ਸਿੱਖ ਧਰਮ (ਮਤ)-ਇਕ ਸੰਖੇਪ ਵਿਚਾਰ
ਸਿੱਖ ਧਰਮ ਆਪਣੀ ਹੋਂਦ ਤੋਂ ਹੀ ਉਨ੍ਹਾਂ ਨੁੱਕਤਾਚੀਨੀਆਂ ਨਾਲ ਸੰਘਰਸ਼ ਕਰਦਾ ਆਇਆ ਹੈ ਜੋ ਕਿ ਉਸ ਦੀ ਹੋਂਦ ਦੇ ਵਿਰੋਧ ਵਿਚ ਖੜੀਆਂ ਸਨ। ਸਮੇਂ ਦੇ ਨਾਲ-ਨਾਲ ਇਸ ਵਿਰੋਧ ਨੇ ਕਈਂ ਪੈਤੜੇ ਬਦਲੇ ਹਨ। ਅੱਜ ਗੁਰਮਤਿ ਹੇਠ ਸੰਗਠਤ ਸਿੱਖ ਧਰਮ ਨੂੰ 'ਮਨੁੱਖਤਾ ਵਿਚ ਪਾਈ ਗਈ ਵੰਡੀ' ਐਲਾਨ ਕੇ ਸਿੱਖਾਂ ਨੂੰ ਆਪਣੀ ਮਨਮਤਿ ਹੇਠ (ਜਿਸ ਨੂੰ ਇਹ ਗੁਰਮਤਿ ਕਹਿੰਦੇ ਪ੍ਰਚਾਰਦੇ ਹਨ) ਸੰਗਠਤ ਕਰਨ ਦਾ ਜਤਨ ਹੈ। ਗੁਰੂ ਸਾਹਿਬਾਨ ਵਲੋਂ ਸਥਾਪਤ ਸੰਗਠਤ ਮਤ ਨੂੰ, ਸੰਗਠਤ ਮਤ ਵਜੋਂ ਰੱਦ ਕਰਕੇ ਆਪਣੀ ਸੰਗਠਤ ਮਤ ਹੇਠ ਲਿਆਉਣ ਦਾ ਜਤਨ ਇਕ ਵਚਿੱਤਰ ਪ੍ਰਕਾਰ ਦੀ ਕੱਚੀ ਜਿਹੀ ਸੋਚ ਹੈ।
ਕਹਿੰਦੇ ਹਨ ਧਰਮ (ਮਤ) ਮਨੁੱਖਾਂ ਵਿਚ ਵੰਡਿਆਂ ਪਾਉਂਦੇ ਹਨ। ਸਿੱਖ ਵੀ ਤਾਂ ਮਨੁੱਖ ਹਨ, ਉਨ੍ਹਾਂ ਵਿਚ ਵੰਡਿਆਂ ਪਾਉਣ ਦਾ ਕੰਮ ਕਿਸਦਾ ਹੈ? ਧਰਮ ਦਾ ਜਾਂ ਸਿੱਖ ਧਰਮ ਦੀ ਹੋਂਦ ਦੇ ਵਿਰੋਧੀਆਂ ਦਾ ? ਖ਼ੈਰ ਆਉ ਧਰਮ ਬਾਰੇ ਥੋੜੀ ਜਿਹੀ ਹੋਰ ਵਿਚਾਰ ਕਰਨ ਦਾ ਜਤਨ ਕਰੀਏ।
