ਇਕ ਛੋਟੀ ਜੇਹੀ ਕਹਾਣੀ
ਇਹ ਕਾਹਣੀ ਛੋਟੀ ਹੈ! ‘ਸਾਹਿਬ’ ਤੇ ‘ਜਨਾਬ’ ਵਿਚਕਾਰ ਕੁੱਝ ਮਤਭੇਦ ਸਨ।ਪਰ ਮਾਮੂਲੀ ਨਹੀਂ!ਇਸ ਲਈ ਅਗੇ ਤੁਰਨ ਤੋਂ ਪਹਿਲਾਂ ਜ਼ਰਾ ਮਤਭੇਦਾਂ ਦੀ ਸ਼ਕਲੋ-ਸੂਰਤ ਵੇਖ ਲਈਏ।
‘ਸਾਹਿਬ’ ਦਾ ਕਹਿਣਾ ਸੀ ਕਿ ਉਹ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਪਹਿਰੇਦਾਰ ਹਨ। ਪਰ ‘ਜਨਾਬ’ ਦੀ ਤਰਜ਼ ਵੱਖਰੀ ਸੀ ਜਿਸ ਵਿਚ ਅਜੀਬੋ-ਗਰੀਬ ਬੇਸੁਰਾਂ ਵੱਜਦਿਆਂ ਸਨ।ਮਸਲਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਕਲੀ ਹੈ।ਗੁਰੂ ਨਾਨਕ ਦਾ ਗੁਰੂ ਅੰਗਦ ਨੂੰ ਗੁਰੂ ਥਾਪਣਾ ਹੈ ਹੀ ਨਹੀਂ ਸੀ।ਜੋ ‘ਸ਼ਬਦ’ ਬਾਬੇ ਨਾਨਕ ਦਾ ਗੁਰੂ ਸੀ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਹੈ ਹੀ ਨਹੀਂ ਆਦਿ।
ਸਿੱਖੀ ਸਿਧਾਂਤਾਂ ਮੁਤਾਬਕ ਤਾਂ ਇਹ ਮਤਭੇਦ ਇਵੇਂ ਹੁੰਦੇ ਹਨ, ਜਿਵੇਂ ਕਿ ਦੋ ਐਸੇ ਕਿਨਾਰੇ, ਜੋ ਕਦੇ ਵੀ ਨਹੀਂ ਮਿਲ ਸਕਦੇ। ਇਤਹਾਸ ਗਵਾਹ ਹੈ ਕਿ ਗੁਰਸਿੱਖਾਂ ਨੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਦੀ ਨਿਰੋਲਤਾ ਤੋਂ ਮੁਨਕਰ ਹੋਣ ਵਾਲਿਆਂ ਨਾਲ ਕਦੇ ਵਿਚਾਰਕ ਸਮਝੌਤਾ ਨਹੀਂ ਕੀਤਾ।ਹਾਂ ਮਨਮੁੱਖਾਂ ਨੇ ਬਹੁਤ ਕੁੱਝ ਕੀਤਾ।ਖ਼ੈਰ!ਏਕੇ ਦੀ ਗਲ ਤੁਰੀ ਸ਼ਰਤਾਂ ਤੈਅ ਹੋਇਆਂ!
