ਅਸੀਂ ਬੜੀ ਸ਼ਾਨ ਨਾਲ ਹੋਲਾ-ਮਹੱਲਾ ਮਨਾਇਆ !
ਦਸਵੇਂ ਨਾਨਕ , ਗੁਰੂ ਗੋਬਿੰਦ ਸਿੰਘ ਜੀ ਨੇ , ਹਾਲਾਤ ਦੇ ਬਦਲਣ ਦੇ ਨਾਲ , ਸਿੱਖੀ ਦੀ ਬਦਲਦੀ ਨੁਹਾਰ ਨੂੰ ਸਾਰਥਿਕ ਮੋੜ ਦੇਂਦਿਆਂ , ਸਿੱਖਾਂ ਨੂੰ ਇਕ ਗੱਲ ਸਮਝਾਈ ਕਿ , ਹੁਣ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ , ਰੱਬ ਦੀ ਕੁਦਰਤ ਵਿਚ ਵੰਡੀਆਂ ਪਾਉਣ ਵਾਲੇ ਧਰਮਾਂ ਨੇ (ਇਹ ਸਭ ਪ੍ਰਚਲਤ ਧਰਮ , ਕਰਤਾਰ ਵਲੋਂ ਦਿੱਤੀਆਂ ਦਾਤਾਂ ਤੇ ਕਬਜ਼ਾ ਕਰਨ ਦੇ ਚਾਹਵਾਨ , ਕੁਦਰਤ ਵਿਚ ਵੰਡੀਆਂ ਪਾ ਕੇ ਆਮ ਜੰਤਾ ਨੂੰ , ਆਪਸ ਵਿਚ ਪਾੜ ਕੇ ਆਪਣਾ ਸਵਾਰਥ ਸਿੱਧ ਕਰਨ ਵਾਲੇ ਹਨ) ਸਿੱਖੀ ਸਿਧਾਂਤ (ਪਰਮਾਤਮਾ ਦਾ ਬਣਾਇਆ ਹੋਇਆ , ਸਿਰਫ ਇਕੋ ਹੀ ਧਰਮ ਹੈ , ਹਰੀ ਦਾ ਨਾਮ ਜਪਣਾ , ਪ੍ਰਭੂ ਦੇ ਹੁਕਮ ਵਿਚ ਚੱਲਣਾ ਅਤੇ ਨਿਰਮਲ ਕਰਮ ਕਰਨੇ ) ਸਭ ਬੰਦੇ ਇਕ ਸਮਾਨ ਹਨ , ਕਰਤਾਰ ਦੀ ਹਰ ਦਾਤ ਸਭ ਲਈ ਸਾਂਝੀ ਹੈ , ਨੂੰ ਬਰਦਾਸ਼ਤ ਨਹੀਂ ਕਰਨ ਵਾਲੇ । ਤੁਹਾਨੂੰ , ਦੁਨੀਆਂ ਵਿਚ ਹੁੰਦੀਆਂ ਆਈਆਂ ਲੜਾਈਆਂ ਦੇ ਕਾਰਨਾਂ , ਜ਼ਰ (ਦੌਲਤ) ਜ਼ਨ (ਇਸਤ੍ਰੀ) ਅਤੇ ਜ਼ਮੀਨ ਤੇ ਕਬਜ਼ਾ ਕਰਨ ਦੇ ਧਾਰਨੀ ਨਾ ਹੋਣ ਤੇ ਵੀ , ਸਿੱਖੀ ਦੇ ਸਿਧਾਂਤਾਂ ਦੀ ਰਾਖੀ ਲਈ ਲੜਾਈਆਂ ਲੜਨੀਆਂ ਹੀ ਪੈਣੀਆਂ ਹਨ , ਜਿਸ ਦੀ ਤਿਆਰੀ ਲਈ , ਤੁਹਾਨੂੰ ਹੋਲੇ-ਮਹੱਲੇ ਨਾਲ ਜੁੜਨ ਦੀ ਲੋੜ ਹੈ ।
ਅੱਜ ਤੋਂ ਤੁਹਾਡਾ ਇਕੋ ਹੀ ਤਿਉਹਾਰ ਹੋਣਾ ਚਾਹੀਦਾ ਹੈ , ਜਦ ਵੀ ਮੌਕਾ ਮਿਲੇ , ਦੁਸ਼ਮਣ ਦੇ ਹਮਲਿਆਂ ਤੋਂ ਬਚਣ ਲਈ ਜੰਗੀ ਮਸ਼ਕਾਂ ਕਰਨੀਆਂ , ਦੁਸ਼ਮਣ ਤੋਂ ਬਚਣ ਦੇ ਢੰਗਾਂ ਬਾਰੇ ਵਿਚਾਰ ਕਰਨੀ , ਨੌਜਵਾਨ ਹੁੰਦੇ ਪਏ ਸਿੱਖਾਂ ਨੂੰ ਉਨ੍ਹਾਂ ਢੰਗਾਂ ਬਾਰੇ ਜਾਣਕਾਰੀ ਦੇਣੀ , ਵੇਲੇ-ਕੁਵੇਲੇ ,ਉਸ ਦੀ ਪ੍ਰੈਕਟਿਸ ਕਰਵਾ ਕੇ ਨੌਜਵਾਨਾਂ ਨੂੰ ਉਸ ਵਿਚ ਮਾਹਰ ਬਨਾਉਣਾ । ਤਾਂ ਜੋ ਉਹ ਸਾਰੀ ਉਮਰ ਆਪਣੀ ਰਾਖੀ ਕਰਨ ਦੇ ਕਾਬਲ ਹੋ ਜਾਣ । ਇਕ ਗੱਲ ਹੋਰ ਚੰਗੀ ਤਰ੍ਹਾਂ ਸਮਝਣ ਦੀ ਹੈ ਕਿ (ੌਡਡੲਨਚੲ ਸਿ ਟਹੲ ਬੲਸਟ ਦੲਡੲਨਚੲ) ਲੜਾਈ ਲਈ ਤਿਆਰ ਰਹਿਣਾ ਹੀ , ਲੜਾਈ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਹੈ । ਇਸ ਲਈ ਪਹਿਲਾਂ ਹੋਲਾ(ਹੱਲਾ) ਅਤੇ ਫਿਰ ਮਹੱਲਾ (ਆਪਣੇ ਘਰ ਨੂੰ ਬਚਾਉਣਾ) ਵਿਚ ਤੁਹਾਨੂੰ ਬਿਲਕੁਲ ਮਾਹਰ ਹੋਣਾ ਪਵੇਗਾ । ਦੁਸ਼ਮਣ ਨੂੰ ਜੇ ਪਤਾ ਹੋਵੇਗਾ ਕਿ ਇਨ੍ਹਾਂ ਨੇ ਮੇਰਾ ਕੋਈ ਲਿਹਾਜ਼ ਨਹੀਂ ਕਰਨਾ , ਤੁਸੀਂ ਤਦ ਹੀ ਲੜਾਈ ਤੋਂ ਬਚ ਸਕਦੇ ਹੋ । ਇਸ ਕੰਮ ਲਈ ਗੁਰੂ ਸਾਹਿਬ ਨੇ ਕੋਈ ਦਿਨ , ਨਿਸਚਿਤ ਨਹੀਂ ਕੀਤਾ ਸੀ , ਬਲਕਿ ਇਹ ਨਿਰੰਤਰ ਜਾਰੀ ਰਹਣ ਵਾਲਾ ਕੰਮ ਸੀ ।
ਗੁਰ ਫਰਮਾਨ ਹੈ (ਉਹ ਵੀ ਉਸ ਗੁਰੂ ਦਾ , ਜਿਸ ਨੂੰ ਜੰਗ ਵਿਚ ਤੇਗ ਦੇ ਜੌਹਰ ਵਿਖਾਉਣ ਕਾਰਨ , ਪਿਤਾ ਗੁਰੂ ਨੈ ਤੇਗ ਬਹਾਦਰ ਦਾ ਖਤਾਬ ਦਿੱਤਾ , ਅਤੇ ਉਸ ਦਿਨ ਤੋਂ ਹੀ ਉਸ ਦਾ ਨਾਮ ‘ ਤਿਆਗ-ਮੱਲ ’ ਤੋਂ ‘ ਤੇਗ-ਬਹਾਦਰ ’ ਹੋ ਗਿਆ । ਜਿਸ ਨੂੰ ਡਰਪੋਕ ਸਾਧਾਂ ਨੇ , ਲੜਾੲ ਤੋਂ ਦੂਰ, ਭੋਰੇ ਵਿਚ ਲੁਕ ਕੇ , ਤਕਰੀਬਨ ਸਾਰੀ ਉਮਰ ਦੇ ਤੀਜੇ ਹਿੱਸੇ ਤੋਂ ਵੱਧ ਸਮਾ , ਭਗਤੀ ਕਰਦਾ ਸਥਾਪਤ ਕਰ ਕੇ , ਪੰਥ ਤੇ ਆਏ ਔਖਿਆਂ ਸਮਿਆਂ ਵਿਚ , ਆਪਣੇ ਭੋਰਿਆਂ ਵਿਚ ਲੁਕ ਕੇ ਕੱਢੇ ਸਮੇ ਨੂੰ , ਸਿੱਖੀ ਲਈ ਦੁਰ-ਲੱਭ ਸਮਾ ਬਣਾ ਦਿੱਤਾ) ਉਹ ਵੀ ਅਜਿਹਾ ਫੁਰਮਾਨ , ਜਿਸ ਵਿਚ ਗੁਰੂ ਜੀ ਨੇ ਆਪਣੇ ਤਜਰਬੇ ਦਾ ਨਚੋੜ ਦਸਦਿਆਂ ਸੇਧ ਦਿੱਤੀ ਹੈ ,
