ਡੰਗ ਤੇ ਚੋਭਾਂ - ਜਬਰ ਵੇਖ ਕੇ ਕਦੇ ਬੋਲਣਗੇ, ਗਾਂਧੀ ਤੇਰੇ ਪਾਲ਼ੇ ਬੰਦਰ
ਖ਼ਬਰ ਹੈ ਕਿ ਦੇਸ਼ ਦੀ ਸਰਵਉਚ ਅਦਾਲਤ ਵਲੋਂ ਵਾਰ-ਵਾਰ ਦਿਤੇ ਗਏ ਹੁਕਮਾਂ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ ਨੇ ਅਤੇ ਨਾ ਹੀ ਗੁਜਰਾਤ, ਰਾਜਸਥਾਨ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਭਾਜਪਾ ਸ਼ਾਸ਼ਤ ਸੂਬਿਆਂ ਨੇ ਗਊ ਰਖਿਆਂ ਵਿਰੁੱਧ ਸਖਤ ਕਾਰਵਾਈ ਦੇ ਸਬੰਧ ਵਿੱਚ ਕੋਈ ਜਵਾਬ ਦਾਇਰ ਕੀਤਾ, ਜਿਹਨਾ ਵਲੋਂ ਕੀਤੀ ਗਈ ਹਿੰਸਾ ਤੇ ਕਤਲਾਂ ਕਾਰਨ ਦੇਸ਼ ਅੰਦਰ ਫਿਰਕੂ ਤਣਾਅ ਵਧਿਆ ਹੈ। ਪਿਛਲੇ ਸੱਤ ਸਾਲਾਂ ਵਿਚ ਗਊ ਰੱਖਿਆ ਦੇ ਨਾਮ ਉਤੇ ਹਿੰਸਾ ਦੇ 63 ਕੇਸ ਹੋਏ ਹਨ, ਜਿਹਨਾਂ ਵਿਚੋਂ 2017 ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 20 ਕੇਸ ਹੋਏ। ਇਹਨਾ ਕੇਸਾਂ ਵਿਚੋਂ 97 ਫੀਸਦੀ ਮੋਦੀ ਦੇ 2014 ਵਿਚ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਹੋਏ ਹਨ ਅਤੇ ਇਹਨਾ ਘਟਨਾਵਾਂ ਵਿਚ ਗਊ ਰੱਖਿਅਕਾਂ ਨੇ 28 ਬੰਦੇ ਮਾਰੇ, 124 ਜਖ਼ਮੀ ਕੀਤੇ। ਮਰਨ ਵਾਲਿਆਂ ਵਿਚੋਂ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ।
ਜਦ ਰਾਮ-ਰਾਜ ਹੋਵੇ ਤਾਂ ਭਗਤਾਂ ਦੇ ਹੱਥ ਹੀ ਰਾਜ ਸਿੰਘਾਸਨ ਹੁੰਦਾ ਹੈ। ਉਹ ਉਨੀ ਕਰਨ ਚਾਹੇ ਕਰਨ ਇੱਕੀ, ਸਰਕਾਰ ਦਾ ਇਸ ਨਾਲ ਕੀ ਵਾਹ-ਵਾਸਤਾ? ਮੁੱਖ ਸਰਕਾਰੀ ਕਰਿੰਦਾ ਮੋਦੀ ਆਂਹਦਾ ਆ, ਗਊ ਰੱਖਿਆ ਦੇ ਨਾਮ ਉਤੇ ਹੱਤਿਆਵਾਂ ਕਰਨ ਵਾਲੇ ਹੋਣਗੇ ਸਜ਼ਾ ਦੇ ਭਾਗੀ ਅੱਖਾਂ ਬੰਦ ਕਰਕੇ, ਕੰਨਾਂ 'ਚ ਤੂੰਬੇ ਦੇ ਕੇ, ਮੂੰਹ 'ਤੇ ਚੇਪੀ ਲਾਕੇ ਬੈਠੇ "ਗਾਂਧੀ" ਦੇ ਕਥਿਤ ਭਗਤ ਮੋਦੀ ਨੂੰ ਕੋਈ ਪੁੱਛੇ ਕਿ ਜਦੋਂ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਰਹਿੰਦੀ ਆ ਤਾਂ ਤ੍ਰਿਸ਼ੂਲਾਂ, ਭਾਲਿਆਂ, ਕਿਰਚਾਂ, ਕੁਹਾੜਿਆਂ ਨਾਲ ਵੱਢ-ਟੁੱਕ, ਲੁੱਟ-ਮਾਰ, ਕਰਨ ਵਾਲਿਆਂ ਦੀ ਤੂਤੀ ਨਾ ਬੋਲੂ ਤਾਂ ਹੋਰ ਕੀ ਹੋਊ? ਉਂਜ ਵੀ ਭਾਈ ਸਰਕਾਰ ਦੀ ਅਕਲ ਘਾਹ ਚਰਨ ਗਈ ਹੋਈ ਆ, ਜਿਹੜੀ ਸਵੱਛ ਭਾਰਤ ਕਰਦੀ ਆ ਨੋਟਾਂ ਨਾਲ, ਲੋਕਾਂ ਦੀਆਂ ਨੌਕਰੀਆਂ ਗਵਾਉਂਦੀ ਆ ਨੋਟਬੰਦੀ ਨਾਲ, ਲੋਕਾਂ ਦੇ ਵਪਾਰ ਨੂੰ ਸੰਨ ਲਾਉਂਦੀ ਆ ਜੀ ਐਸ ਟੀ ਨਾਲ ਤਾਂ ਕਿ ਲੋਕ ਭੁੱਖੇ ਮਰਨ, ਸੜਕਾਂ ਤੇ ਰੁਲਣ ਜਾਂ ਫਿਰ ਦਲ ਬਣਾ ਕੇ ਰੱਖਿਆ ਕਰਨ ਗਊ ਮਾਤਾ ਦੀ, ਦਲ ਬਣਾਕੇ ਲੁੱਟ-ਮਾਰ ਕਰਨ ਤੇ ਖੋਹ-ਖਿੱਚ ਕਰਕੇ ਖਾਣ ਤੇ ਜਾਂ ਫਿਰ ਘਰ-ਬਾਰ ਛੱਡ ਸੜਕਾਂ ਉਤੇ ਅਵਾਰਾ ਤੁਰੇ ਫਿਰਨ। ਉਂਜ ਭਾਈ ਸਮਝ ਨਹੀਂ ਆਉਂਦੀ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ, ਮਹਾਤਮਾਂ, ਸਾਧੂਆਂ, ਸਿਆਣਿਆਂ ਦੀ ਧਰਤੀ ਦੇ ਸਿਆਣੇ ਗਾਂਧੀ ਭਗਤ, ਸਿਆਸਤਦਾਨ, ਬੁੱਧੀਜੀਵੀ, ਸਮਾਜ ਸੇਵਕ ਕੁੱਟ ਕਿਉਂ ਖਾਈ ਜਾਂਦੇ ਆ? ਲੁੱਟ ਕਿਉਂ ਸਹੀ ਜਾਂਦੇ ਆ? ਜਬਰ-ਜੁਲਮ-ਤਸ਼ੱਦਦ ਪਿੰਡੇ ਤੇ ਕਿਉਂ ਹੰਢਾਈ ਜਾਂਦੇ ਆ? ਮਨ 'ਚ ਗਾਂਧੀ ਜੀ ਨੂੰ ਪੁੱਛਣ ਦਾ ਖਿਆਲ ਆਉਂਦਾ ਆ, "ਜਬਰ ਵੇਖਕੇ ਕਦ ਬੋਲਣਗੇ, ਗਾਂਧੀ ਤੇਰੇ ਪਾਲ਼ੇ ਬੰਦਰ"?
