ਪੰਥ ਰਤਨ ਗਿਆਨੀ ਦਿੱਤ ਸਿੰਘ ਜੀ
ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਸਖਸ਼ੀਅਤ ਨੂੰ ਨਿਖਾਰਦੇ ਹੋਏ ਉਹਨਾਂ ਦੇ ਸਮਕਾਲੀ ਵਿਦਵਾਨ ਅਤੇ ਲੇਖਕ ਉਹਨਾਂ ਦੀ ਸਮਾਜ ਪ੍ਰਤੀ ਚਿੰਤਾ, ਦਰਦ ਅਤੇ ਕੌਮ ਪ੍ਰਤੀ ਕੀਤੀ ਗਈ ਸਖਤ ਘਾਲਣਾ ਦੇ ਬਦਲੇ ਵਿੱਚ ਆਪ ਜੀ ਲਈ 'ਸੁੱਤੀ ਕੌਮ ਜਗਾਉਣ ਵਾਲੇ' ਵਰਗੇ ਵਾਕ ਵਰਤਦੇ ਹਨ। ਗਿਆਨੀ ਦਿੱਤ ਸਿੰਘ ਜੀ ਦਾ ਜਨਮ ੨੧ ਅਪ੍ਰੈਲ ੧੮੫੦ (ਕੁੱਝ ਵਿਦਵਾਨਾਂ ਦੇ ਮੱਤ ਅਨੁਸਾਰ ੧੮੫੩) ਨੂੰ ਪਿਤਾ ਬਾਬਾ ਦੀਵਾਨ ਦੇ ਘਰ ਅਤੇ ਮਾਤਾ ਰਾਮ ਕੌਰ ਦੀ ਕੁਖੋਂ ਪਿੰਡ ਨੰਦਪੁਰ ਕਲੌੜ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੋਇਆ ਸੀ। ਅਪ ਦਾ ਬਚਪਨ ਦਾ ਨਾਮ ਦਿੱਤਾ ਰਾਮ ਸੀ ਜੋ ਬਾਅਦ ਵਿੱਚ ਆਪ ਜੀ ਦੀ ਵਿਦਵਤਾ ਦੇ ਝੰਡੇ ਗੱਡਣ ਤੋਂ ਬਾਅਦ ਗਿਆਨੀ ਦਿੱਤ ਸਿੰਘ ਵੱਜੋਂ ਮਸ਼ਹੂਰ ਹੋਇਆ।
ਆਪ ਸਿੰਘ ਸਭਾ ਲਹਿਰ ਦੇ ਮੋਢੀਆ ਆਗੂਆਂ ਵਿੱਚੋਂ ਸਨ। ਉਸਤੋਂ ਇਲਾਵਾ ਆਪ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਤੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਵਜੋਂ ਜਾਣੇ ਜਾਂਦੇ ਹਨ। ਸਾਹਿਤਕ ਖੇਤਰ ਵਿੱਚ ਆਪ ਜੀ ਨੇ ਲਗਭਗ ੭੫ ਦੇ ਕਰੀਬ ਪੁਸਤਕਾਂ ਲਿਖੀਆਂ। ਬਤੌਰ ਇੱਕ ਸਫਲ ਭਾਸ਼ਣਕਾਰ (ਬੁਲਾਰੇ) ਵਜੋਂ ਵਿਸ਼ੇਸ਼ ਪਹਿਚਾਣ ਬਣਾਈ। ਸਮਾਜ ਵਿੱਚ ਚੱਲ ਰਹੇ ਧਰਮ ਦੇ ਨਾਂ ਉੱਤੇ ਕਰਮਕਾਂਡਾਂ/ਅੰਧਵਿਸ਼ਵਾਸ਼ਾਂ ਅਤੇ ਪਾਖੰਡਵਾਦ ਉੱਤੇ ਆਪਣੀ ਕਲਮ ਰਾਹੀਂ ਨਿਡਰਤਾ ਨਾਲ ਕਰਾਰੀ ਚੋਟ ਕਰਕੇ ਆਪ ਜੀ ਨੇ ਇੱਕ ਸਫਲ ਪੱਤਰਕਾਰ ਵੱਜੋਂ ਆਪਣੀ ਪਹਿਚਾਣ ਆਪ ਬਣਾਈ। ਬਤੌਰ ਸਮਾਜ ਸੁਧਾਰਕ ਆਪ ਨੇ ਜਾਤੀਵਾਦ ਉੱਤੇ ਹਮੇਸ਼ਾਂ ਦਲੇਰੀ ਨਾਲ ਸਪੱਸ਼ਟ ਲਫਜ਼ਾਂ ਨਾਲ ਕਟਾਕਸ਼ ਕੀਤਾ। ਸਾਰੀ ਉਮਰ ਆਪ ਜੀ ਨੇ ਸਮਾਜ ਸੁਧਾਰ ਲਈ ਕਲਮ ਨਾਲ, ਭਾਸ਼ਣਾਂ ਨਾਲ ਸੇਵਾ ਬੇਰੋਕ ਜਾਰੀ ਰੱਖੀ। ਸਾਧੂ ਦਇਆ ਨੰਦ ਨੂੰ ਤਿੰਨ ਵਾਰ ਵਿਚਾਰ ਚਰਚਾ ਵਿੱਚ ਹਰਾਉਣ ਤੋਂ ਬਾਅਦ ਆਪ ਜੀ ਦੀ ਵਿਦਵਤਾ ਅਤੇ ਲਿਆਕਤ ਦੀ ਗੂੰਜ ਹਰ ਪਾਸੇ ਗੂੰਜਣੀ ਸ਼ੁਰੂ ਹੋ ਗਈ। ਖਾਲਸਾ ਅਖਬਾਰ ਦੇ ਮਾਧਿਅਮ ਰਾਹੀਂ ਆਪ ਜੀ ਨੇ ਸਿੱਖ ਕੌਮ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਗੁਰਬਾਣੀ ਵਿਆਖਿਆਕਾਰ/ਟੀਕਾਕਾਰ ਅਤੇ ਇਤਿਹਾਸਕਾਰ ਦੇ ਤੌਰ ਤੇ ਆਪ ਜੀ ਦੀ ਪ੍ਰਾਪਤੀਆਂ ਅਤੇ ਖੋਜਾਂ ਅੱਜ ਵੀ ਵਿਦਿਆਰਥੀਆਂ ਅਤੇ ਜਗਿਆਸੂਆਂ ਲਈ ਚਾਨਣ ਮੁਨਾਰਾ ਹਨ।
ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਤੇ ਅਦਾਰੇ ਜਿਵੇਂ ਸਿੰਘ ਸਭਾ ਲਹਿਰ, ਖ਼ਾਲਸਾ ਦੀਵਾਨ, ਖਾਲਸਾ ਸਕੂਲ ਅਤੇ ਕਾਲਜ, ਗੁਰਮਤਿ ਵਿਦਿਆਲੇ, ਗੁਰਮੁਖੀ ਅਖ਼ਬਾਰ, ਖ਼ਾਲਸਾ ਅਖਬਾਰ, ਸਿੰਘ ਸਭਾ ਲਾਹੌਰ ਦੇ ਉਸਰੱਈਆਂ ਅਤੇ ਸੰਚਾਲਕਾਂ ਵੱਜੋਂ ਆਪ ਜੀ ਦਾ ਨਾਮ ਮੁੱਖ ਰੂਪ ਵਿੱਚ ਸਾਹਮਣੇ ਆਉਂਦਾ ਹੈ। ਗੁਣਾਂ ਦੀ ਖਾਨ ਹੋਣ ਦੇ ਬਾਵਜੂਦ ਆਪ ਜੀ ਨੇ ਸਾਰਾ ਸਮਾਂ ਪੰਥ ਦੀ ਚੜ੍ਹਦੀ ਕਲਾ ਲਈ ਬਤੀਤ ਕੀਤਾ। ਆਪ ਆਪਣੇ ਸਾਥੀਆਂ ਪ੍ਰੋ. ਗੁਰਮੁੱਖ ਸਿੰਘ ਜੀ ਅਤੇ ਸ. ਜਵਾਹਰ ਸਿੰਘ ਕਪੂਰ ਦੇ ਸਾਂਝੇ ਸਹਿਯੋਗ ਸਦਕਾ ਹਮੇਸ਼ਾਂ ਹੀ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਦੇ ਗਏ ਅਤੇ ਆਪਣੀ ਵਿਦਵਤਾ ਦੇ ਮੀਲ ਪੱਥਰ ਸਥਾਪਿਤ ਕਰਦੇ ਗਏ।
ਬਿਨ੍ਹਾਂ ਸ਼ੱਕ ਆਪ ਜੀ ਦੀ ਦਲੇਰੀ, ਜੁਅਰੱਤ ਅਤੇ ਸੱਚ ਦੇ ਮੁੱਦਈ ਹੋਣ ਕਰਕੇ ਆਪ ਜੀ ਨੂੰ ਪੰਥ ਵਿਰੋਧੀਆਂ ਅਤੇ ਸਮਾਜ ਵਿਰੱੋਧੀ ਲੋਕਾਂ ਦੇ ਵਿਰੋਦ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਆਪ ਜੀ ਵਿਰੁੱਧ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਅਖੌਤੀ ਹੁਕਮਨਾਮੇ ਵੀ ਜਾਰੀ ਕਰਵਾਏ ਗਏ ਅਤੇ ਖਾਲਸਾ ਅਖਬਾਰ ਬੰਦ ਕਰਵਾਉਣ ਲਈ ਅਤੇ ਆਪ ਜੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਅਦਾਲਤੀ ਮੁੱਕਦੇ ਵੀ ਆਪ ਵਿਰੁੱਧ ਚਲਾਏ ਗਏ। ਇਸ ਸੱਭ ਕਾਸੇ ਦੇ ਬਾਵਜੂਦ ਆਪ ਜੀ ਕਦੇ ਨਾ ਡੋਲੇ ਅਤੇ ਆਪ ਸਮੇਂ 'ਤੇ ਚੱਲ ਰਹੇ ਹਰ ਮੁੱਦੇ ਅਤੇ ਹਰ ਵਿਸ਼ੇ ਉੱਤੇ ਖੁੱਲ ਕੇ ਵਿਚਾਰ ਦਿੰਦੇ ਸਨ, ਭਾਵੇਂ ਉਹ ਧਰਮ ਨਾਲ ਜੁੜਿਆ ਹੁੰਦਾ ਸੀ, ਰਾਜਨੀਤੀ ਨਾਲ ਜਾਂ ਫਿਰ ਸਮਾਜ ਦੇ ਕਿਸੇ ਵੀ ਵਰਗ/ਹਿੱਸੇ ਨਾਲ ਜੁੜਿਆ ਹੁੰਦਾ ਸੀ, ਆਪ ਆਪਣੀ ਗੱਲ ਬੜੇ ਸਪੱਸ਼ਟ ਲਫਜ਼ਾਂ ਵਿੱਚ ਲੋਕਾਂ ਸਾਹਮਣੇ ਰੱਖਦੇ ਸਨ ਅਤੇ ਉਹਨਾਂ ਨੂੰ ਸੁਚੇਤ ਕਰਦੇ ਸਨ। ਹਰ ਚਲੰਤ ਮਸਲੇ ਤੋਂ ਬਿਨ੍ਹਾਂ ਆਪ ਜੀ ਨੇ ਗੁਰੂ ਇਤਿਹਾਸ, ਗੁਰੂ ਕਾਲ ਦੇ ਪ੍ਰਸੰਗਾਂ, ਸ਼ਹੀਦੀ ਪ੍ਰਸੰਗਾਂ/ਸਾਕਿਆਂ, ਸਿੱਖ ਸ਼ਹਾਦਤਾਂ, ਗੁਰਬਾਣੀ ਅਰਥਾਂ ਅਤੇ ਗੁਰਬਾਣੀ ਵਿਆਖਿਆ ਉੱਤੇ ਵੀ ਆਪਣੀ ਕਲਮ ਖੂਬ ਚਲਾਈ। ਕਾਵਿ ਰੂਪ ਵਿਚ ਲਿਖੀਆਂ ਆਪ ਜੀ ਦੀਆਂ ਲਿਖਤਾਂ ਅੱਜ ਵੀ ਕਾਵਿ ਰੂਪ ਦੇ ਕਈ ਭੇਦਾਂ ਨੂੰ ਖੋਲਣ ਦੇ ਨਾਲ ਆਪਣੇ ਅੰਦਰ ਸਾਹਿਤ ਦਾ ਸਮੁਦੰਰ ਸਮੋਈ ਬੈਠੀਆਂ ਹਨ।
ਅਜੇ ਕਿ ਆਪ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਣਛਪਈਆਂ ਪਈਆਂ ਵੀ ਮੰਨੀਆਂ ਜਾਂਦੀਆਂ ਹਨ ਅਤੇ ਕਾਫੀ ਰਚਨਾਵਾਂ ਕੁੱਝ ਸਿੱਖ ਸੰਸਥਾਂਵਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਛਾਪੀਆਂ ਗਈਆਂ ਹਨ।