ਧਰਮ (ਮਤ) ਨੀਵੇਂ ਵੀ ਹੋ ਸਕਦੇ ਹਨ ਅਤੇ ਸ੍ਰੇਸ਼ਠ (ਚੰਗੇ) ਵੀ। ਕੋਈ ਧਰਮ ਦੇ ਨਾਮ ਤੇ ਚੰਗਾ ਕੰਮ ਵੀ ਕਰ ਸਕਦਾ ਹੈ ਅਤੇ ਕੋਈ ਬੁਰਾ ਵੀ, ਜਿਵੇਂ ਕਿ ਕੋਈ ਰੱਬ ਦੇ ਨਾਮ ਤੇ ਚੰਗਾ ਕੰਮ ਵੀ ਕਰ ਲੈਂਦਾ ਹੈ ਅਤੇ ਬੁਰਾ ਵੀ। ਗੁਰੂ ਨਾਨਕ ਜੀ ਨੇ ਤਾਂ ਮਨੁੱਖਾਂ ਵਿਚ ਵੰਡ ਪਾਏ ਬਿਨ੍ਹਾਂ ‘ਵਾਜਬ’ ਅਤੇ ‘ਗ਼ੈਰ ਵਾਜਬ’ ਵਿਵਹਾਰ ਵਿਚਕਾਰ ਇਕ ਅਜਿਹੀ ਲਕੀਰ ਖਿੱਚੀ ਜਿਸਨੇ ਵਾਜਬ ਅਤੇ ਗ਼ੈਰਵਾਜਬ ਨੂੰ ਵੱਖਰਾ-ਵੱਖਰਾ ਕਰਕੇ ਦਰਸਾਇਆ। ਹੁਣ ਜਦ ਤਕ ‘ਸਹੀ’ ਦੇ ਨਾਲ-ਨਾਲ ‘ਗਲਤ’ ਦੀ ਹੋਂਦ ਰਹੇਗੀ, ਇਹ ਵਿਚਾਰਕ (Ideological Division) ਵੰਡ ਬਰਕਰਾਰ ਰਹੇਗੀ। ਵਿਲੱਖਣਤਾ ਇਹ ਹੈ ਕਿ ਗੁਰੂ ਨਾਨਕ ਜੀ ਵਲੋਂ ਖਿੱਚੀ ਲਕੀਰ ਮਨੁੱਖਾਂ ਦੇ ਭਲੇ, ਸਾਂਝੀਵਾਲਤਾ ਅਤੇ ਬੁਨਿਆਦੀ ਅਧਿਕਾਰਾਂ ਨੂੰ ਕਦੇ ਨਹੀਂ ਵੰਡਦੀ। ਵਿਚਾਰਨ ਦੀ ਲੋੜ ਹੈ ਕਿ ਅਜਿਹਾ ਮਤ ਕਿਸੇ ਨੂੰ ਬਰਦਾਸ਼ਤ ਕਿਉਂ ਨਹੀਂ ਹੁੰਦਾ?
ਖ਼ੈਰ, ਧਰਮ ਦੇ ਸਿੱਧੇ ਜਿਹੇ ਤਿੰਨ ਅਰਥਾਂ ਨੂੰ ਇਸ ਪ੍ਰਕਾਰ ਵਿਚਾਰਿਆ ਜਾ ਸਕਦਾ ਹੈ:-
੧ ਇਸ ਸੰਸਾਰ ਨੂੰ ਕੰਟਰੋਲ ਕਰਨ ਵਾਲੇ ਇਕ ਸਰਵਸ਼ਕਤੀਮਾਨ ਆਲੋਕਿਕ ਈਸ਼ਵਰ ਵਿਚ ਵਿਸ਼ਵਾਸ ਨੂੰ ਧਰਮ ਕਹਿੰਦੇ ਹਨ!
੨. ਵਿਸ਼ਵਾਸ ਅਤੇ ਪੂਜਾ ਦੀ ਵਿਸ਼ੇਸ਼ ਪ੍ਰਣਾਲੀ ਨੂੰ ਧਰਮ ਕਹਿੰਦੇ ਹਨ!
੩. ਕਿਸੇ ਨਿਸ਼ਾਨੇ ਪ੍ਰਤੀ ਬੜੀ ਨਿਸ਼ਠਾ ਅਤੇ ਲਗਨ ਨਾਲ ਚਲਣ ਨੂੰ ਧਰਮ ਕਹਿੰਦੇ ਹਨ!