ਮੁੱਲਾਂ ਕਾਜ਼ੀ ਢਿਡੋਂ ਖੋਟੇ, ਵੱਢੀ ਖਾ ਖਾ ਹੋ ਗਏ ਮੋਟੇ
ਖ਼ਬਰ ਹੈ ਕਿ ਕੈਗ ਦੀ ਰਿਪੋਰਟ ਜ਼ਰੀਏ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਰੇਲ ਗੱਡੀਆਂ ਵਿਚ ਪਰੋਸਿਆ ਜਾਣ ਵਾਲਾ ਖਾਣਾ ਇਨਸਾਨਾਂ ਦੇ ਖਾਣ ਲਾਇਕ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੂਸ਼ਿਤ ਚੀਜ਼ਾਂ, ਵਾਰ ਵਾਰ ਗਰਮ ਕੀਤਾ ਬੇਹਾ ਖਾਣਾ ਅਤੇ ਡੱਬੇ ਬੰਦ ਤੇ ਬੋਤਲਬੰਦ ਚੀਜ਼ਾਂ ਦੀ ਵਰਤੋਂ ਉਹਨਾ ਤੇ ਲਿਖੀ ਆਖਰੀ ਤਾਰੀਖ਼ ਤੋਂ ਬਾਅਦ ਵੀ ਵਰਤਾਈ ਜਾ ਰਹੀ ਹੈ। ਅਤੇ ਰੇਲਵੇ ਕੰਪਲੈਕਸ਼ ਅਤੇ ਰੇਲਾਂ ਵਿਚ ਸਫਾਈ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ। ਰਿਪੋਰਟ ਵਿਚ ਲਿਖਿਆ ਹੈ ਕਿ ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਸਿੱਧਾ ਟੂਟੀ ਹੇਠਲਾ ਪਾਣੀ ਵਰਤਿਆ ਜਾ ਰਿਹਾ ਹੈ। ਕੂੜੇਦਾਨ ਢਕੇ ਨਹੀਂ ਹਨ। ਰੋਜ਼ਾਨਾ ਸਫਾਈ ਨਹੀਂ ਹੁੰਦੀ। ਖਾਣ ਵਾਲੀਆਂ ਚੀਜ਼ਾਂ ਨੂੰ ਮੱਖੀਆਂ, ਕੀੜਿਆਂ ਅਤੇ ਧੂੜ ਤੋਂ ਬਚਾਉਣ ਲਈ ਢੱਕਕੇ ਨਹੀਂ ਰੱਖਿਆ ਜਾਂਦਾ। ਰੇਲਾਂ ਵਿਚ ਚੂਹੇ ਅਤੇ ਕਾਕਰੋਚ ਆਮ ਹਨ। ਭਾਰਤੀ ਰੇਲਵੇ ਕੋਲ ਸੱਤਰ ਹਜ਼ਾਰ ਤੋਂ ਵੱਧ ਮੁਸਾਫਰ ਕੋਚ ਹਨ, ਗਿਆਰਾਂ ਹਜ਼ਾਰ ਤੋਂ ਜਿਆਦਾ ਇੰਜਨ ਹਨ। ਸਾਲ 2015-16 ਦੇ ਅੰਕੜਿਆਂ ਅਨੁਸਾਰ 13313 ਮੁਸਾਫਰ ਰੇਲਾਂ ਹਰ ਰੋਜ਼ ਸੱਤ ਹਜ਼ਾਰ ਸਟੇਸ਼ਨਾਂ ਤੇ ਦੌੜਦੀਆਂ ਹਨ, ਜਿਹਨਾ ਵਿਚ ਹਰ ਰੋਜ਼ ਦੋ ਕਰੋੜ ਵੀਹ ਲੱਖ ਲੋਕ ਸਫਰ ਕਰਦੇ ਹਨ।
