ਲਮੋਂਹ ਨੇ ਖਤਾ ਕੀ ਸਦੀਓਂ ਨੇ ਸਜਾ ਪਾਈ
ਅੱਜ ਇਕ ਪੋਸਟ ਦੇਖ ਕੇ ਪੈਰਾਂ ਹੇਠੋਂ ਧਰਤੀ ਹਿਲ ਗਈ ।ਕਦੀ ਗੁਰੂ ਗ੍ਰੰਥ ਨਾਲੋਂ ਤੋੜ ਕੇ ਸਿਖੀ ਨੂੰ ਬਰਬਾਦ ਕਰਨ ਲਈ ਬਰਾਹਮਨ ਦਾ ਤਿਆਰ ਕੀਤਾ ਹੋਇਆ ਬਚਿਤਰ ਨਾਟਕ ਕਈ ਨਾਮ ਬਦਲ ਕੇ ਆਖਰ ਦਸਮ ਦੇ ਮਖੌਟੇ ਵਿਚ ਰੱਖ ਕੇ ਮਕਾਰ ਅੰਗਰੇਜ਼ ਨੇ ਬੜੀ ਮਕਾਰੀ ਨਾਲ ਮਹੰਤਾਂ ਦੇ ਰਾਹੀਂ ਸਿਖੀ ਦੇ ਵੇਹੜੇ ਵਾੜ ਦਿਤਾ। ਗਿਆਨ ਵਾਨ ਸਿਖ ਉਸੇ ਦਿਨ ਤੋਂ ਪਰੇਸ਼ਾਣ ਹੈ ਪਰ ਹੌਲੀ ਹੌਲੀ ਇਹ ਬ੍ਰਹਮਨੀ ਕਿਰਤ ਪਰੰਪਰਾ ਬਣਕੇ ਗੁਰੂ ਦੇ ਬਰਾਬਰ ਆਸਣ ਦੀ ਦਾਵੇਦਾਰ ਬਣ ਬੈਠੀ ਅੱਜ ਕੌਮ ਉਸ ਗ਼ਲਤੀ ਦੀ ਸਜਾ ਪਾ ਰਹੀ ਹੈ ਅਤੇ ਪਤਾ ਨਹੀਂ ਕਦੋਂ ਤੱਕ ਪਾਵੇਗੀ । ਅੱਜ ਗੁਰੂ ਗ੍ਰੰਥ ਸਾਹਿਬ ਤੇ ਇਕ ਨਵਾਂ ਹਮਲਾ ਕਰਦਿਆਂ ਅਤੇ ਅਖੌਤੀ ਦਸਮ ਗ੍ਰੰਥ ਨੂੰ ਸਿਖੀ ਦੇ ਵੇਹੜੇ ਵਿਚ ਪੱਕਾ ਕਰਨ ਲਈ ਉਸੇ ਅੰਗਰੇਜ਼ ਰਾਜ ਕਾਲ ਦੀ ਉਪਜ ਰਹਿਤ ਮਰੀਯਾਦਾ, ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਉਸਦੇ ਨਾਲ ਬਰਾਬਰ ਰਹਿਤ ਮਰੀਯਾਦਾ ਦੀ ਕਾਪੀ ਦੀ ਫੋਟੋ ਛਾਪ ਕੇ ਲਿਖ ਦਿਤਾ ਗਿਆ ਕੇ ਸਿਖ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਮਾਣਤ ਰਹਿਤ ਮਰੀਯਾਦਾ ਅਨਸਾਰ ਰਹਿਨਾ ਜਰੂਰੀ ਹੈ ।