ਕਿਸਦੀ ਮਨੀਏ ? "ਡਿਠੈ ਮੁਕਤਿ ਨ ਹੋਵਈ..." ਕਿ "ਡਿਠਿਆ ਸਭ ਦੁਖ ਜਾਏ ?
ਵੋਟਾਂ ਦੇ ਲਾਲਚ ਵਿਚ ਸਾਡੇ ਅਖੌਤੀ ਆਗੂ ਅਾਪਣੇ ਇਕੋ ਇਕ ਸ਼ਬਦ ਗੁਰੂ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਭੁਲਾ ਕੇ ਨਾਂ ਕੇਵਲ ਅਪਣੇ ਆਪ ਨੂੰ ਧੋਖਾ ਦੇਈ ਜਾ ਰਹੇ ਹਨ ,ਬਲਕਿ ਕੌਮ ਨੂੰ ਵੀ ਕੁਰਾਹੇ ਪਾ ਰਹੇ ਨੇ ।
ਪਿਛਲੇ ਦਿਨੀਂ, ਮੌਜੂਦਾ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਅਤੇ ਸਾਬਕਾ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵਲੋ ਕੁਝ ਇਹੋ ਜਹੇ ਦਾਵੇ ਕੀਤੇ ਗਏ, ਜੇੜ੍ਹੇ ਨਾਂ ਕੇਵਲ ਗੁਰਮਤਿ ਦੇ ਉਲਟ ਬਲਕਿ ਬਹੁਤ ਹੀ ਅਫਸੋਸ ਜਨਕ ਸਨ ।
ਮੌਜੂਦਾ ਦਿੱਲੀ ਕਮੇਟੀ ਦੇ ਆਗੂਆਂ ਉਤੇ ਤਾਂ ਗਿਲਾ ਕਰਣਾ ਹੁਣ ਸਿਰ ਖਪਾਈ ਲਗਦਾ ਹੈ, ਕਿਊਕਿ ਉਨ੍ਹਾਂ ਨੇ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਿਰੇ ਤੋਂ ਨਕਾਰ ਕੇ १४२८ ਪੰਨਿਆਂ ਵਾਲੇ ਕਿਸੇ ਬਚਿੱਤਰੀ ਪੋਥੇ (ਅਖੌਤੀ ਦਸਮ ਗ੍ਰੰਥ ) ਨੂੰ ਸਿੱਖਾਂ ਦੇ ਦੂਜੇ ਗੁਰੂ ਦੇ ਰੂਪ ਵਿਚ ਸਰੇਆਮ ਮਾਨਤਾ ਦੇ ਦਿੱਤੀ ਹੈ ।
ਉਨ੍ਹਾਂ ਵਿਚਾਰਿਆਂ ਉਤੇ ਬਿਪਰ ਤਾਕਤਾਂ ਅਤੇ ਕੁਰਸੀ ਨਾਲ ਚਿਮੜੇ ਰਹਿਣ ਦਾ ਇੱਨਾਂ ਲਾਲਚ ਹੈ ਕਿ ਉਨ੍ਹਾਂ ਨੂੰ "ਆਸਾ ਕੀ ਵਾਰ" ਨਾਲੋ "ਚੰਡੀ ਕੀ ਵਾਰ" ਬਹੁਤੀ ਸਿਧਾਂਤਕ ਅਤੇ ਗੁਰਮਤਿ ਦੇਣ ਵਾਲੀ "ਗੁਰੂ ਦੀ ਬਾਣੀ" ਲਗਣ ਲਗ ਪਈ ਹੈ । ਇਹ ਨਹੀਂ ਕਿ ਉਨ੍ਹਾਂ ਨੂੰ ਇਸ ਬਚਿਤਰੀ ਪੋਥੇ ਦੀ ਅਸਲਿਅਤ ਦਾ ਪਤਾ ਨਹੀਂ ! ਲੇਕਿਨ ਜੇ ਉਹ ਬਿਪਰਵਾਦੀ ਤਾਕਤਾਂ ਦਾ ਅਜੈਂਡਾ ਨਾ ਪੂਰਣ, ਤਾਂ ਉਨ੍ਹਾਂ ਦੇ ਗਲੇ ਵਿਚ ਬਿਪਰ ਦਾ ਭਗਵਾ ਪੱਟਾ ਕੌਣ ਪਾਵੇਗਾ ?
ਅਤੇ ਸਿੱਖਾਂ ਨੂੰ ਗੰਦ ਪਰੋਸੇ ਬਿਨਾਂ ਵੋਟ ਕਿਵੇਂ ਮਿਲਣ ਗੇ ?
