ਆਵਾਗਉਣ ਅਤੇ ਗੁਰਮਤਿ
ਹਿੰਦੋਸਤਾਨ ਵਿੱਚ ਸਦੀਆਂ ਤੋਂ ਬ੍ਰਹਮਣੀ ਕਰਮ-ਕਾਂਡ ਹੋ ਰਹੇ ਸਨ (ਅਤੇ ਹੋ ਰਹੇ ਹਨ)।
ਇਨ੍ਹਾਂ ਕਰਮ-ਕਾਂਡਾਂ ਦੇ ਜ਼ਰੀਏ ਗਰੀਬ ਜੰਤਾ ਨੂੰ ਲੁਟਿਆ ਜਾ ਰਿਹਾ ਸੀ। ਗੁਰੂ ਸਾਹਿਬਾਂ ਨੇ ਇਨ੍ਹਾਂ ਦਾ ਖੰਡਣ ਕੀਤਾ ਅਤੇ ਇਨਸਾਨ ਨੂੰ ਸਿੱਧਾ ਸਾਦਾ ਅਤੇ ਨੇਕ ਜੀਵਨ ਜਿਉਣ ਦੀ ਜਾਚ ਦੱਸੀ ਅਤੇ ਆਪਣੀ ਨਵੀਂ ਅਤੇ ਨਵੇਕਲੀ ਫਲੌਸਫੀ ਦਿੱਤੀ। ਹੋਰ ਪਹਿਲੂਆਂ ਤੋਂ ਇਲਾਵਾ ਆਵਾਗਉਣ ਸੰਬੰਧੀ ਵੀ ਉਨ੍ਹਾਂ ਨੇ ਜੋ ਆਪਣੀ ਵਿਚਾਰਧਾਰਾ ਦਿੱਤੀ ਹੈ ਉਸ ਬਾਰੇ ਗੁਰਬਾਣੀ ਚੋਂ ਅਨੇਕਾਂ ਹੀ ਉਦਾਹਰਣਾਂ ਮਿਲਦੀਆਂ ਹਨ। ਪਰ ਆਵਾਗਉਣ ਨੂੰ ਮੰਨਣ ਵਾਲੇ ਅਤੇ ਨਾ ਮੰਨਣ ਵਾਲੇ ਆਪੋ ਆਪਣੀ ਬਣ ਚੁੱਕੀ ਧਾਰਨਾ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰਕੇ ਆਪਣਾ ਆਪਣਾ ਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ।
ਆਵਾਗਉਣ ਬਾਰੇ ਹਿੰਦੂ ਮਤ ਅਤੇ ਸਿੱਖ ਮਤ’ ਚ ਜੋ ਫ਼ਰਕ ਹਨ ਉਨ੍ਹਾਂ ਬਾਰੇ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਗੱਲ ਕਰਨੀ ਚਾਹੁੰਦਾ ਹਾਂ।
ਹਿੰਦੂ ਮੱਤ ਅਨੁਸਾਰ ਪਰਮਾਤਮਾ, ਪ੍ਰਕਿਰਤੀ ਅਤੇ ਜੀਵ ਤਿੰਨੋਂ ਅਨਾਦੀ ਹਨ ਅਰਥਾਤ ਤਿੰਨੋਂ ਹੀ ਹਮੇਸ਼ਾਂ ਤੋਂ ਹੋਂਦ ਵਿੱਚ ਹਨ ਅਤੇ ਹਮੇਸ਼ਾਂ ਹੋਂਦ ਵਿੱਚ ਰਹਿਣ ਗੇ। ਹਿੰਦੂ ਮੱਤ ਅਨੁਸਾਰ ਕਿਉਂਕਿ ਜੀਵ ਅਨਾਦੀ ਹੈ ਇਸ ਲਈ ਬੰਦਾ ਕਦੇ ਵੀ ਜਨਮ ਮਰਨ ਦੇ ਗੇੜ ਤੋਂ ਮੁਕਤੀ ਹਾਸਿਲ ਨਹੀਂ ਕਰ ਸਕਦਾ। ਹਰ ਬੰਦਾ ਕੀਤੇ ਚੰਗੇ ਜਾਂ ਮਾੜੇ ਕਰਮਾਂ ਅਨੁਸਾਰ, ਇਸ ਧਰਤੀ ਤੋਂ ਵੱਖਰੇ ਕਲਪਿਤ ਸਵਰਗਾਂ ਜਾਂ ਨਰਕਾਂ ਵਿੱਚ ਚਉਰਾਸੀ ਲੱਖ ਜੂਨਾਂ ਵਿੱਚ ਜੰਮਦਾ ਮਰਦਾ ਰਹਿੰਦਾ ਹੈ। ਇਹ ਮਿਥੀਆਂ ਹੋਈਆਂ ਚਉਰਾਸੀ ਲੱਖ ਜੂਨਾਂ ਦਾ ਕਦੇ ਵੀ ਨਾ ਖਤਮ ਹੋਣ ਵਾਲਾ ਸਿਲਸਲਾ ਚੱਲਦਾ ਰਹਿੰਦਾ ਹੈ।
ਹਿੰਦੂ ਮੱਤ ਅਨੁਸਾਰ ਹਰ ਬੰਦਾ ਮਰਨ ਪਿੱਛੋਂ ਤੇਰਾਂ ਦਿਨਾਂ ਤੱਕ ਪ੍ਰੇਤ ਜੂਨੀਂ ਵਿੱਚ ਪਿਆ ਰਹਿੰਦਾ ਹੈ। ਮਰੇ ਪ੍ਰਾਣੀ ਦੀਆਂ ਅਸਥੀਆਂ ਗੰਗਾ ਵਿੱਚ ਪ੍ਰਵਾਹਿਤ ਕਰਨੀਆਂ ਜਰੂਰੀ ਹਨ ਨਹੀਂ ਤਾਂ ਉਸ ਦੀ ਗਤੀ ਨਹੀਂ ਹੁੰਦੀ ਅਰਥਾਤ ਪ੍ਰੇਤ ਜੂਨੀਂ ਵਿੱਚ ਪਿਆ ਰਹਿੰਦਾ ਹੈ। ਤੇਰਾਂ ਦਿਨਾਂ ਪਿੱਛੋਂ ਮਰੇ ਪ੍ਰਾਣੀ ਦੇ ਸੰਬੰਧੀਆਂ ਦੁਆਰਾ ਬ੍ਰਹਮਣ ਨੂੰ ਦੱਖਣਾ ਆਦਿ ਦੇ ਕੇ ਪੂਜਾ ਪਾਠ ਅਤੇ ਕ੍ਰਿਆ ਕਰਵਾਈ ਜਾਂਦੀ ਹੈ ਜਿਸ ਨਾਲ ਪ੍ਰਾਣੀ (ਆਤਮਾ) ਪ੍ਰੇਤ ਜੂਨੀਂ ਚੋਂ ਨਿਕਲ ਕੇ ਪਿੱਤਰ ਲੋਕ ਵਿੱਚ ਪਹੁੰਚ ਜਾਂਦਾ ਹੈ। ਪਿੱਤਰ ਲੋਕ ਤੱਕ ਪਹੁੰਚਣ ਲਈ ਰਸਤੇ ਵਿੱਚ 360 ਦਿਨ ਲੱਗਦੇ ਹਨ। ਰਸਤਾ ਲੰਬਾ ਅਤੇ ਹਨੇਰਾ ਹੁੰਦਾ ਹੈ ਸੋ ਰਸਤੇ ਵਿੱਚ ਚਾਨਣ ਕਰਨ ਲਈ ਮ੍ਰਿਤਕ ਪ੍ਰਾਣੀ ਦੀ ਤਲੀ ਤੇ ਦੀਵਾ ਬਾਲ ਕੇ ਰੱਖ ਦਿੱਤਾ ਜਾਂਦਾ ਹੈ ਅਤੇ 360 ਬੱਤੀਆਂ ਤੇਲ ਵਿੱਚ ਭਿਉਂ ਕੇ ਇੱਕਠੀਆਂ ਹੀ ਬਾਲ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਮਰੇ ਪ੍ਰਾਣੀ ਨੂੰ ਰਸਤੇ ਵਿੱਚ 360 ਦਿਨਾਂ ਤੱਕ ਚਾਨਣ ਰਹਿੰਦਾ ਹੈ।
