ਸਿੱਖ ਰਹਤ ਮਰਯਾਦਾ ਵਿੱਚ ਰਲ਼ਾਏ ਅੰਸ਼ਾਂ ਨੂੰ ਕੌਣ ਬਦਲੇਗਾ ?
ਸਿੱਖ ਰਹਤ ਮਰਯਾਦਾ ਵਿੱਚ ਰਲ਼ਾਏ ਬਿੱਪਰਵਾਦੀ/ਬ੍ਰਾਹਮਣਵਾਦੀ/ਸਨਾਤਨਵਾਦੀ ਅੰਸ਼ਾਂ ਨੂੰ ਕੌਣ ਬਦਲੇਗਾ ?
ਸੰਨ 1931 ਤੋਂ 1945 ਤਕ ਬਣਾਈ ਸਿੱਖ ਰਹਤ ਮਰਯਾਦਾ ਵਿੱਚ ਰਲ਼ਾਏ ਬਿੱਪਰਵਾਦੀ/ਬ੍ਰਾਹਮਣਵਾਦੀ/ਸਨਾਤਨਵਾਦੀ ਅੰਸ਼ਾਂ ਨੂੰ ਕੌਣ ਬਦਲੇਗਾ, ਇਹ ਸਵਾਲ ਅੱਜ ਦੇ ਸੰਦਰਭ ਵਿੱਚ ਬਹੁਤ ਅਹਿਮ ਹੈ।
ਸਿੱਖਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਬਣਾਇਆ ਜਾ ਰਿਹਾ ਹੈ ਅਤੇ ਕੁੱਝ ਕੁ ਜਾਗਰੂਕ ਸਿੱਖਾਂ ਅਤੇ ਗਿਣਵੀਆਂ ਜਥੇਬੰਦੀਆਂ/ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਛੱਡ ਕੇ ਬਾਕੀ ਸਾਰਾ ਸਿੱਖ ਜਗਤ ਬ੍ਰਾਹਮਣਵਾਦ ਦੀ ਲਪੇਟ ਵਿੱਚ ਆ ਚੁਕਾ ਹੈ। ਇਹ ਸੱਚਾਈ ਐੱਮ. ਏ. ਮੈਕਾਲਫ਼ ਸੱਤਰ ਅੱਸੀ ਸਾਲ ਪਹਿਲਾਂ ਹੀ ਲਿਖ ਗਿਆ ਸੀ।
ਬ੍ਰਾਹਮਣਵਾਦ/ਸਨਾਤਨਵਾਦ ਆਪਣੇ ਬਰਾਬਰ ਜਾਂ ਵਿਰੋਧ ਵਿੱਚ ਖੜੀ ਕਿਸੇ ਧਿਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਨੇ ਸਨਾਤਨਵਾਦ ਦੀਆਂ ਕੁਰੀਤੀਆਂ ਤੋਂ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨਾ ਸ਼ੁਰੂ ਕੀਤਾ ਤਾਂ ਇਹ ਸੁਕਰਾਤ ਦਾ ਦੁਸ਼ਮਣ ਬਣ ਗਿਆ ਅਤੇ ਅੰਤ ਵਿੱਚ ਮੁਕੱਦਮਾਂ ਚਲਵਾ ਕੇ ਉਸ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਗਿਆ। ਸੁਕਰਾਤ ਦੇ ਚੇਲੇ ਅਫ਼ਲਾਤੂਨ ਨੇ ਆਪਣੇ ਗੁਰੂ ਦੀਆਂ ਸਿੱਖਿਆਵਾਂ ਨੂੰ ਜਗਤ ਪ੍ਰਸਿੱਧ ਬਣਾ ਦਿੱਤਾ ਜੋ ਸੁਕਰਾਤ ਨੂੰ ਸਦਾ ਲਈ ਅਮਰ ਕਰ ਗਈਆਂ।
ਸੱਭ ਘੱਟ ਗਿਣਤੀਆਂ ਦਾ ਖ਼ਾਤਮਾ ਕਰਨਾਂ ਜਾਂ ਅਪਣੇ ਵਿੱਚ ਸਮਾਅ ਲੈਣਾ ਹੀ ਇਸ ਦਾ ਉਦੇਸ਼ ਹੈ। ਇਹ ਆਪਣਾ ਵਾਰ ਇਕੱਲੇ ਇਕੱਲੇ ਘੱਟ ਗਿਣਤੀ ਸੰਘਠਨ ਉੱਤੇ ਵਾਰੀ ਵਾਰੀ ਕਰਦਾ ਹੈ । ਜੈਨ ਧਰਮ, ਪਾਰਸੀ ਧਰਮ ਅਤੇ ਬੁੱਧ ਧਰਮ ਨੂੰ ਇਹ ਪਹਿਲਾਂ ਹੀ ਨਿਗਲ਼ ਚੁੱਕਾ ਹੈ।
