ਜਨਮ ਦਿਨ ਤੇ ਵਿਸ਼ੇਸ਼
ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
ਬਾਬਾ ਬੰਦਾ ਸਿੰਘ ਬਹਾਦਰ
- ਅਤਿੰਦਰ ਪਾਲ ਸਿੰਘ
ਸਾਬਕਾ ਐਮ.ਪੀ.
16-10-1670 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੋਇਆ। ਪਰ ਜਿਹੜਾ ਦਿਨ ਸਿੱਖ ਲਿਖਾਰੀਆਂ ਅਤੇ ਪੰਥ ਖ਼ਾਲਸੇ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਗੌਰਵਮਈ ਸ਼ਹੀਦੀਆਂ ਨਾਲ ਭਰਪੂਰ ਸਿੱਖ ਇਤਿਹਾਸ ਦੀ ਇਕ ਮਹਾਨ ਸਖਸ਼ੀਅਤ , ਜਿਸ ਨੇ ਦਸਮ ਪਿਤਾ ਦੇ ਮੁਬਾਰਿਕ ਕਰ-ਕਮਲਾਂ ਤੋਂ ਖੰਡੇ ਦੀ ਪਾਹੁਲ ਅਤੇ ਬਖਸ਼ਿਸ਼ਾਂ ਲੈ ਕੇ ਉਸ ਵੇਲੇ ਦੀ ਏਸ਼ੀਆ ਦੀ ਇਕ ਮਹਾਨ ਸ਼ਕਤੀ ਅਤੇ ਵੱਡੀ ਤਾਕਤ ਮੁਗਲ ਹਕੂਮਤ ਨੂੰ ਚੁਣੌਤੀ ਦਿੱਤੀ ਅਤੇ ਪੰਜਾਬ ਵਿਚ ਨਾਨਕਸ਼ਾਹੀ ਸਿੱਖ ਪ੍ਰਭੂਸਤਾ ਦੀ ਪਾਤਿਸ਼ਾਹੀ ਕਾਇਮ ਕੀਤੀ, ਉਹ ਹਸਤੀ ਬਾਬਾ ਬੰਦਾ ਸਿੰਘ ਬਹਾਦਰ ਹੈ। ਅੱਜ ਜਦ ਪੰਥ ਵਿਰੋਧੀ ਧਿਰਾਂ ਸਾਡੇ ਅਦੁੱਤੀ ਅਤੇ ਵਿਲੱਖਣ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੇ ਭਰਪੂਰ ਯਤਨ ਕਰ ਰਹੀਆਂ ਹਨ ਅਤੇ ਦੂਜੇ ਬੰਨ੍ਹੇ ਮੌਜੂਦਾ ਸਿੱਖ ਜੱਥੇਬੰਦੀਆਂ ਆਪੋ-ਆਪਣੀ ਈਰਖਾ, ਹੰਕਾਰ ਅਤੇ ਧੜੇਬੰਦਕ ਸਤਾ ਦੀ ਚਾਪਲੂਸੀ ਵਿਚ ਵਿਕਾਊ ਬਣੀਆਂ ਹੋਈਆਂ ਹਨ; ਅਜੋਕੇ ਮਾਹੌਲ ਵਿਚ ਇਸ ਵਿਸ਼ੇ ਤੇ ਅਤੀਤ ਅਤੇ ਵਰਤਮਾਨ ਨੂੰ ਜੋੜਦੇ ਹੋਏ ਵਿਚਾਰ ਕਰਨੀ ਬਹੁਤ ਹੀ ਢੁਕਵੀਂ ਅਤੇ ਲਾਹੇਵੰਦ ਰਹੇਗੀ।
ਕੁਝ ਇਤਿਹਾਸਕਾਰਾਂ ਅਤੇ ਰਾਜਨੀਤਿਕਾਂ ਨੇ ਜਾਣ-ਬੁੱਝ ਕੇ ਅਤੇ ਕੁਝ ਨੇ ਅਣਜਾਣ ਪੁਣੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬੇਲੋੜੇ ਭੁਲੇਖੇ ਪੈਦਾ ਕੀਤੇ ਹਨ ਤਾਂ ਜੋ ਉਨ੍ਹਾਂ ਦੇ ਰੋਸ਼ਨ ਨਾਮ ਨੂੰ ਸਿੱਖ ਇਤਿਹਾਸ ਵਿਚ ਝੁਠਲਾਇਆ ਜਾ ਸਕੇ। ਇਸ ਕੰਮ ਵਿਚ ਸਿੱਖ ਇਤਿਹਾਸਕਾਰ ਵੀ ਪਿੱਛੇ ਨਹੀਂ ਰਹੇ ਹਨ। ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਅਚਨਚੇਤ ਹੀ ਉਸ ਵੇਲੇ ਪੰਜਾਬ ਵਿਚ ਇਕ ਸੂਰਜ ਦੇ ਤੇਜ਼ ਵਾਂਗ ਦਮਦਮਾਉਂਦੇ ਹੋਏ ਪੰਥ ਖ਼ਾਲਸੇ ਦੀ ਸ਼ਕਤੀ ਰਾਹੀਂ ਪੰਜਾਬ ਵਿਚ ਚੜ੍ਹਦੇ ਹਨ ਜਦੋਂ ਚਹੁੰ-ਚੁਫੇਰੇ ਅੰਧਕਾਰ ਪਸਰ ਗਿਆ ਸੀ ਅਤੇ ਜਿਸ ਵਿਚੋਂ ਬਾਹਰ ਨਿਕਲਣ ਦੀ ਕੋਈ ਆਸ ਦੀ ਕਿਰਨ ਅਤੇ ਰਾਹ ਗੁਰੂ ਕੀਆਂ ਨੂੰ ਸਮਝ ਨਹੀਂ ਸੀ ਆ ਰਿਹਾ। ਇੰਝ ਇਕ ਸਧਾਰਨ ਜਾਣੇ ਜਾਂਦੇ ਸਾਧ ਦਾ ਭਾਰਤ ਦੀ ਉੱਤਰ ਪੂਰਬੀ ਧਰਤੀ ਤੇ ਅਚਾਨਕ ਪ੍ਰਗਟ ਹੋ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਤਾਕਤ ਨਾਲ ਸਿੱਧਾ ਲੋਹਾ ਲੈਣਾ ਅਚੰਭਤ ਕਰ ਦੇਣ ਵਾਲਾ ਕਿਸੇ ਵੀ ਚਮਤਕਾਰੀ ਕਰਾਮਾਤ ਤੋਂ ਘੱਟ ਕੰਮ ਨਹੀਂ ਸੀ। ਇਹ ਸੱਚ ਕਰ ਦਿਖਾਇਆ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਨੇ। ਸੱਯਦ ਅਹਿਮਦ ਸ਼ਾਹ ਬਟਾਲੀਏ ਨੇ ਆਪਣੇ ਪੁਰਖਿਆਂ ਦੀਆਂ ਲਿਖਤਾਂ ਦੇ ਅਧਾਰ ਤੇ 'ਤਾਰੀਖੇ ਹਿੰਦ : ਬਯਾਨੇ ਅਹਿਵਾਲੇ ਮੁਲਕੇ ਹਿੰਦ ਵ ਮੁਲਕੇ ਆਂ' ਵਿਚ ਗੁਰੂ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਲੀ ਪਹਿਲੀ ਮੁਲਾਕਾਤ ਦੀ ਬਾਤ-ਚੀਤ ਨੂੰ ਦਰਜ ਕੀਤਾ ਹੈ। ਇਹ ਵਾਰਤਾਲਾਪ ਅਹਿਮਦ ਸ਼ਾਹ ਬਟਾਲੀਏ ਦੀ ਫ਼ਾਰਸੀ ਕਿਤਾਬ 'ਇਬਤਿਦਾਇ ਸਿੰਘਾਂ ਵਾ ਮਜ਼ਹਬਿ ਏਸ਼ਾਂ' ਕਿਤਾਬ ਵਿਚ ਹੁ-ਬ-ਹੂ ਇੰਝ ਦਰਜ ਕੀਤੀ ਹੈ:-
ਮਾਧੋ ਦਾਸ : (ਮਹਾਰਾਜ) ਆਪ ਕੌਣ ਹੋ ?
ਗੁਰੂ ਸਾਹਿਬ : ਉਹ ਜਿਸ ਨੂੰ ਤੁੂੰ ਜਾਣਦਾ ਹੈ।
ਮਾਧੋ ਦਾਸ : ਮੈਂ ਕੀ ਜਾਣਦਾ ਹਾਂ ?
ਗੁਰੂ ਸਾਹਿਬ : ਆਪਣੇ ਮਨ ਵਿਚ ਚੰਗੀ ਤਰ੍ਹਾਂ ਸੋਚ।
ਮਾਧੋ ਦਾਸ : (ਸੋਚ ਕੇ) ਆਪ ਗੁਰੂ ਗੋਬਿੰਦ ਸਿੰਘ ਹੋ।
ਗੁਰੂ ਸਾਹਿਬ : ਹਾਂ।
ਮਾਧੋ ਦਾਸ : ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ ?
ਗੁਰੂ ਸਾਹਿਬ : ਮੈਂ ਏਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ।
ਮਾਧੋ ਦਾਸ : ਮੈਂ ਹਾਜ਼ਰ ਹਾਂ, ਹਜ਼ੂਰ ! ਮੈਂ ਆਪ ਦਾ ਬੰਦਾ (ਗੁਲਾਮ) ਹਾਂ।
ਅਹਿਮਦ ਸ਼ਾਹ ਦੇ ਸ਼ਬਦਾਂ ਵਿਚ 'ਪਸ ਹਮਾਂਗਾਹ ਅੋਰ ਪਾਹੁਲ ਦਵਾ ਸਿੰਘ ਕਰਦ, ਬਾਖ਼ਦ ਬਪਾਰਾ ਆਵੁਰਦ'
ਅਰਥਾਤ ਉੱਥੇ ਹੀ ਗੁਰੂ ਜੀ ਉਸ ਨੂੰ ਪਾਹੁਲ (ਅੰਮ੍ਰਿਤ) ਛਕਾਈ ਅਤੇ ਸਿੰਘ ਸਜਾ ਲਿਆ ਅਤੇ ਆਪਣੇ ਨਾਲ ਆਪਣੇ ਡੇਰੇ ਤੇ ਲੈ ਆਂਦਾ। ਗੁਰੂ ਮਹਾਰਾਜ ਨੇ ਹੀ ਇਸ ਨੂੰ 'ਬਹਾਦਰ' ਦਾ ਖਿਤਾਬ ਦੇ ਕੇ ਆਪਣਾ ਜਰਨੈਲ ਥਾਪਿਆ।