ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ
(ਭਾਗ 3)
ਗੁਰਸਿੱਖ, ਗੁਰੂ ਅਤੇ ਪਰਮਾਤਮਾ ਦਾ ਆਪਸ ਵਿਚ ਕੀ ਸਬੰਧ ਹੈ !
ਪਿਛਲੇ ਦੋ ਭਾਗਾਂ ਵਿਚ ਆਪਾਂ ਵੇਖਿਆ ਹੈ ਕਿ ਕਿਵੇਂ ਗੁਰਬਾਣੀ, ਤੱਤ-ਗੁਰਮਤਿ ਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਲਿਖੀਆਂ ਗੱਲਾਂ ਰੱਦ ਕਰਦੀ ਹੈ, ਜਦੋਂ ਮੈਂ ਇਨ੍ਹਾਂ ਦੀਆਂ ਲਿਖਤਾਂ ਗੁਰਬਾਣੀ ਦੀ ਕਸਵੱਟੀ ਤੇ ਪਰਖਦਾ ਹਾਂ, ਤਾਂ ਬਿਲਕੁਲ ਸਪੱਸ਼ਟ ਹੋ ਕੇ ਸਾਮ੍ਹਣੇ ਆਉਂਦਾ ਹੈ ਕਿ ਇਨ੍ਹਾਂ ਲੋਕਾਂ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੈ ਤਾਂ ਇਹ ਰੱਟੇ ਅਤੇ ਵਿਖਾਵੇ ਤੋਂ ਅਗਾਂਹ ਨਹੀਂ ਵਧੇ, ਜੇ ਮੇਰੇ ਵਰਗਾ ਇਕ ਅਦਨਾ ਜਿਹਾ ਬੰਦਾ ਗੁਰਬਾਣੀ ਬਾਰੇ ਕੁਝ ਨਾ ਕੁਝ ਸਮਝ ਸਕਦਾ ਹੈ ਤਾਂ ਇਹ ਲੋਕ ਕਿਉਂ ਨਹੀਂ ? ਇਨ੍ਹਾਂ ਸਾਰਿਆਂ ਨਾਲ ਤਾਂ ਲੱਖਾਂ ਲੋਕ ਜੁੜੇ ਹੋਏ ਹਨ, ਸਾਫ ਜਿਹੀ ਗੱਲ ਹੈ ਕਿ ਜੇ ਇਹ ਆਪ ਹੀ ਕੁਰਾਹੇ ਪਏ ਹੋਏ ਹਨ ਤਾਂ ਇਨ੍ਹਾਂ ਨਾਲ ਜੁੜੇ ਲੋਕ ਕਿਵੇਂ ਸਿੱਧੇ ਰਾਹ ਤੇ ਹੋ ਸਕਦੇ ਹਨ ? ਇਸ ਤੋਂ ਹੀ ਪੰਥ ਦੇ ਨਿਘਾਰ ਵੱਲ ਜਾਣ ਦਾ ਮੂਲ ਕਾਰਨ ਸਾਮ੍ਹਣੇ ਆਉਂਦਾ ਹੈ।
ਜੇ ਸਾਰੇ ਸਿੱਖ ਇਕ ਹੀ ਧੁਰੇ ਤੇ ਕੇਂਦ੍ਰਿਤ ਹੁੰਦੇ ਤਾਂ ਪੰਥ ਦਾ ਨਿਘਾਰ ਵੱਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਏਥੇ ਤਾਂ ਇਹ ਸਾਰੇ ਆਪਣੀ-ਆਪਣੀ ਢਾਈ ਪਾ ਦੀ ਖਿਚੜੀ, ਅਲੱਗ-ਅਲੱਗ ਪਕਾਉਂਦੇ ਨਜ਼ਰ ਆਉਂਦੇ ਹਨ, ਕੋਈ ਵੀ ਇਕ ਦੂਸਰੇ ਨਾਲ ਸਹਿਮਤ ਨਹੀਂ ਹੈ।
ਆਉ ਆਪਾਂ ਅੱਜ ਗੁਰਬਾਣੀ ਵਿਚੋਂ ਹੀ ਸਮਝਦੇ ਹਾਂ ਕਿ ‘ਗੁਰਸਿੱਖ, ਗੁਰੂ ਅਤੇ ਪਰਮਾਤਮਾ ਦਾ ਆਪਸ ਵਿਚ ਕੀ ਸਬੰਧ ਹੈ ?’ ਸ਼ਬਦ ਹੈ,
ਸਲੋਕ ਮ: 4॥
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਜਿਨ ਰਖਣ ਕਉ ਹਰਿ ਆਪਿ ਹੋਇ ਕੇਤੀ ਝਖਿ ਝਖਿ ਜਾਇਸੀ ॥
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥1॥
ਮ:4॥
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥2॥
ਵਿਆਖਿਆ:-