ਉਪਰੋਕਤ ਤਿੰਨ ਅਰਥਾਂ ਮੁਤਾਬਕ ਹਰ ਬੰਦੇ, ਹਰ ਵਰਗ ਦਾ ਆਪਣਾ-ਆਪਣਾ ਧਰਮ ਹੋ ਸਕਦਾ ਹੈ ਜਿਵੇਂ ਕਿ ਨਾਸਤਕ ਵੀ ਧਰਮ ਦੇ ਤੀਜੇ ਅਰਥਾਂ ਦੀ ਲਪੇਟ ਵਿਚ ਆਉਂਦੇ। ਸਿੱਖਮਤ ਦੇ ਸੰਧਰਭ ਵਿਚ ਧਰਮ ਦੇ ਉਪਰੋਕਤ ਅਰਥਾਂ ਦਾ ਕ੍ਰਮਵਰ ਵਿਸ਼ਲੇਸ਼ਣ ਕਰਨ ਤੇ ਹੇਠ ਲਿਖਿਆਂ ਅਲਾਮਤਾਂ ਵਿਚਾਰਗੋਚਰ ਹੁੰਦੀਆਂ ਹਨ।
੧. ਗੁਰਮਤਿ ਸੰਸਾਰ ਨੂੰ ਕੰਟਰੋਲ ਕਰਨ ਵਾਲੇ ਇਕ ਸਰਵਸ਼ਕਤੀਮਾਨ ਆਲੋਕਿਕ ਈਸ਼ਵਰ ਵਿਚ ਵਿਸ਼ਵਾਸ ਦ੍ਰਿੜ ਕਰਵਾਉਂਦੀ ਹੈ।
੨. ਗੁਰਮਤਿ ਵਿਚ ਈਸ਼ਵਰ ਦੀ ਪੂਜਾ ਦੇ ਅਸਲ ਢੰਗ ਬਾਰੇ ਸਿੱਖਿਆ ਹੈ।
੩. ਗੁਰਮਤਿ ਤੇ ਸਿੱਖ ਨੂੰ ਨਿਸ਼ਚਾ ਰੱਖਕੇ ਨਿਸ਼ਠਾ ਅਤੇ ਲਗਨ ਨਾਲ ਚਲਣਾ ਚਾਹੀਦਾ ਹੈ ਤਾਂ ਕਿ ਉਹ ਸਰਬਤ ਦੇ ਭਲੇ ਦੀ ਕਾਮਨਾ ਕਰਦਾ ਈਸ਼ਵਰ ਨਾਲ ਆਪਣਾ ਮਿਲਾਪ ਅਨੁਭਵ ਕਰ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਸਕੇ।
ਹੁਣ ਅਸੀਂ ਧਰਮ (ਰੀਲਿਜਨ) ਦੇ ਇਕ ਹੋਰ ਅਹਿਮ ਅਰਥ-ਭਾਵ ਨੂੰ ਵਿਚਾਰਦੇ ਹਾਂ ਜਿਸ ਅਨੁਸਾਰ ਧਰਮ ਦਾ ਅਰਥ 'ਈਸ਼ਵਰ ਨਾਲ ਮਨੁੱਖ ਦੇ ਸਬੰਧ' ਕਰਕੇ ਬਣਦਾ ਹੈ।ਅਜਿਹੇ ਸਬੰਧ ਨੂੰ ਪ੍ਰਗਟਾਉਣ ਬਾਰੇ ਆਪਣੇ-ਆਪਣੇ ਵਿਚਾਰ-ਵਿਵਹਾਰ ਨੂੰ ਸਮਝਣ-ਸਮਝਾਉਣ (ਕਿ ਉਹ ਸਬੰਧ ਕਿਸੇ ਲਈ ਕਿਸ ਪ੍ਰਕਾਰ ਦੇ ਹਨ) ਲਈ ਈਸਾਈ ਧਰਮ, ਹਿੰਦੂ ਧਰਮ ਸਿੱਖ ਧਰਮ ਆਦਿ ਸੰਬੋਧਨ ਵਰਤੇ ਜਾਂਦੇ ਹਨ।