ਗੁਰੂ ਨਾਨਕ ਦੀ ਵਰੋਸਾਈ ਸਿੱਖ ਸੱਭਿਅਤਾ ਦੇ, ਗੁਰਮੁਖੀ ਸੱਭਿਆਚਾਰ, "ਗੁਰਮਤਿ" ਦੀ ਸੰਭਾਲ ਪ੍ਰਸਾਰ ਤੇ ਇਕ ਸਾਰ ਵਿਆਪਕਤਾ ਅਤੇ ਸਥਾਪਕਤਾ ਲਈ ਸਿੰਘਾਂ ਨਾਲ ਪੰਜਾਬ ਵੱਲ ਨੂੰ ਅਕਾਲ ਦੀ ਗੁਰਮਤਿ ਪਾਤਿਸ਼ਾਹੀ ਲਾਗੂ ਕਰਨ ਹਿੱਤ ਭੇਜ ਦਿੱਤਾ। ਬੰਦਾ ਸਿੰਘ ਬਹਾਦਰ ਨਾਲ ਗੁਰੂ ਸਾਹਿਬਾਨ ਨੇ ਪੰਜ ਸਿੰਘ ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਬਾਜ਼ ਸਿੰਘ, ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ ਸਮੇਤ 20 ਸਿੰਘ ਹੋਰ ਰਵਾਨਾ ਕੀਤੇ। ਬਾਬਾ ਬੰਦਾ ਸਿੰਘ ਨੂੰ ਗੁਰੂ ਮਹਾਰਾਜ ਨੇ ਆਪਣੇ ਭੱਥੇ ਵਿਚੋਂ ਪੰਜ ਤੀਰ ਆਪਣਾ ਇਕ ਨਿਸ਼ਾਨ ਸਾਹਿਬ, ਆਪਣਾ ਨਗਾਰਾ ਅਤੇ ਪੰਜਾਬ ਦੇ ਸਿੱਖਾਂ ਵੱਲ ਸਿੰਘਾਂ ਦੇ ਨਾਮ ਤੇ ਆਪਣੇ ਹੁਕਮਨਾਮੇ ਵੀ ਭੇਜੇ। ਗੁਰੂ ਮਹਾਰਾਜ ਦਾ ਇਹ ਪੈਂਤੜਾ ਨਿਰੋਲ ਰਾਜਨੀਤਿਕ ਸੀ ਅਤੇ ਜਿਸ ਦਾ ਨਿਸ਼ਾਨਾ ਪੰਥ ਖ਼ਾਲਸੇ ਦੀ ਅਕਾਲ ਸਤਾ ਦੀ ਨਾਨਕਸ਼ਾਹੀ ਖ਼ਾਲਸਤਾਈ ਪ੍ਰਣਾਲੀ, ਵਿਵਸਥਾ ਅਤੇ ਨਿਆਂ ਦੀ ਲੋਕਤਾਂਤਰਿਕ ਗਣਰਾਜੀ ਸੰਸਦੀ ਰਾਜ ਸਤਾ ਦੇ ਰੋਲ ਮਾਡਲ ਨੂੰ ਪ੍ਰਤੱਖ ਅਤੇ ਵਿਹਾਰਿਕ ਪੱਧਰ ਤੇ ਅਸਲ ਸਤਾ ਵਿਚ ਲਾਗੂ ਕਰਨਾ ਸੀ। ਰਾਜਨੀਤਿਕ ਨਿਸ਼ਾਨਾ ਬੜਾ ਹੀ ਸਪਸ਼ਟ ਮਿੱਥ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਨ੍ਹਾਂ ਆਪਣੇ ਆਪ ਵਿਚ ਇਸ ਨਾਨਕਸ਼ਾਹੀ ਗਣਤੰਤਰ ਨੂੰ ਖ਼ਾਲਸਤਾਈ ਰੂਪ ਵਿਚ ਪ੍ਰਗਟ ਕਰਨ ਵਾਲੀਆਂ ਚਿੰਨ੍ਹਾਤਮਕ ਪਰ ਸਿਧਾਂਤਕ ਮਰਿਆਦਾਵਾਂ ਵਿਚ ਬੰਨ੍ਹ ਕੇ ਤੋਰਿਆ ਗਿਆ। ਗੁਰੂ ਮਹਾਰਾਜ ਦਾ ਬੜਾ ਹੀ ਸਪਸ਼ਟ ਆਦੇਸ਼ ਸੀ ਕਿ ਜਿੱਥੇ ਪੰਥ ਅਤੇ ਗ੍ਰੰਥ ਇਕੱਠੇ ਹੋਣਗੇ, ਉੱਥੇ ਮੈਂ ਹੋਵਾਂਗਾ। ਇਸੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮਹਾਰਾਜ ਨੇ ਹਮੇਸ਼ਾ ਪੰਥ ਦੀ ਤਾਬਿਆ ਵਿਚ ਰਹਿਣ ਦਾ ਹੁਕਮ ਦਿੱਤਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਹਾਦਤ 9 ਜੂਨ 1716 ਤਕ ਇੰਨ-ਬਿੰਨ ਨਿਭਾਇਆ।
ਪ੍ਰਗਟ ਕੀਤੀ ਜਾਣ ਵਾਲੀ ਨਾਨਕਸ਼ਾਹੀ ਖ਼ਾਲਸਤਾਈ, ਨਿਆਂ ਅਧੀਨ ਰਾਜ-ਪ੍ਰਣਾਲੀ ਦਾ ਸੰਗਤੀ ਰੂਪ ਅਤੇ ਪੰਥ ਦਾ ਗਣਤੰਤਰੀ ਅਧਾਰ ਪੰਜ ਪਿਆਰੇ ਤੇ 20 ਸਿੰਘ ਸਨ। ਇਥੇ ਇਹ ਖਾਸ ਤੌਰ ਤੇ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ 'ਪੰਜ ਪਿਆਰੇ' ਥਾਪੇ ਗਏ ਜੱਥੇਦਾਰ ਦੇ ਸਹਾਇਕ ਬਣਾ ਕੇ ਤੋਰੇ ਗਏ ਸਨ ਜੱਥੇਦਾਰ ਨੂੰ ਇਨ੍ਹਾਂ ਦਾ ਸਹਾਇਕ ਨਹੀਂ ਸੀ ਬਣਾਇਆ ਗਿਆ। ਖ਼ਾਲਸਤਾਨੀ ਗਣਰਾਜ ਅੰਦਰ ਗੁਣਤੰਤਰੀ ਲੋਕਤੰਤਰ ਦੇ ਅਸਲੀ ਪਰਵਾਹ ਦੀ, ਅਕਾਲੀ ਗਰੰਟੀ ਹਨ ਇਸਦੀ ਸ਼ਕਤੀ ਦਾ ਸ੍ਰੋਤ "ਪੰਥ-ਖ਼ਾਲਸਾ" ਹੈ। ਮਨੁੱਖਤਾ ਲਈ ਬਰਾਬਰਤਾ, ਸਮਾਨਤਾ, ਜਾਤਿ-ਰੰਗ-ਨਸਲ ਭੇਦ ਤੋਂ ਮੁਕਤ ਗੁਰਮਤਿ ਫ਼ਰਜਾਂ ਦੀ ਅਦਾਇਗੀ ਨਾਲ ਮਾਨਵੀ ਸੁਤੰਤਰਤਾ ਦੀ ਪ੍ਰਭੂਸੱਤਾ ਦਾ ਅਕਾਲ 'ਕੋਟਿ-ਗੜ੍ਹ' ਹੈ ਜਿਦੀ ਰੱਖਿਆ ਲੋਹਗੜ੍ਹ ਭਰਦਾ ਹੈ। ਪੰਥ ਦੀ ਤਾਬਿਆ ਰਹਿੰਦੇ ਹੋਏ ਇਸ ਪ੍ਰਣਾਲੀ ਦੀ ਗੁਰੂ ਵਰੋਸਾਈ ਸ਼ਕਤੀ, ਬਖਸ਼ਿਸ਼ ਅਤੇ ਥਾਪੀ ਪੰਜ ਤੀਰ ਸਨ। ਜਿੰਨ੍ਹਾਂ ਦੀ ਦਿਸ਼ਾ ਸੀ ਜਰਵਾਣੇ ਦੀ ਸੁਧਾਈ ਗਰੀਬ-ਗੁਰਬੇ ਤੇ ਨਿਤਾਣੇ ਦੀ ਰਖਿਆ ਇਹ ਧੱਕੇ ਨਾਲ ਰਾਜ ਦੀ ਸਥਾਪਤੀ ਲਈ ਨਹੀਂ ਸਗੋਂ ਹਲੇਮੀ ਰਾਜ ਦੇ ਸੰਕਲਪ ਨੂੰ ਸਾਕਾਰ ਕਰਨ ਹਿੱਤ ਬਖਸ਼ੇ ਗਏ ਤੇ ਇਸੇ ਲਈ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸ਼ਕਤੀ ਨੂੰ ਵਰਤਿਆ। ਅਕਾਲ ਨਮਿੱਤ ਨਾਨਕਸ਼ਾਹੀ ਵਿਵਸਥਾ ਅਤੇ ਪ੍ਰਣਾਲੀ ਦੇ ਰਾਜ ਤੰਤਰ ਦੀ ਸੁਤੰਤਰ ਪੰਥ ਖ਼ਾਲਸੇ ਦੀ ਖ਼ਾਲਸਤਾਈ ਪ੍ਰਭੂਸਤਾ ਦੀ ਸ਼ਰਣ ਅਤੇ ਗਣਰਾਜ ਦਾ ਪ੍ਰਤੀਕ ਸੀ 'ਨਿਸ਼ਾਨ ਸਾਹਿਬ'। ਨਿਸ਼ਾਨ ਸਾਹਿਬ ਇੰਝ ਸਥਾਪਿਤ ਹੋਣ ਵਾਲੀ ਅਕਾਲ ਨਮਿੱਤ ਸਤਾ ਦੀ ਬਹਾਲੀ ਅਤੇ ਕੁਲ (ਵੰਸ਼) ਤਰਾਸ਼ਣ ਦੀ ਖਾਸ ਮੁਹਾਰਤ ਰਾਹੀਂ ਵਿਹਾਰਿਕ ਰੂਪ ਵਿਚ ਪੂਰਵ ਮਾਨਵੀ, ਪੂਰਵ-ਪਦ-ਅਧਿਕਾਰੀ ਅਕਾਲ ਦੇ ਹੁਕਮ ਦੀ ਸਤਾ ਦੇ, ਸੰਸਥਾ ਦਾ ਵਿਧਾਨਿਕ ਅਮਲੀ ਪ੍ਰਗਟਾਅ ਦਾ ਅਮਲ ਸੀ 'ਰਣਜੀਤ ਨਗਾਰਾ'। ਵਿਹਾਰਿਕ ਰੂਪ ਵਿਚ ਇਸ ਮੁਹਾਰਤ ਨੂੰ ਹਾਸਲ ਕਰਨ ਹਿੱਤ ਹੀ ਸਿੱਖਾਂ ਦੇ ਨਾਂ ਗੁਰੂ ਮਹਾਰਾਜ ਨੇ ਹੁਕਮਨਾਮੇ ਲਿਖ ਭੇਜੇ ਜਿਸ ਦਾ ਸਿੱਧਾ ਸੰਬੰਧ ਪੰਥ ਖ਼ਾਲਸੇ ਦੇ ਰਾਖਵੇ ਹੱਕਾਂ ਦੇ ਅਧਿਕਾਰ ਪੱਤਰ ਰਾਹੀਂ ਰਾਜ ਸਥਾਪਤ ਕਰਨਾ ਅਤੇ ਉਸ ਹਿੱਤ ਸਿੱਖ ਸੰਗਤਾਂ ਨੂੰ ਪ੍ਰੇਰਨਾ ਸੀ। ਅਸਲ ਵਿਚ ਪੰਥ ਖ਼ਾਲਸੇ ਦੀ ਅਕਾਲ ਨਮਿੱਤ ਪ੍ਰਭੂਸਤਾ ਦੀ ਸਥਾਪਤੀ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕਰ-ਕਮਲਾਂ ਰਾਹੀਂ ਤਸਵੀਰ-ਮਈ ਚਿਤਰਣ ਦਾਰਸ਼ਨਿਕ ਅੰਦਾਜ਼ ਵਿਚ ਅਕਾਲ ਪ੍ਰਕਾਸ਼ ਦੇ ਜੱਫ਼ੀ ਮਿਲਣ ਦੀ ਸੰਸਕਾਰਮਈ ਸ਼ੁੱਧ ਗਰਭ ਸਿਰਜਣ ਦੀ ਪ੍ਰਣਾਲੀ ਦੇ ਆਗਾਜ਼ ਦਾ ਹੁਕਮ ਕੀਤਾ। ਜਿਸ ਨੂੰ ਸੰਸਾਰ ਦੇ ਆਧੁਨਿਕ ਰਾਜਨੀਤੀ ਸ਼ਾਸ਼ਤਰ ਵਿਚ ਇਕ ਅੱਖਰੀ ਪ੍ਰੀਭਾਸ਼ਾ ਦੇ ਰੂਪ ਵਿਚ ਮੈਂ ਖ਼ਾਲਸਤਾਨ ਵਜੋਂ ਇਸ ਲਈ ਲੈਂਦਾ ਹਾਂ ਕਿਉਂਕਿ ਇਹ ਅਕਾਲ ਬਿੰਦੀ ਮੂਲ ਸਿਰਜਣਾ ਖੰਡੇ ਦੀ ਪਾਹੁਲ ਰਾਹੀਂ ਸ਼ਬਦ ਗੁਰੂ ਦੇ ਸਿਧਾਂਤ ਤੋਂ ਪੰਥ ਗੁਰੂ ਦੀ ਸੰਸਦ ਵਿਚ ਉਸ ਵੇਲੇ ਪ੍ਰਗਟ ਕੀਤੀ ਗਈ ਜਦੋਂ ਹਾਲੇ ਵਿਸ਼ਵ ਵਿਚ ਕਿਤੇ ਵੀ 'ਲੋਕਤੰਤਰ', 'ਗਣਤੰਤਰ' ਅਤੇ 'ਸੰਸਦੀ' ਰਾਜ ਸਤਾ ਦੇ ਤਖ਼ਤ ਦੀ ਸਰਕਾਰ ਦੀ ਕਾਇਮੀ ਨਾ ਯੂਰਪ ਵਿਚ ਕਿਸੇ ਨੂੰ ਪਤਾ ਸੀ, ਨਾ ਮੰਗੋਲ ਵਿਚ, ਨਾ ਹੀ ਯੂਨਾਨ ਵਿਚ ਅਤੇ ਨਾ ਹੀ ਅਰਬ ਵਿਚ। ਇਹ ਸਭ ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨਾਂ ਨੇ ਹੀ ਪੰਜਾਬ ਦੀ ਧਰਤੀ ਵਿਚ 'ਸਿੱਖ ਸੱਭਿਅਤਾ ਰਾਹੀਂ' ਪ੍ਰਗਟ ਕੀਤੀ।