ਇਸ ਤੋਂ ਇਲਾਵਾ ਵੀ ਛਨੀ ਦੇਵਤੇ ਦੇ ਮੰਦਰ ਵਿੱਚ ਸਾਲ ਭਰ ਲਈ ਦੀਵਾ ਬਾਲਣ ਲਈ ਤੇਲ ਭੇਜਿਆ ਜਾਂਦਾ ਹੈ ਅਤੇ ਸਾਲ ਭਰ ਬ੍ਰਹਮਣ ਨੂੰ ਹਰ ਰੋਜ਼ ਭੋਜਨ ਖੁਆਇਆ ਜਾਂਦਾ ਹੈ। ਸਾਲ ਪਿੱਛੋਂ ਵਰ੍ਹੀਣਾ ਕੀਤਾ ਜਾਂਦਾ ਹੈ। ਇਸ ਕ੍ਰਿਆ ਵਿੱਚ ਬ੍ਰਹਮਣ ਦੇ ਜ਼ਰੀਏ ਮਰੇ ਪ੍ਰਾਣੀ ਤੱਕ ਪੁਚਾਣ ਲਈ ਖੁਰਾਕ, ਭਾਂਡੇ, ਬਸਤ੍ਰ, ਪਲੰਘ, ਬਿਸਤਰਾ ਆਦਿ ਬ੍ਰਹਮਣ ਨੂੰ ਭੇਟਾ ਕੀਤੇ ਜਾਂਦੇ ਹਨ ਜੋ ਕਿ ਅਸਲ ਵਿੱਲ ਬ੍ਰਹਮਣ ਦੇ ਘਰ ਹੀ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਹਿੰਦੂ ਮੱਤ ਵਿੱਚ ਮਰੇ ਪ੍ਰਾਣੀ ਨੂੰ ਮੁਕਤੀ ਦਿਵਾਉਣ (ਪ੍ਰੇਤ ਜੂਨੀਂ ਚੋਂ ਕੱਢ ਕੇ ਕਿਸੇ ਕਲਪਿਤ ਪਿੱਤਰ ਲੋਕ ਵਿੱਚ ਪੁਚਾਉਣ) ਅਤੇ ਉਸ ਨੂੰ ਸੁਖ ਸਹੂਲਤਾਂ ਪੁਚਾਉਣ ਦੇ ਬਹਾਨੇਂ ਬ੍ਰਹਮਣ ਨੂੰ ਹਰ ਇੱਕ ਮਰੇ ਪ੍ਰਾਣੀ ਦੇ ਸਬੰਧੀਆਂ, ਰਿਸਤੇਦਾਰਾਂ ਦੇ ਜ਼ਰੀਏ 360 ਦਿਨਾਂ (ਤਕਰੀਬਨ ਇੱਕ ਸਾਲ) ਤੱਕ ਵੱਧੀਆ ਭੋਜਨ, ਬਸਤਰ ਅਤੇ ਹੋਰ ਸੁਖ ਸਹੂਲਤਾਂ ਪਹੁੰਚਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹਰ ਸਾਲ ਸ਼ਰਾਧਾਂ ਵਿੱਚ ਬ੍ਰਹਮਣ ਨੂੰ ਵਧੀਆ ਖੀਰ ਪੂੜੀਆਂ ਛਕਾਈਆਂ ਜਾਂਦੀਆਂ ਹਨ ਅਤੇ ਦੱਖਣਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਕਰਮ ਕਾਂਡ ਹਨ ਜੋ ਹਿੰਦੂ ਮੱਤ ਵਿੱਚ ਕੀਤੇ ਜਾਂਦੇ ਹਨ।
ਗੁਰਮਤ ਫ਼ਲੌਸਫ਼ੀ:
ਪਰਮਾਤਮਾ ਹੀ ਅਨਾਦੀ ਹੈ ਅਰਥਾਤ ਸਿਰਫ ਪਰਮਾਤਮਾ ਹੀ ਹਮੇਸ਼ਾਂ ਤੋਂ ਹੋਂਦ ਵਾਲਾ ਹੈ ਅਤੇ ਹਮੇਸ਼ਾਂ ਹੋਂਦ ਵਿੱਚ ਰਹੇਗਾ। ਪ੍ਰਕਿਰਤੀ ਅਤੇ ਜੀਵ ਸਮੇਤ ਸਾਰਾ ਬ੍ਰਹਮੰਡ ਉਸ ਨੇ ਆਪਣੇ ਆਪ ਤੋਂ ਬਣਾਇਆ ਹੈ ਅਤੇ ਜਦੋਂ ਜੀ ਚਾਹੇ ਸਭ ਕੁੱਝ ਸਮੇਟ ਕੇ ਸਿਰਫ਼ ਆਪ ਹੀ ਆਪ ਰਹਿ ਜਾਂਦਾ ਹੈ
"ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾਂ ਏਕੰਕਾਰੁ॥" (ਪੰਨਾ- 294)।
ਉਸ ਪਰਮਾਤਮਾ ਦੇ ਹੁਕਮ ਅਨੁਸਾਰ ਜਦੋਂ ਉਸ ਦਾ ਜੀ ਚਾਹੁੰਦਾ ਹੈ ਜੀਵ ਦੁਨੀਆਂ ਤੇ ਆਉਂਦਾ ਹੈ। ਉਸ ਦੇ ਹੁਕਮ ਅਨੁਸਾਰ ਇੱਥੇ ਵਿਚਰਦਾ ਹੈ। ਉਸ ਦੀ ਰਜ਼ਾ ਵਿੱਚ ਚੱਲ ਕੇ ਬੰਦਾ ਉਸੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਿਸ ਪ੍ਰਭੂ ਦੀ ਉਹ ਅੰਸ਼ ਹੈ ਉਸੇ ਵਿੱਚ ਸਮਾ ਜਾਂਦਾ ਹੈ। ਅਤੇ ਆਵਾਗਉਣ ਅਰਥਾਤ ਜਨਮ ਮਰਨ ਦਾ ਗੇੜਾ ਹਮੇਸ਼ਾਂ ਲਈ ਮੁਕ ਜਾਂਦਾ ਹੈ।
"ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖ ਜਾਇ॥"(ਪੰਨਾ- 69)।
"ਜੰਮਣ ਮਰਨ ਤਿਨ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ॥" (ਪੰਨਾ 438)।
"ਗੁਰਮੁਖਿ ਜਨਮ ਸਫਲ ਹੈ ਜਿਸ ਨੋ ਆਪੇ ਲਏ ਮਿਲਾਇ॥" (ਪੰਨਾ- 850)।
"ਨ ਉਇ ਜਨਮਹਿ ਨ ਮਰਹਿ ਨ ਓਇ ਦੁਖੁ ਸਹੰਨਿ॥ ਗੁਰਿ ਰਾਖੇ ਸੇ ਉਬਰੇ ਹਰਿ ਸਿਓ ਕੇਲ ਕਰੰਨਿ॥" (ਪੰਨਾ- 756)।
ਗੁਰਮਤ ਵਿੱਚ ਇਸ ਨੂੰ ਮੁਕਤ ਹੋਣਾ ਕਿਹਾ ਜਾਂਦਾ ਹੈ।
ਉਸ ਦੇ ਹੁਕਮ ਨੂੰ ਨਾ ਪਛਾਣਦਿਆਂ ਹੋਇਆਂ ਜਾਂ ਉਸ ਦੇ ਹੁਕਮ ਤੋਂ ਆਕੀ ਹੋ ਕੇ ਆਪਣੀ ਮਰਜ਼ੀ ਦਾ ਮਨਮੁਖਾਂ ਵਾਲਾ ਜੀਵਨ ਬਿਤਾ ਕੇ ਮਰਨ ਪਿੱਛੋਂ ਮਨੁੱਖਾ ਜਨਮ ਵਿੱਚ ਕੀਤੇ ਕਰਮਾਂ ਅਤੇ ਉਸ ਪ੍ਰਭੂ ਦੇ ਹੁਕਮ ਅਨੁਸਾਰ ਬੰਦਾ ਜਨਮ ਮਰਨ ਅਰਥਾਤ ਆਵਾਗਉਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਅਤੇ ਦੁਖ ਭੋਗਦਾ ਹੈ। ਗੁਰਮਤ ਕਿਸੇ ਪ੍ਰੇਤ ਜੂਨੀਂ ਜਾਂ ਪਿੱਤਰ ਲੋਕ ਨੂੰ ਨਹੀਂ ਮੰਨਦੀ। ਚੰਗੇ ਮਾੜੇ ਦੀ ਸਮਝ ਸਿਰਫ਼ ਇਨਸਾਨ ਨੂੰ ਹੀ ਹੈ ਇਸ ਲਈ ਮਨੁੱਖਾ ਜਨਮ ਵਿੱਚ ਹੀ ਮੁਕਤੀ ਹਾਸਲ ਕੀਤੀ ਜਾ ਸਕਦੀ ਹੈ। ਹਰ ਇਨਸਾਨ ਨੇ ਇਸੇ ਜਨਮ ਵਿੱਚ ਗੁਰੂ ਦੀ ਮੱਤ ਤੇ ਚੱਲ ਕੇ ਆਪ ਹੀ ਮੁਕਤੀ ਹਾਸਲ ਕਰਨੀ ਹੈ, ਮਰਨ ਪਿੱਛੋਂ ਸੰਬੰਧੀਆਂ ਜਾਂ ਰਿਸਤਦਾਰਾਂ ਦੁਆਰਾ ਉਸ ਨੂੰ ਕੁੱਝ ਵੀ ਨਹੀਂ ਪਹੁੰਚਾਇਆ ਜਾ ਸਕਦਾ, ਨਾ ਸੁਖ ਸਹੂਲਤਾਂ ਨਾ ਮੁਕਤੀ। ਸਿੱਖ ਮੱਤ ਵਿੱਚ ਮੁਕਤੀ ਦਿਵਾਉਣ ਵਾਲੇ ਕਿਸੇ ਵਿਚੋਲੇ (ਬ੍ਰਹਮਣ) ਦੀ ਜਰੂਰਤ ਨਹੀਂ। ਮਰੇ ਪ੍ਰਾਣੀ ਨੂੰ ਮਿੱਟੀ ਵਿੱਚ ਦੱਬੋ ਜਾਂ ਅੱਗ ਵਿੱਚ ਸਾੜੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਸ ਦੀਆਂ ਅਸਥੀਆਂ ਨੂੰ ਗੰਗਾ ਜਾਂ ਕਿਸੇ ਵੀ ਹੋਰ ਖਾਸ ਸਥਾਨ ਤੇ ਪ੍ਰਵਾਹਿਤ ਕਰਨ ਜਾਂ ਨਾ ਕਰਨ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ।
