ਸਿੱਖੋ! ਬਚੋ ਹਰੀਦੁਆਰ ਰਿਸ਼ੀਕੇਸ਼ ਦਸ਼ਮੇਸ਼ ਵਿਦਿਯਾਲੇ ਤੋਂ
ਬਾਕੀ ਮੁਲਕਾਂ ਬਾਰੇ ਤਾਂ ਮੈਨੂੰ ਪਤਾ ਨਹੀ ਪਰ ਅਮਰੀਕਾ ਤੇ ਕੈਨੇਡਾ ਬਾਰੇ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖ ਚੁਕਿਆ ਹਾਂ। ਅੱਜ ਜਦੋਂ
ਦਿੱਲੀ ਏਅਰਪੋਰਟ ਤੇ ਕੁੱਝ ਵੱਖਰੀ ਜਿਹੀ ਦਿੱਖ ਵਾਲੇ ਰਾਗੀ ਸਿੰਘ ਮੇਰੇ ਵਾਲੀ ਲਾਈਨ ਵਿਚ ਲੱਗੇ ਦੇਖੇ ਤਾਂ ਉਨ੍ਹਾਂ ਨਾਲ ਗੱਲ-ਬਾਤ
ਕਰਨ ਨੂੰ ਮਨ ਚਾਹਿਆ। ਗੱਲ ਕਰਨ ਤੇ ਪਤਾ ਚੱਲਿਆ ਕਿ ਉਹ ਹਰੀਦੁਆਰਾ ਦਸ਼ਮੇਸ਼ ਵਿਦਿਯਾਲੇ ਤੋਂ ਵਿਦਿਆ ਹਾਸਲ ਕਰਕੇ ਆਏ
ਹਨ। ਇਹੀ ਜਵਾਬ ਸੀ ਕੀਰਤਨੀਏ ਜੱਥੇ ਦਾ ਜਦੋਂ ਮੈਂ 26 ਦਸੰਬਰ 2016 ਨੂੰ ਰਾਚੈਸਟਰ ਗੁਰਦਵਾਰਾ ਸਾਹਿਬ ਵਿਚ ਬੋਲਣ ਗਿਆ ਸੀ। ਗੁਰਦਵਾਰਿਆਂ ਵਿਚ ਕੰਮ ਕਰਨ ਵਾਲੇ ਲੋਕ ਕਿਉਂਕਿ ਤਨਖਾਹ ਵਲੋਂ ਮਾਰ ਖਾਂਦੇ ਹਨ ਇਸ ਕਰਕੇ ਉਤਰਾਖੰਡ ਦੇ ਹਰੀਦੁਆਰ/ਰਿਸ਼ੀਖੇਸ਼ ਦੇ ਆਸ ਪਾਸ ਦੇ ਅਨਾਥ ਬੱਚਿਆਂ, ਲਾਵਾਰਸ ਬੱਚਿਆਂ ਅਤੇ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਥੋੜੀ ਬਹੁਤ ਪੰਜਾਬੀ ਸਿਖਾ ਕੇ ਵਾਜਾ ਢੋਲਕੀ ਅਤੇ ਤਬਲਾ ਸਿਖਾ ਕੇ ਰੋਟੀ ਕਮਾਉਣ ਦੇ ਲਾਇਕ ਕਰ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਜਦੋਂ ਵੀ ਕਿਸੇ ਗੁਰਦਵਾਰਾ ਸਾਹਿਬ ਜਾਣ ਤੇ ਬੋਲਣ ਦਾ ਮੌਕਾ ਮਿਲਿਆ ਹੈ ਤਾਂ ਇਸੇ ਭਾਈਚਾਰੇ ਦੇ ਇਸੀ ਜਮਾਤ ਦੇ ਲੋਕਾਂ ਨਾਲ ਵਾਹ ਪਿਆ। ਜਿਨ੍ਹਾ ਦੀ ਪੰਜਾਬੀ ਜ਼ਬਾਨ ਦੀ ਮੁਹਾਰਤ ਪੰਜਾਬ ਵਿਚ ਆ ਕੇ ਵਸੇ ਯੂ.ਪੀ., ਬਿਹਾਰ ਦੇ ਲੋਕਾਂ ਦੀ ਮੁਹਾਰਤ ਵਰਗੀ ਸੀ।
