ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ
(ਭਾਗ 2)
ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈਣ ਅਤੇ ਉਸ ਅਨੁਸਾਰ ਜੀਵਨ ਢਾਲਣ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ ਜਾਂ ਕਿੰਨੀ ਰਹੇਗੀ ? ਪਰ ਇਨ੍ਹਾਂ ਗਿਣਤੀ ਮਿਣਤੀ ਨੂੰ ਮੁੱਖ ਰੱਖਣ ਵਾਲੇ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਇਹ ਗੱਲ ਕਿਉਂ ਸਮਝ ਨਹੀਂ ਆਉਂਦੀ ਕਿ ਜੇ ਤੁਹਾਡੇ ਅਨੁਸਾਰ ਆਵਾ ਗਵਣ ਨਹੀਂ ਹੈ, ਕੋਈ ਲੇਖਾ-ਜੋਖਾ ਨਹੀਂ ਹੈ, ਤਾਂ ਤੁਸੀਂ ਇਸ ਗੱਲ ਤੇ ਹੀ ਟਿਕੇ ਰਹੋ, ਤੁਹਾਨੂੰ ਇਹ ਗੱਲ ਮੰਨਣ ਤੋਂ ਕੌਣ ਰੋਕਦਾ ਹੈ ? ਜੇ ਤੁਹਾਨੂੰ ਗੁਰੂ ਨਾਨਕ ਜੀ, ਭੁੱਲਣਹਾਰ ਜਾਪਦੇ ਹਨ ਅਤੇ ਤੁਹਾਡੇ ਅਤੇ ਪਰਮਾਤਮਾ ਦੇ ਵਿਚਾਲੇ ਕੋਈ ਹੋਰ ਨਹੀਂ ਜਾਪਦਾ ਤਾਂ ਤੁਸੀਂ ਗੁਰੂ ਨਾਨਕ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਸਵਾਰਥ ਅਧੀਨ ਚਿੰਬੜੇ ਹੋਏ ਹੋ ? ਉਨ੍ਹਾਂ ਨੂੰ ਛੱਡ ਕਿਉਂ ਨਹੀਂ ਦਿੰਦੇ ? ਗੁਰੂ ਨਾਨਕ ਜੀ ਤਾਂ ਆਪਣੇ ਅਤੇ ਪ੍ਰਭੂ ਦੇ ਵਿਚਾਲੇ ਦੋ ਹਸਤੀਆਂ ਨੂੰ ਮੰਨਦੇ ਹਨ,
1.ਸ਼ਬਦ ਗੁਰੂ ਨੂੰ,
(ੳ)
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ॥2॥
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ॥
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ॥3॥ (601)
ਹੇ ਭਾਈ, (ਅਸੀਂ) ਜੀਵ ਗੁਰੂ ਸ਼ਬਦ ਆਸਰੇ ਹੀ ਵਿਕਾਰਾਂ ਵਲੋਂ ਮਰ ਸਕਦੇ ਹਨ, ਗੁਰੂ, ਸ਼ਬਦ ਆਸਰੇ ਹੀ ਜੀਵ ਨੂੰ ਵਿਕਾਰਾਂ ਵਲੋਂ ਮਾਰ ਕੇ ਆਤਮਕ ਜੀਵਨ ਦਿੰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਾਕਰਾਂ ਤੋਂ ਮੁਕਤੀ ਮਿਲਦੀ ਹੈ।
ਗੁਰੂ ਦੇ ਸ਼ਬਦ ਆਸਰੇ ਹੀ ਮਨ ਪਵਿੱਤਰ ਹੁੰਦਾ ਹੈ, ਸਰੀਰ ਪਵਿੱਤਰ ਹੁੰਦਾ ਹੈ ਅਤੇ ਕਰਤਾਰ, ਮਨ ਵਿਚ ਵੱਸ ਜਾਂਦਾ ਹੈ।
ਹੇ ਭਾਈ, ਗੁਰੂ ਦਾ ਸ਼ਬਦ ਹੀ, ਪਰਮਾਤਮਾ ਨਾਲ ਜੁੜਨ ਦਾ ਢੰਗ ਦੱਸਣ ਵਾਲਾ ਹੈ, ਜਦੋਂ ਮਨ, ਸ਼ਬਦ ਦੀ ਵਿਚਾਰ ਕਰਨ ਲੱਗ ਜਾਂਦਾ ਹੈ, ਤਾਂ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।
