ਸੱਚ/ਝੂਠ ਦਾ ਸਿਹਤ ਤੇ ਅਸਰ !
ਬੱਚਿਆਂ ਨੂੰ ਅਕਸਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ । ਵੱਖ ਵੱਖ ਮਜ਼ਹਬ ਵੀ ਆਪਦੇ ਆਕੀਦੇ ਵਾਲੇ ਰੱਬ ਨੂੰ ਹਰ ਘਟਨਾ ਵਾਚ ਰਿਹਾ ਦਰਸਾ ਡਰਾ ਕੇ ਸੱਚ ਬੋਲਣ ਲਈ ਆਖਦੇ ਹਨ । ਸਮੁੱਚੀ ਮਨੁੱਖਤਾ ਵਿੱਚ ਰੱਬ ਦੇਖਣ ਵਾਲੇ ਸੱਚ ਧਰਮ ਨੂੰ ਪ੍ਰਣਾਏ ਲੋਕ ਵੀ ਰੱਬ ਨੂੰ ਹਰ ਦਿਲ ਵਿੱਚ ਵਸਦਾ ਜਾਣ ਅਤੇ ਸਭ ਨੂੰ ਆਪਦੇ ਵਰਗਾ ਸਮਝ ਸਦਾ ਸੱਚ ਦਾ ਪੱਲਾ ਫੜਨ ਅਤੇ ਸੱਚੇ ਜੀਵਨ ਲਈ ਪ੍ਰੇਰਦੇ ਹਨ । ਪਰ ਅਜੋਕੇ ਵਰਤਾਰਿਆਂ ਵਿੱਚ ਜਦੋਂ ਬੱਚੇ ਸਮਾਜ ਵਿੱਚ ਸੱਚਿਆਂ ਨੂੰ ਤਕਲੀਫਾਂ ਵਿੱਚ ਅਤੇ ਝੂਠਿਆਂ ਨੂੰ ਆਖੀ ਜਾਂਦੀ ਐਸ਼ ਕਰਦਿਆਂ ਦੇਖਦੇ ਹਨ ਤਾਂ ਦਿਖ ਰਹੇ ਫਾਇਦੇ ਲਈ, ਦਿੱਤੀ ਗਈ ਸਿੱਖਿਆ ਦੇ ਉਲਟ ਖੁਦ ਵੀ ਝੂਠ ਬੋਲਣ ਲਗ ਜਾਂਦੇ ਹਨ । ਅਣਜਾਣੇ ਵਿੱਚ ਮਿਲ ਰਹੀ ਝੂਠ ਨਾਲ ਵਕਤੀ ਲਾਭ ਦੀ ਤਸੱਲੀ ਅਸਲ ਵਿੱਚ ਕਿੰਨਾ ਨੁਕਸਾਨ ਕਰਦੀ ਹੈ ਅਸੀਂ ਸੋਚਦੇ ਹੀ ਨਹੀਂ ।
ਅਕਸਰ ਸੱਚ ਬੋਲਣ ਦੇ ਲਾਭ ਦੱਸਦੇ ਹੋਏ ਅਸੀਂ ਆਖਦੇ ਹਾਂ ਕਿ ਸੱਚ ਬੋਲਣ ਵਾਲੇ ਦੇ ਦਿਮਾਗ ਤੇ ਭਾਰ ਨਹੀਂ ਪੈਂਦਾ ਕਿਓਂਕਿ ਉਸਨੂੰ ਇਹ ਯਾਦ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਕਿ ਉਸਨੇ ਕਿਹੜੀ ਗੱਲ, ਕਿਸਨੂੰ, ਕਦੋਂ, ਕਿਓਂ ਅਤੇ ਕਿੰਝ ਦੱਸੀ ਹੈ । ਏਸੇ ਕਾਰਣ ਹਮੇਸ਼ਾਂ ਸੱਚ ਬੋਲਣ ਵਾਲੇ ਬੰਦੇ ਦੇ ਚਿਹਰੇ ਤੇ ਕਿਸੇ ਤਣਾਵ ਦੀ ਜਗਹ ਬੇਫਿਕਰੀ ਵਾਲੀ ਅਜੀਬ ਜਿਹੀ ਪ੍ਰਸੰਨਤਾ ਰਹਿੰਦੀ ਹੈ ।