ਸਿਖੀ ਵਿਚ ਵੀਚਾਰ ਦੇ ਦਰਵਾਜ਼ੇ ਬੰਦ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਤੀ ਜੀਵਨ ਜੁਗਤ ਰਹਿਤ ਮਰਿਯਾਦਾ ਨੂੰ ਨਾ ਸਮਝ ਕੇ ਅਤੇ ਸ਼ਬਦ ਗੁਰੂ ਦੀ ਮਰਿਯਾਦਾ ਵਲੋਂ ਮੂੰਹ ਮੋੜ ਕੇ ਆਪਣੀ ਆਪਣੀ ਹਉਮੈ ਅਧੀਨ ਸਮੇਂ ਸਮੇਂ ਨਾਲ ਵਿਅੱਕਤੀ ਗਤ, ਸੰਪਰਦਾਈ, ਜੱਥਿਆਂ, ਟਕਸਾਲਾਂ ਅਤੇ ਵੱਖ ਵੱਖ ਤਖਤਾਂ ਦੇ ਨਾਮ ਹੇਠ ਵੱਖ ਵੱਖ ਰਹਿਤ ਮਰਿਯਾਦਾ ਬਣ ਗਈਆਂ ਅਤੇ ਬਣ ਰਹੀਆਂ ਹਨ, ਜੋ ਆਪਸ ਵਿੱਚ ਭੀ ਨਹੀਂ ਮਿਲਦੀਆਂ, ਕਿਉਂਕਿ ਇਹ ਵਿਅੱਕਤੀਆਂ ਦੇ ਵਿਚਾਰ ਹਨ, ਗੁਰੂ ਦੇ ਨਹੀਂ, ਇਸੇ ਕਰਕੇ ਸਿੱਖੀ ਵਿੱਚ ਵਿਚਾਰਾਂ ਦੇ ਰਾਹੀਂ ਵੰਡੀਆਂ ਪੈ ਰਹੀਆਂ ਹਨ, ਗੁਰੂ ਦੇ ਵਿਚਾਰ ਵੱਖ ਵੱਖ ਨਹੀਂ ਹੋ ਸਕਦੇ {ਇਕਾ ਬਾਣੀ ਇਕ ਗੁਰੂ ਇਕੋ ਸਬਦ ਵੀਚਾਰ} ਹੀ ਏਕਤਾ ਹਨ। ਮੈਂ ਪੁਰ ਜ਼ੋਰ ਹੱਥ ਜੋੜ ਬੇਨਤੀ ਕਰਨਾ ਚਾਹੁੰਦਾ ਹਾਂ, ਸਿੰਘੋ ਜੇ ਕੌਮ ਵਿੱਚ ਏਕਤਾ, ਸ਼ਕਤੀ, ਸਿੱਖ ਦਾ ਸਰਲ, ਸੁੱਚਾ, ਜੀਵਨ ਚਾਹੁੰਦੇ ਹੋ, ਤਾਂ ਆਪਣੀ ਆਪਣੀ ਧਾਰੀ ਰਹਿਤ ਮਰਿਯਾਦਾ ਦੇ ਇਸ ਮੱਕੜ ਜਾਲ ਵਿੱਚੋਂ ਨਿਕਲ ਕੇ, ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਮਿਲੀ ਸਰਲ ਅਤੇ ਸੱਚੀ ਜੀਵਨ ਰਹਿਤ ਅਪਣਾਓ।
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥
ਅਨਸਾਰ ਸਿੱਖ ਰਹਿਤ ਮਰਿਯਾਦਾ ਵਿਚ ਕਈ ਕੁਛ ਚੰਗਾ ਰੱਖ ਕੇ, ਇਸ ਵਿੱਚ ਸਾਜਸ਼ ਨਾਲ ਬਹੁਤ ਸਾਰੀਆਂ ਗੱਲਾਂ ਗੁਰਮਤ ਵਿਰੋਧੀ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ,ਅਤੇ ਆਏ ਦਿਨ ਹੋਰ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸੋਧ ਹੋਣੀ ਜ਼ਰੂਰੀ ਹੈ। ਇਸ ਦੁਬਿਧਾ ਕਾਰਣ ਹੀ ਇਹ ਸਿੱਖ ਰਹਿਤ ਮਰਿਯਾਦਾ ਅੱਜ ਤੱਕ ਸ਼੍ਰੋਮਣੀ ਕਮੇਟੀ ਸਮੇਤ ਸੰਪੂਰਣ ਸਿੱਖਾਂ ਅਤੇ ਸਿੱਖ ਅਦਾਰਿਆਂ ਸੰਪਰਦਾਵਾਂ ਵਿੱਚ ਲਾਗੂ ਨਹੀਂ ਹੋ ਸਕੀ।
ਕਦੀ ਕਿਸੇ ਨੇ ਗੁਰੂ ਗ੍ਰੰਥ ਕੋਲੋਂ ਪੁਛਿਆ ਕੇ ਕੁਛ ਵਿਅਕਤੀਆਂ ਦਾ ਇਕੱਠ ਪੰਥ ਹੋ ਸਕਦਾ ਹੈ?।
ਗੁਰੂ ਦਾ ਫੇਸਲਾ ਸੁਣ ਲਉ, ਗੁਰੂ ਵਲੋਂ ਬਖਸ਼ਿਆ ਜੀਵਨ ਰਾਹ ਸਿਧਾਂਤ ਹੀ ਗੁਰੂ ਪੰਥ ਹੈ। ਪਰ ਜਿਸਨੂੰ ਅਸੀਂ ਗੁਰੂ ਪੰਥ ਪ੍ਰਵਾਣਤ ਰਹਿਤ ਮਰੀਯਾਦਾ ਆਖ ਰਹੇ ਹਾਂ ਇਹ ਤਾਂ ਬਚਿਤਰ ਨਾਟਕ ਦੀ ਤਰਾਂ ਗੁਰੂ ਗ੍ਰੰਥ ਦੇ ਬਰਾਬਰ ਅਪਣੀ ਗੁਰਿਆਈ ਸਥਾਪਤ ਕਰਨ ਵਾਲਿਆਂ ਲਈ ਰਾਹ ਸਾਫ ਕਰਦੀ ਲਿਖ ਰਹੀ ਹੈ ਕੁਛ ਤਿਆਰ ਬਰ ਤਿਆਰ ਸਿੰਘਾਂ ਦਾ ਸਮੂਹ ਗੁਰੂ ਪੰਥ ਹੈ।
ਇਹ ਗੁਰੂ ਪੰਥ ਰਹਿਤ ਮਰੀਯਾਦਾ ਅਖੌਤੀ ਦਸਮ ਗ੍ਰੰਥ ਵਾਂਗੂਂ ਰਾਗਮਾਲਾ ਦੀ ਦੁਬਧਾ, ਇਕ ਗੁਰੂ ਜੋਤ ਨੂੰ ਦਸ ਗੁਰੂ , ਭਗਉਤੀ{ਦੁਰਗਾ} ਦੇਵੀ ਅੱਗੇ ਅਰਦਾਸ ,ਪੰਜ ਬਾਣੀਆਂ ਦੇ ਨਾਮ ਹੇਠ ਬਚਿਤਰੀ ਰਚਨਾਵਾਂ ਦੀ ਕੜੀ ਘੋਲ ਰਿਹਾ ਹੈ।ਰਤਨ ਸਿੰਘ ਜੱਗੀ ਜਿਵੇਂ ਦਸਮ ਗ੍ਰੰਥ ਬਾਰੇ ਲਿਖਦੇ ਹਨ ।
ਇਸੇ ਤਰਾਂ ਇਹ ਸਿੱਖ ਰਹਿਤ ਮਰਿਯਾਦਾ ਅੱਜ ਤੱਕ ਸ਼੍ਰੋਮਣੀ ਕਮੇਟੀ ਸਮੇਤ ਬਹੁਤਾਤ ਸਿੱਖਾਂ, ਸਿਖ ਸੰਪਰਦਾਵਾਂ ਅਤੇ ਸਿੱਖ ਅਦਾਰਿਆਂ ਵਿੱਚ ਲਾਗੂ ਨਹੀਂ ਹੋ ਸਕੀ।