ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
"ਵਿਸ਼ਕਰਮਾਂ ਡੇ" ਆਦਿਕ ਮਿਥਿਹਾਸਕ ਮਨੌਤਾਂ ਸਿੱਖਾਂ ਵਿੱਚ ਕਿਉਂ?
"ਵਿਸ਼ਕਰਮਾਂ ਡੇ" ਆਦਿਕ ਮਿਥਿਹਾਸਕ ਮਨੌਤਾਂ ਸਿੱਖਾਂ ਵਿੱਚ ਕਿਉਂ?
Page Visitors: 2640

"ਵਿਸ਼ਕਰਮਾਂ ਡੇ" ਆਦਿਕ ਮਿਥਿਹਾਸਕ ਮਨੌਤਾਂ ਸਿੱਖਾਂ ਵਿੱਚ ਕਿਉਂ?
 ਫੌਰੀ ਧਿਆਨ ਦੇਣ ਦੀ ਲੋੜ!
 ਅਵਤਾਰ ਸਿੰਘ ਮਿਸ਼ਨਰੀ
 510 432 5827
 ਵਿਸ਼ਵ, ਕਰਮ ਅਤੇ ਕਰਮਾ-ਸੰਸਕ੍ਰਿਤ ਦੇ ਲਫਜ਼ ਹਨ। ਵਿਸ਼ਵ-ਜਗਤ, ਸੰਸਾਰ, ਸਾਰਾ, ਸਭ। ਕਰਮ-ਕ੍ਰਮ, ਕੰਮ (ਕਰਮਕਰਤ ਹੋਵੈ ਨਿਹਕਰਮ-ਸੁਖਮਨੀ) ਕਰਮਾ-ਕਰਮੀ, ਕਰਮ ਕਰਨ ਵਾਲਾ, ਖੁਸ਼ਨਸੀਬ, ਚੰਗੇ ਭਾਗਾਂ ਵਾਲਾ
(ਕਹੁ ਨਾਨਕ ਕਉਨ ਉਹ ਕਰਮਾ॥ ਜਾ ਕੈ ਮਨਿ ਵਸਿਆ ਹਰਿ ਨਾਮਾ॥(੩੮੮)
ਵਿਸ਼ਵਕਰਮਾ-ਸੰਸਾਰ ਰਚਨ ਵਾਲਾ ਕਰਤਾਰ, ਵਿਸ਼ਵ (ਸੰਸਾਰ) ਦੇ ਸਾਰੇ ਕੰਮ ਕਰਨ ਕਰਾਉਣ ਵਾਲਾ।
ਮਿਥਿਹਾਸ ਅਨੁਸਾਰ ਇੱਕ ਦੇਵਤਾ ਜਿਸ ਨੂੰ ਮਹਾਂਭਾਰਤ ਅਤੇ ਪੁਰਾਣਾ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ ਦੱਸਿਆ ਗਿਆ ਹੈ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਸਗੋਂ ਉਨ੍ਹਾਂ ਦੇ ਸ਼ਸ਼ਤ੍ਰ ਅਸ਼ਤ੍ਰ ਵੀ ਬਣਾਉਂਦਾ ਹੈ। ਸਥਾਪਤਹ ਉਪਵੇਦ ਜਿਸ ਵਿੱਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਮਨੌਤ ਹੈ। ਮਹਾਭਾਰਤ ਵਿੱਚ ਇਸ ਬਾਰੇ ਇਉਂ ਲਿਖਿਆ ਹੈ-ਦੇਵਤਿਆਂ ਦਾ ਪਤੀ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ, ਜਿਸ ਦੇ ਹੁਨਰ ਤੇ ਧਰਤੀ ਖੜੀ ਅਤੇ ਜਿਸ ਦੀ ਸਦੀਵ ਪੂਜਾ ਕੀਤੀ ਜਾਂਦੀ ਹੈ।
ਰਮਾਇਣ ਵਿੱਚ ਲਿਖਿਆ ਹੈ ਕਿ ਵਿਸ਼ਕਰਮਾ ਅੱਠਵੇਂ  ਵਾਸੁ ਪ੍ਰਭਾਸ ਦਾ ਪੁੱਤ੍ਰ ਲਾਵਨਯਮਤੀ (ਯੋਗ-ਸਿੱਧਾ) ਦੇ ਪੇਟੋਂ ਪੈਦਾ ਹੋਇਆ, ਇਸ ਦੀ ਪੁੱਤ੍ਰੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਪਰ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸੱਕੀ ਤਾਂ ਵਿਸ਼ਕਰਮਾ ਨੇ ਸੂਰਜ ਨੂੰ ਖਰਾਦ ਤੇ ਚਾੜ੍ਹ ਕੇ, ਉਸ ਦਾ ਅਠਵਾਂ ਭਾਗ ਛਿੱਲ ਦਿੱਤਾ ਤਾਂ ਸੂਰਜ ਦੀ ਤਪਸ਼ ਘਟ ਗਈ। ਤਰਾਸ਼ੇ ਸੂਰਜ ਦੀਆਂ ਛਿਲਤਾਂ ਤੋਂ ਵਿਸ਼ਕਰਮਾ ਨੇ, ਵਿਸ਼ਨੂੰ ਦਾ ਚੱਕ੍ਰ, ਸ਼ਿਵ ਦਾ ਤ੍ਰਿਸ਼ੂਲ,ਕਾਰਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸ਼ਤ੍ਰ ਬਣਾਏ ਅਤੇ ਜਗੰਨਾਥ ਦਾ ਬੁੱਤ ਵੀ ਇਸੇ ਦੀ ਦਸਤਕਾਰੀ ਦੱਸਿਆ ਜਾਂਦਾ ਹੈ(ਮਹਾਨਕੋਸ਼)
ਉੱਪਰ ਵਿਸ਼ਵਕਰਮਾ ਦੇ ਅੱਖਰੀ ਅਰਥ ਅਤੇ ਮੰਨੀ ਗਈ ਮਿਥਿਹਾਸਕ ਜਾਣਕਾਰੀ ਦਿੱਤੀ ਹੈ।
ਆਓ ਹੁਣ ਅਕਲ ਦੇ ਖਾਨੇ ਤੋਂ ਕੰਮ ਲੈ ਕੇ (ਅਕਲੀ ਪੜ੍ਹਿ ਕੈ ਬੁਝੀਐ-੧੨੪੫) ਵਿਚਾਰ ਕਰੀਏ। ਜਦ ਸਾਫ ਪਤਾ ਲੱਗ ਗਿਆ ਹੈ ਕਿ ਵਿਸ਼ਵ-ਸੰਸਾਰ, ਕਰਮ-ਕੰਮ ਅਤੇ ਕਰਮਾ-ਕੰਮ ਕਰਨ ਵਾਲਾ ਹੈ,ਫਿਰ ਸੋਚੋ! ਕੋਈ ਇੱਕ ਮਨੁੱਖ ਜਾਂ ਦੇਵਤਾ ਜੋ ਮਾਂ ਦੇ ਪੇਟੋਂ ਪੈਦਾ ਹੋਇਆ ਹੋਵੇ, ਉਹ ਸਾਰੇ ਸੰਸਾਰ ਦੇ ਕੰਮ ਕਿਵੇਂ ਕਰ ਸਕਦਾ ਹੈ? ਇਹ ਮਿਥਿਹਾਸਕ ਵਿਸ਼ਕਰਮਾ ਆਪਣੀ ਲੜਕੀ ਸੂਰਜ ਨਾਲ ਵਿਆਹ ਦਿੰਦਾ ਤੇ ਉਸ ਦੀ ਤਪਸ਼ ਘੱਟ ਕਰਨ ਵਾਸਤੇ ਖਰਾਦ ‘ਤੇ ਚਾੜ੍ਹ ਕੇ ਤਰਾਸ਼ਦਾ ਹੈ। ਧਿਆਨ ਦਿਓ ਸੂਰਜ ਅੱਗ ਦਾ ਇੱਕ ਮਹਾਂ ਗੋਲਾ ਅਤੇ ਅਰਬਾਂ ਖਰਬਾ ਪਤਾ ਨਹੀਂ ਇਸ ਧਰਤੀ ਤੋਂ ਕਿਤਨੇ ਕੁ ਜੋਜਨ ਮੀਲ ਦੂਰ ਹੈ? ਫਿਰ ਲੋਹੇ ਦੇ ਟਨਾ ਦੇ ਟਨ ਪਿੰਘਲਾ ਦੇਣ ਵਾਲਾ ਸੂਰਜ ਵਿਸ਼ਕਰਮਾ ਨੇ ਆਪਣੇ ਖਰਾਦ ਤੇ ਕਿਵੇਂ ਚੜ੍ਹਾਇਆ? ਕੀ ਜਿਹੜੀ ਚੀਜ ਐਸੀ ਸੁਪਰ ਅੱਗ ਨਾਲ ਪਿਘਲ ਜਾਏ ਜਾਂ ਸੜ ਕੇ ਸਵਾਹ ਹੋ ਜਾਵੇ, ਉਹ ਸੂਰਜ ਅੱਗ ਦੇ ਭਿਆਨਕ ਗੋਲੇ ਨੂੰ ਤਰਾਸ਼ ਸਕਦੀ ਹੈ? ਫਿਰ ਕੀ ਅੱਗ ਦਾ ਗੋਲਾ ਸੂਰਜ ਕਿਸੇ ਔਰਤ ਨਾਲ ਸੰਭੋਗ ਕਰ ਬੱਚੇ ਪੈਦਾ ਕਰ ਸਕਦਾ ਹੈ?
