ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਜਪੁ ਬਾਣੀ ਵਿਖੇ ਆਏ "ਪੰਚ ਪਰਵਾਣ" ਸ਼ਬਦ ਦੀ ਵਿਆਖਿਆ
ਜਪੁ ਬਾਣੀ ਵਿਖੇ ਆਏ "ਪੰਚ ਪਰਵਾਣ" ਸ਼ਬਦ ਦੀ ਵਿਆਖਿਆ
Page Visitors: 2870

ਜਪੁ ਬਾਣੀ ਵਿਖੇ ਆਏ "ਪੰਚ ਪਰਵਾਣ" ਸ਼ਬਦ ਦੀ ਵਿਆਖਿਆ
 ਅਵਤਾਰ ਸਿੰਘ ਮਿਸ਼ਨਰੀ
"ਪੰਚ" ਸੰਸਕ੍ਰਿਤ ਦਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਵਿਖੇ ੨੧੫ ਵਾਰ ਦਰਜ ਅਤੇ ਕਈ ਅਰਥਾਂ ਵਿੱਚ ਆਇਆ ਹੈ। ਜਿਵੇਂ-ਪੰਜ ਵਿਸ਼ੇ-ਕਾਮ, ਕ੍ਰੋਧ,ਲੋਭ, ਮੋਹ ਅਤੇ ਅਹੰਕਾਰ ਲਈ-
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ॥(੧੩੯੬)
 ਦੈਵੀ (ਚੰਗੇ) ਗੁਣਾਂ ਲਈ-ਸਤ, ਸੰਤੋਖ,ਦਇਆ,  ਧਰਮ ਅਤੇ ਧੀਰਜ-
ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ॥ (ਮ:੫-੪੩੦)
 ਇਹ ਪੰਜ ਦੈਵੀ ਗੁਣ ਮਨਾਏ ਭਾਵ ਧਾਰਨ ਕਰ ਲਏ ਜਿਸ ਕਰਕੇ ਇਹ ਪੰਜੇ ਵਿਸ਼ੇ ਰੁਸਾਏ ਰੁੱਸ ਗਏ, ਪੰਚ ਵਸਾਏ ਪੰਜ ਰੱਬੀ ਗੁਣ ਹਿਰਦੇ ਵਿੱਚ ਵਸਾ ਲਏ ਅਤੇ ਪੰਚ ਗਵਾਏ ਅੰਦਰੋਂ ਭੁਲਾ ਦਿੱਤੇ।
ਪੰਜ ਗਿਆਨ ਇੰਦ੍ਰੇ-ਪੰਚ  ਨੱਕ, ਕੰਨ, ਜੀਭ, ਅੱਖ ਤੇ ਚਮੜੀ ਪੰਜ ਗਿਆਨ ਇੰਦ੍ਰੀਆਂ ਲਈ ਵੀ ਹੈ-
ਪੰਚ ਸਖੀ ਹਮ ਏਕੁ ਭਤਾਰੋ॥...(੩੫੯)
 ਪੰਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਵੀ ਆਇਆ ਹੈ-
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ (੧੪੦੮)
 ਪਿੰਡ ਦੇ ਮੁਖੀਆਂ ਲਈ-
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭ ਲਹਰਿ ਹੈ ਗਾਲਿਆ॥(੩੧੫)
 ਪੰਚ ਪੰਚਾਇਤ ਭਾਵ ਡੇਮੋਕਰੇਸੀ ਦਾ ਸੂਚਿਕ।
 ਪੰਚ ਜੁਮੇਵਾਰ-ਸਿਆਣੇ ਮੰਨੇ ਪ੍ਰਮੰਨੇ-
 ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ
 ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥(ਜਪੁਜੀ)
 ਭਾਵ ਸੰਸਾਰੀ ਤੇ ਨਿਰੰਕਾਰੀ ਪ੍ਰਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਗੁਰਮੁਖ ਜਿੰਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਤੇ ਜਿੰਨ੍ਹਾਂ ਅੰਦਰ ਉਸ ਵਾਸਤੇ ਲਗਨ ਪੈਦਾ ਹੋ ਜਾਂਦੀ ਹੈ, ਉਹ ਹੀ ਮੰਨੇ ਪ੍ਰਮੰਨੇ ਸਭ ਦੇ ਆਗੂ ਹੁੰਦੇ, ਪ੍ਰਭੂ ਦੀ ਹਜੂਰੀ ਵਿੱਚ ਆਦਰ ਪਾਂਦੇ, ਰਾਜ ਦਰਬਾਰਾਂ ਵਿੱਚ ਸ਼ੋਭਦੇ ਅਤੇ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ।
