੨੦੨੦ ਦਾ ਰਿਫਰੈਂਡਮ ਬਨਾਮ ਆਜ਼ਾਦੀ ?
ਕਹਿੰਦੇ ਹਕੀਮ ਇੱਕ ਪਿੰਡ ਕਿਸੇ ਦਾ ਇਲਾਜ ਕਰਨ ਗਿਆ ਉਸ ਦੇ ਨਾਲ ਉਸ ਦਾ ਚੇਲਾ ਯਾਣੀ ਛੋਟਾ ਹਕੀਮ ਵੀ ਸੀ। ਮਰੀਜ ਨੂੰ ਖੰਘ ਨਹੀਂ ਸੀ ਹੱਟਦੀ। ਹਕੀਮ ਜਾਂਦਾ ਹੀ ਕਹਿੰਦਾ ਭਾਈ ਦਵਾਈ ਤਾਂ ਮੈਂ ਦੇ ਦਿੰਨਾ ਪਰ ਪਹਿਲਾਂ ਮੂੰਗਫਲੀ ਖਾਣੀ ਬੰਦ ਕਰ!
ਮੁੜੇ ਆਉਂਦਿਆਂ ਛੋਟਾ ਹਕੀਮ ਪੁੱਛਦਾ ਉਸਤਾਦ ਜੀ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਇਹ ਬੰਦਾ ਮੂੰਗਫਲੀ ਖਾਂਦਾ ਸੀ। ਉਸਤਾਦ ਕਹਿੰਦਾ ਇਸ ਵਿਚ ਪਤਾ ਲਾਉਂਣ ਵਾਲੀ ਕਿਹੜੀ ਗੱਲ ਸੀ ਤੈਨੂੰ ਦੁਆਲੇ ਉਸ ਦੇ ਛਿੱਲੜਾਂ ਖਿਲਰੀਆਂ ਨਹੀਂ ਦਿੱਸੀਆਂ?
ਇੱਕ ਦਿਨ ਛੋਟਾ ਹਕੀਮ ਕਿਸੇ ਮਾਈ ਦਾ ਇਲਾਜ ਕਰਨ ਗਿਆ ਮਾਈ ਨੂੰ ਜਾਂਦਾ ਕਹਿੰਦਾ ਇਹ ਠੀਕ ਕਿਵੇਂ ਹੋ ਜੂ ਇਸ ਦਾ ਤਾਂ ਊਠ ਖਾਧਾ ਹੋਇਆ? ਘਰ ਵਾਲੇ ਕਹਿੰਦੇ ਇਸ ਦੇ ਤਾਂ ਖਿੱਚੜੀ ਨਹੀਂ ਲੰਘਦੀ ਇਹ ਊਠ ਕਿਥੇ ਖਾ ਗਈ? ਮੂੰਗਫਲੀ ਦੀਆਂ ਛਿੱਲੜਾਂ ਵਾਂਗ ਦਰਅਸਲ ਉਸ ਦੇ ਦੁਆਲੇ ਊਠ ਦੀਆਂ ਲਿੱਦਾਂ ਖਿਲਰੀਆਂ ਦੇਖ ਨੀਮ ਹਕੀਮ ਨੇ ਅੰਦਾਜਾ ਲਾਇਆ ਕਿ ਮਾਈ ਦਾ ਊਠ ਖਾਧਾ ਹੋਊ?
੨੦੨੦ ਦੇ ਰਿਫਰੈਂਡੰਮ ਵਾਲੇ ਨੀਮ ਹਕੀਮ ਕੌਮ ਨੂੰ ਧਕੇ ਨਾਲ ਹੀ ਊਠ ਖਵਾਈ ਜਾਂਦੇ ਜਦ ਕਿ ਕੌਮ ਦੀ ਹਾਲਤ ਖਿਚੜੀ ਹਜਮ ਕਰਨ ਵਾਲੀ ਵੀ ਨਹੀਂ।
ਦੁਨੀਆ ਦਾ ਪੂਰਾ ਇਤਿਹਾਸ ਸਾਹਵੇਂ ਪਿਆ ਹੈ ਕਿ ਕਦੇ ਕੰਪਿਊਟਰਾਂ ਤੇ ਮੁਲਖ ਨਹੀਂ ਉਸਰੇ। ਫਲਸਤੀਨ ਕਦ ਦਾ ਲੜ ਰਿਹਾ, ਲਿਟੇ ਕਦ ਦਾ ਜੋਰ ਲਾ ਹਟੇ, ਕਸ਼ਮੀਰ ਹਾਲੇ ਤਕ ਲੜੀ ਜਾਂਦਾ, ਸਾਊਥ ਵੰਨੀ ਨੈਕਸਲਾਈਟ ਲਹਿਰ ਕਦ ਦੀ ਜੂਝਣ ਡਹੀ ਹੈ, ਦੁਨੀਆਂ ਤੇ ਹੋਰ ਪਤਾ ਨਹੀਂ ਕਿੰਨੇ ਇਨਕਲਾਬ ਹੋਏ ਨੇ ਪਰ ਕਿਸੇ ਸੁਣਿਆਂ ਕਿ ਨੈੱਟ 'ਤੇ ਵੋਟਾਂ ਪਾ ਕੇ ਮੁਲਕ ਖੜੇ ਹੋ ਗਏ?
ਕਿਸੇ ਲਹਿਰ ਨੂੰ ਕੁਰਾਹੇ ਪਾਉਂਣ ਦਾ ਕਾਰਗਰ ਤਰੀਕਾ ਹੈ ਕਿ ਉਸ ਨੂੰ ਊਠ ਦੇ ਬੁੱਲ ਵਾਂਗ ਲਮਕਾ ਦਿਓ... ਨਾ ਬੁੱਲ ਡਿਗੇ ਨਾ ਲੋਕਾਂ ਦੀ ਆਸ ਮੁਕੇ।
'ਬਾਬਾ' ਠਾਕੁਰ ਸਿੰਘ ਨੇ ਇਉਂ ਦਾ ਹੀ ਊਠ ਦਾ ਬੁੱਲ ੮੪ ਦੇ ਘੱਲੂਘਾਰੇ ਤੋਂ ਬਾਅਦ ਲਟਕਾਇਆ ਸੀ ਕਿ ਬਾਬਾ ਜਰਨੈਲ ਸਿੰਘ ਆ ਰਹੇ ਨੇ ਤੇ ਉਸ ਲਹਿਰ ਦਾ ਉਸ ਬਾਬੇ ਨੇ ਲੱਕ ਤੋੜ ਕੇ ਰੱਖ ਦਿੱਤਾ।
ਉਡੀਕ ਦਾ ਮੱਤਲਬ ਖੜੋਤ। ਖੜੋਤੇ ਪਾਣੀ ਕਦੇ ਵਹਿਣ ਨਹੀਂ ਬਣਦੇ ਬਲਕਿ ਤਰਕ ਜਰੂਰ ਜਾਂਦੇ ਹਨ! ਜਿਸ ਇਨਸਾਫ ਦਾ ਗਲਾ ਘੋਟਣਾ ਹੋਵੇ ਉਸ ਨੂੰ ਲਮਕਾ ਦਿਓ। 'ਡਿਲੇਅ Delay ਮੱਤਲਬ ਡਿਨਾਈ Deny'? ਮਿਸਟਰ ਪੰਨੂ ਹੋਰੀਂ ਕਦ ਦੇ ੨੦੨੦ ਵਾਲੇ ਸੁਪਨੇ ਵੇਚੀ ਤੁਰੇ ਆ ਰਹੇ ਹਨ, ਪਰ ਸੁਪਨਿਆਂ ਉਪਰ ਨਿਰਭਰ ਹੋਣ ਵਾਲੇ ਪੰਨੂ ਪਾਰਟੀ ਦੇ ਸਸਤੇ ਜਿਹੇ ਸੁਪਨੇ ਹੀ ਖਰੀਦੀ ਜਾ ਰਹੇ ਹਨ।
