ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ
(ਭਾਗ ੧)
25 ਅਗਸਤ 2017 ਦਿਨ ਸ਼ੁਕਰਵਾਰ ਡੁਬਈ ਆਵੀਰ ਗੁਰਦੁਆਰਾ ਵਿਖੇ ਸਟੇਜ ਤੋਂ ਅਨਾਉਂਸ ਹੋਇਆ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਤਿ ਦੀਵਾਨ ਸਜਣਗੇ ਅਤੇ ਦਿੱਲੀ ਤੋਂ ਆਏ ਕਥਾ ਵਾਚਕ ਭਾਈ ਅਮ੍ਰਿਤਪਾਲ ਸਿੰਘ ਜੀ ਇਕ ਘੰਟੇ ਲਈ ਹਾਜ਼ਰੀ ਭਰਨਗੇ ।
ਘਰ ਵਾਪਸੀ ਦੌਰਾਨ ਮੇਰੀ ਸਿੰਘਣੀ ਨੇ ਪੁਛਿਆ ਕਿ 23 ਅਗਸਤ 2017 ਨੂੰ ਕਿਸ ਦਾ ਪਹਿਲਾ ਪ੍ਰਕਾਸ਼ ਦਿਵਸ ਸੀ ? ਮੈਂ ਹੱਸ ਪਿਆ ਤੇ ਪੁਛਿਆ ਕੀ ਦੱਸਾਂ ? ਮੇਰੀ ਸਿੰਘਣੀ ਕਹਿਣ ਲੱਗੀ ਦੋਹਾਂ ਵਿੱਚੋਂ ਕਿਹੜਾ ਠੀਕ ਹੈ, ਦੱਸੋ ? ਮੈਂ ਫਿਰ ਜ਼ੋਰ ਦੀ ਹੱਸ ਪਿਆ ਤੇ ਕਿਹਾ ਦੋਨੋ ਹੀ ਗਲਤ ਹਨ। ਮੇਰੀ ਸਿੰਘਣੀ ਨੇ ਇਸ ਦੀ ਜਾਣਕਾਰੀ ਲਈ ਬਹੁਤ ਉਤਸ਼ਾਹ ਦਿਖਾਇਆ। ਮੈ ਕਿਹਾ ਘਰ ਦੋ ਖੋਜ਼ੀ ਸਿੰਘਾਂ ਨੂੰ ਬੁਲਾਉਂਦਾ ਹਾਂ ਅਤੇ ਇਸ ਵਿਸ਼ੇ ਉਪਰ ਸਾਂਝੇ ਤੌਰ ਤੇ ਵਿਚਾਰ ਕਰਾਂਗੇ ।
ਸੋ 26 ਅਗਸਤ 2017 ਸ਼ਨਿਚਰਵਾਰ ਨੂੰ ਭਾਈ ਗੁਰਸ਼ਰਨ ਸਿੰਘ ਜੀ, ਕਿਰਤੀ ਸਿੰਘ ਜੋ ਡੁਬਈ ਆਵੀਰ ਗੁਰਦੁਆਰੇ ਵਿਚ ਸੰਥਿਆ ਅਤੇ ਸ਼ਬਦ ਵਿਚਾਰ ਦੀ ਸੇਵਾ ਸੰਭਾਲਦੇ ਹਨ ਅਤੇ ਭਾਈ ਪਰਮਜੀਤ ਸਿੰਘ ‘ਕੋਹਲੀ’ ਅਤੇ ਉਹਨਾਂ ਦੀ ਸਿੰਘਣੀ ਸਾਡੇ ਘਰ ਸ਼ਾਰਜਹ ਵਿਖੇ ਮਿੱਥੇ ਸਮੇਂ ਤੇ ਰਲ ਮਿਲ ਬੈਠ ਕੇ ਵਿਚਾਰਾਂ ਸ਼ੁਰੂ ਕੀਤੀਆਂ।
ਮੈਂ ਆਪਣੀ ਸਿੰਘਣੀ ਨਾਲ ਹੋਈ ਗੱਲ-ਬਾਤ ਨਾਲ ਸਭ ਨੂੰ ਵਾਕਿਫ਼ ਕਰਵਾਇਆ ਤੇ ਵਿਚਾਰ ਗੋਸ਼ਟੀ ਸ਼ੁਰੂ ਹੋ ਗਈ । ਮੈਂ ਕਿਹਾ, ਦੇਖੋ ਅਸੀਂ ਕਹਿੰਦੇ ਹਾਂ ਕਿ ਬਾਬਾ ਬੁੱਢਾ ਜੀ, ਪਹਿਲੇ ਗ੍ਰੰਥੀ ਹਨ, ਸੋ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਤਾਬਿਆ ਵਿਚ ਕੌਣ ਬੈਠਾ ਸੀ ? ਸਾਰੇ ਬੋਲੇ ਬਾਬਾ ਬੁੱਢਾ ਜੀ, ਹੋਰ ਕੌਣ ? ਮੈਂ ਕਿਹਾ ਠੀਕ ਹੈ ਅਤੇ ਹੁਣ ਦੱਸੋ ਪੰਚਮ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਿੱਥੇ ਬੈਠੇ ਹੋਣਗੇ ? ਸਭ ਨੇ ਕਿਹਾ ਸੰਗਤ ਵਿਚ, ਮੈਂ ਕਿਹਾ ਠੀਕ ਹੈ, ਹੁਣ ਦੱਸੋ ਇਕ ਸਿੱਖ ਜਦੋਂ ਦਰਬਾਰ ਵਿਚ ਆਏਗਾ ਤਾਂ ਪਹਿਲਾਂ ਕਿਸ ਨੂੰ ਮੱਥਾ ਟੇਕੇਗਾ? ਸਾਰਿਆ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਮੈਂ ਕਿਹਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੀਨਾ-ਬਸੀਨਾ ਪੋਥੀਆਂ ਜੋ ਉਹਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਤੋਂ ਮਿਲੀਆਂ ਸਨ ਨੂੰ ਇਕ ਗ੍ਰੰਥ ਦੀ ਸੰਪਾਦਨਾ ਕੀਤੀ ਸੀ ਪਰ ਓਸ ਪੋਥੀ (ਗ੍ਰੰਥ) ਨੂੰ ਗੁਰੂ ਘੋਸ਼ਿਤ ਨਹੀਂ ਕੀਤਾ ਸੀ । ਗੁਰੂ ਦੀ ਪਦਵੀ ਤਾਂ ਦਸਮ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਥੀ (ਗ੍ਰੰਥ) ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਨਾਲ ਜੋੜਿਆ ਸੀ । ਭਾਵੇਂ ਕਿ :-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (ਪੰਨਾ 982)
ਸੰਪਾਦਨਾ ਕੀਤੇ ਗ੍ਰੰਥ ਵਿਚ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ । ਸੰਪਾਦਨਾ ਵਾਲੇ ਗ੍ਰੰਥ ਵਿਚ ਭੱਟਾਂ ਦੇ ਸਵਈਏ :-
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਹ ਹਰਿ ॥7॥19॥ (ਪੰਨਾ 1409)
ਵੀ ਮੌਜੂਦ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ । ਕੀ ਇਹ ਕਹਾਣੀ ਪਹਿਲਾ ਪ੍ਰਕਾਸ਼ ਦਿਵਸ ਹੀ ਅੱਜ ਪੰਜਾਬ ਵਿਚ ਅਖੌਤੀ ਬਾਬਿਆਂ ਦੇ ਡੇਰਿਆਂ ਦੀ ਕਾਢ ਤਾਂ ਨਹੀਂ ? ਸਾਰੇ ਅਖੌਤੀ ਬਾਬਿਆਂ ਦੇ ਡੇਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਪਰ ਅਖੌਤੀ ਬਾਬੇ ਅਪਣਾ ਆਸਣ ਗੁਰੂ ਦੇ ਬਰਾਬਰ ਜਾਂ ਓਸ ਤੋਂ ਵੀ ਸੋਹਣਾ ਬਣਾਇਆ ਹੋਇਆ ਤੁਸੀਂ ਆਮ ਦੇਖ ਸਕਦੇ ਹੋ ।
ਹੋਰ ਗੁਰਮਤਿ ਵਿਚਾਰਾਂ ਵੀ ਹੁੰਦੀਆਂ ਰਹੀਆਂ ਪਰ ਇਸ ਵਿਸ਼ੇ ਬਾਰੇ ਲੇਖ ਲਿਖਣ ਤੋਂ ਪਹਿਲਾਂ 1 ਸਤੰਬਰ 2017ਨੂੰ ਭਾਈ ਅਮ੍ਰਿਤਪਾਲ ਸਿੰਘ ਜੀ ਵਲੋਂ ਕਥਾ ਤੋਂ ਬਾਦ ਹੀ ਲਿਖਣ ਦਾ ਫੈਸਲਾ ਹੋਇਆ ।