ਹਿੰਦੂ ਮੱਤ ਵਿੱਚ ਜੇ ਬੰਦਾ ਤੀਰਥਾਂ ਤੇ ਇਸ਼ਨਾਨ ਕਰੇ ਅਤੇ ਆਪਣੀ ਸਾਰੀ ਜਾਇਦਾਦ ਬ੍ਰਹਮਣ ਨੂੰ ਦਾਨ ਕਰ ਦੇਵੇ ਅਤੇ ਆਪਣੇ ਆਪ ਨੂੰ ਕਾਸ਼ੀ ਵਿੱਚ ਲੱਗੇ ਆਰੇ ਨਾਲ ਚਿਰਵਾ ਦੇਵਾ ਤਾਂ ਉਹ ਸਿੱਧਾ ਸੁਰਗਾਂ ਨੂੰ ਜਾਂਦਾ ਹੈ (ਨੋਟ: ਕਾਸ਼ੀ ਵਿੱਚ ਬ੍ਰਹਮਣਾ ਦਾ ਲਗਾਇਆ ਹੋਇਆ ਇਹ ਆਰਾ ਅੰਗ੍ਰੇਜਾਂ ਨੇ ਜਬਰਦਸਤੀ ਬੰਦ ਕਰਵਾ ਦਿੱਤਾ ਸੀ)।
ਗੁਰੂ ਸਾਹਿਬ ਕਹਿੰਦੇ ਹਨ:
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ॥ ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ॥
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ॥ (ਪੰਨਾ- 62, ਕਰਵਤੁ = ਆਰਾ)।
ਇਸ ਲਈ ਆਪਣੀ ਮੁਕਤੀ ਲਈ ਕਿਸੇ ਵਿਚੋਲੇ ਜਾਂ ਕਰਮ ਕਾਂਡ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਲੁਟਾਉਣ ਦੀ ਜ਼ਰੂਰਤ ਨਹੀਂ, ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਸਾਈ ਰੱਖਣਾ ਅਤੇ ਗੁਰੂ ਦੀ ਮੱਤ ਤੇ ਚੱਲ ਕੇ ਗੁਰਮੁਖਾਂ ਵਾਲਾ ਜੀਵਨ ਜਿਉਣਾ ਹੈ। ਜਿਸ ਤਰ੍ਹਾਂ ਹਿੰਦੂ ਮੱਤ ਵਿੱਚ ਮਰੇ ਪ੍ਰਾਣੀ ਦੇ ਹੱਥ ਤੇ ਦੀਵਾ ਬਾਲ ਕੇ ਰਖਿਆ ਜਾਂਦਾ ਹੈ ਅਤੇ 360 ਬੱਤੀਆਂ ਬਾਲ ਕੇ ਉਸ ਨੂੰ ਸਾਲ ਭਰ ਲਈ ਚਾਨਣ ਪੁਚਾਇਆ ਜਾਂਦਾ ਹੈ। ਸਿੱਖ ਮੱਤ ਵਿੱਚ ਇਸ ਕਰਮ ਕਾਂਡ ਦੀ ਨਿਖੇਧੀ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲ॥ …. ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰ॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥
ਇਕਿ ਲੋਕੀ ਹੋਰੁ ਛਮਿਛਰੀ ਬ੍ਰਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੁਟਸਿ ਨਾਹਿ॥ (ਪੰਨਾ- 358)।
ਅਰਥਾਤ ਮੇਰੇ ਹਰ ਰਸਤੇ ਵਿੱਚ ਚਾਨਣ ਲਈ ਪ੍ਰਭੂ ਦਾ ਨਾਮ ਹੀ ਮੇਰਾ ਦੀਵਾ ਹੈ। ਪ੍ਰਭੂ ਦਾ ਨਾਮ ਹੀ ਮੇਰੇ ਲਈ ਹਰ ਕਿਸਮ ਦੀ ਕ੍ਰਿਆ ਹੈ। ਲੋਕ ਪਰਲੋਕ ਵਿੱਚ ਪ੍ਰਭੂ ਦਾ ਨਾਮ ਹੀ ਮੇਰੀ ਜ਼ਿੰਦਗ਼ੀ ਦਾ ਸਹਾਰਾ ਹੈ। ਪ੍ਰਭੂ ਦੀ ਸਿਫ਼ਤ ਸਲਾਹ ਹੀ ਮੇਰੇ ਲਈ ਗੰਗਾ, ਕਾਸ਼ੀ ਆਦਿ ਤੀਰਥਾਂ ਦਾ ਇਸ਼ਨਾਨ ਹੈ। ਬ੍ਰਹਮਣ ਮਰੇ ਪ੍ਰਾਣੀ ਨੂੰ ਭੋਜਨ, ਬਸਤ੍ਰ ਆਦਿ ਪੁਚਾਣ ਅਤੇ ਕ੍ਰਿਆ ਆਦਿ ਦੇ ਨਾਮ ਤੇ ਲੋਕਾਂ ਨੂੰ ਲੁੱਟ ਕੇ ਖਾ ਜਾਂਦਾ ਹੈ। ਬ੍ਰਹਮਣ ਦੁਆਰਾ ਪਿੱਤਰ ਲੋਕ ਤੱਕ ਭੇਜਿਆ ਹੋਇਆ (ਜੌਂ ਅਤੇ ਚੌਲਾਂ ਦਾ ਵੱਟਿਆ ਹੋਇਆ) ਪਿੰਨ ਕਿੰਨੇ ਕੁ ਦਿਨ ਚੱਲ ਸਕਦਾ ਹੈ (ਜੋ ਕਿ ਅੱਗੇ ਪਹੁੰਚਦਾ ਵੀ ਨਹੀਂ), ਮੇਰੇ ਕੋਲ ਪ੍ਰਭੂ ਦੀ ਬਖਸ਼ਿਸ਼ ਦਾ ਪਿੰਨ ਹੈ ਜੋ ਕਦੇ ਮੁੱਕਦਾ ਨਹੀਂ।
ਗੁਰਮਤ ਵਿੱਚ ਮਨਮੁੱਖ ਬੰਦੇ ਨੂੰ ਕੀਤੇ ਕਰਮਾਂ ਅਨੁਸਾਰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ।
"ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥ (ਪੰਨਾ- 68)।
ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਆਵੈ ਬਿਰਥਾ ਜਨਮ ਗਵਾਇਆ॥ (ਪੰਨਾ- 69)।
"ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰਿ ਭਾਇ॥" (ਪੰਨਾ 410)।
ਗੁਰਮਤ ਵਿੱਚ ਚਉਰਾਸੀ ਲੱਖ ਜੂਨਾਂ ਦਾ ਕੋਈ ਹਿਸਾਬ ਨਹੀਂ। ਮਾੜੇ ਕੰਮਾਂ ਕਰਕੇ ਬੰਦਾ ਅਨੇਕ ਜੂਨਾਂ ਵਿੱਚ ਭਟਕਦਾ ਫਿਰਦਾ ਹੈ ਪਰ ਜੇ ਪ੍ਰਭੂ ਦੀ ਬਖਸ਼ਿਸ਼ ਹੋਵੇ ਤਾਂ ਬੰਦਾ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦਾ ਹੈ।
"ਆਗੈ ਪੂਛਿ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ॥ (ਪੰਨਾ- 62),
"ਸਰਬ ਨਿਰੰਤਰ ਆਪੇ ਆਪਿ ਕਿਸੇ ਨ ਪੂਛੈ ਬਖਸੇ ਆਪਿ॥" (ਪੰਨਾ- 412)।
ਗੁਰਮਤ ਅਨੁਸਾਰ ਬੰਦਾ ਜੇ ਨਿਮਾਣਾ ਹੋ ਕੇ ਪ੍ਰਭੂ ਅੱਗੇ ਅਰਦਾਸ ਕਰੇ ਤਾਂ ਪ੍ਰਭੂ ਉਸ ਦਾ ਜਨਮ ਮਰਨ ਦਾ ਦੁਖ ਕੱਟ ਦਿੰਦਾ ਹੈ।
"ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥ ….
ਪਾਰਬ੍ਰਹਮ ਤੇਰੀ ਸਰਣਾਇ॥ ਬੰਧਨਿ ਕਾਟਿ ਤਰੇ ਹਰਿ ਨਾਇ॥ (ਪੰਨਾ- 195)
"ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਦੇਹੁ ਦਰਸੁ ਹਰ ਰਾਇਆ॥ (ਪੰਨਾ- 207)।
"ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਨ ਨਿਵਾਰਿ ਲੇਹੁ॥ (ਪੰਨਾ- 457)।
"ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ਅਗਨਿ ਦਹੈ ਅਰੁ ਗਰਭਿ ਬਸੇਰਾ॥" (ਪੰਨਾ- 329)।
ਹਿੰਦੂ ਮੱਤ ਅਨੁਸਾਰ ਮਰੇ ਪ੍ਰਾਣੀ ਦੇ ਸੰਬੰਧੀ ਉਸ ਨਮਿਤ ਬ੍ਰਹਮਣ ਤੋਂ ਪੂਜਾ ਪਾਠ ਕਰਵਾਉਣ, ਦਾਨ ਪੁੰਨ ਕਰਨ ਤਾਂ ਉਸ ਮਰੇ ਪ੍ਰਾਣੀ ਨੂੰ ਸੁਖ ਮਿਲਦਾ ਹੈ। ਲੇਕਿਨ ਗੁਰਮਤ ਵਿੱਚ ਪੂਜਾ ਪਾਠ ਜਾਂ ਦਾਨ ਪੁੰਨ ਦੀ ਕੋਈ ਮਹੱਤਤਾ ਨਹੀਂ, ਹਰ ਪ੍ਰਾਣੀ ਨੂੰ ਆਪਣੇ ਕੀਤੇ ਕੰਮਾਂ (ਕਰਮਾਂ ਅਤੇ ਪ੍ਰਭੂ ਦੇ ਹੁਕਮ ਨਾਲ) ਦੁੱਖ ਸੁਖ ਭੋਗਣੇ ਪੈਂਦੇ ਹਨ। ਕਿਸੇ ਬ੍ਰਹਮਣ, ਸੰਬੰਧੀ ਜਾਂ ਰਿਸਤੇਦਾਰ ਦਾ ਕੀਤਾ ਕੰਮ / ਕਰਮ ਕਾਂਡ ਕਿਸੇ ਨੂੰ ਮੁਕਤੀ ਜਾਂ ਦੁਖ ਸੁਖ ਨਹੀਂ ਪੁਚਾ ਸਕਦਾ
"ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰਿ"॥ (ਜਪੁ)।
"ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ"॥ (ਆਸਾ ਦੀ ਵਾਰ)।
ਪੂਜਾ ਪਾਠ ਚਾਹੇ ਆਪ ਕਰੋ ਜਾਂ ਕਿਸੇ ਤੋਂ ਕਰਵਾਓ ਇਸ ਗੱਲ ਦੀ ਵੀ ਕੋਈ ਮਹੱਤਤਾ ਨਹੀਂ, ਬੰਦਾ ਪੜ੍ਹ ਜਾਂ ਸੁਣਕੇ, ਉਸ ਤੇ ਜੋ ਅਮਲ ਕਰਦਾ ਹੈ ਅਤੇ ਜਿਸ ਤਰ੍ਹਾਂ ਦਾ ਆਪਣਾ ਜੀਵਨ ਢਾਲਦਾ ਹੈ ਉਸ ਗੱਲ ਦੀ ਮਹੱਤਤਾ ਹੈ।
"ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ……ਨਾਨਕ ਲੇਖੇ ਇੱਕ ਗਲ ਹੋਰ ਹਉਮੈ ਝਖਣਾ ਝਾਖ॥"।
"ਪੜਿਆ ਹੋਵੈ ਗੁਨਹਗਾਰ ਤਾ ਓਮੀ ਸਾਧ ਨ ਮਾਰੀਐ॥ ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥ ਪੜਿਆ ਅਤੈ ਓਮੀਆ ਵੀਚਾਰ ਅਗੈ ਵੀਚਾਰੀਐ॥
ਮੁਹਿ ਚਲੈ ਸੁ ਅਗੈ ਮਾਰੀਐ॥ (ਪੰਨਾ- 469)।
"ਕਰਮੀ ਕਰਮੀ ਹੋਇ ਵੀਚਾਰ॥ ਸਚਾ ਆਪ ਸਚਾ ਦਰਬਾਰ॥ (ਪੰਨਾ- 7)।
