- : ਪੰਥਕ ਏਕਤਾ : -
ਅੱਜ ਦੇ ਦੌਰ ਵਿੱਚ ਜਦੋਂ ਕਿ ਪੰਥ ਅਨੇਕਾਂ ਧੜਿਆਂ ਵਿੱਚ ਵੰਡਿਆ ਪਿਆ ਹੈ, ਹਰ ਗੁਰਸਿੱਖ ਚਾਹੁੰਦਾ ਹੈ ਕਿ ਵੰਡੀਆਂ ਖਤਮ ਹੋ ਕੇ ਏਕਾ ਹੋਵੇ।ਪਰ ਤਰਾਸਦੀ ਇਹ ਵੀ ਹੈ ਕਿ ਹਰ ਕੋਈ ਏਕਤਾ ਆਪਣੀਆਂ ਸ਼ਰਤਾਂ ਤੇ ਚਾਹੁੰਦਾ ਹੈ।ਹਰ ਕੋਈ ਚਾਹੁੰਦਾ ਹੈ ਕਿ ਦੂਸਰਾ ਆਪਣੀ ਸੋਚ ਅਤੇ ਆਪਣੀਆਂ ਮਾਨਤਾਵਾਂ ਤਿਆਗਕੇ, ਉਸ ਦੇ ਧੜੇ ਨਾਲ ਆ ਰਲ਼ੇ। ਪਰ ਇਸ ਤਰ੍ਹਾਂ ਦੀਆਂ ਜਿਦਾਂ ਨਾਲ ਅਤੇ ਦੂਜਿਆਂ ਤੇ ਆਪਣੀ ਸੋਚ ਠੋਸਣ ਨਾਲ ਤਾਂ ਏਕਤਾ ਕਦੇ ਵੀ ਸੰਭਵ ਨਹੀਂ ਹੈ। ਜੇ ਦਸਮ ਗ੍ਰੰਥ ਦੇ ਉਪਾਸ਼ਕ ਅਤੇ ਵਿਰੋਧੀ ਦੋਨੋਂ ਧਿਰਾਂ ਸੁਹਿਰਦ ਹੋਣ ਤਾਂ ਏਕਤਾ ਹੋਣੀ ਕੋਈ ਵੱਡੀ ਗੱਲ ਵੀ ਨਹੀਂ ਹੈ।ਪਰ ਸਮੱਸਿਆ ਤਾਂ ਸੁਹਿਰਦਤਾ ਅਤੇ ਇਮਾਨਦਾਰੀ ਦੀ ਕਮੀਂ ਦੀ ਹੈ।
ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਲਈ ਨਿਰਸੰਦੇਹ ਪ੍ਰੋ: ਦਰਸ਼ਨ ਸਿੰਘ ਖਾਲਸਾ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਸਮ ਗ੍ਰੰਥ ਸੰਬੰਧੀ, ਗੁਜ਼ਰੇ ਸਮੇਂ ਦੀਆਂ ਆਪਣੀਆਂ ਗ਼ਲਤ ਮਾਨਤਾਵਾਂ ਦੀ ਗ਼ਲਤੀ ਸਵਿਕਾਰ ਕਰਦੇ ਹੋਏ ਉਹਨਾਂ ਨੂੰ ਤਿਆਗਣ ਵਿੱਚ ਉਹਨਾਂ ਨੇ ਜ਼ਰਾ ਵੀ ਢਿੱਲ ਨਹੀਂ ਕੀਤੀ। ਹਾਲਾਂਕਿ ਦਸਮ ਗ੍ਰੰਥ ਦੇ ਉਪਾਸ਼ਕ ਧੜੇ ਨੇ ਬੜੇ ਜ਼ੋਰ-ਸ਼ੋਰ ਅਤੇ ਘਟੀਆ ਸ਼ਬਦਾਵਲੀ ਵਰਤ ਕੇ ਇਹਨਾਂ ਦੇ ਖਿਲਾਫ ਬਹੁਤ ਜ਼ਹਰ ਉਗਲਿਆ ਹੈ, ਜੋ ਕਿ ਨਿੰਦਣ ਯੋਗ ਹੈ।
ਪਰ ਅਫਸੋਸ ਹੈ ਕਿ ਹੁਣ, ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਕੁਝ ਲੋਕਾਂ ਦੀ ਸੋਚ ਦਾ ਪ੍ਰਭਾਵ ਵੀ ਪ੍ਰੋ: ਸਾਹਿਬ ਦੀ ਸੋਚ ਤੇ ਹਾਵੀ ਹੋਇਆ ਨਜ਼ਰ ਆ ਰਿਹਾ ਹੈ। ਆਪਣੇ ਆਪ ਨੂੰ ਜਾਗਰੁਕ ਅਖਵਾਉਣ ਵਾਲਾ ਧੜਾ, ਸਿੱਖਾਂ ਨਾਲ ਜੁੜੀਆਂ ਪਹਿਲੀਆਂ ਸਾਰੀਆਂ ਮਾਨਤਾਵਾਂ ਨੂੰ ਮੁੱਢੋਂ ਰੱਦ ਕਰਕੇ ਆਪਣੀਆਂ ਨਵੀਆਂ ਮਾਨਤਾਵਾਂ ਕਾਇਮ ਕਰਨ ਦੀ ਕੋਸ਼ਿਸ਼ ਵਿੱਚ ਹੈ। ਇੱਥੋਂ ਤੱਕ ਕਿ ਇਹ ਲੋਕ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਖਸ਼ੇ ਅਕਾਲ ਤਖਤ ਨੂੰ ਵੀ ਅਸਿੱਧੇ ਤੌਰ ਤੇ ਖਤਮ ਹੋਇਆ ਭਾਲਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਖੰਡੇ-ਬਾਟੇ ਦੇ ਅੰਮ੍ਰਿਤ ਦੀ ਪਾਹੁਲ ਪ੍ਰਤੀ ਵੀ ਸਿੱਖਾਂ ਵਿੱਚ ਭੁਲੇਖੇ ਖੜ੍ਹੇ ਕਰਨ ਲੱਗੇ ਹੋਏ ਹਨ।
ਅਫਸੋਸ ਹੈ ਕਿ ਸਤਿਕਾਰ ਯੋਗ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਦੇ ਬਿਆਨਾਂ ਵਿੱਚੋਂ ਵੀ ਹੁਣ ਕੁਝ ਅਖਉਤੀ ਜਾਗਰੁਕਾਂ ਵਾਲੀ ਸੋਚ ਦੀ ਝਲਕ ਨਜ਼ਰ ਆਉਣ ਲੱਗ ਪਈ ਹੈ।
ਪ੍ਰੋ: ਸਾਹਿਬ ਦੀਆਂ ਲਿਖਤਾਂ ਤੋਂ ਇਹ ਤੈਅ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਉਹਨਾਂ ਮੁਤਾਬਕ: ਕਿਸੇ ਵੀ ‘ਸਿੱਖ ਰਹਤ ਮਰਯਾਦਾ’ ਦੀ ਜਰੂਰਤ ਹੀ ਨਹੀਂ ਹੈ ਜਾਂ ਸਨ 1945 ਵਿੱਚ ਲਾਗੂ ਕੀਤੀ ਗਈ ਮਰਯਾਦਾ ਵਿੱਚ ਸੋਧ ਦੀ ਜ਼ਰੂਰਤ ਹੈ।
ਪ੍ਰੋ: ਸਾਹਿਬ ਦੀ ਲਿਖਤ ਵਿੱਚੋਂ:-
“ਅੱਜ ਗੁਰੂ ਗ੍ਰੰਥ ਸਾਹਿਬ ਤੇ ਇਕ ਨਵਾਂ ਹਮਲਾ ਕਰਦਿਆਂ ਅਤੇ ਅਖੌਤੀ ਦਸਮ ਗ੍ਰੰਥ ਨੂੰ ਸਿਖੀ ਦੇ ਵੇਹੜੇ ਵਿਚ ਪੱਕਾ ਕਰਨ ਲਈ ਉਸੇ ਅੰਗਰੇਜ਼ ਰਾਜ ਕਾਲ ਦੀ ਉਪਜ ਰਹਿਤ ਮਰਯਾਦਾ, ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਉਸਦੇ ਨਾਲ ਬਰਾਬਰ ਰਹਿਤ ਮਰੀਯਾਦਾ ਦੀ ਕਾਪੀ ਦੀ ਫੋਟੋ ਛਾਪ ਕੇ ਲਿਖ ਦਿਤਾ ਗਿਆ ਕੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਅਨੁਸਾਰ ਰਹਿਣਾ ਜ਼ਰੂਰੀ ਹੈ”
