ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
...ਵਿਣ ਦੰਤਾਂ ਜਗ ਖਾਇਆ
...ਵਿਣ ਦੰਤਾਂ ਜਗ ਖਾਇਆ
Page Visitors: 2517

...ਵਿਣ ਦੰਤਾਂ ਜਗ ਖਾਇਆ
ਖਾਣ ਲਈ ਦੰਦ ਤਾਂ ਚਾਹੀਦੇ ਹੀ ਹੈ ਨਾ ਪਰ ਮਾਇਆ ਅਜਿਹੀ ਮੋਹਣੀ ਹੈ ਬਿਨਾ ਦੰਦਾਂ ਤੋਂ ਹੀ ਜੱਗ ਨੂੰ ਖਾ ਰਹੀ ਹੈ। ਦੰਦਾਂ ਦੀ ਲੋੜ ਹੀ ਨਹੀ ਉਸ ਨੂੰ। ਦੰਦ ਹੈ ਹੀ ਨਹੀ ਉਸ ਦੇ ਪਰ ਮਨੁੱਖਾਂ ਨੂੰ ਸਾਬੂਤੇ ਚੱਬ ਜਾਂਦੀ ਹੈ। ਅੱਜ ਦੇ ਜੁੱਗ ਦਾ 'ਮਟੀਰੀਅਲ ਵਰਲਡ' ਯਾਨੀ ਪਦਾਰਥਵਾਦੀ ਜੁੱਗ ਕੀ ਹੈ। ਮਾਇਆ! ਬਿਨਾ ਦੰਦਾਂ ਤੋਂ ਖਾਧੇ ਜਾ ਰਹੇ ਹਨ ਮਨੁੱਖ। ਕੱਚੇ ਖਾ ਗਈ ਬੰਦਿਆਂ ਨੂੰ ਮਾਇਆ। ਮਨੁੱਖ ਖਾਧਾ ਹੀ ਤਾਂ ਜਾਂਦਾ ਹੈ ਜਦ ਉਸ ਵਿਚੋਂ ਮਨੁੱਖਤਾ ਮਰ ਜਾਏ। ਮਨੁੱਖ ਦੀ ਮਿੱਟੀ ਦਾ ਨਾਂ ਮਨੁੱਖ ਥੋੜੋਂ। ਉਹ ਤਾਂ ਪਸ਼ੂ ਦੇ ਵੀ ਹੈ। ਬੰਦੇ ਨਾਲੋਂ ਕਿਤੇ ਜਿਆਦਾ। ਇੱਕ ਹਾਥੀ ਨੂੰ ਕਈ ਬੰਦਿਆਂ ਦੀ ਮਿੱਟੀ ਲੱਗ ਜਾਂਦੀ ਹੈ। ਨਖਿਧ ਜਿਹੇ ਸਮਝੇ ਜਾਂਦੇ ਗੱਧੇ ਦੇ ਵੀ ਬੰਦੇ ਨਾਲੋਂ ਮਿੱਟੀ ਜਿਆਦਾ ਹੈ। ਪਰ ਬੰਦਾ ਕਿਉਂ ਬੰਦਾ ਹੈ ਕਿਉਂਕਿ ਉਸ ਵਿਚ ਬੰਦਾ ਵੱਸਦਾ ਹੈ। ਜੇ ਬੰਦੇ ਵਿਚੋਂ ਬੰਦਾ ਮਰ ਜਾਏ ਤਾਂ ਗੁਰਬਾਣੀ ਉਸ ਨੂੰ 'ਕੂਕਰਹੇ, ਸੂਕਰਹੇ, ਗਰਧਬੇ ਤੇ ਪਤਾ ਨਹੀ ਕੀ ਕੀ ਕਹਿੰਦੀ ਹੈ। ਕਿਉਂਕਿ ਗੁਰਬਾਣੀ ਕੁਵਿੰਟਲ ਸਾਰੀ ਮਿੱਟੀ ਚੁੱਕੀ ਫਿਰਦੇ ਨੂੰ ਬੰਦਾ ਮੰਨਦੀ ਹੀ ਨਹੀ। ਕਿ ਮੰਨਦੀ?