ਧਿਆਨ ਦੇਣ ਯੋਗ ਗਲ ਹੈ ਕਿ ਧਰਮ ਲਈ ਰੀਲਿਜਨ ਸ਼ਬਦ ਦੀ ਵਰਤੋਂ ਤੋਂ ਪਹਿਲਾਂ ‘ਧਰਮ’ ਜਾਂ ‘ਦੀਨ’ ਦਾ ਅਰਥ ਕਾਨੂਨ ਕਰਕੇ ਹੁੰਦਾ ਆਇਆ ਸੀ। ਗੁਰਮਤਿ ਅਨੁਸਾਰ ਸਾਰੇ ਧਰਮਾਂ (ਨੇਮਾਂ) ਵਿਚੋਂ ਸ੍ਰੇਸ਼ਠ ਧਰਮ ( ਨੇਮ) ਪ੍ਰਭੂ ਨੂੰ ਧਿਆਨ ਵਿਚ ਰੱਖ ਕੇ ਨਿਰਮਲ ਕਰਮ ਕਰਨਾ ਸੀ। ਗੁਰੂ ਸਾਹਿਬਾਨ ਵਲੋਂ ਅਜਿਹੇ ਦੀਨ ਦੇ ਹੇਤ ਸੰਘਰਸ਼ ਕਰਨ ਵਾਲੇ ਸੰਗਠਨ ਨੂੰ ਸਿੱਖ ਮਤ ਕਰਕੇ ਸਥਾਪਤ ਕੀਤਾ ਗਿਆ ਜਿਸਦੀ ਪ੍ਰਕਾਸ਼ਠਾ ‘ਖ਼ਾਲਸਾ ਨਿਜ਼ਾਮ’ (Khalsa Order) ਵਿਚ ਸੀ।
ਹੁਣ ਵਿਚਾਰਦੇ ਹਾਂ ਕੁੱਝ ਹੋਰ ਅਹਿਮ ਨੁੱਕਤਿਆਂ ਨੂੰ। ਰੱਬ ਹੈ ਅਤੇ ਉਸਦੇ ਨਾਮ ਤੇ ਮਾੜੇ ਕੰਮ ਵੀ ਹੁੰਦੇ ਆਏ ਹਨ ਪਰ ਗੁਰਮਤਿ ਨੂੰ ਮੰਨਣ ਵਾਲਾ ਰੱਬ ਦੀ ਹੋਦ ਤੋਂ ਮੁਨਕਰ ਨਹੀਂ ਹੁੰਦਾ। ਸੰਸਾਰ ਵਿਚ ਪੰਡਿਤਾਂ ਨੇ ਚੰਗੀ ਲੁੱਟ-ਖਸੁੱਟ ਮਚਾਈ ਹੈ ਪਰ ਇਸਦਾ ਅਰਥ ਇਹ ਨਹੀਂ ਕਿ ਸੰਸਾਰ ਵਿਚ ਪੰਡਿਤ (ਮਨ ਨੂੰ ਪਰਬੋਧਣ ਵਾਲੇ) ਹੁੰਦੇ ਹੀ ਨਹੀਂ। ਗਿਆਨੀਆਂ ਨੇ ਵੀ ਸੰਸਾਰ ਨੂੰ ਕਈਂ ਵਾਰ ਭ੍ਰਮਿਤ ਕੀਤਾ ਹੈ ਪਰ ਇਸਦਾ ਅਰਥ ਇਹ ਨਹੀਂ ਕਿ ਸੰਸਾਰ ਵਿਚ ਗਿਆਨੀ ( ਸਹੀ ਗਿਆਨਵਾਨ) ਹੁੰਦੇ ਹੀ ਨਹੀਂ।ਕਈਂ ਵਾਰ ਕੁੱਝ ਅਖਵਾਉਂਦੇ ਸੰਤਾਂ ਨੇ ਵੀ ਸੰਸਾਰ ਨੂੰ ਭ੍ਰਮਿਤ ਕੀਤਾ ਹੈ ਪਰ ਇਸਦਾ ਅਰਥ ਇਹ ਨਹੀਂ ਕਿ ਸੰਸਾਰ ਵਿਚ ਕਦੇ ਸੰਤ ਹੁੰਦੇ ਹੀ ਨਹੀਂ।