ਕੀ ਐਸੀ ਭਿਆਨਕ ਅੱਗ ਦੇ ਲਾਗੇ ਕੋਈ ਔਰਤ ਜਾਂ ਮਰਦ ਰਹਿ ਸਕਦੇ ਹਨ?
ਭਲਿਓ ਹਿੰਦੂ ਪੁਰਾਤਨ ਸਮੇ ਪੱਥਰ ਯੁੱਗ ਤੋਂ ਹੀ ਪੁਜਾਰੀ ਰਿਸ਼ੀਆਂ, ਮੁਨੀਆਂ ਤੇ ਸਾਧਾਂ ਸੰਤਾਂ ਦੇ ਅਧੀਨ ਰਹੇ ਤੇ ਬਹੁਤਾਤ ਅੱਜ ੨੧ਵੀਂ ਸਦੀ ਵਿੱਚ ਵੀ ਪੁਜਾਰੀਆਂ ਦੇ ਪੈਰ ਧੋ ਧੋ ਪੀ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਅਨਪੜ੍ਹ ਤੇ ਬਲਾਤਕਾਰੀ ਪੁਜਾਰੀ ਸਾਧਾਂ ਸੰਤਾਂ ਅੱਗੇ ਡੰਡਾਉਤਾਂ ਕਰਦੇ ਫਿਰਦੇ ਹਨ। ਸ਼ਾਤਰ ਬਾਹਮਣ ਪੁਜਾਰੀਆਂ ਨੇ ਲਿਖੇ ਗ੍ਰੰਥਾਂ ਵਿੱਚ ਅਨੇਕਾਂ ਹੀ ਐਸੀਆਂ ਮਨਘੜਤ ਕਥਾ ਕਹਾਣੀਆਂ ਲਿਖ ਦਿੱਤੀਆਂ ਜਿੰਨ੍ਹਾਂ ਦਾ ਕੋਈ ਸਿਰ ਪੈਰ ਨਹੀਂ। ਕਦੀ ਇਹ ਹਾਥੀ ਦਾ ਸਿਰ ਬੱਚੇ ਦੀ ਧੌਣ ਤੇ ਲਾ ਦਿੰਦੇ, ਕਦੇ ਕੰਨ ਰਾਹੀਂ ਰਿਸ਼ੀ ਦਾ ਵੀਰਜ ਫੂਕ ਮਾਰ ਅੰਦਰ ਘੱਲ ਹਨੂੰਮਾਨ ਪੈਦਾ ਕਰਦੇ ਤੇ ਉਸ ਨੂੰ ਹੱਥ ਤੇ ਪਹਾੜ ਚੁੱਕਾ ਅਕਾਸ਼ ਵਿੱਚ ਉਡਾ ਦਿੰਦੇ ਹਨ। ਕਦੇ ਹਾਥੀਆਂ ਨੂੰ ਪੂਛਲਾਂ ਤੋਂ ਫੜ ਅਸਮਾਨ ਵਿੱਚ ਉਡਾਉਂਦੇ ਅਤੇ ਕਦੇ ਬ੍ਰਹਮਾਂ ਦੇ ਚਾਰ ਸਿਰ ਮੂੰਹ ਬਣਾ ਕੇ ਆਪਣੀ ਹੀ ਲੜਕੀ ਸਰਸਵਤੀ ਤੇ ਕਾਂਮਾਤਰ ਕਰ ਦਿੰਦੇ ਹਨ। ਕਦੇ ਨੰਗੀਆਂ ਗੋਪੀਆਂ ਦੇ ਕਪੜੇ ਚੱਕ ਸ੍ਰੀ ਕ੍ਰਿਸ਼ਨ ਨੂੰ ਰੁੱਖ ਤੇ ਚੜ੍ਹਾ ਦਿੰਦੇ, ਕਦੇ ਪੱਥਰਾਂ ਨੂੰ ਠਾਕਰ ਦੇਵਤੇ ਬਣਾ ਕੇ, ਪੂਜਾ ਦੇ ਬਹਾਨੇ ਆਪਣੀ ਐਸੋ ਇਸ਼ਰਤ ਲਈ ਭੇਟਾ ਸਮੱਗਰੀਆਂ ਇਕੱਠੀਆਂ ਕਰਦੇ ਹਨ। ਕਦੇ ਧਰਤੀ ਨੂੰ ਬਲਦ ਦੇ ਸਿੰਗ  ‘ਤੇ ਟਿਕਾਉਂਦੇ, ਕਦੇ ਧਰਤੀ ਨੂੰ ਸਵਾਉਂਦੇ ਤੇ ਜਗਾਉਂਦੇ ਹਨ। ਕਦੇ ਰੱਬ ਦੇ ਪੈਦਾ ਕੀਤੇ ਜੀਵਾਂ ਚੋਂ ਆਪ ਬਾਮਣ, ਦੂਜੇ ਖਤਰੀ, ਤੀਜੇ ਵੈਸ਼ ਅਤੇ ਚੌਥੇ ਸ਼ੂਦਰ ਬਣਾ ਦਿੰਦੇ ਹਨ। ਐਵੈ ਦੀਆਂ ਬਹੁਤ ਮਨਘੜਤ ਤੇ ਮਨੁੱਖਤਾ ਨੂੰ ਵੰਡਣ,ਵਿਨਾਸ਼ ਕਰਨ ਅਤੇ ਅੰਧਵਿਸ਼ਵਾਸ਼ ਫੈਲਾਉਣ ਵਾਲੀਆਂ ਕਥਾ ਕਹਾਣੀਆਂ ਪੇਟੂ ਪੁਜਾਰੀਆਂ ਦੀਆਂ ਲਿਖੀਆਂ ਹੋਈਆਂ ਆਪ ਹਿੰਦੂ ਮਿਥਿਹਾਸ ਕੋਸ਼ ਅਤੇ ਸ੍ਰ. ਇੰਦਰ ਸਿੰਘ ਘੱਗਾ ਦਾ ਚੋਣਵਾਂ ਸਾਕੀ ਸਹਿਤ ਤੇ ਮਿਥਿਹਾਸਕ ਕਥਾਵਾਂ ਦਾ ਅੰਤ ਵੀ ਪੜ੍ਹ ਸਕਦੇ ਹੋ।
ਹੁਣ ਆਪਾਂ ਗੱਲ ਕਰਦੇ ਹਾਂ ਗੁਰਸਿੱਖਾਂ ਦੀ ਜੋ ਕੇਵਲ ਇੱਕ ਅਕਾਲ ਦੇ ਪੁਜਾਰੀ, ਨਿਰੰਕਾਰੀ, ਸੰਸਾਰੀ ਅਤੇ ਗ੍ਰਿਹਸਤੀ ਹਨ। ਸਿੱਖਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੀ ਸੱਚੀ ਸੁੱਚੀ ਅਤੇ ਸਾਂਇੰਟੇਫਿਕ ਬਾਣੀ ਸੁਭਾਇਮਾਨ ਹੈ। ਸਿੱਖ ਨਾਂ ਹਿੰਦੂ ਤੇ ਨਾਂ ਹੀ ਮੁਸਲਮਾਨ ਹਨ-
ਨਾ ਹਮ ਹਿੰਦੂ ਨ ਮੁਸਲਮਾਨ॥(੧੧੩੬)
 ਸਿੱਖਾਂ ਦਾ ਰੂਹਾਨੀ ਤੇ ਜਿਸਮਾਨੀ ਇਤਹਾਸਕ ਸਬੰਧ ਰੱਬੀ ਭਗਤਾਂ. ਸਿੱਖ ਗੁਰੂ ਸਹਿਬਾਨਾਂ ਅਤੇ ਕੌਮੀ ਸ਼ਹੀਦਾਂ ਨਾਲ ਹੈ। ਫਿਰ ਕੀ ਕਾਰਨ ਹੈ ਕਿ ਅੱਜ ਬਹੁਤੇ ਸਿੱਖ ਗੁਰਦੁਅਵਾਰਿਆਂ ਵਿੱਚ ਮਿਥਿਹਾਸਕ, ਦੇਵੀ ਦੇਵਤੇ,ਅਵਤਾਰ, ਮਸਿਆ, ਪੁੰਨਿਆਂ, ਸੰਗ੍ਰਾਂਦਾਂ, ਪੰਚਮੀਆਂ, ਸ਼ਰਾਧ, ਦਿਵਾਲੀਆਂ, ਲੋਹੜੀਆਂ, ਅਖੌਤੀ ਸੰਤ ਬਾਬੇ, ਮਹਾਂਰਾਜ ਤੇ ਬ੍ਰਹਮ ਗਿਆਨੀਆਂ ਦੀਆਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਈ ਜਾਂਦੇ ਹਨ।
