ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਤੋਂ ਭਾਵ
ਗੁਰਸ਼ਰਨ ਸਿੰਘ ਕਸੇਲ
ਜਦੋਂ ਛੋਟੀ ਉਮਰ ਸੀ ਤਾਂ ਪਿੰਡ ਦੇ ਗੁਰਦੁਆਰੇ ਜਾਇਆਂ ਕਰਨਾ ਤਾਂ ਲੋਕਾਂ ਦੀ ਵੇਖੋ-ਵੇਖੀ ਜਾਂ ਘਰਦਿਆਂ ਦੇ ਕਹਿਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ, ਪਰ ਜਦੋਂ ਤੋਂ ਆਪ ਪੜ੍ਹਕੇ ਵੇਖਇਆਂ ਹੈ ਤਾਂ ਹੁਣ ਮੱਥਾ ਆਪਣੇ ਆਪ ਹੀ ਟੇਕਇਆਂ ਜਾਂਦਾ ਹੈ । ਉਦੋਂ ਗੁਰੂ ਜੀ ਦੇ ਸਤਿਕਾਰ ਨਾਲੋਂ ਜਿਆਦਾ ਇਹ ਹੀ ਡਰ ਰਹਿਣਾ ਕਿ ਜੇ ਕੋਈ ਗਲਤੀ ਹੋ ਗਈ ਤਾਂ ਗੁਰੂ ਜੀ ਸਜਾ ਦੇਣਗੇ । ਗੁਰਦੁਆਰੇ ਦੇ ਭਾਈ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਆਤਮਿਕ ਗਿਆਨ ਲੈਣ ਨਾਲੋਂ ਮੂੰਹੋ ਮੰਗੀਆਂ ਮੁਰਾਦਾਂ ਕਰਾਮਾਤ ਰਾਹੀਂ ਪੂਰੀਆਂ ਹੋਣ ਦੀਆ ਗੱਲਾਂ ਹੀ ਕਰਦੇ ਸਨ । ਕਈ ਭਾਈ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਂ ਇੰਝ ਡਰਾਉਂਦੇ ਹਨ ਕਿ ਮੇਰੇ ਵਰਗਾ ਤਾਂ ਉਸਨੂੰ ਪੜ੍ਹਨ ਦੀ ਗੱਲ ਦੂਰ ਰਹੀ ਲਾਗੇ ਜਾਣ ਦੀ ਵੀ ਹਿਮੰਤ ਨਹੀਂ ਕਰਦਾ । ਸ਼ਾਇਦ ਏਸੇ ਕਰਕੇ ਕਈ ਵਾਰ ਗੁਰਦੁਆਰਿਆਂ ਵਿੱਚ ਬਹੁਤੇ ਸਤਿਕਾਰ ਕਰਦੇ ਦੱਸਣ ਵਾਲੇ ਮੱਥਾ ਟੇਕ ਕੇ ਪਿਛਲੀ ਪੈਰੀ ਹੀ ਤੁਰੇ ਜਾਂਦੇ ਹਨ । ਉਹ ਭਾਂਵੇ ਪਿਛੋ ਆਉਣ ਵਾਲੇ ਇਸਤਰੀ ਜਾਂ ਮਰਦ ਵਿਚ ਹੀ ਵੱਜ ਜਾਣ । ਪਰ ਸ਼ਾਇਦ ਇੰਝ ਕਰਕੇ ਗੁਰੂ ਨੂੰ ਪਿੱਛਾ ਦੇਣਾ ਨਹੀਂ ਚਾਹੁੰਦੇ ਕਿ ਜੇਕਰ ਗੁਰੂ ਜੀ ਨੇ ਵੇਖ ਲਿਆ ਤਾਂ ਕੋਈ ਸਰਾਫ ਹੀ ਨਾ ਦੇ ਦੇਣ । ਸ਼ਾਇਦ ਉਹ ਵੀ ਆਪਣੇ ਥਾਂ ਸਹੀ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਕਿਸੇ ਭਾਈ ਜੀ ਜਾਂ ਸਾਧ ਬਾਬੇ ਨੇ ਇਹ ਹੀ ਦੱਸਿਆ ਹੁੰਦਾ ਹੈ । ਜਿਵੇਂ ਆਮ ਹੀ ਸਾਡੇ ਪ੍ਰਚਾਰਕ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸਾਂ ਗੁਰਾਂ ਦੀ ਜੋਤ ਹੈ, ਉਹਨਾਂ ਦਾ ਭਾਵ ਗੁਰੂਆਂ ਦੀ ਵਿਚਾਰ ਧਾਰਾ ਨਹੀ ਸਗੋਂ ਸਰੀਰਕ ਦੇਹ ਅਤੇ ਆਤਮਾ ਰੂਪ ਵਿੱਚ ਹੁੰਦਾ ਹੈ । ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਨ ਵਾਲੇ ਲਫ਼ਜਾਂ ਤੋਂ ਵੀ ਇਹ ਹੀ ਸਿੱਧ ਹੁੰਦਾ ਹੈ ।
ਕਈ ਵਿਆਹਾਂ ਦੇ ਕਾਰਡਾਂ ‘ਤੇ ਗੁਰਬਾਣੀ ਦੀਆਂ ਦੋਹਾਂ ਸਰੀਰਾਂ ਵਿੱਚ ਇਕੋ ਜੋਤਿ ਹੋਣ ਬਾਰੇ ਪੰਗਤੀਆਂ ਪੜ੍ਹੀਆਂ ਸਨ; ਪਰ ਉਸ ਡੁੰਘਿਆਈ ਤੱਕ ਸੋਚ ਗਈ ਹੀ ਨਹੀਂ ਸੀ, ਭਾਂਵੇਂ ਕਿ ਇਹਨਾ ਪੰਗਤੀਆਂ ਦੇ ਅਰਥ ਵੀ ਪੜ੍ਹੇ ਸਨ । ਅਚਾਨਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਹਿਬਾਨ ਦੀ ਜੋਤਿ ਬਾਰੇ ਸੋਚ ਵਿੱਚ ਆਇਆ ਤਾਂ ਗੁਰਬਾਣੀ ਦੀਆਂ ਇਹ ਪੰਗਤੀਆਂ ਵਿਚਾਰ ਵਿਚ ਆਈਆਂ ਕਿ ਇਥੇ ਗੁਰੂ ਜੀ ਦੋ ਸਰੀਰ ਹੁੰਦੇ ਹੋਏ ਵੀ ਇਕ ਜੋਤਿ ਕਿਵੇਂ ਆਖਦੇ ਹਨ । ਵੇਖਦੇ ਹਾਂ ਗੁਰਬਾਣੀ ਦੀਆਂ ਇਹ ਪੰਗਤੀਆਂ:
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥(ਮ:3,ਪੰਨਾ 788)
ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ।
ਇੰਜ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਸ਼ਬਦ ਹੈ, ਜਦ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਧਾਰਾ ਅਤੇ ਭਾਈ ਲਹਿਣਾ ਜੀ ਦੇ ਵਿਚਾਰਧਾਰਾ ਵਿੱਚ ਕੋਈ ਫਰਕ ਨਹੀਂ ਸੀ ਰਿਹਾ :
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ( ਪੰਨਾ 966)
ਅਰਥ: (ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ। (ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ) ।