ਖਰੀਦ ਵੀ ਵੇਖੋ ਕਿਹੜੇ ਜਿਹੜੇ ਦੂਜੇ ਕਿਸੇ ਵਿਰੋਧੀ ਗੱਲ ਕਰਨ ਵਾਲੇ ਨੂੰ ਫੱਟ ਕਹਿ ਜਾਂਦੇ ਕਿ ਮੂੰਹ ਦੇਖਿਆ ਅਪਣਾ ਖੁਸਰੇ ਦੀ ਅੱਡੀ ਵਰਗਾ? ਪਰ ਇਥੇ? ਅਤੇ ਮਿਸਟਰ ਪੰਨੂੰ ਐਂਡ ਪਾਰਟੀ ਤੁਹਾਡੀ ਅਗਲੀ ਪੀਹੜੀ ਨੂੰ ਇੱਕ ਵੱਡਾ ਸੁਨੇਹਾ ਨਹੀਂ ਦੇ ਰਹੀ ਹੈ ਕਿ ਤੁਸੀਂ ਗੱਲ ਕਰੋ 'ਸਾਫ' ਮੂੰਹ ਵੀ ਚਲ ਸਕਦਾ?
ਇਹ ਗੱਲਾਂ ਹਾਸੋ-ਹੀਣੀਆਂ ਜਾਪਦੀਆਂ ਜਦ ਅਪਣੀ ਕਮਜੋਰੀ ਨੂੰ 'ਜਸਟੀਫਾਈ' ਕਰਨ ਲਈ ਬਾਦਲਾਂ-ਕੈਪਟਨਾ ਦੇ ਮੂੰਹਾਂ ਦੀ ਗੱਲ ਕੀਤੀ ਜਾਂਦੀ।
ਪਰ ਕੀ ਸਾਡੇ ਕੋਲੇ ਬਾਬਾ ਜਰਨੈਲ ਸਿੰਘ-ਭਾਈ ਅਮਰੀਕ ਸਿੰਘ-ਸੁਬੇਗ ਸਿੰਘ ਵਰਗਿਆਂ ਦੀਆਂ ਮਿਸਾਲਾਂ ਦੀ ਕੋਈ ਕਮੀ ਹੈ ਕਿ ਅਪਣਾ ਮੂੰਹ ਲਕੋਣ ਲਈ ਇਥੇ ਬਾਦਲ ਫਿੱਟ ਕਰ ਦਿੱਤੇ ਜਾਂਦੇ ਹਨ?
ਕੋਈ ਜਿਵੇਂ ਦਾ ਮਰਜੀ ਮੂੰਹ ਲਈ ਫਿਰੇ ਕਿਸੇ ਨੂੰ ਕੀ ਮੁਸ਼ਕਲ ਪਰ ਆਜ਼ਾਦੀ ਦੀ ਗੱਲ ਵੇਲੇ ਜਦ ਵਾਰ ਵਾਰ ਖਾਲਸਾ ਜੀ, ਖਾਲਸਾ ਜੀ ਦੇ ਬੋਲ ਬਾਲੇ, ਖਾਲਸਾ ਜੀ ਦੀ ਚੜ੍ਹਦੀ ਕਲ੍ਹਾ, ਖਾਲਸੇ ਦਿੱਲੀ ਫਤਿਹ ਕੀਤੀ, ਖਾਲਸੇ ਜਮਰੌਦ ਮਾਰਿਆ, ਖਾਲਸਾ ਜੀ ਇਉਂ, ਖਾਲਸਾ ਜੀ ਜਿਉਂ ਕੀਤਾ ਜਾਂਦਾ ਹੈ ਤਾਂ ਹੁਣ ਦੀ ਪੀਹੜੀ ਵਿਚ ਵੱਡਾ ਸ਼ੰਕਾ ਕਿਉਂ ਨਹੀਂ ਖੜਾ ਹੋ ਸਕਦਾ ਕਿ ਕਿਤੇ ਉਹ ਖਾਲਸਾ ਜੀ ਵੀ ਕਿਤੇ ਇਉਂ ਦੇ ਹੀ ਤਾਂ ਨਹੀਂ ਸਨ? ਅਸੀਂ ਪਿਛੇ ਜਿਹੇ ਇਕ ਰਿਪੋਟ ਵਿਚ ਲਿਖਿਆ ਸੀ ਕਿ ਮਿਸਟਰ ਗੁਰਪਤਵੰਤ ਪੰਨੂ ਐਂਡ ਪਾਰਟੀ ਲੋਕਾਂ ਨੂੰ ਸੁਪਨੇ ਵੇਚ ਰਹੀ ਹੈ ਤੇ ਸਿਆਣੇ ਬਿਆਣੇ ਲੋਕ ਸੁਪਨੇ ਖਰੀਦ ਰਹੇ ਹਨ, ਉਹ ਲੋਕ ਵੀ ਜਿਹੜੇ ਸਾਧਾਂ ਦੇ ਚੇਲਿਆਂ ਦੇ ਸਚਖੰਡ ਦੇ ਸੁਪਨੇ ਖਰੀਦਣ ਦੇ ਮਖੌਲ ਉਡਾਉਂਦੇ ਨੇ! ਸਾਡੇ ਵਿਚ ਹੀ ਨਹੀਂ ਕੁੱਲ ਸੰਸਾਰ ਵਿਚ ਸੁਪਨਿਆਂ ਦਾ ਕਾਰੋਬਾਰ ਬੜਾ ਬਾਖੂਭ ਚਲਦਾ ਹੈ ਤੇ ਲੋਕ ਬੜੇ ਸ਼ੌਂਕ ਨਾਲ ਖਰੀਦਦੇ ਹਨ, ਪਰ ਸਾਡੇ ਵੇਚੇ ਜਾਣ ਵਾਲੇ ਸੁਪਨੇ ਆਜ਼ਾਦੀ ਨਾਲ ਸਬੰਧਤ ਹੋਣ ਕਾਰਨ ਗੰਭੀਰਤਾ ਦੀ ਮੰਗ ਕਰਦੇ ਹਨ, ਜਿਹੜੀ ਕਿ ਇਥੇ ਨੇੜੇ ਤੇੜੇ ਵੀ ਕਿਤੇ ਦਿੱਸ ਨਹੀਂ ਰਹੀ। ਗੱਲ ਤੁਸੀਂ ਕਰਨ ਜਾ ਰਹੇ ਮੁਲਖ ਖੜਾ ਕਰਨ ਦੀ, ਪਰ ਪੋਸਟਰ ਹੁਣ ਚੰਬੇੜਨ ਲੱਗੇ ਹੋਏ ਹੋਂ ਪੰਜਾਬ ਦੀਆਂ ਕੰਧਾ 'ਤੇ। ਉਂਝ ਵੀ ਇਹ ਕੰਮ ਬਾਦਲਾਂ ਦੇ ਜਾਣ ਤੋਂ ਫੌਰਨ ਬਾਅਦ ਸ਼ੁਰੂ ਕਰਨਾ ਤੁਹਾਨੂੰ ਸ਼ੱਕੀ ਨਹੀਂ ਕਰਦਾ?
ਕੰਧਾਂ 'ਤੇ ਪੋਸਟਰ ਚੰਬੇੜ ਕੇ ਤੁਸੀਂ ਪ੍ਰਚਾਰ ਕਰ ਰਹੇ ਜਾਂ ਅਪਣਾ ਮਖੌਲ ਉਡਵਾ ਰਹੇਂ?
ਇਸ ਨੂੰ ਉੱਡਦੀਆਂ ਫੜਨੀਆਂ ਨਹੀਂ ਕਹਿੰਦੇ?