ਪ੍ਰੋ: ਸਾਹਿਬ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕਿਸੇ ਰਹਿਤ ਮਰਯਾਦਾ ਦੀ ਜਰੂਰਤ ਨਹੀਂ ਹੈ। ਪਰ ਦੂਜੇ ਪਾਸੇ ਇਕ ਹੋਰ ਬਿਆਨ ਵਿੱਚ ਕਹਿ ਰਹੇ ਹਨ- “ਸਿੱਖ ਰਹਿਤ ਮਰਿਯਾਦਾ ਵਿਚ ਕਈ ਕੁਛ ਚੰਗਾ ਰੱਖ ਕੇ, ਇਸ ਵਿੱਚ ਸਾਜਸ਼ ਨਾਲ ਬਹੁਤ ਸਾਰੀਆਂ ਗੱਲਾਂ ਗੁਰਮਤ ਵਿਰੋਧੀ ਦੁਬਿਧਾ ਵਾਲੀ ਸੋਚ ਦੀਆਂ ਉਪਜ ਹਨ,ਅਤੇ ਆਏ ਦਿਨ ਹੋਰ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸੋਧ ਹੋਣੀ ਜ਼ਰੂਰੀ ਹੈ।”
ਪ੍ਰੋ: ਸਾਹਿਬ ਦੇ ਇਸ ਬਿਆਨ ਤੋਂ ਲੱਗਦਾ ਹੈ ਕਿ ਰਹਿਤ ਮਰਯਾਦਾ ਤਾਂ ਹੋਵੇ, ਪਰ ਮੌਜੂਦਾ ਰਹਿਤ ਮਰਯਾਦਾ ਵਿੱਚ ਸੋਧ ਦੀ ਜਰੂਰਤ ਹੈ।
ਸੋਚਣ ਵਾਲੀ ਗੱਲ ਹੈ ਕਿ, ਮੰਨ ਲਵੋ ਮੌਜੂਦਾ ਰਹਿਤ ਮਰਯਾਦਾ ਵਿੱਚ ਸੋਧ ਕਰ ਲਈ ਜਾਂਦੀ ਹੈ, ਤਾਂ ਕੀ ਫੇਰ ਇਹ (ਨਵੀਂ ਸੋਧੀ ਹੋਈ) ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਬਰਾਬਰ ਤੋਂ ਹਟ ਜਾਏਗੀ? ਕੀ ਫੇਰ ਉਸ ਨਵੀਂ ਜਾਂ ਸੋਧੀ ਹੋਈ ਰਹਿਤ ਮਰਯਾਦਾ ਅਨੁਸਾਰ ਸਿੱਖ ਨੂੰ ਰਹਣਾ ਜ਼ਰੂਰੀ ਨਹੀਂ ਹੋਵੇਗਾ?
ਮੌਜੂਦਾ ਰਹਿਤ ਮਰਯਾਦਾ ਨੂੰ ‘ਅੰਗਰੇਜ ਰਾਜਕਾਲ ਦੀ ਉਪਜ’ ਦੱਸਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਰਹਿਤ ਮਰਯਾਦਾ ਉਸ ਕਾਲ ਦੀ ਵੀ ਹੈ, ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਇਆ ਗਿਆ ਸੀ।ਅਤੇ ਜਦੋਂ ਤਕਰੀਬਨ 200 ਸਾਲ ਦੇ ਲੰਮੇ ਸਮੇਂ ਗੁਰਦੁਆਰਿਆਂ ਤੇ ਮਹੰਤਾਂ ਦਾ ਕਬਜ਼ਾ ਰਹਿਣ ਕਰਕੇ ਆਮ ਸਿੱਖ ਸੰਗਤਾਂ ਵਿੱਚ ਗੁਰਮਤਿ ਵਿਰੋਧੀ ਸੋਚ ਵੜ ਚੁੱਕੀ ਸੀ। ਸੋ ਮਹੰਤਾਂ ਦੇ ਹੱਥਾਂ’ਚੋਂ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ, ਇੱਕ ਮਹਤਵ ਪੂਰਣ ਕੰਮ ਕਰਨਾ ਜਰੂਰੀ ਸੀ ਕਿ ਬੀਤੇ ਲੰਮੇ ਸਮੇ ਦੌਰਾਨ ਸਿੱਖ-ਜੀਵਨ- ਜਾਚ ਵਿੱਚ ਪਾਏ ਰੋਲ-ਘਚੋਲ਼ੇ ਨੂੰ ਕਢਿਆ ਜਾਵੇ।