(ਨੋਟ;- ਇਸ ਵਿਚ ਪੂਰਾ ਧਿਆਨ ਦੇਣ ਦੀ ਲੋੜ ਹੈ ਕਿ ਗੁਰੂ ਲਈ, “ਗੁਰ, ਸਤਿਗੁਰ” ਦਾ ਅੱਖਰ-ਜੋੜ ਕੀ ਹੈ ਅਤੇ, ਵਾਹਿਗੁਰੂ, ਪਰਮਾਤਮਾ, ਰੱਬ ਲਈ, “ਗੁਰੁ, ਸਤਿਗੁਰੁ” ਦਾ ਅੱਖਰ-ਜੋੜ ਕੀ ਹੈ।)
ਸਲੋਕ ਮ: 4॥
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਜਿਸ ਮਨੁੱਖ ਤੇ ਕਿਰਪਾ ਕਰ ਕੇ ਸਤਿਗੁਰੁ (ਪਰਮਾਤਮਾ) ਨੇ ਉਸ ਨੂੰ ਗੁਰੂ (ਸ਼ਬਦ)ਨਾਲ ਮਿਲਾਇਆ ਹੈ, ਉਹ ਗੁਰਮੁਖਿ ਹੋ ਕੇ, ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ, ਮੁਖੋਂ ਪ੍ਰਭੂ ਦਾ ਨਾਮ ਧਿਆਉਂਦਾ ਹੈ, ਤੇ ਓਹੋ ਕੁਝ ਕਰਦਾ ਹੈ, ਜੋ ਸਤਿਗੁਰ, ਗੁਰੂ ਨੂੰ ਭਾਉਂਦਾ ਹੋਵੇ। ਇਵੇਂ ਪੂਰਾ ਗੁਰੁ, ਅਕਾਲ ਪੁਰਖ ਆਪ ਹੀ ਉਸ ਦੇ ਮਨ ਵਿਚ ਆਪਣਾ ਨਾਮ ਵਸਾਅ ਦਿੰਦਾ ਹੈ।
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਜਿਨ ਰਖਣ ਕਉ ਹਰਿ ਆਪਿ ਹੋਇ ਕੇਤੀ ਝਖਿ ਝਖਿ ਜਾਇਸੀ ॥
ਜਿਨ੍ਹਾਂ ਦੇ ਮਨ ਵਿਚ ਕਰਤਾਰ ਦੇ ਨਾਮ ਦਾ ਖਜ਼ਾਨਾ ਵੱਸ ਜਾਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਪਿਆਰੀ ਲੱਗਣ ਲੱਗ ਜਾਂਦੀ ਹੈ, ਪਰਮਾਤਮਾ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ। ਜਿਨ੍ਹਾਂ ਦੀ ਰੱਖਿਆ ਲਈ ਰੱਬ ਆਪ ਹੋਵੇ, ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਦੁਨਿਆ ਭਾਵੇਂ ਕਿੰਨੀ ਵੀ ਝੱਖ ਮਾਰਦੀ ਰਹੇ।
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥1॥
ਇਸ ਵਾਸਤੇ, ਹੇ ਦਾਸ ਨਾਨਕ ਤੂੰ ਵੀ ਪ੍ਰਭੂ ਦਾ ਨਾਮ ਜਪ, ਪ੍ਰਭੂ ਤੈਨੂੰ ਇਸ ਲੋਕ ਵਿਚ ਵੀ ਅਤੇ ਪਰਲੋਕ ਵਿਚ ਵੀ ਛੁਡਾ ਲਵੇਗਾ, ਬਚਾ ਲਵੇਗਾ।
ਇਹ ਸੀ ਉਹ ਗੁਰਸਿੱਖ ਜੋ ਕਰਤਾਰ ਦੀ ਕਿਰਪਾ ਸਦਕਾ, ਗੁਰੂ ਨਾਲ ਜੁੜ ਕੇ, ਗੁਰੂ ਦੀ ਸਿਖਿਆ ਅਨੁਸਾਰ, ਮੂੰਹ ਨਾਲ ਪ੍ਰਭੂ ਦਾ ਨਾਮ ਜਪ ਕੇ ਅਤੇ ਮਨ ਨਾਲ ਸਿਮਰ ਕੇ, ਗੁਰਮੁਖ ਬਣ ਕੇ ਪ੍ਰਭੂ ਦੀ ਕਿਰਪਾ ਸਦਕਾ, ਆਪਣਾ ਸਾਰਾ ਡਰ ਦੂਰ ਕਰ ਚੁੱਕਾ ਹੋਵੇ।
ਆਉ ਅਗਲੇ ਸ਼ਬਦ ਵਿਚ ਅਜਿਹੇ ਗੁਰਸਿੱਖ ਬਾਰੇ ਵੀ ਵਿਚਾਰ ਕਰੀਏ। ਸ਼ਬਦ ਹੈ,