ਬੰਦਾ ਖਾਧਾ ਜਾਂਦਾ ਹੈ ਜਦ ਉਸ ਵਿਚ ਪੰਜੇ ਭਾਰੂ ਹੋ ਜਾਣ। ਪੰਜੇ? ਬੰਦਾ ਤਾਂ ਇੱਕ ਨਾਲ ਹੀ ਖਾ ਹੋ ਜਾਂਦਾ ਪੰਜ ਤਾਂ ਬੰਦੇ ਦੇ ਪੱਲੇ ਹੀ ਕੱਖ ਨਹੀ ਛੱਡਦੇ। ਕੋਈ ਇੱਕ ਵੀ ਬੰਦੇ ਉਪਰ ਭਾਰੂ ਹੋ ਜਾਏ ਤਾਂ ਬੰਦੇ ਵਿਚਲਾ ਬੰਦਾ ਗਿਆ ਸਮਝੋ। ਕਿਸਦੀ ਗੱੱਲ ਕਰੋਂਗੋਂ ਕਾਮ ਦੀ, ਕ੍ਰੋਧ ਦੀ, ਹੰਕਾਰ, ਲੋਭ ਜਾਂ ਮੋਹ ਦੀ?
ਪੰਜਾਬ ਵਲ ਦੇਖੋ ਨਾ। ਪਦਾਰਥ ਸਭ ਕੁਝ ਖਾ ਗਿਆ ਪੰਜਾਬ ਦਾ। ਬਿਨਾ ਦੰਦਾਂ ਤੋਂ ਮਾਇਆ ਨੇ ਪੰਜਾਬ ਨੂੰ ਹੜੱਪ ਲਿਆ। ਉਸ ਦੀ ਗੈਰਤ, ਅਣਖ, ਸਵੈਮਾਨ ਸਭ ਖਾ ਹੋ ਗਿਆ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ ਹੇਠ ਪੰਜਾਬ ਦੀ ਲਾਸ਼ ਤੜਫਦੀ ਦਮ ਤੋੜ ਰਹੀ ਹੈ। ਖਗੂੰਰਾ ਮਾਰਨ ਵਾਲੇ ਦਾ ਗਾਟਾ ਲਾਹ ਦੇਣ ਵਾਲੇ ਪੰਜਾਬ ਦੀ ਧੀ ਉਸ ਦੇ ਸਾਹਵੇਂ ਭਈਆ ਦੌੜਾ ਕੇ ਲੈ ਜਾਂਦਾ ਉਸ ਦੀ ਅੱਣਖ ਨੂੰ ਕੋਈ ਹੁਲਾਰਾ ਨਹੀ ਆਉਂਦਾ। ਉਹ ਸਗੋਂ ਬੇਸ਼ਰਮਾਂ ਵਾਂਗ ਕਹਿੰਦਾ,
'ਓ ਜੀ ਅੱਜ ਦੇ ਬੱਚੇ ਸਿਆਣੇ ਨੇ ਉਨ੍ਹਾਂ ਨੂੰ ਅਪਣਾ ਬੁਰਾ ਭਲਾ ਸਭ ਪਤੈ ਨਾਲੇ ਕਿਸੇ ਘਰ ਤਾਂ ਜਾਣਾ ਹੀ ਸੀ ਨਾ'!