ਗੱਲ ਆਪਾਂ ਵਿਸ਼ਵਕਰਮਾਂ ਦੀ ਕਰ ਰਹੇ ਸੀ ਜੋ ਖੁਦ ਸ੍ਰਿਸ਼ਟੀ ਦਾ ਕਰਤਾ ਕਰਤਾਰ ਅਤੇ ਜਨਮ ਮਰਨ ਰਹਿਤ ਹੈ,
(ਜਨਮ ਮਰਣ ਤੇ ਰਹਤ ਨਾਰਾਇਣ-੧੧੩੬)
ਫਿਰ ਸੂਰਜ ਨੂੰ ਖਰਾਦੇ ਚਾੜ੍ਹਨ ਵਾਲੇ ਮਿਥਿਹਾਸਕ ਦੇਵਤੇ ਦਾ ਜਨਮ ਦਿਨ ਕਿਹੜੀ ਮਨੌਤ ਨਾਲ ਗੁਰਦੁਵਾਰਿਆਂ ਵਿੱਚ ਮਨਾਇਆ ਜਾ ਰਿਹਾ ਹੈ? ਜੇ ਇਹ ਦੇਵਤਾ ਕਲਾ ਦਾ ਕਰਤਾ ਹੈ ਤਾਂ ਭਾਰਤ ਨੂੰ ਛੱਡ ਬਾਕੀ ਮੁਲਕਾਂ ਦੀ ਕਲਾ (ਮਸ਼ੀਨਰੀ) ਕੌਣ ਬਣਾਉਂਦਾ ਤੇ ਚਲਾਉਂਦਾ ਹੈ? ਜਿਸ ਦਾ ਉਨ੍ਹਾਂ ਨੂੰ ਕੋਈ ਅਤਾ ਪਤਾ ਨਹੀਂ ਅਤੇ ਨਾਂ ਹੀ ਉਹ ਵਿਸ਼ਕਰਮਾਂ ਨੂੰ ਮੰਨਦੇ ਹਨ। ਸਿੱਖਾਂ ਵਿੱਚ ਹਥਿਆਰ ਬਨਾਉਣ ਵਾਲੇ ਤਾਂ ਸਿਕਲੀਗਰ ਵਣਜਾਰੇ ਸਿੱਖ ਸਨ ਜੋ ਵਿਸ਼ਕਰਮਾਂ ਦੀ ਥਾਂ ਗੁਰੂ ਨਾਨਕ ਤੇ ਵਿਸ਼ਵਾਸ਼ ਕਰਦੇ ਹਨ। ਪਰ ਸਿੱਖ ਕਾਰੀਗਰ ਤੇ ਤਰਖਾਨ ਤਬਕਾ ਜੋ ਭਾਈ ਲਾਲੋ ਤੇ ਸ੍ਰ. ਜੱਸਾ ਸਿੰਘ ਰਾਮਗੜੀਏ ਦਾ ਵਾਰਸ ਹੈ ਅੱਜ ਅੱਡੀ-ਚੋਟੀ ਤੇ ਧੂੰਮ-ਧੜੱਕੇ ਨਾਲ ਅਖੌਤੀ ਵਿਸ਼ਕਰਮਾਂ, ਜਿਸ ਦੀਆਂ ਕਈ ਬਾਹਵਾਂ ਤੇ ਆਲੇ ਦੁਆਲੇ ਜਵਾਨ ਲੜਕੀਆਂ ਖੜੀਆਂ ਹਨ, ਦੇ ਵਿਸ਼ਕਰਮਾਂ ਡੇ (ਤੇ ਹੁਣ ਗੁਰ ਪੁਰਬ) ਕਹਿ ਵੀ ਮਨਾ ਰਿਹਾ ਹੈ। ਸਾਰੇ ਨਹੀਂ ਬਹੁਤੇ ਗੁਰਰਦੁਵਾਰਿਆਂ ਦੇ ਪ੍ਰਬੰਧਕ ਨੱਕ ਰਖਾਈ, ਗੋਲਕ ਭਰਾਈ ਅਤੇ ਚੌਧਰ ਖਾਤਰ ਆਪਣੀ ਪ੍ਰਬੰਧਕ ਤਾਕਤ ਨਾਲ ਐਸੇ ਕਰਮਕਾਂਡੀ, ਮਿਥਿਹਾਸਕ ਬ੍ਰਾਹਮਣੀ ਮਨੌਤਕ ਤਿਉਹਾਰ ਗੁਰਦਵਾਰਿਆਂ ਵਿੱਚ ਵਾੜੀ ਜਾ ਰਹੇ ਹਨ ਜਦ ਕਿ ਗੁਰਬਾਣੀ ਇਨ੍ਹਾਂ ਨੂੰ ਕਰਮ ਧਰਮ ਪਾਖੰਡ ਦਸਦੀ ਹੈ,
ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮੁ ਜਾਗਾਤੀ ਲੂਟੈ॥(੭੪੮)
 ਭਲਿਓ ਸਤਿਕਾਰ ਸਾਰਿਆਂ ਦਾ ਕਰੋ ਜੇ ਉਹ ਆਪਣੇ ਮੰਦਰਾਂ ਮਠਾਂ ਅਤੇ ਡੇਰਿਆਂ ਵਿੱਚ ਮਨਾਉਂਦੇ ਹਨ ਉਨ੍ਹਾਂ ਨੂੰ ਮੁਬਾਰਕ। ਹਾਂ ਜੇ ਉਹ ਤੁਹਾਨੂੰ ਓਥੇ ਸੱਦਦੇ ਹਨ ਤਾਂ ਭਾਈਚਾਰਕ ਤੌਰਤੇ ਜਾ ਸਕਦੇ ਹੋ ਨਾ ਕਿ ਵਿਸ਼ਵਾਸ਼ ਕਰਕੇ। ਜੇ ਸਾਰੇ ਭਾਈ ਚਾਰੇ ਬਰਾਬਰ ਹਨ ਤਾਂ ਇਕੱਲੇ ਬ੍ਰਾਹਮਣੀ ਤਿਉਹਾਰ ਹੀ ਕਿਉਂ ਫਿਰ ਮੁਸਲਮਾਨੀ ਤਿਉਹਾਰ ਕਿਉਂ ਨਹੀਂ ਮਨਾਏ ਜਾਂਦੇ? ਕਦੇ ਤੁਸੀਂ ਹਿੰਦੂਆਂ ਨੂੰ ਮੁਸਲਮਾਨ ਤੇ ਮੁਸਲਮਾਨਾਂ ਨੂੰ ਹਿੰਦੂ ਤਿਉਹਾਰ ਮਨਾਉਂਦੇ ਦੇਖਦੇ ਹੋ?
ਸਿੱਖ ਇੱਕ ਵੱਖਰੀ, ਵਿਲੱਖਣ ਅਤੇ ਬਹਾਦਰ ਕੌਮ ਹੈ। ਇਸ ਦੇ ਗ੍ਰੰਥ, ਪੰਥ, ਰੀਤੀ ਰਵਾਜ, ਰਹਿਣ ਸਹਿਣ, ਬੋਲੀ, ਦਸਤਾਰ, ਗੁਫਤਾਰ ਅਤੇ ਤਿਉਹਾਰ ਵੀ ਵਿਲੱਖਨ ਹਨ। ਸਿੱਖਾਂ ਦਾ ਨਾਨਕਸ਼ਾਹੀ ਕਲੰਡਰ ਨਾ ਕਿ ਬ੍ਰਾਹਮਣਾ ਦਾ ਬਣਾਇਆ ਬਿਕਰਮੀ ਕਲੰਡਰ ਹੈ।
ਸਿੱਖ ਨੇ ਤਾਂ ਬਾਕੀਆਂ ਨੂੰ ਗੁਰੂ ਗਿਆਨ ਨਾਲ ਅਗਿਆਨਤਾ ਚੋਂ ਕੱਢਣਾ ਸੀ ਜੋ ਆਪ ਹੀ ਉਨ੍ਹਾਂ ਨਾਲ ਰਲਦਾ ਜਾ ਰਿਹਾ ਹੈ