ਅਖੌਤੀ ਦਸਮ ਗ੍ਰੰਥ ਦੀ ਤਰਾਂ ਇਸ ਮਰੀਯਾਦਾ ਦੇ ਸੰਕਲਨ ਕਾਲ ਤੋਂ ਹੀ ਇਸ ਦਾ ਵਿਵਾਦ ਸ਼ੁਰੂ ਹੈ ਪਰ ਬੜੀ ਸਾਜਸ਼ ਨਾਲ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਦਸਮ ਗ੍ਰੰਥ ਦੀ ਤਰਾਂ, ਗੁਰੂ ਪੰਥ ਦੇ ਨਾਮ ਹੇਠ ਇਸ ਰਹਿਤ ਮਰੀਯਾਦਾ ਦੇ ਛੋਟੇ ਜਹਿ ਕਿਤਾਬਚੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਪ੍ਰਚਾਰਿਆ ਜਾ ਰਿਹਾ ਹੈ ਬੜੀ ਸਾਜਸ਼ ਅਧੀਨ ਬਹੁਤ ਸਾਰੇ ਭੋਲੇ ਅਤੇ ਲੋੜਵੰਦ ਪ੍ਰਚਾਰਕਾਂ ਨੂੰ ਭੀ ਇਸੇ ਕਾਰੇ ਲਾਇਆ ਗਿਆ ਹੈ ਜੋ ਅਪਣੀ ਡਾਵਾਂ ਡੋਲਤਾ ਨੂੰ ਛੁਪਾਣ ਲਈ ਗੁਰੂ ਗ੍ਰੰਥ ਸਾਹਿਬ ਦੀ ਥਾਵੇਂ ਰਹਿਤ ਮਰੀਯਾਦਾ ਰਹਿਤ ਮਰੀਯਾਦਾ ਦੀ ਵਫਾਦਾਰੀ ਪ੍ਰਚਾਰ ਰਹੇ ਹਨ,।
ਪਤਾ ਨਹੀਂ ਇਹ ਭੋਲੀ ਕੌਮ ਕਦੋਂ ਤੱਕ ਮਥੇ ਟਿਕਾ ਤੇੜ ਧੋਤੀ ਕਖਾਈ ਵਾਲੇ ਸਿਖੀ ਸਿਧਾਂਤ ਦੇ ਕਾਤਲ ਜਗਤ ਕਸਾਈ ਹੱਥਾਂ ਨੂੰ ਪੂਜਦੀ ਰਹੇਗੀ। ਸਿੰਘੋ ਇਕ ਗੱਲ ਯਾਦ ਰੱਖੋ ਅੱਗੇ ਗੁਰੂ ਗ੍ਰੰਥ ਦੇ ਬਰਾਬਰ ਦਸਮ ਗ੍ਰੰਥ ਬਿਠਾਣ ਦੀ ਕੋਸ਼ਸ਼ ਚੱਲ ਰਹੀ ਹੈ, ਹੁਣ ਗੁਰੂ ਗ੍ਰੰਥ ਦੇ ਬਰਾਬਰ ਗੁਰੂ ਪੰਥ ਪਰਮਾਣਤ ਰਹਿਤ ਮਰੀਆਦਾ ਭੀ ਹੋ ਗਈ, ਜਿਸ ਵਿਚ ਆਏ ਦਿਨ ਸ਼ਰੋਮਣੀ ਕਮੇਟੀ ਦੇ ਨਾਮ ਹੇਠ ਇਹ ਗੁਰੂ ਪੰਥ ਨਵੀਂ ਜ਼ਹਿਰ ਘੋਲ ਰਿਹਾ ਹੈ। ਹੁਣ ਪਤਾ ਨਹੀਂ ਕਿਨੀਆਂ ਕੁ ਸਦੀਆਂ ਇਸਨੂੰ ਮਗਰੋਂ ਲਾਹ ਕੇ ਸਿਖੀ ਸਿਧਾਂਤ ਨੂੰ ਬਚਾਣ ਤੇ ਲੱਗਣਗੀਆਂ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥----------
ਦਰਸ਼ਨ ਸਿੰਘ ਖਾਲਸਾ