ਡੰਗ ਅਤੇ ਚੋਭਾਂ : ਭਲਿਆ ! ਘਰ ਸੜ ਰਿਹਾ ਏਂ ਤੂੰ ਹੱਸ ਰਿਹਾ ਏਂ?
Published On : Sep 14, 2017 12:00 AM
-
ਖ਼ਬਰ ਹੈ ਕਿ ਪਿਛਲੇ ਦਿਨੀਂ ਕੰਨੜ ਭਾਸ਼ਾ ਦੇ ਇੱਕ ਹਫ਼ਤਾਵਾਰੀ ਅਖ਼ਬਾਰ "ਗੌਰੀ ਲੰਕੇਸ਼ ਪ੍ਰਤਿਕੇ" ਦੀ ਸੰਪਾਦਕ ਗੌਰੀ ਲੰਕੇਸ਼ ਦੀ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੌਰੀ ਲੰਕੇਸ਼ ਆਪਣੀ ਪੱਤ੍ਰਿਕਾ ਦੇ ਸੰਪਾਦਕੀ ਲਿਖਕੇ ਦੇਸ਼ 'ਚ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲੇ ਅਤੇ ਫਿਰਕੂ ਸੋਚ ਨੂੰ ਉਭਾਰਨ ਵਾਲੇ ਲੋਕਾਂ ਖਿਲਾਫ਼ ਟਿਪਣੀ ਤਾਂ ਕਰਦੀ ਹੀ ਸੀ, ਪਰ ਉਹ ਮੋਦੀ ਵਲੋਂ ਪਿਛਲੇ ਕਈ ਮਹੀਨਿਆਂ ਤੋਂ "ਮਨ ਕੀ ਬਾਤ" ਦੇ ਸੱਚ ਨੂੰ ਉਜਾਗਰ ਕਰਨ ਲਈ ਟਿੱਪਣੀਆਂ ਕਰਨ ਲਈ ਮਸ਼ਹੂਰ ਸੀ। ਉਹ ਮੋਦੀ ਨੂੰ "ਬੁਸੀ ਬੁਸੀਆ" ਭਾਵ ਜਦੋਂ ਵੀ ਬੋਲੇਗਾ ਝੂਠ ਹੀ ਬੋਲੇਗਾ ਕਹਿਕੇ ਸੱਚ ਬਿਆਨਦੀ ਸੀ।
ਜਦੋਂ ਮੋਦੀ ਸਰਕਾਰ ਨੇ ਕਿਹਾ ਕਿ 31 ਲੱਖ ਨਵੇਂ ਕਰ ਦਾਤੇ ਦੇਸ਼ 'ਚ ਨਵੇਂ ਜੁੜ ਗਏ ਹਨ, ਪਰ ਜਦੋਂ ਆਰਥਿਕ ਸਰਵੇ ਕੀਤਾ ਤਾਂ ਸਿਰਫ 5 ਲੱਖ 40 ਹਜ਼ਾਰ ਨਵੇਂ ਕਰ ਦਾਤਾ ਚੁਣੇ ਗਏ ਪਾਏ ਗਏ। ਇਹ ਸੱਚ ਜਦੋਂ ਗੌਰੀ ਲੰਕੇਸ਼ ਵਰਗਿਆਂ ਪ੍ਰਚਾਰਿਆ ਤਾਂ ਸਰਕਾਰ ਨੂੰ ਰਾਸ ਨਹੀਂ ਆ ਰਿਹਾ। ਸਰਕਾਰ ਨੇ ਬਿਆਨ ਜਾਰੀ ਕੀਤਾ ਕਿ ਭਾਰਤ ਵਿੱਚ ਪੰਜਾਹ ਹਜ਼ਾਰ ਕਿਲੋਮੀਟਰ ਰਸਤਿਆਂ ਤੇ ਸਰਕਾਰ ਨੇ ਤੀਹ ਲੱਖ ਐਲ ਈ ਡੀ ਬਲਬ ਲਗਾ ਦਿਤੇ ਹਨ। ਪਰ ਇਹ ਤਸਵੀਰ ਨਕਲੀ ਨਿਕਲੀ ਤੇ ਇਹ ਤਸਵੀਰ ਜਪਾਨ ਦੀ ਸੀ ।
ਇੱਕ ਪਾਸੇ ਖਰੇ ਕਹਿੰਦਾ ਹੈ ਕਿ ਗੌਰੀ ਨੂੰ ਤਾਂ ਮਰਨਾ ਹੀ ਪੈਣਾ ਸੀ। ਨੂਪੁਰ ਬਾਸੂ ਕਹਿੰਦੀ ਹੈ ਕਿ ਭਲਾ ਅੱਖਾਂ 'ਚ ਰੜਕਣ ਵਾਲਿਆਂ ਨੂੰ ਕੋਈ ਜਿੰਦਾ ਛੱਡਦਾ ਹੈ? ਦੂਜੇ ਪਾਸੇ "ਬੁਸੀ ਬੁਸੀਆ" ਕਹਿੰਦਾ ਹੈ, ਸੱਚੀ ਆਖੀ ਊ ਇਹਨਾ ਮੇਰੇ 'ਮਨ ਕੀ ਬਾਤ'।
ਹਾਕਮ ਕਹਿੰਦਾ ਆ ਅੱਜ ਕੱਲ ਕਲਮਾਂ ਨੂੰ ਸੱਚ ਲਿਖਣ-ਕਹਿਣ ਦੀ ਆਦਤ ਕਿਉਂ ਵੱਧ ਗਈ ਹੈ? ਇਹ ਸੱਚ ਦੀ ਆਵਾਜ਼ ਦਾ ਖਹਿੜਾ ਹੀ ਨਹੀਂ ਛੱਡਦੇ? ਲਿਖੀ ਜਾਂਦੇ ਆ, ਜੱਕੜ ਵੱਢੀ ਜਾਂਦੇ ਆ, ਐਂਵੇ ਕਲਮਾਂ ਲਹੂ-ਲੁਹਾਣ ਕਰੀ ਜਾਂਦੇ ਆ। ਕਿਉਂ ਇਹ ਕਲਮਾਂ ਰਾਜਿਆਂ ਦੇ ਗੀਤ ਨਹੀਂ ਗਾਉਂਦੀਆਂ? ਕਿਉਂ ਨਹੀਂ ਨੋਟਬੰਦੀ ਦੇ ਹੱਕ 'ਚ ਲਿਖਦੀਆਂ? ਕਿਉਂ ਨਹੀਂ ਇਹ ਭਾਰਤ ਦੇ ਪ੍ਰਭੂਆਂ ਦੇ ਗੁਣ ਗਾਉਂਦੀਆਂ? ਕਿਉਂ ਲਿਖੀ ਜਾਂਦੀਆਂ ਆਂ ਕਿ ਭਾਰਤ ਦੀ ਅੱਧੀ ਆਬਾਦੀ ਭੁੱਖ ਨਾਲ ਤੰਗ ਆ, ਉਹਨਾ ਨੂੰ ਦਵਾਈ ਨਹੀਂ ਮਿਲਦੀ, ਤਨ ਤੇ ਕੱਪੜਾ ਨਹੀਂ ਥਿਆਉਂਦਾ, ਸਕੂਲੇ ਪੜ੍ਹਨ ਜਾਣ ਤਾਂ ਦੂਰ ਦੀ ਗੱਲ ਆ?
ਜੇਕਰ ਇੰਜ ਲਿਖਣਗੀਆਂ ਇਹ ਕਲਮਾਂ ਤਾਂ "ਮਨ ਕੀ ਬਾਤ" ਆ ਭਾਈ, ਉਹ ਦੇਸ਼ ਦੀਆਂ ਦੁਸ਼ਮਣ ਗਿਣੀਆਂ ਜਾਣਗੀਆਂ। ਤਾਂ ਫਿਰ ਦੇਸ਼ ਦੇ ਦੁਸ਼ਮਣ ਦੇ ਸੀਨੇ ਗੋਲੀ ਨਾ ਵੱਜੂ, ਤਾਂ ਕੀ ਲੱਤ 'ਚ ਵੱਜੂ?
ਦੂਜੇ ਪਾਸੇ ਕਲਮ ਕਹਿੰਦੀ ਹੈ ਕਿ ਤਾਨਾਸ਼ਾਹੀ ਵਿਰੁੱਧ ਲੜੋਗੇ ਤਾਂ ਮਰੋਗੇ! ਵਧੀਕੀਆਂ ਵਿਰੁੱਧ ਬਗਾਵਤਾਂ ਕਰੋਗੇ ਤਾਂ ਗੋਲੀਆਂ ਸਹੋਗੇ ਕਿਉਂਕਿ ਮਨ ਕੀ ਬਾਤ ਇਹੋ ਹੈ ਕਿ ਤਾਕਤ ਨਾਲ ਅੰਨ੍ਹਾ ਰਾਜਸੀ ਢਾਂਚਾ ਹਰ ਕਿਸੇ ਨੂੰ ਝੁਕਾਉਣ ਤੇ ਤੁਲਿਆ ਹੋਇਆ ਆ ਭਾਈ। ਮੂੰਹ ਬੰਦ ਰੱਖੋਗੇ, ਚੁੱਪ ਵੱਟਕੇ ਰੱਖੋਗੇ, ਧੁਤੂ ਫੜਕੇ ਮਾਲਕਾਂ ਦੇ ਗੁਣ ਗਾਉਗੇ ਤਾਂ ਪਿਆਰਿਓ ਸੁਖੀ ਰਹੋਗੇ ਪਰ ਕਿੰਨਾ ਚਿਰ?
ਗੌਰੀ ਮਰੀ, ਹੋਰ ਵੀ ਮਰੇ, ਹੋਰ ਵੀ ਮਰਨਗੇ, ਪਰ ਭਲਿਆ ਜ਼ਮੀਰ ਦੀ ਆਵਾਜ਼ ਸੁਣ "ਘਰ ਸੜ ਰਿਹਾ ਏ ਤੂੰ ਹੱਸ ਰਿਹਾ ਏਂ"? ਕੀ ਨਹੀਂ?
ਇੱਕ ਦੂਜੇ ਨੂੰ ਕਤਲ ਕਰੇਂਦੇ ਆਖਣ ਸਾਡਾ ਇੱਕ ਖ਼ੁਦਾ
ਖ਼ਬਰ ਹੈ ਕਿ ਮਿਆਂਮਾਰ 'ਚ 25 ਅਗਸਤ ਨੂੰ ਭੜਕੀ ਹਿੰਸਾ ਦੇ ਬਾਅਦ ਉਥੋਂ ਲਗਭਗ ਤਿੰਨ ਲੱਖ ਤੋਂ ਵੱਧ ਰੋਹਿੰਗਾ ਮੁਸਲਮਾਨ ਭੱਜਕੇ ਬੰਗਲਾ ਦੇਸ਼ ਪੁੱਜੇ ਹਨ। ਇਹ ਅੰਕੜਾ ਨਿਰੰਤਰ ਵਧਦਾ ਜਾ ਰਿਹਾ ਹੈ। ਰੋਹਿੰਗਾ ਮੁਸਲਮਾਨਾਂ ਦਾ ਦੋਸ਼ ਹੈ ਕਿ ਮਿਆਂਮਾਰ ਉਹਨਾ ਨੂੰ ਆਪਣਾ ਨਾਗਰਿਕ ਨਹੀਂ ਮੰਨਦਾ। ਉਹਨਾ ਨੂੰ ਬੰਗਲਾ ਦੇਸ਼ ਤੋਂ ਆਇਆ ਘੁਸਪੈਂਠੀਆ ਮੰਨ ਕੇ ਵਿਵਹਾਰ ਕਰਦਾ ਹੈ। ਇਸੇ ਕਾਰਨ ਉਹਨਾ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਦੇਸ਼ ਛੱਡ ਜਾਣ। ਮਿਆਂਮਾਰ ਸਰਕਾਰ ਰੋਹਿੰਗਾ ਭਾਈਚਾਰੇ ਨੂੰ ਅੱਤਵਾਦੀ ਸੰਗਠਨ ਦਾ ਹਿਮਾਇਤੀ ਸਮਝਦੀ ਹੈ।