  ਜਰਾ ਧਿਆਨ ਦਿਓ! ਜਪੁਜੀ ਸਾਹਿਬ ਦੀ ੧੬ਵੀਂ ਪਾਉੜੀ ਵਿਖੇ ਪੰਚ ਸ਼ਬਦ ਨਿਰੰਕਾਰੀ ਤੇ ਸੰਸਾਰੀ ਜੀਵਨ ਜੁਗਤੀ ਦੇ ਚੰਗੇ ਜਾਣੂੰ ਤੇ ਧਾਰਨੀ ਅਤੇ ਲੋਗਾਂ ਦੀ ਅਗਵਾਈ ਕਰਨ ਵਾਲਿਆਂ ਦਾ ਸੂਚਿਕ ਹੈ। ਜੋ ਕਰਤਾਰ ਦੇ ਦੈਵੀ ਗੁਣਾਂ ਅਤੇ ਹੁਕਮ ਭਾਣਾ ਸ੍ਰਵਣ, ਮੰਨਣ ਅਤੇ ਅਮਲ ਕਰ ਜੀਵਨ ਵਿੱਚ ਧਾਰਨ ਕਰਕੇ, ਲੋਕਾਈ ਵਿੱਚ ਵਿਚਰਦੇ ਹਨ।
 ਅੱਜ ਪੰਚਾਇਤ (ਡੈਮੋਕਰੇਸੀ) ਵਿੱਚ ਪੰਜਾਂ ਦੀ ਗਿਣਤੀ ਮੁਕਰਰ ਨਹੀਂ ਵੱਧ ਵੀ ਹੋ ਸਕਦੇ ਹਨ। ਪੰਜ ਪਿਆਰੇ ਵੀ ਇਸ ਉੱਚੀ ਸੁੱਚੀ ਅਵਸਥਾ ਦੇ ਧਾਰਨੀ, ਜਾਤ ਪਾਤ ਮੁਕਤ ਅਤੇ ਵੱਖ ਵੱਖ ਇਲਾਕਿਆਂ ਦੇ ਵਾਸੀ ਸਨ। ਇਕੱਲਾ ਮਨੁੱਖ ਗਲਤ ਫੈਸਲੇ ਵੀ ਕਰ ਸਕਦਾ ਹੈ ਪਰ ਬਹੁਤੇ ਰਲ ਮਿਲ ਕੇ, ਸੰਗਤ ਰੂਪ ਵਿੱਚ ਵਿਚਾਰਾਂ ਕਰਕੇ, ਲੋਕ ਭਲਾਈ ਦੇ ਫੈਸਲੇ ਕਰਦੇ ਹਨ।
ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨਸਾਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਉਲਝਾਇਆ ਜੋ ਅੱਜ ਉਲਝ ਗਿਆ ਹੈ।
  ਮਤਲਬ ਤਾਂ ਪੰਚ ਲਫਜ਼ ਨੂੰ ਸਮਝੀਏ ਕਿ ਗੁਰੂ ਨੇ ਕਿਸ ਸੰਦਰਭ ਵਿੱਚ ਵਰਤਿਆ ਹੈ? ਭਾਵ ਲੋਕਾਈ ਦੀ ਨਿਗ੍ਹਾ ਵਿੱਚ ਕਰਮ ਸੁਭਾ ਕਰਕੇ ਦਾਨੇ,ਸਿਆਣੇ, ਸਮਝਦਾਰ, ਪ੍ਰਉਪਕਾਰੀ, ਸੰਸਾਰੀ ਤੇ ਨਿਰੰਕਾਰੀ ਵਿਦਿਆ ਦੇ ਗਿਆਤਾ, ਸਭ ਵਿੱਚ ਰੱਬੀ ਜੋਤਿ ਦੇਖਣ ਵਾਲੇ ਮਾਈ ਭਾਈ ਜੋ ਸ਼ੁਭ ਕਰਮਾਂ ਕਰਕੇ, ਸੰਸਾਰ ਤੇ ਨਿਰੰਕਾਰ ਨਾਲ ਸ੍ਰਵਣ, ਮੰਨਣ ਨਿਧਿਆਸਣ ਕਰਕੇ, ਇੱਕਮਿਕ ਹੋ ਚੁੱਕੇ ਹਨ।
  ਇਹ ਕਹਿਣਾ *ਪੰਚ ਪਰਵਾਣ* ਕਿ ਪੰਜ ਪਿਆਰੇ ਹੀ ਪ੍ਰਵਾਨ ਹਨ।
 ਇਹ ਗੱਲ ਉਪ੍ਰੋਕਤ ਗੁਣਾਂ ਦੇ ਧਾਰੀਆਂ ਲਈ ਤਾਂ ਠੀਕ ਪਰ ਇਕੱਲੇ ਪੰਜ ਕਕਾਰਾਂ ਤੇ ਬਾਣੇ ਦੇ ਭੇਖਧਾਰੀ ਜੋ ਜਾਤ ਪਾਤ, ਵਹਿਮ-ਭਰਮ ਨੂੰ ਮੰਨਦੇ ਕਿਸੇ ਇੱਕ ਪਾਰਟੀ ਜਾਂ ਜਥੇ ਨਾਲ ਹੀ ਜੁੜੇ, ਆਪੋ ਆਪਣੇ ਜਥੇ ਅਤੇ ਸੰਪ੍ਰਦਾਵਾਂ ਦੀ ਤੰਗਦਿਲੀ ਮਰਯਾਦਾ ਪਾਲਦੇ ਆ, ਜਿਸ ਵਿੱਚ ਉਹ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ, ਉਨ੍ਹਾਂ ਨੂੰ *ਪੰਚ ਪਰਵਾਣੁ* ਨਹੀਂ ਕਿਹਾ ਜਾ ਸਕਦਾ।
 ਥੋੜੇ ਸ਼ਬਦਾਂ ਵਿੱਚ ਹਰ ਪੱਖੋਂ ਪੂਰੇ ਸੂਰੇ ਸਰਬਪੱਖੀ ਗੁਣਾਂ ਵਾਲੇ ਮੁਖੀ ਮਾਈ ਭਾਈ ਹੀ "ਪੰਚ ਪਰਵਾਣ" ਹੁੰਦੇ ਹਨ। 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.