ਸਿੱਖ ਇਤਿਹਾਸ ਵਿਚ ਇਹ ਲਾਸਾਨੀ, ਲਾ-ਮਿਸਾਲ ਕੰਮ 27 ਮਈ 1710 ਨੂੰ ਸਰਹਿੰਦ ਦੀ ਧਰਤੀ ਤੇ ਪੰਥ ਖ਼ਾਲਸੇ ਦੇ ਪਹਿਲੇ "ਖ਼ਾਲਸਾ ਦਰਬਾਰ" ਰਾਹੀਂ ਵਿਹਾਰਿਕ ਰੂਪ ਵਿਚ ਸਤਾ ਵਿਚ ਆਇਆ। ਇਸ ਪੰਥ ਖ਼ਾਲਸੇ ਦੀ ਦਰਬਾਰੇ ਖ਼ਾਲਸਤਾਈ ਦੀ ਸੰਸਦ ਦਾ ਲੋਕ ਮਹਾਂਨਾਇਕ ਬਾਬਾ ਬੰਦਾ ਸਿੰਘ ਬਹਾਦਰ ਸੀ। ਇਸ ਖ਼ਾਲਸਤਾਈ ਵਿਚ ਓਤ-ਪ੍ਰੋਤ ਲੋਕ ਮਹਾਂਨਾਇਕ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਸੀ। ਸੰਸਾਰ ਪੱਧਰ ਤੇ ਲੋਕਤਾਂਤਰਿਕ ਪ੍ਰਣਾਲੀ ਦੇ ਪ੍ਰਭੂਸਤਾ ਸੰਪੰਨ ਰਾਜ ਦੀ ਬਹਾਲੀ ਦਾ ਮਹਾਂਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੁਨੀਆਂ ਵਿਚ ਲੋਕਤਾਂਤਰਿਕ ਪ੍ਰਣਾਲੀਆਂ ਤੇ ਸ਼ੌਧ ਕਰਨ ਵਾਲਿਆਂ ਵੱਲੋਂ ਇਸ ਲਈ ਅਣਗੌਲਿਆਂ ਕੀਤਾ ਗਿਆ ਕਿਉਂਕਿ ਇਸਨੂੰ ਇਸ ਪੱਧਰ ਤੇ ਖੁਦ ਜਿਨ੍ਹਾਂ ਲਈ ਇਸ ਨੇ ਇਸ ਪ੍ਰਣਾਲੀ ਨੂੰ ਜਨਮ ਦਿੱਤਾ ਅਤੇ ਵਿਹਾਰਿਕ ਤੌਰ ਤੇ ਸਥਾਪਿਤ ਕਰ ਨਿਆਂ ਦਾ ਰਾਜ ਅਤੇ ਰਾਜ ਸਨਮੁੱਖ ਹਰ ਨਾਗਰਿਕ ਇਕ ਸਮਾਨ ਦਾ ਸਿਧਾਂਤ ਰਾਜ ਦਰਬਾਰ ਤੋਂ ਸਥਾਪਿਤ ਕੀਤਾ, ਉਸੇ ਹੀ ਸਮਾਜ ਅਤੇ ਧਰਮ ਨੇ ਹੀ ਇਸ ਨੂੰ ਇਸ ਸੰਦਰਭ ਵਿਚ ਕਦੇ ਵੀ ਮਾਨਤਾ ਨਹੀਂ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਕਾਰਨਾਮਿਆਂ ਨਾਲ ਕੀਤੀ ਗਈ ਇਹ ਸਭ ਤੋਂ ਵੱਡੀ ਮਹਾਂ ਗ਼ੱਦਾਰੀ ਹੈ। ਵਰਤਮਾਨ ਵਿਚ ਵੀ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੇ ਮੁੜ ਸਥਾਪਤੀ ਦੇ ਰਾਹ ਵਿਚ ਅਜਿਹੀਆਂ ਹੀ ਦਿੱਕਤਾਂ ਫਿਰ ਦਰਪੇਸ਼ ਹਨ। ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤੇਰੀਆਂ ਕਿਤਾਬਾਂ ਸਿੱਖਾਂ ਦੇ ਮਹਾਨ ਇਤਿਹਾਸਕਾਰਾਂ ਨੇ ਲਿਖੀਆਂ ਹਨ ਪਰ ਉਹ ਸਾਰੇ ਦੇ ਸਾਰੇ ਬਾਬੇ ਬੰਦਾ ਸਿੰਘ ਬਹਾਦਰ ਦੇ ਇਸ ਸ਼੍ਰੋਮਣੀ ਅਕਾਲ ਨਿਆਂ ਨਮਿੱਤ, ਅਕਾਲ ਪ੍ਰਭੂਸਤਾ ਸੰਪੰਨ, ਪੰਥ ਅਕਾਲ ਦੇ ਖ਼ਾਲਸਤਾਈ ਨਾਨਕਸ਼ਾਹੀ ਰਾਜ ਦੀ ਗਣਰਾਜੀ ਲੋਕਤਾਂਤਰਿਕ ਸੰਸਦੀ ਅਤੇ ਸ਼ਾਂਤਮਈ ਸਥਾਪਨਾ ਨੂੰ ਉਭਾਰ ਨਹੀਂ ਸਕੇ। ਕਿਤੇ ਵੱਧ ਢੁਕਵੇਂ ਲਫ਼ਜ਼ ਇਹ ਹਨ ਕਿ ਇਹ ਲੋਕ ਸਥਾਪਕਦਾ ਦੀ ਗੁਲਾਮੀ ਨੂੰ ਹੰਢਾਉਂਦੇ ਹੋਏ ਪੰਥ ਖ਼ਾਲਸੇ ਦੀ ਸੁਤੰਤਰ ਰਾਜ ਪ੍ਰਣਾਲੀ ਦੇ ਅਕਾਲ ਪ੍ਰਕਾਸ਼ ਸ਼ੰਸ਼ਲੇਸ਼ਣ ਨੂੰ ਜਾਣ-ਬੁੱਝ ਕੇ ਅਣਗੌਲਿਆਂ ਕਰਦੇ ਰਹੇ।
ਲੋਹਗੜ੍ਹ ਦੇ ਕਿਲ੍ਹੇ ਤੋਂ ਸ਼ਾਂਤੀ ਸਥਾਪਨਾ ਲਈ ਮਨੁੱਖੀ ਮੌਲਿਕ ਅਧਿਕਾਰਾਂ ਦੇ ਜਮਾਂਦਰੂ ਹੱਕਾਂ ਨੂੰ ਸੁਰੱਖਿਅਤ ਕਰਨ ਹਿੱਤ ਇੰਝ ਦੁਨੀਆਂ ਵਿਚ ਸਭ ਤੋਂ ਪਹਿਲੀ ਲੋਕਤਾਂਤਰਿਕ ਸੰਸਦੀ ਪ੍ਰਣਾਲੀ ਹੋਂਦ ਵਿਚ ਆਈ। ਇਹ ਵੱਖਰੀ ਗੱਲ ਹੈ ਕਿ ਦੁਨੀਆਂ ਵਿਚ ਪ੍ਰਚਲਤ ਵੰਸ਼ ਵਾਦੀ ਤਾਨਾਸ਼ਾਹੀ ਨੇ ਇਸ ਨਵੇਂ ਉਭਾਰ ਨੂੰ ਆਪਣੇ ਲਈ ਅਸਲ ਵੰਗਾਰ ਅਤੇ ਦੁਸ਼ਮਣ ਸਮਝਦੇ ਹੋਏ ਖਿੱਤੇ ਦੀਆਂ ਸਾਰੀਆਂ ਹੀ ਵੰਸ਼ਵਾਦੀ ਰਾਜਸ਼ਾਹੀ ਤਾਨਾਸ਼ਾਹੀਆਂ ਨੂੰ ਨਾਲ ਲੈ ਕੇ ਖਤਮ ਕਰ ਦੇਣ ਦਾ ਬੀੜਾ ਚੁੱਕ ਲਿਆ। ਇਹ ਉਨ੍ਹਾਂ ਦਾ ਸਮਾਨ ਸਵਾਰਥ ਸੀ ਜਦ ਕਿ ਉਨ੍ਹਾਂ ਵਿਚ ਆਪਸ ਵਿਚ ਕੋਈ ਵੀ ਧਾਰਮਿਕ, ਸੱਭਿਆਚਾਰਕ, ਭਾਸ਼ਾਈ ਅਤੇ ਅਚਾਰ-ਵਿਹਾਰ, ਰੀਤਾਂ ਤੇ ਕਦਰਾਂ-ਕੀਮਤਾਂ ਦੀ ਕੋਈ ਵੀ ਸਾਂਝ ਨਹੀਂ ਸੀ । ਇਸ ਪੱਖੋਂ ਇਹ ਸਾਰੀਆਂ ਤਾਕਤਾਂ ਜਿਹੜੀਆਂ ਪੰਥ ਖ਼ਾਲਸੇ ਦੀ ਖ਼ਾਲਸਤਾਈ ਸੰਸਦੀ ਪ੍ਰਣਾਲੀ ਦੇ ਖਿਲਾਫ਼ ਇਕਮੁੱਠ ਹੋਈਆਂ ਆਪਸ ਵਿਚ ਅੰਤਾਂ ਦੀਆਂ ਦੁਸ਼ਮਣ ਸਨ ਅਤੇ ਇਕ ਦੂਜੇ ਦੀ ਜਾਨ ਦੀਆਂ ਵੈਰੀ ਸਨ। ਬੜੇ ਹੈਰਾਨਗੀ ਵਾਲਾ ਪੱਖ ਹੈ ਕਿ ਪੰਥ ਖ਼ਾਲਸੇ ਦੀ ਖ਼ਾਲਸਤਾਈ ਸੰਸਦੀ ਪ੍ਰਣਾਲੀ ਧਰਮ ਨਿਰਲੇਪਤਾ, ਨਿਰਪੱਖਤਾ ਮਨੁੱਖੀ ਭੇਦ-ਭਾਵ ਨੂੰ ਮਿਟਾ ਕੇ ਹਰ ਇਕ ਇਨਸਾਨ ਨੂੰ ਬਰਾਬਰਤਾ, ਸਮਾਨਤਾ ਦੇ ਆਰਥਿਕ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਅਧਿਕਾਰ ਸੰਪੰਨ ਬਣਾ ਕੇ ਦੁਨੀਆਂ ਵਿਚ ਪਹਿਲੀ ਵਾਰ ਨਿਆਂ ਦਾ ਰਾਜ ਸਥਾਪਿਤ ਕਰ ਰਹੀ ਸੀ ਅਤੇ ਹਰ ਹਿੰਦੂ, ਮੁਸਲਮਾਨ, ਨੀਵੀਆਂ ਜਾਤਾਂ, ਪੱਛੜੀਆਂ ਸ਼੍ਰੇਣੀਆਂ ਨੂੰ ਸਮਾਨ ਅਵਸਰ ਅਤੇ ਨਿਆਂ ਪ੍ਰਦਾਨ ਕਰ ਰਹੀ ਸੀ; ਉਸੇ ਹੀ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੇ ਖਾਤਮੇ ਲਈ ਇਕ ਦੂਜੇ ਦੇ ਕੱਟੜ ਵੈਰੀ ਹਿੰਦੂ ਅਤੇ ਮੁਸਲਮਾਨ ਇਕੱਠੇ ਹੋ ਕੇ ਇਸ ਖ਼ਾਲਸਤਾਨੀ ਸੰਸਦੀ ਲੋਕਤੰਤਰ ਨੂੰ ਖਤਮ ਕਰਨ ਹਿੱਤ ਇਸ ਤੇ ਹਮਲਾ ਕਰ ਰਹੇ ਸਨ। ਪੰਜਾਬ ਦੇ ਇਤਿਹਾਸ ਨੂੰ ਮੁੜ ਤੋਂ ਇਸ ਦ੍ਰਿਸ਼ਟੀਕੋਣ ਨਾਲ ਲਿਖਣ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਵਰਤਮਾਨ ਕਾਲ ਦੇ ਇਤਿਹਾਸ ਨੂੰ ਸਿੱਖਾਂ ਦੇ ਅੰਦਰੂਨੀ ਢਾਂਚੇ ਵਿਚਲੇ 'ਪੰਥਕ' ਅਖਵਾਉਂਦੀਆਂ ਸਫ਼ਾ ਵੀ ਠੀਕ ਇਹੀ ਵਰਤਾਰਾ ਵਰਤਾ ਰਹੀਆਂ ਹਨ। ਜਿਨ੍ਹਾਂ ਦੇ ਵਿਸ਼ਲੇਸ਼ਣ ਦੀ ਅਤੇ 1984 ਤੋਂ 2008 ਤਕ ਖ਼ਾਲਸਤਾਨੀ ਪ੍ਰਣਾਲੀ ਦੇ ਰੋਲ ਮਾਡਲ ਨੂੰ ਖਤਮ ਕਰਨ ਤੇ ਕਰਾਉਣ ਵਾਲੀਆਂ ਤਾਕਤਾਂ ਦੇ ਵੀ ਵਿਸ਼ਲੇਸ਼ਣ ਦੀ ਇਤਿਹਾਸਿਕ ਲੋੜ ਹੈ।
