ਵਿਸ਼ਵ ਸਿੱਖ ਚੇਤਨਾ ਕਾਨਫਰੰਸ (15 ਜੁਲਾਈ 2017) ਦੇ ਮਤਿਆਂ ਦੀ ਸਮੀਖਿਆ
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
15 ਜੁਲਾਈ 2017 ਨੂੰ ਸਿਆਟਲ (ਅਮਰੀਕਾ) ਵਿੱਚ ਹੋਈ ਵਿਸ਼ਵ ਸਿੱਖ ਚੇਤਨਾ ਕਾਨਫਰੰਸ, ਖ਼ਬਰਾਂ ਅਨੁਸਾਰ, ਸਿੱਖਾਂ ਦੇ ਭਰਵੇਂ ਹੁੰਗਾਰੇ ਨਾਲ਼ ਸਮਾਪਤ ਹੋਈ। ਇੱਸ ਭਾਰੀ ਇਕੱਠ ਵਿੱਚ 5 ਮਤੇ ਪਾਸ ਕੀਤੇ ਗਏ। ਵੇਰਵਾ ਦੇਖੋ:-
ਅੱਜ ਦੇ ਵਿਸ਼ਾਲ ਇਕੱਠ ਵਿੱਚ ਇਕੱਤਰ ਸਮੂਹ ਸੰਗਤ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਤੇ ਬੇਮਿਸਾਲ ਰਹਿਨੁਮਾਈ ਵਿੱਚ ਹੇਠ ਲਿਖੇ ਗੁਰਮਤੇ ਪ੍ਰਵਾਨਗੀ ਲਈ ਪੇਸ਼ ਕਰਦੀ ਹੈ ਜੀ।
ਗੁਰਮਤਾ 1. ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਜਾਂ ਦੇਹ ਧਾਰੀ ਨੂੰ ਸਥਾਪਨ ਕਰਨਾ ਪ੍ਰਵਾਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਦੀ ਭਰਪੂਰ ਨਿਖੇਧੀ ਕਰਦਾ ਹੈ।
ਗੁਰਮਤਾ 2. ਅੱਜ ਦਾ ਇਹ ਇਕੱਠ ਗੁਰਮਤਿ ਦੇ ਪ੍ਰਚਾਰਕਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਅਤੇ ਹਰ ਹਾਲਤ ਵਿੱਚ ਉਨ੍ਹਾਂ ਨਾਲ ਖੜਨ ਲਈ ਵਚਨਬੱਧ ਹੈ।
ਗੁਰਮਤਾ 3. ਅੱਜ ਦਾ ਇਹ ਇਕੱਠ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕਲੰਡਰ ਨੂੰ ਹੀ ਮਾਨਤਾ ਦਿੰਦਾ ਹੈ ਅਤੇ ਉਸ ਵਿੱਚ ਰਾਜਸੀ ਜਾਂ ਡੇਰੇਦਾਰੀ ਸਾਜ਼ਿਸ਼ੀ ਪ੍ਰਭਾਵ ਨਾਲ ਕੀਤੀਆਂ ਤਬਦੀਲੀਆਂ ਨੂੰ ਰੱਦ ਕਰਦਾ ਹੈ।
ਗੁਰਮਤਾ 4. ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।
ਗੁਰਮਤਾ 5. ਅੱਜ ਦਾ ਇਹ ਇਕੱਠ ਅਕਾਲ ਤਖ਼ਤ ਸਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਰਾਜਸੀ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਅਤੇ ਗੁਰਮਤਿ ਅਨੁਸਾਰ ਨਵਾਂ ਸਿਸਟਮ ਬਣਾਉਣ ਲਈ ਯਤਨ ਜਾਰੀ ਰੱਖਣ ਦਾ ਅਹਿਦ ਕਰਦਾ ਹੈ ਅਤੇ ਅਜੋਕੇ ਜਥੇਦਾਰੀ ਸਿਸਟਮ ਵੱਲੋਂ ਕਿੱਸੇ ਇੱਕ ਧਿਰ ਦੇ ਪ੍ਰਭਾਵ ਥੱਲੇ ਕੀਤੇ ਗਏ ਫ਼ੈਸਲੇ, ਸੰਦੇਸ਼ ਜਾਂ ਹੁਕਮਨਾਮਿਆਂ ਨੂੰ ਰੱਦ ਕਰਦਾ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
ਵੱਲੋਂ: ਦਸਤਖ਼ਤ (ਸਮੂਹ ਇਕੱਤਰ ਸੰਗਤ ਅਤੇ ਸਹਿਯੋਗੀ ਜਥੇਬੰਦੀਆਂ।
ਸਾਰੇ ਮਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪਾਸ ਕੀਤੇ ਗਏ। ਸਪੱਸ਼ਟ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਤੋਂ ਬਾਹਰ ਜਾ ਕੇ ਪਾਸ ਕੀਤਾ ਮਤਾ ਗੁਰੂ ਜੀ ਨੂੰ ਪ੍ਰਵਾਨ ਨਹੀਂ ਹੋ ਸਕਦਾ ਅਤੇ ਨਾ ਹੀ ਸਿੱਖਾਂ ਨੂੰ। ਗੁਰੂ ਜੀ ਦੀ ਆਵਾਜ਼ ਨੂੰ ਨਦਰ ਅੰਦਾਜ਼ ਕਰ ਕੇ ਕੋਈ ਵੀ ਮਤਾ ਮੰਨਣ ਯੋਗ ਨਹੀਂ ਕਿਹਾ ਜਾ ਸਕਦਾ।
