ ਕਰਤਾ ਬਣ ਕੇ ਜਿਉਣ ਦਾ ਭਰਮ ਪਾਲੀ ਬੈਠਾ ਹੈ। ਸਭ ਕੁਝ ਉਸ ਦੇ ਹੱਥ ਹੈ, ਸਭ ਕੁਝ ਦਾ ਕਰਤਾ ਉਹ ਖੁਦ ਹੈ। ਇਹ ਉਸ ਦੇ ਹੰਕਾਰ ਦੀ ਇੰਤਹਾ ਹੈ ਜਿਸ ਨੇ ਉਸ ਦੀ ਕੋਮਲਤਾ ਨੂੰ ਖਾ ਲਿਆ ਹੈ ਤੇ ਹੰਕਾਰ ਦੀ ਕਠੋਰ ਕੰਧ ਬਣਾ ਦਿੱਤਾ ਹੋਇਆ।
ਉਸ ਉਪਰ ਕਿਸੇ ਜਵਾਬ ਦਾ ਕੋਈ ਅਸਰ ਨਹੀ। ਤੁਸੀਂ ਜਦ ਸਾਕਤ ਨਾਲ ਉਲਝਦੇ ਹੋਂ ਤਾਂ ਇੱਕ ਗੱਲ ਜਰੂਰ ਧਿਆਨ ਵਿਚ ਰੱਖ ਲੈਂਣਾ ਕਿ ਤੁਸੀਂ ਪੱਥਰ ਦੀ ਕੰਧ ਵਿਚ ਮੱਥਾ ਮਾਰ ਰਹੇ ਹੋਂ! ਤੁਹਾਨੂੰ ਜਾਪਦਾ ਹੁੰਦਾ ਕਿ ਤੁਸੀਂ ਜਵਾਬ ਸਹੀ ਦੇ ਰਹੇ ਹੋਂ ਪਰ ਸਾਕਤ ਤੁਹਾਡੇ ਤੋਂ ਜਵਾਬ ਲੈਣ ਲਈ ਸਵਾਲ ਥੋੜੋਂ ਕਰਦਾ ਉਹ ਤਾਂ ਕੇਵਲ ਸਵਾਲ ਕਰਨ ਲਈ ਸਵਾਲ ਕਰਦਾ! ਤੁਹਾਡੇ ਜਵਾਬ ਵਿਚ ਉਸ ਦੀ ਕੋਈ ਰੁਚੀ ਨਹੀ, ਕੋਈ ਰਸ ਨਹੀ ਤੁਸੀਂ ਭਵੇਂ ਸਾਰਾ ਜੀਵਨ ਜਵਾਬ ਦਈ ਜਾਵੋਂ, ਨਵੇ ਤੋਂ ਨਵੇ ਜਵਾਬ ਲਿਆਉ ਪਰ ਉਹ ਜਵਾਬ ਤਾਂ ਸੁਣਨਾ ਹੀ ਨਹੀ ਚਾਹੁੰਦਾ। ਤੁਸੀਂ ਪੱਥਰ ਦੀ ਕੰਧ ਨੂੰ ਜਵਾਬ ਦਈ ਜਾਂਦੇ ਹੋ ਪਰ ਉਸ ਨੂੰ ਕੀ ਫਰਕ!
ਪਰ ਮੇਰੀ ਮੁਸ਼ਕਲ ਕੀ ਹੈ ਕਿ ਮੈਂ ਬਾਬਾ ਜੀ ਦੇ ਬਚਨਾਂ ਨੂੰ ਅਣਗੌਲਿਆ ਕਰਕੇ ਅਪਣੇ ਵਲੋਂ ਸਿਆਣਾ ਹੋਣ ਦੀ ਕੋਸ਼ਿਸ਼ ਕਰਦਾ ਜਵਾਬ ਦਿੰਦਾ ਦਿੰਦਾ ਸਾਕਤ ਦੇ ਸਵਾਲਾਂ ਵਿਚ ਉਲਝ ਜਾਂਦਾ ਹਾਂ ਤੇ ਅਪਣਾ ਤਾਂ ਸਮਾ ਬਰਬਾਦ ਕਰਦਾ ਹੀ ਹਾਂ ਬਲਕਿ ਬਾਕੀ ਪੜਨ ਵਾਲੇ ਲੋਕਾਂ ਨੂੰ ਵੀ ਅਪਣੀ ਉਲਝਣ ਵਿਚ ਹਿੱਸੇਦਾਰ ਕਰ ਬੈਠਦਾ ਹਾਂ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਸਾਕਤ ਸੂਤੁ ਬਹੁ ਗੁਰਝੀ ਭਰਿਆ…
Page Visitors: 2630