ਅਖੌਤੀ ਦਸਮ ਗ੍ਰੰਥ ‘ਤੇ ਇਸਦੀ ਰਚਨਾ ‘ਜਾਪੁ’ ਦੀ ਲੋਕ-ਮਾਤਾ ਕੌਣ ਹੈ ?
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੇ ਹਿੰਦੂ ਮੱਤ ਦੀ ਦੇਵੀ ਦੁਰਗਾ, ਜਿਸ ਦੇ ਹੋਰ ਨਾਂ ਭਗਉਤੀ (ਭਗਵਤੀ ਦਾ ਬਦਲਿਆ ਨਾਂ), ਚੰਡੀ, ਕਾਲਿਕਾ, ਗਿਰਿਜਾ, ਭਵਾਨੀ, ਦੁਰਗਾ ਸ਼ਾਹ, ਜਗ ਮਾਤਾ, ਜਗ ਮਾਇ, ਚੰਡਿਕਾ, ਕਾਲ਼ੀ ਆਦਿਕ ਹਨ, ਨੂੰ ਬਹੁਤ ਹੀ ਸ਼ਰਧਾ ਨਾਲ਼ ਲੋਕ ਮਾਤਾ ਦਾ ਖ਼ਿਤਾਬ ਦੇ ਕੇ ਉਸ ਨੂੰ ਨਮੋ ਵੀ ਕੀਤੀ ਹੈ ਅਤੇ ਉਸ ਤੋਂ ਮਿਲ਼ੀ ਕਿਰਪਾ ਦਾ ਵੀ ਜ਼ਿਕਰ ਕੀਤਾ ਹੈ। ਹੇਠ ਲਿਖੀਆਂ ਪੰਕਤੀਆਂ ਵਿਚਾਰੋ:-
ੳ.) ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ।1905।
ਵਿਚਾਰ:- ‘ਜਗ ਮਾਇ’ ਸ਼ਬਦਾਂ ਦੇ ਕੀ ਅਰਥ ਹਨ?
ਜਗਤ ਦੀ ਮਾਈ, ਜਗਤ ਦੀ ਮਾਂ, ਜਗਤ ਦੀ ਮਾਤਾ, ਦੁਰਗਾ ਦੇਵੀ ਜਿਸ ਦਾ ਕਵੀ ਸ਼ਿਆਮ ਪੁਜਾਰੀ ਹੈ। ਕਵੀ ਸ਼ਿਯਾਮ ਲਈ ਸ਼ਿਵਾ ਤੇ ਦੁਰਗਾ ਹੀ ਜਗ ਮਾਇ ਹੈ। ‘ਜਗ ਮਾਇ’ ਸਿੱਖਾਂ ਲਈ ਅਕਾਲ ਪੁਰਖ ਨਹੀਂ ਹੈ।
ਪ੍ਰਮਾਣ ਵਜੋਂ ਪੜ੍ਹੋ ਕਵੀ ਸਯਾਮ ਦੀ ਰਚਨਾ ਕ੍ਰਿਸ਼ਨਾਵਤਾਰ ਦਾ ਸਵੱਯਾ ਨੰਬਰ 2061 ਅਖੌਤੀ ਦਸਮ ਗ੍ਰੰਥ ਵਿੱਚੋਂ ਹੀ :-
ਜਾਦਵ ਅਉਰ ਸਭੈ ਹਰਖੈ ਅਰ ਬਾਜਤ ਭੀ ਪੁਰ ਬੀਚ ਬਧਾਈ।
ਅਉਰ ਕਹੈ ਕਬਿ ਸਯਾਮ ਸਿਵਾ ਸੁ ਸਭੈ ਜਗ ਮਾਇ ਸਹੀ ਠਹਰਾਈ॥
ਸਿਵਾ- ਸ਼ਿਵਾ, ਦੁਰਗਾ ਮਾਈ ਪਾਰਬਤੀ। ਜਗ ਮਾਇ- ਜਗ ਮਾਤਾ. ਲੋਕ ਮਾਤਾ ਦੁਰਗਾ।
ਅ.) ਕ੍ਰਿਪਾ ਕਰੀ ਹਮ ਪਰ ਜਗ ਮਾਤਾ। ਪੂਰਨ ਕਰਾ ਗ੍ਰੰਥ ਸੁਭਰਾਤਾ।26। (ਇਤੀ ਸ੍ਰੀ ਚਰਿਤਰੋਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਵਾਦੇ 404 ਚਰਿਤ੍ਰ ਸਮਾਪਤ-ਕਬਯੋ ਬਾਚ ਬੇਨਤੀ ਚੌਪਈ ਦਾ 26 ਵਾਂ ਬੰਦ)
ੲ.) ਨਮੋ ਲੋਕ ਮਾਤਾ ।254।( ਚੰਡੀ ਚਰਿਤ੍ਰ ਭਾਵ ਦੁਰਗਾ ਦੇਵੀ ਦਾ ਚਰਿੱਤ੍ਰ)
ਕੀ ਰੱਬ ਵੀ ‘ਲੋਕ ਮਾਤਾ’ ਹੈ?