ਤੇ ਉੱਡਦੀਆਂ ਫੜਨ ਵਾਲੀਆਂ ਕੌਮਾਂ ਵਿਚਾਲੇ ਡੁੱਬਦੀਆਂ ਹਨ। ਜਿਹੜੇ ਲੋਕ ਪੰਨੂ, ਜੇ ਐਸ ਗਰੇਵਾਲ ਜਾਂ ਤਜਿੰਦਰ ਕੌਰ ਵਰਗਿਆਂ ਤੋਂ ਕੰਪਿਊਟਰ ਰਾਹੀਂ ਆਜ਼ਾਦੀ ਦੀ ਆਸ ਲਾਈ ਬੈਠੇ ਹਨ, ਉਨ੍ਹਾਂ ਦੇ ਬੌਧਿਕ ਵਿਕਾਸ ਬਾਰੇ ਸੋਚਣਾ ਬਣਦਾ ਹੇ। ਪਰ ਕੀ ਅਸੀਂ ਸਹੁੰ ਖਾਧੀ ਹੋਈ ਕਿ ਹਰੇਕ ਵਾਰੀ ਧੋਖਾ ਖਾ ਕੇ ਪੈਸਾ ਤੇ ਸਮਾਂ ਬਰਬਾਦ ਕਰਕੇ ਮੁੜ ਗਾਹਲਾਂ ਕੱਢ ਕੇ ਘਰੀਂ ਬੈਠ ਜਾਣਾ ਹੁੰਦਾ ਹੈ। ਇੰਝ ਦੇ ਸੁਪਨੇ ਸਾਨੂੰ ਕਿੰਨਿਆਂ ਵੇਚੇ, ਕਿੰਨੀ ਵਾਰ ਵੇਚੇ ਤੇ ਅਸੀਂ ਖਰੀਦੇ! ਪਰ ਜਦ ਖੋਹਲ ਕੇ ਵੇਖੇ ਤਾਂ ਲਫਾਫੇ ਖਾਲੀ?
ਹੁਣ ਤਾਂ ਇਨ੍ਹਾਂ ਭਾਈਆਂ ਦੇ ਅਪਣੇ ਬੰਦੇ ਯਾਣੀ ਗੁਰਪ੍ਰੀਤ ਵਰਗੇ ਵੀ ਕਹਿਣ ਲੱਗ ਪਏ ਕਿ ਇਹ ਫ਼ਰਾਡ ਹੈ। ਉਸ ਇਹ ਵੀ ਕਿਹਾ ਕਿ ਮਿਸਟਰ ਪੰਨੂ ਦੱਸੇ ਕਿ ੨੦੨੦ ਸਬੰਧੀ ਉਸ ਨੇ ਪੰਜਾਬ ਵਿਚ ਗਰਾਉਂਡ ਲੈਵਲ ਤੇ ਕੀਤਾ ਕੀ ਹੈ। ਤੇ ਦੂਜਾ ਕਿ ਦਿੱਲੀ ਕਤਲੇਆਮ ਦੇ ਹੁਣ ਤੱਕ ਉਸ ਨੇ ਕਿੰਨੇ ਕੇਸ ਲੜੇ ਹਨ। ਇਹ ਸਵਾਲ ਗੁਰਪ੍ਰੀਤ ਦੇ ਸਨ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੀ ਇਸ ਰਿਫਰੈਂਡੰਮ ਨੂੰ ਗਲਤ ਸਾਬਤ ਕਰ ਚੁੱਕਾ। ਮਿਸਟਰ ਪੰਨੂ ਤਾਂ ਹਾਲੇ ਉਨ੍ਹਾਂ ਧਿਰਾਂ ਨੂੰ ਸਹਿਮਤ ਨਹੀਂ ਕਰ ਸਕਿਆ ਜਿਹੜੇ ਕਈ ਚਿਰਾਂ ਤੋਂ ਖਾਲਿਸਤਾਨ ਦਾ ਝੰਡਾ ਚੁੱਕੀ ਫਿਰਦੇ ਹਨ, ਬਾਕੀ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਅਤੇ ਸਹਿਮਤ ਕਰਨ ਬਾਰੇ ਸੋਚਣ ਨੂੰ ਫ਼ਰਾਡ ਨਹੀਂ ਕਹੋਂਗੇ ਤਾਂ ਕੀ ਹੈ?