ਜਿਹੜੇ ਜੀਵ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ, ਉਹ ਮਾਇਆ ਦੇ ਪ੍ਰਭਾਵ ਥੱਲੇ ਆਤਮਕ ਜੀਵਨ ਵਲੋਂ ਅੰਨੇ-ਬੋਲੇ ਹੋਏ ਰਹਿੰਦੇ ਹਨ, ਅਤੇ ਸੰਸਾਰ ਫੇਰੀ ਵਿਚੋਂ ਕੁਝ ਨਹੀਂ ਹਾਸਲ ਕਰਦੇ। ਉਹ ਹਰੀ ਦੀ ਨੇੜਤਾ ਦਾ ਸਵਾਦ ਮਾਣੇ ਬਗੈਰ ਹੀ ਆਪਣਾ ਮਨੁੱਖਾ ਜਨਮ ਗਵਾ ਕੇ, ਮੁੜ-ਮੁੜ ਜੰਮਦੇ ਰਹਿੰਦੇ ਹਨ।
ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਮਸਤ ਰਹਿੰਦੇ ਹਨ, ਇਵੇਂ ਹੀ ਉਹ ਜੀਵ ਅਗਿਆਨਤਾ ਦੇ ਹਨੇਰੇ ਵਿਚ ਹੀ ਪਰਚੇ ਰਹਿੰਦੇ ਹਨ।
(ਅ)
ਜਦ ਸਿੱਧਾਂ ਨਾਲ ਗੋਸ਼ਟ ਵੇਲੇ, ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਸਵਾਲ ਕੀਤਾ ਕਿ,
ਕਵਣ ਮੂਲੁ ਕਵਣ ਮਤਿ ਵੇਲਾ॥
ਤੇਰਾ ਕਵਣ ਗੁਰੂ ਜਿਸ ਕਾ ਤੂ ਚੇਲਾ॥
ਕਵਣ ਕਥਾ ਲੇ ਰਹਹੁ ਨਿਰਾਲੇ॥
ਬੋਲੈ ਨਾਨਕੁ ਸੁਣਹੁ ਤੁਮ ਬਾਲੇ॥
ਏਸੁ ਕਥਾ ਕਾ ਦੇਇ ਬੀਚਾਰੁ॥
ਭਵਜਲੁ ਸਬਦਿ ਲੰਘਾਵਣਹਾਰੁ॥ (942)
ਸਵਾਲ:-
ਜੀਵਨ ਦਾ ਮੁੱਢ ਕੀ ਹੈ ?
ਇਹ ਜਨਮ ਕਿਹੜੀ ਸਿਖਿਆ ਲੈਣ ਦਾ ਵੇਲਾ ਹੈ?
ਤੂੰ ਕਿਸ ਗੁਰੂ ਦਾ ਚੇਲਾ ਹੈਂ ?
ਕਿਸ ਆਸਰੇ ਨਾਲ ਤੂੰ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈਂ ?
ਨਾਨਕ ਕਹਿੰਦਾ ਹੈ ਕਿ ਸਿੱਧਾਂ ਨੇ ਕਿਹਾ, ਹੇ ਬਾਲਕ ਨਾਨਕ ਸਾਨੂੰ ਇਹ ਗੱਲ ਵੀ ਸਮਝਾਅ ਕਿ ਗੁਰੂ,
ਸ਼ਬਦ ਆਸਰੇ ਕਿਵੇਂ ਜੀਵ ਨੂੰ ਭਵਜਲ (ਘੁੱਮਣ-ਘੇਰੀ ਵਾਲੇ) ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ ?
ਤਾਂ ਗੁਰੂ ਨਾਨਕ ਜੀ ਦਾ ਜਵਾਬ ਸੀ,
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
ਅਕਥ ਕਥਾ ਲੇ ਰਹਉ ਨਿਰਾਲਾ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ॥
ਏਕੁ ਸਬਦੁ ਜਿਤੁ ਕਥਾ ਵੀਚਾਰੀ॥
ਗੁਰਮੁਖਿ ਹਉਮੈ ਅਗਨਿ ਨਿਵਾਰੀ॥44॥
ਜਵਾਬ:-
ਸਾਹ ਹੀ ਪ੍ਰਾਣੀ ਦੀ ਹਸਤੀ ਦਾ ਮੁੱਢ ਹਨ।
ਇਹ ਮਨੁੱਖਾ ਜਨਮ ਸੱਚੇ ਗੁਰੂ ਦੀ ਸਿਖਿਆ ਲੈਣ ਦਾ ਵੇਲਾ ਹੈ।
ਸ਼ਬਦ ਮੇਰਾ ਗੁਰੂ ਹੈ ਅਤੇ ਉਸ ਸ਼ਬਦ ਵਿਚ ਜੁੜੀ ਮੇਰੀ ਸੁਰਤ ਸ਼ਬਦ ਦਾ ਚੇਲਾ ਹੈ।
ਮੈਂ ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਸਰੇ (ਜਿਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ) ਮਾਇਆ
ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹਾਂ।