ਸਿਰਦਾਰ ਜੀ ਹੁਣ ਅਸੀਂ ਟੀਹਲੂ ਸਿੰਘ ਬਣ ਗਈ, ਸਾਨੂੰ ਹੁਣ ਭਈਆ ਨਹੀਂ ਕਹਿਣੀ। ਨਿਊਯਾਰਕ ਸਟੇਟ ਵਿਚ ਨਿਆਗਰਾ ਫਾਲ ਗੁਰਦਵਾਰਾ, ਰਾਚੈਸਟਰ ਸ਼ਹਿਰ ਦੇ ਦੋ ਗੁਰਦਵਾਰੇ ਅਤੇ ਟੈਕਸਿਸ ਦਾ ਇਕ ਗੁਰਦਵਾਰਾ ਦਸ਼ਮੇਸ਼ ਵਿਦਿਯਾਲੇ ਤੋਂ ਕੀਰਤਨ ਕਥਾ ਸਿੱਖ ਕੇ ਆਏ ਲੋਕਾਂ ਦੇ ਹੱਥਾਂ ਵਿਚ ਹਨ। ਇਹ ਇਕ ਉਦਾਹਰਣ ਹੈ।
ਇਸ ਕਿਸਮ ਦੇ ਕੀਰਤਨੀਏ ਜਾਂ ਪਾਠੀ ਕੀ ਕਰਦੇ ਹੋਣਗੇ ਤੁਸੀਂ ਆਪ ਹੀ ਅੰਦਾਜਾ ਲਾ ਸਕਦੇ ਹੋ। ਐਸੇ ਲੋਕ ਤਾਂ ਪ੍ਰਧਾਨ ਸਾਹਿਬ ਦੀ ਚਾਹ ਦੀ ਪਿਆਲੀ ਤੇ ਖਾਣੇ ਵਾਲੀ ਥਾਲੀ ਸਾਫ ਕਰਨ ਲਈ ਹੀ ਰੱਖੇ ਹੁੰਦੇ ਹਨ ਤੇ ਇਹ ਕੰਮ ਉਨ੍ਹਾ ਨੂੰ ਰਾਸ ਹੈ। ਸਾਲ ਖੰਡ ਵਿਚ ਦੋ-ਚਾਰ ਲੱਖ ਰੁਪਿਆ ਬਣਾ ਕੇ ਜੇ ਉਹ ਵਾਪਸ ਵੀ ਚਲੇ ਜਾਣ ਤਾਂ ਕੋਈ ਹਰਜ਼ ਵਾਲੀ ਗੱਲ ਨਹੀਂ ਉਨ੍ਹਾ ਨੂੰ ਉਮੀਦ ਹੀ ਨਹੀਂ ਸੀ ਕਿ ਕਿਤੇ ਉਹ ਜ਼ਿੰਦਗੀ ਵਿਚ ਇਤਨੇ ਪੈਸੇ ਕਮਾ ਸਕਣਗੇ। ਇਸ ਕਰਕੇ ਪ੍ਰਧਾਨ ਸਾਹਿਬ ਨੂੰ ਉਹ ਰਾਸ ਤੇ ਉਨ੍ਹਾ ਨੂੰ ਪ੍ਰਧਾਨ ਸਾਹਿਬ ਰਾਸ। ਸਿੱਖਣ ਸਿਖਾਉਣ ਤੇ ਪੜ੍ਹਨ ਪੜਾਉਣ ਵਾਲੀ ਗੱਲ ਗਈ ਖੂਹ ਖਾਤੇ ਵਿਚ। ਅੱਜ-ਕੱਲ੍ਹ ਗੁਰਦਵਾਰਾ ਸਿੱਖੀ ਸਿਖਾਉਣ ਵਾਲਾ ਕੇਂਦਰ ਨਾ ਹੋ ਕੇ ਸਾਡੇ ਸਮਾਜਿਕ ਬੰਧਨਾਂ, ਰੀਤੀ ਰਿਵਾਜ਼ਾਂ, ਜੰਮਣ-ਮਰਨ, ਵਿਆਹ ਸ਼ਾਦੀ ਅਤੇ ਕੁੱਝ ਕੁ ਇਤਹਾਸਕ ਦਿਨਾਂ ਨੂੰ ਨਿਪਟਾਉਣ ਵਾਲਾ ਕੇਂਦਰ ਬਣ ਚੁਕਿਆ ਹੈ। ‘ਸਿਖੀ ਸਿਖਿਆ ਗੁਰ ਵੀਚਾਰਿ’ ਵਾਲੀ ਗੱਲ ਬਿਲਕੁੱਲ ਖਤਮ ਕਰ ਦਿੱਤੀ ਗਈ ਹੈ। ਜਿਸ ਗੱਲ ਤੋਂ ਹਰ ਮੌਕੇ ਦੀ ਸਰਕਾਰ ਨੂੰ ਖਤਰਾ ਹੋ ਸਕਦਾ ਹੈ ਉਹ ਵੀ ਖਤਮ। ਬਾਕੀ ਤੁਸੀਂ ਦਾਹੜੀ ਰੱਖੋ, ਕ੍ਰਿਪਾਨ ਪਾਓ, ਅੰਮ੍ਰਿਤ ਛਕੋ, ਚੋਲਾ ਪਾਓ, ਮੀਟ ਨਾ ਖਾ ਕੇ ਮੂੰਗੀ ਦੀ ਦਾਲ ਖਾਓ ਇਸ ਗੱਲ ਤੋਂ ਸਰਕਾਰੀ ਕਰਿੰਦਿਆਂ ਨੂੰ ਕੋਈ ਖਤਰਾ ਨਹੀਂ। ਸਿਧਾਂਤ ਨੂੰ ਲੋਕਾਂ ਵਿਚੋਂ ਕੱਢ ਦਿਓ, ਜੋ ਹੋ ਚੁਕਿਆ ਹੈ, ਬਾਕੀ ਸਭ ਮਨ ਪਸੰਦ ਹੈ।
