ਕੈਟੇਗਰੀ

ਤੁਹਾਡੀ ਰਾਇ



ਪ੍ਰਿੰ: ਗੁਰਬਚਨ ਸਿੰਘ ਪੰਨਵਾਂ
ਲੰਗਰੁ ਚਲੈ ਗੁਰ ਸਬਦਿ
ਲੰਗਰੁ ਚਲੈ ਗੁਰ ਸਬਦਿ
Page Visitors: 2576

ਲੰਗਰੁ ਚਲੈ ਗੁਰ ਸਬਦਿ
ਕਿਸੇ ਵੀ ਕਿੱਤੇ ਵਿੱਚ ਦਾਖਲਾ ਲੈਣ ਲਈ ਆਪਣੀ ਯੋਗਤਾ ਸਿੱਧ ਕਰਨੀ ਪੈਂਦੀ ਹੈ। ਕੋਰਸ ਕਰਨ ਉਪਰੰਤ ਵੀ ਸਿੱਖਿਆਰਥੀਆਂ ਦੀ ਫਿਰ ਯੋਗਤਾ ਪਰਖੀ ਜਾਂਦੀ ਹੈ। ਨੌਕਰੀ ਲੈਣ ਲਈ ਜਾਂ ਕਿਸੇ ਹੋਰ ਕਿੱਤੇ ਵਿੱਚ ਦਾਖਲਾ ਲੈਣ ਲਈ ਬਿਨੇਕਾਰ ਨੂੰ ਆਪਣੀ ਯੋਗਤਾ ਸਿੱਧ ਕਰਨੀ ਪੈਂਦੀ ਹੈ। ਯੋਗਤਾ ਸਿੱਧ ਹੋਣ `ਤੇ ਹੀ ਬੇਨਤੀ ਕਰਤਾ ਨੂੰ ਨੋਕਰੀ ਜਾਂ ਦਾਖ਼ਲਾ ਮਿਲਦਾ ਹੈ।
ਪੁਰਾਣੇ ਸਮਿਆਂ ਵਿੱਚ ਕੁੱਝ ਧਾਰਮਿਕ ਅਸਥਾਨਾਂ `ਤੇ ਜਿਹੜਾ ਲੰਬਾ ਸਮਾਂ ਵੱਡੇ ਸਾਧ ਦੀ ਸੇਵਾ ਕਰਦਾ ਰਹਿੰਦਾ ਸੀ ਉਸ ਨੂੰ ਉਹ ਆਪਣੀ ਗੱਦੀ ਦੇ ਜਾਂਦਾ ਸੀ। ਅੱਜ ਕਲ੍ਹ ਬਹੁਤੇ ਸਾਧਾਂ ਦਿਆਂ ਡੇਰਿਆਂ `ਤੇ ਯੋਗਤਾ ਵਾਲੀ ਕੋਈ ਗੱਲ ਨਹੀਂ ਬਲਕੇ ਮਰ ਗਏ ਸਾਧ ਦੀ ਗੱਦੀ ਲੈਣ ਲਈ ਧਾਕੜ, ਪੁਲੀਸ ਨਾਲ ਯਰਾਨਾ, ਵਜ਼ੀਰਾਂ ਨਾਲ ਹਿੱਸਾ ਪੱਤੀ, ਜ਼ਮੀਨਾਂ `ਤੇ ਕਬਜ਼ੇ ਕਰਨ ਦੀ ਮੁਹਾਰਤ ਹੋਣੀ ਚਾਹੀਦੀ ਹੈ। ਇੱਕ ਸਾਧ ਮਰਦਾ ਹੈ ਤਾਂ ਪੰਜ ਆਪਣੇ ਆਪ ਹੀ ਪੱਗ ਬੰਨ੍ਹੀ ਫਿਰਨਗੇ ਅੱਖੇ ਸਾਨੂੰ ਵੀ ਸਾਡਾ ਬਾਬਾ ਗੱਦੀ ਵਾਸਤੇ ਆਖ ਗਿਆ ਸੀ। ਦੁੱਖ ਇਸ ਗੱਲ ਦਾ ਹੈ ਕਿ ਗੁਰਬਾਣੀ ਦਾ ਏਡਾ ਮਹਾਨ ਸਰਮਾਇਆ ਹੋਣ ਦੇ ਬਾਵਜੂਦ ਵੀ ਅੱਜ ਸਿੱਖ ਕੌਮ ਨੂੰ ਦੂਰਅੰਦੇਸ਼ੀ ਵਾਲੇ ਰਾਜਨੀਤਕ ਨੇਤਾਵਾਂ ਅਤੇ ਸਮਰਪਤ ਭਾਵਨਾ ਵਾਲੇ ਧਾਰਮਕ ਆਗੂਆਂ ਦੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ।