ਕੁਝ ਦਿਨ ਪਹਿਲਾਂ ਉਥੋਂ ਦੀ ਫੌਜ ਅਤੇ ਇਕ ਧਰਮ ਵਿਸ਼ੇਸ਼ ਬੋਧੀ ਭਾਈਚਾਰੇ ਦੀ ਸਹਾਇਤਾ ਨਾਲ ਰਹਿੰਗੇ ਮੁਸਲਮਾਨ ਔਰਤਾਂ, ਬੱਚਿਆਂ, ਬੁੱਢਿਆਂ, ਪੁਰਸ਼ਾਂ ਨੂੰ ਉਥੇ ਮਾਰਿਆ ਜਾ ਰਿਹਾ ਹੈ ਜਾਂ ਖਦੇੜਿਆ ਜਾ ਰਿਹਾ ਹੈ।
ਵਾਹ! ਈਸ਼ਵਰ! ਅੱਲਾ! ਪ੍ਰਮਾਤਮਾ! ਗੌਡ! ਸੁਣ ਅਤੇ ਵੇਖ ਆਪਣੇ ਬੱਚਿਆਂ ਦੀ ਕਰਤੂਤ! ਬੰਦਾ, ਬੰਦੇ ਨੂੰ ਖਾ ਰਿਹਾ। ਬੰਦਾ, ਬੰਦੇ ਨੂੰ ਨਿਚੋੜ ਰਿਹਾ। ਬੰਦਾ, ਬੰਦੇ ਨੂੰ ਤੜਫਾ ਰਿਹਾ, ਰੁਲਾ ਰਿਹਾ ਅਤੇ ਫਿਰ ਮਾਰ ਰਿਹਾ! ਉਹ ਵੀ ਧਰਮ ਦੇ ਨਾਮ ਉਤੇ। ਇਧਰ ਕਥਿਤ ਧਰਮ ਗੁਰੂਆਂ ਦੇ ਅਖਾੜੇ, ਗੱਦੀਆਂ, ਡੇਰੇ, ਲੜਾਈਆਂ ਝਗੜਿਆਂ, ਮੁਕੱਦਮਿਆਂ 'ਚ ਲਿਪਟੇ ਸੁਖ ਪ੍ਰਾਪਤੀ ਦੱਸਕੇ ਧਰਮਾਂ ਦੀਆਂ ਦੁਕਾਨਾਂ, ਵਪਾਰ ਚਲਾ ਰਹੇ ਹਨ ਅਤੇ ਧਰਮ ਦੇ ਠੇਕੇਦਾਰ ਬਣਕੇ ਹਥਿਆਰਾਂ ਨਾਲ ਖੇਡ ਰਹੇ ਹਨ। ਵਾਹ! ਅੱਲਾ! ਇਹ ਕੇਹਾ ਜਹਾਦ ਹੈ! ਸ਼ੀਆ ਸੂੰਨੀ ਨੂੰ ਮਾਰ ਰਿਹਾ! ਹਿੰਦੂ ਮੁਸਲਮਾਨ ਵੱਲ ਅੱਖਾਂ ਕੱਢ ਰਿਹਾ ਹੈ। ਈਸ਼ਵਰ! ਯਹੂਦੀ ਈਸਾਈਆਂ ਦੀਆਂ ਅੱਖਾਂ 'ਚ ਰੜਕ ਰਿਹਾ ਹੈ। ਐ ਗੌਡ! ਗਿਆਨ ਦੇ ਭੰਡਾਰ ਬੋਧੀਆਂ ਨੂੰ ਰੋਹਿੰਗਾ ਨਹੀਂ ਭਾਉਂਦਾ!