ਏਸ ੨੦੨੦ ਵਾਲੇ ਰਿਫਰੈਂਡਮ ਦੇ ਹੋਲੀ-ਸੋਲੀ ਤਿੰਨ ਕੁ ਜਣੇ ਹਨ, ਜਿਹੜੇ ਕਿਸੇ ਸੰਸਥਾ ਨੂੰ ਨਾਲ ਲੈ ਕੇ ਤੁਰਨ ਦੀ ਲਿਆਕਤ ਨਹੀਂ ਰੱਖਦੇ। ਕਦੇ ਤੁਸੀਂ ਸੁਣਿਆ ਕਿ ਇਨੀ ਕਿਸੇ ਵੱਡੇ ਲੀਡਰਾਂ, ਸੰਸਥਾਵਾਂ, ਡਾਕਟਰਾਂ, ਵਕੀਲਾਂ, ਸਕਾਲਰਾਂ, ਰਿਟਾਇਰ ਫੌਜੀ ਅਫਸਰਾਂ, ਰਿਟਾਇਰ ਜੱਜਾਂ ਆਦਿ ਨਾਲ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਹੋਣ, ਉਨ੍ਹਾਂ ਨੂੰ ਅਪਣੇ ਨਾਲ ਸਹਿਮਤ ਕਰ ਸਕੇ ਹੋਣ, ਉਨ੍ਹਾਂ ਦੇ ਵਿਚਾਰ ਲਏ ਹੋਣ, ਉਨ੍ਹਾਂ ਵਿਚਾਰਾਂ ਨੂੰ ਰਿੜਕਿਆ ਹੋਵੇ, ਉਨ੍ਹਾਂ ਉਪਰ ਬਹਿਸਾਂ ਕਰਾਈਆਂ ਹੋਣ, ਉਨ੍ਹਾਂ ਬਹਿਸਾਂ ਵਿਚੋਂ ਕਰੀਮ ਕੱਢੀ ਹੋਵੇ, ਉਸ ਕਰੀਮ ਨੂੰ ਲਿਟਰੇਚਰ ਰਾਹੀਂ ਹੇਠਲੇ ਪੱਧਰ ਤੱਕ ਪਹੁੰਚਾਇਆ ਹੋਵੇ, ਲੋਕਾਂ ਨੂੰ ਸਹਿਮਤ ਕੀਤਾ ਹੋਵੇ, ਤੇ ਫਿਰ ਜਾ ਕੇ ੨੦੨੦ ਦਾ ਐਲਾਨ ਕੀਤਾ ਹੋਵੇ! ਕੰਧਾਂ 'ਤੇ ਪੋਸਟਰ ਲਾ ਕੇ ਆਜ਼ਾਦੀ ਮੰਗਣ ਤੋਂ ਤੁਹਾਨੂੰ ਸਾਡੀ ਅਕਲ ਦਾ ਪਤਾ ਨਹੀਂ ਲੱਗਦਾ?