‘ਜਾਪੁ’ ਰਚਨਾ ਵਿੱਚ ਲਿਖਾਰੀ ਨੇ ਚੰਡੀ ਚਰਿੱਤ੍ਰ ਵਾਲ਼ੀ ਦੁਰਗਾ ਦੇਵੀ ਦੀ ਸਿਫ਼ਤਿ ਵਾਲ਼ੀ ਪੰਕਤੀ ਨੂੰ ਹੂ-ਬ-ਹੂ ਵਰਤ ਕੇ ਡੰਕੇ ਦੀ ਚੋਟ ਨਾਲ਼ ਕਿਹਾ ਹੈ ਕਿ ਉਹ ਦੁਰਗਾ ਦੇਵੀ ਦਾ ਬਹੁਤ ਪੱਕਾ ਸ਼ਰਧਾਲੂ ਹੈ, ਜਿਸ ਨੂੰ ਉਹ ‘ਜਾਪੁ’ ਲਿਖਣ ਲੱਗਾ ਵੀ ਨਹੀਂ ਭੁੱਲ ਸਕਦਾ।
‘ਜਾਪੁ’ ਰਚਨਾ ਵਿੱਚ ਦੇਖੋ ਇਹ ਪੰਕਤੀ:
ਨਮੋ ਸਸਤ੍ਰਪਾਣੇ ॥ ਨਮੋ ਅਸਤ੍ਰ ਮਾਣੇ ॥ ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥ ‘ਜਾਪੁ’ ਰਚਨਾ ਨੂੰ ਰੱਬ ਦੀਆਂ ਸਿਫ਼ਤਾਂ ਨਾਲ਼ ਜੋੜ ਕੇ ਹੁਣ ਤਕ ਪੜ੍ਹੀ ਜਾਣ ਵਾਲ਼ੇ ਸੱਜਣ ਕਦੇ ਗ਼ੌਰ ਕਰਨਗੇ?
ਚੰਡੀ ਚਰਿਤ੍ਰ ਦੀ ਨਾਇਕਾ ਦੁਰਗਾ ਦੇਵੀ ਹੈ ਜੋ ਦੈਂਤਾਂ ਨੂੰ ਮਾਰ ਕੇ ਇੰਦ੍ਰ ਦੇਵਤੇ ਨੂੰ ਉਸ ਦਾ ਖੁੱਸਿਆ ਸਿੰਘਾਸਣ ਵਾਪਸ ਦਿਵਾਉਂਦੀ ਹੈ। ਇਸੇ ਨਾਇਕਾ ਦੀ ਸਿਫ਼ਤਿ ਵਿੱਚ ਕਵੀ ਨੇ ਉਸ ਨੂੰ ‘ਲੋਕ ਮਾਤਾ’ ਕਹਿ ਕੇ ਨਮੋ ਕੀਤੀ ਹੈ। ਓਹੀ ਕਵੀ ‘ਜਾਪੁ’ ਵੀ ਲਿਖ ਰਿਹਾ ਹੈ ਜਿਸ ਵਿੱਚ ਉਹ ਉਸੇ ਦੁਰਗਾ ਨੂੰ ਯਾਦ ਕਰਦਾ ਉਸ ਦੀ ਉਹੀ ਸਿਫ਼ਤਿ ਮੁੜ ਲਿਖ ਰਿਹਾ ਹੈ। ਸਪੱਸ਼ਟ ਹੈ ਕਿ ਰੱਬ ਲੋਕ ਮਾਤਾ ਨਹੀਂ।
ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਰੱਬ ਵਾਸਤੇ ਲੋਕ ਮਾਤਾ. ਜਗ ਮਾਤਾ, ਜਗ ਮਾਇ ਆਦਿਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਸਿੱਖ ਦਾ ਰੱਬ ਦੁਰਗਾ ਦੇਵੀ/ਜਗ ਮਾਇ/ਜਗ ਮਾਤਾ/ਲੋਕ ਮਾਤਾ ਨਹੀਂ ਹੈ। ਦੁਰਗਾ ਇਕ ਇਸਤ੍ਰੀ ਹੈ ਜਿਸ ਲਈ ਲੋਕ ਮਾਤਾ ਸ਼ਬਦ ਢੁੱਕਦਾ ਹੈ। ਰੱਬ ਇਸਤ੍ਰੀ ਰੂਪ ਨਹੀਂ ਹੈ। ਰੱਬ ਨੂੰ ਗੁਰਮਤਿ ਵਿੱਚ ਪੁਲਿੰਗ ਰੂਪ ਵਿੱਚ ਚਿਤਰਿਆ ਗਿਆ ਹੈ। ਇਹ ਰੱਬ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਦਾ ਹੋ ਸਕਦਾ ਹੈ ਕਿਉਂਕਿ ਉਸ ਨੇ ਥਾਂ-ਪੁਰ-ਥਾਂ ਦੁਰਗਾ ਮਾਈ ਦੀਆਂ ਸਿਫ਼ਤਾਂ ਕੀਤੀਆਂ ਹੋਈਆਂ ਹਨ। ਕਿਸੇ ਕਵੀ ਦੀ ਸ਼ਖ਼ਸੀਅਤ ਵਾਰੇ ਅੰਦਾਜ਼ਾ ਤਾਂ ਹੀ ਲਾਇਆ ਜਾ ਸਕਦਾ ਹੈ ਜਦੋਂ ਉਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਪੜਚੋਲ਼ਿਆ ਜਾਵੇ ਨਾ ਕਿ ਕਿਸੇ ਇੱਕ ਕਵਿਤਾ ਨੂੰ।
ਨੋਟ: ਸਿੱਖਾਂ ਨੂੰ ‘ਜਾਪੁ’ ਪੜ੍ਹਦਿਆਂ ਇਸ ਦੇ ਲਿਖਾਰੀ ਪ੍ਰਤੀ ਕੋਈ ਸ਼ੰਕਾ ਨਹੀਂ ਹੋਇਆ ਕਿਉਂਕਿ ਇਹ ਰਚਨਾ ਸ਼੍ਰੋ. ਕਮੇਟੀ ਨੇ ਆਪਣੀ ਮੁਹਰ ਲਾ ਕੇ, ਰਹਤ ਮਰਯਾਦਾ ਰਾਹੀਂ ਸਿੱਖਾਂ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਸੀ। ਸਮੇਂ ਦੀ ਚਾਲ ਨਾਲ਼ ਗੁਰਮਤਿ ਦੀ ਰੌਸ਼ਨੀ ਵਿੱਚ ਖੋਜ ਕਰਨ ਨਾਲ਼ ਇਸ ਰਚਨਾ ਦੀ ਅਸਲੀਅਤ ਵਾਰੇ ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਉਹ ਹੁਣ ਇਸ ਨੂੰ ਸ਼ਾਇਦ ਹੀ ਨਿੱਤ-ਨੇਮ ਵਿੱਚ ਪੜ੍ਹ ਸਕਣ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਅਖੌਤੀ ਦਸਮ ਗ੍ਰੰਥ ‘ਤੇ ਇਸਦੀ ਰਚਨਾ ‘ਜਾਪੁ’ ਦੀ ਲੋਕ-ਮਾਤਾ ਕੌਣ ਹੈ ?
Page Visitors: 2668