ਭਾਈ ਅਮ੍ਰਿਤਪਾਲ ਸਿੰਘ ਜੀ ਚੜ੍ਹਦੀ ਜਵਾਨੀ ਵਿਚ ਹਨ ਅਤੇ ਪੰਥ ਦੇ ਉਭਰਦੇ ਦਲੇਰ ਬੁਲਾਰੇ ਹਨ ।1 ਸਤੰਬਰ 2017 ਉਹਨਾਂ ਨੇ :-
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥1॥ (ਪੰਨਾ 721-722)
ਸ਼ਬਦ ਦੀ ਵਿਆਖਿਆ ਕੀਤੀ ਅਤੇ ਪਹਿਲੇ ਪ੍ਰਕਾਸ਼ ਦੀ ਕਥਾ ਸਾਰੀ ‘ਗੁਰ ਬਿਲਾਸ ਪਾਤਸ਼ਾਹੀ 6’ ਪੁਸਤਕ ਵਾਲੀ ਹੀ ਦੁਹਰਾਈ, ਕੋਈ ਨਵੀਂ ਗੱਲ ਸੰਗਤਾਂ ਨਾਲ ਸਾਂਝੀ ਨਹੀਂ ਕੀਤੀ ।
ਸਮਾਪਤੀ ਤੋਂ ਬਾਦ 26 ਅਗਸਤ ਨੂੰ ਘਰ ਵਿਚ ਹੋਈ, ਵਿਚਾਰ ਗੋਸ਼ਟਿ,ਭਾਈ ਅਮ੍ਰਿਤਪਾਲ ਸਿੰਘ ਜੀ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇਸ ਵਿਸ਼ੇ ਤੇ ਕੋਈ ਖੋਜ਼ ਨਹੀਂ ਕੀਤੀ ਪਰ ਜੋ ਸੁਣਾਇਆ ਹੈ, ਸਾਰਾ ਸੁਣਿਆ ਸੁਣਾਇਆ ਹੀ ਹੈ ਜੀ। ਜਦੋਂ ਦਾਸ ਨੇ ਉਹਨਾਂ ਨੂੰ ਦੱਸਿਆ ਕਿ ਆਪ ਜੀ ਨੇ ਜੋ ਵਿਚਾਰ ਸੰਗਤਾਂ ਸਾਮ੍ਹਣੇ ਰੱਖੇ ਹਨ ਉਹ ਸਾਰੇ ਹੀ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਹੀ ਛਾਪੀ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ 6’ਕਿਤਾਬ ਦਾ ਸੰਗਤਾਂ ਦੇ ਵਿਰੋਧ ਕਾਰਨ ਬਜ਼ਾਰ (Market) ਚੋਂ ਕਿਤਾਬਾਂ ਵਾਪਿਸ ਲੈਣੀਆਂ ਪੈ ਗਈਆਂ ਸਨ, ਦੇ ਵਿਚ ਹੀ ਹੈ ਤਾਂ ਉਹਨਾਂ ਨੇ ਕਿਹਾ, ਕਿਤਾਬ ‘ਗੁਰੂ ਬਿਲਾਸ ਪਾਤਸ਼ਾਹੀ 6’ ਪੁਸਤਕ ਉਹਨਾਂ ਨੇ ਨਹੀਂ ਪੜ੍ਹੀ ।
ਮੇਰੀ ਹੈਰਾਨੀ ਦੀ ਤਦੋਂ ਹੱਦ ਹੋ ਗਈ ਜਦੋਂ ਡੁਬਈ ਦੀ ਸੰਗਤ ਨਾਲ ਇਹ ਵੀਚਾਰ ਸਾਂਝੇ ਕਰਨ ਦੌਰਾਨ ਕਿਸੀ ਇਕ ਨੇ ਵੀ ਖੁਲ੍ਹ ਕੇ ਆਪਣੇ ਨਿਰਪੱਖ ਵਿਚਾਰ ਦਾਸ ਨਾਲ ਸਾਂਝੇ ਨਹੀਂ ਕੀਤੇ । ਇਕ ਗੁਰਮੁਖਿ ਪਿਆਰੇ ਨੇ ਤਾਂ ‘ਗੁਰੂ ਦੀ ਗੁਰੂ ਹੀ ਜਾਣੇ’ ਕਹਿ ਕੇ ਪਾਸੇ ਹੋ ਗਏ।ਮੈਂ ਕਿਹਾ ਗੁਰੂ ਦੀ ਗੁਰੂ ਹੀ ਜਾਣੇ ਨਾਲ ਤਾਂ ਮੈਂ ਸਹਮਿਤ ਹਾਂ, ਪਰ ਗੁਰੂ ਦੀ ਕੋਈ (ਮਜ਼ਾਕ) ਉਡਾਏ ਇਹ ਕਿਸ ਤਰ੍ਹਾਂ ਗਲੇ ਤੋਂ ਥੱਲੇ ਉਤਰ ਜਾਂਦਾ ਹੈ । ਮੈਂ ਹੋਰ ਉਤਸ਼ਾਹਿਤ ਹੋ ਕੇ ਇਸ ਲੇਖ ਦੀ ਖੋਜ ਹੋਰ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ।
