ਮਨਜਿੰਦਰ ਸਿੰਘ ਸਰੌਦ
ਅਖੌਤੀ ਕਲਾਕਾਰਾਂ ਵੱਲੋਂ ਮਾਂ ਬੋਲੀ ਦੀ ਨਸਲਕੁਸ਼ੀ ਕਰਕੇ ਨੌਜਵਾਨੀ ਦੀ ਸੋਚ ਨੂੰ ਖ਼ਤਮ ਕਰਨ ਦੇ ਯਤਨ
Page Visitors: 2628
ਅਖੌਤੀ ਕਲਾਕਾਰਾਂ ਵੱਲੋਂ ਮਾਂ ਬੋਲੀ ਦੀ ਨਸਲਕੁਸ਼ੀ ਕਰਕੇ ਨੌਜਵਾਨੀ ਦੀ ਸੋਚ ਨੂੰ ਖ਼ਤਮ ਕਰਨ ਦੇ ਯਤਨ
ਕਿਸੇ ਫ਼ਿਲਾਸਫ਼ਰ ਨੇ ਜ਼ਿੰਦਗੀ ਦੇ ਯਥਾਰਥ ਦਾ ਬੜਾ ਸੁੰਦਰ ਨਕਸ਼ਾ ਖਿੱਚਦਿਆਂ ਆਖਿਐ ਕਿ ਜੇਕਰ ਕਿਸੇ ਕੌਮ ਦੀ ਜੁਆਨੀ ਦੇ ਭਵਿੱਖ ਦਾ ਸ਼ੀਸ਼ਾ ਵੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਉੱਥੋਂ ਦੀ ਜੁਆਨੀ ਦਾ ਵਾਹ-ਵਾਸਤਾ ਕਿਹੋ ਜਿਹੇ ਗੀਤ ਸੰਗੀਤ ਦੇ ਨਾਲ ਹੈ। ਉਹ ਕੀ ਸੁਣਨਾ ਪਸੰਦ ਕਰਦੀ ਹੈ। ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ ਕਿ ਇਸ ਕੌਮ ਦੀ ਜੁਆਨੀ ਦਾ ਭਵਿੱਖ ਲੀਹੋਂ ਲਹਿ ਜਾਣ ਵਾਲਾ ਹੈ ਜਾਂ ਨਹੀਂ।
ਇਹ ਸਤਰਾਂ ਮੇਰੇ ਪੰਜਾਬ ਦੀ ਜੁਆਨੀ 'ਤੇ ਹੂ-ਬ-ਹੂ ਢੁਕਦੀਆਂ ਨੇ ਕਿਉਂਕਿ ਸਾਡੀ ਜੁਆਨੀ ਨੇ ਉਸ ਗੀਤ ਸੰਗੀਤ ਨੂੰ ਅਪਣਾ ਲਿਐ ਜਿਸ ਦਾ ਵਾਸਤਾ ਕਦਾਚਿਤ ਵੀ ਪੰਜਾਬੀਆਂ ਦੇ ਨਾਲ ਨਹੀਂ ਰਿਹਾ। ਜਿਸ ਗੀਤ, ਸੰਗੀਤ ਦੇ ਕਰਤਾ ਧਰਤਾ ਲੋਕ ਸਵ: ਸ਼ਾਦੀ ਰਾਮ ਬਖ਼ਸ਼ੀ, ਲਾਲ ਚੰਦ ਯਮਲਾ ਜੱਟ, ਸੰਤ ਰਾਮ ਉਦਾਸੀ, ਕਰਮ ਸਿੰਘ ਅਲਬੇਲਾ, ਪਾਲ ਸਿੰਘ ਪੰਛੀ, ਦਿਲਸ਼ਾਦ ਅਖ਼ਤਰ, ਹਰਜੀਤ ਹਰਮਨ, ਹਰਿੰਦਰ ਸੰਧੂ, ਸੁਖਵਿੰਦਰ ਸੁੱਖੀ, ਪੰਮਾ ਡੂੰਮੇਵਾਲ, ਭਗਵਾਨ ਹਾਂਸ, ਹਰਭਜਨ ਮਾਨ, ਸਤਿੰਦਰ ਸਰਤਾਜ ਤੇ ਨਵੇਂ ਪੂਰ ਦਾ ਗਾਇਕ ਮੰਗਤ ਖ਼ਾਨ ਜਿਹੇ ਗਵੱਈਏ ਹੋਣ, ਉਸ ਨੂੰ ਮਾਂ ਬੋਲੀ, ਸੱਭਿਆਚਾਰ ਤੇ ਆਪਣੇ ਵਿਰਸੇ ਨੂੰ ਪਰਣਾਈ ਗਾਇਗੀ ਜ਼ਰੂਰ ਆਖ ਸਕਦੇ ਹਾਂ।
ਕਹਿੰਦੇ ਇੱਕ ਬਾਰ ਯਮਲਾ ਸਾਹਿਬ ਤੋਂ ਇੱਕ ਗੀਤ ਅਜਿਹਾ ਗਾਇਆ ਗਿਆ ਜਿਸ ਦੇ ਬੋਲ ਸਨ
''ਮੈਂ ਵਿਸਕੀ ਦੀ ਬੋਤਲ ਵਰਗੀ ਕੁੜੀ ਫ਼ਸਾਈ ਐ'',
ਸਾਰੀ ਉਮਰ ਪਛਤਾਵਾ ਰਿਹਾ ਸੀ ਉਨ੍ਹਾਂ ਨੂੰ ਇਸ ਗੀਤ ਦਾ ਕਿ ਇਹ ਮੈਂ ਕੀ ਗਾ ਦਿੱਤਾ। ਇਸੇ ਨੂੰ ਸਮਰਪਿਤ ਭਾਵਨਾ ਆਖਿਆ ਜਾਂਦੈ। ਜੇਕਰ ਇਸ ਦੇ ਉਲਟ ਅੱਜ ਪੜਚੋਲਵੀਂ ਨਿਗਾਹ ਹੁਣ ਦੀ ਗਾਇਕੀ ਦੇ ਮਾਰੀਏ ਤਾਂ ਬਹੁਤਿਆਂ ਦਾ ਆਵਾ ਹੀ ਊਤਿਆ ਨਜ਼ਰੀਂ ਪੈਂਦੇ। ਕਈ ਅਣ-ਸਿੱਖ ਗਵੱਈਆਂ ਨੂੰ ਅਫ਼ਸੋਸ ਵਾਲੇ ਲਫ਼ਜ਼ ਦਾ ਤਾਂ ਸ਼ਾਇਦ ਗਿਆਨ ਵੀ ਨਾ ਹੋਵੇ। ਇਹ ਤਾਂ ਮਸ਼ਹੂਰੀ ਤੇ ਸ਼ੋਹਰਤ ਦੇ ਘੋੜੇ ਚੜ੍ਹ, ਕਲਾਕਾਰੀ ਦੇ ਵਿਸ਼ਾਲ ਸਮੁੰਦਰ ਨੂੰ ਪਾਰ ਕਰਨਾ ਲੋਚਦੇ ਨੇ। ਸਾਡੀ ਜਨਤਾ ਇਨ੍ਹਾਂ ਦੀਆਂ ਤਲੀਆਂ ਥੱਲੇ ਹੱਥ ਰੱਖ ਇਨ੍ਹਾਂ ਨੂੰ ਮੋਢਿਆਂ 'ਤੇ ਬਿਠਾ, ਬੇੜਾ ਬੰਨੇ ਲਾਉਣ ਲਈ ਹਰ ਸਮੇਂ ਤਿਆਰ ਹੈ।
ਲੰਘੇ ਦਿਨੀਂ ਇੰਟਰਨੈੱਟ 'ਤੇ ਹੱਥ ਪੱਲਾ ਮਾਰਦਿਆਂ ਇੱਕ ਅਖੌਤੀ ਗਵੱਈਆ ਜਿਸ ਨੂੰ ਹਰਮਨ ਚੀਮਾ ਆਖਿਆ ਜਾਂਦੈ, ਨਜ਼ਰੀਂ ਪਿਆ। ਮੇਰਾ ਗਾਇਕੀ ਤੇ ਕਲਾਕਾਰਾਂ ਨਾਲ ਵਾਹ-ਵਾਸਤਾ ਵਰ੍ਹਿਆਂ ਪੁਰਾਣਾ ਹੈ। ਮੈਂ ਆਪਣੀ ਉਮਰੇ ਕਿਸੇ ਵੀ ਕੌਮ ਦੇ ਵਿਰਸੇ ਦੀ ਇੰਨੀ ਦੁਰ-ਦਸ਼ਾ ਹੁੰਦੀ ਨਹੀਂ ਵੇਖੀ ਜਿੰਨੀ ਅੱਜ ਖਿੱਚਾ ਧੂਹੀ ਸਾਡੇ ਕਲਾਕਾਰਾਂ ਵੱਲੋਂ ਆਪਣੀ ਮਾਂ ਬੋਲੀ ਦੀ ਕੀਤੀ ਜਾਂਦੀ ਹੈ। ਇਸ ਨੌਜੁਆਨ ਦਾ ਕੋਈ ਵੀ ਗੀਤ ਸ਼ਾਇਦ ਮਾਰਕਿਟ ਵਿੱਚ ਨਹੀਂ ਆਇਆ, ਨਾ ਹੀ ਇਸ ਨੂੰ ਸੁਰ ਦਾ ਪਤੈ ਤੇ ਨਾ ਰਾਗ ਦਾ, ਤਾਲ ਕਿਵੇਂ ਲੱਗਦੀ ਹੈ, ਇਸ ਨੂੰ ਕੁਝ ਵੀ ਨਹੀਂ ਪਤਾ। ਮੈਨੂੰ ਲੱਗਦੈ ਇਸ ਨੌਜਵਾਨ ਨੇ ਕਲਾਕਾਰੀ ਦਾ ੳ, ਅ ਵੀ ਨਹੀਂ ਸਿੱਖਿਆ। ਕੁਝ ਲੋਕ ਸੋਸ਼ਲ ਮੀਡੀਆ 'ਤੇ ਇਸ ਨੂੰ ਮੰਦ-ਬੁੱਧੀ ਵੀ ਆਖਦੇ ਨੇ, ਸਾਊ ਤੇ ਵਿਚਾਰਾ ਵੀ, ਮੈਂ ਅੱਜ ਤੱਕ ਇਸ ਨੂੰ ਮਿਲਿਆ ਤੱਕ ਨਹੀਂ, ਜਾਣਦਾ ਨਹੀਂ, ਆਖ਼ਿਰ ਇਹ ਹੈ ਕੀ ਚੀਜ਼ ? ਪਰ ਮੁੰਡੀਹਰ ਨੇ ਇਸ ਨੂੰ ਸੋਸ਼ਲ ਮੀਡੀਆ ਰਾਹੀਂ ਇੰਨੀ ਹਵਾ ਦੇ ਦਿੱਤੀ ਕਿ ਉਹ ਹੁਣ ਪੰਜਾਬੀ ਗਾਇਕੀ ਦਾ ਵੱਡਾ ਖ਼ੈਰ-ਖੁਆਹ ਅਖਵਾਉਣ ਲੱਗਿਐ।
ਖ਼ੈਰ ਉਹ ਤਾਂ ਸਾਡੀ ਜੁਆਨੀ ਜਾਣੇ ਕਿ ਉਹ ਚੀਮੇ ਨੂੰ ਮਸ਼ਹੂਰੀ ਦਿਵਾਉਂਦੇ ਨੇ ਜਾਂ ਆਪ ਉਸ ਦੇ ਜ਼ਰੀਏ ਮਸ਼ਹੂਰੀ ਭਾਲਦੇ ਨੇ ? ਇੰਟਰਨੈੱਟ 'ਤੇ ਉਸ ਦੇ ਚਾਹੁਣ ਵਾਲਿਆਂ ਨੇ ਲੱਖਾਂ ਦੀ ਗਿਣਤੀ ਨੂੰ ਪਾਰ ਕਰ ਲਿਐ। ਧੜਾਧੜ ਉਸ ਦੀਆਂ ਇੰਟਰਵਿਊਜ਼ ਵਾਇਰਲ ਹੋ ਰਹੀਆਂ ਨੇ। ਲੜਕੇ, ਲੜਕੀਆਂ ਉਸ ਨਾਲ ਤਸਵੀਰ ਖਿਚਾ ਕੇ, ਸੋਸ਼ਲ ਮੀਡੀਆ 'ਤੇ ਪਾ, ਫ਼ਖ਼ਰ ਮਹਿਸੂਸ ਕਰਨ ਦੀਆਂ ਸਾਰੀਆਂ ਸੀਮਾਵਾਂ ਲੰਘ ਕੇ ਉਸ ਸੀਮਾ ਨੂੰ ਪਾਰ ਕਰਨ ਵਿੱਚ ਮਸ਼ਰੂਫ ਨੇ ਜਿੱਥੋਂ ਵਧੀਆ ਗਾਇਕੀ ਦਾ ਸਫ਼ਰ ਖ਼ਤਮ ਹੁੰਦੈ।
ਸੁਣਿਐ ਹੁਣ ਕੁਝ ਸੱਜਣ ਉਸ ਦੇ ਵਿਦੇਸ਼ ਟੂਰ ਦਾ ਜਗਾੜ ਵੀ ਲਾਉਣ ਲੱਗੇ ਨੇ। ਇਸ ਨੌਜਵਾਨ ਦਾ ਗੀਤ ਭਾਵੇਂ ਮਾਰਕਿਟ ਵਿੱਚ ਆਵੇ ਜਾਂ ਨਾ, ਪਰ ਕੁਝ ਲੋਕ ਅੱਤ ਦੀ ਗਰਮੀ ਮਹੀਨੇ ਉਸ ਦੇ ਕੋਟ ਪੈਂਟ ਪਵਾ, ਪਿੱਤ ਜ਼ਰੂਰ ਕਢਵਾਉਣਗੇ। ਚਲੋ, ਆਖ਼ਿਰ ਸੱਚ ਕੀ ਹੈ, ਇਹ ਤਾਂ ਚੀਮਾ ਜਾਣੇ ਜਾਂ ਉਸ ਦੇ ਫ਼ੈਨ ? ਸਾਡੀ ਤਾਂ ਇਹ ਵੀ ਬਦਕਿਸਮਤੀ ਹੈ ਕਿ ਅਸੀਂ ਅੰਮ੍ਰਿਤ ਮਾਨ ਵਰਗਿਆਂ ਨੂੰ ਵੀ ਮਸ਼ਹੂਰ ਕਰ ਦਿੱਤਾ। ਪਰ ਪੰਜਾਬੀ ਗਾਇਕੀ ਦੇ ਨੀਵੇਂਪਣ ਦੀਆਂ ਹੱਦਾਂ ਜ਼ਰੂਰ ਪਾਰ ਹੋ ਚੁੱਕੀਆਂ ਨੇ। ਕਿੰਨੀ ਵਧੀਆ ਟਿੱਪਣੀ ਕੀਤੀ ਸੀ ਇੱਕ ਵਾਰ ਗਾਇਕ ਦੁਰਗੇ ਰੰਗੀਲੇ ਨੇ ਕਿ ''ਲੱਖਾਂ ਕਰੋੜਾਂ ਛੱਡੋ, ਜੇਕਰ ਕਿਸੇ ਕਲਾਕਾਰ ਦੇ ਅਸਲੀ ਵਿਊਜ਼ ਹਜ਼ਾਰਾਂ ਵਿੱਚ ਹੀ ਹੋਣ ਤਾ ਵੱਡੇ ਮਾਣ ਵਾਲੀ ਗੱਲ ਹੈ, ਡੁਪਲੀਕੇਟ ਤਾ ਭਾਵੇਂ ਮਿਲੀਅਨਾ ਵਿੱਚ ਕਰ ਲਵੋ, ਕੋਈ ਫ਼ਰਕ ਨਹੀਂ ਪੈਂਦਾ।'' ਚੀਮੇ ਦੇ ਵਿਊ ਅਸਲੀ ਨੇ ਜਾਂ ਨਕਲੀ ਨੇ ਪਰ ਕਰੇਜ਼ ਬਹੁਤ ਜ਼ਿਆਦੈ। ਸਾਡੀ ਜੁਆਨੀ ਨੇ ਉਸ ਨੂੰ ਰਾਤੋ ਰਾਤ ਮਹਾਂ-ਫ਼ਨਕਾਰਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤੈ, ਜਿਨ੍ਹਾਂ ਨੂੰ ਲੋਕ ਰੱਬ ਵਾਂਗ ਪਿਆਰ ਕਰਦੇ ਸੀ। ਹੁਣ ਵਧੀਆ ਘਟੀਆ ਦੀ ਪਰਖ ਕੌਣ ਕਰੂ ? ਉਹ ਵੀ ਕਲਾਕਾਰ ਸਨ, ਤੇ ਇਧਰ ਚੀਮੇ ਹੁਰੀਂ ਵੀ ਲੱਖਾਂ ਫ਼ੈਨ ਬਣਾਈ ਬੈਠੇ ਨੇ।