ਜੇ ਭਗਤ ਤੇ ਸਿੱਖ ਗੁਰੂ ਬ੍ਰਾਹਮਣੀ ਮੰਦਰਾਂ, ਮੱਠਾਂ ਅਤੇ ਮੁਸਲਮਾਨੀ ਮਸਜਿਦਾਂ ਵਿੱਚ ਗਏ ਵੀ ਤਾਂ ਓਥੇ ਜਾ ਕੇ ਸਰਬਸਾਂਝਾਂ ਰੱਬੀ ਉਪਦੇਸ਼ ਦਿੱਤਾ ਨਾ ਕਿ ਉਨ੍ਹਾਂ ਦੇ ਅਗਿਆਨਤਾ ਵਾਲੇ ਕਰਮਕਾਡਾਂ ਤੇ ਤਿਉਹਾਰਾਂ ਨੂੰ ਮਾਨਤਾ ਦਿੱਤੀ। ਫਿਰ ਕਹੁਗੇ ਕਿ ਬਾਕੀ ਧਰਮਾਂ ਦੇ ਲੋਕ ਗੁਰਦੁਆਰੇ ਕਿਉਂ ਆਉਂਦੇ ਹਨ? ਉਹ ਇਸ ਕਰਕੇ ਕਿ ਗੁਰੂ ਗ੍ਰੰਥ ਸਭ ਦਾ ਸਾਂਝਾ ਤੇ ਸਭ ਨੂੰ ਬਰਾਬਰਤਾ ਦਾ ਉਪਦੇਸ਼ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਖੇ ਸੱਚ ਦੇ ਪੁਜਾਰੀ ਹਿੰਦੂ ਭਗਤਾਂ ਅਤੇ ਸੂਫੀ ਮੁਸਲਮਾਨਾਂ ਦੀ ਬਾਣੀ ਸੁਭਾਇਮਾਨ ਹੈ। ਗੁਰੂ ਕਿਸੇ ਨਾਲ ਨਫਰਤ ਨਹੀਂ ਕਰਦਾ ਸਗੋਂ ਭੁਲਿਆਂ ਭਟਕਿਆਂ ਨੂੰ ਰੱਬੀ ਰਾਹੇ ਪਾਉਂਦਾ ਹੈ,
ਭੂਲੇ ਮਾਰਗੁ ਜਿਨਹਿ ਬਤਾਇਆ॥
 ਐਸਾ ਗੁਰੁ ਵਡਭਾਗੀ ਪਾਇਆ
॥      ਅਤੇ
ਭੂਲੇ ਕਉ ਗੁਰਿ ਮਾਰਗਿ ਪਾਇਆ॥
ਅਵਰ ਤਿਆਗਿ ਹਰਿ ਭਗਤੀ ਲਾਇਆ
॥(੮੬੪)
 ਸਿੱਖ ਭੁੱਲ ਸਕਦਾ ਹੈ ਪਰ ਉਸ ਨੂੰ ਸਿੱਧੇ ਮਾਰਗ ਗੁਰੂ ਗਿਆਨ ਪਾਉਂਦਾ ਹੈ ਨਾਂ ਕਿ ਵਿਸ਼ਕਰਮਾਂ ਵਰਗੇ ਮਿਥਿਹਾਸਕ ਦੇਵੀ ਦੇਵਤੇ, ਦਰਗਾਹੀ ਪੀਰ ਜਾਂ ਕੋਈ ਅਖੌਤੀ ਬ੍ਰਹਮ ਗਿਆਨੀ ਡੇਰੇਦਾਰ ਸੰਤ?
 ਜਦ ਬਾਬਾ ਗੁਰੂ ਨਾਨਕ ਜੀ ਭਾਈ ਲਾਲੋ ਤਰਖਾਣ ਦੇ ਘਰ ਗਏ ਤਾਂ ਉਹ ਉਸ ਵੇਲੇ ਕਿਲੇ ਘੜ੍ਹ ਰਿਹਾ ਸੀ ਤਾਂ ਬਾਬੇ ਆਖਿਆ ਭਲਿਆ ਸਾਰੀ ਉਮਰ ਕਿਲੇ ਹੀ ਘੜ੍ਹਦਾ ਰਹੇਂਗਾ ਜਾਂ ਕਦੇ ਮਨ ਨੂੰ ਵੀ ਘੜੇਂਗਾ?