ਬਹੁਤੇ ਵਿਸਤਾਰ ਵਿਚ ਨਾਂ ਜਾੰਦੇ ਹੋਏ ਦਾਸ ਮੂਲ ਵਿਸ਼ੈ ਵਲ ਵਾਪਸ ਆਂਉਦਾ ਹੈ ! ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਦੇ ਮੇਨ ਗੇੇਟ ਉਪਰ "ਦੁਰਗਾ ਪਾਠ" (ਦੁਰਗਾ ਪਾਠ ਬਣਾਇਆ ਸਭੈ ਪਉੜੀਆਂ ) ਦੀ ਪਹਿਲੀ ਪਉੜ੍ਹੀ ਜੋ ਸਾਡੀ ਅਰਦਾਸ ਵਿਚ ਜੋੜ ਕੇ ਸਿੱਖਾਂ ਨੂੰ ਹਮੇਸ਼ਾ ਲਈ ਦੁਰਗਾ ਦਾ ਉਪਾਸਕ ਬਣਾ ਦਿੱਤਾ ਗਿਆ ਹੈ ,ਦੀ ਇਕ ਤੁਕ ਮੋਟੇ ਮੋਟੇ ਅਖਰਾਂ ਵਿਚ ਲਿੱਖੀ ਹੋਈ ਹੈ ,"ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠਿਆਂ ਸਭ ਦੁਖ ਜਾਏ ।"
ਬਚਿਤਰੀ ਪੋਥੇ ਦੀ ਇਹ ਗੈਰ ਸਿਧਾਂਤਕ ਤੁਕ ਹੀ ਹੁਣ ਇਨ੍ਹਾਂ ਅਖੌਤੀ ਆਗੂਆਂ ਵਿਚ ਵਿਵਾਦ ਦਾ ਕਾਰਣ ਬਨ ਗਈ ਹੈ । ਬੰਗਲਾ ਸਾਹਿਬ ਦੀ ਸਟੇਜ ਤੋਂ ਮਨਜੀਤ ਸਿੰਘ ਜੀ. ਕੇ. ਅਤੇ ਪਰਮਜੀਤ ਸਿੰਘ ਰਾਣਾ ਕਈ ਵਾਰ ਇਸ ਬਚਿੱਤਰੀ ਪੋਥੇ ਨੂੰ ਗੁਰੂ ਦੀ ਬਾਣੀ ਸਾਬਿਤ ਕਰਣ ਲਈ ਇਹ ਕਹਿੰਦੇ ਸੁਣੇ ਜਾੰਦੇ ਹਨ ਕਿ, .." ਕੀ ਸਿੱਖਾਂ ਦੀ ਅਰਦਾਸ ਵਿਚੋਂ ਇਹ ਤੁਕਾਂ ਹਟਾ ਦੇਈਏ ਕਿ "ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠਿਆਂ ਸਭ ਦੁਖ ਜਾਏ" , ਜੋ ਹਰ ਸਿੱਖ ਰੋਜ ਅਪਣੀ ਅਰਦਾਸ ਵਿਚ ਪੜ੍ਹਦਾ ਹੈ ?
ਕੱਚੀ ਸੋਚ ਵਾਲੇ ਅਤੇ ਗੁਰਬਾਣੀ ਤੋਂ ਟੁੱਟੇ ਸਿੱਖ ਇਨ੍ਹਾਂ ਦੀ ਇਸ ਦਲੀਲ ਤੋਂ ਬਹੁਤ ਛੇਤੀ ਪ੍ਭਾਵਿਤ ਹੋ ਜਾੰਦੇ ਹਨ ਅਤੇ ਇਨ੍ਹਾਂ ਦੀ ਇਸ ਦਲੀਲ ਨੂੰ ਹੀ ਸਹੀ ਮੰਨ ਬਹਿੰਦੇ ਹਨ। ਜਦਕਿ ਬਚਿਤੱਰ ਅਤੇ ਅਸ਼ਲੀਲ ਪੋਥੇ ਦੇ " ਦੁਰਗਾ ਪਾਠ" ਦੀ ਇਹ ਤੁਕ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ ।
ਮੌਜੂਦਾ ਕਮੇਟੀ ਤੇ ਗਿਲਾ ਕੀ ਕਰਣਾ ਜੋ ਇਹ ਦਲੀਲ ਦੇੰਦੀ ਹੈ ।ਅਫਸੋਸ ਤਾਂ ਸਰਨਾਂ ਭਰਾਵਾਂ ਤੇ ਬਹੁਤਾ ਆਉਦਾ ਹੈ ਜੋ ਵੋਟਾਂ ਲੈਣ ਲਈ ਇਹ ਦਾਵਾ ਕਰਦੇ ਨੇ ਕਿ ਇਹ ਤੁਕ ਤਾਂ ਅਸਾਂ ਲਿਖਾਈ ਸੀ । ਸਾਡੇ ਕਾਰਜ ਕਾਲ ਵਿਚ ਲਿੱਖੀ ਗਈ ਸੀ ! ਵਾਹ ! ਸਰਨਾਂ ਸਾਹਿਬ ਵਾਹ ! ਲਗਦਾ ਹੈ ਭਾਈ ਤਰਸੇਮ ਸਿੰਘ ਵਰਗਾ ਗੁਰਮਤ ਦਾ ਧਾਰਣੀ ਸਿੱਖ ਵੀ ਤੁਹਾਡੀ ਸਿਆਸੀ ਕਾਰ ਦਾ ਸਟਿਅਰਿੰਗ ਬਣ ਕੇ ਰਹਿ ਗਿਆ ਹੈ !