ਸਿੱਖ ਰਾਮ ਕਾਰ ਟੱਪ ਚੁੱਕੇ ਹਨ:
ਸਨਾਤਨਵਾਦ ਨੇ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਮ ਕਾਰ ਤੋਂ ਬਾਹਰ ਕਰ ਦਿੱਤਾ ਹੈ। ਇਹ ਕੰਮ ਬੜੀ ਹੁਸ਼ਿਆਰੀ ਨਾਲ਼ ਸਿੱਖਾਂ ਦੀ ਹੀ ਚੁਣੀ ਅਤੇ ਭਰੋਸੇ ਯੋਗ ਸੰਸਥਾ ਸ਼੍ਰੋ. ਕਮੇਟੀ ਰਾਹੀਂ ਕੀਤਾ ਗਿਆ। ਸਿੱਖਾਂ ਦੇ ਸ਼੍ਰੋ. ਕਮੇਟੀ ਉੱਪਰ ਬਣੇ ਵਿਸ਼ਵਾਸ ਨੂੰ ਹੀ ਸਨਾਤਨਵਾਦ ਨੇ ਆਪਣੇ ਮਨੋਰਥ ਦੀ ਪੂਰਤੀ ਲਈ ਵਰਤਿਆ। ਸੰਨ 1920-25 ਸਮੇਂ ਗੁਰਦੁਆਰਿਆਂ ਵਿੱਚੋਂ ਮਹੰਤਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲ਼ੀ ਸ਼੍ਰੋ. ਕਮੇਟੀ ਹੀ ਸੀ ਜਿਸ ਦੀ ਸਫ਼ਲਤਾ ਤੋਂ ਵੱਟ ਖਾ ਕੇ ਸਿੱਖਾਂ ਤੋਂ ਬਦਲਾ ਲੈਣ ਦੀ ਭਾਵਨਾ ਨਾਲ਼ ਸੰਨ 1925 ਵਿੱਚ ਹੀ ਸਨਾਤਨਵਾਦੀ ਜਥੇਬੰਦੀ ਆਰ. ਐੱਸ. ਐੱਸ. ਦੀ ਸਥਾਪਨਾ ਕੇ.ਬੀ.ਹੈੱਡਗਵਾਰ ਦੀ ਪ੍ਰਧਾਨਗੀ ਨਾਲ਼ ਹੋ ਗਈ।
ਸਿੱਖਾਂ ਵਿੱਚ ਕੋਈ ਆਪਸੀ ਲੜਾਈ ਨਹੀਂ ਹੋਣੀ ਸੀ:
ਸਿੱਖ ਰਹਤ ਮਰਯਾਦਾ ਬਣਾਉਣ ਵਿੱਚ ਜੇ ਸ਼੍ਰੋ, ਕਮੇਟੀ, ਗੁਰੂ ਗ੍ਰੰਥ ਸਾਹਿਬ ਦੇ ਦਾਇਰੇ ਵਿੱਚ ਹੀ ਰਹਿੰਦੀ, ਭਾਵ, ਗੁਰੂ ਗ੍ਰੰਥ ਸਾਹਿਬ ਦਾ , ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਵਾਲ਼ਾ ਨਿੱਤ-ਨੇਮ, ਜਿਸ ਨੂੰ ਦਸਵੇਂ ਗੁਰੂ ਜੀ ਨੇ ਵੀ ਦਮਦਮੀ ਬੀੜ ਤਿਆਰ ਕਰਨ ਸਮੇਂ ਨਹੀਂ ਬਦਲਿਆ, ਤੋੜ ਕੇ ਇਸ ਵਿੱਚ ਵਾਧੇ ਨਾ ਕਰਦੀ ਤਾਂ ਸਿੱਖਾਂ ਵਿੱਚ ਕੋਈ ਭਰਾ-ਮਾਰੂ ਜੰਗ ਨਹੀਂ ਹੋਣੀ ਸੀ ਕਿਉਂਕਿ ਸਾਰੇ ਸਿੱਖ, ਕੇਵਲ ਤੇ ਕੇਵਲ, ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਆ ਰਹੇ ਹਨ।
ਸੰਨ 1945 ਤੋਂ ਮਰਯਾਦਾ ਵਿੱਚ ਬੱਧੇ ਸਿੱਖ ਸਨਾਤਨਵਾਦੀ ਬਣੇ ਆ ਰਹੇ ਹਨ, ਜਿਸ ਦੇ ਹੇਠ ਲਿਖੇ ਕਾਰਣ ਹਨ:-
1. ਨਿੱਤਨੇਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਜੋ ਕੁੱਝ ਹੋਰ ਪੜ੍ਹਿਆ ਜਾ ਰਿਹਾ ਹੈ, ਉਹ ਹਿੰਦੂ ਮੱਤ ਅਨੁਸਾਰ ਮਾਈ ਦੁਰਗਾ ਅਤੇ ਦੇਵਤਾ ਮਹਾਂਕਾਲ਼ ਦੀ ਪੂਜਾ ਅਤੇ ਸਿਫ਼ਤਿ ਸਾਲਾਹ ਦੀ ਸਾਮੱਗ੍ਰੀ ਹੀ ਹੈ। ਇੱਥੇ ਸਨਾਤਨਵਾਦ ਆਪਣੇ ਮਨੋਰਥ ਵਿੱਚ ਸਫ਼ਲ ਹੋ ਗਿਆ ਹੈ। ਇਹ ਸਾਮੱਗ੍ਰੀ ਉਸ ਗ੍ਰੰਥ ਨਾਲ਼ ਜੋੜੀ ਗਈ ਜਿਸ ਦਾ ਨਾਂ ਸੰਨ 1897 ਵਿੱਚ ਪਹਿਲੀ ਵਾਰੀ ‘ਬਚਿੱਤ੍ਰ ਨਾਟਕ’ ਤੋਂ ‘ਦਸ਼ਮ ਗ੍ਰੰਥ’ ਰੱਖਿਆ ਗਿਆ। ‘ਦਸ਼ਮ’ ਨਾਂ ਤੋਂ ਸਿੱਖਾਂ ਨੂੰ ਭਾਵੁਕ ਕਰਨ ਦਾ ਹਥਿਆਰ ਸਨਾਤਨਵਾਦ ਦੇ ਖ਼ੂਬ ਰਾਸਿ ਆਇਆ ਹੈ। ਭਾਵੇਂ ਇਸ ਗ੍ਰੰਥ ਨੂੰ ਕਿਸੇ ਨੇ ਪੜ੍ਹਿਆ ਹੈ ਜਾਂ ਨਹੀਂ, ਬਸ ‘ਦਸ਼ਮ’ ਨਾਂ ਤੋਂ ਹੀ ਉਹ ਸਿੱਖ ਮਰ ਮਿਟਣ ਲਈ ਤਿਆਰ ਬੈਠਾ ਹੈ। ਭਾਵੇਂ ‘ਦਸ਼ਮ’ ਦਾ ਅਰਥ ਭਾਗਵਤ ਪੁਰਾਣ ਦੇ ‘ਦਸ਼ਮ ਸਕੰਧ’ ਦੀ ਕਥਾ ਹੀ ਕਿਉਂ ਨਾ ਹੋਵੇ ਪਰ ਸਿੱਖ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਹ ਤਾਂ ‘ਦਸ਼ਮ’ ਨਾਂ ਤੋਂ ਆਪ ਹੀ ਇਸ ਗ੍ਰੰਥ ਨੂੰ ਦਸਵੇਂ ਗੁਰੂ ਜੀ ਦੀ ਲਿਖਤ ਮੰਨੀ ਬੈਠਾ ਹੈ। ਜਿਨ੍ਹਾਂ ਸਿੱਖ ਵਿਦਵਾਨਾਂ ਨੇ ਦਸ਼ਮ ਗ੍ਰੰਥ ਨੂੰ ਪੂਰਾ ਪੜ੍ਹਿਆ ਅਤੇ ਵੀਚਾਰਿਆ ਹੈ ਉਨ੍ਹਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਵਿੱਚੋਂ ਨਿੱਤਨੇਮ ਵਿੱਚ ਪਾਈਆਂ ਗਈਆਂ ਰਚਨਾਵਾਂ ਦੁਰਗਾ ਮਾਈ ਪਾਰਬਤੀ ਅਤੇ ਸ਼ਿਵ ਜੀ ਦੇ ਇੱਕ ਜੋਤ੍ਰਿੁਲਿੰਗਮ ਮਹਾਂਕਾਲ਼ ਦੀ ਸਿਫ਼ਤਿ ਹੀ ਕਰਦੀਆਂ ਹਨ। ਜੇ ਇਹ ਰਚਨਾਵਾਂ ਸਿੱਖਿਆਦਾਇਕ ਵੀ ਹੋਣ ਤਾਂ ਵੀ ਗੁਰੂ ਦਾ ਦਰਜਾ ਨਹੀਂ ਰੱਖਦੀਆਂ ਕਿਉਂਕਿ ਇ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਨਹੀਂ ਹਨ। ਪ੍ਰਵਾਨਤ ਬਾਣੀ ਕੇਵਲ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਵਿੱਚ ਹੀ ਦਰਜ ਹੈ।
ਕਬਿਯੋ ਬਾਚ ਬੇਨਤੀ ਚੌਪਈ:
ਇਹ ਆਪਣੇ ਆਪਿ ਆਜ਼ਾਦ ਰਚਨਾ ਨਹੀਂ ਹੈ। ਇਹ ਤ੍ਰਿਆ ਚਰਿੱਤ੍ਰ ਨੰਬਰ 404 ਦੀ ਇੱਕ ਲੰਬੀ ਰਚਨਾ ਦਾ ਇੱਕ ਹਿੱਸਾ ਹੈ। ਇਸ ਲੰਬੀ ਰਚਨਾ ਵਿੱਚ ਸ਼ਿਵ ਦੇਵਤੇ ਦਾ ਇੱਕ ਰੂਪ ਮਹਾਂਕਾਲ਼ ਦੇਹ ਧਾਰੀ ਦੇਵਤਾ ਆਪਣੀ ਪਿਆਰੀ ਮੰਗੇਤਰ ਦੂਲਹ ਦੇਈ ਸੁੰਦਰੀ ਦੀ ਮੱਦਦ ਲਈ ਦੈਤਾਂ ਨੂੰ ਮਾਰਨ ਲਈ ਲੜਦਾ ਹੈ ਅਤੇ ਜਿੱਤ ਪ੍ਰਾਪਤ ਕਰਦਾ ਹੈ। ਇਸ ਮਹਾਂਕਾਲ਼ ਦੇਵਤੇ ਨੂੰ ਬਲਵਾਨ ਸਮਝ ਕੇ ਲਿਖਾਰੀ ਵੀ ਇਸੇ ਦੇਵਤੇ ਤੋਂ ਆਪਣੀ ਰੱਖਿਆ ਦੀ ਖ਼ੈਰ ਮੰਗਦਾ ਹੈ ਜੋ ਚੌਪਈ ਤੋਂ ਸਪੱਸ਼ਟ ਹੈ।
ਦਸ਼ਮ ਗ੍ਰੰਥ ਵਿੱਚ ਵੀ ਇਸ ਚੌਪਈ ਦੇ ਮੁੱਢ ਵਿੱਚ ੴ ਵਾਹਿਗੁਰੂ ਜੀ ਕੀ ਫ਼ਤਹ॥ ਪਾ:10। ਨਹੀਂ ਲਿਖਿਆ ਗਿਆ ਜਦੋਂ ਕਿ ਗੁਟਕਿਆਂ ਵਿੱਚ ਮਨਮਰਜ਼ੀ ਨਾਲ਼ ਹੀ ਇਹ ਸਿਰਲੇਖ ਜੋੜ ਕੇ ਸਿੱਖਾਂ ਦੇ ਅੱਖੀ ਘੱਟਾ ਪਾਇਆ ਗਿਆ ਹੈ। ਚੌਪਈ ਦੇ ਛੰਦਾਂ ਦੀ ਗਿਣਤੀ ਦੇ ਅੰਕ ਵੀ ਤੋੜ ਦੱਤੇ ਹਨ ਅਤੇ ਕੁੱਝ ਬੰਦ ਉੱਝ ਹੀ ਛੱਡ ਦਿੱਤੇ ਗਏ ਹਨ ਜੋ ਸਿੱਧੇ ਤੌਰ ਤੇ ਦੁਰਗਾ ਦੀ ਕਿਰਪਾ ਹੋਣ ਦੀ ਗੱਲ ਕਰਦੇ ਹਨ। ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੋਂ ਇਹ ਘੱਟਾ ਹੁਣ ਤਕ ਵੀ ਦੁਨੀਆਂ ਭਰ ਦੇ ਸਿੱਖਾਂ ਦੀਆਂ ਅੱਖਾਂ ਵਿੱਚ, ਟੀ ਵੀ ਬ੍ਰਾਡਕਾਸਟ ਰਾਹੀਂ, ਪਾਇਆ ਜਾ ਰਿਹਾ ਹੈ ਜਦੋਂ ਕਿ ਹੁਣ ਅਨਪੜ੍ਹਤਾ ਦਾ ਜ਼ਮਾਨਾ ਨਹੀਂ ਰਹਿ ਗਿਆ।
ਸੰਨ 1945 ਵਿੱਚ ਪ੍ਰਵਾਨ ਕੀਤੀ ਰਹਤ ਮਰਯਾਦਾ ਵਿੱਚ ਚੌਪਈ ਨਾਲ਼ ਰਾਮਾਇਣ (ਰਾਮਾਵਤਾਰ ਬੰਦ ਨੰਬਰ 963 ਅਤੇ 964) ਵਿੱਚੋਂ ਦੋ ਹੋਰ ਕੱਚੀਆ ਰਚਨਾਵਾਂ ਦਾ ਵਾਧਾ ਕੀਤਾ ਗਿਆ ਜੋ ਸੰਨ 1936 ਵਿੱਚ ਬਣਾਈ ਰਹਤ ਮਰਯਾਦਾ ਵਿੱਚ ਨਹੀਂ ਸੀ। ਇਹ ਚੌਪਈ ਪੜ੍ਹ ਕੇ ਸਿੱਖ ਨਿੱਤ ਹੀ ਦੇਹਧਾਰੀ ਦੇਵਤੇ ਮਹਾਂਕਾਲ਼, ਜਿਸ ਦਾ ਮੰਦਰ ਉਜੈਨ ਵਿੱਚ ਹੈ ਅਤੇ ਜਿਥੋਂ ਸ਼ਰਾਬ ਆਦਿਕ ਦਾ ਪ੍ਰਸ਼ਾਦ ਮਿਲ਼ਦਾ ਹੈ, ਦੀ ਸਿਫ਼ਤਿ ਕਰਦੇ ਆਪਣੇ ਸ਼ਹਿਨਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ।