ਪਹਿਲੇ 3 ਮਤੇ ਬੜੇ ਚੰਗੇ ਹਨ, ਜੋ ਗੁਰੂ ਜੀ ਦੇ ਦੱਸੇ ਰਸਤੇ(ਪੰਥ) ਦੀ ਸੇਧ ਵਿੱਚ ਹਨ। ਮਤਾ ਨੰਬਰ 5 ਦਲੇਰੀ ਨਾਲ਼ ਪੁੱਟਿਆ ਗਿਆ ਕ਼ਦਮ ਹੈ।
ਮਤਾ ਨੰਬਰ 4:
ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।
ਇਸ ਮਤੇ ਨੂੰ ਪਾਸ ਕਰਨ ਲੱਗਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਨੂੰ ਨਹੀਂ ਸੁਣਿਆਂ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੀ ਬਾਣੀ ਨੂੰ ਦਸਵੇਂ ਗੁਰੂ ਜੀ ਵਲੋਂ ਅੰਤਮ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਪ੍ਰਵਾਨਗੀ ਦਾ ਅਰਥ ਹੈ ਕਿ ਦਸਵੇਂ ਗੁਰੂ ਜੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਨਿੱਤ-ਨੇਮ ਕਿਉਂਕਿ ਗੁਰੂ ਵਲੋਂ ਬਖ਼ਸ਼ਿਆ ਹੁੰਦਾ ਹੈ ਇਸ ਲਈ ਨਿੱਤ-ਨੇਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਹੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਹ ਨਿੱਤ-ਨੇਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ,ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। ਇਸ ਨਿੱਤ-ਨੇਮ ਦੀ ਬਣਤਰ ਪੰਜਵੇਂ ਗੁਰੂ ਜੀ ਨੇ ‘ਆਦਿ ਬੀੜ’ (ਪੋਥੀ) ਲਿਖਵਾਉਣ ਸਮੇਂ ਆਪਿ ਦਰਜ ਕਰਵਾ ਦਿੱਤੀ ਸੀ ਅਤੇ ਇਸੇ ਨੂੰ ਹੀ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਗੀ ਦਿੱਤੀ ਗਈ ਸੀ। ਜਿਵੇਂ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਤੋਂ ਚਲੇ ਆ ਰਹੇ ਨਿੱਤ-ਨੇਮ ਵਿੱਚ ਹੋਰ ਬਾਣੀਆਂ ਜੋੜ ਕੇ ਨਿੱਤ-ਨੇਮ ਦੀ ਰੂਪ-ਰੇਖਾ ਬਦਲੀ ਸੀ ਇਵੇਂ ਦਸਵੇਂ ਗੁਰੂ ਜੀ ਨੇ ਨਹੀਂ ਕੀਤਾ, ਭਾਵ, ਉਨ੍ਹਾਂ ਨੇ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਹੀ ਮੰਨਿਆਂ ਅਤੇ ਬਿਨਾਂ ਰੋਕ-ਟੋਕ ਜਾਰੀ ਰੱਖਿਆ। ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਪਾਤਿਸ਼ਾਹਾਂ ਦੇ ਸਮੇਂ ਵੀ ਇਹੀ ਨਿੱਤ-ਨੇਮ ਹੁੰਦਾ ਸੀ। ਹਾਂ, ਜੇ ਦਸਵੇਂ ਗੁਰੂ ਜੀ ਚਾਹੁੰਦੇ ਤਾਂ ਇਸ ਨਿੱਤ-ਨੇਮ ਵਿੱਚ ਹੋਰ ਬਾਣੀਆਂ ਜੋੜ ਸਕਦੇ ਸਨ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।
ਸ਼੍ਰੀ ਗੁਰ ਗ੍ਰੰਥ ਸਾਹਬ ਦੀ ਹਜ਼ੂਰੀ ਵਿੱਚ ਪਾਸ ਕੀਤਾ ਮਤਾ ਨੰਬਰ 4 ਪਹਿਲੇ 9 ਗੁਰੂ ਪਾਤਿਸ਼ਾਹਾਂ ਸਮੇਤ ਦਸਵੇਂ ਗੁਰੂ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ। ਇਸ ਮਤੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਅਪ੍ਰਵਾਨਤ ਅਤੇ ਦੇਵੀ ਦੇਵਤਿਆਂ (ਦੁਰਗਾ/ਮਹਾਂਕਾਲ਼)