ਹਿੰਦੂ ਮੱਤ ਅਨੁਸਾਰ ਬੰਦਾ ਕੀਤੇ ਚੰਗੇ ਮਾੜੇ ਕੰਮਾਂ ਕਰਕੇ ਸਵਰਗਾਂ ਜਾਂ ਨਰਕਾਂ ਵਿੱਚ ਕਦੇ ਵੀ ਨਾ ਮੁੱਕਣ ਵਾਲੀਆਂ ਚਉਰਾਸੀ ਲੱਖ ਜੂਨਾਂ ਦੇ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਪਰ ਹਿੰਦੂ ਮੱਤ ਵਿੱਚ ਕਰਮਾਂ ਦੇ ਨਾਲ ਪੁੰਨ ਦਾਨ, ਪੂਜਾ ਪਾਠ, ਤੀਰਥ ਇਸ਼ਨਾਨ, ਵਰਤ, ਸ਼ਰਾਧ ਆਦਿ ਦੀ ਵੀ ਮਹੱਤਤਾ ਹੈ। ਇਨ੍ਹਾਂ ਕਰਮ ਕਾਂਡਾਂ ਨਾਲ ਮਰੇ ਪ੍ਰਾਣੀ ਨੂੰ ਸੁਖ ਸਹੂਲਤਾਂ ਮਿਲਦੀਆਂ ਹਨ। ਲੇਕਿਨ ਗੁਰਮਤ ਅਨੁਸਾਰ ਇਨ੍ਹਾਂ ਕਰਮ-ਕਾਂਡਾਂ ਦੀ ਕੋਈ ਮਹਤੱਤਾ ਨਹੀਂ। ਗੁਰੂ ਸਾਹਿਬ ਕਹਿੰਦੇ ਹਨ:
"ਮਤੁ ਕੋ ਜਾਣੇ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥ (ਪੰਨਾ- 729)
ਅਰਥਾਤ ਕੋਈ ਇਹ ਨਾ ਸੋਚੇ ਕਿ (ਆਪਣੀ ਪਾਪਾਂ ਦੀ ਇਕੱਠੀ ਕੀਤੀ ਕਮਾਈ ਚੋਂ ਕੁੱਝ ਹਿੱਸਾ) ਪੁੰਨ ਦਾਨ ਕਰ ਦੇਵਾਂ ਤਾਂ ਅਗਲੇ ਜਨਮ ਵਿੱਚ (ਕਈ ਗੁਣਾ ਹੋ ਕੇ) ਵਾਪਸ ਮਿਲ ਜਾਏ ਗਾ। ਗੁਰਮਤ ਅਨੁਸਾਰ ਬੰਦਾ ਜਿਹੋ ਜਿਹੇ ਕਰਮ ਕਰਦਾ ਹੈ ਉਸ ਨਾਲ ਉਸੇ ਤਰ੍ਹਾਂ ਦਾ ਸਲੂਕ ਹੁੰਦਾ ਹੈ। ਗੁਰਮਤ ਵਿੱਚ ਪੁੰਨ ਦਾਨ, ਪੂਜਾ ਪਾਠ, ਤੀਰਥ ਇਸ਼ਨਾਨ ਆਦਿ ਦੀ ਕੋਈ ਮਹੱਤਤਾ ਨਹੀਂ। ਗੁਰਮਤ ਵੀ ਕਰਮ ਸਿਧਾਂਤ ਨੂੰ ਮੰਨਦੀ ਤਾਂ ਹੈ।
"ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤ ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ॥" (ਪੰਨਾ- 706)।
"ਅਗੈ ਜਾਤ ਰੂਪ ਨ ਜਾਇ ਤੇਹਾ ਹੋਵੈ ਜੇਹੇ ਕਰਮ ਕਮਾਇ॥" (ਪੰਨਾ 363)।
"ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥" (ਪੰਨਾ- 433)
"ਅਗੈ ਕਰਣੀ ਕੀਰਤ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥" (ਪੰਨਾ- 464)।
ਲੇਕਿਨ ਗੁਰਮਤ ਅਨੁਸਾਰ ਕਰਮ ਸਿਧਾਂਤ ਅਧੂਰਾ ਹੈ। ਸੋ ਗੁਰੂ ਸਾਹਿਬਾਂ ਨੇ ਇੱਕ ਨਵਾਂ ਅਤੇ ਨਵੇਕਲਾ ਸਿਧਾਂਤ ਦਿੱਤਾ, ਉਹ ਹੈ "ਕਰਮ+ ਹੁਕਮ" ਸਿਧਾਂਤ। ਸੰਸਾਰ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਇਸ ਹੁਕਮ ਵਿੱਚ ਉਸ ਦੀ ਰਜ਼ਾ, ਮਿਹਰ, ਬਖਸ਼ਿਸ਼, ਨਦਰ-ਕਰਮ ਵੀ ਸ਼ਾਮਲ ਹਨ। ਜੀਵ ਆਪਣੇ ਕਰਮਾਂ ਅਨੁਸਾਰ ਦੁਖ ਸੁੱਖ ਤਾਂ ਭੋਗਦਾ ਹੈ। ਪਰ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਜਿਹੋ ਜਿਹੇ ਲੇਖ, ਜਿਸ ਤਰ੍ਹਾਂ ਦਾ ਹੁਕਮ ਲਿਖਕੇ ਭੇਜਦਾ ਹੈ ਜੀਵ ਉਸੇ ਤਰ੍ਹਾਂ ਵਿਚਰਦਾ ਹੈ।
"ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥"।
ਆਪਣੇ ਕੀਤੇ ਕਰਮਾਂ ਅਨੁਸਾਰ ਉਸ ਦੇ ਹੁਕਮ ਵਿੱਚ ਬੰਦਾ ਆਉਣ-ਜਾਣ (ਆਵਾਗਮਨ) ਦੇ ਗੇੜ ਵਿੱਚ ਪੈਂਦਾ ਹੈ।
"ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥"।
ਬੰਦੇ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਲੇਖ ਲਿਖਦਾ ਹੈ ਅਤੇ ਉਸ ਦੇ ਹੁਕਮ ਵਿੱਚ ਆਵਾਗਉਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
"ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ॥" (ਪੰਨਾ- 510)।
ਕਬੀਰ ਜੀ ਕਹਿੰਦੇ ਹਨ:
"ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ॥ ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸ਼ਬਦਿ ਸਮਾਵਹਿਗੇ॥" (ਪੰਨਾ- 1103)।
"ਸਾਕਤ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੋ ਕਰਮ ਕਰਾਇਆ॥" (ਪੰਨਾ 481)।
ਸੰਸਾਰ ਤੇ ਜੋ ਕੁੱਝ ਵੀ ਹੋ ਰਿਹਾ ਹੈ ਸਭ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। "ਹੁਕਮੀ ਹੋਵਨਿ ਆਕਾਰ ਹੁਕਮ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ਹੁਕਮੀ ਉਤਮ ਨੀਚੁ, ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥" (ਜਪੁ)
"ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਿਨਿ ਚੜੇ॥ ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਿਨਿ ਖੜੇ॥ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥" (ਆਸਾ ਦੀ ਵਾਰ)।
ਉਸ ਦੇ ਹੁਕਮ ਵਿੱਚ ਹੀ ਸਰੀਰ ਰੂਪੀ ਭਾਡੇ ਸੰਸਾਰ ਤੇ ਆਉਂਦੇ ਹਨ। ਉਸ ਦੇ ਹੁਕਮ ਵਿੱਚ ਹੀ ਕਈ ਜੀਵ ਸੁਖ ਅਤੇ ਕਈ ਦੁਖ ਭੋਗਦੇ ਹਨ। ਕਈ ਸੁਖੀ ਜਿੰਦਗ਼ੀ ਬਸਰ ਕਰਦੇ ਹਨ ਅਤੇ ਕਈ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਦੀ ਹਜੂਰੀ ਵਿੱਚ ਹਾਜਰ ਰਹਿੰਦੇ ਹਨ। ਜਿਹੜੇ ਭਾਗਾਂ ਵਾਲਿਆਂ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਨ੍ਹਾਂ ਦਾ ਜੀਵਨ ਉਹ ਸਵਾਰ ਦਿੰਦਾ ਹੈ।
ਸਤਿਗੁਰੂ ਦੀ ਬਖਸ਼ਿਸ਼ ਨਾਲ ਬੰਦਾ ਜਨਮ ਮਰਨ ਦੇ ਗੇੜ ਚੋਂ ਛੁੱਟ ਜਾਂਦਾ ਹੈ, ਅਤੇ ਸਤਿਗੁਰੂ ਤੋਂ ਬੇਮੁੱਖ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। "ਸਤਿਗੁਰਿ ਮਿਲਿਐ ਫੇਰ ਨ ਪਵੈ ਜਨਮ ਮਰਨ ਦੁਖੁ ਜਾਇ॥ ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ॥ … ਹਰਿ ਜੀਉ ਰਾਖਹੁ ਅਪੁਨੀ ਸਰਣਾਈ ਜਿਉ ਰਾਖਹਿ ਤਿਉ ਰਹਣਾ॥ …. ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮ ਗਵਾਇਆ॥ … ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇਇ ਜਗਾਇ॥ ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ॥" (ਪੰਨਾ- 69)।
"ਅਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰ॥ ਆਪਿ ਛਡਾਏ ਛੁਟੀਐ ਆਪੇ ਬਖਸਣਹਾਰ॥ (ਪੰਨਾ- 62)।
ਗੁਰਮਤ ਦਾ ਇੱਕ ਹੋਰ ਪਹਿਲੂ ਹੈ ‘ਅਰਦਾਸ’।
ਬੰਦਾ ਜੇ ਨਿਮਾਣਾ ਹੋ ਕੇ ਉਸ ਅੱਗੇ ਅਰਦਾਸ ਕਰੇ ਤਾਂ ਉਹ ਆਵਾਗਉਣ ਦੇ ਗੇੜ ਤੋਂ ਛੁੱਟ ਜਾਂਦਾ ਹੈ। ਗੁਰਮੁਖ ਬੰਦਾ ਹਰ ਵੇਲੇ ਪ੍ਰਭੂ ਅਗੇ ਇਹੀ ਅਰਦਾਸ ਕਰਦਾ ਹੈ "ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਨ ਨਿਵਾਰਿ ਲੇਹੁ॥" (ਪੰਨਾ-457)।
"ਇਕੁ ਦੁਖ ਰਾਮ ਰਾਇ ਕਾਟੋ ਮੇਰਾ॥ ਅਗਨਿ ਦਹੈ ਅਰੁ ਗਰਭਿ ਬਸੇਰਾ॥" (ਪੰਨਾ- 329)।
"ਪਾਰਬ੍ਰਹਮ ਤੇਰੀ ਸਰਣਾਇ॥ ਬੰਧਨ ਕਾਟਿ ਤਰੇ ਹਰਿ ਨਾਇ॥" (ਪੰਨਾ- 195)।
ਪਰ ਹਿੰਦੂ ਮਤ ਵਿੱਚ ਪ੍ਰਭੂ ਦੀ ਮਿਹਰ ਬਖਸ਼ਿਸ਼, ਰਹਿਮਤ, ਉਸ ਅੱਗੇ ਅਰਦਾਸ ਲਈ ਕੋਈ ਸਥਾਨ ਨਹੀਂ। ਹਿੰਦੂ ਮੱਤ ਦੇ ਕਰਮ ਸਿਧਾਂਤ ਮੁਤਾਬਕ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਜਦੋਂ ਸ੍ਰਿਸ਼ਟੀ ਸਾਜੀ ਗਈ ਸੀ ਉਸ ਸਮੇ ਸਭ ਤੋਂ ਪਹਿਲਾਂ ਚੰਗਾ ਮੰਦਾ ਨਾ ਕੰਮ ਸੀ ਨਾ ਕੋਈ ਜੀਵ ਸੀ। ਪਹਿਲੀ ਵਾਰੀ ਕਿਹੜੇ ਕਰਮਾਂ ਕਰਕੇ ਜੀਵ ਸੰਸਾਰ ਤੇ ਆਇਆ?
ਪਰ ਗੁਰਮਤ ਅਨੁਸਾਰ
"ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨ ਰਚਾਇਆ॥ (ਪੰਨਾ- 748)"।
ਇੱਥੇ ਤੁਕ ਦੇ ਪਹਿਲੇ ਹਿੱਸੇ ਵਿੱਚ ਸਵਾਲ ਅਤੇ ਦੂਜੇ ਹਿੱਸੇ ਵਿੱਚ ਜਵਾਬ ਹੈ। (ਸਵਾਲ) ਜਦੋਂ ਕੁੱਝ ਵੀ ਨਹੀਂ ਸੀ ਨਾ ਕੋਈ ਕਰਮ ਸੀ ਅਤੇ ਨਾ ਹੀ ਕੋਈ ਕਰਮ ਕਰਨ ਵਾਲਾ ਉਸ ਵਕਤ ਜੀਵ ਕਿਹੜੇ ਕਰਮਾਂ ਕਰਕੇ ਦੁਨੀਆਂ ਤੇ ਆਇਆ?