ਅਰਦਾਸਿ ਨੇ ਕੀ ਚੰਦ ਚਾੜ੍ਹਿਆ ਹੈ:
ਅਰਦਾਸਿ ਨੇ ਸਿੱਖਾਂ ਨੂੰ ਇਹ ਸਿਖਾ ਦਿੱਤਾ ਹੈ ਕਿ ਸਾਰੇ ਗੁਰੂ ਦੁਰਗਾ ਦੇਵੀ ਦੇ ਉਪਾਸ਼ਕ ਸਨ। ਅਰਦਾਸਿ ਰਾਹੀਂ ਸਿੱਖ ਗੁਰੂ ਨਾਨਕ ਪਾਤਿਸ਼ਾਹ ਨੂੰ ਦੁਰਗਾ ਦੇਵੀ ਤੋਂ ਛੋਟਾ ਕਰ ਰਹੇ ਹਨ ਜਦੋਂ ਕਹਿੰਦੇ ਹਨ- ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਸਿੱਖਾਂ ਨੂੰ ਇਹ ਵੀ ਪਤਾ ਹੈ ਕਿ- ‘ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥’ , ਫਿਰ ਵੀ ਇਹ ਕਹਿਣ ਤੋਂ ਸੰਕੋਚ ਨਹੀਂ ਕਰਦੇ ਕਿ ਪਹਿਲਾਂ ਦੁਰਗਾ ਮਾਈ ਨੂੰ ਯਾਦ ਕਰਨਾ, ਭਾਵ ਪਹਿਲਾਂ ਹਿੰਦੂ ਬਣਨਾ ਹੈ, ਤੇ ਪਿੱਛੋਂ ਬਾਬਾ ਨਾਨਕ ਆਖਣਾ ਹੈ। { ਅਸਲ ਅਰਥ ਪਹਿਲੀ ਪੰਕਤੀ ਦੇ ਹਨ- ਪਹਿਲਾਂ ਦੁਰਗਾ ਮਾਈ ਪਾਰਬਤੀ ਨੂੰ ਚੇਤੇ ਕਰ ਜੋ ਗੁਰੂ ਨਾਨਕ ਨੇ ਵੀ ਧਿਆ ਲਈ ਹੈ।} ਪਹਿਲੀ ਪਉੜੀ ਗੁਰੂ ਪਾਤਿਸ਼ਾਹਾਂ ਦੀ ਯਾਦ ਨਹੀਂ ਸਗੋਂ ਦੁਰਗਾ ਦਾ ਹੀ ਪਾਠ ਹੈ ਕਿਉਂਕਿ ਸਾਰੀਆਂ 55 ਪਉੜੀਆਂ ਹੀ ‘ਦੁਰਗਾ ਪਾਠ’ ਬਣਾਇਆ ਗਿਆ ਹੈ, ਲਿਖਾਰੀ ਆਪਿ ਮੰਨਦਾ ਹੈ ਭਾਵੇਂ ਸਿੱਖ ਖ਼ੁਦ ਹੀ ‘ਵਾਰ ਦੁਰਗਾ ਕੀ’ ਦੇ ਲਿਖਾਰੀ ਦੀ ਗੱਲ ਨਹੀਂ ਮੰਨਦੇ।
ਕੌਣ ਤਬਦੀਲੀ ਕਰੇ?
-ਗੁਰੂ ਗ੍ਰੰਥ ਸਾਹਿਬ ਦੇ ਨਿੱਤ-ਨੇਮ ਅਤੇ ਅਰਦਾਸਿ ਨਾਲ਼ ਸਿੱਖਾਂ ਨੂੰ ਮੁੜ ਕੌਣ ਜੋੜੇ?
-ਕੀ ਸ਼੍ਰੋ. ਕਮੇਟੀ ਜੋੜੇ ਜੋ ਆਪਿ ਹੀ ਸਨਾਤਨਵਾਦ ਨਾਲ਼ ਜੁੜੀ ਹੋਈ ਹੈ, ਭਾਵੇਂ ਜੁੜਨ ਦਾ ਕਾਰਣ ਕੁੱਝ ਵੀ ਹੋਵੇ?
- ਕੀ ਸ਼੍ਰੋ. ਕਮੇਟੀ ਜੋੜੇ ਜਿਸ ਨੇ ਆਪ ਹੀ ਸਿੱਖ ਗੁਰੂ ਪਾਤਿਸ਼ਾਹਾਂ ਪ੍ਰਤੀ ਅੱਤ ਦਰਜੇ ਦੀ ਘਟੀਆ ਸ਼ਬਦਾਵਲੀ ਵਰਤ ਕੇ ਸੰਨ 1999 ਵਿੱਚ ‘ਸਿੱਖੋਂ ਕਾ ਇਤਿਹਾਸ’ ਨਾਂ ਦੀ ਕਿਤਾਬ ਹਿੰਦੀ ਭਾਸ਼ਾ ਵਿੱਚ ਆਪਣੀ ਮੁਹਰ ਨਾਲ਼ ਛਪਵਾਈ?
-ਕੀ ਸ਼੍ਰੋ. ਕਮੇਟੀ ਜੋੜੇ ਜਿਸ ਨੇ ਆਰ. ਐੱਸ. ਐੱਸ. ਦੇ ਬੰਦੇ ਨੂੰ ‘ਮੁੱਖ ਸਕੱਤਰ’ ਦਾ ਅਣਅਧਿਕਾਰਤ ਅਹੁਦਾ ਦੇ ਕੇ ਗੋਲਕ ਵਿੱਚੋਂ 3 ਲੱਖ 45 ਹਜ਼ਾਰ ਰੁਪਏ ਮਹੀਨਾ ਉਸ ਉੱਤੇ ਤਨਖ਼ਾਹ ਅਤੇ ਰਿਹਾਇਸ਼ ਲਈ ਖ਼ਰਚ ਕੀਤੇ?
- ਕੀ ਸ਼੍ਰੋ. ਕਮੇਟੀ ਜੋੜੇ ਜਿਸ ਨੇ ਰਹਤ ਮਰਯਾਦਾ ਦੀ ਕੀਰਤਨ ਮੱਦ ਵਿੱਚ ਤਬਦੀਲੀ ਕਰ ਕੇ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦਾ ਕੀਰਤਨ ਕਰਨ ਦੀ ਖੁੱਲ੍ਹ ਦੇ ਕੇ ਸਨਾਤਨਵਾਦ ਨੂੰ ਖ਼ੁਸ਼ ਕੀਤਾ ਅਤੇ ਸਿੱਖਾਂ ਵਿੱਚ ਭਰਾ-ਮਾਰੂ ਜੰਗ ਨੂੰ ਹੋਰ ਹਵਾ ਦਿੱਤੀ?
- ਕੀ ਜਥੇਦਾਰ ਆਪਣੇ ਤੌਰ 'ਤੇ ਗੁਰਮਤਾ ਕਰ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਿੱਤ-ਨੇਮ ਅਤੇ ਅਰਦਾਸਿ ਨਾਲ਼ ਜੋੜਨਗੇ, ਜੋ ਸ਼੍ਰੋ. ਕਮੇਟੀ ਦੇ ਮੁਲਾਜ਼ਮ ਹੋਣ ਕਰਕੇ ਉਸ ਵਿਰੁੱਧ ਸੋਚਣ ਦੀ ਗੱਲ ਹੀ ਨਹੀਂ ਕਰ ਸਕਦੇ? ਸਿੱਖ ਜਗਤ ਇਨ੍ਹਾਂ ਦੀ ਸੋਚ ਬਾਰੇ ਚੰਗੀ ਤਰ੍ਹਾਂ ਜਾਣ ਚੁੱਕਾ ਹੈ ਜੋ ਸੌਦਾ ਸਾਧ ਦੇ ਸੰਬੰਧ ਵਿੱਚ ਹੋਇਆ।
-ਸਿੱਖਾਂ ਦੀ ਵਾੜ ਦੀ ਅਸਮਰੱਥਾ ਉੱਪਰ ਬਿਆਨ ਕੀਤੀ ਜਾ ਚੁੱਕੀ ਹੈ। ਦੱਸੋ ਹੁਣ ਸਿੱਖ ਕੀ ਕਰਨ?
-ਜੇ ਕਿਸੇ ਡਾਕਟਰ ਦੀ ਦਿੱਤੀ ਦਵਾਈ ਨਾਲ਼ ਰੋਗ ਵਿੱਚ ਵਾਧਾ ਹੁੰਦਾ ਹੋਵੇ ਤਾਂ ਕੀ ਇਹ ਸਿਆਣਪ ਹੈ ਕਿ ਉਸੇ ਡਾਕਟਰ ਦੀ ਓਹੀ ਦਵਾਈ ਕੋਈ ਖਾਈ ਜਾਵੇ?
-ਕਿੰਨਾ ਕੁ ਚਿਰ ਸਿੱਖ ਸਨਾਤਨਵਾਦ ਦੀ ਚੁੰਗਲ਼ ਵਿੱਚ ਫ਼ਸ ਕੇ ਗੁਰੂ ਪਾਤਿਸ਼ਾਹ ਦੇ ਦੱਸੇ ਸ਼ਾਹੀ ਮਾਰਗ ਤੋਂ ਪਾਸੇ ਤੁਰੇ ਰਹਿਣਗੇ?
-ਗੁਰੂ ਗ੍ਰੰਥ ਸਾਹਿਬ ਦੇ ਸਾਮ੍ਹਣੇ ਖੜ੍ਹੇ ਹੋ ਕੇ ਕਿੰਨਾ ਕੁ ਚਿਰ ਸਿੱਖ ਬਾਬਾ ਨਾਨਕ ਦਾ ਨਿਰਾਦਰ ਕਰ ਕੇ ਦੁਰਗਾ ਮਾਈ ਪਾਰਬਤੀ ਨੂੰ ਵਡਿਆਉਂਦੇ ਰਹਿਣਗੇ?
ਕੀ ਕੀਤਾ ਜਾਵੇ?