ਇਸ ਦੇ ਲਈ ਗੁਰਮਤਿ ਦੀ ਰੋਸ਼ਨੀ ਵਿੱਚ ਇਕ ਸਰਬ ਸਾਂਝੀ ਰਹਿਤ ਮਰਯਾਦਾ ਬਨਾਉਣੀ ਜ਼ਰੂਰੀ ਸੀ।ਜੇ ਇਹ (ਰਹਿਤ ਮਰਯਾਦਾ ਬਨਾਉਣ ਦਾ) ਸਮਾਂ ਅੰਗਰੇਜ ਰਾਜ ਕਾਲ ਦਾ ਸੀ ਜੋ ਕਿ ਮਹੰਤਾਂ ਦਾ ਹੀ ਪੱਖ ਪੂਰਦੇ ਸਨ ਤਾਂ ਇਸ ਨਾਲ ਰਹਿਤ ਮਰਯਾਦਾ ਦੂਸ਼ਿਤ ਕਿਵੇਂ ਹੋ ਸਕਦੀ ਹੈ।
ਰਹਿਤ ਮਰਯਦਾ ਬਨਾਉਣ ਵਿੱਚ ਤਾਂ ਉਚੇ ਸੁੱਚੇ ਕਿਰਦਾਰ ਦੇ ਗੁਰਸਿੱਖਾਂ ਦਾ ਹੀ ਹੱਥ ਰਿਹਾ ਹੈ। ਰਹਿਤ ਮਰਯਾਦਾ ਬਨਾਉਣ ਵੇਲੇ, ਸਰਕਾਰ ਵੱਲੋਂ ਕਾਇਮ ਕੀਤੀ ਗਈ 36 ਮੈਂਬਰੀ ਕਮੇਟੀ ਵਿੱਚੋਂ ਕੋਈ ਇੱਕ ਵੀ ਮੈਂਬਰ ਰਹੁਰੀਤਿ ਕਮੇਟੀ ਵਿੱਚ ਨਹੀਂ ਸੀ ਲਿਆ ਗਿਆ। ਰਹਿਤ ਮਰਯਾਦਾ ਦਾ ਵਿਰੋਧ ਤਾਂ ਮੁਖ ਤੌਰ ਤੇ ‘ਪੰਜ ਬਾਣੀਆਂ’ ਕਰਕੇ ਹੀ ਕੀਤਾ ਜਾ ਰਿਹਾ ਹੈ। ਜਿਹਨਾਂ ਵਿੱਚੋਂ ਜਾਪ ਸਾਹਿਬ, ਸਵੈਯੇ, ਅਤੇ ਚੌਪਈ ਦਸਮ ਗ੍ਰੰਥ ਦੀਆਂ ਬਾਣਿਆਂ ਦੱਸੀਆਂ ਜਾ ਰਹੀਆਂ ਹਨ। ਜੋ ਕਿ ਅਸਲੀਅਤ ਨਹੀਂ ਹੈ।
ਯਾਦ ਰਹੇ ਕਿ; ਮੌਜੂਦਾ ਦਸਮ ਗ੍ਰੰਥ ਭਾਈ ਮਨੀ ਸਿੰਘ ਵਾਲਾ ਗ੍ਰੰਥ ਨਹੀਂ ਹੈ। ਭਾਈ ਕਾਹਨ ਸਿੰਘ ਨਾਭਾ ਮੁਤਾਬਕ, ਭਾਈ ਮਨੀ ਸਿੰਘ ਵਾਲੇ ਗ੍ਰੰਥ ਵਿੱਚ ਗੁਰੂ ਸਾਹਿਬਾਂ ਦੀ, ਭਗਤਾਂ ਦੀ ਅਤੇ ਦਸਮ ਪਿਤਾ ਦੀ ਉਪਦੇਸ਼-ਮਈ ਬਾਣੀ ਸੀ। ਉਪਦੇਸ਼-ਮਈ ਬਾਣੀ ਤੋਂ ਜ਼ਾਹਰ ਹੈ ਕਿ ਜਾਪ ਸਾਹਿਬ, ਸਵੈਯੇ ਆਦਿ ਬਾਣੀਆਂ ਹੀ ਹੋ ਸਕਦੀਆਂ ਹਨ। ਜਦਕਿ ਮੌਜੂਦਾ ਦਸਮ ਗ੍ਰੰਥ ਵਿੱਚ ਦਸਮ ਪਿਤਾ ਤੋਂ ਪਹਿਲਾਂ ਵਾਲੇ ਗੁਰੂ ਸਾਹਿਬਾਂ ਦੀ ਅਤੇ ਭਗਤਾਂ ਦੀ ਬਾਣੀ ਨਹੀਂ ਹੈ। ਸੋ ਦਸਮ ਪਿਤਾ ਦੀ ਉਪਦੇਸ਼-ਮਈ ਬਾਣੀ ਰਲਾ ਕੇ ਕਿਸੇ ਪੰਥ-ਦੋਖੀ ਨੇ ਮੌਜੂਦਾ ਅਸ਼ਲੀਲ ਗ੍ਰੰਥ ਬਣਾ ਕੇ ਸਿੱਖਾਂ ਦੇ ਗਲ਼ ਮੜ੍ਹ ਦਿੱਤਾ ਹੈ।