ਵਿਸ਼ਕਰਮਾ ਤੇ ਸਿੱਖ
ਗੁਰਦੇਵ ਸਿੰਘ ਸੱਧੇਵਾਲੀਆ
ਇਕ ਚਲ ਰਹੇ ਰੇਡੀਓ ਪ੍ਰੋਗਾਰਮ ਉਪਰ ਇਕ ਭਾਈ ਆਇਆ ਅਤੇ ਕਹਿਣ ਲਗਾ ਕਿ ਅਸੀਂ ਭਾਈ ਲਾਲੋ ਜੀ ਦੀ ਜਾਤ ਬਰਾਦਰੀ ਵਲੋਂ ਗੁਰੂ ਨਾਨਕ ਲੇਵਾ ਸਭ ਸੰਗਤਾਂ ਨੂੰ ਵਿਸ਼ਕਰਮਾ ਡੇਅ ਉਪਰ ਸ਼ੁਭ ਕਾਮਨਾਵਾਂ ਭੇਟ ਕਰਦੇ ਅਤੇ ਵਧਾਈ ਦਿੰਦੇ ਹਾਂ !
ਭਾਈ ਲਾਲੋ! ਗੁਰੂ ਨਾਨਕ ਨਾਮ ਲੇਵਾ ਸੰਗਤਾਂ !!!!!!!
ਕਹਿੰਦੇ ਨੇ ਜਦ ਸ਼ਿਵ ਜੀ ਨੇ ਗਣੇਸ਼ ਦਾ ਸਿਰ ਵੱਡ ਦਿੱਤਾ ਤਾਂ ਪਾਰਬਤੀ ਦੀ ਹਾਲ-ਦੁਹਾਈ ਤੇ ਉਸ ਨੇ ਹਾਥੀ ਦਾ ਸਿਰ ਲਿਆ ਕੇ ਉਸ ਦੇ ਧੜ ਉਪਰ ਗੱਡ ਕੇ ਉਸ ਨੂੰ ਅਜੀਬ ਜਿਹਾ .... ਬਣਾ ਕੇ ਰੱਖ ਦਿੱਤਾ। ਪਰ ਧੰਨ ਹੈ ਬਈ ਪਾਰਬਤੀ ਉਨੇ ਉਲਾਦ ਦੇ ਮੋਹ ਕਾਰਨ ਉਸ ਨੂੰ ਉਂਝ ਦਾ ਉਂਝ ਹੀ ਪ੍ਰਵਾਨ ਕਰ ਲਿਆ ਹੁਣ ਇਹ ਪਤਾ ਨਹੀਂ ਉਹ ਅਪਣੇ ਉਸ ਲਾਡਲੇ ਬੇਟੇ ਨੂੰ ਆਟਾ ਚਾਰਦੀ ਰਹੀ ਜਾਂ ਪੱਠੇ?
ਚਲੋ ਇਹ ਤਾਂ ਪਾਰਬਤੀ ਜੀ ਦੀ ਸਿਰਦਰਦੀ ਸੀ। ਪਰ ਸ਼ਿਵ ਜੀ ਪੰਡੀਏ ਮੁਕਾਬਲੇ ਕੁਝ ਵੀ ਨਹੀਂ ਸਨ ਕਿਉਂਕਿ ਸ਼ਿਵ ਜੀ ਨੇ ਤਾਂ ਖਾਲੀ ਧੜ ਉਪਰ ਹਾਥੀ ਦਾ ਸਿਰ ਲਾਇਆ, ਪਰ ਪੰਡੀਏ ਨੇ ਬਿਨਾ ਪਹਿਲਾ ਸਿਰ ਵੱਡਿਆਂ ਹੀ ਸਿਰ ਉਪਰ ਅਪਣਾ ਸਿਰ ਜੜ ਦਿੱਤਾ।
ਤੁਸੀਂ ਦੇਖੋ ਨਾ ਗੁਰੂ ਨਾਨਕ ਦਾ ਸਿਰ ਵੀ ਚੁੱਕੀ ਫਿਰਦਾ ਸਿੱਖ ਤੇ ਪੰਡੀਏ ਦਾ ਵੀ ! ਗੁਰੂ ਦੀ ਬਾਣੀ ਅਗੇ ਵੀ ਮੱਥਾ ਟੇਕਦਾ ਤੇ ਪੰਡੀਏ ਅਗੇ ਵੀ! ਨਹੀਂ ਤਾਂ ਕਿਥੇ ਗੁਰੂ ਨਾਨਕ ਪਾਤਸ਼ਾਹ ਵਰਗੇ ਇਨਕਲਾਬੀ ਗੁਰੂ ਤੇ ਕਿਥੇ ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲਾ ਪੰਡੀਆ! ਯਾਨੀ ਮੰਗ ਖਾਣੀ ਜਾਤ? ਕਰਾਮਾਤ ਹੋਰ ਕੀ ਹੈ? ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਕੀਤੀ। ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਮੱਕਸਦ ਲੋਕਾਂ ਨੂੰ ਲੁਟਣਾ ਨਹੀਂ ਸੀ। ਕਰਾਮਾਤਾਂ ਕੀਤੀਆਂ ਪੰਡੀਏ ਨੇ। ਆਹ ਤੁਹਾਡੇ ਸਾਹਵੇਂ ਹੀ ਹੋਈਆਂ ਕਰਾਮਾਤਾਂ। ਕਰਵਾ-ਚੌਥ ਨੇ ਦੁਨੀਆਂ ਲੁੱਟੀ, ਦੁਸਹਿਰੇ ਤੇ ਲੁਕਾਈ ਲੁੱਟ ਹੋਈ, ਦੀਵਾਲੀ ਤੇ, ਤੇ ਹੁਣ ਵਿਸ਼ਕਰਮਾ ਜੀ ਦੀ ਵਾਰੀ ਹੈ।
ਮੱਸਿਆ-ਪੁੰਨਿਆ-ਪੈਚਵੀਂ-ਸੰਗਰਾਦ-ਅੱਠਵੀਂ-ਦਸਵੀਂ ਇਸ ਦੀਆਂ ਨਿੱਤ ਦੀਆਂ ਕਰਾਮਾਤਾਂ ਹਨ।
ਮਦਾਰੀ ਕੀ ਕਰਦਾ? ਲੱਤਾਂ-ਬਾਹਵਾਂ ਚੋ ਪੈਸੇ ਕੱਢ ਢੇਰ ਲਾ ਦਿੰਦਾ, ਮੂੰਹ ਚੋਂ ਪੈਸੇ ਕੱਢਦਾ, ਕੱਛਾਂ ਚੋਂ ਪੈਸੇ ਕੱਢਦਾ ਪਰ ਆਪ ਠੂਠਾ ਫੜਕੇ ਉਗਰਾਹੀ ਕਰਦਾ। ਸੜਕ ਤੇ ਬੈਠਾ ਜੋਤਸ਼ੀ ਤੁਹਾਨੂੰ ਬਾਹਰ ਦੀਆਂ ਸੈਰਾਂ ਕਰਾਉਂਦਾ, ਜਹਾਜਾਂ ਤੇ ਚੜਾਉਂਦਾ ਪਰ ਆਪ ਸਾਰਾ ਦਿਨ ਉਥੇ ਹੀ ਬੈਠਾ ਧੂੜ ਫੱਕਦਾ ਰਹਿੰਦਾ! ਪੰਡੀਆ ਕੀ ਕਰਦਾ। ਵਿਸ਼ਕਰਮਾ ਕੋਲੋਂ ਕਦੇ ਸੋਨੇ ਦੀ ਲੰਕਾ ਬਣਾਉਂਦਾ, ਕਦੇ ਉਡਣ ਖਟੋਲੇ ਬਣਾਉਂਦਾ, ਕਦੇ ਸ਼ੀਸ਼ ਮਹਿਲ ਬਣਾਉਂਦਾ ਪਰ ਆਪ? ਆਪ ਠੂਠਾ ਫੜਕੇ ਲੋਕਾਂ ਘਰੀਂ ਮੰਗਣ ਤੁਰਿਆ ਰਹਿੰਦਾ!
ਗੁਰੂ ਨਾਨਕ ਨਾਮ ਲੇਵਾ ਸੰਗਤ? ਗੁਰੂ ਨਾਨਕ ਨਾਮ ਲੇਵਾ ਸੰਗਤ ਮਦਾਰੀਆਂ ਮਗਰ? ਮਦਾਰੀ ਦਾ ਤਾਮਸ਼ਾ ਦੇਖੋ ਨਾ। ਕੁੜੀ ਵਿਆਹੀ ਕਿਸ ਨਾਲ? ਸੂਰਜ ਨਾਲ? ਤੇ ਸੂਰਜ ਗਰਮ ਬਹੁਤ ਸੀ ਉਸ ਨੂੰ ਖਰਾਦ ਤੇ ਚਾਹੜ ਕੇ ਪਹਿਲਾਂ ਛਿੱਲਿਆ ਤੇ ਉਸ ਦਾ 'ਟੈਂਮਰੇਚਰ' ਪਹਿਲਾਂ ਅਪਣੀ ਧੀ ਦੇ ਮੇਚ ਦਾ ਕੀਤਾ। ਯਾਨੀ ਪਹਿਲਾਂ ਅਪਣਾ ਜਵਾਈ ਹੀ ਖਰਾਦੇ ਚਾਹੜ ਛੱਡਿਆ ਮਾਂ ਦੇ ਪੁੱਤ ਨੇ। ਜਵਾਈ ਪਲੰਗੇ ਚੜ੍ਹਦਾ ਤਾਂ ਸੁਣਿਆਂ ਸੀ ਪਰ ਖਰਾਦੇ ਚਾਹੜਨਾ?