ਸਿੱਖ ਸੰਗਤਾਂ ਆਪਣੇ ਰੱਖੇ ਗ੍ਰੰਥੀ ਸਿੰਘਾਂ ਕੋਲ਼ੋ ਗੁਰੂ ਗ੍ਰੰਥ ਸਾਹਿਬ ਵਿੱਚ ਬਖ਼ਸ਼ੀ ਅਗਵਾਈ ਲੈ ਕੇ (ਜਿਵੇਂ ਵਰਜੀਨੀਆ ਵਿੱਚ ਹੋਇਆ ਹੈ) ਗੁਰਦੁਆਰਾ ਕਮੇਟੀਆਂ ਨਾਲ਼ ਸਲਾਹ ਮਸ਼ਵਰਾ ਕਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਿੱਤ-ਨੇਮ ਲਾਗੂ ਕਰਨ ਦੀ ਸਮਰੱਥਾ ਰੱਖਦੀਆਂ ਹਨ। ਅਰਦਾਸਿ ਵਿੱਚੋਂ ‘ਵਾਰ ਦੁਰਗਾ ਕੀ’ ਦੀ ‘ਦੁਰਗਾ ਪਾਠ’ ਵਾਲ਼ੀ ਪਾਈ ਪਹਿਲੀ ਪਉੜੀ ਪੜ੍ਹਨੀ ਬੰਦ ਕਰ ਕੇ, ਕੇਵਲ ਦਸ ਗੁਰੂ ਪਾਤਿਸ਼ਾਹਾਂ ਦੇ ਨਾਂ ਲੈ ਕੇ ਅਰਦਾਸਿ ਸ਼ੁਰੂ ਕਰਵਾ ਸਕਦੀਆਂ ਹਨ ਅਤੇ ਸਭ ਥਾਈਂ ਹੋਣਾ ਜੀ ਸਹਾਇ ਤੋਂ ਪਿੱਛੋਂ ਧੰਨੁ ਧੰਨੁ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਗੁਰੂ ਕਹਿ ਕੇ ਅੱਗੋਂ ਲਿਖੀ ਹੋਈ ਮਰਯਾਦਾ ਵਾਲ਼ੀ ਅਰਦਾਸਿ ਜਾਰੀ ਰੱਖੀ ਜਾ ਸਕਦੀ ਹੈ।
ਜੇ ਅਜਿਹਾ ਕਰ ਲਿਆ ਜਾਵੇ:
ਸਨਾਤਨਵਾਦ ਦੇ ਜੂਲ਼ੇ ਨੂੰ ਪਰੇ ਵਗਾਹ ਮਾਰਨ ਵਿੱਚ ਇਹ ਕਾਰਵਾਈ ਮੀਲ ਪੱਥਰ ਸਾਬਤ ਹੋਵੇਗੀ। ਆਪਣੇ ਤੌਰ 'ਤੇ ਘਰ ਬੈਠਾ ਕੋਈ ਜੋ ਮਰਜ਼ੀ ਪੜ੍ਹੇ ਜਿੰਨਾਂ ਚਿਰ ਗਿਆਨ ਦੀ ਉਸ ਦੀ ਅੱਖ ਨਹੀਂ ਖੁੱਲ੍ਹਦੀ, ਪਰ ਸੰਗਤੀ ਤੌਰ 'ਤੇ ਇਹ ਤਬਦੀਲੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਵਾਲ਼ੀ ਰਾਮ ਕਾਰ ਦੇ ਦਾਇਰੇ ਵਿੱਚ ਮੁੜ ਤੋਂ ਲੈ ਆਵੇਗੀ।
ਸਿੱਖੋ! ਲਛਮਣ ਰੇਖਾ ਟੱਪ ਗਈ ਸੀਤਾ ਨੂੰ ਮੋੜ ਲਿਆਉਣ ਵਿੱਚ ਸ਼੍ਰੀ ਰਾਮ ਸਮਰੱਥ ਹੋ ਨਿਬੜਿਆ ਸੀ। ਹੁਣ ਕਿਹੜੇ ਰਾਮ ਦੀ ਉਡੀਕ ਰੱਖਦੇ ਹੋ?
ਉਹ ਰਾਮ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਆਪ ਹੀ ਬਣਨਾ ਪਵੇਗਾ। ਜਿਨਾਂ ਗੁਰਦੁਆਰਿਆਂ ਵਿੱਚ ਇਹ ਤਬਦੀਲੀ ਕੀਤੀ ਜਾ ਚੁੱਕੀ ਹੈ, ਉਥੇ ਸ਼ਾਂਤੀ ਹੈ। ਫਿਨਲੈਂਡ, ਕਲੀਵਲੈਂਡ, ਵਰਜੀਨੀਆ ਆਦਿਕ ਵਿੱਚ ਕੁੱਝ ਗੁਰਦੁਆਰਿਆਂ ਵਿੱਚ ਸਿੱਖ ਮੁੜ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਏ ਹਨ।
ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ ਹੋਵੇ!
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
...........................................
ਇਕ ਸਵਾਲ_ ਕੀ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ੴ ਵਾਹਿਗੁਰੂ ਜੀ ਕੀ ਫ਼ਤਹ ਲਿਖਿਆ ਹੈ ?