ਐਂ ਬੁਧ! ਅਹਿੰਸਾ 'ਚ ਯੁੱਧ ਦਾ ਘਿਨੌਣਾ ਵਿਸਥਾਰ ਕਿਉਂ? ਐ ਪ੍ਰਭੂ! ਧਰਮ ਦੇ ਨਾਮ ਉਤੇ ਵਪਾਰ ਕਿਉਂ? ਐ ਅੱਲਾ! ਧਰਮ ਦੇ ਨਾਮ ਉਤੇ ਦਹਿਸ਼ਤਗਰਦੀ ਕਿਉਂ? ਐ ਪ੍ਰਭੂ ਤੇਰੇ ਪਿਆਰੇ ਤਾਂ ਹੁਣ "ਗਰੁੱਪ ਹਥੌੜੇ ਮਾਰ ਕੇ ਚੋਟਾਂ, ਸਿਰੀਆ ਫਿਹੰਦੇ ਵਾਂਗ ਅਖਰੋਟਾਂ" ਅਤੇ ਤਾਂ ਹੀ "ਹਰ ਬਸਤੀ ਵਿੱਚ ਬੰਬ ਧਮਾਕੇ, ਉੜਿਆ ਗੋਸ਼ਤ ਤੇ ਮਰ ਗਏ ਕਾਕੇ, ਦਸ ਦਸ ਮਣ ਦੇ ਲੱਗ ਗਏ ਧਾਕੇ, ਬੰਬਾਂ ਦਿਤਾ ਮਾਸ ਉਡਾ"। ਪਰ ਫਿਰ ਐ ਖੁਦਾ! ਐ ਅੱਲਾ! ਐ ਈਸ਼ਵਰ! ਐ ਬੁਧ! ਐ ਗੌਡ! ਫਿਰ ਵੀ ਇਹ ਇੰਜ ਕਿਉਂ ਕਹਿੰਦੇ ਹਨ, "ਇੱਕ ਦੂਜੇ ਨੂੰ ਕਤਲ ਕਰੇਂਦੇ, ਆਖਣ ਸਾਡਾ ਇੱਕ ਖ਼ੁਦਾ"।
ਵੱਜਦੀ ਨਹੀਂ ਰੱਬਾਬ ਹੁਣ ਰੂਹ ਵਾਲੀ
ਖ਼ਬਰ ਹੈ ਕਿ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੁਮਾਇੰਦਗੀ ਵਾਲੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਗਰਾਂਟਾਂ ਦੀ ਪੜਤਾਲ ਦੇ ਮਾਮਲੇ ਨੂੰ ਕੋਈ ਵੀ ਅਧਿਕਾਰੀ ਹੱਥ ਪਾਉਣ ਨੂੰ ਤਿਆਰ ਨਹੀਂ ਹੈ। ਖ਼ਬਰ ਹੈ ਕਿ ਕੋਈ ਵੀ ਅਫ਼ਸਰ ਬਾਦਲਾਂ ਨਾਲ ਉਲਝਣਾ ਨਹੀਂ ਚਾਹੁੰਦਾ। ਬਾਦਲਾਂ ਵਲੋਂ ਸਿਆਸੀ ਲਾਹਾ ਲੈਣ ਲਈ ਗ੍ਰਾਂਟਾਂ ਦਾ ਮੋਟਾ ਗੱਫਾ ਲੰਬੀ ਵਿਧਾਨ ਸਭਾ ਦੇ ਪਿੰਡਾਂ 'ਚ ਦਿੱਤਾ ਜਿਥੇ 82 ਪਿੰਡਾਂ ਨੂੰ ਇੱਕ ਕਰੋੜ ਤੋਂ ਅੱਠ ਕਰੋੜ ਰੁਪਏ ਦੀਆਂ ਗ੍ਰਾਂਟਾਂ ਤੱਕ ਦਿੱਤੀਆਂ ਗਈਆਂ, ਪਰ ਦੋਸ਼ ਹੈ ਕਿ ਗ੍ਰਾਂਟਾਂ ਦਾ ਵੱਡਾ ਹਿੱਸਾ ਅਕਾਲੀ ਆਗੂ ਹੀ ਛੱਕ ਗਏ। ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ 'ਚ ਵੀ ਗ੍ਰਾਂਟਾਂ ਦਾ ਮੀਂਹ ਵਗਾਇਆ ਗਿਆ ਸੀ। ਕਾਂਗਰਸੀ ਇਹਨਾਂ ਗ੍ਰਾਂਟਾਂ ਦੀ ਪੜਤਾਲ ਦਾ ਰੌਲਾ ਪਾਉਂਦੇ ਹਨ ਸਰਕਾਰ ਕੋਲ, ਪਰ ਕੋਈ ਵੀ ਅਫ਼ਸਰ ਬਾਦਲ ਨਾਲ ਟੱਕਰ ਲੈਣ ਨੂੰ ਤਿਆਰ ਨਹੀਂ। ਪੁਲਿਸ ਅਫ਼ਸਰਾਂ 'ਤੇ ਪਹਿਲਾਂ ਹੀ ਅਕਾਲੀਆਂ ਦੇ ਇਸ਼ਾਰਿਆਂ ਤੇ ਕੰਮ ਕਰਨ ਦੇ ਦੋਸ਼ ਲੱਗ ਰਹੇ ਹਨ।
ਵੇਖੋ ਨਾ ਜੀ, ਉਪਰਲੇ ਜੇ ਚਲੇ ਗਏ ਅਤੇ ਹੇਠਲੇ ਤਾਂ ਸਹੀ ਸਲਾਮਤ ਨੇ। ਅਕਾਲੀ ਰਾਜ ਸੀ, ਤਾਂ ਉਹਨਾ ਨੂੰ ਸਨ ਮੌਜਾਂ ਹੀ ਮੌਜਾਂ! ਕੋਈ ਦੱਸਣ ਵਾਲਾ ਨਹੀਂ ਸੀ। ਕੋਈ ਪੁੱਛਣ ਵਾਲਾ ਨਹੀਂ ਸੀ। ਜੀਹਦੀ ਜੇਬ 'ਚ ਜੋ ਆਇਆ, ਉਹੀ ਹੋਇਆ ਸਵਾਇਆ। ਇਸ ਲੁੱਟ 'ਚ ਭਾਈ ਸਭਨਾਂ ਹੱਥ ਰੰਗੇ, ਮੰਤਰੀਆਂ, ਸੰਤਰੀਆਂ ਚੁੱਪ ਕਰਕੇ ਅਤੇ ਅਫ਼ਸਰਾਂ, ਪ੍ਰਸ਼ਾਸ਼ਕਾਂ, ਬਾਬੂਆਂ ਸ਼ਰੇਆਮ! ਸਵਾਲ ਸੀ ਇੱਕ ਵੋਟ ਦਾ! ਇੱਕ ਗੱਦੀ ਦਾ! ਉਚੀ ਕੁਰਸੀ ਦਾ ਆਪਣਿਆਂ ਲਈ ਮੁੜ ਜੁਟਾਉਣ ਦਾ।
ਹੁਣ ਨਾ ਰਹੀ ਸਰਕਾਰ! ਨਾ ਰਹੇ ਆਕਾ! ਦਿਲ ਦੀਆਂ ਉਹ ਦਿਲ 'ਚ ਰਹਿ ਗਈਆਂ ਕਿ ਮੁੜ ਉਹ ਰਾਜੇ ਬਣੇ ਤਾਂ ਮੌਜਾਂ ਕਰਾਂਗੇ। ਘਿਉ ਦੇ ਘੜੇ ਭਰਾਂਗੇ। ਪਰ ਇਥੇ ਤਾਂ ਪਤੀਲੀ ਮੂਧੀ ਪੈ ਗਈ! ਅਤੇ ਨਾਲ ਹੀ ਉੱਜੜ ਗਿਆ ਸੱਭੋ ਕੁਝ! ਘਰ ਬਾਰ! ਸੁਫਨੇ ਧਰੇ-ਧਰਾਏ ਰਹਿ ਗਏ। ਆਸਾਂ ਨਿਰਾਸ਼ੀਆਂ ਗਈਆਂ! ਉਹ ਤਾਰ ਜਿਹੜੀ ਹਰ ਵੇਲੇ ਟੁਣਕ-ਟੁਣਕ ਕਰਦੀ ਸੀ, ਬਾਬਾ ਜੀ, ਬਾਬਾ ਜੀ, ਖਾਮੌਸ਼ ਹੀ ਹੋ ਗਈ! ਸਲੂਟਾਂ ਬੰਦ! ਵਾਹ ਜਨਾਬ ਖਤਮ! ਪੱਲੇ ਪੈ ਗਈ ਉਦਾਸੀ, ਤੇ ਰੂਹਾਂ ਦੇ ਸੌਦੇ ਹੋ ਗਏ ਗਾਇਬ। ਬੱਸ ਭਾਈ ਹੁਣ ਪੁੱਛੋ ਹੀ ਕੁਝ ਨਾ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਤਾਂ ਭਾਈ ਕਦੋਂ ਦੇ ਬੋਰੀਆਂ ਬਿਸਤਰਾ ਬੰਨ੍ਹ ਤੁਰ ਗਏ। ਹੁਣ ਤਾਂ "ਵੱਜਦੀ ਨਹੀਂ ਰਬਾਬ ਰੂਹ ਵਾਲੀ, ਇੱਕ ਇੱਕ ਕਰਕੇ ਇਹਦੇ ਤਾਰ ਟੁੱਟ ਗਏ" ਪਰ ਭਾਈ ਉਹਨਾ ਦੇ ਅਹਿਸਾਨਾਂ ਨੂੰ ਕਿਵੇਂ ਭੁਲੀਏ, ਜਿਹੜੇ ਸਾਡੀਆਂ ਕੁਲਾਂ ਤਾਰ ਗਏ।