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥54॥
ਹਾਲਾਂਕਿ ਬਾਕੀ ਗੁਰਬਾਣੀ ਵਾਙ ਇਸ ਦੇ ਅਰਥ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਗਈ , ਇਹ ਰੌਲਾ ਪਾਇਆ ਹੋਇਆ ਹੈ ਕਿ , ਜਦ ਗੁਰੂ ਤੇਗ-ਬਹਾਦਰ ਜੀ , ਦਿੱਲੀ ਕੈਦ ਵਿਚ ਸਨ ਤਾਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਬੰਦ ਲਿਖ ਕੇ ਭੇਜਿਆ ਸੀ ਅਤੇ ਦੂਸਰਾ ਬੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ । ਇਸ ਨੂੰ ਸੱਚ ਸਿੱਧ ਕਰਨ ਲਈ ਕਈ ਬੀੜਾਂ ਤੇ ਮਹਲਾ 10 ਵੀ ਲਿਖ ਦਿੱਤਾ ਹੈ । ਬੇਦਾਵਾ ਲਿਖ ਕੇ ਦੇਣ ਵਾਲਿਆਂ ਦੇ ਲੱਖਾਂ ਦੀ ਫੌਜ ਵਿਚੋਂ , ਪੁੱਛ-ਪੜਤਾਲ ਤੋਂ ਬਗੈਰ ਹੀ ਨਿਕਲ ਜਾਣ ਵਾਲਿਆਂ ਵਾਙ ਏਥੇ ਵੀ , ਉਸ ਪਿੰਜਰੇ ਵਿਚ ਕੈਦ ਹੋਣ ਤੇ , ਜਿਸ ਵਿਚ ਲੰਮਾ ਪੈਣਾ ਵੀ ਔਖਾ ਸੀ , ਬੜਾ ਕਰੜਾ ਪਹਿਰਾ ਹੋਣ ਤੇ ਵੀ , ਵਿਗਾੜਨ ਵਾਲਿਆਂ ਨੇ ਏਵੇਂ ਸਾਬਤ ਕੀਤਾ ਹੈ ਕਿ ਉਸ ਅਵਸਥਾ ਵਿਚ ਵੀ ਗੁਰੂ ਸਾਹਿਬ ਨੂੰ ਚਿੱਠੀ-ਪੱਤ੍ਰੀ ਲਿਖਣ , ਉਸ ਦੇ ਆਉਣ-ਜਾਣ ਦੀ ਖੁੱਲ ਸੀ । ਖੈਰ ਇਨ੍ਹਾਂ ਮਾਮਲਿਆਂ ਵਿਚ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ । ਗੁਰੂ ਸਾਹਿਬ ਸੇਧ ਦਿੰਦੇ ਹਨ ਕਿ , ਜਦ ਬੰਦੇ ਵਿਚੋਂ ਬਲ ਖਤਮ ਹੋ ਜਾਵੇ ਤਾਂ , ਉਸ ਨੂੰ ਕਈ ਬੰਧਨ , ਕਈ ਤਰ੍ਹਾਂ ਦੀਆਂ ਫਾਹੀਆਂ ਪੈ ਜਾਂਦੀਆਂ ਹਨ , ਪਰ ਯਾਦ ਰੱਖੋ , ਅਜਿਹੇ ਵੇਲੇ ਵੀ ਘਾਬਰਨ ਦੀ ਕੋਈ ਲੋੜ ਨਹੀਂ , ਆਪਣੇ ਟੀਚੇ ਤੋਂ ਥਿੜਕਣ ਦੀ ਲੋੜ ਨਹੀਂ , ਪਰਮਾਤਮਾ ਤੇ ਭਰੋਸਾ ਰੱਖੋ , ਹਾਥੀ ਅਤੇ ਸੰਸਾਰ ਦੀ ਪ੍ਰਚਲਤ ਕਹਾਣੀ ਵਿਚ ਜਿਵੇਂ ਪਰਮਾਤਮਾ ਨੇ , ਹਾਥੀ ਦੀ ਮਦਦ ਕੀਤੀ ਸੀ , ਤੇਰੀ ਵੀ ਮਦਦ ਕਰਨ ਵਾਲਾ ਉਹ ਪ੍ਰਭੂ ਹੀ ਹੈ । ਇਸ ਵਿਚ ਕਹਾਣੀ ਦੀ ਪ੍ਰੌੜ੍ਹਤਾ ਨਹੀਂ ਕੀਤੀ ਬਲਕਿ ਬੰਦੇ ਨੂੰ ਨਿਰਾਸ਼ ਹੋਣ ਤੋਂ ਰੋਕਿਆ ਹੈ ।
ਦੂਸਰੇ ਬੰਦ ਵਿਚ ਸੇਧ ਦਿੱਤੀ ਹੈ ਕਿ , ਜੇ ਬੰਦੇ ਵਿਚ ਤਾਕਤ ਹੋਵੇ ਤਾਂ ਸਾਰੇ ਉਪਾਅ ਹੋ ਜਾਂਦੇ ਹਨ , ਸਾਰੇ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ , ਪਰ ਅਜਿਹੀ ਹਾਲਤ ਵਿਚ ਵੀ ਯਾਦ ਰੱਖਣਾ ਕਿ ਸਭ ਕੁਝ ਵਾਹਿਗੁਰੂ ਦੇ ਹੱਥ ਵਿਚ ਹੈ , ਉਹ ਹੀ ਹਰ ਕਿਸੇ ਦੀ ਮਦਦ ਕਰਦਾ ਹੈ । ਅਜਿਹੀ ਹਾਲਤ ਵਿਚ ਵੀ ਕਿਸੇ ਤੇ ਜ਼ੁਲਮ ਕਰਨ ਦੀ ਨਾ ਸੋਚੀਂ , ਪ੍ਰਭੂ ਦੀ ਰਜ਼ਾ ਵਿਚ ਚੱਲੀਂ , ਪਰਮਾਤਮਾ ਨੂੰ ਉਹੀ ਕੁਝ ਭਾਉਂਦਾ ਹੈ , ਜੋ ਉਸ ਦੀ ਰਜ਼ਾ ਹੈ । ਇਸ ਦਾ ਹੀ ਹੋਰ ਖਲਾਸਾ ਕਰਦਿਆਂ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਹੈ ,
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥ (1427)
ਓਸੇ ਬੰਦੇ ਨੂੰ ਹੀ ਗਿਆਨੀ , ਗਿਆਨ ਵਾਨ , ਅਕਾਲ-ਪੁਰਖ ਦੀ ਰਜ਼ਾ ਨੂੰ ਸਮਝਣ ਵਾਲਾ ਮੰਨਿਆ ਜਾ ਸਕਦਾ ਹੈ , ਜੋ ਨਾ ਤਾਂ ਕਿਸੇ ਨੂੰ ਡਰਾਵੇ ਅਤੇ ਨਾ ਹੀ ਕਿਸੇ ਤੋਂ ਡਰੇ । ਇਹ ਤਦ ਹੀ ਸੰਭਵ ਹੈ , ਜੇ ਬੰਦਾ ਪਹਿਲਾਂ ਤੋਂ ਹੀ ਸੁਚੇਤ ਹੋਵੇ , ਫਿਰ ਉਸ ਨੂੰ ਮਾਰ ਨਹੀਂ ਪੈਂਦੀ
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ (417)