ਗੱਪ ਮਾਰੋ ਕਿ ਗੱਪ ਖੁਦ ਨੂੰ ਸੁਣਕੇ ਸ਼ਰਮਿੰਦੀ ਹੋ ਜਾਏ। ਵੈਸੇ ਉਂਝ ਹੀ ਹਾਸੇ ਭਾਣੇ ਜਿਹੇ ਜਦ ਇਹ ਗੱਪਾਂ ਪੰਡੀਏ ਨੇ ਲਿਖੀਆਂ ਹੋਣਗੀਆਂ ਉਸ ਨੂੰ ਸੁਪਨਾ ਵੀ ਨਹੀਂ ਹੋਣਾ ਕਿ ਇਹ ਇਨੀਆਂ ਚਲ ਨਿਕਲਣਗੀਆਂ ਤੇ ਇਨੀਆਂ ਮਹਿੰਗੀਆਂ ਵੀ ਵਿਕਣਗੀਆਂ।
ਭਾਈ ਲਾਲੋ ਜੀ। ਕਿੰਨੇ ਉੱਚੇ ਜੀਵਨ ਵਾਲਾ ਗੁਰਸਿੱਖ ਹੋਵੇਗਾ ਜਿਸ ਕੋਲੇ ਗੁਰੂ ਨਾਨਕ ਸਾਹਿਬ ਲਗਾਤਾਰ ਕਈ ਮਹੀਨੇ ਠਹਿਰੇ। ਫਿਰ ਭਾਈ ਲਾਲੋ ਨੂੰ ਸੰਬੋਧਨ ਹੋਕੇ ਗੁਰੂ ਪਾਤਸ਼ਾਹ ਬਾਣੀ ਉਚਾਰ ਰਹੇ ਹਨ। 'ਕੂੜ ਫਿਰੇ ਪ੍ਰਧਾਨ ਵੇ ਲਾਲੋ'। ਤੇ ਲਾਲੋ ਦੇ ਵਾਰਸ ਅਖਵਾਉਂਣ ਵਾਲੇ ਭਰਾ ਹਾਲੇ ਤਕ ਵਿਸ਼ਕਰਮਾ ਦੇ ਖਰਾਦ ਉਪਰੋਂ ਹੀ ਨਹੀਂ ਉਤਰੇ। ਪੰਡੀਏ ਨੇ ਉਨ੍ਹਾਂ ਨੂੰ ਅਜਿਹਾ ਖਰਾਦੇ ਚਾਹੜਿਆ ਹੈ ਕਿ ਉਨ੍ਹਾਂ ਨੂੰ ਛਿੱਲ ਛਿੱਲ ਅਪਣੇ 'ਟੈਂਪਰੇਚਰ' ਦਾ ਕਰ ਮਾਰਿਆ! ਤੇ ਉਹ ਹੁਣ ਅਪਣਾ ਤੇਜ ਗਵਾ ਬੈਠੇ ਹੋਏ ਨੇ। ਹਾਲੇ ਕਹਾਣੀ ਵਾਲੇ ਸੂਰਜ ਦੀ ਥੋੜੀ ਬਾਹਲੀ ਅੱਗ ਤਾਂ ਵਿਸ਼ਕਰਮਾ ਨੇ ਛੱਡ ਦਿੱਤੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੀ ਅੱਗ ਦਾ ਤਾਂ ਉਸ ਛੱਡਿਆਂ ਹੀ ਕੁਝ ਨਹੀਂ। ਕਿ ਛੱਡਿਆ ?
ਗੁਰਦੇਵ ਸਿੰਘ ਸੱਧੇਵਾਲੀਆ
ਵਿਸ਼ਕਰਮਾ ਤੇ ਸਿੱਖ
Page Visitors: 2567