ਹੇ ਨਾਨਕ, ਉਹ ਗੁਰ-ਗੋਪਾਲ, ਕਰਤਾਰ, ਹਰ ਜੁਗ ਵਿਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਵਿਚ ਸੁਰਤ ਜੋੜਿਆਂ ਹੀ ਕਰਤਾਰ ਦੇ ਗੁਣ ਵਿਚਾਰੇ ਜਾ ਸਕਦੇ ਹਨ। ਇਸ ਸ਼ਬਦ ਦੀ ਵਿਚਾਰ ਆਸਰੇ ਹੀ, ਜੀਵ ਨੇ ਗੁਰਮੁਖ ਹੋ ਕੇ ਅਪਣੇ ਅੰਦਰੋਂ ਹਉਮੈ ਦੀ ਅੱਗ ਸ਼ਾਂਤ ਕੀਤੀ ਹੈ।
2. ਸਤਸੰਗਤਿ॥
ਸਤਿਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥
ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ॥8॥ (1316)
ਸਤਿਸੰਗਤ ਗੁਰੂ ਦੀ ਪਾਠਸ਼ਾਲਾ ਹੈ, ਜਿਸ ਵਿਚ ਪਰਮਾਤਮਾ ਦੇ ਗੁਣਾਂ ਬਾਰੇ ਸੋਝੀ ਹੋ ਸਕਦੀ ਹੈ।
ਹੇ ਭਾਈ, ਧੰਨ ਹੈ ਉਹ ਰਸਨਾ, (ਰਸਨਾ ਦੇ ਮਾਮਲੇ ਵਿਚ ਸਿੱਖ ਜਗਤ ਬਹੁਤ ਕੁਰਾਹੇ ਪਿਆ ਹੋਇਆ ਹੈ, ਜਾਂ ਇਵੇਂ ਕਹਿ ਲਵੋ ਕਿ ਕੁਰਾਹੇ ਪਾਇਆ ਗਿਆ ਹੈ। ਰਸਨਾ ਦੇ ਅਰਥ ਹਰ ਮੌਕੇ ਜੀਭ ਹੀ ਕੀਤੇ ਜਾਂਦੇ ਹਨ, ਜਦ ਕਿ ਜੀਭ ਸਿਰਫ ਦੁਨਿਆਵੀ ਖਾਣ-ਪੀਣ ਵਾਲੀਆਂ ਵਸਤਾਂ ਦਾ ਰਸ (ਸਵਾਦ) ਜਾਨਣ ਅਤੇ ਉਸ ਨੂੰ ਮਾਨਣ ਦਾ ਸਾਧਨ ਹੈ, ਆਤਮਕ ਰਸ ਦਾ ਸਵਾਦ ਉਸ ਨਾਲ ਨਾ ਜਾਣਿਆ ਜਾ ਸਕਦਾ ਹੈ ਅਤੇ ਨਾ ਮਾਣਿਆ ਜਾ ਸਕਦਾ ਹੈ, ਜਦ ਕਿ ਏਥੇ ਆਤਮਕ ਰਸ ਦੀ ਗੱਲ ਹੈ।
ਇਵੇਂ ਹੀ ਅੱਖਾਂ ਦੁਨਿਆਵੀ ਵਸਤਾਂ ਦੀ ਸੁੰਦਰਤਾ ਜਾਨਣ ਅਤੇ ਉਸ ਨੂੰ ਮਾਨਣ ਦੀ ਰਸਨਾ ਹੈ।
ਨੱਕ ਦੁਨਿਆਵੀ ਵਸਤਾਂ ਦੀ ਸੁਗੰਧੀ ਬਾਰੇ ਜਾਨਣ ਅਤੇ ਉਸ ਨੂੰ ਮਾਨਣ ਦੀ ਰਸਨਾ ਹੈ।
ਕੰਨ ਦੁਨਿਆਵੀ ਆਵਾਜ਼ਾਂ ਦਾ ਰਸ ਜਾਨਣ ਅਤੇ ਉਨ੍ਹਾਂ ਨੂੰ ਮਾਨਣ ਦੀ ਰਸਨਾ ਹੈ।
ਤਵੱਚਾ (ਖਲੜੀ) ਦੁਨੀਆ ਵਿਚਲੇ ਸਪੱਰਸ਼ ਦੇ ਰਸ ਨੂੰ ਜਾਨਣ ਅਤੇ ਉਸ ਨੂੰ ਮਾਨਣ ਦੀ ਰਸਨਾ ਹੈ।
ਇਵੇਂ ਹੀ ਆਤਮਕ ਪੱਖ ਦਾ ਰਸ ਜਾਨਣ ਅਤੇ ਉਸ ਨੂੰ ਮਾਨਣ ਦੀ ਰਸਨਾ ਮਨ ਹੈ, ਜੀਭ ਨਹੀਂ) ਮਨ, ਜੋ ਸਤਸੰਗਤਿ ਵਿਚ ਜੁੜ ਕੇ ਪਰਮਾਤਮਾ ਦੇ ਗੁਣਾਂ ਦੀ ਜਾਣਕਾਰੀ ਲੈਂਦਾ ਹੈ, ਅਤੇ ਉਸ ਦਾ ਆਨੰਦ ਮਾਣਦਾ ਹੈ।
ਧੰਨ ਹਨ ਉਹ ਹੱਥ, ਜੋ ਗੁਰੂ ਦੀ ਪਾਠਸ਼ਾਲਾ ਵਿਚ ਸੇਵਾ ਦੀ ਸਿਖਿਆ ਲੈਂਦੇ ਹਨ ਅਤੇ ਉਸ ਦਾ ਅੀਭਆਸ ਕਰਦੇ ਹਨ।
ਧੰਨ ਹੈ ਉਹ ਗੁਰੂ ਪਾਂਧਾ, ਜਿਸ ਨੂੰ ਮਿਲ ਕੇ ਪ੍ਰਭੂ ਦੇ ਲੇਖੇ ਨੂੰ ਲਿਖਣਾ ਸਿੱਖੀਦਾ ਹੈ, ਜੋ ਪ੍ਰਭੂ ਦੀ ਦਰਗਾਹ ਵਿਚ ਖਲਾਸੀ ਦਾ ਸਾਧਨ ਬਣਦਾ ਹੈ।
ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥
ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸਰੇਵਹ ਨਿਤ ਚਰਣੇ ॥1॥ (1135)
ਹੇ ਹਰੀ, ਤੇਰੀ ਸਤਸੰਗਤ ਓਹੀ ਹੈ, ਜਿਸ ਵਿਚ ਤੇਰੀ ਸਿਫਤ-ਸਲਾਹ ਸੁਣੀ ਅਤੇ ਕੀਤੀ ਜਾਂਦੀ ਹੈ।
ਹੇ ਭਾਈ ਜਿਨ੍ਹਾਂ ਲੋਕਾਂ ਨੇ ਸਤਸੰਗਤ ਵਿਚ ਜੁੜ ਕੇ ਹਰੀ ਦਾ ਨਾਮ ਸੁਣਿਆ ਹੈ, ਅਤੇ ਜਿਨ੍ਹਾਂ ਦਾ ਮਨ ਹਰੀ ਦਾ ਨਾਮ ਸੁਣ ਕੇ, ਹਰੀ ਦੇ ਨਾਮ ਵਿਚ ਜੁੜ ਗਿਆ ਹੈ, ਮੈਂ ਉਨ੍ਹਾਂ ਦੀ ਸੇਵਾ ਕਰਨ ਨੂੰ ਆਪਣੇ ਧੰਨ-ਭਾਗ ਸਮਝਦਾ ਹਾਂ।
ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥
ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥3॥ (494)
ਹੇ ਭਰਾਵੋ, ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਦਾ ਮਿੱਠਾ ਨਾਮ ਮਨੋਂ ਪਿਆਰਾ ਲਗਦਾ ਹੈ, ਪ੍ਰਭੂ ਦੀ ਰਜ਼ਾ ਪਿਆਰੀ ਲਗਦੀ ਹੈ, ਉਨ੍ਹਾਂ ਨੂੰ ਹੀ ਗੁਰੂ ਦੀ ਸਤਸੰਗਿਤ ਵੀ ਪਿਆਰੀ ਲਗਦੀ ਹੈ। ਪਰ ਜਿਨ੍ਹਾਂ ਬੰਦਿਆਂ ਨੂੰ ਗੁਰੂ ਦੀ ਸੰਗਤ ਦਾ ਸਾਥ ਚੰਗਾ ਨਹੀਂ ਲਗਦਾ, ਉਹ ਅਭਾਗੇ ਸਤਸੰਗਤਿ ਤੋਂ ਵਿਰਵੇ ਰਹਿ ਜਾਂਦੇ ਨੇ ਅਤੇ ਉਨ੍ਹਾਂ ਭਾਗ-ਹੀਣ ਪਾਪੀਆਂ ਨੂੰ ਆਤਮਕ ਮੌਤ ਨੇ ਪੂਰਾ ਹੀ ਖਾ ਲਿਆ ਹੁੰਦਾ ਹੈ।
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥2॥ (734)
ਹੇ ਭਾਈ, ਸਤਸੰਗਤਿ ਵਿਚ ਜੁੜ ਕੇ ਪ੍ਰਭੂ ਦੇ ਨਾਮ ਦਾ,(ਉਸ ਦੇ ਹੁਕਮ ਵਿਚ ਚੱਲਣ ਦਾ) ਲਾਹਾ ਖੱਟਿਆ ਜਾ ਸਕਦਾ ਹੈ, ਕਿਸੇ ਹੋਰ ਥਾਂ ਜਾ ਕੇ ਜਾਂ ਕਿਸੇ ਹੋਰ ਉਪਰਾਲੇ ਨਾਲ ਹਰੀ ਦੇ ਨਾਮ ਦਾ ਲਾਹਾ ਨਹੀਂ ਲਿਆ ਜਾ ਸਕਦਾ। ਏਥੋਂ ਹੀ ਹਰੀ ਰੂਪੀ ਹੀਰੇ-ਜਵਾਹਰਾਤ, ਰਤਨਾਂ ਦਾ ਵਪਾਰੀ, ਹਰੀ ਦਾ ਨਾਮ ਧਨ ਖੱਟਦਾ ਹੈ।
ਕੱਚੇ ਧਨ (ਦੁਨਿਆਵੀ ਵਸਤਾਂ) ਦਾ ਵਪਾਰ ਕਰਨ ਵਾਲੇ, ਆਪਣੀਆਂ ਗੱਲਾਂ ਬਾਤਾਂ ਨਾਲ, ਆਪਣੀਆਂ ਚਤਰਾਈਆਂ ਨਾਲ, ਇਹ ਹਰੀ ਦਾ ਨਾਮ ਧਨ ਹਾਸਲ ਨਹੀਂ ਕਰ ਸਕਦੇ ।
ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥ ਇਸਨਾਨੁ ਕੀਓ ਅਠਸਠਿ ਸੁਰਸੁਰੀ ॥3॥ (1134)
ਹੇ ਮੇਰੇ ਮਨ,ਜਿਨ੍ਹਾਂ ਲੋਕਾਂ ਦੇ ਮੱਥੇ ਤੇ ਸਾਧ-ਸੰਗਤ ਦੀ ਚਰਨ-ਧੂੜ ਲਗਦੀ ਹੈ, ਜੋ ਸਤਸੰਗਤਿ ਵਿਚ ਜੁੜ ਕੇ ਪ੍ਰਭੂ ਦੀ ਰਜ਼ਾ ਦੀ ਵਿਚਾਰ ਕਰਦੇ ਹਨ, ਸਮਝ ਲਵੋ ਕਿ ਉਨ੍ਹਾਂ ਨੇ ਗੰਗਾ ਦੇ ਕਿਨਾਰੇ ਵਾਲੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ।
ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ॥
ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥1॥ (1264)
ਹੇ ਭਾਈ ਕਰਤਾਰ ਪਹੁੰਚ ਤੋਂ ਪਰੇ ਹੈ, ਉਸ ਦਾ ਨਾਮ ਬੰਦੇ ਦੇ ਜੀਵਨ ਨੂੰ ਸਵਾਰਨ ਵਾਲਾ ਹੈ, ਗਿਆਨ ਇੰਦਰਿਆਂ ਨਾਲ ਉਸ ਨੂੰ ਨਹੀਂ ਜਾਣਿਆ ਜਾ ਸਕਦਾ।ਵੱਡੇ ਭਾਗਾਂ ਨਾਲ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਉਸ ਨੇ ਗੁਰੂ ਦੀ ਕਿਰਪਾ ਨਾਲ ਇਹ ਨਾਮ ਜਪਿਆ ਹੈ, ਉਹ ਪ੍ਰਭੂ ਦੀ ਰਜ਼ਾ ਵਿਚ ਚਲਿਆ ਹੈ। ਉਹ ਗੁਰੂ ਦੀ ਸੰਗਤ ਵਿਚ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹੈ।
ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥
ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥1॥ਰਹਾਉ॥ (1179)
ਹੇ ਗੋਬਿੰਦ ਜੀਉ, ਮੇਰੇ ਅੰਦਰੋਂ ਹਉਮੈ ਅਤੇ ਮੋਹ ਦੀ ਆਤਮਕ ਮੌਤ ਦੇਣ ਵਾਲੀ ਜ਼ਹਰ ਦੂਰ ਕਰ।
ਹੇ ਹਰੀ, ਸਤਿਸੰਗਤ ਤੇਰੀ ਵੀ ਪਿਆਰੀ ਹੈ ਅਤੇ ਗੁਰੂ ਦੀ ਵੀ ਪਿਆਰੀ ਹੈ, ਮਿਹਰ ਕਰ ਮੈਂ ਸਾਧ-ਸੰਗਤ ਵਿਚ ਜੁੜ ਕੇ ਤੇਰੇ ਨਾਮ ਦਾ ਰਸ ਮਾਣਦਾ ਹਾਂ, ਤੇਰੀ ਆਗਿਆ ਵਿਚ ਚਲਦਾ ਹਾਂ।
ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥
ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥
ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥1॥ (295)
ਹੇ ਮੇਰੇ ਮਨ, ਪੂਰੇ ਗੁਰੂ ਦਾ (ਸ਼ਬਦ ਗੁਰੂ) ਦਾ ਉਪਦੇਸ਼, ਸਿਖਿਆ ਸੁਣ ਅਤੇ ਉਸ ਅਨੁਸਾਰ ਪਰਮਾਤਮਾ ਨੂੰ ਸਰਬ-ਵਿਆਪਕ, ਨੇੜੇ ਜਾਣ ਕੇ ਵੇਖ।
ਹੇ ਭਾਈ, ਪੂਰੇ ਗੁਰੂ ਦੀ ਸਿਖਿਆ ਅਨੁਸਾਰ ਕਰਤਾਰ ਨੂੰ ਹਰ ਸਾਹ ਦੇ ਨਾਲ, ਬਿਨਾ ਭੁੱਲਿਆਂ ਯਾਦ ਕਰ, ਤਾਂ ਜੋ ਉਸ ਆਸਰੇ ਤੇਰੇ ਮਨ ਦੀ ਚਿੰਤਾ ਮਿਟ ਜਾਵੇ, ਖਤਮ ਹੋ ਜਾਵੇ।
ਹੇ ਮੇਰੇ ਮਨ, ਅਨਿੱਤ ਚੀਜ਼ਾਂ ਦੀ, ਜਿਹੜੀਆਂ ਚੀਜ਼ਾਂ ਖਤਮ ਹੋ ਜਾਣੀਆਂ ਹਨ, ਉਨ੍ਹਾਂ ਤੇ ਆਸ ਰੱਖਣੀ ਛੱਡ ਦੇਹ, ਸਤਸੰਗਤਿ ਵਿਚ ਜੁੜ ਕੇ, ਸੰਤਾਂ ਦੀ, ਸਤਸੰਗੀਆਂ ਦੇ ਪੈਰਾਂ ਦੀ ਧੂੜ ਮੰਗ, ਉਨ੍ਹਾਂ ਦੀ ਸੰਗਤ ਵਿਚੋਂ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੀ ਸਿਫਤ-ਸਾਲਾਹ ਦਾ ਵੱਲ ਸਿੱਖ।