ਮ:4॥
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਉੱਪਰ ਵਿਚਾਰੇ ਸ਼ਬਦ ਅਨੁਸਾਰ ਬਣ ਚੁੱਕੇ ਗੁਰਮੁਖਾਂ, ਗੁਰਸਿੱਖਾਂ ਦੇ ਮਨ ਦੀ ਇਕੋ ਲਾਲਸਾ ਹੁੰਦੀ ਹੈ ਕਿ ਉਨ੍ਹਾਂ ਦੇ ਗੁਰੂ ਦੀ ਵਡਿਆਈ ਹੋਵੇ। ਹੇ ਹਰੀ, ਹੇ ਕਰਤਾਰ ਤੂੰ ਹੀ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇਰੇ ਆਸਰੇ ਹੀ ਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਜਾਂਦੀ ਹੈ।
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਜੋ ਪਾਰਬ੍ਰਹਮ, ਅਕਾਲ-ਪੁਰਖ, ਜੀਵਾਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ, ਓਹੀ ਪਾਰਬ੍ਰਹਮ ਸਤਿਗੁਰੂ ਦੇ ਮਨ ਵਿਚ ਵਸਦਾ ਹੈ। ਅਕਾਲ-ਪੁਰਖ ਹੀ ਗੁਰੂ ਦੀ ਤਾਕਤ ਹੈ, ਆਸਰਾ ਹੈ, ਉਸ ਦਾਤਾਰ ਨੇ ਹੀ ਸਾਰੇ ਜੀਵਾਂ ਨੂੰ ਸਤਿਗੁਰੂ ਅੱਗੇ ਨਿਵਾਇਆ ਹੈ, ਝੁਕਾਇਆ ਹੈ।
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਜਿਨ੍ਹਾਂ ਨੇ ਮਨੋ ਪਿਆਰ ਕਰਦੇ ਹੋਏ ਸਤਿਗੁਰੁ, ਕਰਤਾਰ ਦਾ ਦਰਸ਼ਨ ਕੀਤਾ ਹੈ, ਰੱਬ ਉਨ੍ਹਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ। ਉਹ ਗੁਰਸਿੱਖ ਕਰਤਾਰ ਦੀ ਦਰਗਾਹ ਵਿਚ ਖੁਸ਼ੀ ਖੁਸ਼ੀ ਜਾਂਦੇ ਹਨ, ਅਤੇ ਓਥੇ ਉਨ੍ਹਾਂ ਦੀ ਵਡਿਆਈ ਹੁੰਦੀ ਹੈ।
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥2॥
ਗੁਰੂ ਦੇ, ਉੱਪਰ ਦੱਸੇ ਸਿੱਖ ਹੀ ਮੇਰੇ ਭਰਾ ਹਨ, ਮੇਰੇ ਸੰਗੀ-ਸਾਥੀ ਹਨ, ਦਾਸ ਨਾਨਕ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਉਨ੍ਹਾਂ ਦੀ ਸੰਗਤ ਮੰਗਦਾ ਹੈ, ਜਿਸ ਆਸਰੇ ਨਾਨਕ ਵੀ ਪ੍ਰਭੂ ਨਾਲ ਮਿਲ ਸਕੇ।
ਆਪਾਂ ਵੇਖਿਆ ਹੈ ਕਿ ਗੁਰੂ ਦੇ ਸਿੱਖ, ਗੁਰੂ ਨਾਲ ਦਿਲੋਂ ਪਿਆਰ ਕਰਦੇ ਹਨ, ਹਮੇਸ਼ਾ ਗੁਰੂ ਦੀ ਵਡਿਆਈ ਲੋਚਦੇ ਹਨ, ਗੁਰੂ ਦੇ ਕਹੇ ਵਿਚ ਚਲਦੇ ਹਨ, ਤਦ ਹੀ ਉਨ੍ਹਾਂ ਦੀ ਪਹੁੰਚ ਅਕਾਲ-ਪੁਰਖ ਤਕ ਹੁੰਦੀ ਹੈ।
ਕੀ ਤੱਤ-ਗੁਰਮਤਿ ਵਾਲੇ ਅਤੇ ਉਨ੍ਹਾਂ ਦੇ ਸੰਗੀ-ਸਾਥੀ, ਗੁਰੂ ਨਾਲ ਮਨੋਂ ਪਿਆਰ ਕਰਦੇ ਹਨ ?
ਕੀ ਤੱਤ-ਗੁਰਮਤਿ ਵਾਲੇ ਅਤੇ ਉਨ੍ਹਾਂ ਦੇ ਸੰਗੀ-ਸਾਥੀ, ਗੁਰੂ ਦੀ ਵਡਿਆਈ ਲੋਚਦੇ ਹਨ ?
ਕੀ ਤੱਤ-ਗੁਰਮਤਿ ਵਾਲੇ ਅਤੇ ਉਨ੍ਹਾਂ ਦੇ ਸੰਗੀ-ਸਾਥੀ, ਗੁਰੂ ਦੇ ਕਹੇ ਵਿਚ ਚਲਦੇ ਹਨ ?
ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ 'ਨਹੀਂ'। ਫਿਰ ਉਹ ਨਾਨਕ ਨੂੰ ਬਾਬਾ ਕਹਣ ਜਾਂ ਗੁਰੂ, ਜਾਂ ਹੋਰ ਕੁਝ, ਉਹ ਗੁਰੂ ਨਾਨਕ ਦੇ ਭਰਾ, ਸੰਗੀ-ਸਾਥੀ ਨਹੀਂ ਹੋ ਸਕਦੇ।
ਇਹ ਗੁਰਸਿੱਖਾਂ ਦੇ ਸੋਚਣ ਦੀ ਗੱਲ ਹੈ ਕਿ ਤੱਤ-ਗੁਰਮਤਿ ਵਾਲਿਆ ਨਾਲ ਅਤੇ ਉਨ੍ਹਾਂ ਦੇ ਸੰਗੀ-ਸਾਥੀਆਂ ਨਾਲ, ਉਨ੍ਹਾਂ ਦੀ ਕੀ ਸਾਂਝ ਹੈ। ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀ ਆੜ ਹੀ ਲੈਣ, ਉਨ੍ਹਾਂ ਦੇ ਮਨ ਵਿਚ ਗੁਰੂ ਦਾ ਆਦਰ ਤਾਂ ਹੈ ਹੀ ਨਹੀਂ, ਅਤੇ ਇਹ ਸਾਰਾ ਕੁਝ, ਉਸ ਥਾਂ ਤੇ ਪੁੱਜਣ ਲਈ ਕੀਤਾ ਜਾ ਰਿਹਾ ਹੈ, ਜਿੱਥੇ ਪਹੁੰਚ ਕੇ ਗੁਰੂ ਨਾਨਕ ਦੀ ਸ਼ਖਸੀਅਤ ਨੂੰ ਰੱਦ ਕੀਤਾ ਜਾ ਸਕੇ, ਸ਼ਬਦ ਗੁਰੂ ਨੂੰ ਰੱਦ ਕੀਤਾ ਜਾ ਸਕੇ ਅਤੇ ਅਕਾਲ-ਪੁਰਖ ਤੇ ਉਂਗਲੀ ਚੁੱਕੀ ਜਾ ਸਕੇ। ਬਾਕੀ ਸਾਰੀਆਂ ਗੱਲਾਂ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ 3)
Page Visitors: 2525