ਤੇ ਹੋਰ ਕਿ ਉਹ ਅਪਣੀਆਂ ਜਵਾਨ ਧੀਆਂ ਬਾਹਰਲੀਆਂ ਅੰਧੀਆਂ ਗਲੀਆਂ ਵਲ ਧੱਕ ਰਹੇ ਨੇ ਬਿਨਾ ਜਾਣੇ ਕਿ ਉਥੇ ਉਨ੍ਹਾਂ ਨੂੰ 'ਸਰਵਾਈਵ' ਕਰਨ ਲਈ 'ਕੀ-ਕੀ' ਕਰਨਾ ਪੈਂਦਾ ਹੈ। ਯਾਦ ਰਹੇ ਕਿ ਮਾਇਆ ਦਾ ਸਭ ਤੋਂ ਪਹਿਲਾ ਹਮਲਾ ਮਨੁੱਖ ਦੇ ਸਵੈਮਾਨ ਤੇ ਹੁੰਦਾ। ਸਵੈਮਾਨ ਖਤਮ ਤਾਂ ਬੰਦਾ ਲਾਸ਼ ਤੋਂ ਵੱਧ ਕੱਖ ਨਹੀ।
ਬਾਬਾ ਜੀ ਅਪਣਿਆਂ ਨੂੰ ਜੇ ਪੰਜਾਬ ਨੇ ਸੁਣਿਆ ਹੁੰਦਾ ਤਾਂ ਪੰਜਾਬ ਕਦੇ ਨਾ ਖਾਧਾ ਜਾਂਦਾ। ਇਸ ਨੇ ਜੋ ਸੁਣਿਆਂ ਉਹ ਸੀ ਦੁਨੀਆਂ ਤੋਂ ਭਗੌੜੇ ਹੋ ਚੁੱਕੇ ਨੰਗ ਜਿਹੇ ਸਾਧਾਂ ਦੀਆਂ ਮਰੀਆਂ ਜਿਹੀਆਂ ਪਰੀ ਕਹਾਣੀਆਂ। ਕਿਤੇ ਖੋਤੀਆਂ ਨੂੰ ਸਵਰਗ ਭੇਜੀ ਜਾਂਦੇ ਕਿਤੇ ਕੁੱਤੀਆਂ ਨੂੰ ਰਾਣੀਆਂ ਬਣਾਈ ਜਾਂਦੇ। ਇਹ ਕਹਾਣੀਆਂ ਸਵੈਮਾਨ ਕਿਥੇ ਸਿਖਾ ਦੇਣਗੀਆਂ। ਸਵਰਗ ਜਾਣਾ ਜਾਂ ਜਾਣ ਦੀ ਲਾਲਸਾ ਰੱਖ ਕੇ ਕਿਸੇ ਦੇ ਪੈਰੀਂ ਡਿੱਗਣਾ ਵੀ ਤਾਂ ਮਾਇਆਂ ਹੀ ਹੈ ਨਾ। ਤੁਸੀਂ ਚਾਹੇ ਧਰਤੀ ਲਈ ਕੁਝ ਮੰਗੋ ਜਾਂ ਧਰਤੀ ਤੋਂ ਬਾਹਰ ਲਈ ਯਾਣੀ ਬਾਅਦ ਲਈ ਮੰਗਣਾ ਹੀ ਤਾਂ ਮਾਇਆ ਹੈ। ਅਪਣੇ ਸੁੱਖ ਲਈ ਮੰਗਣਾ!
ਪਰ ਹੈਰਾਨੀ ਉਸ ਵੇਲੇ ਹੋਈ ਕਿ ਜਿਸ ਬਾਬਾ ਜੀ ਨੇ ਮੈਨੂੰ ਇਸ ਬਿਨਾ ਦੰਦਾਂ ਵਾਲੀ ਤੋਂ ਬਚਾਉਣਾ ਸੀ ਮੈ ਉਸ ਬਾਬਾ ਜੀ ਨੂੰ ਹੀ ਵਪਾਰ ਵਿਚ ਘਸੀਟ ਲਿਆ। ਦੁੱਖ-ਭੰਜਨੀ ਬੇਰੀ ਦੇ ਪਾਠ ਦੀ ਵੇਟਿੰਗ-ਲਿਸਟ ਰੱਬ ਜਿੱਡੀ ਲੰਮੀ ਹੈ। ਬੇਰੀ ਤਾਂ ਬੇਰੀ ਹੈ ਕਿਉਂ ਨਹੀ ਅਸੀਂ ਸਾਰੇ ਅਪਣੇ ਵਿਹੜਿਆ ਵਿਚ ਬੇਰੀਆਂ ਹੀ ਲਾ ਲੈਂਦੇ ਤਾਂ ਕਿ ਦੁੱਖੀ ਹੋਵੇ ਹੀ ਕੋਈ ਨਾ। ਜੀਹਨਾਂ ਬੇਰੀਆਂ ਹੇਠ ਪਾਠ ਕਰਾਏ ਕੀ ਉਹ ਸਾਰੇ ਸੁੱਖੀ ਹੀ ਨੇ? ਤੇ ਬੇਰੀ ਹੇਠ ਰੋਜ ਪਾਠ ਕਰਨ ਵਾਲੇ ਖੁਦ? ਰੋਜ ਬੇਰੀ ਹੇਠ ਰਹਿਣ ਵਾਲੇ?