ਹੇ ਭਾਈ, ਸੰਗਤ ਵਿਚ ਜੁੜ ਕੇ ਆਪਾ-ਭਾਵ ਖਤਮ ਕਰ, ਪਰਮਾਤਮਾ ਅੱਗੇ, ਉਸ ਦੀ ਮਿਹਰ ਲਈ ਬੇਨਤੀ ਆਸਰੇ, ਦੁਨੀਆ ਵਿਚਲੇ ਵਿਕਾਰਾਂ ਦੀ ਅੱਗ ਦਾ ਸਮੁੰਦਰ ਪਾਰ ਕਰ।
ਹੇ ਨਾਨਕ, ਤੂੰ ਸਤਿਗੁਰੂ ਦੀ ਸੰਗਤ ਵਿਚੋਂ, ਹਰੀ ਦੀ ਰਜ਼ਾ ਵਿਚ ਖੁਸ਼ ਰਹਣ ਵਾਲੇ ਧਨ ਦੇ ਭੰਡਾਰੇ (ਗੋਦਾਮ) ਭਰ ਲੈ ਅਤੇ ਗੁਰੂ ਦਾ ਸ਼ੁਕਰ-ਗੁਜ਼ਾਰ ਹੋ।
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥1॥
ਮਨ ਮੇਰੇ ਹਉਮੈ ਮੈਲੁ ਭਰ ਨਾਲਿ॥
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ॥1॥ਰਹਾਉ॥ (35)
ਰਹਾਉ॥ ਹੇ ਮੇਰੇ ਮਨ, ਇਸ ਸੰਸਾਰ ਸਮੁੰਦਰ ਵਿਚ, ਹਉਮੈ ਦੀ ਮੈਲ, ਬਹੁਤ ਵਾਧੂ ਹੈ, ਪਰ ਪਰਮਾਤਮਾ ਇਸ ਮੈਲ ਤੋਂ ਰਹਿਤ ਹੋਣ ਕਰ ਕੇ ਬਹੁਤ ਨਿਮਲ ਅਤੇ ਸੁੰਦਰ ਹੈ। ਨਿਰਮਲ ਪਰਮਾਤਮਾ, ਬੰਦਿਆਂ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਚੰਗਾ ਬਨਾਉਣ ਦੇ ਸਮਰੱਥ ਹੈ, ਤੂੰ ਵੀ ਗੁਰੂ ਦੇ ਸ਼ਬਦ ਨਾਲ ਜੁੜ।
॥1॥ ਕਰਤਾਰ ਨੇ ਆਪਣਾ ਡਰ-ਅਦਬ ਉਨ੍ਹਾਂ ਬੰਦਿਆਂ ਦੇ ਮਨ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੋੜਿਆ ਹੈ। ਉਹ ਬੰਦੇ ਸਦਾ ਸਤਸੰਗਤ ਵਿਚ ਜੁੜ ਕੇ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੇ ਗੁਣਾਂ ਦੀ ਸਾਰ-ਸੰਭਾਲ ਕਰਦੇ ਰਹਿੰਦੇ ਹਨ।
ਪਰਮਾਤਮਾ ਨੇ ਅਜਿਹੇ ਬੰਦਿਆਂ ਦੀ ਦੁਵਿਧਾ ਦੀ ਮੈਲ ਖਤਮ ਕਰ ਦਿੱਤੀ ਹੈ, ਅਤੇ ਉਹ ਬੰਦੇ ਹਰੀ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਵਸਾਈ ਰਖਦੇ ਹਨ।
ਇਵੇਂ ਪ੍ਰਭੂ ਦੀ ਸੱਚੀ, ਅਭੁੱਲ ਬਾਣੀ ਨਾਲ ਉਨ੍ਹਾਂ ਬੰਦਿਆਂ ਦਾ ਮਨ ਸਚ-ਭਰਪੂਰ ਹੋ ਜਾਂਦਾ ਹੈ, ਅਤੇ ਉਨ੍ਹਾਂ ਦਾ ਅਕਾਲ ਪ੍ਰਭੂ ਦੇ ਨਾਲ ਪਿਆਰ ਹੋ ਜਾਂਦਾ ਹੈ।
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥1॥ਰਹਾਉ॥ (22)
ਹੇ ਭਾਈ, ਹਰੀ ਰੂਪੀ ਅਮੋਲਕ ਹੀਰਾ ਗੁਰ (ਸ਼ਬਦ ਗੁਰੂ) ਕੋਲ ਹੈ। ਇਹ ਸਤਗੁਰੁ, ਰੱਬ ਰੂਪੀ ਅਮੋਲਕ ਹੀਰਾ, ਸਾਧ-ਸੰਗਤ ਵਿਚ ਜੁੜ ਕੇ, ਸ਼ਬਦ ਦੀ ਵਿਚਾਰ ਆਸਰੇ ਮਿਲਦਾ ਹੈ। ਹੇ ਭਾਈ ਤੂੰ ਵੀ ਸਤਸੰਗਤ ‘ਚ ਜੁੜ ਕੇ, ਗੁਰੂ ਦੇ ਸ਼ਬਦ ਦੀ ਵਿਚਾਰ ਆਸਰੇ ਦਿਨ-ਰਾਤ, ਹਰ ਵੇਲੇ ਕਰਤਾਰ ਦੀ ਸਿਫਤ-ਸਾਲਾਹ ਕਰ।
ਇਸ ਸਾਰੀ ਵਿਚਾਰ ਅਨੁਸਾਰ, ਨਾਨਕ ਜੀ ਤਾਂ ਆਪ ਪਰਮਾਤਮਾ ਨੂੰ ਮਿਲਣ ਲਈ ਸ਼ਬਦ-ਗੁਰੂ ਅਤੇ ਸਤਸੰਗਤਿ ਦਾ ਆਸਰਾ ਲੈਂਦੇ ਹਨ ਅਤੇ ਸਿੱਖਾਂ ਨੂੰ ਵੀ ਉਨ੍ਹਾਂ ਦਾ ਆਸਰਾ ਲੈਣ ਦੀ ਸਲਾਹ ਦਿੰਦੇ ਹਨ। ਉਹ ਕਿਸੇ ਥਾਂ ਵੀ ਆਪਣੇ-ਆਪ ਨੂੰ ਗੁਰੂ ਮੰਨਣ ਦੀ ਗੱਲ ਨਹੀਂ ਕਰਦੇ, ਪਰ ਸਿੱਖ ਫੇਰ ਵੀ ਨਾਨਕ ਨੂੰ ਆਪਣਾ ਗੁਰੂ ਮੰਨਦੇ ਹਨ, ਕਿਉਂ ?
ਕਿਉਂਕਿ ਸਿੱਖ ਜਾਣਦੇ ਹਨ ਕਿ ਨਾਨਕ ਜੀ ਹੀ ਸਾਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਤਾਕੀਦ ਕਰਦੇ, ਇਹ ਵੀ ਸਮਝਾਉਂਦੇ ਹਨ ਕਿ ਸ਼ਬਦ ਗੁਰੂ ਹੀ ਮੇਰਾ ਗੁਰੂ ਹੈ, ਅਤੇ ਪਰਮਾਤਮਾ ਨੂੰ ਮਿਲਣ ਦਾ ਰਾਹ ਦੱਸਣ ਵਾਲਾ ਸ਼ਬਦ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੈ। ਇਸ ਸ਼ਬਦ ਗੁਰੂ ਦੀ ਵਿਚਾਰ ਕਰਨ ਦੀ ਥਾਂ ਸਤਸੰਗਤਿ ਹੀ ਹੈ। ਸਿੱਖ ਇਹ ਵੀ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ, ਨਾਨਕ ਜੋਤ, ਭਗਤਾਂ, ਭੱਟਾਂ ਅਤੇ ਸਿੱਖਾਂ ਦੇ ਆਤਮਕ ਗਿਆਨ ਦਾ ਹੀ ਨਿਚੋੜ ਹੈ।
ਫਿਰ ਉਹ ਨਾਨਕ ਜੋਤ ਨੂੰ ‘ਜਨ’ ਕਹਣ ਜਾਂ ‘ਦਾਸ’ ਕਹਣ ਜਾਂ ‘ਨੀਚ’ ਕਹਣ ਜਾਂ ‘ਗੁਰੂ’ ਕਹਣ ਜਾਂ ‘ਬਾਬਾ’ ਕਹਣ, ਇਸ ਨਾਲ ਨਾਨਕ ਨੂੰ ਤਾਂ ਕੋਈ ਫਰਕ ਪੈਣ ਵਾਲਾ ਨਹੀਂ, ਜਿਵੇਂ ਲੋਕਾਂ ਵਲੋਂ ਪਰਮਾਤਮਾ ਨੂੰ ‘ਰੱਬ’ ਕਹਣ ਨਾਲ ਜਾਂ ‘ਵਾਹਿਗੁਰੂ’ ਕਹਣ ਨਾਲ ਜਾਂ ‘ਭਗਵਾਨ’ ਕਹਣ ਨਾਲ ਜਾਂ ‘ਰਾਮ’ ਕਹਣ ਨਾਲ ਜਾਂ ‘ਅਲ੍ਹਾ’ਕਹਣ ਨਾਲ ਜਾਂ ‘ਬੀਠਲ’ ਕਹਣ ਨਾਲ ਜਾਂ ‘ਹਰੀ’ ਕਹਣ ਨਾਲ ਜਾਂ ‘ਗਾਡ’ ਕਹਣ ਨਾਲ ਕੋਈ ਫਰਕ ਨਹੀਂ ਪੈਂਦਾ, ਉਸ ਨੂੰ ਮੰਨਣ ਵਾਲਿਆਂ ਨਾਲ ਜਾਂ ਉਸ ਨੂੰ ਨਾ ਮੰਨਣ ਵਾਲਿਆਂ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਉਸ ਨੇ ਤਾਂ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੇ ਜੀਉਣ ਲਈ ਉਨ੍ਹਾਂ ਨੂੰ ਲੋੜੀਂਦੀਆਂ ਵਸਤਾਂ ਦੇਣੀਆਂ ਹੀ ਦੇਣੀਆਂ ਹਨ।
ਇਵੇਂ ਹੀ ਨਾਨਕ ਜੀ ਨੇ ਹਰ ਕਿਸੇ ਲਈ ਆਪਣਾ ਆਤਮਕ ਗਿਆਨ ਸਾਂਝਾ ਕੀਤਾ ਹੈ, ਕੋਈ ਉਸ ਨੂੰ ਮੰਨੇ ਜਾਂ ਨਾ ਮੰਨੇ, ਫਿਰ ਅਸੀਂ ਉਸ ਨੂੰ ਸਤਿਕਾਰ-ਯੋਗ ਸੰਬੋਧਨ ਕਿਉਂ ਨਾ ਦੇਈਏ ?