(ਜਵਾਬ) ਇਹ ਜਗਤ ਰਚਨਾ ਉਸ ਦੀ ਖੇਡ ਹੈ ਉਸ ਦੀ ਮਰਜ਼ੀ ਅਤੇ ਹੁਕਮ ਨਾਲ ਇਹ ਸੰਸਾਰ ਰਚਨਾ ਹੋਈ। ਅਰਥਾਤ ਉਸ ਦੀ ਮਰਜ਼ੀ ਨਾਲ ਜੀਵ ਜਗਤ ਤੇ ਆਇਆ ਕਿਸੇ ਕੀਤੇ ਕਰਮਾਂ ਕਰਕੇ ਨਹੀਂ। ਭਗਤ ਕਬੀਰ ਜੀ ਕਹਿੰਦੇ ਹਨ:
"ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਿਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥ ਹਰਿ ਮਹਿ ਤਨੁ ਹੈ ਤਨੁ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥ ਕਹਿ ਕਬੀਰ ਰਾਮ ਨਾਮ ਨ ਛੋਡਉ ਸਹਜੇ ਹੋਇ ਸੁ ਹੋਇ ਰੇ॥ (ਪੰਨਾ- 870)
ਅਰਥ: ਪੰਜਾਂ ਤੱਤਾਂ ਤੋਂ ਮਿਲ ਕੇ ਇਹ ਸਰੀਰ ਬਣਿਆ ਹੈ। ਇਹ ਤੱਤ ਵੀ ਕਿੱਥੋਂ ਬਣਨੇ ਸੀ? ਇਹ ਵੀ ਉਸ ਪ੍ਰਭੂ ਨੇ ਬਣਾਏ ਅਤੇ ਕੋਈ ਵੀ ਸਰੀਰ ਚੇਤਨ ਸੱਤਾ ਤੋਂ ਬਿਨਾ ਨਹੀਂ, ਅਰਥਾਤ ਜੀਵ ਦਾ ਸਰੀਰ ਅਤੇ ਜੀਵਨ ਸੱਤਾ ਇੱਕਠੇ ਹੀ ਪ੍ਰਭੂ ਦੀ ਰਜ਼ਾ ਨਾਲ ਹੋਂਦ ਵਿੱਚ ਆਏ। ਤੁਸੀਂ ਕਹਿੰਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ ਪਰ ਕਰਮ ਵੀ ਕਿੱਥੋਂ ਆਉਣੇ ਸੀ। ਇਨ੍ਹਾਂ ਕਰਮਾਂ ਨੂੰ ਵੀ ਪ੍ਰਭੂ ਨੇ ਹੀ ਵਜੂਦ ਵਿੱਚ ਲਿਆਂਦਾ। …… ਜੋ ਕੁੱਝ ਵੀ ਸੰਸਾਰ ਤੇ ਹੋ ਰਿਹਾ ਹੈ ਸਹਜੇ ਹੀ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ। ਜਦੋਂ ਪ੍ਰਭੂ ਨੂੰ ਭਾਇਆ ਸੰਸਾਰ ਰਚਨਾ ਕਰ ਦਿੱਤੀ, ਪੰਜ ਭੂਤਕ ਸਰੀਰ, ਸਰੀਰ ਵਿੱਚ ਜੀਵਾਤਮਾ/ ਚੇਤਨ ਸੱਤਾ ਪਾ ਦਿੱਤੀ ਉਸ ਦੇ ਹੁਕਮ/ ਰਜ਼ਾ ਵਿੱਚ ਹੀ ਸਭ ਕੁੱਝ ਹੋਂਦ ਵਿੱਚ ਆਇਆ ਅਤੇ ਹੋ ਰਿਹਾ ਹੈ। ਜੀਵ ਦਾ ਪੰਜ ਭੂਤਕ ਸਰੀਰ, ਜੀਵਾਤਮਾ ਅਤੇ ਕਰਮਾਂ ਦਾ ਸਿਲਸਿਲਾ ਉਦੋਂ ਤੋਂ ਛੁਰੂ ਹੋਇਆ ਜਦੋਂ ਪ੍ਰਭੂ ਨੇ ਸੰਸਾਰ ਰਚਨਾ ਕੀਤੀ।
ਗੁਰਮਤ ਅਨੁਸਾਰ: ਇਹ ਜਗਤ ਰਚਨਾਂ ਪ੍ਰਭੂ ਦੀ ਖੇਡ ਹੈ। ਗੁਰੂ ਸਾਹਿਬ ਇਸ ਖੇਡ ਨੂੰ ਭਲਵਾਨਾਂ ਦੇ ਘੋਲ ਦੀ ਖੇਡ ਨਾਲ ਤੁਲਨਾਂ ਦਿੰਦੇ ਹਨ। ਪ੍ਰਭੂ ਨੇ ਆਪ ਹੀ ਜਗਤ ਖੇਡ ਰਚੀ ਹੈ। ਭਿੜਨ ਵਾਲੇ ਦੋਨੋਂ ਪਾਸੇ ਗੁਰਮੁਖਿ ਅਤੇ ਮਨਮੁਖ, ਮਨੁੱਖ ਅਤੇ ਕਾਮਾਦਿਕ ਪੰਜੇ ਵਕਾਰ ਆਦਿ ਉਸ ਨੇ ਆਪ ਹੀ ਪੈਦਾ ਕਰਕੇ ਸਾਰਿਆਂ ਵਿੱਚ ਆਪ ਵਿਆਪਕ ਹੋ ਕੇ ਆਪ ਹੀ ਖੇਡ, ਖੇਡ ਵੀ ਰਿਹਾ ਹੈ ਅਤੇ ਖੇਡ ਨੂੰ ਦੇਖ ਕੇ ਵਿਗਸ ਵੀ ਰਿਹਾ ਹੈ। ਉਸ ਦੇ ਹੁਕਮ ਵਿੱਚ ਹੀ ਸਾਰੀ ਖੇਡ ਖੇਡੀ ਜਾ ਰਹੀ ਹੈ।
"ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥ ਲਥੇ ਭੜਥੂ ਪਾਇ ਗੁਰਮੁਖੁ ਮਚਿਆ॥ ਮਨਮੁਖ ਮਾਰੇ ਪਛਾੜਿ ਮੂਰਖ ਕਚਿਆ॥ ਆਪਿ ਭਿੜੈ ਮਾਰੇ ਆਪਿ, ਆਪਿ ਕਾਰਜੁ ਰਚਿਆ॥ ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ॥ ਹੁਕਮੀ ਲਿਖੇ ਸਿਰਿ ਲੇਖ ਵਿਣ ਕਲਮ ਮਸਵਾਣੀਐ॥" (ਪਉੜੀ- 4, ਪੰਨਾ- 1280)।
"ਦੋਵੇ ਤਰਫਾ ਉਪਾਇ ਇੱਕ ਵਰਤਿਆ॥ …ਮਨਮੁਖ ਕਚੇ ਕੂੜਿਆਰ ਤਿਨ੍ਹੀ ਨਿਹਚਉ ਦਰਗਹ ਹਾਰਿਆ॥ (ਪਉੜੀ- 5, ਪੰਨਾ- 1280)
"ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ ਦਯੂ ਬੈਠਾ ਵੇਖੈ ਆਪਿ ਜੀਉ॥ … ਨਿਹਤੇ ਪੰਜਿ ਜੁਆਨ ਮੈ ਗੁਰਿ ਥਾਪੀ ਦਿਤੀ ਕੰਡਿ ਜੀਉ॥ … ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲ ਗਵਾਇ ਜੀਉ॥ … ਮੈ ਜੁਗਿ ਜੁਗਿ ਦਯੈ ਸੇਵੜੀ॥ ਗੁਰਿ ਕਟੀ ਮਿਹਡੀ ਜੇਵੜੀ॥ ਹਉ ਬਾਹੁੜਿ ਛਿੰਝ ਨ ਨਚਹੂ ਨਾਨਕ ਅਉਸਰੁ ਲਧਾ ਭਾਲਿ ਜੀਉ॥ (74)।
ਅਰਥਾਤ ਗੁਰੂ ਦੀ ਬਖਸ਼ਿਸ਼ ਨਾਲ ਮੈਂ ਕਾਮਾਦਿਕ ਪੰਜਾਂ ਵਕਾਰਾਂ ਨੂੰ ਨਿਹਣਾ ਪਾ ਕੇ ਜਗਤ ਖੇਡ ਦੀ ਬਾਜੀ ਜਿੱਤ ਲਈ ਹੈ। ਹੁਣ ਮੈਨੂੰ ਮੁੜ-ਮੁੜ ਜਗਤ ਖੇਡ ਵਿੱਚ ਨਹੀਂ ਆਉਣਾ ਪੈਣਾ ਅਰਥਾਤ ਮੈਨੂੰ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਣਾ ਪੈਣਾ। ਪ੍ਰਭੂ ਇਸ ਜਗਤ ਖੇਡ ਵਿੱਚ, ਸਭ ਵਿੱਚ ਵਿਆਪਕ ਹੋ ਕੇ ਵੀ ਸਭ ਤੋਂ ਨਿਰਲੇਪ ਵੀ ਹੈ।