ਮਾਰਚ ੨੦੧੫ ਵਿਚ ਜਦ ਮੈਂ ਪੰਨੂੰ ਵਲੋਂ ਕੇਸ ਲੜਨ ਦੇ ਕੀਤੇ ਜਾਂਦੇ ਫਰਾਡਾਂ ਦੀ ਖ਼ਬਰ, ਖ਼ਬਰਦਾਰ ਵਿਚ ਲਾਈ ਸੀ ਤਾਂ ਕਈ ਭਾਈ ਏਜੰਸੀਆਂ ਦਾ ਕੰਮ ਕਹਿ ਕੇ ਪੱਲਾ ਝਾੜ ਗਏ ਸਨ ਪਰ ਹੁਣ ਕੀ ਮੰਨ ਲਿਆ ਜਾਵੇ ਕਿ ਉਹੀ ਏਜੰਸੀਆਂ ਮੇਰੇ ਵਲੋਂ ਲੱਥ ਕਿ ਕੈਲੇਫੋਰਨੀਆਂ ਜਾ ਵੜੀਆਂ ਹਨ? ਕਿਉਂਕਿ ਸਵਾਲ ਤਾਂ ਉਹੀ ਹਨ ਜਿਹੜੇ ਮੈਂ ਵੀ ਉਠਾਏ ਸਨ?
ਦੂਜਾ ਵੱਡਾ ਸਵਾਲ ਕਿ ਜਿਹੜੇ ਬੰਦੇ ਪੰਜਾਬ ਵਿਚ ਕੋਈ 'ਸਟਰੌਂਗ ਬਾਡੀ' ਖੜੀ ਕਰਕੇ ਉਨ੍ਹਾਂ ਤੋਂ ਹੇਠਲੇ ਪੱਧਰ ਤੱਕ ਕੰਮ ਲੈਣ ਦੀ ਲਿਆਕਤ ਨਹੀਂ ਪੈਦਾ ਕਰ ਸਕੇ ਅਤੇ ਉਨ੍ਹਾਂ ਨੂੰ ਪੀਰ ਮੁਹੰਮਦ ਵਰਗੇ ਸ਼ੱਕੀ ਲੋਕਾਂ ਤੇ ਇਹ ਕਹਿਕੇ ਨਿਰਭਰ ਹੋਣਾ ਪੈ ਰਿਹਾ ਹੈ, ਕਿ ਸਾਨੂੰ ਪੰਜਾਬ ਵਿਚ ਕੋਈ ਹੋਰ ਬੰਦਾ ਨਹੀਂ ਲੱਭਦਾ ਕੰਮ ਕਰਨ ਲਈ ਤਾਂ ਉਨ੍ਹਾ ਵਲੋਂ ਲੈ ਕੇ ਦਿੱਤੀ ਜਾ ਰਹੀ ਆਜ਼ਾਦੀ ਦਾ ਲਾਲੀ ਪੱਪ ਕਿਹੋ ਜਿਹਾ ਹੋਵੇਗਾ? ਜਿਸ ਸੰਸਥਾਂ ਨੂੰ ਪੰਜਾਬ ਬੈਠੇ ਪੀਰ ਮੁਹੰਮਦ ਵਰਗੇ ਬਾਦਲਾਂ ਦੇ ਜ਼ਰਖਰੀਦ ਚਲਾ ਰਹੇ ਹੋਣ, ਉਸ ਸੰਸਥਾ ਵਲੋਂ ਤੁਹਾਨੂੰ ੨੦੨੦ ਵਿਚ ਖਾਲਿਸਤਾਨ ਲੈ ਕੇ ਦੇਣਾ ਤੁਹਾਨੂੰ ਕਦੇ ਵੀ ਫ਼ਰਾਡ ਨਹੀਂ ਜਾਪਿਆ?
ਜੇ ਨਹੀਂ ਜਾਪਿਆ ਤਾਂ ੨੦੨੦ ਵਿਚ ਮਿਸਟਰ ਪੰਨੂੰ ਐਂਡ ਪਾਰਟੀ ਵਲੋਂ ਲੈ ਕੇ ਦਿੱਤੀ ਜਾ ਰਹੀ ਆਜ਼ਾਦੀ ਦੀਆਂ ਭਾਈ ਸਾਡੇ ਤਰਫੋਂ ਅਗਾਊਂ ਮੁਬਾਰਕਾਂ ਕਬੂਲ ਕਰੋ!!!
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
੨੦੨੦ ਦਾ ਰਿਫਰੈਂਡਮ ਬਨਾਮ ਆਜ਼ਾਦੀ ?
Page Visitors: 2537