ਨਾਨਕਸ਼ਾਹੀ ਖ਼ਾਲਸਤਾਈ ਪ੍ਰਣਾਲੀ, ਵਿਵਸਥਾ ਅਤੇ ਰਾਜ ਦੇ ਪ੍ਰਬੰਧਕੀ ਢਾਂਚੇ ਨੂੰ ਨੇਸਤੋ-ਨਾਬੂਤ ਕਰਨ ਵਾਸਤੇ ਦਿੱਲੀ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਰਲ ਕੇ ਸੁੱਚਾ ਨੰਦ, ਉਸਦੇ ਭਤੀਜੇ, ਅਨੰਤ ਆਦਮੀਆਂ ਅਤੇ ਜੰਗੀ ਸਮਾਨ ਦੇ ਨਾਲ ਸਾਰੇ ਹਿੰਦੂ ਰਾਜੇ ਮੁਗਲਾਂ ਦੀ ਸਹਾਇਤਾ ਲਈ ਸਿੰਘਾਂ ਵਿਰੁੱਧ ਆਪਣੇ ਲਾਹੋ ਲਸ਼ਕਰ ਸਮੇਤ ਰਾਜਾ ਅਜੀਤ ਸਿੰਹੁ ਜੋਧਪੁਰੀਆ, ਰਾਜਾ ਜੈ ਸਿੰਹੁ ਜੈਪੁਰੀਆ, ਰਾਜਾ ਚਤਰਸਾਲ ਬੰਦੇਲਾ, ਚੂੜਾਮਨੀ ਜਾਟ, ਗੋਪਾਲ ਸਿੰਹੁ ਪਦਾਵੜੀਆ, ਉਦਤ ਸਿੰਹੁ ਬੁੰਦੇਲਾ, ਬਦਲ ਸਿੰਹੁ ਬੰਦੇਲਾ, ਬਚਨ ਸਿੰਹੁ ਕਛਵਾਹਾ, ਸ਼ਿਵਾਲਿਕ ਪਹਾੜ ਦੇ ਰਾਜੇ ਸਾਰੇ ਹੀ ਸਿੰਘਾਂ ਦੇ ਵਿਰੁੱਧ ਚੜ ਆਏ। ਇਹ ਕਿੰਨੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਮਨੁੱਖਤਾ ਨੂੰ ਸੁਤੰਤਰਤਾ ਦਿਲਵਾਉਣ ਦੀ ਇਸ ਲੜਾਈ ਵਿਚ ਸਾਰਾ ਭਾਰ ਇਕੱਲਿਆਂ ਪੰਥ ਖ਼ਾਲਸੇ ਨੂੰ ਹੀ ਸਹਿਣਾ ਪਿਆ। ਸਿੰਘਾਂ ਨੇ ਹਿੰਦੂਆਂ ਦੀ ਦੱਬੇ ਕੁਚਲੇ ਲੋਕਾਂ ਦੀ, ਨੀਵੀਆਂ ਜਾਤਾਂ ਦੀ, ਇਥੋਂ ਤਕ ਕਿ ਮੁਸਲਮਾਨਾਂ ਦੀ ਅਜ਼ਾਦੀ ਲਈ ਬੀੜਾ ਚੁੱਕਿਆ ਸੀ ਜਿਹੜਾ ਕਿ ਖਾਸ ਤੌਰ ਤੇ ਹਿੰਦੂਆਂ ਦੀ ਇਸ ਖਿੱਤੇ ਵਿਚ ਅਜ਼ਾਦੀ ਦਾ ਪਹਿਲਾ ਸੰਘਰਸ਼ ਸੀ ਪਰ ਕਿਸੇ ਇਕ ਵੀ ਉੱਘੇ ਹਿੰਦੂ ਨੇ ਸਿੰਘਾਂ ਦੀ ਸਹਾਇਤਾ ਨਾ ਕੀਤੀ। ਇਸ ਦੇ ਉਲਟ ਵੱਡੇ ਵੱਡੇ ਲਹੁ-ਲਸ਼ਕਰ ਲੈ ਕੇ ਸਿੰਘਾਂ ਨੂੰ ਖਤਮ ਕਰ ਦੇਣ ਲਈ ਮੁਗਲਾਂ ਨਾਲ ਰਲ ਕੇ ਲੜੇ। ਮੈਂ ਇੱਥੇ ਫਿਰ ਅਤੀਤ ਨੂੰ ਵਰਤਮਾਨ ਨਾਲ ਜੋੜ ਕੇ ਵੇਖਦਾ ਹਾਂ। ਕੀ ਮੁੜ ਵਿਸ਼ਲੇਸ਼ਣ ਅਤੇ ਵਿਵੇਚਣ ਦੀ ਲੋੜ ਨਹੀਂ ਹੈ ?
ਨਕਸੇ ਵਿਚ ਲਾਲ ਲਾਈਨ ਵਿਚ ਹੈ ਉਹ ਖਿੱਤਾ ਜਿੱਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਖ਼ਾਲਸਤਾਈ ਪ੍ਰਣਾਲੀ ਦਾ ਨਾਨਕਸ਼ਾਹੀ ਖ਼ਾਲਸਤਾਨੀ ਲੋਕਤੰਤਰ ਜੋ ਦੁਨੀਆਂ ਦਾ ਪਹਿਲਾਂ ਲੋਕਤੰਤਰ ਹੈ।
ਬਾਬਾ ਬੰਦਾ ਸਿੰਘ ਬਹਾਦਰ ਇਕ ਮਿਕਨਾਤੀਸ਼ੀ ਸ਼ਖਸ਼ੀਅਤ ਦੇ ਗੁਰੂ ਵਰੋਸਾਏ ਸਿੰਘ ਸਨ। ਇਹ ਸਿੱਖ ਇਤਿਹਾਸ ਦੀ ਅਤੇ ਪੰਥ ਖ਼ਾਲਸੇ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਅਕਾਲ ਨਮਿੱਤ ਸਥਾਪਿਤ ਕੀਤੇ ਗਏ ਪਹਿਲੇ ਸੰਸਦੀ ਗਣਰਾਜ ਅਤੇ ਨਾਨਕਸ਼ਾਹੀ ਖ਼ਾਲਸਤਾਈ ਪ੍ਰਣਾਲੀ ਦੇ ਪਹਿਲੇ ਖ਼ਾਲਸਤਾਨੀ ਪ੍ਰਗਟਾਅ ਦਾ ਵਿਰੋਧ ਖੁਦ ਸਿੱਖਾਂ ਨੇ ਵਰਤਮਾਨ ਵਾਂਗ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕਾਲ ਵਿਚ ਵੀ ਈਰਖਾਲੂ ਅਤੇ ਹੰਕਾਰੀ ਪ੍ਰਵਿਰਤੀ ਨਾਲ ਅੰਤਾਂ ਦਾ ਕੀਤਾ। ਨਾਨਕਸ਼ਾਹੀ ਪ੍ਰਣਾਲੀ ਦੇ ਰੋਲ ਮਾਡਲ ਨੂੰ ਖ਼ਾਲਸਤਾਈ ਅਕਾਲ ਸਤਾ ਨਮਿੱਤ ਪ੍ਰਗਟ ਹੋਣ ਤੋਂ ਬਾਅਦ ਨਾ ਸਵੀਕਾਰਨ ਦਾ ਮਹਾਂ ਕਲੰਕ ਉਸ ਵਕਤ ਦੇ ਉਨ੍ਹਾਂ ਸਮੂਹ ਨਾਮਵਰ ਸਿੰਘਾਂ ਦੇ ਮੱਥੇ ਤੇ ਨਿਰਪੱਖ ਇਤਿਹਾਸ ਹਮੇਸ਼ਾ ਲਗਾਏਗਾ ਜਿਹੜੇ ਉਸ ਵੇਲੇ ਪੰਥ ਦੇ ਮੁਹਤਬਰ ਬਣਦੇ ਸਨ। ਉਹ ਫਿਰ ਚਾਹੇ ਮਾਤਾ ਸੁੰਦਰੀ ਜੀ ਹੋਣ, ਜਾਂ ਦੱਤਕ ਪੁੱਤਰ ਅਜੈ ਪਾਲ ਸਿੰਘ, ਚਾਹੇ ਵਿਨੋਦ ਸਿੰਘ ਹੋਣ ਤੇ ਭਾਵੇਂ ਮਨੀ ਸਿੰਘ। ਨਿਰਪੱਖਤਾ ਨਾਲ ਦੁਨੀਆਂ ਵਿਚ ਪਹਿਲੇ ਸੰਸਦੀ ਰਾਜ ਪ੍ਰਣਾਲੀ ਦੇ ਵਿਹਾਰਿਕ ਪ੍ਰਗਟਾਅ ਦੇ ਖਾਤਮੇ ਲਈ ਕਿੰਨਾ ਕਿੰਨਾਂ ਨੇ ਅੰਦਰੂਨੀ ਅਤੇ ਬਹਿਰੂਨੀ ਤੌਰ ਤੇ ਕੰਮ ਕੀਤਾ ਇਸ ਤੇ ਪੰਥ ਖ਼ਾਲਸੇ ਨੂੰ ਆਪਣੇ ਪੀੜ੍ਹੇ ਹੇਠਾਂ ਨਿਰਦਇਤਾ, ਨਿਰਲੇਪਤਾ, ਨਿਰਪੱਖਤਾ ਅਤੇ ਨਿਰਭੈਤਾ ਨਾਲ ਸੋਟਾ ਫੇਰਨ ਦੀ ਲੋੜ ਹੈ। ਇਹੋ ਇਕੋ ਇਕ ਅਮਲ ਹੈ ਜੋ ਪੰਥ ਖ਼ਾਲਸੇ ਦੇ ਵਰਤਮਾਨ ਨੂੰ ਵੀ ਸੁਨਹਿਰੀ ਬਣਾ ਸਕਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਨੀਯਤ ਕੀਤੇ ਹਾਕਮਾਂ ਨੇ ਮੁਲਕੀ ਪ੍ਰਬੰਧ ਲਈ ਕਿਹੋ ਜਿਹੀ ਰਾਜ ਬਣਤਰ ਸਾਜੀ ਸੀ ? ਇਸ ਤੇ ਅੱਜ ਤਕ ਸ਼ੋਧ ਨਹੀਂ ਕੀਤੀ ਗਈ। 27 ਮਈ 1710 ਤੋਂ ਲਾਗੂ ਖ਼ਾਲਸਤਾਨੀ ਗਣਰਾਜੀ ਪ੍ਰਣਾਲੀ ਦੀ ਵਿਹਾਰਿਕ ਸਤਾ ਦੇ ਚਮਤਕਾਰੀ ਦਿੱਖਣ ਵਾਲੇ ਇਹ ਕੰਮ ਆਪਣੇ ਆਪ ਵਿਚ ਖ਼ਾਲਸਤਾਨੀ ਲੋਕਤਾਂਤਰਿਕ ਵਿਧਾਨਿਕ ਪ੍ਰਣਾਲੀ ਵਿਵਸਥਾ ਅਤੇ ਪ੍ਰਬੰਧਕੀ ਨਿਜ਼ਾਮ ਲਈ ਮੁਢਲੇ ਅਧਾਰ ਹਨ:
1-ਲੋਕਤਾਂਤਰਿਕ ਢੰਗ ਨਾਲ ਸਰਹਿੰਦ ਦਾ ਪਹਿਲਾ ਹਾਕਮ ਜਾਂ ਗਵਰਨਰ ਸ੍ਰ. ਬਾਜ਼ ਸਿੰਘ ਨੂੰ ਚੁਣਿਆ ਗਿਆ। ਇੰਝ ਲੋਕਤਾਂਤਰਿਕ ਸੰਸਦੀ ਪ੍ਰਣਾਲੀ ਰਾਹੀਂ ਪੰਥ ਖ਼ਾਲਸੇ ਦੇ ਪਹਿਲੇ ਦਰਬਾਰ ਨੇ ਦੁਨੀਆਂ ਦਾ ਪਹਿਲਾ ਸੰਸਦੀ ਅਤੇ ਜਮਹੂਰੀ ਹਾਕਮ ਸ੍ਰ. ਬਾਜ਼ ਸਿੰਘ ਨੂੰ ਚੁਣਿਆ।
2-ਰਾਜੇ ਚੁਲੀ ਨਿਆਉਂ ਕੀ ਦੇ ਗੁਰਵਾਕ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਆਪ ਨਿਆਏ ਦਾ ਪੁਤਲਾ ਸੀ ਅਤੇ ਤੁਰਤ ਫੁਰਤ ਬਿਨਾਂ ਦੇਰੀ ਨਿਆਏ ਦਾ ਹਾਮੀ ਸੀ। ਬੰਸਾਵਲੀ ਨਾਮੇ ਦਾ ਕਰਤਾ ਕੇਸਰ ਸਿੰਘ ਛਿੱਬਰ ਸਿੰਘਾਂ ਸਰਦਾਰਾਂ ਪ੍ਰਤੀ ਬੰਦਾ ਸਿੰਘ ਦੇ ਬਚਨ ਇਉਂ ਕਲਮ ਬੱਧ ਕਰਦਾ ਹੈ, 'ਜੇ ਤੁਸੀ ਉਸ ਪੁਰਖ ਕੇ ਸਿੱਖ ਅਖਾਉ। ਤਾਂ ਪਾਪ, ਅਧਰਮ, ਅਨਿਆਉ ਨਾ ਕਮਾਉ।44। ਸਿੱਖ ਉਭਾਰ, ਅਸਿੱਖ ਸੰਘਾਰੋ। ਪੁਰਖ ਦਾ ਕਿਹਾ ਹਿਰਦੇ ਧਾਰੋ'।
3-ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖ਼ਾਲਸਤਾਨੀ ਗਣਤੰਤਰ ਨੇ ਮੁਲਕ ਵਿਚ ਇਕ ਸਮਾਨ ਨਿਆਏ, ਬਰਾਬਰਤਾ ਅਤੇ ਸਰਬ-ਸਾਂਝੀਵਾਲਤਾ ਨੂੰ ਹਕੀਕੀ ਤੌਰ ਤੇ ਲਾਗੂ ਕਰਨ ਦਾ ਫੁਰਮਾਨ ਜਾਰੀ ਕੀਤਾ।