ਗੁਰੂ ਪਿਆਰਿਓ, ਪੋਥੀ ਸਾਹਿਬ ਤੋਂ ਗ੍ਰੰਥ ਦੀ ਸੰਪਾਦਨਾ, ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਤੇ ਫਿਰ ਪਹਿਲਾ ਪ੍ਰਕਾਸ਼, ਅਤੇ ਹੋਰ ਬਹੁਤ ਗੁਰਮਤਿ ਵਿਰੋਧੀ ਗੁਰਦੁਆਰਿਆਂ ਦੀ ਸਟੇਜਾਂ ਤੋਂ ਸੰਗਤਾਂ ਨਾਲ ਸਾਂਝ ਕਰਦੀਆਂ ਸਾਖੀਆਂ, ਸਾਰਾ ਹੀ ‘ਗੁਰ ਬਿਲਾਸ ਪਾਤਿਸ਼ਾਹੀ 6’ ਕਿਤਾਬਚੇ ਤੋਂ ਇਲਾਵਾ ਕਿਸੀ ਵੀ ਇਤਿਹਾਸਕ ਪੁਸਤਕ ਵਿਚੋਂ ਦੇਖਣ ਨੂੰ ਨਹੀਂ ਮਿਲਦਾ। ‘ਗੁਰ ਬਿਲਾਸ ਪਾਤਿਸ਼ਾਹੀ 6’ ਕਿਤਾਬ ਦਾ ਨਾ ਕੋਈ ਲਿਖਾਰੀ ਦਾ ਪਤਾ ਹੈ ਤੇ ਨਾ ਹੀ ਉਸ ਕਿਤਾਬ ਵਿਚ ਦੋ ਕਲਪਨਿਕ ਪਾਤਰ, ਇਕ ਸਿੱਖ ਭਗਤ ਸਿੰਘ ਅਤੇ ਦੂਸਰਾ ਅਖੌਤੀ ਭਾਈ ਮਨੀ ਸਿੰਘ ਦੀ ਵਾਰਤਲਾਪ ਕਦੋਂ ਤੇ ਕਿੱਥੇ ਹੋਈ ਦਾ ਥਾਂ ਪਤਾ ਲਿਖਿਆ ਹੈ? ਭਾਈ ਮਨੀ ਸਿੰਘ ਜੀ ਦਾ ਨਾਂ ਵਰਤ ਕੇ ਇਸ ਚਪਲ-ਬੁੱਧੀ ਲਿਖ਼ਾਰੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਜੁੜੇ ਸਿੱਖਾਂ ਦੇ ਪਿਆਰ ਦਾ ਦੁਰ-ਉਪਯੋਗ ਕੀਤਾ ਹੈ ।
ਇਸ ਚਪਲ-ਬੁੱਧੀ ਲਿਖ਼ਾਰੀ ਨੇ ਈਸਵੀ 1604 ਵਿਚ ਹੀ (ਗੁਰਿਆਈ ਮਿਲਣ ਤੋਂ 104 ਸਾਲ ਪਹਿਲਾਂ ਹੀ) ਪ੍ਰਕਾਸ਼ਮਾਨ ਹੋਇਆ ਦਰਸਾਇਆ ਹੈ । ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਮਹਤੱਤਾ ਕੇਵਲ ਸ਼੍ਰੀ ਦਰਬਾਰ ਸਾਹਿਬ ਵਿਚ ਪ੍ਰਕਾਸ਼ਮਾਨ ਹੋਣ ਨਾਲ ਜੋੜਣ ਦਾ ਭਰਮ ਪੱਕਾ ਕਰਾਇਆ ਹੈ? ਇਹੀ ਕਾਰਨ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਰਬਾਰ ਸਾਹਿਬ ਵਿਚ ਸਸ਼ੋਭਿਤ ਹੋਏ ਨੂੰ ਸਿੱਖ ਸੰਗਤ ਮਹਤੱਤਾ ਦਿੰਦੀ ਹੈ, ਉਹੀ ਸਨਮਾਨ ਦਰਸ਼ਨੀ ਡਿਉੜੀ ਦੇ ਕਮਰਿਆਂ ਵਿਚ ਚਲ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਸਵਰੂਪਾਂ ਨੂੰ ਸਿੱਖ ਉਹੀ ਮਹਤੱਤਾ ਨਹੀਂ ਦਿੰਦਾ।