ਪਦਾਰਥਵਾਦੀ ਜੁੱਗ ਦੀ ਦੇਣ ਹੈ ਕਿ ਪੰਜਾਬ ਦਾ ਵੱਡਾ ਜਿੰਮੀਦਾਰ ਬਣੀਏ ਨਾਲ ਰਲ ਗਿਆ ਹੋਇਆ ਉਹ ਛੋਟੇ ਨੂੰ ਖਾ ਰਿਹੈ। ਪੰਜ-ਸੱਤ ਕੀਲੇ ਵਾਲਾ ਛੋਟਾ ਜਿੰਮੀਦਾਰਾ ਖਤਮ ਹੋ ਰਿਹੈ। ਛੋਟੇ ਜਿੰਮੀਦਾਰੇ ਕੋਲੇ ਚਾਹੇ ਪੰਜ ਕੀਲੇ ਹੀ ਸਨ ਉਹ ਰੋਟੀਓਂ ਨਹੀ ਸੀ ਭੁੱਖਾ ਮਰਦਾ ਪਰ ਮਾਇਆ ਦੀ ਚਕਾਚੌਂਧ ਨੇ ਉਸ ਨੂੰ ਪੈਰੋਂ ਕੱਢ ਦਿੱਤਾ। ਉਸ ਪਦਾਰਥਵਾਦੀ ਦੁਨੀਆਂ ਦਾ ਹਾਣੀ ਹੋਣ ਲਈ ਅੱਡੀਆਂ ਚੁੱਕ-ਚੁੱਕ ਫਾਹੇ ਲਏ ਪਰ ਅਖੀਰ ਆਪ ਹੀ ਉਸ ਨੂੰ ਫਾਹਾ ਲੈਣਾ ਪੈ ਗਿਆ।
ਕੁਝ ਚਿਰ ਦੀ ਗੱਲ ਹੈ। ਮੇਰੇ ਜਾਣੂੰਆਂ ਵਿਚੋਂ ਮੁੰਡੇ ਇੱਕ ਵਿਆਹ ਕਰਵਾਇਆ। ਤਿੰਨ ਲੱਖ ਦੀ ਤਾ ਕੇਵਲ ਡੈਕੋਰੇਸ਼ਨ ਹੀ ਸੀ। ਉਹ ਤਿੰਨ ਲੱਖ ਦੀ 'ਸਸਤੀ' ਤਾਂ ਸੀ ਕਿਉਂਕਿ ਉਸ ਨੂੰ ਕਰੀ ਕਰਾਈ ਮਿਲ ਗਈ ਸੀ। ਉਸ ਤੋਂ ਇੱਕ ਦਿਨ ਜਿਹੜਾ ਪਹਿਲਾਂ ਵਿਆਹ ਹੋਇਆ ਸੀ ਉਨ੍ਹਾਂ ਨੂੰ ਉਹੀ ਡੈਕੋਰੇਸ਼ਨ ੭ ਲੱਖ ਵਿਚ ਪਈ ਸੀ। ਗੁਰਦਾਸ ਮਾਨ ਦਾ ਲੱਖਾਂ ਵੱਖਰਾ। ਹਵੇਲੀ ਯਾਨੀ ਪੈਲਸ ਦਾ ਲੱਖਾਂ ਵੱਖਰਾ। ਹਾਲੇ ਸ਼ਰਾਬ, ਖਾਣਾ-ਪੀਣਾ ਸ਼ਾਮਲ ਨਹੀ। ੫੦ ਤੋਂ ੭੦ ਲੱਖ ਨੂੰ ਵਿਆਹ ਪਿਆ। ਉਸ ਵਿਆਹ ਵਿਚ ਮੈਂ ਵੀ ਸ਼ਾਮਲ ਸੀ। ਯੱਖ ਠੰਡ। ਪਾਰਟੀ ਰਾਤ ਦੀ! ਕਿਉਂ? ਤਾਂ ਕਿ ਲੋਕ ਰਾਤ ਨੂੰ ਲੱਗੀਆਂ ਸਾਡੀਆਂ ਲਾਇਟਾਂ ਦੇਖ ਸਕਣ? ਘੋੜੀ ਮੁੰਡੇ ਜਲੰਧਰੋਂ ਲਿਆਂਦੀ। ਕੋਟ-ਪਿੰਟ ਦਿੱਲੀਓਂ। ਕੰਮ ਕੋਈ ਉਹ ਕਰਦਾ ਨਹੀ ਸੀ।
ਮੈਂ ਮੁੰਡੇ ਦੇ ਪਿਓ ਨੂੰ ਪੁੱਛਿਆ ਪੈਲੀ ਦੇ ਨੰਬਰਾਂ ਤੇ ਕਰਜਾ ਚੁੱਕ ਕੇ ਇਹ ਅਡੰਬਰ ਕੇਹਾ?
ਹੀ.ਹੀ. ਭਾਅਜੀ! ਮੁੰਡਾ ਕਹਿੰਦਾ ਸੀ ਜੇ ਮੇਰੀ ਮਰਜੀ ਨਾ ਚਲੀ ਤਾਂ ਮੈਂ ਵਿਆਹ ਹੀ ਨਹੀ ਕਰਉਂਣਾ!
ਨਾ ਕਰਾਉਂਦਾ! ਠਾਠ ਵਾਲਿਆਂ ਦੇ ਭੇਜ ਦਿੰਦਾ ਉਥੇ ਬਥੇਰੇ ਛੱੜੇ-ਛਾਂੜ ਬੇਹੰਗਮਾਂ ਦੇ ਨਾਂ ਤੇ ਤੁਰੇ ਫਿਰਦੇ ਵਿਹਲੜ, ਵਿਚੇ ਇਹ ਲਗਾ ਫਿਰਦਾ। ਨਹੀ?
ਮਾਇਆ ਕੀ ਹੈ? ਮਾਇਆ ਇਕੱਲਾ ਪੈਸੇ ਦਾ ਨਾਂ ਹੀ ਨਹੀ। ਧੀਆਂ-ਪੁੱਤਰ, ਅਹੁਦੇ, ਪ੍ਰਧਾਨਗੀਆਂ, ਮੈਂਬਰੀਆਂ ਸਭ ਮਾਇਆ ਹੀ ਤਾਂ ਹੈ। ਮੋਹਣੀ ਹੈ ਨਾ। ਸਭ ਕੁਝ ਕਿੰਨਾ ਮੋਹਣਾ ਹੈ। ਗੁਰਦੁਆਰੇ ਦੀ ਪ੍ਰਧਾਨਗੀ ਕੀ ਮੈਂਬਰੀ ਹੀ ਕਿੰਨੀ ਮੋਹਣੀ ਹੈ। ਛੱਡਦਾ ਕੋਈ? ਦੇਖੋ ਕਿਵੇਂ ਖਾਧਾ ਇਸ ਸਿੱਖਾਂ ਦੇ ਆਖੇ ਜਾਂਦੇ ਧਾਰਮਿਕ ਲੋਕਾਂ ਨੂੰ। ਹਰੇਕ ਗੁਰਦੁਆਰਾ ਕੋਰਟ ਵਿਚ ਹੈ। ਸੇਵਾ ਲਈ? ਸੇਵਾ ਤਾਂ ਮੁਫਤ ਮਿਲਦੀ। ਭਾਂਡੇ ਮਾਂਜਣ ਲਈ, ਝਾੜੂ ਦੇਣ ਲਈ ਕੀ ਕੋਰਟ ਵਿਚ ਜਾਣਾ ਪੈਂਦਾ? ਦਰਅਸਲ ਮਨੁੱਖ ਖਾਧਾ ਜਾ ਚੁੱਕਾ ਹੈ। ਐਵੇਂ ਲਾਸ਼ ਜਿਹੀ ਹੀ ਤੁਰੀ ਫਿਰਦੀ ਗਾਤਰਾ ਪਾ ਕੇ ਕਿ ਬੜਾ ਦਰਸ਼ਨੀ ਸਿੱਖ ਹੈ ਪਰ ਬਿਨਾ ਦੰਦਾਂ ਤੋਂ ਖਾਧਾ ਹੋਇਆ। ਛੋਟੀ ਜਿਹੀ ਅਹੁਦੇਦਾਰੀ ਪਿਛੇ ਅਪਣਾ ਸੱਚ ਬਦਲ ਜਾਂਦਾ। ਕੱਲ ਹੋਰ ਅੱਜ ਹੋਰ ਤੇ ਕੱਲ ਹੋਰ ਵੀ ਹੋ ਸਕਦਾ। ਮੱਖੀ ਵਾਂਗ ਕਦੇ ਕਿਤੇ ਕਦੇ ਕਿਤੇ!