ਬਿਨਾਂ ਸ਼ੱਕ ਹਰ ਨੂੰ ਹੱਕ ਹੈ ਗਾਉਣ ਦਾ, ਬਸ਼ਰਤੇ ਉਸ ਅੰਦਰ ਕਲਾਕਾਰ ਛੁਪਿਆ ਹੋਵੇ। ਇੱਥੇ ਤਾਂ ਕੁਝ ਵੀ ਨਜ਼ਰ ਨਹੀਂ ਪੈਂਦਾ। ਅਸੀਂ ਕਈ ਵਰ੍ਹੇ ਪਹਿਲਾਂ ਤੋਂ ਬਾਰ-ਬਾਰ ਇਹ ਆਖਿਆ ਕਿ ਪੰਜਾਬ ਦੀ ਜੁਆਨੀ ਨੂੰ ਜਿਹਨੀ ਤੌਰ 'ਤੇ ਬੌਧਿਕ ਸੋਚ ਤੋਂ ਅਪਾਹਜ ਕਰਨ ਦੀਆਂ ਕੋਸ਼ਿਸ਼ਾਂ ਅੰਦਰ ਖਾਤੇ ਬੁਣੀਆਂ ਜਾ ਰਹੀਆਂ ਨੇ ਪਰ ਕਿਸੇ ਨੇ ਇੱਕ ਨਾ ਸੁਣੀ ਤੇ ਇੱਕ ਦੂਜੇ ਤੋਂ ਅੱਗੇ ਲੰਘ ਇਸ ਮੱਕੜ ਜਾਲ ਵਿੱਚ ਫ਼ਸਲੇ ਚਲੇ ਗਏ। ਹੁਣ ਨੌਬਤ ਇੱਥੋਂ ਤੱਕ ਆ ਪਹੁੰਚੀ ਕਿ ਜੋ ਵਿਅਕਤੀ ਕਲਾਕਾਰ ਹੈ ਹੀ ਨਹੀਂ, ਉਸ ਨੂੰ ਚੰਗੇ ਭਲੇ ਗਵੱਈਆਂ ਦੇ ਹਾਣ ਦਾ ਕਰ ਦਿੱਤਾ।
ਕਈ ਵਧੀਆ ਕਲਾਕਾਰਾਂ ਦਾ ਇਹ ਆਖਣਾ ਵਾਜਬ ਹੈ ਕਿ ਬਾਈ ਜੀ ਪੰਜਾਬੀਆਂ ਕੋਲੋਂ ਤਾਂ ਹੁਣ ਪਰਖ ਦਾ ਪੈਮਾਨਾ ਹੀ ਵਿਸਰ ਗਿਐ। ਕੁਝ ਵੀ ਪਤਾ ਨਹੀਂ, ਜੇ ਕਿਸੇ ਸਿਰ ਫਿਰੇ ਨੇ ਗਾ ਦਿੱਤਾ ਕਿ
''ਅੱਠਵੀਂ 'ਚ ਪੜ੍ਹਦੀ ਨੇ ਲਾਈ ਯਾਰੀ, ਤੇ +2 ਵਿੱਚ ਹੋ ਕੇ ਤੋੜ ਗਈ',
'ਚੋਣਵਾਂ ਗਰੁੱਪ ਤੇਰੇ ਯਾਰ ਦਾ',
'ਤੇਰੀਆਂ ਪ੍ਰਾਇਮਰੀ ਸਕੂਲ ਵਾਲੀਆਂ ਚਿੱਠੀਆਂ ਅੱਜ ਵੀ ਮੇਰੇ ਕੋਲ ਸਾਂਭੀਆਂ ਪਈਆਂ ਨੇ',
ਅਸੀਂ ਇਨ੍ਹਾਂ ਨੂੰ ਵੀ ਮਾਨਤਾ ਦੇ ਦਿੱਤੀ। ਹੋਰ ਤਾਂ ਹੋਰ ਇੱਕ ਨੇ ਤਾਂ ਇਹ ਵੀ ਕਹਿ ਦਿੱਤਾ ਕਿ
