ਹਾਸੇ ਹਾਸੇ ਵਿੱਚ ! (ਨਿੱਕੀ ਕਹਾਣੀ)
ਬਲਵਿੰਦਰ ਸਿੰਘ ਬਾਈਸਨ
ਸਮਾਇਲ ਸਿੰਘ : ਸਭ ਤੋਂ ਚੰਗੀ ਕਮੇਟੀ ਕਿਹੜੀ ਹੈ ? ਬੋਲੀ ਵਾਲੀ ਜਾਂ ਉੱਕੇ ਸੁੱਕੇ ਪੈਸੇ ਮਿਲਣ ਵਾਲੀ ?
ਹਸਮੁੱਖ ਸਿੰਘ : ਬੋਲੀ ਵਾਲੀ !
ਸਮਾਇਲ ਸਿੰਘ : ਬੋਲੀ ਵਾਲੀ ? ਓਹ ਕਿਵੇਂ ?
ਹਸਮੁੱਖ ਸਿੰਘ (ਗਾਉਂਦੇ ਹੋਏ) : "ਬਾਰੀ ਬਰਸੀ ਖਟਣ ਗਿਆ ਸੀ.. ਖੱਟ ਕੇ ਲਿਆਉਂਦਾ ਗੁਲਦਾਨ ! ਪ੍ਰਬੰਧ ਤਾਂ ਸਜਦਾ, ਜਦੋਂ ਬਿਜ਼ਨੇਸ ਮਾਇੰਡਡ ਹੋਵੇਂ ਪ੍ਰਧਾਨ !"
ਲੈ ਇੱਕ ਹੋਰ ਸੁਣ…
"ਬਾਰੀ ਬਰਸੀ ਖਟਣ ਗਿਆ ਸੀ.. ਖੱਟ ਕੇ ਲਿਆਉਂਦਾ ਇੱਕਤਰ ! ਅੱਜਕਲ ਪ੍ਰਬੰਧ ਤਾਂ ਸਜਦਾ, ਜਦੋਂ ਕਛਹਿਰੇ ਉੱਤੇ ਖਾਕੀ ਨਿੱਕਰ ਪਾਵੇ ਸੱਕਤਰ !"
ਸਮਾਇਲ ਸਿੰਘ (ਰੋਕਦਾ ਹੋਇਆ) : ਵੀਰੇ ! ਗੱਲ ਤੇ ਮੈਂ ਪੈਸਿਆਂ ਵਾਲੀ ਕਮੇਟੀ ਦੀ ਕੀਤੀ ਸੀ ਤੇ ਤੂੰ ਗੁਰਦੁਆਰਾ ਕਮੇਟੀਆਂ ਦੀ ਗੱਲ ਤੋਰ ਦਿੱਤੀ !
ਹਸਮੁੱਖ ਸਿੰਘ (ਹਸਦੇ ਹੋਏ) : ਮੈਂ ਵੀ ਗੱਲ ਪੈਸਿਆਂ ਵਾਲੀ ਕਮੇਟੀਆਂ ਦੀ ਹੀ ਕਰ ਰਿਹਾ ਹਾਂ ! ਜਿਨ੍ਹਾਂ ਗੁਰਦੁਆਰਾ ਕਮੇਟੀਆਂ ਕੋਲ ਪੈਸੇ ਨਹੀਂ ਹੁੰਦੇ, ਉੱਥੇ ਅਕਸਰ ਪ੍ਰਬੰਧਕ ਵੀ ਗੁਰਮੁੱਖ ਹੀ ਦਿਸਦੇ ਹਨ !
ਤੂੰ ਰਹਿਣ ਹੀ ਦੇ ! ਹਰ ਗੱਲ ਨੂੰ ਹਾਸੇ ਵਿੱਚ ਕਰ ਕਰ ਕੇ ਤੂੰ ਚੰਗੀ ਭਲੀ ਗੱਲ ਦਾ ਮਜਾਕ ਬਣਾ ਦਿੱਤਾ ਹੈ ! (ਸਮਾਇਲ ਸਿੰਘ ਨੇ ਥੋੜਾ ਗੁੱਸਾ ਵਿਖਾਉਂਦੇ ਹੋਏ ਕਿਹਾ)
ਹਸਮੁੱਖ ਸਿੰਘ (ਰੱਤਾ ਕੁ ਗੰਭੀਰ ਹੋ ਕੇ) : ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਮਜਾਕ ਬਣਾ ਕੇ ਰੱਖ ਦਿੱਤਾ ਹੈ, ਕਦੀ ਉਨ੍ਹਾਂ ਬਾਰੇ ਵੀ ਸੋਚਣਾ ! ਅੱਜ ਸੰਗਤਾਂ ਵੀ ਉਸੀ ਨੂੰ ਪ੍ਰਧਾਨ ਚੁਣਦੀਆਂ ਹਨ ਜੋ ਮਾਇਆਧਾਰੀ ਹੁੰਦਾ ਹੈ ! ਵਿਖਾਓ , ਕਿਤਨੇ ਕੁ ਪ੍ਰਤੀਸ਼ਤ ਗੁਰੂਧਾਮਾਂ ਵਿੱਚ ਗੁਰਮਤਿ ਗੁਣਾਂ ਦੇ ਅਧਾਰ ਤੇ ਪ੍ਰਧਾਨ-ਸੱਕਤਰ ਚੁਣਿਆ ਗਿਆ ਹੈ ?
ਸਮਾਇਲ ਸਿੰਘ : ਗੱਲ ਤਾਂ ਤੇਰੀ ਠੀਕ ਹੈ ! ਚੱਲ ਹੁਣ ਮੇਰੀ ਗੱਲ ਦਾ ਸਹੀ ਜਵਾਬ ਵੀ ਦੇ ਕੀ "ਸਭ ਤੋਂ ਚੰਗੀ ਕਮੇਟੀ ਕਿਹੜੀ ਹੈ ? ਬੋਲੀ ਵਾਲੀ ਜਾਂ ਉੱਕੇ ਸੁੱਕੇ ਪੈਸੇ ਮਿਲਣ ਵਾਲੀ ?" ਕੁਝ ਪੈਸੇ ਵੀ ਜੋੜਨੇ ਹਨ, ਅੱਗੇ ਬੱਚਿਆਂ ਦੇ ਉੱਚੀ ਸਿਖਿਆ ਲਈ !