ਸੌਦਾ ਸਾਧ 20 ਸਾਲ ਲਈ ਅੰਦਰ ਪਰ...?
ਗੁਰਦੇਵ ਸਿੰਘ ਸੱਧੇਵਾਲੀਆ
ਸੌਦਾ ਸਾਧ 20 ਸਾਲ ਲਈ ਗਿਆ! ਯਾਣੀ ਹੁਣ ਤਾਂ ਉਹ ਗਿਆ ਹੀ? ਪਰ ਸਵਾਲ ਇਹ ਹੈ ਕਿ ਸੌਦੇ ਦੇ ਜਾਣ ਨਾਲ ਸੌਦਾ ਸੱਚ ਹੀ ਗਿਆ? ਵੱਡਾ ਭੁਲੇਖਾ ਹੈ ਇਹ ਜੇ ਅਸੀਂ ਇਉਂ ਸੋਚਦੇ ਹਾਂ। ਸੌਦਾ ਜਾ ਨਹੀਂ ਸਕਦਾ ਸੌਦਾ ਤਾਂ ਤਿਆਰ ਖੜਾ ਹੈ, ਪਰ ਨਵੇਂ ਰੂਪ ਵਿਚ, ਨਵੇਂ ਜੋਸ਼ ਵਿਚ! ਧਰਤੀ ਜਦ ਜ਼ਰਖੇਦ ਹੈ, ਧਰਤੀ ਜਦ ਥਾਂ ਦੇ ਰਹੀ ਤਾਂ ਅਜਿਹੇ ਕੰਡਿਆਲੇ ਜੰਗਲਾਂ ਨੂੰ ਉਗਣ ਤੋਂ ਤੁਸੀਂ ਕਿਵੇਂ ਰੋਕ ਸਕਦੇ ਹੋਂ।
ਮੈਂ ਇੱਕ ਵਾਰ ਕਹਾਣੀ ਲਿਖੀ ਸੀ ਕਿ ਮੇਰੇ ਘਰ ਦੇ ਪਿੱਛੇ ਜੰਗਲ ਕਿਵੇਂ ਵੱਧਦਾ ਆ ਰਿਹਾ ਮੇਰੇ ਘਰ ਨੂੰ ਜੰਗਲ ਵੰਨੀ ਧੂਹੀ ਜਾ ਰਿਹਾ ਸੀ ਕਿਉਂਕਿ ਪਹਿਲੇ ਰਹਿੰਦੇ ਬੁੱਢੇ ਹੋ ਚੁੱਕੇ ਗੋਰੇ ਦਾ ਜੰਗਲ ਨੂੰ ਘਰ ਤੋਂ ਦੂਰ ਰੱਖਣਾ ਵਸੋਂ ਬਾਹਰ ਹੋ ਚੁੱਕਾ ਸੀ। ਪਰ ਅਸੀਂ ਕਿਉਂਕਿ ਨਵੇਂ ਜੋਸ਼ ਵਿਚ ਆਏ ਸਾਂ ਅਸੀਂ ਜੰਗਲ ਨੂੰ ਅਪਣੇ ਘਰ ਤੋਂ ਦੂਰ ਛੱਡ ਆਏ ਪਰ ਯਾਦ ਰਹੇ ਕਿ ਇੱਕ ਵਾਰੀ ਛੱਡ ਆਉਂਣ ਨਾਲ ਜੰਗਲ ਹਮੇਸ਼ਾਂ ਲਈ ਚਲੇ ਨਹੀਂ ਜਾਂਦਾ ਜਦ ਤੱਕ ਤੁਸੀਂ ਬਾਅਦ ਵਿਚ ਵੀ ਬਕਾਇਦਾ ਉਸ ਦੀ ਦੇਖ ਭਾਲ ਨਾ ਕਰਦੇ ਰਹੋਂ।
ਪਰ ਸਾਡੇ ਕੀ ਹੋਇਆ ? ਅਸੀਂ ਵੱਡਾ ਬਣ ਚੁੱਕਾ ਰੁੱਖ ਨਰਕਧਾਰੀਆ ਪੁੱਟ ਮਾਰਿਆ ਪਰ ਕੀ ਮੁੜ ਜੰਗਲ ਉਗਣੋਂ ਹਟ ਗਿਆ? ਹੁਣ ਤਾਂ ਜੰਗਲ ਨੇ ਘਰ ਹੀ ਮੇਰਾ ਦਿੱਸਣੋ ਹਟਾ ਦਿੱਤਾ। ਨਿੱਕੀਆਂ ਝਾੜੀਆਂ ਤੋਂ ਲੈ ਕੇ ਵੱਡੇ ਰੁੱਖਾਂ ਤੱਕ ਪਤਾ ਹੀ ਨਹੀਂ ਲੱਗਦਾ ਜੰਗਲ ਕਿੰਨਾ ਘਣਾ ਹੋ ਚੁੱਕਾ। ਪੰਜਾਬ ਦੇ ਹਰੇਕ ਮੋੜ ਤੇ ਡੇਰਾ। ਹਰੇਕ ਜਾਂਦਾ ਪੈਹਾ ਕਿਸੇ ਡੇਰੇ ਨੂੰ ਜਾਂਦਾ। ਕਿਸੇ ਸਾਧ ਵੰਨੀ!