4-ਸਭ ਧਰਮਾਂ ਦੀ, ਸਭ ਫਿਰਕਿਆਂ ਦੀ, ਸਭ ਜਾਤਾਂ ਦੀ ਸਹਿ ਹੋਂਦ ਨੂੰ ਉਨ੍ਹਾਂ ਦੀ ਮੌਲਿਕਤਾ ਦੇ ਅੰਤਰਗਤ ਸਵਿਕਾਰਿਆ ਗਿਆ ਅਤੇ ਆਪੋ-ਆਪਣੇ ਵਿਸ਼ਵਾਸ਼ ਨੂੰ ਸੁਤੰਤਰ ਰੂਪ ਵਿਚ ਆਜ਼ਾਦਾਨਾ ਤੌਰ ਤੇ ਮੰਨਣ ਅਤੇ ਕਿਸੇ ਇਕ ਦੂਜੇ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਨਾ ਪਹੁੰਚਾਉਣ ਦਾ ਪ੍ਰਬੰਧ ਜਾਰੀ ਕੀਤਾ ਗਿਆ। ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਨਾ ਤਾਂ ਸਰਹਿੰਦ ਦੀ ਕੋਈ ਮਸੀਤ ਢਾਹੀ ਗਈ ਅਤੇ ਨਾ ਹੀ ਧਰਮ ਦੇ ਅਧਾਰ ਤੇ ਹਿੰਦੂ ਮੁਸਲਮਾਨ ਜਾਂ ਹੋਰ ਕਿਸੇ ਵੀ ਨਾਲ ਕੋਈ ਵੀ ਵਿਤਕਰਾ ਕਰਦੇ ਹੋਏ ਖ਼ਾਲਸੇ ਦੇ ਸਰਕਾਰੇ ਦਰਬਾਰੇ ਨੌਕਰੀਆਂ ਤੇ ਬੰਦਿਸ਼ ਲਾਈ ਗਈ।
5-ਦੁਨੀਆਂ ਵਿਚ ਪਹਿਲੀ ਵਾਰ ਜਿੱਥੇ ਇਹ ਸਭ ਕੁਝ ਪ੍ਰਗਟ ਹੋਇਆ ਉੱਥੇ ਇਹ ਚਮਤਕਾਰੀ ਅਮਲ ਬਰਾਬਰਤਾ ਦੇ ਅਧਾਰ ਤੇ ਇਕ ਸਮਾਨ ਰੂਪ ਵਿਚ ਜਾਰੀ ਕੀਤਾ ਗਿਆ ਕਿ ਜਿਹੜਾ ਮਨੁੱਖ, ਜਿਹੜੀ ਧਰਤੀ ਜੋਤਦਾ ਹੈ ਉਹ ਉਸ ਧਰਤੀ ਦਾ ਅਸਲ ਮਾਲਕ ਹੋਵੇਗਾ। ਇੰਝ ਨਾਗਰਿਕਾਂ ਨੂੰ ਆਪੋ-ਆਪਣੀ ਧਰਤੀ ਦਾ ਅਸਲ ਮਾਲਕ ਅਤੇ ਆਪਣੀ ਮਿਹਨਤ ਅਤੇ ਉਜਰਤ ਦਾ ਹੱਕਦਾਰ ਬਣਾਇਆ ਗਿਆ। ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਤੋਂ ਪਹਿਲਾਂ ਅਜਿਹਾ ਦੁਨੀਆਂ ਵਿਚ ਕਿਤੇ ਵੀ ਨਹੀਂ ਸੀ।
6-ਪੂਰੀ ਦੁਨੀਆਂ ਵਿਚ ਜ਼ਿੰਮੀਦਾਰੀ ਅਤੇ ਜਗੀਰਦਾਰੀ ਪ੍ਰਥਾ ਲਾਗੂ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸੇ ਦੇ ਪਹਿਲੇ ਦਰਬਾਰ ਵਿਚ ਸੰਸਦੀ ਵਿਧਾਨਿਕਤਾ ਨੂੰ ਅਪਣਾਉਂਦੇ ਹੋਏ ਇਸ ਪ੍ਰਥਾ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ।
7-ਨਾਨਕਸ਼ਾਹੀ ਖ਼ਾਲਸਤਾਨੀ ਪ੍ਰੰਪਰਾ ਦੀ ਬੁਨਿਆਦ ਖ਼ਾਲਸਤਾਈ ਨਾਲ ਓਤ-ਪ੍ਰੋਤ ਸੰਸਦ 'ਦਰਬਾਰੇ ਖ਼ਾਲਸਾ' ਨੇ 1710 ਵਿਚ 'ਸਰਕਾਰ-ਏ-ਖ਼ਾਲਸਾ' ਦੇ ਹੁਕਮ ਰਾਹੀਂ ਸਾਮੰਤਵਾਦੀ, ਰਜਵਾੜਾਸ਼ਾਹੀ ਦੇ ਹਮੇਸ਼ਾ ਲਈ ਖਾਤਮੇ ਤੇ ਧਰੀ ਗਈ। ਇੰਝ ਰਾਜਸ਼ਾਹੀ ਅਤੇ ਤਾਨਾਸ਼ਾਹੀ ਦਾ ਖਾਤਮਾ ਕਰਕੇ ਸੰਸਦੀ ਲੋਕਤੰਤਰ ਦੀ ਸਤਾ ਦੀ ਬਹਾਲੀ ਆਰੰਭ ਹੋਈ।
8) 'ਦਰਬਾਰੇ ਖ਼ਾਲਸਾ' ਦੀ ਇਸ ਸੰਸਦ ਨੇ ਲੋਕ ਹਿੱਤਾਂ ਦੇ ਅਲੰਬਰਦਾਰ ਬਣ ਮਾਨਵ ਹਿੱਤਕਾਰੀ ਅਤੇ ਪਹਿਲੀ ਵਾਰ ਮਾਨਵ ਰੱਖਿਅਕ ਕੰਮਾਂ ਦੇ ਕਿਰਦਾਰ ਦਾ ਅਤੇ ਰਾਜਸੀ ਸ਼ਕਤੀ ਦੀ ਇਸ ਹਿੱਤ ਲੋਕ ਹਿੱਤਕਾਰੀ, ਮਨੁੱਖ ਰੱਖਿਅਕ ਬੁਨਿਆਦ ਦਾ ਸੁਭਾਗ, ਲੋਕਾਂ ਤਕ ਖ਼ਾਲਸੇ ਨੇ ਆਪਣੀ ਸਲਤਨਤ ਰਾਹੀਂ ਪਹੁੰਚਾਇਆ। ਸਤਾ ਨੂੰ ਲੋਕ ਕਲਿਆਣਕਾਰੀ ਅਧਾਰ ਦਿੱਤਾ।
9) 27 ਮਈ 1710 ਦੀ ਦਰਬਾਰੇ ਖ਼ਾਲਸਾ ਦੀ ਇਹ ਸੰਸਦ ਦੁਨੀਆਂ ਭਰ ਵਿਚ ਲੋਕਤਾਂਤਰਿਕ, ਲੋਕ-ਕ੍ਰਾਂਤੀ ਨੂੰ (ਪੀਪਲ ਰੈਵੂਲੁਸ਼ਨ) ਜਨਮ ਦਿੱਤਾ। ਇੰਝ ਅਸਲ ਵਿਚ 27 ਮਈ 1710 ਨੂੰ ਸਤਾ ਦੀਆਂ ਸਾਰੀਆਂ ਹੀ ਸ਼ਕਤੀਆਂ ਲੋਕਾਂ ਦੇ ਚੁਣੇ ਹੋਏ ਦਰਬਾਰੇ ਖ਼ਾਲਸਾ ਦੇ ਹੱਥ ਵਿਚ ਸੌਂਪ (ਟਰਾਂਸਫਰ) ਦਿੱਤੀਆਂ ਗਈਆਂ। ਇਹ ਅਮਲ ਦੁਨੀਆਂ ਵਿਚ ਪਹਿਲੀ ਵਾਰ ਅਮਲੀ ਅਤੇ ਵਿਹਾਰਿਕ ਤੌਰ ਤੇ ਖ਼ਾਲਸੇ ਰਾਹੀਂ ਸਰਹਿੰਦ ਦੀ ਧਰਤੀ ਤੇ ਅਪਣਾਇਆ ਗਿਆ।
10) ਖੇਤ ਮਜ਼ਦੂਰਾਂ ਨੂੰ ਸੁਤੰਤਰਤਾ ਦਿੱਤੀ ਗਈ ਅਤੇ ਬੰਧੁਵਾਂ ਮਜ਼ਦੂਰੀ ਦੀ ਪ੍ਰਥਾ ਦੀ ਕਬਰ ਖੋਦ ਕੇ ਇਸਨੂੰ ਪੰਜਾਬ ਦੀ ਧਰਤੀ ਵਿਚੋਂ ਦਫ਼ਨ ਕਰ ਦਿੱਤਾ ਗਿਆ। ਆਪਣੀ ਕਮਾਈ ਆਪਣੇ ਪਾਸ ਰੱਖਣ ਦਾ ਅਧਿਕਾਰ ਦਿੱਤਾ ਗਿਆ ਜੋ ਕਿ ਪਹਿਲਾਂ ਕਿਸੇ ਵੀ ਖੇਤ ਜੋਤਣ ਵਾਲੇ ਪਾਸ ਨਹੀਂ ਸੀ। ਇੰਝ ਸਾਰੇ ਹੀ ਜ਼ਮੀਨੀ ਅਧਿਕਾਰ ਅਤੇ ਜ਼ਮੀਨਾਂ ਦੇ ਪਟੇ ਵਾਹੀ ਕਰਨ ਵਾਲਿਆਂ ਦੇ ਸਪੁਰਦ ਕਰ ਦਿੱਤੇ ਗਏ ਤੇ ਪੰਜਾਬ ਦੇ ਜੱਟ ਜ਼ਿੰਮੀਦਾਰ ਬਣ ਗਏ। ਵਰਤਮਾਨ ਵਿਚ ਜਿੰਨੀ ਵੀ ਜੱਟ ਜ਼ਿੰਮੀਦਾਰੀ ਹੈ ਉਸ ਦੇ ਪਾਸ ਜਾਇਦਾਦੀ ਹੱਕ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਇਸੇ ਰਾਜ ਸਤਾ ਰਾਹੀਂ ਹੀ ਆਏ ਹਨ।
11) ਹੋਰ ਧਰਮਾਂ ਦੇ ਘੱਟ ਗਿਣਤੀ ਲੋਕਾਂ ਨੂੰ ਖ਼ਾਲਸਤਾਈ ਸਿਧਾਂਤ ਅਤੇ ਫਲਸਫੇ ਅੰਦਰ ਸਰਕਾਰ-ਏ-ਖ਼ਾਲਸਾ ਨੇ ਰਾਜ ਸਤਾ ਵਿਚ ਬਰਾਬਰਤਾ ਦਿੱਤੀ ਅਤੇ ਫੌਜ਼ ਵਿਚ ਭਰਤੀ ਦਿੱਤੀ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਸੁਤੰਤਰ ਪ੍ਰਫੁਲਤਾ ਲਈ ਅਜ਼ਾਦਾਨਾ ਵਾਤਾਵਰਣ ਦਾ ਨਿਰਮਾਣ ਕੀਤਾ।
12) ਮਜ਼ਲੂਮ ਦੀ ਹਰ ਪੱਖੋਂ ਰੱਖਿਅਕ ਅਹਿਲਕਾਰ ਅਤੇ ਲੋਕ ਸੇਵਕ ਦੇ ਤੌਰ ਤੇ ਨੌਕਰਸ਼ਾਹੀ ਦੀ ਵਿਹਾਰਿਕ ਬਣਤਰ ਅਤੇ ਪ੍ਰਬੰਧਕੀ ਢਾਂਚੇ ਦਾ ਆਰੰਭ ਕਰ ਲੋਕ ਹਿੱਤਕਾਰੀ ਨਿਜ਼ਾਮ ਦੀ ਪ੍ਰਥਾ ਲਾਗੂ ਕੀਤੀ ਗਈ।
13) ਇਕ ਬਹੁਤ ਹੀ ਚਮਤਕਾਰੀ ਅਮਲ ਦਾ ਵਰਨਣ ਸਮਕਾਲੀ ਲਿਖਤਾਂ ਦੇ ਅਧਾਰ ਤੇ ਅੰਗਰੇਜ਼ ਲਿਖਾਰੀ ਸ੍ਰੀ ਵਿਲੀਅਮ ਅਰਵਿਨ ਸਿੱਖਾਂ ਦੇ ਕਬਜ਼ੇ ਹੇਠ ਆਏ ਸਾਰੇ ਪ੍ਰਗਣਿਆਂ ਵਿਚ ਪੁਰਾਣੇ ਰਿਵਾਜਾਂ ਦਾ ਉਲਟ-ਪੁਲਟ ਹੋ ਜਾਣਾ, ਹੈਰਾਨ ਕਰ ਦੇਣ ਵਾਲਾ ਅਤੇ ਵਿਹਾਰਿਕ ਤੌਰ ਤੇ ਮੁਕੰਮਲ ਅਮਲ ਦਸਦੇ ਹੋਏ ਲਿਖਦਾ ਹੈ ਕਿ "ਇਕ ਨੀਚ ਜਾਤੀ ਦਾ ਮਨੁੱਖ ਜਿਸ ਨੂੰ ਹਿੰਦੁਸਤਾਨੀਆਂ ਦੇ ਖਿਆਲ ਵਿਚ ਅੱਤ ਨੀਵਾਂ ਸਮਝਿਆ ਜਾਂਦਾ ਹੈ, ਸਿਰਫ ਘਰ ਛੱਡ ਕੇ ਬਾਬਾ ਬੰਦਾ ਸਿੰਘ ਤਕ ਕੇਵਲ ਪਹੁੰਚਣਾ ਹੀ ਹੁੰਦਾ ਸੀ ਕਿ ਥੋੜੇ ਚਿਰ ਵਿਚ ਹੀ ਉਹ ਆਪਣੀ ਨਿਯੁਕਤੀਆਂ ਦਾ ਹੁਕਮ ਹੱਥੀਂ ਲੈ ਕੇ ਆਪਣੇ ਜਨਮ ਅਸਥਾਨ ਦਾ ਹਾਕਮ ਬਣ ਆਉਂਦਾ ਸੀ। ਜਦੋਂ ਉਹ ਆਪਣੀ ਸਰਹੱਦ ਉਤੇ ਪੈਰ ਆ ਧਰਦਾ, ਉੱਚੇ ਜਨਮ ਵਾਲੇ ਕੁਲੀਨ ਅਤੇ ਧਨਾਢ ਲੋਕ ਉਸ ਦਾ ਸਵਾਗਤ ਕਰਨ ਲਈ ਜਾਂਦੇ ਅਤੇ ਉਸਨੂੰ ਨਾਲ ਲਿਆਉਂਦੇ। (ਇੰਝ ਸਰਕਾਰ-ਏ-ਖ਼ਾਲਸਾ ਤੋਂ ਮਿਲੇ ਨਿਯੁਕਤੀ ਪੱਤਰ ਤੋਂ ਬਾਅਦ) ਕੀ ਮਜ਼ਾਲ ਕੋਈ ਉਸਦੀ ਹੁਕਮ ਅਦੂਲੀ ਕਰ ਸਕਦਾ"। ਇਹ ਵਰਨਣ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ, ਵਿਵਸਥਾ, ਨਿਆਂ, ਸਤਾ, ਅਤੇ ਪ੍ਰਬੰਧਕੀ ਨਿਜ਼ਾਮ ਦੀ ਉਹ ਸਿਖ਼ਰ ਹੈ ਜੋ ਵਰਤਮਾਨ ਵਿਚ ਵੀ ਦੁਨੀਆਂ ਭਰ ਦੇ ਮੁਲਕਾਂ ਨੂੰ ਅਪਨਾਉਣ ਹਿੱਤ ਇਕ ਵੱਡਾ ਪ੍ਰੇਰਨਾ ਸ੍ਰੋਤ ਬਣ ਸਕਦੀ ਹੈ।