ਅਫਸੋਸ ਦੀ ਗੱਲ ਹੈ ਕਿ ਸਿੱਖਾਂ ਦਾ ਇੱਕ ਧੜਾ ਉਸ ਅਸ਼ਲੀਲ ਗ੍ਰੰਥ ਨੂੰ ਗੁਰੂ-ਕ੍ਰਿਤ ਕਹਿ ਕੇ ਗਲ਼ੇ ਲਗਾਈ ਬੈਠਾ ਹੈ। ਜਾਪ ਸਾਹਿਬ ਆਦਿ ਨੂੰ ਮੌਜੂਦਾ ਦਸਮ ਗ੍ਰੰਥ ਦੀਆਂ ਬਾਣੀਆਂ ਸਮਝਕੇ ਰਹਿਤ ਮਰਯਾਦਾ ਦਾ ਵਿਰੋਧ ਕਰਨਾ ਕੋਈ ਸਿਆਣਪ ਨਹੀਂ ਹੈ।
‘ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰ’ ਦਾ ਹਵਾਲਾ ਦੇ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਲਿਖਤ/ਬਾਣੀ ਤੋਂ ਬਾਹਰ ਸਿੱਖ ਨੇ ਕੁਝ ਨਹੀਂ ਕਰਨਾ। ਪਰ ਇਹ ਵੀ ਕੋਈ ਚੰਗਾ ਰੁਝਾਨ ਨਹੀਂ ਹੈ।
ਗੁਰੂ ਅਮਰ ਦਾਸ ਜੀ ਦੁਆਰਾ ਉਪਰੋਕਤ ਸਲੋਕ ਉਚਾਰੇ ਜਾਣ ਵੇਲੇ ਗੁਰੂ ਗ੍ਰੰਥ ਸਾਹਿਬ; ਚਉਥੇ, ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਂ ਦੀਆਂ ਬਾਣੀਆਂ ਮੌਜੂਦ ਨਹੀਂ ਸਨ ਅਤੇ ਨਾ ਹੀ ਭਗਤਾਂ ਦੀ ਬਾਣੀ ਗ੍ਰੰਥ-ਰੂਪ ਵਿੱਚ ਮੌਜੂਦ ਸਨ। ਤਾਂ ਜਾਹਰ ਹੈ ਕਿ ਇਕਾ ਬਾਣੀ ਕਹਿਣ ਤੋਂ ਗੁਰੂ ਅਮਰ ਦਾਸ ਜੀ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਨਹੀਂ ਹੋ ਸਕਦਾ।
‘ਇਕਾ ਬਾਣੀ ਇਕੁ ਗੁਰੁ …’ ਦਾ ਅਰਥ ਹੈ ਕਿ ‘ਇੱਕ ਬਾਣੀ ਅਰਥਾਤ ਸਿਰਫ ਬਾਣੀ ਹੀ ਇੱਕੋ ਇਕ ਗੁਰੂ ਹੈ…’ (ਇਥੇ ਬਾਣੀ ਤੋਂ ਭਾਵ ਹੈ, ਪ੍ਰਭੂ-ਮਿਲਾਪ ਦੇ ਮਾਰਗ ਤੇ ਲਿਜਾਣ ਵਾਲੀ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ)
ਜਾਪ ਸਾਹਿਬ ਆਦਿ ਬਾਣੀਆਂ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿ ਇਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਹਨ। ਠੀਕ ਹੈ, ਇਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਹਨ, ਪਰ (ਜੇ ਸੁਹਿਰਦਤਾ ਨਾਲ ਅਰਥ ਕਰਕੇ ਵਿਚਾਰੀਆਂ ਜਾਣ ਤਾਂ) ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਤੋਂ ਬਾਹਰ ਵੀ ਨਹੀਂ ਹਨ।