ਸੌ ਗਜ ਰੱਸਾ ਤੇ ਸਿਰੇ ਤੇ ਆ ਗੰਢ ਕਿ "ਮੁਨਾਫ਼ਾਖ਼ੋਰ ਉਜਾੜਨ ਲੋਕਾਂ, ਦੇਸ਼ ਨੂੰ ਚੰਮੜੇ ਵਾਗੂੰ ਜੋਕਾਂ, ਖੁੱਲੀ ਲੁੱਟ ਨਾ ਰੋਕਾਂ ਟੋਕਾਂ, ਦੌਲਤ 'ਯੂਰਪ' ਦੇਣ ਪਹੁੰਚਾ ਜਾਂ ਫਿਰ ਲਾਲੂ ਦੀ ਇੱਕ ਰੇਲ ਬਣਾ, ਸਿੱਧੀ ਬੰਬੇ ਨੂੰ ਦੇਣ ਚਲਾ"। ਤੇ ਜਦੋਂ ਮੁਲਾਂ ਕਾਜ਼ੀ ਰਲੇ ਹੋਣ! ਅਫ਼ਸਰ ਨੇਤਾ ਜੋਟੀਦਾਰ ਹੋਣ। ਬਾਬੂ ਤਾਂ ਫਿਰ ਸਿੱਧਾ ਪੈਸੇ ਉਤੇ ਟੋਕਾ ਹੀ ਚਲਾਉਣਗੇ, ਕੁਝ ਬੌਸ ਨੂੰ ਖੁਸ਼ ਕਰਨਗੇ। ਕੁਝ ਆਪਣਾ ਢਿੱਡ ਭਰਨਗੇ, ਕੁਝ "ਭੁੱਖੇ ਉਪਰਲੇ" ਦਾ।
ਰਹੀ ਗੱਲ ਗੰਦੇ ਖਾਣੇ ਦੀ, ਜੇਕਰ ਭਾਈ ਦੇਸ਼ ਦੇ ਤੀਜਾ ਹਿੱਸਾ ਬੰਦੇ ਸੁਸਰੀਆਂ ਕੀੜਿਆਂ ਵਾਲਾ "ਰੁਪੱਈਏ ਕਿਲੋ" ਵਾਲਾ ਸੜਿਆ ਬੁਸਿਆ ਅਨਾਜ ਖਾਕੇ ਰਾਤ ਕੱਟਦੇ ਆ ਤਾਂ ਰੇਲਵੇ ਦੇ ਮੁਸਾਫਰ ਬਹੀ ਰੋਟੀ, ਬਹੀ ਸਬਜੀ, ਨਲਕੇ ਦਾ ਪਾਣੀ ਪੀਕੇ ਮੁੜ ਹਾਜਮੌਲਾ ਜਾਂ ਈਨੋ ਆਫਰੇ ਢਿੱਡ ਨੂੰ "ਵੱਡਿਆਂ ਦੀ ਵੱਢੀ" ਹਜ਼ਮ ਕਰਾਉਣ ਲਈ ਨਹੀਂ ਖਾ ਸਕਦੇ। ਉਂਜ ਭਾਈ ਇਹ ਮੋਟੇ ਵੱਡੇ ਢਿੱਡ, ਸਰੀਆ ਡਕਾਰ ਜਾਂਦੇ ਆ। ਬਜਰੀ ਰੇਤਾ ਖਾ ਜਾਂਦੇ ਆ, ਪੁਰਾਣੇ ਨੋਟ ਖੋਟੇ ਸਿੱਕੇ ਹਜ਼ਮ ਕਰ ਸਕਦੇ ਆ। ਤਦੇ ਤਾਂ ਸਾਂਈਂ ਲਹੋਰੀ ਆਖਦਾ ਆ, "ਮੁੱਲਾਂ ਕਾਜ਼ੀ ਢਿੱਡੋਂ ਖੋਟੇ, ਵੱਢੀ ਖਾ ਖਾ ਹੋ ਗਏ ਮੋਟੇ"।
ਚੰਦਰੇ ਨੋਟਾਂ ਨੇ ਪੁੱਤ ਪ੍ਰਦੇਸੀ ਕੀਤਾ
ਖ਼ਬਰ ਹੈ ਕਿ ਪੂਰਬੀ ਪੰਜਾਬ (ਭਾਰਤ) ਦੀ ਹੁਣ ਕੁਲ ਤਿੰਨ ਕਰੋੜ ਅਬਾਦੀ ਹੈ। ਲਗਭਗ ਪੰਜਾਹ ਲੱਖ ਪੰਜਾਬੀ ਇਥੋਂ ਰੁਜ਼ਗਾਰ, ਵਪਾਰ, ਪੜ੍ਹਾਈ-ਲਿਖਾਈ ਲਈ ਵਿਦੇਸ਼ਾਂ ਨੂੰ ਤੁਰ ਚੁੱਕੇ ਹਨ, ਜਿਥੋਂ ਉਹ ਮੁੜ ਵਾਪਿਸ ਪਰਤਣ ਦਾ ਨਾਮ ਨਹੀਂ ਲੈ ਰਹੇ। ਉਹਨਾ ਨੇ ਉਥੇ ਹੀ ਨੌਕਰੀਆਂ ਲੱਭ ਲਈਆਂ, ਇਧਰੋਂ-ਉਧਰੋਂ ਵਿਆਹ ਕਰਵਾ ਲਏ। ਕੋਠੀਆਂ ਕਾਰਾਂ ਕਿਸ਼ਤਾਂ 'ਤੇ ਖਰੀਦ ਲਈਆਂ। ਵਪਾਰ ਚਲਾ ਲਏ, ਖੇਤੀ ਕਰਨ ਲੱਗ ਪਏ। ਹੁਣ ਵਾਲਿਆਂ ਤਿੰਨ ਕਰੋੜਾਂ ਵਿਚੋਂ ਇੱਕ ਚੌਥਾਈ ਜੇਬ ਵਿੱਚ ਪਾਸਪੋਰਟ ਪਾ ਘੁੰਮ ਰਹੇ ਹਨ ਤੇ ਜਦੋਂ ਵੀ ਦਾਅ ਲੱਗਿਆ, ਕਾਨੂੰਨੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਦੀ ਰਾਹ ਦੇਖ ਰਹੇ ਹਨ। ਇੱਕ ਰਿਪੋਰਟ ਮੁਤਾਬਿਕ ਪੰਜਾਬੀ ਦੁਨੀਆਂ ਦੇ 212 ਮੁਲਕਾਂ ਵਿਚੋਂ 100 ਵਿਚ ਆਪਣਾ ਵਾਸਾ ਦਰਜ਼ ਕਰਵਾ ਚੁੱਕੇ ਹਨ।
ਪੰਜ ਦਰਿਆ, ਵੱਢ ਦਿਤੇ, ਕਰਤੇ ਅੱਧੇ ਨੇਤਾਵਾਂ। ਇੱਕ ਪੱਛਮੀ ਬਣ ਇੱਕ ਬਣਿਆ ਪੂਰਬੀ। ਖੇਤਾਂ 'ਚ ਲਾਸ਼ਾਂ। ਘਰਾਂ 'ਚ ਹੌਕੇ। ਪੰਜਾਬ ਐਸਾ ਉਜੜਿਆ, ਕੁਝ ਦਿਲੀ ਵਸਿਆ, ਕੁਝ ਯੂ.ਪੀ, ਕੁਝ ਬੰਗਾਲੇ ਜਾ ਲੱਗਾ, ਕੁਝ ਬਿਹਾਰ। ਫਿਰ ਸਾਹ ਆਇਆ। ਅਤੇ ਮੁੜ ਪੰਜਾਬ ਟੁਟਿਆ। ਬਣ ਗਿਆ ਸੂਬੀ। ਐਨਾ ਕੁ ਕਿ ਇਕੋ ਦਿਨ ਗਾਹਿਆ ਜਾ ਸਕੇ। ਦੁਸ਼ਮਣਾ ਵਲੋਂ ਇੱਕ ਦਿਨ ਵਾਹਿਆ ਜਾ ਸਕੇ। ਫਿਰ ਆਈ ਚੌਰਾਸੀ। ਹਮਲੇ ਹੋਏ ਪਿਆਰਿਆ 'ਤੇ, ਹਮਲੇ ਦੁਲਾਰਿਆਂ 'ਤੇ। ਪੰਜਾਬ ਥੱਕ ਗਿਆ। ਪੰਜਾਬ ਅੱਕ ਗਿਆ। ਪੰਜਾਬ ਰੋਇਆ, ਹੋ ਗਿਆ ਅਧਮੋਇਆ। ਅਤੇ ਪੰਜਾਬ ਦੇਸ਼ੋਂ ਬਾਹਰ ਤੁਰ ਗਿਆ।
ਮਾਂ ਲੱਭਦੀ ਰਹੀ! ਧੀ ਨੇ ਹੳਕੇ ਭਰੇ। ਭੈਣ ਡੁਸਕਦੀ ਰਹੀ। ਤ੍ਰੀਮਤ ਖੂਜਿਆਂ 'ਚ ਪਤੀ ਨੂੰ ਟੋਂਹਦੀ ਰਹੀ! ਪੰਜਾਬ 'ਚ ਨਾ ਸ਼ਾਂਤੀ ਬਚੀ! ਨਾ ਨੌਕਰੀ ਬਚੀ। ਨਾ ਪੈਸਾ ਬਚਿਆ ਅਤੇ ਨਾ ਬਚਿਆ ਪਿਆਰ, ਸਤਿਕਾਰ, ਦੁਲਾਰ, ਨਾ ਬਚਿਆ ਮਿਲਵਰਤਨ ਅਤੇ ਨਾ ਬਚੀਆਂ ਸਾਂਝਾਂ।
ਨੋਟ-ਚੁੱਗਣ ਪੰਜਾਬੀ ਜਿਧਰ ਵੇਖਿਆ ਵਾਹੋ-ਦਾਹੀ ਨੱਠ ਤੁਰਿਆ ਕਿਉਂਕਿ ਮਰ ਰਹੇ ਪੰਜਾਬ ਸਾਹਮਣੇ ਤਿੰਨ ਹਾਲਤਾਂ ਸਨ, ਅੱਜ ਨਾਲੋਂ ਚੰਗੀ ਜਾਂ ਅੱਜ ਵਰਗੀ ਤੇ ਜਾਂ ਅੱਜ ਨਾਲੋਂ ਭੈੜੀ। ਪੰਜਾਬੀਆਂ ਅੱਜ ਨਾਲੋਂ ਚੰਗੀ ਹਾਲਤ ਦਾ ਰਾਹ ਚੁਣਿਆ ਤੇ ਚੁੱਕਿਆ ਝੋਲਾ ਪੰਜਾਬੀਆਂ, ਤੁਰ ਗਏ ਦੇਸ਼-ਵਿਦੇਸ਼। ਚੁੱਕਿਆ ਝੋਲਾ ਪੰਜਾਬੀਆਂ, ਜਾਂ ਰੱਖਿਆ ਅਮਰੀਕਾ, ਯੂਰਪ, ਬਰਤਾਨੀਆ। ਚੁੱਕਿਆ ਝੋਲਾ ਪੰਜਾਬੀਆਂ, ਜਾ ਰੱਖਿਆ ਵਿੱਚ ਰੂਸ, ਡੁਬਈ, ਮਸਕਟ, ਇਟਲੀ, ਨਿਊਜੀਲੈਂਡ। ਚੁੱਕਿਆ ਝੋਲਾ ਪੰਜਾਬੀਆਂ, ਸੁੱਟਿਆ ਆਸਟਰੇਲੀਆ। ਤੇ ਪੰਜਾਬੀਆਂ ਦੀ ਮਾਂ ਘਰ ਦੇ ਉਟੇ ਪਿੱਛੇ ਸਿਸਕੀਆਂ ਭਰਦੀ ਆ, ਅੱਖਾਂ 'ਚ ਅੱਥਰੂ ਭਰ ਰੋਂਦੀ ਆ,ਤੇ ਬਸ ਆਂਹਦੀ ਆ, "ਚੰਦਰੇ ਨੋਟਾਂ ਨੇ ਪੁੱਤ ਪ੍ਰਦੇਸੀ ਕੀਤਾ"।
ਲੱਖਾਂ ਹੱਥ ਸਵਾਲੀ ਹੋ ਗਏ, ਕਾਂ ਬਾਗ਼ਾਂ ਦੇ ਮਾਲੀ ਹੋ ਗਏ