ਵੈਸੇ ਅੱਜ ਕਲ ਕਈ ਬੰਦਿਆਂ ਦਾ ਝੂਠ ਬੋਲਣਾ ਸੁਭਾਅ ਹੀ ਬਣ ਚੁੱਕਾ ਹੈ । ਅਜਿਹੇ ਸੁਭਾਅ ਵਾਲੇ ਬਿਨਾ ਕਿਸੇ ਲਾਭ ਹੋਣ ਦੀ ਝਾਕ ਤੋਂ ਵੀ ਪੱਕ ਚੁੱਕੀ ਆਦਤ ਕਾਰਣ ਝੂਠ ਹੀ ਬੋਲਦੇ ਹਨ । ਕਈ ਬੰਦੇ ਝੂਠ ਨੂੰ ਫੜਨ ਦੇ ਵੀ ਮਾਹਿਰ ਹੁੰਦੇ ਹਨ ਉਹ ਅੱਖਾਂ, ਜੁਬਾਨ ਜਾਂ ਚਿਹਰੇ ਦੇ ਹਾਵ-ਭਾਵਾਂ ਤੋਂ ਝੂਠ ਜਾ ਫੜਦੇ ਹਨ । ਆਦਮੀ ਦੀ ਝੂਠ ਬੋਲਣ ਦੀ ਆਦਤ ਕਾਰਣ ਹੀ ਸਮਾਂ ਲਾਈ-ਡੀਟੈਕਟਰ ਮਸ਼ੀਨਾ ਤੱਕ ਪੁੱਜ ਚੁੱਕਾ ਹੈ ।
ਅਜੋਕੇ ਝੂਠ ਦੇ ਮਹੌਲ ਵਿੱਚ ਜਿੱਥੇ ਅੱਜ ਕਲ ਝੂਠ ਨੂੰ ਫਖ਼ਰ ਤੇ ਸ਼ਾਨ ਨਾਲ ਬੋਲਿਆ ਜਾਂਦਾ ਹੈ ਉੱਥੇ ਕਈ ਬੰਦੇ ਅਜਿਹੇ ਵੀ ਮਿਲਦੇ ਹਨ ਜੋ ਇਸ ਗੱਲ ਵਿੱਚ ਵਿਸ਼ਵਾਸ਼ ਰੱਖਦੇ ਹਨ ਕਿ ਬੰਦਾ ਕੇਵਲ ਸੱਚ ਬੋਲਣ ਲਈ ਹੀ ਬਣਿਆ ਹੈ । ਝੂਠ ਬੋਲ ਰਿਹਾ ਬੰਦਾ ਜਿੱਥੇ ਸਮਾਜ ਵਿੱਚ ਦੇਰ-ਸਵੇਰ ਬੇ-ਇੱਜਤ ਹੁੰਦਾ ਹੈ ਉੱਥੇ ਆਪਣੀ ਸਿਹਤ ਦਾ ਵੀ ਨੁਕਸਾਨ ਕਰ ਰਿਹਾ ਹੁੰਦਾ ਹੈ । ਆਖਿਆ ਜਾਂਦਾ ਹੈ ਕਿ ਝੂਠ ਰਾਹੀਂ ਲੱਗੀਆਂ ਮਾਨਸਿਕ ਬਿਮਾਰੀਆਂ ਹੀ ਸਰੀਰਕ ਬਿਮਾਰੀਆਂ ਦਾ ਆਧਾਰ ਬਣਦੀਆਂ ਹਨ । ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਝੂਠ ਬੋਲਣ ਨਾਲ ਦਿਮਾਗ ਤੇ ਗੁਨਾਹ ਦਾ ਭਾਰ ਰਹਿੰਦਾ ਹੈ । ਪਰ ਇਸ ਗੱਲ ਨੂੰ ਵਿਗਿਆਨਿਕ ਤੌਰ ਤੇ ਵੀ ਵਿਚਾਰ ਸਕਦੇ ਹਾਂ ।
ਜਦੋਂ ਅਸੀਂ ਕਿਸੇ ਨਾਲ ਝੂਠ ਬੋਲਦੇ ਹਾਂ ਤਾਂ ਭਾਵੇਂ ਅਗਲਾ ਸਚਾਈ ਜਾਣਦਾ ਨਹੀਂ ਹੁੰਦਾ ਪਰ ਅਸੀਂ ਖੁਦ ਤਾਂ ਆਪਣੇ ਆਪ ਵਲੋਂ ਬੋਲੇ ਝੂਠ ਨੂੰ ਜਾਣਦੇ ਹੀ ਹੁੰਦੇ ਹਾਂ । ਸਾਡਾ ਆਪਣਾ ਝੂਠੇ ਹੋਣ ਦਾ ਅਹਿਸਾਸ ਸਾਡੇ ਦਿਮਾਗ ਦੀਆਂ ਨਸਾਂ ਵਿੱਚ ਤਣਾਵ ਪੈਦਾ ਕਰਦਾ ਹੈ । ਇਹ ਤਣਾਵ ਕੇਵਲ ਦਿਮਾਗ ਦੇ ਕੰਮਾਂ ਤੇ ਹੀ ਅਸਰ ਨਹੀਂ ਪਾਉਂਦਾ ਸਗੋਂ ਸਮੁੱਚੇ ਸ਼ਰੀਰ ਦੀਆਂ ਕਈ ਪਰਕਾਰ ਦੀਆਂ ਵੱਖ ਵੱਖ ਸਰੀਰਕ ਕਾਰਜਾਂ ਲਈ ਬਣੇ ਰਸਾਂ/ਰਸਾਇਣਾਂ ਦੀਆਂ ਗ੍ਰੰਥੀਆਂ(ਗਲੈਂਡਜ਼) ਤੇ ਅਣਸੁਖਾਵਾਂ ਅਸਰ ਪਾਉਂਦਾ ਹੈ । ਇਹ ਰਸ ਕਈ ਪਰਕਾਰ ਦੇ ਤੱਤਾਂ ਤੋਂ ਮਿਲਕੇ ਬਣੇ ਹੁੰਦੇ ਹਨ ਅਤੇ ਕਈ ਵੱਖਰੀ ਤਰਾਂ ਦੇ ਤੱਤਾਂ ਨਾਲ ਰਲ਼ ਕਿਰਿਆਵਾਂ ਕਰ ਖਾਸ ਤਰਾਂ ਦੀਆਂ ਪ੍ਰਣਾਲੀਆਂ (ਸਿਸਟਮਜ਼) ਨੂੰ ਚਲਾਉਣ ਵਿੱਚ ਅਨੇਕਾਂ ਤਰਾਂ ਦੇ ਚੱਕਰਾਂ (ਸਾਈਕਲਜ਼) ਨੂੰ ਪੂਰਾ ਕਰ ਵੱਖ ਵੱਖ ਖੇਤਰਾਂ ਵਿੱਚ ਰੋਲ ਨਿਭਾਉਂਦੇ ਹਨ । ਜਿਗਰ, ਗੁਰਦੇ, ਦਿਲ, ਦਿਮਾਗ, ਫੇਫੜਿਆਂ ਆਦਿ ਦੇ ਸਹੀ ਕੰਮ ਕਰਨ ਲਈ ਇਹਨਾਂ ਜੂਸਾਂ (ਇੰਨਜਾਈਮਾਂ/ਸਕਰੀਸ਼ਨਜ਼) ਦੀ ਅਤੀਅੰਤ ਲੋੜ ਹੁੰਦੀ ਹੈ ਜੋ ਵੱਖ ਵੱਖ ਚੱਕਰਾਂ ਰਾਹੀਂ ਸੰਪੂਰਨ ਹੁੰਦੇ ਹਨ । ਸਰੀਰ ਦੇ ਅੰਗਾਂ ਲਈ ਵੱਖ ਵੱਖ ਨਾੜਾਂ ਦੇ ਤਣਾਵ ਰਾਹੀਂ ਵਧੇ-ਘਟੇ ਤੱਤ (ਕੈਮੀਕਲ) ਇਹਨਾਂ ਸਾਈਕਲਾਂ ਨੂੰ ਸੰਪੂਰਨ ਹੋਣ ਵਿੱਚ ਵਿਘਨ ਪਾਉਂਦੇ ਹਨ ।
ਸਰੀਰ ਦੇ ਵੱਖ ਵੱਖ ਕਾਰਜਾਂ ਨਾਲ ਜੁੜੀਆਂ ਨਾੜਾਂ (ਨਰਵਜ਼) ਦੀ ਕਾਰਜ ਵਿਧੀ ਅਤੇ ਕਾਰਜ ਚੱਕਰ ਅਜਿਹੇ ਰਸਾਇਣਾ ਤੇ ਹੀ ਨਿਰਭਰ ਕਰਦਾ ਹੈ । ਇਹਨਾ ਨਾੜਾਂ ਵਿਚਲੇ ਰਸਾਂ ਵਿੱਚ ਵਾਧ-ਘਾਟ ਜਾ ਹੋਏ ਬਦਲਾਵ ਕਾਰਣ ਦਿਮਾਗ ਵੱਲ ਕਿਸੇ ਖਾਸ ਤਰਾਂ ਦੀ ਚੇਤਨਾ ਦਾ ਸੰਦੇਸ਼ ਅਤੇ ਦਿਮਾਗ ਵਲੋਂ ਸਰੀਰਕ ਕਰਿਆ ਕਰਨ ਵਾਲੇ ਅੰਗਾਂ ਲਈ ਗਏ ਕਾਰਜਕਾਰੀ ਸੰਦੇਸ਼ ਲੋੜ ਅਨੁਸਾਰ ਸੰਪੂਰਨ ਕੰਮ ਨਹੀਂ ਕਰ ਪਾਉਂਦੇ ਜਿਸ ਨਾਲ ਸਰੀਰ ਦੀਆਂ ਕਈ ਖਾਸ ਕਿਸਮ ਦੀਆਂ ਪ੍ਰਣਾਲੀਆਂ ਦੇ ਕੰਮ ਕਾਜ ਵਿੱਚ ਰੁਕਾਵਟ ਪੈਣ ਨਾਲ ਸਬੰਧਤ ਸਿਸਟਮਾਂ ਅਤੇ ਅੰਗਾਂ ਦੇ ਕੰਮ ਘਟ ਜਾਂਦੇ ਹਨ ਜਾਂ ਬਦਲ ਜਾਂਦੇ ਹਨ ਜਿਸ ਕਾਰਣ ਸੰਤੁਲਨ ਬਿਗੜਦਾ ਹੈ ਅਤੇ ਸਰੀਰ ਰੋਗਾਂ ਦਾ ਸਾਹਮਣਾ ਕਰਦੇ ਹਨ । ਸਿੱਧੇ ਲਫਜਾਂ ਵਿੱਚ ਝੂਠ ਬੋਲਣ ਕਾਰਣ ਨਸਾਂ ਵਿੱਚ ਆਏ ਤਣਾਵ ਕਾਰਨ ਅਣਚਾਹੇ ਕੈਮੀਕਲ/ਜਹਿਰਾਂ ਬਣਦੀਆਂ ਹਨ ਜੋ ਸਰੀਰ ਦੇ ਕੁਦਰਤੀ ਕੰਮਾਂ ਵਿੱਚ ਰੁਕਾਵਟ ਪਾ ਅੰਦਰੂਨੀ ਕੋਮਲ ਅੰਗਾਂ ਦੀਆਂ ਬਿਮਾਰੀਆਂ ਦਾ ਆਧਾਰ ਬਣਦੇ ਹਨ ।
ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਝੂਠ ਬੋਲਣ ਵਾਲਾ ਅੰਦਰੂਨੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੁੰਦਾ ਹੈ । ਪਰ ਇਸਦਾ ਇਹ ਮਤਲਵ ਵੀ ਨਹੀਂ ਲਿਆ ਜਾ ਸਕਦਾ ਕਿ ਸਾਰੇ ਬਿਮਾਰ ਹੀ ਝੂਠ ਬੋਲਣ ਕਾਰਣ ਹਨ । ਹਾਂ ਬਿਮਾਰੀਆਂ ਦੇ ਕਾਰਣਾਂ ਵਿੱਚੋਂ ਝੂਠ ਬੋਲਣਾ ਵੀ ਇਕ ਕਾਰਨ ਹੈ । ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਇਨਸਾਨੀ ਸ਼ਰੀਰ ਕੇਵਲ ਸੱਚ ਬੋਲਣ ਨਾਲ ਹੀ ਤੰਦਰੁਸਤ ਰਹਿੰਦਾ ਹੈ ਜਾਂ ਸਾਡੇ ਸਰੀਰ ਨੂੰ ਨਿਰੋਗ ਰੱਖਣ ਦਾ ਨੁਸਖਾ ਹੀ ਸਦਾ ਸੱਚ ਬੋਲਣਾ ਹੈ ।
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।।
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ।।
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ।।
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ।।
ਗੁਰੂ ਗ੍ਰੰਥ ਸਾਹਿਬ ਜੀ(ਪੰਨਾ ੪੬੮)
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਗੁਰਮੀਤ ਸਿੰਘਬਰਸਾਲ
ਸੱਚ/ਝੂਠ ਦਾ ਸਿਹਤ ਤੇ ਅਸਰ !
Page Visitors: 2608