ਗੁਰਬਾਣੀ ਦੇ ਉਪਰ ਦਿੱਤੇ ਦੋ ਸ਼ਬਦਾਂ ਤੋਂ ਇਹ ਸੋਖੇ ਹੀ ਸਮਝ ਪੈ ਜਾਂਦੀ ਹੈ ਕਿ ਦੋਵਾਂ ਸਰੀਰਾਂ ਵਿਚ ਇਕ ਜੋਤਿ ਕਿੰਜ ਹੋਈ ਦਾ ਹੈ । ਸਾਡੀ ਧਾਰਮਿਕ ਮੁਸ਼ਕਲ ਹੀ ਇਹ ਹੈ ਕਿ ਅਸੀਂ ਗੁਰਮਤਿ ਤੋਂ ਸਿਖਿਆ ਲੈਕੇ ਆਪਣੇ ਸੁਭਾਅ ਵਿਚ ਤਬਦੀਲੀ ਕਰਨ ਨਾਲੋਂ ਇਸਨੂੰ ਕਰਾਮਾਤੀ ਸਮਝਣ ਵਿਚ ਜਿਆਦਾ ਯਕੀਨ ਰੱਖਦੇ ਹਾਂ । ਏਸੇ ਕਰਕੇ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੀ ਬਜਾਏ ਉਸ ਕੋਲੋਂ ਹਮੇਸ਼ਾਂ ਸੋਦੇਬਾਜੀ ਕਰਕੇ ਮੰਗਾ ਹੀ ਮੰਗਦੇ ਰਹਿੰਦੇ ਹਾਂ । ਉਂਝ ਭਾਂਵੇਂ ਸਾਨੂੰ ਹੋਰਨਾ ਧਰਮਾ ਦੇ ਪੈਰੋਕਾਰ ਜਿਹੜੇ ਵਹਿਮ ਭਰਮ, ਕਰਮ ਕਾਂਡ ਅਤੇ ਅੰਧਵਿਸ਼ਵਾਸ ਕਰਦੇ ਤਾਂ ਦਿਸਦੇ ਹਨ ਪਰ ਜੋ ਅਸੀਂ ਗੁਰਮਤਿ ਸਮਝਣ ਦੀ ਥਾਂ ਕਰ ਰਹੇ ਹੁੰਦੇ ਹਾਂ, ਉਹ ਨਹੀਂ ਦਿਸਦੇ । ਮਿਸਾਲ ਦੇ ਤੌਰ ਤੇ ਜੇ ਕੋਈ ਹੋਰ ਧਰਮ ਵਾਲਾ ਕਿਸੇ ਪਥਰ ਦੀ ਮੂਰਤੀ ਅੱਗੇ ਹੱਥ ਜੋੜ ਕੇ ਉਸ ਕੋਲੋ ਮੂੰਹੋ ਮੰਗੀਆਂ ਮੁਰਾਦਾਂ ਲਈ ਅਰਦਾਸਾਂ ਕਰਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਕੀ ਪਥਰ ਵੀ ਸੁਣ ਸਕਦਾ ਹੈ ? ਇਸ ਬਾਬਤ ਉਹ ਪੈਰੋਕਾਰ ਅਣਜਾਣ ਦਿਸਦਾ ਹੈ, ਅਤੇ ਅਸੀਂ ਝੱਟ-ਪੱਟ ਇਹ ਸ਼ਬਦ ਸੁਣਾਉਂਦੇ ਹਾਂ :
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥
ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥
ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥
ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥(ਮ:5,ਪੰਨਾ 1160)
ਪਰ ਜਦੋਂ ਅਸੀਂ ਖੁਦ ਥੜ੍ਹਿਆਂ, ਰੁੱਖਾਂ ਆਦਿ ਨੂੰ ਮੱਥੇ ਟੇਕਦੇ ਹਾਂ, ਤਾਂ ਸਾਨੂੰ ਜਿਥੇ ਆਪਣੀ ਸ਼ਰਧਾ ਸੱਚੀ ਲੱਗਦੀ ਹੈ, ਉਥੇ ਸਾਡੀਆਂ ਅਰਦਾਸਾਂ ਵੀ ਸੁਣੀਆਂ ਜਾਂਦੀਆਂ ਲੱਗਦੀਆਂ ਹਨ ।