ਜਾਂ ਤਾਂ ਤੁਸੀ ਉਸ ਕੋਲੋਂ ਗੁਰਮਤਿ ਦੀ ਮਤਿ ਲੈਂਦੇ ਨਹੀ ,ਜਾ ਉਹ ਵੀ ਸਿਆਸਤ ਦੀ ਲਾ ਇਲਾਜ ਬੀਮਾਰੀ ਦਾ ਸ਼ਿਕਾਰ ਹੋ ਚੁਕੇ ਹਨ ?
ਅਪਣੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੋਲੋ ਨਾਂ ਸਹੀ, ਗੁਰੂ ਗ੍ਰੰਥ ਸਾਹਿਬ ਵਰਗੇ ਸਮਰੱਥ ਗੁਰੂ ਕੋਲੋ ਹੀ ਸਲਾਹ ਲੈ ਲੈਣੀ ਸੀ ਕਿ ਬਚਿਤਰ ਪੋਥੇ ਦੀ ਇਹ ਤੁਕ ਸਿਧਾਂਤਕ ਹੈ ਵੀ ਕਿ ਨਹੀ ?
ਤੁਸੀ ਤਾ ਕਹਿੰਦੇ ਨਹੀ ਥਕਦੇ ਕਿ
"ਜਿਸ ਡਿਠਿਆਂ ਸਭ ਦੁਖ ਜਾਏ"
ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ
"ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹੁਣ ਤੁਹਾਡੀ ਅਤੇ ਤੁਹਾਡੇ ਉਸ "ਦੁਰਗਾ ਪਾਠ " ਦੀ ਇਸ ਤੁਕ ਦੀ ਗਲ ਮਨੀਏ ਕਿ ਅਪਣੇ ਇਕੋ ਇਕ ਸ਼ਬਦ ਗੁਰੂ ਦਾ ਹੁਕਮ ਮਣੀਏ ?
ਉਏ ਚੌਧਰ ਦੇ ਭੁੱਖੇ ਲੋਕੋ ! ਵੋਟਾਂ ਅਤੇ ਕੁਰਸੀ ਦੇ ਲਾਲਚ ਲਈ ਕੌਮ ਨੂੰ ਗੁਮਰਾਹ ਨਾਂ ਕਰੋ ! ਜਾਂਣ ਬੁਝ ਕੇ ਬਚਿਤੱਰ ਪੋਥੇ ਦੀ ਇਸ ਗੈਰ ਸਿਧਾਂਤਕ ਅਤੇ ਗੁਰਮਤਿ ਦੇ ਉਲਟ ਤੁਕ ਨਾਲ ਸਿੱਖਾ ਨੂੰ ਜੋੜਨ ਦੀ ਬਜਾਇ ਅਪਣੇ ਗੁਰੂ ਦੇ ਇਸ ਹੁਕਮ ਨਾਲ ਜੇੜੋ !
ਸਲੋਕੁ ਮਃ ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥ ਅੰਕ ५९४
ਅਗਲੇ ਹੀ ਸ਼ਬਦ ਵਿਚ ,ਗੁਰੂ ਸਾਹਿਬ ਬਹੁਤ ਕਰੜੇ ਸ਼ਬਦਾਂ ਵਿਚ ਇਹ ਹਲੂਨਾ ਵੀ ਦੇ ਦੇੰਦੇ ਹਨ ਕਿ ਅਪਣੇ ਗੁਰੂ ਨੂੰ ਛੱਡ ਕੇ ਦੂਜੇ ਨਾਲ ਹਿੱਤ ਲਾਉਣ ਵਾਲਾ ਸਿੱਖ ਅਨ੍ਹਾਂ ਅਤੇ ਗਵਾਰ ਹੈ। ਜੇਹਾ ਮਨੁਖ ਅਪਣੇ ਗੁਰੂ ਨੂੰ ਵਿਸਾਰ ਕੇ ਕੁਮਤਿ ਨਾਲ ਜੁੜ ਜਾੰਦਾ ਹੈ, ਉਹ ਸਦਾ ਹੀ ਦੁਖਾਂ ਦੀ ਅਗ ਵਿਚ ਸੜਦਾ ਵਰਲਾਪ ਕਰਦਾ ਹੈ । ਸੁਖਾਂ ਦੀ ਪ੍ਰਾਪਤੀ ਤਾਂ ,ਉਸੇ ਮਨੁਖ ਨੂੰ ਹੁੰਦੀ ਹੈ ਜੋ ਆਪਣੇ ਗੁਰੂ ਦੀ ਦਿੱਤੀ ਮਤਿ ਤੇ ਚਲਦਾ ਹੈ ।
ਮਃ ੩ ॥
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ ਅੰਕ ५९४
ਭੁਲਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਕਿਸਦੀ ਮਨੀਏ ? "ਡਿਠੈ ਮੁਕਤਿ ਨ ਹੋਵਈ..." ਕਿ "ਡਿਠਿਆ ਸਭ ਦੁਖ ਜਾਏ ?
Page Visitors: 2772