ਇਸ ਸੰਤ ਗਿਰੀ ਦੇ ਡੇਰਿਆਂ ਕੱਚੀਆਂ ਤੇ ਬਿਮਾਰ ਖੁਰਾਕਾਂ ਦੇ ਦੇ ਕੌਮ ਬੁੱਢੀ ਕਰ ਮਾਰੀ ਹੈ ਜਿਸ ਦੀ ਵਸੋਂ ਬਾਹਰ ਹੁੰਦਾ ਜਾ ਰਿਹਾ ਇਹ ਜੰਗਲ, ਜਿਸ ਨੇ ਪੁੱਤਰਾਂ ਦੇ ਸੀਸ ਲਾ ਲਾ ਖੜਾ ਕੀਤਾ ਖਾਲਸਾ ਜੀ ਦਾ ਘਰ ਜੰਗਲ ਕਰ ਮਾਰਿਆ ਹੈ ਤੇ ਹੁਣ ਪਛਾਣ ਹੀ ਨਹੀਂ ਰਹਿ ਗਈ ਜਾਪਦੀ ਕਿ ਘਰ ਕਿਹੜਾ ਤੇ ਜੰਗਲ ਕਿਹੜਾ।
'ਖਾਲਸਾ ਜੀ' ਗਾਤਰਾ ਵੀ ਪਾਈ ਫਿਰਦਾ ਤੇ ਸ਼ਨੀ ਦੇ ਛੋਲੇ ਵੀ ਚੱਕੀ ਫਿਰਦਾ ਤੇ ਕਦੇ ਕਿਸੇ ਕੁੱਤੇ ਮੂਤ ਕੇ ਗਏ ਨੰਗ ਦੀ ਕਬਰ 'ਤੇ ਸਿਰ ਵੀ ਸੁੱਟੀ ਫਿਰਦਾ।
ਸੌਦਾ ਪੰਜਾਬ ਦੀ ਹਿੱਕ ਤੇ ਨੱਚਿਆ ਕਈ ਦਹਾਕੇ ਕਿਉਂਕਿ ਉਸ ਨੂੰ ਨੱਚਣ ਦਿੱਤਾ ਗਿਆ ਜਿਸ ਵਿਚ ਬਾਦਲਕੇ ਅਤੇ ਲੂੰਗੀਆਂ ਵਾਲੇ ਖਾਸ ਕਰ ਸ਼ਾਮਲ ਸਨ। ਹੁਣ ਉਹ ਅਪਣੇ ਹੀ ਪਾਪਾਂ ਦੇ ਭਾਰ ਨਾਲ ਡਿੱਗਾ।
ਅਸੀਂ ਉਸ ਨੂੰ ਚੈਲਿੰਜ ਰੂਪ ਵਿਚ ਕਦੇ ਨਹੀਂ ਲਿਆ। ਬੰਦੇ ਨੂੰ ਮਾਰ ਦੇਣਾ ਹੀ ਕੀ ਕਾਫੀ ਹੁੰਦਾ? ਬੰਦਾ ਦਰਅਸਲ ਉਸ ਸਮੇ ਮਰਦਾ ਜਦ ਤੁਸੀਂ ਉਸ ਦੀ ਵਿਚਾਰਧਾਰਾ ਨੂੰ ਮਾਰਦੇਂ। ਯਾਣੀਂ ਜੰਗਲ ਨੂੰ ਮੁੱਢੋਂ ਪੁੱਟਦੇਂ?
ਉਪਰੋਂ ਛਾਗੀਂ ਜਾਉ ਕੁਝ ਚਿਰਾਂ ਨੂੰ ਉਹ ਫਿਰ ਹਰਿਆ ਭਰਿਆ! ਸਗੋਂ ਪਹਿਲਾਂ ਨਾਲੋਂ ਵੀ ਜੋਰ ਵਿਚ!
ਗੁਰੂ ਨਾਨਕ ਸਾਹਿਬ ਭਗਤ ਕਬੀਰ ਜੀ ਵਰਗਿਆਂ ਦੀ ਇਨਕਲਾਬੀ ਤੇ ਤਿੱਖੀ ਵਿਚਾਰਧਾਰਾ ਦੇ ਹੁੰਦਿਆਂ ਜੇ ਜੰਗਲ ਸਾਡੀ ਵਾਹ ਨਹੀਂ ਜਾਣ ਦਿੰਦਾ ਤਾਂ ਅਸੀਂ ਪੁੱਜ ਕੇ ਮੂਰਖਾਂ ਦੀ ਕੌਮ ਹਾਂ ਜਿਸ ਕੋਲੇ ਹਥਿਆਰ ਹੁੰਦੇ ਵੀ ਲੰਡੂ ਜਿਹੇ ਦੁਸ਼ਮਣ ਵੀ ਵਾਰੀ ਸਾਡੀਆਂ ਗੋਡੀਆਂ ਲਵਾਈ ਫਿਰਦੇ!
