ਨਿਸ਼ਕਾਮ ਗੁੱਸੇ ਅਤੇ ਨਿਮਰਤਾ ਸਹਿਤ ?
ਨਿਸ਼ਕਾਮ ਦਾ ਅਰਥ ਹੁੰਦਾ ਹੈ ‘ਕਾਮਨਾ ਰਹਿਤ’ ਜਾ ਕਿਸੇ ‘ਇੱਛਾ ਬਿਨ੍ਹਾਂ’! ਕਿਸੇ ਵੀ ਕਾਮਨਾ ਬਿਨ੍ਹਾਂ ਕੀਤਾ ਹੋਇਆ ਕਰਮ, ਨਿਸ਼ਕਾਮ ਅਖਵਾਉਂਦਾ ਹੈ ਅਤੇ ਅਜਿਹਾ ਕਰਮ ਕਰਨ ਵਾਲਾ ਨਿਸ਼ਕਾਮੀ ! ਪਰ ਗਲ ਜਿਤਨੀ ਸਧਾਰਨ ਜਿਹੀ ਦਿੱਸਦੀ ਹੈ ਦਰਅਸਲ ਉਤਨੀ ਹੈ ਨਹੀਂ।
ਕਾਮਨਾ ਰੱਖਣ ਵਾਲੇ ਮੇਰੇ ਵਰਗੇ ਸੱਜਣ ਜੇ ਕਰ ਆਪਣੇ ਵਿਵਹਾਰ ਨੂੰ ਨਿਸ਼ਕਾਮ, ਯਾਨੀ ਕਿ 'ਕਾਮਨਾ ਰਹਿਤ' ਕਰਕੇ ਦਰਸਾਉਣ ਤਾਂ ਵਿਚਾਰ ਦੀ ਲੋੜ ਹੈ।
ਅਸੀਂ ਕਈਂ ਸਾਧਾਂ, ਜੋਗੀਆਂ,ਪੂਜਾਰੀਆਂ ਆਦਿ ਬਾਰੇ ਸੁਣਿਆ ਹੈ ਜੋ ਕਿ ਕਰਮਯੋਗੀ ਹੋਣ ਦਾ ਦਾਵਾ ਕਰਦੇ ਇਹ ਦਰਸਾਉਂਦੇ ਰਹੇ ਹਨ ਕਿ ਉਹ 'ਨਿਸ਼ਕਾਮ' ਯਾਨੀ ਅਜਿਹੇ ਧਰਮੀ ਪੁਰਸ਼ ਹਨ ਜਿਨ੍ਹਾਂ ਦੇ ਵਿਵਹਾਰ ਅੰਦਰ ਕੋਈ ਕਾਮਨਾ ਹੈ ਹੀ ਨਹੀਂ। ਪਰ ਅਜਿਹਾ ਦਾਵਾ ਸਿੱਧ ਕਰਦਾ ਹੈ ਕਿ ਜਾਂ ਤਾਂ ਉਹ ਨਾਸਮਝ ਹਨ ਅਤੇ ਜਾਂ ਫਿਰ ਉਹ ਨਿਸ਼ਕਾਮੀ ਹੋਣ ਦਾ ਪ੍ਰਪੰਚ ਰੱਚ ਕੇ ਲੋਕਾਈ ਨੂੰ ਮੁਰਖ ਬਣਾਉਦੇ ਹਨ।
ਇੱਛਾ, ਕਾਮਨਾ ਜਾਂ ਚਾਹ ਬਾਰੇ ਗੁਰਮਤਿ ਵਿਚ ਕੁੱਝ ਸੰਕੇਤ ਸਪਸ਼ਟ ਹਨ।
ਮਸਲਨ ਪ੍ਰੇਮ ਦੇ ਮਾਰਗ ਤੇ ਤੁਰਨ ਦੀ ਚਾਹ (ਕਾਮਨਾ) ਰੱਖਣ ਵਾਲੇ ਮਨੁੱਖ ਨੂੰ ਇਹ ਸੱਦਾ, ਕਿ ਉਹ ਈਸਵਰ ਅਤੇ ਮਨੁੱਖਤਾ ਪ੍ਰਤੀ ਪ੍ਰੇਮ ਦੇ ਮਾਰਗ ਤੇ ਤੁਰਨ ਦੀ ਕਾਮਨਾ ਪੁਰੀ ਕਰਨ ਲਈ, ਆਪਣੇ ਸਿਰ ਨੂੰ ਤਲੀ ਤੇ ਰੱਖ ਪ੍ਰੇਮ ਦੀ ਗਲੀ ਵਿਚ ਅਪੜੇ ! ਗੁਰੂ ਸਾਹਿਬਾਨ ਦੀਆਂ ਪ੍ਰਚਾਰ ਯਾਤਰਾਵਾਂ ਨਿਸ਼ਕਾਮ ਨਹੀਂ ਸਨ ਬਲਕਿ ਪ੍ਰਭੂ ਪਿਆਰ ਅਤੇ ਮਨੁੱਖਤਾ ਦੇ ਭਲੇ ਦੀ ਕਾਮਨਾ ਨਾਲ ਭਰਪੁਰ ਸਨ। ਗੁਰਮਤਿ ਵਿਚ ਮਨ ਦੇ ਕੁੱਝ ਚਾਉ ਘਨੇਰੇ ਕਰਕੇ ਵੀ ਦਰਸਾਏ ਗਏ ਹਨ। ਮਾੜੀ ਕਾਮਨਾ ਨੂੰ ਤਿਆਗ ਚੰਗੀ ਕਾਮਨਾ ਦਾ ਦਰ ਖੁੱਲਦਾ ਹੈ। ਇਹ ਹੈ ਕਾਮਨਾ ਦਾ ਇਕ ਪੱਖ।
ਦੂਜੇ ਪਾਸੇ ਜਿਸ ਵੇਲੇ ਆਪਣੀ ਕਾਮਨਾਵਾਂ ਉਜਾਗਰ ਕਰਨ ਬਾਦ ਵੀ ਕੋਈ ਸੱਜਣ ਆਪਣੇ ਆਪ ਨੂੰ ਨਿਸ਼ਕਾਮ ਦਰਸਾਏ ਤਾਂ ਉਸ ਵਲੋਂ ਨਿਸ਼ਕਾਮ ਸ਼ਬਦ ਦੀ ਵਰਤੋਂ ਤੇ ਹੈਰਾਨਗੀ ਹੁੰਦੀ ਹੈ। ਨਿਮਰਤਾ, ਗੁੱਸਾ, ਸ਼ਿਕਵਾ,ਨਾਰਾਜ਼ਗੀ ਆਦਿ ਬੰਦੇ ਦੇ ਵਿਵਹਾਰਕ ਪੱਖ ਹਨ। ਬੰਦਾ ਗੁੱਸੇ ਵਿਚ ਹੋਵੇ ਜਾਂ ਨਿਮਰਤਾ ਵਿਚ, ਕਾਮਨਾ ਤਾਂ ਦੋਹਾਂ ਪੱਖਾਂ ਵਿਚ ਹੋਵੇਗੀ ਹੀ। ਗੁੱਸੇ ਵਿਚ ਆਉਣ ਦਾ ਵੀ ਕੋਈ ਨਾ ਕੋਈ ਕਾਰਣ ਹੁੰਦਾ ਹੈ ਅਤੇ ਨਿਮਰਤਾ ਵਿਚ ਰਹਿਣ ਦਾ ਵੀ! ਇਹ ਕਾਰਣ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਅਕਾਰਣ ਤਾਂ ਕੁੱਝ ਵੀ ਨਹੀਂ ਹੁੰਦਾ ਅਤੇ ਕਾਰਣ ਵਿਚ ਹੀ ਕਾਮਨਾ ਵੱਸਦੀ ਹੈ। ਮਸਲਨ ਕਾਮਨਾ ਦੇ ਵਿਪਰੀਤ ਹੋ ਰਹੀ ਗੱਲ ਕਾਰਣ ਬੰਦੇ ਦੇ ਵਿਵਹਾਰ ਵਿਚ ਗੁੱਸਾ ਜਾਂ ਨਾਰਾਜ਼ਗੀ ਪ੍ਰਗਟ ਹੁੰਦੀ ਹੈ ਅਤੇ ਗੁੱਸਾ ਵਿਵਹਾਰ ਨੂੰ ਖ਼ਰਾਬ ਨਾ ਕਰੇ ਇਸ ਕਾਮਨਾ ਨੂੰ ਲੇ ਕੇ ਬੰਦਾ ਨਿਮਰਤਾ ਵਿਚ ਰਹਿੰਦਾ ਹੈ। ਕਾਮਨਾ ਇਹ ਵੀ ਹੋ ਸਕਦੀ ਹੈ ਕਿ ਨਿਮਰਤਾ ਦੇ ਪ੍ਰਗਟਾਵੇ ਕਾਰਣ ਉਹ ਸਹੀ ਜਾਂ ਸੱਭਿਯ ਸਮਝਿਆ ਜਾਏ।
ਜੇ ਕਰ ਗੁੱਸੇ ਵਿਚ ਆਇਆ ਬੰਦਾ ਇਕ ਲੇਖ ਵਿਚ ਆਪਣਾ ਗੁੱਸਾ ਜ਼ਾਹਰ ਕਰਨ ਉਪਰੰਤ ਅੰਤ ਵਿਚ "ਨਿਸ਼ਕਾਮ ਗੁੱਸੇ ਸਹਿਤ" ਲਿਖ ਦਵੇ ਤਾਂ ਉਸ ਦਾ ਕੀ ਅਰਥ ਨਿਕਲੇਗਾ? ਗੁੱਸਾ ਜਾਹਰ ਕਰਨ ਪਿੱਛੇ ਕੋਈ ਨਾ ਕੋਈ ਮੰਸ਼ਾ ਤਾਂ ਹੋਵੇਗੀ ਹੀ। ਇੰਝ ਹੀ ਨਿਮਰਤਾ ਜਾਹਰ ਕਰਨ ਪਿੱਛੇ ਕੋਈ ਨਾ ਕੋਈ ਮੰਸ਼ਾ ਤਾਂ ਹੋਵੇਗੀ ਹੀ। ਬਿਨ੍ਹਾਂ ਕਿਸੇ ਕਾਮਨਾ ਦੇ ਨਾ ਤਾਂ ਗੁੱਸਾ ਹੁੰਦਾ ਹੈ ਅਤੇ ਨਾ ਹੀ ਨਿਮਰਤਾ! ਇਸ ਨੂੰ ਕੁੱਝ ਹੋਰ ਵਿਚਾਰਣ ਲਈ ਆਪਣੇ ਆਪ ਤੋਂ ਸਵਾਲ ਖੜੇ ਕਰਨੇ ਵਾਜਬ ਜਾਪਦੇ ਹਨ:-
੧. ਬੰਦੇ ਨੂੰ ਗੁੱਸਾ ਕਿਉਂ ਨਹੀਂ ਕਰਨਾ ਚਾਹੀਦਾ?
੨. ਬੰਦੇ ਨੂੰ ਨਿਮਰਤਾ ਵਿਚ ਕਿਉਂ ਰਹਿਣਾ ਚਾਹੀਦਾ ਹੈ?