14) ਜਿਵੇਂ ਵਰਤਮਾਨ ਵਿਚ ਭਾਰਤੀ ਲੋਕਤੰਤਰ ਦੇ ਅੰਦਰ ਨੌਕਰਸ਼ਾਹੀ ਤੰਤਰ ਸਤਾ-ਰਾਜਨੇਤਾ-ਸੰਤ-ਮਾਫ਼ੀਆ-ਹਾਕਮ ਦੇ ਚੰਡਾਲ ਰੂਪ ਵਿਚ ਨਿਰੰਕੁਸ਼ ਸੰਵਿਧਾਨਿਕ ਤਾਨਾਸ਼ਾਹੀ ਤਾਕਤ ਦੀ ਕਾਨੂੰਨੀ ਸੁਰੱਖਿਆ ਧਾਰਨ ਕਰਕੇ, ਸਤਾ ਦੇ ਚੌਧਰੀਆਂ ਨਾਲ ਮਿਲ ਲੋਕਾਈ ਦੀ ਕਮਾਈ ਅਤੇ ਪ੍ਰਫੁਲਤਾ ਨੂੰ ਭ੍ਰਿਸ਼ਟਤਾਈ ਨਾਲ ਖਤਮ ਕਰ ਰਿਹਾ ਹੈ। ਜਿਸ ਨੂੰ ਕਿ ਭਾਰਤ ਦਾ ਨਾਗਰਿਕ ਵੋਟ ਤੰਤਰ ਦੇ ਨਾਂ ਤੇ ਢੋਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ। ਠੀਕ ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕਾਲ ਵਿਚ ਸਹੀ-ਉਲ-ਅਖ਼ਬਾਰ ਦਾ ਕਰਤਾ ਲਿਖਦਾ ਹੈ ਕਿ "ਬਾਦਸ਼ਾਹ ਦੇ ਵੇਲੇ ਹਰ ਉਹ ਆਦਮੀ ਜੋ ਪੁਰਾਣੇ ਸਮੇਂ ਤੋਂ ਕਈ ਪ੍ਰਗਣਿਆਂ ਦਾ ਮਾਲਕ ਚਲਾ ਆਉਂਦਾ ਸੀ, ਇਹ ਆਪਣੀ ਮਨ-ਮਰਜ਼ੀ ਨਾਲ ਕਿਸਾਨਾਂ ਨੂੰ ਰਖ ਅਤੇ ਕੱਢ ਸਕਦਾ ਸੀ। ਇਹ ਜ਼ਿੰਮੀਦਾਰ ਕਹਾਉਂਦਾ ਸੀ। ਇਹ ਆਮ ਤੌਰ ਤੇ ਵੱੇਲੇ ਸਰਕਾਰੀ ਅਫ਼ਸਰ ਹੁੰਦੇ ਸਨ ਜੋ ਆਪਣੇ ਆਪ ਵਿਚ ਹੀ ਮਨਮੌਜੀ ਬਾਦਸ਼ਾਹਾਂ ਵਾਂਗ ਹੁੰਦੇ ਸਨ। ਅਤੇ ਕਿਸੇ ਦੀ ਘੱਟ ਹੀ ਪ੍ਰਵਾਹ ਕਰਦੇ ਸਨ। ਸਰਕਾਰੀ ਹਾਕਮ ਵੀ ਉਦੋਂ ਤਕ ਇਨ੍ਹਾਂ ਦੇ ਅੰਦਰੂਨੀ ਪ੍ਰਬੰਧ ਵਿਚ ਦਖਲ ਨਹੀਂ ਸੀ ਦਿੰਦੇ ਜਦੋਂ ਤਕ ਕਿ ਇਹ ਨੀਯਤ ਸਰਕਾਰੀ ਮਾਮਲਾ ਤਾਰਦੇ ਰਹਿੰਦੇ ਸਨ। ਸਰਕਾਰ ਇਸ ਗੱਲ ਦੀ ਪ੍ਰਵਾਹ ਹੀ ਨਹੀਂ ਕਰਦੀ ਸੀ ਕਿ ਇਹ ਲੋਕ ਆਪ ਕਿੰਨੀ ਅਤੇ ਕਿਵੇਂ ਉਗਰਾਹੀ ਕਰਦੇ ਹਨ। ਸਰਕਾਰੀ ਅਫਸਰਾਂ ਅਤੇ ਜ਼ਿੰਮੀਦਾਰਾਂ ਉੱਤੇ ਕੋਈ ਕੁੰਡਾ ਨਹੀਂ ਸੀ"। ਸਦੀਆਂ ਤੋਂ ਚਲੇ ਆ ਰਹੇ ਅਜਿਹੇ ਨਿਜ਼ਾਮ ਨੂੰ ਹੀ ਵਰਤਮਾਨ ਤਕ ਲੋਕ ਭੋਗ ਰਹੇ ਹਨ। ਜ਼ਿੰਮੀਦਾਰਾਂ ਦੀ ਥਾਂ ਨਵ-ਧਨਾਢਾਂ ਨੇ ਲੈ ਲਈ ਹੈ। ਅਮੀਰਾਂ ਦੀ ਥਾਂ ਮਾਫ਼ੀਆ ਨੇ। ਪ੍ਰਗਣਿਆਂ ਦੇ ਮਾਲਕਾਂ ਦੀ ਥਾਂ ਡੀ.ਸੀ ਅਤੇ ਐਸ.ਐਸ.ਪੀ. ਨੇ। ਉਗਰਾਹੀ ਕਰਨ ਵਾਲੇ ਸਿਪਾਹ-ਸਲਾਰਾਂ ਦੀ ਥਾਂ ਐਸ.ਐਚ.ਓ ਜਾਂ ਥਾਣਿਆਂ ਨੇ ਅਤੇ ਵੱਢੀਖੋਰੀ ਮਾਲੀਆ ਉਗਰਾਹ ਕੇ ਦੇਣ ਦੀ ਪਟਵਾਰੀ ਦੀ ਥਾਂ ਕਈ ਕਿਸਮ ਦੇ ਦਲਾਲਾਂ ਨੇ ਲੋਕਤੰਤਰੀ ਨਿਜ਼ਾਮ ਵਿਚ ਤਾਨਾਸ਼ਾਹੀ ਤੰਤਰ ਦੀ 'ਲੋਕਤਾਂਤਰਿਕ ਤਾਨਾਸ਼ਾਹੀ' ਵਜੋਂ ਹਥਿਆ ਕੇ ਅਪਣਾ ਲਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਕਾਰ-ਏ-ਖ਼ਾਲਸਾ ਨੇ ਜਿਹੜਾ ਖਾਸ ਕੰਮ ਕੀਤਾ ਸੀ ਉਹ ਅਜਿਹੇ ਰਾਜ ਦੇ ਪ੍ਰਬੰਧਕੀ ਢਾਂਚੇ ਨੂੰ ਮੁੱਢ ਤੋਂ ਖਤਮ ਕਰਕੇ ਅਕਾਲ ਦੇ ਨਾਂ ਤੇ ਸੁਤੰਤਰ, ਪਾਰਦਰਸ਼ੀ ਅਤੇ ਖੁਦ ਲੋਕਾਂ ਵਲੋਂ ਚਲਾਏ ਮਾਨ ਅਨੁਸ਼ਾਸ਼ਨੀ ਸਰਕਾਰੀ ਨੌਕਰਸ਼ਾਹੀ 'ਲੋਕ-ਸੇਵਕ' ਦੇ ਰੂਪ ਵਿਚ ਅਮਲੀ ਤੌਰ ਤੇ ਬਦਲ ਦਿੱਤੀ ਸੀ। ਇਹ ਗੱਲ ਵੱਖਰੀ ਅਤੇ ਗੌਣ ਹੈ ਕਿ ਇਸ ਦਾ ਸਮਾਂ ਕਾਲ ਬਹੁਤ ਘੱਟ ਰਿਹਾ। ਅਹਿਮ ਗੱਲ ਇਹੋ ਹੈ ਕਿ ਰਾਜ ਦੀ ਇਹ ਪ੍ਰਣਾਲੀ ਅਮਲੀ ਤੌਰ ਤੇ ਸਰਕਾਰ-ਏ-ਖ਼ਾਲਸਾ ਰਾਹੀਂ ਸਥਾਪਿਤ ਕੀਤੀ ਗਈ। ਇਸ ਦੀ ਗਵਾਹੀ 2 ਕੁ ਮਹੀਨਿਆਂ ਵਿਚ ਹੀ ਸਦੀਆਂ ਦੇ ਸਥਾਪਿਤ ਹੋਏ ਰਾਜ-ਕਾਜ ਅਤੇ ਦਸਤੂਰ ਨੂੰ ਬਦਲ ਕੇ ਰੱਖ ਦੇਣ ਦੀ ਸਮਰਥਾ ਦਾ ਪ੍ਰਗਟਾਵਾ ਸਮਕਾਲੀ ਲਿਖਤਾਂ ਦੇ ਅਧਾਰ ਤੇ ਹੀ ਸ੍ਰੀ ਵਿਲੀਅਮ ਅਰਵਿਨ ਦੇ ਹਵਾਲੇ ਨਾਲ ਡਾ. ਗੰਡਾ ਸਿੰਘ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿਚ ਲਿਖਦੇ ਹਨ "ਸਿੰਘਾਂ ਦਾ ਕੁਝ ਐਸਾ ਦਬਦਬਾ ਬੈਠਾ ਕਿ ਇਕੱਲੇ ਸਿੱਖ ਦੇ ਦਿਖਾਲੀ ਦੇ ਜਾਣ ਨਾਲ ਹੀ ਪੁਰਾਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਭੀੜ ਦੇ ਪ੍ਰਾਣ ਸੁਕਣ ਲਗ ਜਾਂਦੇ। ਮਾਮੂਲੀ ਸਿੰਘ ਭੀ ਆਪਣੇ ਆਪ ਨੂੰ ਵਾਹਿਗੁਰੂ ਦਾ ਵਰੋਸਾਇਆ ਹੋਇਆ ਹਾਕਮ ਬਣਨ ਦਾ ਹੱਕਦਾਰ ਸਮਝਦਾ ਸੀ"। ਇਹ ਸਭ ਤੋਂ ਵੱਡੀ ਅਤੇ ਸ਼੍ਰੋਮਣੀ ਪ੍ਰਾਪਤੀ ਸਰਕਾਰ-ਏ-ਖ਼ਾਲਸਾ ਨੇ ਕੀਤੀ ਜਿਸ ਰਾਹੀਂ ਹੁਣ ਸਿੱਖ ਆਪਣੇ ਆਪ ਨੂੰ ਸਲਤਨਤ ਦੇ ਪਾਤਿਸ਼ਾਹ ਵਜੋਂ ਸਮਝਣ ਅਤੇ ਮੰਨਣ ਲਗ ਪਏ ਹਨ। ਸ਼ਾਇਦ ਇਹੋ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਵਰਤਮਾਨ ਵਿਚ ਇਸ ਇਤਿਹਾਸ ਨੂੰ ਹਕੀਕੀ ਤੌਰ ਤੇ ਸਾਹਮਣੇ ਨਹੀਂ ਆਣ ਦਿੱਤਾ ਜਾ ਰਿਹਾ।
15) ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਹਿੰਦ ਫਤਹਿ ਕਰਨ ਵਾਲੇ ਦਿਨ ਤੋਂ ਹੀ ਸਰਕਾਰ-ਏ-ਖ਼ਾਲਸਾ ਦੀ ਇਕ ਨਵੀਂ ਸੰਮਤ ਅਤੇ ਨਵਾਂ ਕਲੰਡਰ ਆਰੰਭ ਕੀਤਾ ਗਿਆ। ਇਹ ਵੱਖਰੀ ਗੱਲ ਹੈ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਕਾਰ-ਏ-ਖ਼ਾਲਸਾ ਦੀ ਨਾਨਕਸ਼ਾਹੀ ਖ਼ਾਲਸਤਾਨੀ ਰਾਜ ਦੇ ਨਾਲ ਹੀ ਸਮਾਪਤ ਹੋ ਗਿਆ। ਲੋਹਗੜ੍ਹ ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਜਿੱਥੋਂ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ ਗਿਆ ਅਤੇ ਨਾਨਕਸ਼ਾਹੀ ਮੋਹਰਾਂ ਅਤੇ ਸੰਨ - ਜਲੂਸ ਸਥਾਪਿਤ ਕੀਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਕੁਝ ਇਸ ਲਈ ਕੀਤਾ ਕਿ ਸਿੰਘਾਂ ਵਿਚ ਮੁਗਲਾਂ ਤੋਂ ਸ਼੍ਰੋਮਣੀ ਹੋਣ ਦੀ ਸਪਿਰਟ ਪੈਦਾ ਹੋਵੇ ਅਤੇ ਉਨ੍ਹਾਂ ਦੇ ਮਨਾਂ ਤੇ ਇਹ ਗੱਲ ਉਕਰੀ ਜਾਵੇ ਕਿ ਉਹ ਗੁਰੂ ਵਰੋਸਾਈ ਇਸ ਪੰਜਾਬ ਦੀ ਧਰਤੀ ਦੇ ਅਸਲ ਮਾਲਕ ਹਨ। ਜੇ ਮੁਗਲ ਬਾਦਸ਼ਾਹਾਂ ਦੀ ਰਾਜਧਾਨੀ ਸਿੱਕੇ, ਮੋਹਰਾਂ ਅਤੇ ਹਿਜਰੀ, ਸੰਮਤ, ਸੰਨ, ਜਲੂਸ ਹਨ ਤਾਂ ਪੰਥ ਖ਼ਾਲਸੇ ਦੇ ਵੀ ਸਰਕਾਰ-ਏ-ਖ਼ਾਲਸਾ ਦੀ ਕਮਾਨ ਹੇਠਾਂ ਇਹੋ ਸਭ ਕੁਝ ਅਕਾਲ ਨਮਿੱਤ ਪ੍ਰਭੂਸਤਾ ਸੰਪੰਨ ਸੁਤੰਤਰ ਤੌਰ ਤੇ ਆਪਣੀ ਰਾਜਧਾਨੀ ਸਿੱਕੇ, ਮੋਹਰਾਂ, ਸੰਨ, ਜਲੂਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪਾਤਿਸ਼ਾਹੀ ਲਈ ਇਸ ਸੰਸਾਰ ਵਿਚ ਆਪਣੇ ਵੱਖਰੇ ਹਨ। ਇਹੋ ਪੰਥ ਖ਼ਾਲਸੇ ਦੀ ਅੱਡਰੀਂ ਵਿਲੱਖਣਤਾ ਹੈ ਜੋ 27 ਮਈ 1710 ਨੂੰ ਸਰਹਿੰਦ ਫਤਹਿ ਕਰਨ ਤੋਂ ਬਾਅਦ ਖ਼ਾਲਸੇ ਦੀ ਪਹਿਲੀ ਸੰਸਦ ਨੇ ਸਥਾਪਿਤ ਕੀਤੀ। ਇਹ ਸੰਸਾਰ ਦੇ ਇਤਿਹਾਸ ਵਿਚ ਇਕ ਅਦੁੱਤੀ ਮਿਸਾਲ ਹੈ।
16) ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਵਿਸ਼ਵ ਵਿਚ ਬਾਦਸ਼ਾਹ ਆਪਣੇ ਨਾਉਂ ਤੇ ਰਾਜ ਕਰਦਾ ਸੀ ਅਤੇ ਨਿੱਜੀ ਨਾਉਂ ਤੇ ਸਿੱਕੇ, ਮੋਹਰਾਂ ਅਤੇ ਤਾਨਾਸ਼ਾਹੀ ਰਾਜਸ਼ਾਹੀ ਦੀ ਸਤਾ ਸਥਾਪਿਤ ਹੁੰਦੀ ਸੀ। ਵਿਸ਼ਵ ਵਿਚ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨਿੱਜੀ ਅਤੇ ਪਿੱਤਰ ਪੁਰਖੀ ਰਾਜ ਪ੍ਰਥਾ ਦਾ ਅੰਤ ਕਰਕੇ ਦੁਨੀਆਂ ਨੂੰ ਇਕ ਕ੍ਰਾਂਤੀਕਾਰੀ ਰਾਜ ਪ੍ਰਬੰਧ ਚਲਾਉਣ ਦਾ ਲੋਕ ਹਿੱਤਕਾਰੀ ਪ੍ਰਬੰਧਕੀ ਢੰਗ ਅਤੇ ਸਤਾ ਦਾ ਸਿੱਕੇ ਬੰਦ ਮੁਹਾਂਦਰਾ ਖ਼ਾਲਸਤਾਨੀ ਵਿਵਸਥਾ ਅਤੇ ਪ੍ਰਣਾਲੀ ਦੇ ਅਧੀਨ ਦਿੱਤਾ। ਬਾਬਾ ਬੰਦਾ ਸਿੰਘ ਨੇ ਇਸ ਨਿੱਜੀ ਤਾਨਾਸ਼ਾਹੀ ਰਾਜਸ਼ਾਹੀ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ ਅਤੇ ਉਸ ਨੇ ਬਤੌਰ ਖ਼ਾਲਸੇ ਦੇ ਲੋਕ-ਨਾਇਕ ਰਾਜ ਨੇਤਾ ਦੇ ਤੌਰ ਤੇ ਸਮੁੱਚੀ ਸਤਾ ਦੀ ਅੰਤਿਮ ਸ਼ਕਤੀ ਸ੍ਰੋਤ ਅਕਾਲ ਪੁਰਖ ਵਿਚ ਨੀਯਤ ਅਤੇ ਪ੍ਰਵਾਨਿਤ ਕਰਕੇ ਰਾਜ ਦੀ ਬਹਾਲੀ, ਪ੍ਰਾਪਤੀ ਅਤੇ ਚਲਾਏਮਾਨਤਾ ਨਿੱਜੀ ਨਾਮ ਤੋਂ ਹਟਾ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਲ ਜੋੜਦੇ ਹੋਏ ਪਾਤਿਸ਼ਾਹੀ ਅਕਾਲ ਪੁਰਖ ਦੀ ਅਤੇ ਬਖਸ਼ਿਸ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤੇ ਫਤਹਿ ਖ਼ਾਲਸੇ ਦੀ ਵਿਚ ਬਦਲ ਦਿੱਤਾ। ਦੁਨੀਆਂ ਵਿਚ ਆਪਣੇ ਆਪ ਦੀ ਵਿਚ ਇਹ ਪਹਿਲੀ ਉਦਾਹਰਨ ਹੈ ਕਿ ਜਦੋਂ ਸਤਾ ਦਾ ਸ੍ਰੋਤ, ਸਤਾ ਦਾ ਪ੍ਰਬੰਧ, ਸਤਾ ਦਾ ਕੇਂਦਰ, ਸਤਾ ਦਾ ਹੁਕਮ, ਸਤਾ ਦਾ ਨਿਆਂ, ਸਤਾ ਦੀ ਵਿਵਸਥਾ, ਪ੍ਰਾਪਤੀ ਅਤੇ ਚਲਾਏਮਾਨਤਾ ਨੂੰ ਗੁਣਤੰਤਰੀ ਗਣਰਾਜ ਵਿਚ ਲੋਕਤਾਂਤਰਿਕ ਅਧਾਰ ਦਿੰਦੇ ਹੋਏ ਲੋਕਾਂ ਦੇ ਸਮੂਹ, ਸੰਗਤ ਰੂਪੀ ਪੰਥ ਖ਼ਾਲਸੇ ਦੇ ਦਰਬਾਰ ਵਿਚ ਅੰਤਿਮ ਸ਼ਕਤੀ ਅਤੇ ਸ੍ਰੋਤ ਵਜੋਂ ਸਥਾਪਤ ਕਰ ਦਿੱਤੀ ਗਈ। ਅਜਿਹਾ ਸੰਸਾਰ ਵਿਚ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਜੇ ਅਸੂਲੋਂ ਵੇਖਿਆ ਜਾਵੇ ਤਾਂ ਵਰਤਮਾਨ ਆਧੁਨਿਕ ਦੇਸ਼ਾਂ ਵਿਚ ਸਰਕਾਰਾਂ ਵਲੋਂ ਅਪਣਾਈ ਗਈ ਲੋਕਤਾਂਤਰਿਕ ਸੰਵਿਧਾਨਿਕ ਸਰਕਾਰਾਂ ਵਿਚ ਵੀ ਹਾਲੇ ਤਕ ਇਸ ਸਿਧਾਂਤ ਨੂੰ ਸੰਪੂਰਨ ਰੂਪ ਵਿਚ ਉਵੇਂ ਦੁਨੀਆਂ ਭਰ ਵਿਚ ਕਿਸੇ ਵੀ ਮੁਲਕ ਵਿਚ ਨਹੀਂ ਅਪਣਾਇਆ ਗਿਆ ਹੈ ਜਿਵੇਂ ਵਰਤਮਾਨ ਵਿਚ ਗੁਲਾਮੀ ਦੀ ਹਾਲਤ ਵਿਚ ਵਿਚਰਦੇ ਹੋਏ ਵੀ ਪੰਥ ਖ਼ਾਲਸਾ ਆਪਣੇ ਅੰਦਰੂਨੀ ਢਾਂਚੇ ਵਿਚ ਪੰਥਕ ਤੌਰ ਤੇ ਆਪਣੀ ਆਤਮਾ ਵਿਚ ਜਿਉਂਦਾ ਹੋਇਆ ਨਿਭਾ ਰਿਹਾ ਹੈ। ਵਰਤਮਾਨ ਵਿਚ ਅਤੀਤ ਵਿਚ ਮਾਰੀਆਂ ਗਈਆਂ ਇਹੋ ਪੁਲਾਂਘਾਂ ਸਰਕਾਰ-ਏ-ਖ਼ਾਲਸਾ ਲਈ ਮਾਰਗ ਦਰਸ਼ਕ ਹਨ ਤੇ ਇਹੋ ਮੁੱਢਲੇ ਮੌਲਿਕ ਤੱਤ ਹਨ ਜੋ ਨਾਨਕਸ਼ਾਹੀ ਖ਼ਾਲਸਤਾਈ, ਖ਼ਾਲਸਤਾਨੀ ਵਿਵਸਥਾ, ਪ੍ਰਣਾਲੀ ਅਤੇ ਸਤਾ ਦੇ ਨਿਆਂ ਪਰਖ ਆਰਥਿਕ ਤੰਤਰ ਤੋਂ ਲੈ ਕੇ ਪ੍ਰਬੰਧਕੀ ਨਿਜ਼ਾਮ ਤਕ ਸਾਨੂੰ ਲਲਕਾਰਦੇ ਹਨ। ਜਿਸ ਦੀ ਸਿੱਕੇ ਬੰਦ ਪ੍ਰਮਾਣਕਤਾ ਹੈ:-
ਸਿੱਕਾ ਜਦ ਬਰ ਹਰਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ
ਅਰਥਾਤ :
ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੋਰ ਨੇ ਜੀ।
ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਜੇ ਰੱਬ ਏਕ ਨੇ ਜੀ।
ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ :
ਜ਼ਰਬ ਬ-ਆਮਨੁ-ਦਹਿਰ, ਮੁਸੱਵਰਤ ਸ਼ਹਿਰ, ਜ਼ੀਨਤੁ-ਤਖ਼ਤੁ, ਮੁਬਾਰਕ ਬਖ਼ਤ ਅਰਥਾਤ :
ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ।
ਇਹ ਸਨ ਸ਼ਬਦ ਜੋ ਲੋਹਗੜ੍ਹ ਦੀ ਉਸਤਤਿ ਵਿਚ ਵਰਤੇ ਗਏ ਸਨ। ਇਸ ਤੋਂ ਬਾਅਦ ਉਸ ਨੇ ਸਰਕਾਰੀ ਦਸਤਾਵੇਜ਼ਾਂ, ਸਨਦਾਂ, ਪਰਵਾਨਿਆਂ ਆਦਿ ਲਈ ਮੋਹਰ ਬਣਵਾਈ ਜਿਸ ਦੇ ਇਹ ਸ਼ਬਦ ਸਨ :
ਅਜ਼ਮਤਿ ਨਾਨਕ ਗੁਰੂ ਹਮ ਜ਼ਾਹਿਰੋ ਹਮ ਬਾਤਨ ਅਸਤ