ਅੱਜ ਦਾ ਬਹੁਤਾ 'ਸਿੱਖ' ਧਾਰਮਿਕ ਪੱਖੋਂ ਵੀ ਸਮਾਜਕ ਅਤੇ ਰਾਜਨੀਤਕ ਪੱਖੋਂ ਵੀ ਖਾਧਾ ਜਾ ਚੁੱਕਾ ਹੈ। ਸਮਾਜਕ ਵਾਲੇ ਪਾਸਿਓਂ ਆਹ ਗਾਉਂਣ ਵਾਲੇ ਨਚਾਰ ਇਸ ਨੂੰ ਗਿਰਝਾਂ ਵਾਂਗ ਪੈ ਗਏ। ਧਰਮ ਵਾਲਾ ਪਿੜ ਬਾਬਿਆਂ ਦੇ ਚਿਮਟਿਆਂ ਨੇ ਖਾ ਲਿਆ, ਕੁਝ ਗੁਰਦੁਆਰੇ ਵਾਲਿਆਂ ਮਹੰਤਾਂ ਸਾਫ ਕਰ ਦਿੱਤੇ ਤੇ ਰਹਿੰਦੀ ਕਸਰ ਰਾਜਨੀਤਕਾਂ ਕੱਢ ਦਿੱਤੀ। ਸ੍ਰੀ ਗੁਰੂ ਜੀ ਦੀ ਵਿਚਾਰਧਾਰਾ ਨੇ ਇਸ ਨੂੰ ਖਾਧੇ ਜਾਣ ਤੋਂ ਬਚਾਉਣਾ ਸੀ ਪਰ ਇਹ ਉਸ ਨੂੰ ਹੀ ਵੇਚਣ ਤੁਰ ਪਿਆ। ਸੰਪਟ ਪਾਠ ਇਨੇ ਦਾ, ਅਖੰਡ ਪਾਠ ਇਨੇ ਦਾ, ਬੇਰੀ ਵਾਲਾ ਇਨੇ ਦਾ? ਅਗੋਂ ਹੋਰ ਕਿ ਮੁੰਡਾ ਹੋਣ ਵਾਲਾ ਇਨੇ ਦਾ? ਮੀਂਹ ਪਵਾਉਂਣ ਵਾਲਾ ਪਾਠ ਵੀ ਹੈ ਤੇ ਹਟਾਉਂਣ ਵਾਲਾ ਵੀ? ਨਹੀ ਯਕੀਨ ਤਾਂ ਵੱਡੇ ਠਾਠ ਨਾਨਕਸਰੀਆਂ ਦੇ ਚਲੇ ਜਾਓ ਉਹ ਮੀਂਹ ਪਵਾਉਂਣ ਵਾਲਾ ਵੀ ਕਰਕੇ ਦਿੰਦੇ ਪਿੰਡਾਂ ਵਾਲਿਆਂ ਨੂੰ!!
ਇਦੋਂ ਵੱਧ ਖਾਧੇ ਜਾਣਾ ਹੋਰ ਕੀ ਹੁੰਦਾ। ਕਿ ਹੁੰਦਾ?
ਗੁਰਦੇਵ ਸਿੰਘ ਸੱਧੇਵਾਲੀਆ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.