ਮਃ ੩ ॥ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ {ਪੰਨਾ 554}
ਤੀਸਰੇ ਪਾਤਸ਼ਾਹ ਫੁਰਮਾਉਂਦੇ ਹਨ ਕਿ ਇਹ ਕੰਮ ਕਰੋ।
ਕੀ?|
ਗਿਆਨ ਰਾਹੀਂ ਪ੍ਰਮਾਤਾਮ ਦੇ ਗੁਣਾਂ ਨੂੰ ਆਪਣੇ ਅੰਦਰ ਸੰਭਾਲ ਲਓ। ਤੁਹਾਡੇ ਅੰਦਰ ਜਿਹੜਾ ਭਰਮ ਹੈ ਕਿ ਪ੍ਰਮਾਤਮਾ ਦੂਰ ਹੈ ਇਸ ਭਰਮ ਦੇ ਛਉੜ ਲਾਹ ਦਿਓ ਅਤੇ ਇਹ ਸਮਝ ਲਓ ਕਿ ਰੱਬ ਹਮੇਸ਼ਾ ਤੁਹਾਡੇ ਨਾਲ ਹੈ। ਭਰਮ ਦੇ ਛਉੜ ਕੱਟਣ ਵਾਸਤੇ ਦਵਾਈ ਕਿਹੜੀ ਲੈਣੀ ਹੈ?
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ॥
ਹਰਿ ਕਾ ਨਾਮ ਕੀ ਹੈ?
ਸੱਚ। ਸੱਚ ਦੀ ਦਵਾਈ ਲੈ ਕੇ ਸੰਜਮ ਰੱਖਣ ਨਾਲ ਇਹ ਜੁਗਤ ਆ ਜਾਂਦੀ ਹੈ ਕਿ ਜੋ ਕੁੱਝ ਵੀ ਹੋਵੇਗਾ, ਸਤਿਗੁਰ ਕਾ ਭਾਣਾ, ਮੈਨੁੰ ਮਨਜ਼ੂਰ ਹੈ।
ਇਸ ਨਾਲ ਕੀ ਹੁੰਦਾ ਹੈ?
ਅੱਜ ਵੀ ਸੁੱਖ ਤੇ ਕੱਲ੍ਹ ਵੀ ਅਨੰਦ। ਅਗੈ ਦਾ ਮਤਲਬ ਸਾਨੂੰ ਗੁਰਦਵਾਰਿਆਂ ਤੇ ਪ੍ਰਬੰਧਕਾਂ, ਰਾਗੀਆਂ, ਪ੍ਰਚਾਰਕਾਂ ਅਤੇ ਗ੍ਰੰਥੀਆਂ ਨੇ ਦੱਸਣੀਆਂ ਸਨ ਪਰ ਉਹ ਤਾਂ ਉਲਝੇ ਹੀ ਚਾਹ ਦੇ ਕੱਪ ਅਤੇ ਖਾਣੇ ਵਾਲੀਆਂ ਥਾਲੀਆਂ ਸਾਫ ਕਰਨ ਵਿਚ ਹਨ। ਫਿਰ ਸਾਨੂੰ ਸੋਝੀ ਕਿਸ ਦੇਣੀ ਸੀ? ਨਾ ਸਮਝੀ ਕਾਰਣ ਹੀ ਕੋਈ ਟਕਸਾਲੀ ਬਣਿਆ ਪਿਆ ਹੈ, ਕੋਈ ਅਖੰਡ ਕੀਰਤਨੀਆ, ਕੋਈ ਨਾਨਕ ਸਰੀਆ, ਕੋਈ ਰਾਧਾ ਸਵਾਮੀ ਤੇ ਕੋਈ ਸਰਸੇ ਵਾਲਾ ਸਵਾਮੀ।
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ਪੰਨਾ 730॥