"ਆਵਨ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥ ਸਭ ਕੈ ਮਧਿ ਅਲਿਪਤੋ ਰਹੈ॥ ਜੋ ਕਿਛੁ ਕਰਣਾ ਸੁ ਆਪੇ ਕਰੇ॥" (ਪੰਨਾ- 292)।
ਗੁਰੂ ਸਾਹਿਬ ਇਸ ਜਗਤ ਖੇਡ ‘ਆਵਾਗਉਣ’ ਨੂੰ ਚੌਪੜ ਦੀ ਖੇਡ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। "ਬਬੈ ਬਾਜੀ ਖੇਡਣ ਲਾਗਾ ਚਉਪੜਿ ਕੀਤੇ ਚਾਰ ਜੁਗਾ॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ॥ (ਪੰਨਾ- 433)। ਅਰਥ: ਹੇ ਮਨ! (ਤੂੰ ਸੰਸਾਰ ਚੌਪੜ ਦੀ ਖੇਡ ਨੂੰ ਸਮਝ, ਇੱਕ ਸੁਚੱਜੀ ਨਰਦ ਬਣਕੇ ਪ੍ਰਭੂ ਦੇ ਰਜ਼ਾ ਰੂਪ ਹੱਥਾਂ ਵਿੱਚ ਤੁਰ ਤਾਂ ਕਿ ਪੁੱਗ ਜਾਵੇਂ) ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ, ਸਾਰੇ ਜੀਵ ਜੰਤ ਉਸ ਨੇ ਨਰਦਾਂ ਬਣਾਈਆਂ ਹੋਈਆਂ ਹਨ, ਪ੍ਰਭੂ ਆਪ ਪਾਸੇ (Dice) ਸੁੱਟਦਾ ਹੈ (ਕਈ ਨਰਦਾਂ ਪੁਗਦੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਖ਼ਜ਼ਾਨੇ ਵਿੱਚ ਪਾ ਲੈਂਦਾ ਹੈ (ਜੋਤੀ ਨਾਲ ਜੋਤ ਰਲਾ ਲੈਂਦਾ ਹੈ) ਕਈ ਉਨ੍ਹਾਂ ਚੌਹਾਂ ਖਾਨਿਆਂ ਦੇ ਗੇੜ ਵਿੱਚ ਹੀ ਪਈਆਂ ਰਹਿੰਦੀਆਂ ਹਨ (ਅਰਥਾਤ ਆਵਾਗਉਣ ਦੇ ਗੇੜ ਵਿੱਚ ਹੀ ਪਈਆਂ ਰਹਿੰਦੀਆਂ ਹਨ)।
ਜੇ ਆਪਾਂ ਮੰਨੀਏ ਕਿ ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ ਤਾਂ ਇਸ ਗੱਲ ਦਾ ਕੀ ਜਵਾਬ ਹੈ ਕਿ ਕੀ ਸੋਚ ਕੇ ਪ੍ਰਭੂ ਨੇ ਰੁੱਖ, ਬਿਰਖ, ਕੀੜੇ, ਕਾਢੇ, ਪਸ਼ੂ, ਪੰਛੀ, ਇਨ੍ਹਾਂ ਮੰਦੀਆਂ ਜੂਨਾਂ ਵਿੱਚ ਪਾ ਦਿੱਤੇ? ਜੇ ਪਿਛਲੇ ਜਨਮ ਦੇ ਕਰਮਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਤਾਂ ਫੇਰ ਨੀਵੀਆਂ ਜੂਨਾਂ ਪਰਮਾਤਮਾ ਨੇ ਕਿਉਂ ਪੈਦਾ ਕੀਤੀਆਂ? ਹੋਰ ਜੂਨੀਆਂ ਨੂੰ ਮਨੁੱਖ ਦੀ ਪਨਿਹਾਰੀ ਕਿਉਂ ਬਣਾਇਆ? ਕਈ ਵਿਅਕਤੀ ਜਨਮ ਤੋਂ ਹੀ ਐਸੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਗਰੀਬੀ ਵਿੱਚ ਪਲਦੇ ਹਨ ਅਤੇ ਸਾਰੀ ਉਮਰ ਦੁੱਖ ਭੋਗਦੇ ਹਨ ਅਤੇ ਕਈ ਐਸੇ ਥਾਂ ਜਨਮ ਲੈਂਦੇ ਹਨ ਕਿ ਜਿਨ੍ਹਾਂ ਨੇ ਸਾਰੀ ਉਮਰ ਡੱਕਾ ਦੂਹਰਾ ਨਹੀਂ ਕੀਤਾ ਹੁੰਦਾ ਪਰ ਫੇਰ ਵੀ ਸਾਰੀ ਉਮਰ ਐਸ਼ੋ-ਇਸ਼ਰਤ ਦੀ ਜ਼ਿਦਗੀ ਬਸਰ ਕਰਦੇ ਹਨ। ਕਈ ਲੰਮੀ ਉਮਰ ਭੋਗਦੇ ਹਨ ਕਈ ਛੋਟੀ ਉਮਰ ਵਿੱਚ ਹੀ ਬਿਮਾਰੀ ਗ਼ਰੀਬੀ, ਭੁਖ-ਮਰੀ ਦਾ ਸ਼ਿਕਾਰ ਹੋ ਕੇ ਏਥੋਂ ਚਲੇ ਜਾਂਦੇ ਹਨ। ਕਈਆਂ ਕੋਲ ਏਨਾ ਧਨ ਹੁੰਦਾ ਹੈ ਕਿ ਸਾਰੀ ਉਮਰ ਬੈਠੇ ਖਾਈ ਜਾਣ, ਦੂਜਿਆਂ ਨੂੰ ਦੇਈ ਜਾਣ ਫੇਰ ਵੀ ਧਨ ਮੁਕਦਾ ਨਹੀਂ ਅਤੇ ਕਈ ਫ਼ਕੀਰਾਂ ਦੀ ਹਾਲਤ ਵਿੱਚ ਤੁਰੇ ਫਿਰਦੇ ਹਨ।
"ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥" (ਪੰਨਾ 1289)।
"ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ॥" (ਪੰਨਾ- 173)।ਆਵਾਗਉਣ ਸੰਬੰਧੀ (ਅਤੇ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਬਾਰੇ) ਹਿੰਦੂ ਮੱਤ ਅਤੇ ਸਿੱਖ ਮੱਤ ਦੀ ਵਿਚਾਰਧਾਰਾ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ। ਬੇਸ਼ਕ ਹਿੰਦੂ ਮੱਤ ਵੀ ਅਤੇ ਸਿੱਖ ਮੱਤ ਵੀ ਦੋਨੋਂ ਹੀ ਆਵਾਗਉਣ ਨੂੰ ਮੰਨਦੇ ਹਨ ਪਰ ਦੋਨਾਂ ਮੱਤਾਂ ਦਾ ਆਪਸ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ। ਇਸ ਫ਼ਰਕ ਨੂੰ ਪਛਾਣ ਕੇ ਉਸ ਬਾਰੇ ਸਿੱਖਾਂ ਨੂੰ ਜਾਗਰੁਕ ਕਰਨ ਦੀ ਜ਼ਰੂਰਤ ਹੈ।
ਜਸਬੀਰ ਸਿੰਘ (ਕੈਲਗਰੀ)
(403) 248 2169