ਸਾਰੀ ਜਿੰਦਗੀ ਪੰਥ, ਕੌਮ ਅਤੇ ਮਾਨਵਤਾ ਨੂੰ ਸਮਰਪਤ ਕਰਦੇ ਹੋਏ ਪ੍ਰਮਾਤਮਾ ਵੱਲੋਂ ਬਖਸ਼ੇ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗ ਕੇ, ਰੱਬੀ ਹੁਕਮਾਂ ਅਨੁਸਾਰ ਮਿਤੀ 6 ਸਤੰਬਰ 1901 ਨੂੰ ਆਪ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ ਅਤੇ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਸ ਗਮਗੀਨ ਮੌਕੇ ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀਆਂ ਕੁੱਝ ਸਤਰਾਂ ਆਪ ਪਾਠਕਾਂ ਨਾਲ ਸਾਂਝੀਆਂ ਕਰਕੇ ਕਲਮ ਰੋਕਦਾ ਹਾਂ:
ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ, ਕੌਮ ਬੈਠੀ ਸਿਰ੍ਹਾਣੇ ਜਗਾਵੇ।
ਕਿਉਂ ਕੀਤੀ ਨੀਂਦ ਪਿਆਰੀ, ਕਿਉਂ ਜਾਗ ਤੁਹਾਨੂੰ ਨਾ ਆਵੇ?
ਕਦੀ ਕੌਮ ਜਗਾਈ ਸੀ ਤੈਨੇ, ਲੰੇ ਕੱਢ ਕੱਢ ਵੈਣ ਤੇ ਹਾਵੇ,
ਹਾ! ਜਗਾਇਕੇ ਕੌਮ ਭੁਲੱਕੜ, ਆਪ ਸੌਂ ਗਏ ਹੋਇ ਬੇਦਾਵੇ।
ਆਪਣੀ ਵਾਰੀ ਤੇ ਹੁਣ ਜਾਗੋ, ਏਹ ਨੀਂਦ ਨਾ ਸਾਨੂੰ ਭਾਵੇ।
ਆਪ ਜੀ ਦੇ ਦੇਹਾਂਤ ਮੌਕੇ ਭਾਈ ਵੀਰ ਸਿੰਘ ਜੀ ਨੇ ਆਪਣੇ ਪਰਚੇ ਵਿੱਚ ਲਿਖੇ ਲੇਖ ਦਾ ਸਿਰਲੇਖ ਦਿੱਤਾ ਸੀ, 'ਕੌਮ ਲੁੱਟੀ ਗਈ'। ਆਉ ! ਅੱਜ ਉਸ ਮਹਾਨ ਸਖਸ਼ੀਅਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਪਣੇ ਮਨਾਂ ਅੰਦਰ ਫੈਲੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਗਿਆਨ ਦੇ ਦੀਵੇ ਬਾਲੀਏ। ਆਮੀਨ!!
ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।