ਧਰਤੀ ਗੋਲ ਹੈ, ਜਾਂ ਇਹ ਚਨੁੱਕਰੀ ਹੈ
ਖ਼ਬਰ ਹੈ ਕਿ ਕੈਰੇਬੀਅਨ ਖੇਤਰ ਵਿੱਚ ਤਬਾਹੀ ਮਚਾਕੇ ਅਮਰੀਕਾ ਵੱਲ ਵੱਧ ਰਹੇ ਪੰਜਵੇਂ ਦਰਜੇ ਦੇ ਸਮੁੰਦਰੀ ਤੂਫਾਨ ਇਸ ਤੋਂ ਬਚਾਅ ਲਈ ਫਲੋਰਿਡਾ ਦੇ ਵੱਖ-ਵੱਖ ਹਿੱਸਿਆਂ ਵਿਚੋਂ ਭਾਰਤੀ-ਮੂਲ ਦੇ ਅਮਰੀਕੀਆਂ ਸਮੇਤ 56 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ। ਇਹ ਵੀ ਚੇਤਾਵਨੀ ਦਿਤੀ ਗਈ ਹੈ ਕਿ ਜਿਹੜੇ ਲੋਕ ਇਥੋਂ ਨਹੀਂ ਜਾਣਗੇ, ਤੂਫਾਨ ਆਉਣ ਤੇ ਉਹਨਾ ਤੱਕ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਉਣੀ ਔਖੀ ਹੋ ਜਾਏਗੀ। ਇਕ ਹੋਰ ਸੂਚਨਾ ਇਹ ਵੀ ਹੈ ਕਿ ਤੂਫਾਨ ਨੇ ਕਿਊਬਾ ਦੇ ਇੱਕ ਦੀਪ ਸਮੂਹ ਤੇ ਦਸਤਕ ਦਿੱਤੀ ਹੈ। ਇਸ ਦੇ ਕਿਊਬਾ ਤੋਂ ਗੁਜ਼ਰ ਜਾਣ ਬਾਅਦ ਇਸਦੀ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ। ਰਾਸ਼ਟਰੀ ਮੌਸਮ ਕੇਂਦਰ ਨੇ ਟਵੀਟ ਕਰਕੇ ਦੱਸਿਆ ਕਿ ਫਲੋਰੀਡਾ ਦਾ ਕੋਈ ਵੀ ਸਥਾਨ ਸੁਰੱਖਿਅਤ ਨਹੀਂ ਹੋਵੇਗਾ।
ਵਿੱਦਿਆ ਵੀਚਾਰੀ ਹੈ ਪਰਉਪਕਾਰੀ
ਜਿਵੇਂ ਵਿੱਦਿਆ ਵੀਚਾਰੀ ਹੈ ਪਰਉਪਕਾਰੀ ਅਤੇ ਮਨੁੱਖ ਨੇ ਉਸ ਨੂੰ ਵਰਤ-ਵਰਤ ਕੇ, ਆਪਣੇ ਆਪ ਲਈ, ਆਪ ਮਰਨ ਦਾ ਸਮਾਨ ਪੈਦਾ ਕਰ ਲਿਆ ਹੈ। ਹੈ ਕਿ ਨਾ? ਪ੍ਰਮਾਣੂ ਬੰਬ, ਹਾਈਡਰੋਜ਼ਨ ਬੰਬ, ਧਰਤੀ ਤੇ ਤੁਰਨ ਵਾਲੇ ਬੰਬ ਗੱਡੀਆਂ ਮੋਟਰਾਂ, ਹਵਾ 'ਚ ਉੜਨ ਵਾਲੇ ਬੰਬ ਜਹਾਜ਼, ਜਹਾਜ਼ ਅਤੇ ਸੁਤਿਆ ਪਿਆ ਕੋਲ ਰੱਖ ਸੌਣ ਲਈ ਬੰਬ, ਮੋਬਾਇਲ। ਕੀਹਦੀ ਤਬਾਹੀ ਲਈ ਹਨ? ਦਰਖ਼ਤਾਂ ਦੀ ਪੁਟਾਈ, ਪਹਾੜਾਂ ਦੀ ਖੁਦਾਈ, ਅਤੇ ਧਰਤੀ 'ਚ ਪਾਇਆ ਕਚਰਾ, ਖਾਦਾਂ, ਕੀਟਨਾਸ਼ਕ ਆਖ਼ਰ ਕੀਹਦੀ ਤਬਾਹੀ ਲਈ ਹਨ? ਪਹਿਲਾਂ ਧਰਤੀ ਲਈ ਤੇ ਫਿਰ ਮਨੁੱਖ ਲਈ! ਜਦੋਂ ਬੰਬ ਛੇੜਾਂਗੇ ਤਾਂ ਫੱਟੇਗਾ ਹੀ, ਜਦੋਂ ਤੀਲੀ ਲਾਵਾਂਗੇ ਤਾਂ ਚਿੰਗਾਰੀ ਫੁੱਟੇਗੀ ਹੀ। ਅਸੀਂ ਧਰਤੀ ਰੋਲ ਸੁੱਟੀ ਆਪਣੇ ਸੁੱਖਾਂ ਲਈ, ਅਸੀਂ ਧਰਤੀ ਤਬਾਹ ਕਰ ਦਿੱਤੀ ਐਸ਼ੋ-ਅਰਾਮ ਲਈ। ਕੁਦਰਤ ਨਾਲ ਖਿਲਵਾੜ ਕਰ ਲਿਆ ਤਾਂ ਕੁਦਰਤ ਕਰੋਪੇ ਹੋਏਗੀ। ਤੂਫਾਨ ਆਉਣਗੇ, ਝਖੜ ਝੁਲਣਗੇ। ਮਨੁੱਖ ਜੀਵ ਮਰਨਗੇ, ਬਨਸਪਤੀ ਤਬਾਹ ਹੋਏਗੀ। "ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਵਾਲਾ ਮਨੁੱਖ ਤਬਾਹ ਹੋਏਗਾ ਅਤੇ ਕਣਕ ਦੇ ਘੁਣ ਵਾਂਗਰ ਪਿੱਸ ਜਾਏਗੀ ਧਰਤੀ, "ਜਿਹੜੀ ਧਰਤੀ ਗੋਲ ਹੈ ਜਾਂ ਚਨੁੱਕਰੀ ਹੈ, ਪਰ ਪੱਕੀ ਗੱਲ ਇਹ ਹੈ ਕਿ ਬਹੁਤ ਲਾਚਾਰ ਹੈ ਧਰਤੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2016 ਵਿੱਚ 93 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ, ਜਿਹਨਾਂ ਵਿਚੋਂ 5 ਭਾਰਤ ਵਿੱਚ ਮਾਰੇ ਗਏ। ਤਰੁਣ ਮਿਸ਼ਰਾ(ਜਨ ਸੰਦੇਸ਼ ਟਾਈਮਜ), ਇੰਦਰਦੇਵ ਯਾਦਵ (ਤਾਜ਼ਾ ਟੀ ਵੀ), ਰਾਜ ਦਿਓ ਰੰਜਨ (ਦੈਨਿਕ ਹਿੰਦੋਸਤਾਨ), ਕਿਸ਼ੋਰ ਦੇਣ (ਜੈ ਹਿੰਦ), ਧਰਮਿੰਦਰਾ ਸਿੰਘ (ਦੈਨਿਕ ਭਾਸਕਰ)
ਇੱਕ ਵਿਚਾਰ
ਜ਼ਿੰਦਗੀ ਵਿੱਚ ਕਾਮਯਾਬੀ ਲਈ ਸਿੱਖਿਆ ਮਹੱਤਵਪੂਰਨ ਹੈ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਉਤੇ ਸਥਾਈ ਪ੍ਰਭਾਵ ਛੱਡਦੇ ਹਨ........... ਸੋਲੋਮਾਨ ਆਰਟਿਜ਼