 ਜੀ ਹਜੂਰ! ਇਹ ਕਿੱਲ੍ਹੇ ਘੜ੍ਹਨ ਦੀ ਕਾਰ ਤਾਂ ਮੈਂ ਆਪਣੇ ਮਾਂ ਬਾਪ ਵਡੇਰਿਆਂ ਤੋਂ ਸਿੱਖੀ ਪਰ ਮਨਘੜ੍ਹਨਾ ਕਿਸੇ ਨਹੀਂ ਸਖਾਇਆ ਤਾਂ ਗੁਰੂ ਜੀ ਨੇ ਗੁਰਸ਼ਬਦ ਗਿਆਨ ਦੇ ਤੇਸੇ ਨਾਲ ਹਰ ਰੋਜ ਮਨ ਘੜ੍ਹਨ ਦੀ ਜਾਚ ਭਾਈ ਲਾਲੋ ਨੂੰ ਸਿਖਾ ਦਿੱਤੀ ਤੇ ਅੱਗੇ ਪੀੜ੍ਹੀ ਦਰ ਪੀੜ੍ਹੀ ਇਹ ਸਿਖਲਾਈ ਚਲਦੀ ਰਹੀ ਪਰ ਪਤਾ ਨਹੀਂ ਕਿਹੜੇ ਵੇਲੇ ਜਾਂ ਮਹੰਤ ਡੇਰੇਦਾਰ ਦੌਰ ਵੇਲੇ ਇਸ ਸਿਖਲਾਈ ਤੇ ਕਾਂਸ਼ੀ ਤੋਂ ਪੰਜ ਸਿੱਖ ਪੜ੍ਹਾਉਣ ਦੇ ਨਾਂ ‘ਤੇ ਸੰਪ੍ਰਦਾਈਆਂ ਨੇ, ਗੁਰੂ ਗਿਆਨ ਦੀ ਸਿਖਲਾਈ ਦੀ ਥਾਂ ਮਿਥਿਹਾਸਕ ਬ੍ਰਾਹਮਣੀ ਤੇ ਆਪੂੰ ਬਣੇ ਸਾਧਾਂ ਸੰਤਾਂ ਦੀਆਂ ਕਥਾ ਕਹਾਣੀਆਂ ਜੋੜ ਕੇ, ਸਾਨੂੰ ਆਪਣੇ ਵਡਮੁੱਲੇ ਵਿਰਸੇ ਅਤੇ ਗੁਰੂ ਗਿਆਨ ਨਾਲੋਂ ਤੋੜ ਦਿੱਤਾ।
ਕਥਾਕਾਰ ਸੰਤਾਂ, ਰਾਗੀ, ਢਾਡੀ, ਗ੍ਰੰਥੀ, ਪ੍ਰਚਾਰਕਾਂ ਨੇ ਵੀ ਖੂਬ ਚਿਟਕਾਰੇ ਲਾ ਲਾ ਸਿੱਖ ਸੰਗਤਾਂ ਵਿੱਚ ਇਹ ਮਿਥਿਹਾਸਕ ਕਥਾ ਪਰੋਸੀਆਂ ਤੇ ਮਾਇਆ ਨਾਲ ਖੀਸੇ ਭਰ ਭਰ ਮਹਿਲ ਮਾੜੀਆਂ ਉਸਾਰ ਲਏ। ਇਸ ਵਿੱਚ ਉੱਚਕੋਟੀ ਦੇ ਡੇਰੇਦਾਰ, ਕਥਾਕਾਰ ਤੇ ਪ੍ਰਚਾਰਕ ਵੀ ਪਿੱਛੇ ਨਹੀਂ ਰਹੇ, ਜਿੰਨ੍ਹਾਂ ਦੇ ਕੁਰਾਹੇ ਪਾਉਣ ਵਾਲੇ ਕਥੱਕੜ ਗਿਆਨ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ। ਅਖੀਰ 'ਤੇ ਦਾਸ ਦੀ ਕੁਮਾਰਗ ਪਾ ਦਿੱਤੇ ਗਏ ਜਾਂ ਕਿਸੇ ਕਾਰਨ ਪਏ ਗਏ ਭੁੱਲੜ ਸਿੱਖਾਂ ਅਤੇ ਖਾਸ ਕਰ ਗੁਰਦੁਵਾਰਾ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਗੁਰਦੁਵਾਰਿਆਂ ਨੂੰ ਮਿਥਿਹਾਸਕ ਪ੍ਰਚਾਰ ਦੇ ਸਾਧਨ ਅਤੇ ਕਮਰਸ਼ੀਅਲ ਅਸਥਾਨ ਨਾ ਬਣਾਓ ਸਗੋਂ ਸੱਚਧਰਮ ਪ੍ਰਚਾਰ ਗਿਆਨ ਦੇ ਸੋਮੇ ਬਣੇ ਰਹਿਣ ਦਿਓ। ਇਸ ਵਿੱਚ ਆਪਣਾ, ਸਭ ਦਾ ਬਲਕਿ ਮਨੁੱਖਤਾ ਦਾ ਭਲਾ ਹੈ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.