ਇਸ ਸਲੋਕ ਵਿਚ ਵੀ ਓਹੀ ਵੀਚਾਰ ਹਨ ਕਿ ਧਾਰਮਿਕ ਸਥਾਨ ਤੇ ਜਾ ਕੇ ਆਪਣੇ ਅੰਦਰ ਦੀ ਮੈਲ ਨੂੰ ਸਾਫ ਕਰ ਮਤਲਬ ਗਿਆਨ ਪ੍ਰਾਪਤ ਕਰ ਤੇ ਚੰਗਾ ਮਨੁੱਖ ਬਣ। ਚੰਗਾ ਮਨੁੱਖ ਬਣਾਉਣਾ, ਗੁਰਮੁਖ ਬਣਾਉਣਾ ਹੀ ਗੁਰੂ ਜੀ ਦਾ ਮੁੱਖ ਕਾਰਜ਼ ਸੀ ਜਿਸ ਨਾਲ ਇਕ ਚੰਗੇ ਸਮਾਜ ਦੀ ਸਿਰਜਨਾ ਹੋਣੀ ਸੀ ਜਿਸ ਨੇ ਆਪਣੀ ਅਤੇ ਮਜ਼ਲੂਮ ਦੀ ਰਾਖੀ ਕਰਨੀ ਸੀ। ਗੁਰੂ ਦੇ ਗਿਆਨ ਨਾਲ ਚੰਗਾ ਬਣ ਫਿਰ ਤੈਨੂੰ ਚੰਗੇ ਤੇ ਮਾੜੇ ਦੀ ਸੋਝੀ ਹੋਵੇਗੀ। ਇਹ ਪੰਗਤੀ ਬੜੀ ਫੈਸਲਾਕੁਨ ਹੈ,
‘ਮਤੁ ਕੋ ਜਾਣੈ ਜਾਇ ਅਗੈ ਪਾਇਸੀ’॥
ਜਿਸ ਮਨੁੱਖ ਦੀ ਮਾਂ ਬੋਲੀ ਪੰਜਾਬੀ ਹੈ ਤੇ ਉਸ ਨੂੰ ਵੀ ਗੁਰਬਾਣੀ ਦੀ ਸਮਝ ਨਹੀਂ ਪੈਦੀ ਤਾਂ ਫਿਰ ਯੂ.ਪੀ ਜਾਂ ਬਿਹਾਰ ਦੇ ਲੋਕਾਂ ਨੇ ਮਾੜੀ ਮੋਟੀ ਪੰਜਾਬੀ ਬੋਲੀ ਸਿੱਖ ਕੇ ਸਾਨੂੰ ਕੀ ਸਿਖਾਉਣਾ ਹੈ? ਗੁਰਬਾਣੀ ਸਿਰਫ ਪਾਠ ਕਰਨ ਦਾ ਵਿਸ਼ਾ ਨਹੀਂ ਸਗੋਂ ਸਮਝਣ-ਸਮਝਾਉਣ ਤੇ ਉਸ ਤੇ ਅਮਲ ਕਰਨ ਦਾ ਵਿਸ਼ਾ ਹੈ।
ਹੱਥ ਮਾਲਾ ਸਿਰ ਕੁਲਹਾ ਧਰ ਉੱਠ ਹੋ ਸਲਾਮੀ। ਜਾਂ ਫਿਰ ਖੰਡਾ ਪਕੜ ਲੈ ਪੇਸ਼ਾ ਸੁਲਤਾਨੀ।
ਦਸ਼ਮੇਸ਼ ਵਿਦਿਯਾਲੇ ਦੇ ਵਿਦਿਆਰਥੀਆਂ ਨੇ ਪੈਸਾ ਕਮਾਉਣ ਨੂੰ ਹੀ ਪੇਸ਼ਾ ਸੁਲਤਾਨੀ ਸਮਝ ਲਿਆ ਹੈ ਤੇ ਖੰਡੇ ਦੀ ਥਾਂ ਤਬਲਾ ਜਾਂ ਹਾਰਮੋਨੀਅਮ ਪਕੜ ਲਿਆ ਹੈ। ਫੈਸਲਾ ਹੁਣ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਗੁਰਦਵਾਰਿਆਂ ਵਿਚ ਉਨ੍ਹਾ ਨੂੰ ਕੱਪ-ਪਲੇਟਾਂ ਸਾਫ ਕਰਨ ਵਾਲੇ ਰਾਗੀ, ਢਾਡੀ, ਕਥਾ ਵਾਚਕ ਜਾਂ ਗਰੰਥੀ ਚਾਹੀਦੇ ਹਨ ਜਾਂ ਫਿਰ ਉਪਦੇਸ਼ ਦੇਣ ਵਾਲੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ#
647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਸਿੱਖੋ! ਬਚੋ ਹਰੀਦੁਆਰ ਰਿਸ਼ੀਕੇਸ਼ ਦਸ਼ਮੇਸ਼ ਵਿਦਿਯਾਲੇ ਤੋਂ
Page Visitors: 2645