ਖ਼ਬਰ ਹੈ ਕਿ ਰਾਸ਼ਟਰੀ ਸਵੈ-ਸੇਵਕ ਸੰਘ (ਆਰ ਐਸ ਐਸ) ਗਊ ਰੱਖਿਆ ਦੇ ਆਪਣੇ ਸੰਕਲਪ ਉਤੇ ਕਾਇਮ ਹੈ ਲੇਕਿਨ ਇਸਦੀ ਆੜ ਉਤੇ ਸਮਾਜ ਵਿਚ ਹੋ ਰਹੀ ਹਿੰਸਾ ਉਤੇ ਵਿਰੋਧ ਜਤਾਇਆ ਹੈ। ਸੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਗਊ ਰੱਖਿਆ ਦੇ ਨਾਮ ਉਤੇ ਹਿੰਸਾ ਫੈਲਾਉਣ ਵਾਲਿਆ ਦੇ ਖਿਲਾਫ ਕਠੋਰ ਕਾਰਵਾਈ ਦੇਣ ਸਟੈਂਡ ਦਾ ਸਮਰਥਨ ਕੀਤਾ ਹੈ। ਪਰ ਨਾਲ ਨਾਲ ਗਊ ਰੱਖਿਆ ਉਤੇ ਵਿਸਥਾਰ ਨਾਲ ਚਰਚਾ ਕੀਤੀ। ਸੰਘ ਨੇ ਦੇਸੀ ਗਊਆਂ ਦੀ ਨਸਲ ਸੁਧਾਰ ਅਤੇ ਵਿਕਾਸ ਲਈ ਸੰਘ ਵਲੋਂ ਦੇਸ਼ 'ਚ 1000 ਗਊ ਸੰਸਾਧਨ ਕੇਂਦਰ ਬਨਾਉਣ ਦਾ ਫੈਸਲਾ ਲਿਆ ਗਿਆ। ਸੰਘ ਨੇ ਅਤੰਕਵਾਦ ਖਤਮ ਕਰਨ ਅਤੇ ਚੀਨ ਅਤੇ ਪਾਕਿਸਤਾਨ ਪ੍ਰਤੀ ਕੇਂਦਰ ਸਰਕਾਰ ਵਲੋਂ ਅਪਨਾਈ ਜਾ ਰਹੀ ਨੀਤੀ ਦਾ ਸਮਰਥਨ ਵੀ ਕੀਤਾ। ਉਹਨਾ ਨੇ ਗਊ ਰੱਖਿਅਕਾਂ ਨੂੰ ਉਪਦਰੱਵੀ ਕਹਿਣ ਨੂੰ ਗਲਤ ਦਸਿਆ। ਸੰਘ ਨੇ ਨਦੀਆਂ ਦੀਆਂ ਰੱਖਿਆ ਲਈ ਨਦੀਆਂ ਕਿਨਾਰੇ ਦਰਖਤ ਲਗਾਉਣ ਦਾ ਅਭਿਆਨ ਛੇੜਨ ਦੀ ਯੋਜਨਾ ਵੀ ਬਣਾਈ।
ਬਈ ਵਾਹ, ਇਹਨੂੰ ਕਹਿੰਦੇ ਆ ਸਿਆਸਤ! ਕਹਿਣ ਨੂੰ ਆ ਸਮਾਜ ਸੇਵੀ, ਪਰ ਅਸਲੋਂ ਆ ਰਾਜ-ਭੋਗੀ। ਗੱਲਾਂ ਕੀਤੀਆਂ। ਬਾਤਾਂ ਕੀਤੀਆਂ। ਡਾਂਗਾਂ ਚਲਾਈਆਂ। ਗਤਕਾ ਖੇਡੀਆਂ। ਫਿਰ ਘਰੋ-ਘਰੀ ਜਾ ਕੀਤੀ, ਸਮਾਜ ਸੇਵਾ। ਸੇਵਾ 'ਚੋਂ ਹੀ ਫਿਰ ਬਗਲ 'ਚੋਂ ਕੱਢ ਮਾਰਿਆ ਮੋਦੀ। ਦਿਲੀ ਦਾ ਰਾਜ ਭਾਗ, ਸੰਘ ਹੱਥ। ਮੋਦੀ ਵਿਦੇਸ਼ ਦੇ ਦੌਰੇ। ਬਈ ਵਾਹ, ਸੰਘੀ ਪ੍ਰਧਾਨ ਮੰਤਰੀ ਦੇ ਦਫ਼ਤਰੋਂ ਹੁਕਮ ਚਲਾਉਂਦੇ ਆ। ਹੱਥ ਆਈ ਬੀਨ ਵਜਾਉਂਦੇ ਆ, ਯੋਗੀ ਨੂੰ ਯੂ.ਪੀ. ਦੇ ਤਖ਼ਤ ਤੇ ਰਾਮ ਨਾਥ ਕੋਵਿੰਦ ਨੂੰ ਦਿਲੀ ਦੇ ਵੱਡਾ ਤਖ਼ਤ ਤੇ ਬਿਠਾਉਂਦੇ ਆ।