''ਮੈਨੂੰ ਕਾਲਜ ਵਿੱਚ ਦਾਰੂ ਪੀਣ ਲਈ ਕਮਰਾ ਦੇ ਦਿੱਤਾ ਜਾਵੇ, ਜਿੱਥੇ ਬੈਠ ਮੈਂ ਯਾਰਾਂ ਸੰਗ ਦਾਰੂ ਪੀਣੀ ਹੈ''।
ਅਸੀਂ ਅਜਿਹੇ ਗੀਤਾਂ ਨੂੰ ਸੁਣਨਾ ਪਸੰਦ ਕੀਤਾ ਜਿਹੜੇ ਸਾਡੀਆਂ ਹੀ ਧੀਆਂ ਦੀ ਬੇਇੱਜ਼ਤੀ ਸ਼ਰੇਆਮ ਕਰਦੇ ਨੇ। ਅਸੀਂ ਉਨ੍ਹਾਂ ਨੂੰ ਰੱਜ ਕੇ ਮਾਣਿਆ, ਜਿਹੜੇ ਚਿੱਟੇ ਦਿਨ ਪਰਿਵਾਰਾਂ ਵਿੱਚ ਲੜਾਈ ਝਗੜਿਆਂ ਤੋਂ ਲੈ ਕੇ ਕੌਮਾਂ ਦੇ ਖ਼ਾਤਮੇ ਤੱਕ ਮਾਰ ਕਰਦੇ ਹੋਣ। ਜਦ ਅਸੀਂ ਇਹੋ ਜਿਹੇ ਗੀਤਾਂ ਨੂੰ ਅਪਣਾਵਾਂਗੇ ਕਿ
''ਅਖੇ ਭੇਜ ਕੋਈ ਵਿਚੋਲਾ ਜੇ ਵਿਆਹੁਣਾ ਜੱਟੀ ਨੂੰ''
ਤਾਂ ਸੁਭਾਵਿਕ ਹੈ ਕਿ ਸਾਡੀ ਸੋਚ ਨੂੰ ਅਪੰਗ ਹੀ ਮੰਨਿਆ ਜਾਵੇਗਾ।
ਵੀਰੋ, ਜੇ ਗੀਤ ਸੁਣਨੇ ਨੇ ਤਾਂ ਉਸਾਰੀ ਸੇਧ ਵਾਲੇ ਸੁਣੋ। ਸੋਸ਼ਲ ਮੀਡੀਆ ਰਾਹੀਂ ਜੇਕਰ ਪੋਸਟਾਂ ਸ਼ੇਅਰ ਕਰਨ ਦਾ ਸ਼ੌਂਕ ਹੈ ਤਾਂ ਕਿਸੇ ਦੀਨ ਦੁਖੀ ਦੀ ਪੋਸਟ ਸ਼ੇਅਰ ਕਰੋ ਜਾਂ ਫਿਰ ਦਰਖ਼ਤ ਦੇ ਟਾਹਣੇ ਨੂੰ ਰੱਸਾ ਪਾਈਂ ਬੈਠੇ ਕਿਸਾਨ ਦਾ ਦਰਦ ਲੋਕਾਂ ਤੱਕ ਪਹੁੰਚਦਾ ਕਰੋ। ਐਵੇਂ ਮਾੜੇ ਗੀਤ ਅਤੇ ਫ਼ਿਜ਼ੂਲ ਦੇ ਢੰਮਚੱਕਰਾਂ ਨੂੰ ਪ੍ਰੋਮੋਟ ਕਰਕੇ ਜੱਗ ਹਸਾਈ ਦਾ ਕਾਰਨ ਨਾ ਬਣੋ।
ਮੇਰੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ, ਨਾ ਹੀ ਮੇਰਾ ਮਤਲਬ ਕਿਸੇ ਨੂੰ ਪ੍ਰਸਿੱਧੀ ਦਿਵਾਉਣਾ ਹੈ ਪਰ ਸੱਚ, ਸੱਚ ਹੀ ਹੈ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
ਮੋਬਾ. 94634-63136