ਕਿਸੇ ਧਰਮ ਦੇ ਅਕੀਦੇ ਅਨੁਸਾਰ ਪਿਪੱਲ ਦੇ ਰੁੱਖ ਜਾਂ ਜਾਨਵਰ ਨਾਲ ਕਿਸੇ ਔਰਤ ਮਰਦ ਦੇ ਕੀਤੇ ਵਿਆਹ ਬਾਰੇ ਤਾਂ ਅਸੀਂ ਝੱਟ 21ਵੀਂ ਸਦੀ ਦੀ ਗੱਲ ਕਰਦੇ ਹਾਂ, ਪਰ ਸਾਨੂੰ ਆਪਣੇ ਗੁਰਮਤਿ ਤੋਂ ਉਲਟ ਕਰਮ ਕਰਨ ਵਾਲੇ ਸਹੀ ਦਿੱਸਦੇ ਹਨ । ਇਹ ਇੱਕਲੇ ਅਸੀਂ ਨਹੀਂ, ਹਰੇਕ ਧਰਮ ਦੇ ਪੈਰੋਕਾਰਾਂ ਨੂੰ ਆਪਣੇ ਧਰਮ ਦੇ ਨਾਂਅ ਤੇ ਕੀਤੇ ਕਰਮ ਸ਼ਰਧਾ ਅਨੁਸਾਰ ਸਹੀ ਲੱਗਦੇ ਹਨ । ਉਹਨਾ ਦਾ ਫੋਟੋ, ਮੂਰਤੀ ਜਾਂ ਗ੍ਰੰਥ ਦੇ ਰੂਪ ਵਿੱਚ ਵੀ ਗੁਰੂ, ਭਗਤ ਜਾਂ ਦੇਵੀ ਤਾਂ ਸੱਭ ਕੁਝ ਸੁਣਦਾ, ਖਾਂਦਾ, ਭੋਗ ਲਾਉਂਦਾ, ਬੋਲਦਾ, ਵੇਖਦਾ ਅਤੇ ਮੂੰਹੋ ਮੰਗੀਆਂ ਮੁਰਾਦਾ ਦੇਣ ਵਾਲਾ ਹੈ, ਪਰ ਦੂਸਰੇ ਧਰਮ ਦਾ ਪੈਰੋਕਾਰ ਉਹਨਾ ਨੂੰ ਉਹੀ ਕਰਮ ਕਰਨ ਕਾਰਨ ਅਨਾੜੀ ਬੇਸਮਝ ਅਤੇ 12ਵੀਂ ਸਦੀ ਦਾ ਲੱਗਦਾ ਹੈ । ਜਿਵੇਂ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਬਾਕੀ ਸਾਰੀ ਦੁਨੀਆਂ ਦੇ ਲੋਕਾਂ ਨੂੰ ਕਾਫਰ ਆਖਦੇ ਹਨ, ਪਰ ਦੂਜੇ ਪਾਸੇ ਕਈ ਰੱਬ ਦੀ ਹੋਦ ਨੂੰ ਹੀ ਨਾ ਮੰਨਣ ਵਾਲਿਆਂ ਨੂੰ, ਹਰੇਕ ਧਰਮ ਦੇ ਪੈਰੋਕਾਰਾਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਕੀਤੇ ਜਾਂਦੇ ਸਾਰੇ ਧਾਰਮਿਕ ਕਰਮ ਬੇਅਰਥ ਅਤੇ ਇਹਨਾ ਨੂੰ ਕਰਨ ਵਾਲੇ ਬੇਸਮਝ ਲੋਕ ਲੱਗਦੇ ਹਨ ।
ਹਰੇਕ ਧਰਮ ਨੂੰ ਮੰਨਣ ਵਾਲੇ ਦੀ ਸੋਚ ਵਿੱਚ ਫਰਕ ਸਿਰਫ ਇਹ ਹੈ ਕਿ ਦੂਸਰੇ ਧਰਮਾਂ ਵਾਲੇ ਜੋ ਕਰਦੇ ਹਨ ਅਤੇ ਆਪਣੇ ਧਰਮ ਵਿਚ ਜੋ ਅਸੀਂ ਕਰਦੇ ਹਾਂ, ਉਹਨਾਂ ਨੂੰ ਵੇਖਣ ਤੇ ਸਮਝਣ ਵਿੱਚ ਸਾਡਾ ਨਜ਼ਰੀਆ ਵੱਖ-ਵੱਖ ਹੁੰਦਾ ਹੈ. ਜਿਸਨੂੰ ਅਸੀਂ ਸ਼ਰਧਾ ਆਖਦੇ ਹਾਂ । ਜਿਵੇਂ ਮੂਰਤੀ ਵਿਚ ਕੋਈ ਜੋਤ ਸਾਨੂੰ ਦਿਖਾਈ ਨਹੀਂ ਦੇਂਦੀ, ਪਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਵਿੱਚ ਸਾਨੂੰ ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਇਨਸਾਨਾਂ ਵਾਂਗੂ ਦਿਖਾਈ ਦੇਂਦੀ ਹੈ । ਜੋ ਸਾਡੀ ਗੱਲ ਸੁਣਦੀ ਵੀ ਹੈ ਅਤੇ ਸਾਡੀਆਂ ਅਰਦਾਸਾਂ ਵਿੱਚ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਦੀ ਹੈ । ਉਸ ਦੇ ਪੰਨਿਆਂ ਨੂੰ ਵੀ ਕਈ ਮਨੁੱਖੀ ਅੰਗਾ ਵਰਗੂ ਸਮਝਦੇ ਹਨ । ਉਂਝ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਕਬੀਰ ਜੀ ਦਾ ਇਹ ਸ਼ਬਦ ਵੀ ਮੂਰਤੀ ਜਾਂ ਫੋਟੋ ਨੂੰ ਪੂਜਣ ਵਾਲਿਆਂ ਅਤੇ ਉਹਨਾ ਤੇ ਫੁੱਲ ਜਾਂ ਫੁੱਲਾਂ ਦੇ ਹਾਰ ਪਾਉਣ ਵਾਲਿਆਂ ਨੂੰ ਜਿੰਦ ਅਤੇ ਨਿਰਜਿੰਦ ਦੀ ਸੋਝੀ ਨਾ ਹੋਣ ਬਾਰੇ ਤਾਂ ਬੜੇ ਮਾਣ ਨਾਲ ਪੜ੍ਹਕੇ ਸੁਣਾਉਂਦੇ ਹਾਂ ;
ੴ ਸਤਿਗੁਰ ਪ੍ਰਸਾਦਿ ॥
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ।। (ਪੰਨਾ 479):
ਪਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਮਨੁੱਖਾ ਦੇਹ ਵਾਂਗੂ ਆਪ ਸਮਝਦੇ ਹਾਂ ਤਾਂ ਅਸੀਂ ਸੱਭ ਕੁਝ ਭੁੱਲ ਜਾਂਦੇ ਹਾਂ । ਉਹ ਗੱਲ ਵੱਖਰੀ ਹੈ ਕਿ ਅਜਿਹੇ ਆਖਣ ਵਾਲੇ ਲੋਕ ਆਪ ਦਿਲੋਂ ਸਰੀਰਕ ਦੇਹ ਵਾਂਗੂ ਕਿੰਨੇ ਕੁ ਮੰਨਦੇ ਹਨ, ਇਹ ਤਾਂ ਉਹਨਾ ਦੇ ਜੀਵਨ ਤੋਂ ਹੀ ਪਤਾ ਲੱਗ ਸਕਦਾ ਹੈ ।
ਇਕ ਪਾਸੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਸੂਰਜ ਦੇ ਉਲਟ ਪਾਣੀ ਦੇਣ ਵਾਲੀ ਸਾਖੀ ਸਟੇਜਾਂ ਤੋਂ ਬੜੇ ਮਾਣ ਨਾਲ ਸੁਣਾਉਂਦੇ ਸਮੇਂ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਤਰਕ ਨਾਲ ਮੰਨਣ ਵਾਲੇ ਆਖਦੇ ਹਾਂ । ਜਿਹੜੇ ਐਵੇਂ ਵੇਖੋ-ਵੇਖੀ ਕੋਈ ਧਾਰਮਿਕ ਕਰਮ ਨਹੀਂ ਕਰਦੇ, ਪਰ ਜਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈਕੇ ਜਾਂਦੇ ਹਾਂ ਤਾਂ ਡੋਲੂ ਜਾਂ ਗਲਾਸ ਵਿੱਚ ਪਾਣੀ ਨਾਲ ਤੁੱਪਕਾ-ਤੁਪਕਾ ਅੱਗੇ ਛਿੱਣਕਣਾ ਸਾਨੂੰ ਧਰਤੀ ਵੀ ਪਵਿੱਤਰ ਹੁੰਦੀ ਲੱਗਦੀ ਹੈ । ਏਸੇ ਕਰਕੇ ਹਰੇਕ ਧਰਮ ਵਾਲੇ ਨੂੰ ਜੋ ਉਹ ਆਪ ਕਰ ਰਿਹਾ ਹੁੰਦਾ ਹੈ, ਉਸਨੂੰ ਆਪਣੇ ਧਰਮ ਅਨੁਸਾਰ ਉਹ ਸੱਭ ਠੀਕ ਲੱਗਦਾ ਹੈ ।