ਹਰਿਮੰਦਰ (ਦਰਬਾਰ ਸਾਹਿਬ) ਦੀ ਉਸਾਰੀ ਦੀ ਕਹਾਣੀ,ਕੋਠਾ ਸਾਹਿਬ ਅਤੇ ਅਕਾਲ ਤਖ਼ਤ ਦੀ ਉਸਾਰੀ, ਦੀ ਗਾਥਾ ਵੀ ਇਸ ਅਦਭੁਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ 6’ ਤੋਂ ਹੀ ਮਿਲਦਾ ਹੈ । ਇਹ ਪੁਸਤਕ 1718 ਈਸਵੀ ਵਿਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1708 ਈਸਵੀ ਵਿਚ ਪ੍ਰਗਟ ਹੋਣ ਦੇ 10 ਸਾਲ ਬਾਅਦ, ਅਚਨ-ਚੇਤ ਜੰਗਲਾਂ ਦੇ ਵਿਚ ਵਿਚਰਦੇ ਸਿੰਘਾਂ ਦੇ ਜੱਥਿਆਂ ਅੰਦਰ ਇਹਨਾਂ ਦੀਆਂ ਕਥਾਵਾਂ ਅਰੰਭੀਆਂ ਗਈਆਂ । ਇਸ ਤੋਂ ਪੁਰਾਣੀ ਪਹਿਲਾਂ ਕੋਈ ਪੁਸਤਕ ਸਿੱਖ ਇਤਿਹਾਸ ਵਿਚ ਨਹੀਂ ਲੱਭਦੀ ਜੋ ਇਹ ਪ੍ਰ੍ਰੋੜਤਾ ਕਰੇ ਕਿ ਪੰਚਮ ਗੁਰੂ ਨਾਨਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪੋਥਿਆਂ ਤੋਂ ਗੁਰਬਾਣੀ ਸੰਪਾਦਨਾ ਕਰਕੇ ਗ੍ਰੰਥ ਸਾਜਿਆ ਸੀ।
ਪੋਥੀ, ਕਿ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ?
ਪੋਥੀਆਂ ਜੋ ਪੰਚਮ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਜੀ ਨੂੰ ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਜੀ ਤੋਂ ਸੀਨਾ-ਬਸੀਨਾ ਪ੍ਰਾਪਤ ਹੋਈਆਂ ਸਨ, ਉਹਨਾਂ ਦੀ ਸੰਪਾਦਨਾ ਗ੍ਰੰਥ ਰੂਪ ਵਿਚ ਵੀ ਇਸੀ ਪੁਸਤਕ ਤੋਂ ਮਿਲਦੀ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪ੍ਰਬੰਧ ਦਾ ਵਰਨਣ :-
ਸਵੈਯਾ ।
ਸ੍ਰੀ ਗੁਰ ਲਾਇ ਦੀਵਾਨ ਤਬੈ, ਅਤਿ ਅਨੰਦ ਸੋਂ ਇਹ ਭਾਂਤ ਅਲਾਈ ।
ਭਾਈ ਗੁਰਦਾਸ ਸੁਨੋ ਚਿਤ ਦੈ, ਅਬ ਸੇਤ ਰਚੋ ਭਵ ਸਿੰਧੁ ਤਰਾਈ ।
ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।
ਮ੍ਰਿਤੰ ਭਵ ਤਾਹਿ ਮਿਟੈ ਨਰ ਕੀ, ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ । 309 ।
(ਗੁਰ ਬਿਲਾਸ ਪਾਤਿਸ਼ਾਹੀ 6)
ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)
ਸੰਪਰਕ ਨੰ. +971-50-8954294
ਪ੍ਰਭਜੀਤ ਸਿੰਘ ‘ਧਵਨ’
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ ੧)
Page Visitors: 2671