ਇਹ ਤੱਤ-ਗੁਰਮਤਿ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਦੀ ਮਰਜ਼ੀ ਹੈ ਕਿ ਉਨ੍ਹਾਂ ਨੇ ਨਾਨਕ ਨੂੰ ਕੀ ਕਹਿਣਾ ਹੈ ?
ਜੇ ਉਨ੍ਹਾਂ ਕੋਲ ਆਪਣਾ ਕੋਈ ਸਿਧਾਂਤ ਹੈ, ਜਿਸ ਆਸਰੇ ਉਨ੍ਹਾਂ ਨੂੰ ਨਾਨਕ ਦੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਸਤਸੰਗਤਿ ਦੀ ਕੋਈ ਲੋੜ ਨਹੀਂ ਹੈ(ਕਿਉਂਕਿ ਉਨ੍ਹਾਂ ਅਨੁਸਾਰ, ਉਨ੍ਹਾਂ ਦੇ ਅਤੇ ਪਰਮਾਤਮਾ ਦੇ ਵਿਚਾਲੇ ਕੋਈ ਹੋਰ ਨਹੀਂ ਹੈ) ਤਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਾਂ ਨਾਨਕ ਨੂੰ ਲਾਂਭੇ ਕਰ ਕੇ, ਆਪਣਾ ਸਿਧਾਂਤ ਲੋਕਾਂ ਸਾਹਵੇਂ ਰੱਖਣਾ ਚਾਹੀਦਾ ਹੈ, ਫਿਰ ਹੀ ਉਨ੍ਹਾਂ ਨੂੰ ਆਟੇ-ਦਾਲ ਦੇ ਭਾਅ ਦਾ ਪਤਾ ਲੱਗੇਗਾ।
ਇਕ ਪੁਰਾਣੀ ਕਹਾਣੀ ਉਨ੍ਹਾਂ ਨੂੰ ਵੀ ਯਾਦ ਹੋਵੇਗੀ ਅਤੇ ਲੋਕਾਂ ਨੂੰ ਵੀ ਯਾਦ ਹੈ ਕਿ, ‘ਇਕ ਪੇਂਟਰ ਨੇ ਇਕ ਤਸਵੀਰ ਬਣਾ ਕੇ ਚੁਰਾਹੇ ਵਿਚ ਟੰਗ ਦਿੱਤੀ, ਥੱਲੇ ਲਿਖ ਦਿੱਤਾ ਕਿ ਇਸ ਵਿਚ ਜੋ ਗਲਤ ਹੋਵੇ ਉਸ ਤੇ ਨਿਸ਼ਾਨ ਲਗਾ ਦੇਵੋ, ਦੂਸਰੇ ਦਿਨ ਉਸ ਤਸਵੀਰ ਤੇ ਏਨੇ ਨਿਸ਼ਾਨ ਲੱਗੇ ਹੋਏ ਸਨ ਕਿ ਉਨ੍ਹਾਂ ਵਿਚ ਤਸਵੀਰ ਗਾਇਬ ਹੋ ਗਈ ਸੀ। ਉਸ ਨੇ ਦੂਸਰੇ ਦਿਨ ਵੀ ਉਹੀ ਤਸਵੀਰ ਫਿਰ ਬਣਾਈ ਅਤੇ ਥੱਲੇ ਲਿਖ ਦਿੱਤਾ ਕਿ ਇਸ ਤਸਵੀਰ ਵਿਚ ਜੋ ਗਲਤ ਹੋਵੇ, ਉਸ ਨੂੰ ਠੀਕ ਕਰ ਦੇਵੋ। ਦੂਸਰੇ ਦਿਨ ਉਹ ਤਸਵੀਰ ਬਿਲਕੁਲ ਸਾਫ ਸੀ, ਕਿਸੇ ਨੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਵੇਂ ਹੀ ਤੱਤ-ਗੁਰਮਤਿ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਵਿਚ ਵਾਕਿਆ ਹੀ ਕੋਈ ਆਤਮਕ ਸੂਝ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਬੰਨੇ ਛੱਡ ਕੇ, ਆਪਣੀ ਆਤਮਕ ਸੂਝ ਦਾ ਪਰਗਟਾਵਾ ਕਰੋ ਜੀ, ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ। (ਚਲਦਾ)
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ 2)
Page Visitors: 2560