ਬਈ ਵਾਹ ਉਹੋ ਸੰਘੀ ਨਿਰੇ ਫਰੰਗੀ ਜਿਹੜੇ "ਆਪਣੇ ਗਾਂਧੀ" ਦੇ ਕਾਤਲਾਂ ਦੇ ਰਾਖੇ ਕਹੇ ਜਾਂਦੇ ਸਨ, ਅੱਜ ਦੇਸ਼ ਦੀਆਂ ਗਊਆਂ ਦੇ ਰਾਖੇ ਕਹੇ ਜਾਂਦੇ ਆ, ਗੰਗਾ ਮਾਂ ਤੇ ਹੋਰ ਨਦੀਆਂ ਦੇ ਰਾਖੇ ਆ, ਤੇ ਇਸ ਤੋਂ ਵੱਡੀ ਗੱਲ, ਭਾਈ ਹਿੰਦੋਸਤਾਨੀ ਜਨਤਾ, ਹਿੰਦੋਸਤਾਨੀ ਸਰਕਾਰ, ਹਿੰਦੋਸਤਾਨੀ ਵਕਾਰ ਦੇ ਰਾਖੇ ਆ, ਤਦੇ ਭੁਖਾ ਨੰਗਾ, ਕੜੰਗ ਜਿਹਾ ਦੇਸ਼ ਵਾਸੀ ਹੌਕਾ ਜਿਹਾ ਭਰਕੇ ਆਂਹਦਾ ਆ, "ਲੱਖਾਂ ਹੱਥ ਸਵਾਲੀ ਹੋ ਗਏ, ਕਾਂ ਬਾਗਾਂ ਦੇ ਮਾਲੀ ਹੋ ਗਏ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਦੁਨੀਆਂ ਦੇ ਵਿਚ ਸਿੰਘਾਪੁਰ ਵਿੱਚ ਸਭ ਤੋਂ ਵੱਧ 61 ਫੀਸਦੀ ਕੈਸ਼ਲੈਸ ਟ੍ਰਾਸਜੈਕਸ਼ਨ ਹੁੰਦਾ ਹੈ। ਜਦਕਿ ਕੈਨੇਡਾ ਵਿਚ 57 ਫ਼ੀਸਦੀ। ਦੇਸ਼ ਭਾਰਤ ਵਿੱਚ ਵਿਮੁਦਰੀਕਰਨ ਦੇ ਬਾਅਦ ਵੀ ਇਹ ਅੰਕੜਾ ਦੋ ਫੀਸਦੀ ਹੈ।
ਇੱਕ ਵਿਚਾਰ
ਜੇਕਰ ਤੁਹਾਡਾ ਕੰਮ ਦੂਸਰਿਆਂ ਨੂੰ ਜਿਆਦਾ ਸੁਫਨੇ ਦੇਖਣ, ਸਿਖਣ ਅਤੇ ਜਿਆਦਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਤੁਸੀਂ ਨੇਤਾ ਹੋ...
....ਜਾਨ ਕਿਚੰਸੀ ਏਡਮਸ
ਗੁਰਮੀਤ ਪਲਾਹੀ , ਲੇਖਕ
gurmitpalahi@yahoo.com
9815802070
ਗੁਰਮੀਤ ਪਲਾਹੀ
ਡੰਗ ਤੇ ਚੋਭਾਂ - ਜਬਰ ਵੇਖ ਕੇ ਕਦੇ ਬੋਲਣਗੇ, ਗਾਂਧੀ ਤੇਰੇ ਪਾਲ਼ੇ ਬੰਦਰ
Page Visitors: 2549