ਏਸੇ ਨੂੰ ਦ੍ਰਿੜ੍ਹ ਕਰਵਾਉਂਦਿਆਂ ਗੁਰੂ ਸਾਹਿਬ ਨੇ , ਹਮੇਸ਼ਾ ਹੋਲਾ-ਮਹੱਲਾ ਮਨਾਉਣ ਦੀ ਤਾਕੀਦ ਕੀਤੀ ਸੀ ।
ਅੱਜ ਵੀ ਹਾਲਾਤ , ਉਸ ਵੇਲੇ ਤੋਂ ਕੋਈ ਵੱਖਰੇ ਨਹੀਂ ਹਨ , ਉਸ ਵੇਲੇ ਗੁਰੂ ਸਾਹਿਬ ਨੂੰ ਨਜ਼ਰ ਆ ਰਿਹਾ ਸੀ , ਕਿ ਸਿੱਖਾਂ ਤੇ ਬਹੁਤ ਬੁਰੇ ਦਿਨ ਆਉਣ ਵਾਲੇ ਹਨ , ਅੱਜ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਸਿੱਖਾਂ ਤੇ ਬਹੁਤ ਮਾੜੇ ਦਿਨ ਆਉਣ ਵਾਲੇ ਹਨ । ਸਾਨੂੰ ਇਹ ਤਾਂ ਯਾਦ ਹੈ ਕਿ ਗੁਰੂ ਸਾਹਿਬ ਨੇ ਹਰ ਵੇਲੇ , ਹੋਲੇ-ਮਹੱਲੇ ਨਾਲ ਜੁੜੇ ਰਹਣ ਦੀ ਤਾਕੀਦ ਕੀਤੀ ਸੀ , ਉਸ ਲਈ ਕੋਈ ਦਿਨ ਨੀਅਤ ਨਹੀਂ ਕੀਤਾ ਸੀ । ਪਹਿਲਾਂ ਤਾਂ ਨਿਰਮਲਿਆਂ-ਉਦਾਸੀਆਂ ਨੇ ਇਸ ਨੂੰ ਹੋਲੀ ਨਾਲ ਜੋੜ ਕੇ , ਸਿਰਫ ਇਕ ਦਿਨ ਦਾ ਖੇਲ ਬਣਾ ਦਿੱਤਾ ਅਤੇ ਹੁਣ ਦੇ ਸੰਤਾਂ-ਮਹੰਤਾਂ , ਮਹਾਂ-ਪੁਰਸ਼ਾਂ , ਬ੍ਰ੍ਹਮਗਿਆਨੀਆਂ , ਧਰਮ ਦੇ ਠੇਕੇਦਾਰਾਂ , ਸਿੱਖਾਂ ਦੇ ਲੀਡਰਾਂ ਨੇ ਹੋਲੇ-ਮਹੱਲੇ ਨੂੰ ਉਹ ਰੂਪ ਦੇ ਦਿੱਤਾ ਹੈ , ਜੋ ਉਸ ਕੈਲੰਡਰ ਵਰਗਾ ਹੈ , ਜਿਸ ਦਾ ਨਾਮ ਤਾਂ ਨਾਨਕ-ਸ਼ਾਹੀ ਹੈ , ਪਰ ਉਸ ਵਿਚੋਂ ਨਾਨਕ ਦਾ ਨਵੇਕਲਾ-ਪਨ ਗਾਇਬ ਹੈ ।
ਓਸੇ ਤਰ੍ਹਾਂ ਹੋਲੇ-ਮਹੱਲੇ ਦਾ ਨਾਂ ਤਾਂ ਹੋਲਾ-ਮਹੱਲਾ ਹੈ ਪਰ ਉਸ ਵਿਚੋਂ ਗੁਰੂ ਸਾਹਿਬ ਦਾ ਦਿੱਤਾ ਉਪਦੇਸ਼ ਗਾਇਬ ਹੈ । ਦੁਨੀਆਂ ਵਿਚ ਲੱਖਾਂ ਗੁਰਦਵਾਰਿਆਂ ਵਿਚ ਹੋਲਾ-ਮਹੱਲਾ ਮਨਾਇਆ ਗਿਆ ਹੋਵੇਗਾ , ਕੀ ਕਿਸੇ ਗੁਰਦਵਾਰੇ ਵਿਚ , ਹੋਲੇ-ਮਹੱਲੇ ਦੀ ਪ੍ਰੈਕਟਿਸ ਕੀਤੀ ਗਈ ਹੈ ? ਕੀ ਕਿਤੇ ਵਿਚਾਰਿਆ ਗਿਆ ਹੈ ਕਿ ਚੌਰਾਸੀ ਵਰਗੇ ਦੁਸ਼ਮਣ ਦੇ ਹਮਲੇ ਵੇਲੇ , ਅਸੀਂ ਬਚਾਉ ਦੇ ਕੀ ਢੰਗ=ਤਰੀਕੇ ਵਰਤਣੇ ਹਨ ? ਕੀ ਇਹ ਵਿਚਾਰਿਆ ਗਿਆ ਕਿ ਹਮਲੇ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ , ਲੜਾਈ ਲਈ ਤਿਆਰ ਰਹਿਣਾ ਹੈ ? ਕੀ ਲੜਾਈ ਦੀ ਉਸ ਤਿਆਰੀ ਵਜੋਂ ਅੱਜ ਦੇ ਹਥਿਆਰਾਂ ਬਾਰੇ ਕੋਈ ਜਾਣਕਾਰੀ ਆਪਣੇ ਬੱਚਿਆਂ ਨੂੰ ਦਿੱਤੀ ਹੈ ? ਕੀ ਉਨ੍ਹਾਂ ਦੀ ਵਰਤੋਂ ਦਾ ਢੰਗ ਦੱਸਿਆ ਗਿਆ ? ਉਨ੍ਹਾਂ ਦੀ ਪ੍ਰੈਕਟਿਸ ਦੀ ਗੱਲ ਤਾਂ ਮਗਰੋਂ ਦੀ ਹੈ । ਅਜਿਹੀ ਹਾਲਤ ਵਿਚ ਕੀ ਅਸੀਂ ਸਚ-ਮੁਚ , ਗੁਰੂ ਸਾਹਿਬ ਵਲੋਂ ਦੱਸਿਆ ਹੋਲਾ-ਮਹੱਲਾ ਮਨਾਇਆ ਹੈ ? ਜਾਂ ਖਾਲੀ ਉਸ ਨੂੰ ਮਨਾਉਣ ਦਾ ਵਿਖਾਵਾ ਕਰ ਕੇ ਸਿੱਖਾਂ ਦੀਆਂ ਜੇਭਾਂ ਵਿਚੋਂ ਪੈਸੇ ਕੱਢਣ ਦਾ ਉਪਰਾਲਾ ਮਾਤ੍ਰ ਹੀ ਕੀਤਾ ਹੈ ?
ਕਿਤੇ ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਰਾਹੀਂ ਅਸੀਂ ਇਹ ਸਬਕ ਤਾਂ ਨਹੀਂ ਲੈਂਦੇ ਕਿ , ਜਿਵੇਂ ਹਿੰਦੂਆਂ ਵਿਚ ਸ਼ਸਤ੍ਰਾਂ ਦੀ ਵਰਤੋਂ ਦਾ ਠੇਕਾ , ਖਾਲੀ ਕਸ਼ੱਤ੍ਰੀਆਂ ਨੂੰ ਸੀ , ਓਵੇਂ ਹੀ ਸਿੱਖਾਂ ਵਿਚ ਸ਼ਸਤ੍ਰ ਚਲਾਉਣ ਦਾ ਠੇਕਾ ਖਾਲੀ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਹੀ ਹੈ । ਕੀ ਅਸੀਂ ਕਦੇ ਵਿਚਾਰਿਆ ਹੈ ਕਿ ਪੰਥ ਤੇ ਔਕੜ ਵੇਲੇ , ਗੁਰੂ ਦੀਆਂ ਇਹ ਲਾਡਲੀਆਂ ਫੌਜਾਂ , ਕਦੀ ਕੰਮ ਵੀ ਆਈਆਂ ਹਨ ? ਜਾਂ ਇਨ੍ਹਾਂ ਨੇ ਹਮੇਸ਼ਾ ਸਰਕਾਰ ਦਾ ਸਾਥ ਹੀ ਦਿੱਤਾ ਹੈ ?
ਸਿੱਖਾਂ ਨੂੰ ਸਮਝਣ ਅਤੇ ਸੁਚੇਤ ਹੋਣ ਦੀ ਲੋੜ ਹੈ , ਵਖਾਵਿਆਂ ਤੋਂ ਬਚ ਕੇ , ਅਮਲਾਂ ਨਾਲ ਜੁੜਨਾ ਚਾਹੀਦਾ ਹੈ , ਨਹੀਂ ਤਾਂ ,
ਸ਼ੁੱਭ ਅਮਲਾਂ ਬਾਝਹੁ ………………….ਰੋਈ ਵਾਲੀ ਗੱਲ ਹੀ ਹੋਵੇਗੀ ।
ਅਮਰ ਜੀਤ ਸਿੰਘ ਚੰਦੀ
ਫੋਨ:-91 95685 41414