ਅਗਲੀ ਹੈਰਾਨੀ ਦੀ ਗੱਲ ਵੇਖੋ
ਕਿ ਡੇਰਾ ਹੀ ਡੇਰੇ ਨੂੰ ਡੇਰਾ ਕਹਿਕੇ ਉਸ ਦੀ ਬਦਖੋਈ ਕਰ ਰਿਹੈ! ਖੁਦ ਗੁਰੂਡੰਮ ਚਲਾ ਰਹੇ ਡੇਰੇ ਸਿੱਖਾਂ ਵਲੋਂ ਹੋ ਕੇ ਗੁਰੂਡੰਮ ਖਿਲਾਫ ਲੜ ਰਹੇ ਹਨ? ਤੁਹਾਡੇ ਨਾਨਕਸਰੀਏ, ਰਾੜੇ, ਰਤਵਾੜੇ, ਮਸਤੂਆਣੇ ਕੀ ਹਨ? ਇਹ ਗੁਰੂਡੰਮ ਨਹੀਂ ? ਇਹ ਵੀ ਉਸੇ ਜੰਗਲ ਦਾ ਹਿੱਸਾ ਨਹੀਂ ਜਿਸ ਤੁਹਾਡੇ ਘਰ ਨੂੰ ਜੰਗਲ ਵਰਗਾ ਕਰ ਦਿੱਤਾ? ਜਿੰਨਾ ਚਿਰ ਅਸੀਂ ਜੰਗਲ ਅਤੇ ਘਰ ਦੀ ਪਛਾਣ ਨਹੀਂ ਕਰਦੇ ਉਨ੍ਹਾਂ ਚਿਰ ਗੁਰੂਡੰਮ ਵਾਲਾ ਜੰਗਲ ਤੁਹਾਡੇ ਘਰ ਦਾ ਨਾਸ ਮਾਰਦਾ ਰਹੇਗਾ ਤੇ ਜੰਗਲ ਤੁਹਾਡੇ ਘਰ ਨੂੰ ਜੰਗਲ ਵਿਚ ਸਮੋ ਲਵੇਗਾ!
ਸੌਦੇ ਦੇ ਜਿਹਲ ਜਾਣ ਨਾਲ ਕੁਝ ਨਹੀਂ ਹੋਣ ਵਾਲਾ, ਉਸ ਪਾਪ ਕੀਤੇ, ਉਸ ਨੂੰ ਸਜਾ ਮਿਲ ਗਈ, ਪਰ ਕੀ ਸਾਡੇ ਲਈ ਗੱਲ ਖਤਮ ਹੋ ਗਈ?
ਧਿਆਨ ਦੇਣਾ ਤਾਂ ਅਪਣੇ ਲੂੰਗੀ ਮਹਿਕਮਾ, ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਵਰਗੇ ਅਬਦਾਲੀ ਫੌਜਾਂ ਵੰਨੀ ਦਿਓ ਜਿਹੜੇ ਤੁਹਾਡੇ ਵਿਹੜਿਆਂ ਵਿਚ ਜੰਗਲ ਗੱਡ ਕੇ ਜਾਂਦੇ ਹਨ ਅਤੇ ਤੁਹਾਡੀ ਮੂਰਖਤਾ ਨੂੰ ਅਪਣੇ ਹੱਕ ਵਿਚ ਭੁਗਤਾਉਂਣ ਖਾਤਰ ਤੁਹਾਡੇ ਵਲੋਂ ਮੰਨੇ ਜਾਂਦੇ ਨੰਗਾਂ ਨੂੰ ਸੰਤ ਅਤੇ ਬ੍ਰਹਮਗਿਆਨੀਆਂ ਦੇ ਖਿਤਾਬ ਦੇ ਕੇ ਜਾਂਦੇ ਹਨ। ਜਿੰਨਾ ਚਿਰ ਤੁਸੀਂ ਅਸੀਂ ਡੇਰਿਆਂ ਦੀ ਭੀੜ ਬਣਨੋਂ ਨਹੀਂ ਹਟਦੇ ਉਨ੍ਹਾਂ ਚਿਰ ਇਹ ਜੰਗਲ ਇਉਂ ਹੀ ਤੁਹਾਡੇ ਘਰਾਂ ਦੀਆਂ ਦੀਵਾਰਾਂ ਟੱਪਦੇ ਰਹਿਣਗੇ ਅਤੇ ਕਿਸੇ ਦਿਨ ਇਹ ਜੰਗਲ ਤੁਹਾਡੇ ਘਰ ਦੀ ਪਹਿਚਾਣ ਖਤਮ ਕਰ ਦੇਣਗੇ!
ਨਹੀਂ ?
ਗੁਰਦੇਵ ਸਿੰਘ ਸੱਧੇਵਾਲੀਆ
ਸੌਦਾ ਸਾਧ 20 ਸਾਲ ਲਈ ਅੰਦਰ ਪਰ...?
Page Visitors: 2540