‘ਏਕਤਾ’ ਲੇਖ ਵਿੱਚ ਪ੍ਰੋ: ਸਾਹਿਬ ਵੱਲੋਂ ਇਹਨਾਂ ਤੁਕਾਂ ਦਾ ਹਵਾਲਾ ਦਿੱਤਾ ਗਿਆ ਹੈ-
“ਸਚੁ ਸਪੂਰਣ ਨਿਰਮਲਾ ਤਿਸੁ ਵਿਚਿ ਕੂੜੁ ਨ ਰਲਦਾ ਰਾਈ।
ਕਾਂਜੀ ਦੁਧੁ ਕੁਸੁਧੁ ਹੋਇ ਫਿਟੈ ਸਾਦਹੁ ਵੰਨਹੁ ਜਾਈ।”
ਹੁਣ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਤੁਕਾਂ ਤੋਂ ਪੜ੍ਹਨ ਵਾਲੇ ਨੂੰ ਗੁਰਮਤਿ ਅਨੁਸਾਰੀ ਹੀ ਸੁਨੇਹਾ ਮਿਲਦਾ ਹੈ।ਪਰ ਇਹ ਤੁਕਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹਨ। ਹੁਣ ਜੇ ਇਹਨਾਂ ਤੁਕਾਂ ਤੋਂ ਗੁਰਮਤਿ ਅਨੁਸਾਰੀ ਹੀ ਸੁਨੇਹਾ ਮਿਲਦਾ ਹੈ ਅਤੇ ਤਸੱਵੁਰ ਕਰੋ ਕਿ ਜੇ ਇਹ ਤੁਕਾਂ ਸਿੱਖ ਨਿਤਨੇਮ ਨਾਲ ਨਿਤਾਪ੍ਰਤੀ ਪੜ੍ਹਦਾ ਹੈ ਤਾਂ ਕੀ ਇਸ ਵਿੱਚ ਕੋਈ ਗੁਰਮਤਿ ਵਿਰੋਧੀ ਗੱਲ ਹੋ ਜਾਏਗੀ?
ਇਸੇ ਤਰ੍ਹਾਂ (ਜੇ ਸੁਹਿਰਦਤਾ ਨਾਲ ਅਰਥ ਵਿਚਾਰਕੇ) ਜਾਪ ਸਾਹਿਬ ਬਾਣੀ ਨਿਤਾ ਪ੍ਰਤੀ ਨਿਤਨੇਮ ਨਾਲ ਪੜ੍ਹੀ ਜਾਵੇ ਤਾਂ ਕੀ ਇਸ ਨਾਲ ਸਿੱਖ ਵਿੱਚ ਕੋਈ ਗੁਰਮਤਿ ਵਿਰੋਧੀ ਵਿਚਾਰ ਵੜ ਜਾਣਗੇ?
ਇਹ ਵੀ ਧਿਆਨ ਦੇਣ ਦੀ ਜਰੂਰਤ ਹੈ ਕਿ 1945 ਤੋਂ ਹੁਣ ਤੱਕ ਸਿੱਖ ਪੰਜਾਂ ਬਾਣੀਆਂ ਦੇ ਨੇਮੀ ਰਹੇ ਹਨ, ਕਦੇ ਕੋਈ ਸਮੱਸਿਆ ਨਹੀਂ ਹੋਈ। ਪਰ ਹੁਣ ਜਦੋਂ ਤੋਂ ਦਸਮ ਗ੍ਰੰਥ ਵਿਵਾਦ ਵਾਲਾ ਮਸਲਾ ਭਖਿਆ ਹੈ, ਤਾਂ ਪੰਜਾਂ ਬਾਣੀਆਂ ਤੇ ਵੀ ਇਤਰਾਜ ਹੋਣੇ ਸ਼ੁਰੂ ਹੋ ਗਏ ਹਨ। ਪਰ ਦਸਮ ਗ੍ਰੰਥ ਦੇ ਵਿਰੋਧੀ ਸੱਜਣਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਪੰਜਾਂ ਬਾਣੀਆਂ ਵਿੱਚੋਂ ਜਿਹੜੀਆਂ ਬਾਣੀਆਂ ਬਾਰੇ ਇਤਰਾਜ ਕੀਤਾ ਜਾ ਰਿਹਾ ਹੈ ਇਹ ‘ਮੌਜੂਦਾ ਦਸਮ ਗ੍ਰੰਥ’ ਦੀਆਂ ਬਾਣੀਆਂ ਨਹੀਂ, ਕਿਸੇ ਪੰਥ-ਦੋਖੀ ਨੇ ਗੁਰੂ ਸਾਹਿਬ ਦੀਆਂ ਇਹ ਬਾਣੀਆਂ ਆਪਣੇ ਅਸ਼ਲੀਲ ਗ੍ਰੰਥ ਦਾ ਹਿੱਸਾ ਬਣਾ ਲਈਆਂ ਹਨ। ਸੋ ਦਸਮ ਗ੍ਰੰਥ ਦਾ ਮਸਲਾ ਵੱਖ ਅਤੇ ਰਹਿਤ ਮਰਯਾਦਾ ਦਾ ਮਸਲਾ ਵੱਖ ਰੱਖਣਾ ਚਾਹੀਦਾ ਹੈ। ਆਮ ਤੌਰ ਤੇ ਦੇਖਿਆ ਇਹ ਜਾਂਦਾ ਹੈ ਕਿ, ਗੱਲ ਪੰਜ ਬਾਣੀਆਂ ਦੀ ਸ਼ੁਰੂ ਕਰਕੇ, ਵਿੱਚ ਚਰਿਤ੍ਰਾਂ ਦੀ ਗੱਲ ਵਾੜ ਦਿੱਤੀ ਜਾਂਦੀ ਹੈ। ਜਦਕਿ ਪੰਜਾਂ ਬਾਣੀਆਂ ਵਿੱਚ ਚਰਿਤਾਂ ਵਾਲੀ ਕੋਈ ਰਚਨਾ ਨਹੀਂ ਹੈ। ਇਕ ਗੱਲ ਹੋਰ ਚੇਤੇ ਰੱਖਣੀ ਚਾਹੀਦੀ ਹੈ ਕਿ 1936-1945 ਤੋਂ ਪਹਿਲਾਂ ਹੀ ਸਿੱਖ ਪੰਜਾਂ ਬਾਣੀਆਂ ਦੇ ਨੇਮੀ ਸਨ। ਇਸ ਬਾਰੇ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ‘ਸਿੱਖ ਤਵਾਰੀਖ ਅਕਾਲ ਤਖਤ ਸਾਹਿਬ’ ਵਿੱਚੋਂ ਹਵਾਲਾ ਦੇਖਿਆ ਜਾ ਸਕਦਾ ਹੈ। ਕਮੇਟੀ ਵਿੱਚ ਚੁਣੇ ਜਾਣ ਵਾਲੇ ਪ੍ਰਤੀਨਿਧਾਂ ਦੀ ਧਾਰਣਾ ਕਿਹੋ ਜਿਹੋ ਜਿਹੀ ਹੋਣੀ ਚਾਹੀਦੀ ਹੈ, ਬਾਰੇ ਛਪੇ ਇਸ਼ਤਿਹਾਰ ਦੇ ਅੰਸ਼ ਦੇਖੋ-
“ਪ੍ਰਤੀਨਿਧ ਦੀ ਧਾਰਨਾ-
1 ਅੰਮ੍ਰਿਤਧਾਰੀ ਹੋਵੇ
2- *ਪੰਜ ਬਾਣੀਆਂ ਦਾ ਨੇਮੀ ਹੋਵੇ*
3 ਪੰਜ ਕਕਾਰਾਂ ਦਾ ਰਹਿਤਵਾਨ ਹੋਵੇ
4 ਅੰਮ੍ਰਿਤ ਵੇਲੇ (ਪਹਿਰ ਰਾਤ) ਉਠਣ ਵਾਲਾ ਹੋਵੇ
5 ਦਸਵੰਧ ਦੇਣ ਵਾਲਾ ਹੋਵੇ….”
ਇਸ ਦਾ ਮਤਲਬ ਲਿਖਤੀ-ਰੂਪ ਵਿੱਚ ਬੇਸ਼ੱਕ ਕੋਈ ਰਹਿਤ ਮਰਯਾਦਾ ਸੀ ਜਾਂ ਨਹੀਂ ਪਰ ਗੁ: ਪ੍ਰ: ਕਮੇਟੀ ਬਣਨ ਤੋਂ ਪਹਿਲਾਂ ਵੀ ਜਿਹੜੇ ਗੁਰਸਿੱਖਾਂ ਨੂੰ ਕਮੇਟੀ ਵਿੱਚ ਮੈਂਬਰ ਵਜੋਂ ਚੁਣਿਆ ਗਿਆ ਸੀ ਉਹ ਪੰਜ ਬਾਣੀਆਂ ਦੇ ਨੇਮੀ ਸਨ।
‘ਏਕਤਾ’ ਲੇਖ ਵਿੱਚ ਲਿਖਿਆ ਹੈ- “ ਕਦੀ ਕਿਸੇ ਨੇ ਗੁਰੂ ਗ੍ਰੰਥ ਕੋਲੋਂ ਪੁੱਛਿਆ ਹੈ ਕੇ ਕੁਝ ਵਿਅਕਤੀਆਂ ਦਾ ਇਕੱਠ ਪੰਥ ਹੋ ਸਕਦਾ ਹੈ?”