ਟਿੱਪਣੀ:- ਬਹੁਤ ਸੋਚ-ਵਿਚਾਰ ਮਗਰੋਂ ਲਿਖ ਰਿਹਾ ਹਾਂ ਕਿ, ਚਾਹੀਦਾ ਤਾਂ ਇਹੀ ਹੈ ਕਿ ਸਿੱਖਾਂ ਨਾਲ ਸਬੰਧਤ ਸਾਰੇ ਮਸਲ੍ਹੇ ਸਰਵ-ਸੰਮਤੀ ਨਾਲ ਨਬੇੜੇ ਜਾਂਦੇ, ਪਰ ਕੀ ਇਹ ਰਲੇ ਜਿਨ੍ਹਾਂ ਦਾ ਰੌਲਾ ਹੈ, ਉਹ ਵੀ ਸਰਵ-ਸੰਮਤੀ ਨਾਲ ਪਾਏ ਗਏ ਹਨ ?
(ਅਜਿਹਾ ਨਹੀਂ ਹੈ, ਇਹ ਸਾਰੇ ਚੋਰੀ ਪਾਏ ਗਏ ਹਨ, ਅਤੇ ਇਨ੍ਹਾਂ ਨੂੰ ਪਾਉਣ ਵਾਲਿਆਂ ਦਾ ਮਨੋਰਥ ਸਿੱਖੀ ਦਾ ਭਲਾ ਕਰਨਾ ਨਹੀਂ ਬਲਕਿ ਸਿੱਖੀ ਦੀ ਬੇੜੀ ਵਿਚ ਵੱਟੇ ਪਾਉਣਾ ਹੈ।)
ਅੱਜ-ਕਲ ਤਾਂ ਗੁਰਦਵਾਰਾ ਪ੍ਰਬੰਧਕਾਂ ਵਲੋਂ ਆਮ ਸੁਣਿਆ ਜਾਂਦਾ ਹੈ ਕਿ, ‘ਜ਼ਿਆਦਾ ਸਿੱਖੀ ਨਾ ਝਾੜੋ, ਜਿਹੜਾ ਜਿੱਥੇ ਟਿਕਿਆ ਹੋਇਆ ਹੈ, ਓਥੇ ਹੀ ਟਿਕਿਆ ਰਹਣ ਦਿਉ’।
ਕੀ ਮੌਜੂਦਾ ਹਾਲਤ ਵਿਚ ਸਰਵ-ਸੰਮਤੀ ਨਾਲ ਕੋਈ ਫੈਸਲਾ ਕਰਨਾ ਸੰਭਵ ਹੈ ?
ਡੁਬਦੇ ਬੰਦੇ ਨੂੰ ਬਚਾਉਣ ਦਾ ਮੁਢਲਾ ਅਸੂਲ ਇਹ ਹੈ ਕਿ, ਡੁਬਦੇ ਬੰਦੇ ਨੂੰ ਇਵੇਂ ਬਚਾਉ, ਜਿਸ ਨਾਲ ਬਚਾਉਣ ਵਾਲੇ ਦੀ ਜਾਨ ਨੂੰ ਖਤਰਾ ਨਾ ਬਣੇ। ਇਸ ਨੂੰ ਵਿਚਾਰਦਿਆਂ ਇਹੀ ਬਣਦਾ ਹੈ ਕਿ ਜਿੱਥੇ ਵੀ ਸਿੱਖ ਸੂਝਵਾਨ ਹੋਣ, ਉਹ ਆਪਣੀ ਸ਼ਖਸੀ ਰਹਿਣੀ ਨੂੰ ਸੋਧਣ। ਜਿੱਥੇ-ਜਿੱਥੇ ਸੰਭਵ ਹੋਵੇ ਓਥੇ ਗੁਰਵਾਰਾ ਕਮੇਟੀਆਂ ਵਿਚ ਸੁਧਾਰ ਕੀਤਾ ਜਾਵੇ। ਕਿਸੇ ਨਾਲ ਵਿਵਾਦ ਨਾ ਕਰੋ, ਜੋ ਬਚਣਾ ਚਾਹੁੰਦਾ ਹੈ ਉਸ ਨੂੰ ਬਚਾਉ, ਜੋ ਡੁੱਬਣਾ ਚਾਹੁੰਦਾ ਹੈ, ਉਸ ਨੂੰ ਡੁੱਬਣ ਦਿਉ। ਜ਼ਿਆਦਾ ਉਡੀਕ ਪੰਥ ਲਈ ਖਤਰਨਾਕ ਹੋਵੇਗੀ।
ਸਮਾ ਆਉਣ ਤੇ ਰਲ-ਮਲ ਕੇ ਸਭ ਠੀਕ ਕਰ ਲਿਆ ਜਾਵੇਗਾ।
ਅਮਰ ਜੀਤ ਸਿੰਘ ਚੰਦੀ
ਕਸ਼ਮੀਰਾ ਸਿੰਘ (ਪ੍ਰੋ.) U.S.A.
ਸਿੱਖ ਰਹਤ ਮਰਯਾਦਾ ਵਿੱਚ ਰਲ਼ਾਏ ਅੰਸ਼ਾਂ ਨੂੰ ਕੌਣ ਬਦਲੇਗਾ ?
Page Visitors: 2560