‘ਸਾਹਿਬ’ ਜੇ ਕਰ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ ਦੇ ਪਹਿਰੇਦਾਰ ਸਨ ਤਾਂ ਅਸੂਲਨ, ਇੱਕੋ ਹੀ ਸ਼ਰਤ ਬਣਦੀ ਸੀ ਕਿ ‘ਜਨਾਬ’ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਕਿਸੇ ਵੀ ਕਿੰਤੂ ਰਹਿਤ ਸਮਰਪਨ ਦੀ ਲਿਖਤੀ ਘੌਸ਼ਨਾ ਨਾਲ, ਗੁਰੂ ਸਾਹਿਬਾਨ ਤੇ ਵੀ ਨਿਸ਼ਚਾ ਵਖਾਉਂਣ।ਪਰ ਹੋਇਆ ਕੀ? ਸ਼ਰਤ ਇਹ ਬਣੀ ਕਿ ‘ਜਨਾਬ’ ਪਹਿਲਾਂ ‘ਸਾਹਿਬ’ ਨੂੰ ਅਦਦ ‘ਇਕ ਟੈਲੀਫ਼ੋਨ’ ਕਰਨ! ‘ਜਨਾਬ’ ਦਾ ਕੀ ਜਾਣਾ ਸੀ? ਸਿਰਫ਼ 20-30 ਪੈਸੇ ਦੀ ਇਕ ਕਾਲ! ਹਾਂ ਬਸ ਇਤਨਾ ਹੀ! ਸਸਤਾ ਜ਼ਮਾਨਾ ਹੈ! ਸੋ ਚਲੋ ਗਏ 20-30 ਪੈਸੇ!ਪਰ ਇਸਦੇ ਬਦਲੇ ਮਿਲੀ ‘ਜਨਾਬ’ ਦੀ ਸੋਚ ਨੂੰ ਮਜ਼ਬੂਤੀ।ਉਸ ਸੋਚ ਨੂੰ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਪ੍ਰਤੀ ਸਮਰਪਣ ਦੀ ਕੋਈ ਥਾਂ ਨਹੀਂ ਸੀ ਦਿੱਸਦੀ।ਸਾਹਿਬ ਨੇ ਇਸ ਸੋਚ ਨੂੰ ‘ਸਹੀ ਸੋਚ’ ਦਾ ਪ੍ਰਮਾਣ-ਪੱਤਰ ਵੀ ਦਿੱਤਾ।ਮਦਦ ਲੇਂਣ ਲਈ ਕੁੱਝ ਦੇਣਾਂ ਤਾਂ ਪੇਂਦਾ ਹੀ ਹੈ।
ਪਰ ਦੂਜੇ ਪਾਸੇ ‘ਸਾਹਿਬ’ ਦਾ ਕੀ ਗਿਆ? ਇਹ ਕੋਈ ਉਨ੍ਹਾਂ ਤੋਂ ਪੁੱਛੇ, ਜੋ ‘ਸਾਹਿਬ’ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਨੂੰ ਸਮਰਪਤ ਪਹਿਰੇਦਾਰ ਸਮਝਦੇ ਸਨ।‘ਸਾਹਿਬ’ ਲਈ ਹੁਣ ਤਾਂ ਉਹ ਮਤਭੇਦ ਭੁੱਲਣਯੋਗ ਛੋਟੇ-ਮੋਟੇ ਗਿਲੇ ਸ਼ਿਕਵੇ ਹੋ ਗਏ।ਕੋਈ ਵੱਡੀ ਗਲ ਨਹੀਂ, ਕਿਉਂਕਿ ‘ਹੁਣ ਸਮਝ ਆਈ ਹੈ’ ਦਾ ਔਟ- ਆਸਰਾ ਤਾਂ ਹੈ ਹੀ।ਕਹਿ ਦੇਂਣ ਗੇ ‘ਹੁਣ ਸਮਝ ਆਈ ਹੈ’ ਕਿ ‘ਜਨਾਬ’ ਦੀ ਸੋਚ ਸਹੀ ਸੀ।
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ॥
ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ॥(ਗੁਰੂ ਗ੍ਰੰਥ ਸਾਹਿਬ ਜੀ,ਪੰਨਾ 587)
ਐਸੀ ਕਹਾਣੀ ਪ੍ਰਤੀ ਗੁਰੂ ਦੀ ਸੇਧ ਤਾਂ ਇੰਝ ਹੀ ਪ੍ਰਤੀਤ ਹੁੰਦੀ ਹੈ।ਬਾਕੀ ਗੁਰੂ ਭਲੀ ਕਰੇ!
ਹਰਦੇਵ ਸਿੰਘ,ਜੰਮੂ-24.3.2013