ਲੇਖ ਵਿੱਚ ਅੱਗੇ ਲਿਖਿਆ ਹੈ-
“ਕੁਝ ਤਿਆਰ ਬਰ ਤਿਆਰ ਸਿੰਘਾਂ ਦਾ ਸਮੂੰਹ ਗੁਰੂ ਪੰਥ ਹੈ”
ਪਰ ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ ਉਸ ਵਕਤ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਸ ਵਿੱਚ ਅੱਜ ਦੇ ਸਿੱਖਾਂ ਨਾਲੋਂ ਕਿਤੇ ਵੱਧ ਉਚੇ-ਸੁੱਚੇ ਕਿਰਦਾਰ ਦੇ ਤਿਆਰ-ਬਰ- ਤਿਆਰ ਸਿੰਘ ਸਨ (ਸਿਵਾਏ ਸਰਕਾਰ ਵੱਲੋਂ ਥੋਪੇ ਗਏ 36 ਮੈਂਬਰਾਂ ਦੇ। ਅਤੇ ਉਹਨਾਂ 36 ਮੈਂਬਰਾਂ ਵਿੱਚੋਂ ਕਿਸੇ ਨੂੰ ਵੀ ਪੰਥ ਦੇ ਕਿਸੇ ਅਹਮ ਕੰਮ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ।ਕਿਸੇ ਕਿਸਮ ਦੇ ਸਰਕਾਰੀ ਟਕਰਾਵ ਤੋਂ ਬਚਣ ਲਈ ਅਤੇ ਸਿੰਘਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਰਜਿਸਟਰ ਕਰਵਾਉਣ ਵਿੱਚ ਦਿੱਕਤ ਨਾ ਆਵੇ ਇਸ ਕਰਕੇ ਖਾਨਾ ਪੂਰਤੀ ਲਈ ਹੀ ਉਹਨਾਂ ਨੂੰ ਨਾਲ ਰੱਖਿਆ ਗਿਆ ਸੀ)
ਸੋ ਪੰਥਕ ਏਕਤਾ ਰੱਖਣ ਦੇ ਚਾਹਵਾਨ ਸੱਜਣਾਂ ਨੂੰ ਪਹਿਲਾਂ ਸੁਹਿਰਦ ਹੋਣ ਦੀ ਜਰੂਰਤ ਹੈ। ਸਮਝਣ ਦੀ ਜਰੂਰਤ ਹੈ ਕਿ ਦਸਮ ਗ੍ਰੰਥ ਦਾ ਅਤੇ ਰਹਿਤ ਮਰਯਾਦਾ ਦਾ, ਦੋ ਵੱਖ ਵੱਖ ਮਸਲੇ ਹਨ। ਮੌਜੂਦਾ ਅਸ਼ਲੀਲ਼ ਦਸਮ ਗ੍ਰੰਥ ਕਿਸੇ ਪੰਥ-ਦੋਖੀ ਵੱਲੋਂ ਘੜਿਆ ਗਿਆ ਹੈ, ਜਿਸ ਵਿੱਚ ਅੱਖੀਂ ਘੱਟਾ ਪਾਉਣ ਲਈ ਦਸਮ ਪਿਤਾ ਦੀਆਂ ਜਾਪ ਸਾਹਿਬ ਆਦਿ ਉਪਦੇਸ਼-ਮਈ ਬਾਣੀਆਂ ਦਰਜ ਕਰ ਦਿੱਤੀਆਂ ਗਈਆਂ ਹਨ।
ਦਸਮ ਗ੍ਰੰਥ ਦੇ ਹਵਾਲੇ ਨਾਲ ਪੰਥਕ ਰਹਿਤ ਮਰਯਾਦਾ ਨੂੰ ਵੀ ਰੱਦ ਕਰਨਾ ਕੋਈ ਸਿਆਣਪ ਨਹੀਂ ਹੈ।
(ਮੈਂ ਪ੍ਰੋ: ਦਰਸ਼ਨ ਸਿੰਘ ਖਾਲਸਾ ਜੀ ਦਾ ਦਿਲੋਂ ਸਤਿਕਾਰ ਕਰਦਾ ਹਾਂ, ਮੇਰੀਆਂ ਕੋਈ ਗੱਲਾਂ ਅਣ-ਸੁਖਾਵੀਆਂ ਲੱਗੀਆਂ ਹੋਣ ਤਾਂ ਮੁਆਫੀ ਚਾਹੁੰਦਾ ਹਾਂ।ਕੋਈ ਗ਼ਲਤੀਆਂ ਹੋਣ ਤਾਂ ਜਰੂਰ ਦੱਸੀਆਂ ਜਾਣ ਤਾਂ ਕਿ ਸੁਧਾਰ ਕੀਤਾ ਜਾ ਸਕੇ।)
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
- : ਪੰਥਕ ਏਕਤਾ : -
Page Visitors: 2721