ਜੇ ਕਰ ਉਪਰੋਕਤ ਸਵਾਲਾਂ ਦਾ ਕੋਈ ਜਵਾਬ ਹੈ ਹੀ ਨਹੀਂ ਤਾਂ ਗਲ ਮੁੱਕੀ, ਪਰ ਜੇ ਕਰ ਜਵਾਬ ਹੈ ਤਾਂ ਕਾਮਨਾ ਆਪਣੇ ਆਪ ਸਿੱਧ ਹੁੰਦੀ ਹੈ। ਮਸਲਨ; ਬੰਦੇ ਨੂੰ ਗੁੱਸਾ ਇਸ ਲਈ ਨਹੀਂ ਕਰਨਾ ਚਾਹੀਦਾ ਕਿ ਉਸਦਾ ਵਿਵਹਾਰ ਗਲਤ ਨਾ ਹੋਵੇ, ਤਾਂ ਪਹਿਲੇ ਸਵਾਲ ਦੇ ਇਸ ਜਵਾਬ ਵਿਚ ਕਾਮਨਾ ਸਿੱਧ ਹੁੰਦੀ ਹੈ। ਬੰਦੇ ਨੂੰ ਨਿਮਰਤਾ ਵਿਚ ਇਸ ਲਈ ਰਹਿਣਾ ਚਾਹੀਦਾ ਹੈ ਕਿ ਉਸਦਾ ਵਿਵਹਾਰ ਠੀਕ ਰਹੇ, ਤਾਂ ਦੂਜੇ ਸਵਾਲ ਦੇ ਇਸ ਜਵਾਬ ਵਿਚ ਵੀ ਕਾਮਨਾ ਸਿੱਧ ਹੁੰਦੀ ਹੈ।
ਚੰਗੀ ਕਾਮਨਾ ਕਰਨਾ ਕੋਈ ਮਾੜੀ ਗਲ ਨਹੀਂ ਤਾਂ ਆਪਣੇ ਆਪ ਨੂੰ ਨਿਸ਼ਕਾਮ ਕਰਕੇ ਕਿਉਂ ਪ੍ਰਦਰਸ਼ਤ ਕੀਤਾ ਜਾਏ?
ਇਸ ਤੋਂ ਚੰਗਾ ਹੈ ਕਿ ਚੰਗੀ ਕਾਮਨਾ ਕਰਨ ਵਾਲਾ ਸੱਜਣ 'ਸ਼ੂਭ ਕਾਮਨਾ ਸਹਿਤ' ਲਿਖ ਕੇ ਆਪਣੀ ਕਾਮਨਾ ਦੇ ਚੰਗੇ ਅਤੇ ਉਸਦੇ ਹੋਣ ਦੇ ਸੱਚ ਨੂੰ ਸਵੀਕਾਰ ਕਰਨ ਦਾ ਜਤਨ ਕਰੇ। ਇਸ ਵਿਚ ਸਮਝਦਾਰੀ ਵੀ ਹੋ ਸਕਦੀ ਹੈ ਅਤੇ ਸੱਚ ਹੋਂਣ ਦੀ ਸੰਭਾਵਨਾ ਵੀ। ਇਸ ਲਈ ਕਾਮਨਾ ਨੂੰ ਛੁਪਾਉਣ ਦੇ ਬਜਾਏ ਸਵੀਕਾਰ ਕਰਨਾ ਚਾਹੀਦਾ ਹੈ। ਬਾਕੀ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਮਨੁੱਖਾਂ ਦੀ ਸਹਿਜਤਾ-ਨਿਸ਼ਕਾਮਤਾ ਨੂੰ ਉਹ ਹੀ ਜਾਣਨ ਜੋ ਆਪ ਸਹਿਜ ਅਵਸਥਾ ਵਿਚ ਹਨ।
ਕਿਸੇ ਭੁੱਲ ਚੂਕ ਲਈ ਖਿਮਾ ਦਾ ਜਾਚਕ ਹੁੰਦੇ ਹੋਏ
ਸ਼ੂਭ ਕਾਮਨਾ ਸਹਿਤ
ਹਰਦੇਵ ਸਿੰਘ,ਜੰਮੂ-੦੧.੦੬.੨੦੧੭
ਹਰਦੇਵ ਸਿੰਘ ਜਮੂੰ
ਨਿਸ਼ਕਾਮ ਗੁੱਸੇ ਅਤੇ ਨਿਮਰਤਾ ਸਹਿਤ ?
Page Visitors: 2620