ਪਾਦਸ਼ਾਹਿ ਦੀਨੋ ਦੁਨੀਆ ਆਪ ਸੱਚਾ ਸਾਹਬ ਅਸਤ
ਅਰਥਾਤ :
ਗੁਰੂ ਨਾਨਕ ਦੀ ਵਡਿਆਈ ਹੈ ਬਾਹਰ ਅੰਦਰ ਸਾਰੇ।
ਦੀਨ ਦੁਨੀ ਦਾ ਵਾਲੀ ਹੈ ਉਹ ਆਪੇ ਰੱਬ ਸੱਚਾ ਰੇ।
ਇਸ ਨੂੰ ਬਦਲ ਕੇ ਬਾਅਦ ਵਿਚ ਇਸ ਤਰ੍ਹਾਂ ਕਰ ਦਿੱਤਾ ਗਿਆ ਅਤੇ ਜਿੱਥੇ ਕਿਧਰੇ ਭੀ ਬੰਦਾ ਸਿੰਘ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਦੇ ਇਹ ਹੀ ਸ਼ਬਦ ਹਨ :
ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਅਰਥਾਤ :
ਦੇਗ ਤੇਗ ਜਿੱਤ ਸੇਵ ਨਿਰਾਲਮ,
ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ।
17) ਇੰਝ "ਸਰਕਾਰੇ-ਖ਼ਾਲਸਾ" ਦੀ ਰਾਜਧਾਨੀ "ਲੋਹਗੜ੍ਹ" ਡਾ. ਗੰਡਾ ਸਿੰਘ ਦੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜਾਰੀ ਸਿੱਕੇ ਦੇ ਦੂਜੇ ਪਾਸੇ ਵਿਚ ਉਕਰਨਾ "ਜਾਰੀ ਹੋਇਆ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ" ਆਪਣੇ ਆਪ 'ਚ ਸਾਬਤ ਕਰਦਾ ਹੈ ਕਿ ਨਾਨਕਸ਼ਾਹੀ ਖ਼ਾਲਸਤਾਨੀ ਰਾਜ-ਪ੍ਰਣਾਲੀ ਦਾ ਮੁੱਖ ਨਿਸ਼ਾਨਾ ਹੀ ਸੰਸਾਰ ਵਿਚ ਸ਼ਾਂਤੀ ਦੀ ਬਹਾਲੀ ਹੈ। ਜੋ ਸਮਕਾਲੀ ਕਿਸੇ ਵੀ ਹਾਕਮ ਦਾ ਨਿਸ਼ਾਨਾ ਨਹੀਂ ਰਿਹਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਆਦੇਸ਼ ਦੀ ਪੂਰਤੀ ਹੈ ਜੋ "ਸਰਕਾਰੇ-ਖ਼ਾਲਸਾ" ਦੀ ਖ਼ਾਲਸਤਾਨੀ ਪ੍ਰਣਾਲੀ-ਨਿਜ਼ਾਮ-ਵਿਵਸਥਾ-ਨਿਆਂ ਅਤੇ ਸਰਬਸਾਂਝੀ ਵਾਲਤਾ ਵਾਲੇ ਸਰਬੱਤ ਦੇ ਭਲੇ ਦੀ ਇਸ ਵਿਧਾਨਿਕਤਾ ਦੇ ਅਧਾਰ ਤੇ ਘੜੀ ਗਈ ਹੈ :-
''ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ ਜੋਆਇਆ ॥ ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥2॥... ਸੁਣਿ ਗਲਾ ਗੁਰ ਪਹਿ ਆਇਆ ॥ ਨਾਮੁ ਦਾਨੁ ਇਸਨਾਨੁ ਦਿੜਾਇਆ ॥ ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥11॥ ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥ ਦੇ ਕੰਨੁ ਸੁਣਹੁ ਅਰਦਾਸਿ ਜੀਉ ॥ ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥12॥ ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥13॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥ ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥14॥'' (ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪੰਨਾ ਨੰ: 73)
ਇਸ ਦਾ ਸੰਵਿਧਾਨ ਅਸਲ ਗੁਰਮਤਿ ਸਿੱਖ ਸੱਭਿਅਤਾ ਦੀ ਸਿਆਸੀ ਰੋਲ ਮਾਡਲ ਲਈ ਇੰਝ ਨੀਯਤ ਕਰਦੀ ਹੈ :-
''ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥'' (ਪੰਨਾ 345)
ਕਿਸੇ ਵੀ ਆਧੁਨਿਕ ਸੰਵਿਧਾਨ ਅਤੇ ਮੁਲਕ ਵਿਚ ਵੀ ਇਹ ਪਾਇਦਾਰ ਲੋਕ ਹਿਤਕਾਰੀ ਗੁਣਤੰਤਰੀ ਅਮਲ ਅੱਜ ਤਕ ਵਿਹਾਰਕ ਤੌਰ ਤੇ ਨਾ ਅਪਣਾਇਆ ਗਿਆ ਹੈ ਅਤੇ ਨਾ ਹੀ ਲਾਗੂ ਕੀਤਾ ਗਿਆ ਹੈ।ਪੰਥ ਖ਼ਾਲਸੇ ਨੂੰ ਇਹ ਸ਼੍ਰੋਮਣੀ ਬੜੋਤਰੀ ਹਾਸਲ ਹੈ। ਇਹ ਆਪਣੇ ਤੌਰ ਤੇ ਮੌਲਿਕ, ਖ਼ਾਸ ਅਤੇ ਸੰਪੂਰਨ ਰਾਜਨੀਤਿਕ ਬਣਤਰ ਸੀ ਜੋ ਰਾਜ ਪ੍ਰਬੰਧ ਹਿੱਤ ਰਾਜ ਦੇ ਸਾਰੇ ਅੰਗਾਂ ਅਤੇ ਹਿੱਸਿਆਂ ਤੇ ਵਿਧਾਨਿਕ ਤੌਰ ਤੇ ਲਾਗੂ ਕੀਤੀ ਗਈ। ਇਸ ਨੂੰ ਅਣਗੌਲਿਆਂ ਕਰਨਾ ਮਨੁੱਖਤਾ ਦੀ ਸੁਤੰਤਰਤਾ ਦੇ ਖਿਲਾਫ਼ ਘੌਰ ਅਪਰਾਧ ਅਤੇ ਵੱਡਾ ਗੁਨਾਹ ਹੈ।ਇਸ ਨਵੀ ਰਾਜ ਬਣਤਰ ਦਾ ਹੀ ਨਾਉਂ ਹੈ :-ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ-ਵਿਵਸਥਾ-ਵਿਵਸਥਾਪਿਕਾ-ਨਿਆਂ-ਵਿਧੀ-ਵਿਧਾਨ ਅਤੇ ਪ੍ਰਬੰਧਕੀ ਨਿਜ਼ਾਮ। ਜਿਸ ਦਾ ਸਿਆਸੀ ਅਮਲ ਹੈ ਖ਼ਾਲਸਤਾਨ। ਇਹ ਇਕ ਖ਼ਾਲਸੇ ਦੀ ਖ਼ਾਲਸਤਾਨੀ ਦਾ ਰੋਲ ਮਾਡਲ ਹੈ ਜੋ ਸਿੱਖ ਸੱਭਿਅਤਾ ਨੇ ਵਿਕਸਿਤ ਕੀਤਾ ਹੈ। ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੋਕ ਹਿੱਤਕਾਰੀ "ਦਰਬਾਰੇ-ਖ਼ਾਲਸਾ" ਦੇ ਰੂਪ 'ਚ ਕਾਇਮ ਸੰਸਦੀ ਪ੍ਰਣਾਲੀ ਦੇ ਖ਼ਾਲਸਤਾਨੀ ਗਣਰਾਜ ਨੂੰ ਸਿਰਫ "ਫੌਜ਼ੀ ਕਬਜ਼ਾ" ਕਹਿ ਕੇ ਡਾ. ਗੰਡਾ ਸਿੰਘ ਵਾਂਗ ਅਤੇ ਹੋਰ ਵਿਦਵਾਨਾਂ ਵਾਂਗ ਝੂਠਲਾਇਆ ਅਤੇ ਨੀਵਾਂ ਕਰਕੇ ਨਾ ਦਿਖਲਾਇਆ ਤੇ ਲਿਆ ਜਾਵੇ। ਇਸਨੂੰ ਸਿੱਖ ਸੱਭਿਅਤਾ ਦੇ ਸਿਆਸੀ ਰੋਲ ਮਾਡਲ ਦੀ ਅਮਲੀ ਪ੍ਰਵਾਹ ਦੀ ਕਾਇਮੀ ਦੇ ਤੌਰ ਤੇ ਪ੍ਰਵਾਨ ਕੀਤਾ ਜਾਵੇ।
ਸਿੱਖਾਂ ਦੀ ਵਰਤਮਾਨ ਪ੍ਰਸਥਿਤੀਆਂ ਵਿਚ ਵੀ ਸਿੱਖਾਂ ਦੇ ਉਪਰੋਕਤ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੇ ਰੋਲ ਮਾਡਲ ਨਾਲ ਉਹੀ ਕੁਝ ਵਾਪਰ ਰਿਹਾ ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਾਪਰਿਆ। ਕੀ ਇਕ-ਸਮਾਨ ਸੋਚ ਅਤੇ ਗੁਰਮਤਿ ਸਿਧਾਂਤ ਨੂੰ ਜਿਉਣ ਵਾਲੇ ਸਿੱਖ ਇਕਮੁੱਠ ਹੋਣਗੇ ? ਇਸ ਗੁਰਵਾਕ ਤੇ ਸਭ ਵਲੋਂ ਵਿਚਾਰ ਕਰਨੀ ਲੋੜੀਦੀ ਹੈ - ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥(ਪੰਨਾ 657)
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਖ਼ਾਲਸੇ ਦੇ ਖ਼ਾਲਸਤਾਈ ਰੋਲ ਮਾਡਲ ਦੀ ਸਰਕਾਰ-ਏ-ਖ਼ਾਲਸਾ ਦਾ ਪ੍ਰਬੰਧਕੀ ਨਿਜ਼ਾਮ ਅਤੇ