ਇਕ ਪਾਸੇ ਸਾਡੇ ਭਾਈ ਜੀ ਬੜੇ ਫ਼ਖ਼ਰ ਨਾਲ ਆਖਦੇ ਹਨ ਕਿ ਜਦੋਂ ਯੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਹੋਰਾਂ ਨੂੰ ਉਹਨਾ ਦੇ ਗੁਰੂ ਬਾਰੇ ਪੁੱਛਿਆ ਸੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਮੇਰਾ ਗੁਰੂ :
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥(ਮ:1,ਪੰਨਾ 943) ਹੈ ।
ਪਰ ਇਥੇ ਵੀ ਸਾਡੀ ਕਹਿਣੀ ਅਤੇ ਮੰਨਣੀ ਵਿੱਚ ਫਰਕ ਹੁੰਦਾ ਹੈ ।
ਇਸ ਵਿਸ਼ੇ ਬਾਰੇ ਵਿਆਹੇ ਹੋਏ ਆਦਮੀ ਔਰਤ ਦੀ ਇਕ ਜੋਤਿ ਹੋਣ ਬਾਰੇ ਜੋ ਗੁਰਬਾਣੀ ਸਮਝਾਉਂਦੀ ਹੈ, ਉਹ ਸਮਝਣ ਲਈ ਬਹੁਤ ਹੀ ਸਿੱਧਾ ਸਾਦਾ ਤਰੀਕਾ ਲੱਗਾ ਹੈ :
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥
ਕੀ ਇਸ ਸ਼ਬਦ ਅਨੁਸਾਰ ਕਿਸੇ ਦੇ ਸਰੀਰ ਵਿਚੋਂ ਕੋਈ ਜੋਤ ਨਿਕਲ ਕੇ ਗਈ ਹੈ ਜਾਂ ਸਿਰਫ ਦੋਹਾਂ ਦੀ ਵਿਚਾਰਧਾਰਾ ਹੀ ਇਕ ਹੋਈ ਹੈ ? ਜੇਕਰ ਇਥੇ ਆਪਾਂ ਦੌਹਾਂ ਦੀ ਵਿਚਾਰਧਾਰਾ ਇਕ ਹੋਣ ਨੂੰ ਦੋਵਾਂ ਜੋਤਾਂ ਦਾ ਇਕ ਹੋਣਾ ਮੰਨਦੇ ਹਾਂ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੀਕਰ ਚਲਾਈ ਵਿਚਾਰਧਾਰਾ ਨੂੰ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਗੁਰੂ ਦੇ ਰੂਪ ਵਿਚ ਹੈ, ਕੀ ਉਹ ਵਿਚਾਰਧਾਰਕ ਜੋਤ ਨਹੀਂ ? ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ‘ਸ਼ਬਦ ਗੁਰੂ’ ਨੂੰ ਗੁਰੂ ਮੰਨਣ ਵਾਲਿਆਂ ਨੂੰ ਵਿਚਾਰਨ ਦੀ ਲੋੜ ਹੈ ਕਿ ਅਸੀਂ ਅਰਦਾਸ ਕਰਦੇ ਸਮੇਂ “ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ”!!
ਗੁਰਮਤਿ ਅਨੁਸਾਰ ਦਸਾਂ ਪਾਤਸ਼ਾਹੀਆਂ ਦੀ ਜੋਤ ਤੋਂ ਕੀ ਭਾਵ ਲੈਂਦੇ ਹਾਂ ਜਾਂ ਲੈਣਾ ਚਾਹੀਦਾ ਹੈ
ਗੁਰਸ਼ਰਨ ਸਿੰਘ ਕਸੇਲ
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਤੋਂ ਭਾਵ
Page Visitors: 2620