ਸੰਸਾਰ ਵਿਚ ਮਨੁੱਖਾਂ ਦਰਿਮਿਆਨ ਵੱਖਰੇ ਨਜ਼ਰੀਏ ਜਾਂ ਮਤਾਂਤਰਾਂ ਨੇ ਲਾਭ ਦੇ ਨਾਲ-ਨਾਲ ਕਈਂ ਵਾਰ ਸਮਾਜ ਦਾ ਨੁਕਸਾਨ ਵੀ ਕੀਤਾ ਹੈ ਪਰ ਇਸਦਾ ਅਰਥ ਇਹ ਨਹੀਂ ਕਿ ਸੰਸਾਰ ਵਿਚ ਸੰਗਠਤ ਧਰਮ (ਮਤ) ਹੁੰਦੇ ਹੀ ਨਹੀਂ।
ਧਰਮ ਕੀ ਹੈ?
ਜਿਸ ਵੇਲੇ ਇਸ ਸਵਾਲ ਦੇ ਜਵਾਬ ਨੂੰ ਉਪਰੋਕਤ ਵਿਚਾਰੇ ਤਿੰਨ ਨੁੱਕਤਿਆਂ ਨਾਲ ਪਰਿਭਾਸ਼ਤ ਕੀਤਾ ਜਾਏ ਤਾਂ ਸੰਗਠਤ ਸਿੱਖ ਧਰਮ ਕੋਈ ਪਾਪ ਨਹੀਂ ਕਿ ਇਸ ਨੂੰ ਰੱਦ ਕਰਨ ਲਈ ਗੁਰਮਤਿ ਦੇ ਨਾਮ ਹੇਠ ਮੁਹਿਮ ਜਾਂ ਮਿਸ਼ਨ ਛੇੜੇ ਜਾਣ। ਇਹ ਕੰਮ ਤਾਂ ਸਿੱਖ ਵਿਰੋਧੀਆਂ ਦਾ ਰਿਹਾ ਹੈ ਜਿਸਨੂੰ ਕਰਨਾ ਸਿੱਖਾਂ ਨੂੰ ਸੋਭਦਾ ਨਹੀਂ। ਸਿੱਖ ਮਤ ਗੁਰੂ ਸਾਹਿਬਾਨ ਦੀ ਮਤਿ ਦੁਆਰਾ ਸੰਗਠਤ ਧਰਮ ਹੈ ਜਿਸਦਾ ਉੱਲੇਖ ਉਪਰੋਕਤ ਵਿਚਾਰਿਆਂ ਤਿੰਨ ਅਲਾਮਤਾਂ ਰਾਹੀਂ ਵੀ ਪ੍ਰਗਟ ਹੁੰਦਾ ਹੈ। ਸਿੱਖ ਧਰਮ ਨੂੰ ਬਾਤੋਰ ਧਰਮ ਰੱਧ ਕਰਕੇ ਸਿੱਖਾਂ ਨੂੰ ਤਬਕਿਆਂ ਵਿਚ ਵੰਡਣਾ ਗੁਰੂ ਆਸ਼ੇ ਅਨੁਸਾਰ ਉੱਚਿਤ ਧਰਮ ਨਹੀਂ।
ਹਰਦੇਵ ਸਿੰਘ-
ਹਰਦੇਵ ਸਿੰਘ ਜਮੂੰ
ਸਿੱਖ ਧਰਮ (ਮਤ)-ਇਕ ਸੰਖੇਪ ਵਿਚਾਰ
Page Visitors: 2612