ਨਿਤੀਸ਼ ਦੀ ਸਿਆਸਤ : ਆਦਰਸ਼ਵਾਦ ਜਾਂ ਮੌਕਾਪ੍ਰਸਤੀ ?
-
ਪਿਛਲੇ ਇੱਕ ਸਾਲ ਤੋਂ ਚੱਲ ਰਹੀਆਂ ਅਟਕਲਾਂ ਨੂੰ ਆਖਿਰਕਾਰ ਬੂਰ ਪੈ ਹੀ ਗਿਆ ਤੇ ਹੋਇਆ ਵੀ ਉਹੀ ਜੋ ਸਭ ਜਾਣਦੇ ਸੀ । ਨਿਤੀਸ਼ ਨੇ ਿੲੱਕ ਵਾਰ ਫੇਰ ਮੁੱਖਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਤੇ ਉੱਪ ਮੁੱਖਮੰਤਰੀ ਬਣ ਗਏ ਨੇ ਭਾਜਪਾ ਦੇ ਸੁਸ਼ੀਲ ਮੋਦੀ । ਅੱਜ ਉਹੀ ਭਾਜਪਾ ਦੁੱਧ ਧੋਤੀ ਹੋ ਗਈ ਜਿਸਦਾ ਕਦੇ ਨਿਤੀਸ਼ ਨੇ ਫਿਰਕੂ ਪਾਰਟੀ ਕਹਿ ਕੇ ਸਾਥ ਛੱਡ ਦਿੱਤਾ ਸੀ । ਅਸਤੀਫਾ ਤਾਂ ਨਿਤੀਸ਼ ਲਈ ਕਦੇ ਸਮੱਸਿਆ ਰਿਹਾ ਹੀ ਨਹੀਂ, ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਨੇ । ਪਰ ਸਵਾਲ ਿੲਹ ਹੈ ਕਿ ਹੁਣ ਅਸਤੀਫਾ ਕਿਓਂ ? ਜਿਸ ਦਿਨ ਬਿਹਾਰ ਚ ਮਹਾਂਗੱਠਜੋੜ ਬਣਿਆ, ਕੀ ਉਸ ਦਿਨ ਲਾਲੂ ਯਾਦਵ ਤੇ ਦੋਸ਼ ਨਹੀਂ ਸਨ, ਸਿਰਫ ਦੋਸ਼ ਹੀ ਨਹੀਂ ਉਸ ਵੇਲੇ ਲਾਲੂ ਯਾਦਵ ਸਜਾਯਾਫਤਾ ਵੀ ਸਨ, ਪਰ ਿਕਉਂਕਿ ਮੌਕੇ ਦਾ ਤਕਾਜਾ ਉਸ ਵੇਲੇ ਉਹੀ ਸੀ ਸੋ ਉਦੋਂ ਿੲਹ ਦੋਸ਼ ਮਾਇਨੇ ਨਹੀਂ ਰੱਖਦੇ ਸਨ ਤੇ ਨਾਂ ਹੀ ਉਦੋਂ ਅੰਤਰ ਆਤਮਾ ਦੀ ਅਵਾਜ ਸੁਣੀ ਗਈ ਅਤੇ ਜੇ ਅੱਜ ਅੰਤਰ ਆਤਮਾ ਦੀ ਅਵਾਜ ਸੁਣੀ ਗਈ ਹੈ ਤਾਂ ਜਾਹਿਰ ਹੈ ਕਿ ਸਥਿਤੀਆਂ ਬਦਲ ਚੁੱਕੀਆਂ ਨੇ । ਅੱਜ ਸ਼ਾਇਦ ਸਮੇਂ ਦਾ ਤਕਾਜਾ ਿੲਹੀ ਹੈ ਜੋ ਸਭ ਕੁਝ ਹੋ ਰਿਹਾ ਹੈ, ਿੲਹੀ ਸਿਆਸਤ ਹੈ ਤੇ ਨਿਤੀਸ਼ ਅਜਿਹੀ ਸਿਆਸਤ ਦੇ ਮਾਹਿਰ ਖਿਲਾੜੀ ਨੇ ਜਿਸ ਦਾ ਨਤੀਜਾ ਹੈ ਕਿ ਉਹ ਹੁਣ ਿੲੱਕ ਵਾਰ ਫਿਰ ਭਾਜਪਾ ਦੀਆਂ ਫਹੁੜੀਆਂ ਦੇ ਸਹਾਰੇ ਨਿਤੀਸ਼ ਮੁੱਖਮੰਤਰੀ ਦਿ ਕੁਰਸੀ ਤੇ ਬਿਰਾਜਮਾਨ ਹੋ ਗਏ ਨੇ ।
ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਿੲਥੇ ਕੇਸਾਂ ਦੇ ਫੈਸਲਿਆਂ ਨੂੰ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਿੲਸਲਈ ਦੋਸ਼ਾਂ ਦੀ ਅਹਿਮੀਅਤ ਹੀ ਮੰਨੀ ਜਾਂਦੀ ਹੈ ਤੇ ਉਸਦੇ ਦੁਆਲੇ ਹੀ ਸਾਰੀ ਗੇਮ ਚਲਦੀ ਹੈ । ਜਮੀਰ ਦੀ ਅਵਾਜ ਵੀ ਮੌਕਾ ਵੇਖ ਕੇ ਹੀ ਸੁਣੀ ਤੇ ਅਣਸੁਣੀ ਕੀਤੀ ਜਾਂਦੀ ਹੈ । ਜਦ ਮੋਦੀ ਨੂੰ ਪ੍ਰਧਾਨਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਸ ਵੇਲੇ ਵੀ ਨਿਤੀਸ਼ ਨੇ ਜਮੀਰ ਦੀ ਅਵਾਜ ਸੁਣ ਕੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ, ਭਾਜਪਾ ਨੂੰ ਫਿਰਕੂ ਪਾਰਟੀ ਕਹਿਣ ਦਾ ਰਾਗ ਨਿਤੀਸ਼ ਅੱਜਤੱਕ ਅਲਾਪਦੇ ਆਏ ਨੇ, ਵਿਧਾਨ ਸਭਾ ਚੋਣਾਂ ਵੀ ਭਾਜਪਾ ਦੀ ਫਿਰਕਾਪ੍ਰਸਤੀ ਦੇ ਵਿਰੋਧ ਚ ਹੀ ਲੜੀਆਂ ਗਈਆਂ ਪਰ ਰਾਜਨੀਤੀ ਚ ਉਪਰੋਂ ਿਦਖਦਾ ਹੈ ਹੁੰਦਾ ਅਕਸਰ ਉਲਟ ਹੀ ਹੈ । ਨਿਤੀਸ਼ ਨੇ ਜੇਕਰ ਅਸਤੀਫਾ ਦੇਣ ਵਾਲਾ ਦਲੇਰਾਨਾ ਕਦਮ ਚੁੱਕਿਆ ਹੀ ਸੀ ਤਾਂ ਚੰਗਾ ਹੁੰਦਾ ਉਹ ਿੲਸਨੂੰ ਜਨਤਾ ਦੀ ਕਚਿਹਰੀ ਚ ਲੈ ਕੇ ਜਾਂਦੇ, ਨਾਲੇ ਜਨਤਾ ਨੂੰ ਵੀ ਮੌਕਾ ਮਿਲ ਜਾਂਦਾ ਭ੍ਰਿਸ਼ਟਾਚਾਰ ਬਾਰੇ ਆਪਣੀ ਰਾਇ ਦੇਣ ਦਾ । ਨੋਟਬੰਦੀ ਤੇ ਸ਼ਰਾਬਬੰਦੀ ਦੇ ਨਫੇ-ਨੁਕਸਾਨਾਂ ਚ ਵੀ ਮੁਕਾਬਲਾ ਹੋ ਜਾਂਦਾ ਪਰ ਅਫਸੋਸ ਕਿ ਬਿਹਾਰ ਦੀ ਜਨਤਾ ਨੂੰ ਿੲਹ ਮੌਕਾ ਨਹੀਂ ਮਿਲ ਸਕਿਆ, ਉਸਦੇ ਲਈ ਤਾਂ 2019 ਦਾ ਇੰਤਜਾਰ ਕਰਨਾ ਹੀ ਪਏਗਾ । ਨਿਤੀਸ਼ ਨੂੰ ਭਾਜਪਾ ਦਾ ਸਾਥ ਮਿਲ ਗਿਆ ਹੈ, ਿੲਹ ਉਹੀ ਭਾਜਪਾ ਹੈ ਜਿਸਦੇ ਨੇਤਾ ਨਿਤੀਸ਼ ਤੇ ਚਾਰਾ ਘੋਟਾਲੇ ਚ ਸ਼ਮੂਲੀਅਤ ਦੇ ਦੋਸ਼ ਲਾ ਕੇ ਉਹਨਾਂ ਖਿਲਾਫ ਵੀ ਜਾਂਚ ਦੀ ਮੰਗ ਕਰਦੇ ਰਹੇ ਨੇ । ਉਧਰ ਲਾਲੂ ਯਾਦਵ ਨੇ ਵੀ ਨਿਤੀਸ਼ ਖਿਲਾਫ ਦੋਸ਼ਾਂ ਦਾ ਪਿਟਾਰਾ ਖੋਲ ਦਿੱਤਾ ਹੈ ਪਰ ਿੲਸ ਸਾਰੀ ਬਿਸਾਤ ਵਿੱਚ ਬਾਜੀ ਮਾਰੀ ਹੈ ਭਾਜਪਾ ਨੇ ਜੋ ਬਿਹਾਰ ਚ ਆਪਣੀ ਹਾਰ ਨੂੰ ਹਾਲੇ ਤੱਕ ਵੀ ਪਚਾ ਨਹੀਂ ਪਾ ਰਹੀ ਸੀ ਤੇ ਹੁਣ ਉਹ 2019 ਨੂੰ ਲੈ ਕੇ ਹੋਰ ਆਸਵੰਦ ਹੋ ਜਾਏਗੀ । ਬਿਹਾਰ ਚ ਹਾਸ਼ੀਏ ਤੇ ਚੱਲ ਰਹੇ ਭਾਜਪਾ ਦੇ ਸੁਸ਼ੀਲ ਮੋਦੀ ਨੇ ਵਾਪਸੀ ਕਰ ਲਈ ਹੈ, ਬਿਹਾਰ ਚ ਜਨਤਾ ਦਾ ਫਤਵਾ ਉਹਨਾਂ ਦੇ ਹੱਕ ਚ ਨਹੀਂ ਰਿਹਾ ਤਾਂ ਸੁਸ਼ੀਲ ਮੋਦੀ ਨੇ ਪਿਛਲੇ ਦਰਵਾਜੇ ਤੋਂ ਐਂਟਰੀ ਮਾਰ ਲਈ ।
ਸੋ ਜੋ ਲੋਕ ਿੲਸਨੂੰ ਸਿਧਾਤਾਂ ਦੀ ਲੜਾਈ ਦੇ ਤੌਰ ਤੇ ਵੇਖ ਰਹੇ ਨੇ ਉਹ ਸ਼ਾਇਦ ਆਪਣਾ ਸਮਾਂ ਹੀ ਬਰਬਾਦ ਕਰ ਰਹੇ ਨੇ ਕਿਉਂਕਿ ਰਾਜਨੀਤੀ ਵਿੱਚ ਨੇਤਾ ਕਦੋਂ, ਕੀ ਫੈਸਲਾ ਲੈਂਦੇ ਨੇ ਿੲਹ ਮੌਕੇ ਤੇ ਨਿਰਭਰ ਕਰਦਾ ਹੈ, ਸਿਧਾਂਤ ਤੇ ਆਦਰਸ਼ ਤਾਂ ਿੲਸ ਮੌਕੇ ਦੀ ਭੇਂਟ ਚੜ ਹੀ ਜਾਂਦੇ ਨੇ ।
9878132180