   ਹੋਰ ਤਾਂ ਹੋਰ ਅਸੀਂ ਅਜੇ ਤਕ ਜੱਥੇਦਾਰਾਂ ਦੀ ਚੋਣ ਲਈ ਕੋਈ ਵਿਧੀ ਵਿਧਾਨ ਹੀ ਨਹੀਂ ਬਣਾਇਆ ਹੈ। ਗੁਰਬਾਣੀ ਦੀ ਸਿਧਾਂਤਕ ਵਿਚਾਰ ਤੋਂ ਅਸੀਂ ਇੱਕ ਦੂਰੀ ਬਣਾਈ ਬੈਠੇ ਹਾਂ ਜਦ ਕਿ ਗੁਰਬਾਣੀ ਪਾਠਾਂ ਨੂੰ ਵਪਾਰ ਬਣਾਇਆ ਹੋਇਆ ਹੈ। ਜੇ ਬ੍ਰਾਹਮਣ ਵਲੋਂ ਮਨੁੱਖਤਾ ਦੀਆਂ ਪਾਈਆਂ ਵੰਡੀਆਂ, ਜੋਗੀਆਂ ਦੇ ਬਾਰ੍ਹਾਂ ਪੰਥ ਤੇ ਸੰਨਿਆਸੀਆਂ ਦੇ ਦਸ ਟੋਲਿਆਂ ਨੂੰ ਅਸੀਂ ਹਰ ਸਟੇਜ `ਤੇ ਬੈਠ ਕੇ ਭੰਡਦੇ ਹਾਂ।
ਜ਼ਰਾ ਆਪਣੇ ਘਰ ਵਲ ਵੀ ਧਿਆਨ ਨਾਲ ਦੇਖ ਲਈਏ ਕਿ ਅਸੀਂ ਵੀ ਅਜੇਹੀ ਬਿਮਾਰੀ ਤੋਂ ਮੁਕਤ ਨਹੀਂ ਹੋਏ ਹਾਂ
ਧਰਮ ਦਾ ਪਰਚਾਰ ਕਰਨ ਵਾਲੀਆਂ ਦਰਜਨਾਂ ਜੱਥੇਬੰਦੀਆਂ ਹਨ ਪਰ ਇਨ੍ਹਾਂ ਦੀ ਆਪਸ ਵਿੱਚ ਕੋਈ ਸੁਰ ਨਹੀਂ ਰਲ਼ਦੀ। ਆਪੇ ਬਣੇ ਸਾਧਾਂ-ਸੰਤਾਂ ਦੀਆਂ ਹੇੜ੍ਹਾਂ ਨੇ ਸਿੱਖ ਸਿਧਾਂਤ ਨੂੰ ਬ੍ਰਹਾਮਣੀ ਗਲੇਫ਼ ਵਿੱਚ ਲਿਬੇੜਨ ਦੀ ਕੋਈ ਕਸਰ ਨਹੀਂ ਛੱਡ ਰਹੇ। ਇਨਾਂ ਵਲੋਂ ਸਿੱਖ ਸਿਧਾਂਤ ਦਾ ਪੂਰਾ ਹਿੰਦੂਕਰਨ ਕੀਤਾ ਜਾ ਰਿਹਾ ਹੈ ਜਦ ਕਿ ਸਿੱਖ ਧਰਮ ਮਾਨਵਤਾ ਦਾ ਸਰਬ ਸਾਂਝਾ ਧਰਮ ਹੈ। ਸਾਡੀ ਸੌੜੀ ਸੋਚ ਨੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਇੱਕ ਸੀਮਤ ਕਰ ਦਿੱਤਾ ਹੈ।
‘ਲੰਗਰ ਚਲੈ ਗੁਰ ਸਬਦਿ` ਨੂੰ ਹਰ ਬੂਬਨਾ ਸਾਧ ਤੇ ਧਰਮ ਦੇ ਨਾਂ `ਤੇ ਪਰਚਾਰ ਕਰਨ ਵਾਲੇ ਇਹਨਾਂ ਦੇ ਪ੍ਰਚਾਰਕ ਆਪਣੇ ਆਪਣੇ ਢੰਗ ਨਾਲ ਪਰਚਾਰ ਕਰਨ ਵਿੱਚ ਲੱਗੇ ਹੋਏ ਹਨ। ਕੋਈ ਸਾਧ ਸ਼ਬਦ ਨੂੰ ਮੰਤਰਾਂ ਵਾਂਗ ਪੜ੍ਹਨ `ਤੇ ਜ਼ੋਰ ਦੇ ਰਿਹਾ ਹੈ; ਕੋਈ ਬ੍ਰਹਾਮਣ ਦੀ ਤਰਜ਼ `ਤੇ ਕਾਰਜ ਰਾਸ ਕਰਨ ਲਈ ਸ਼ਬਦ ਵੰਡ ਰਿਹਾ ਹੈ। ਕੋਈ ਆਪਣੀ ਉਪਜੀਵਕਾ ਵੱਸ ਅਖੰਡਪਾਠਾਂ ਦੀਆਂ ਲੜੀਆਂ ਚਲਾ ਰਿਹਾ ਹੈ। ਕੋਈ ਡੇਰਾ ਕੇਵਲ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਲਈ ਹੀ ਕਹਿ ਰਿਹਾ ਹੈ। ‘ਲੰਗਰ ਚਲੈ ਗੁਰ ਸਬਦਿ` ਨੂੰ ਕੋਈ ਸਰਬ ਰੋਗ ਕਾ ਆਉਖਧ ਨਾਮ ਦੁਆਰਾ ਨਵਾਂ ਕਰਮ-ਕਾਂਡ ਸ਼ੂਰੂ ਕਰੀ ਬੈਠਾ ਹੈ।
   ਕੁੱਝ ਕੁ ਦੁਕਾਨਦਾਰਾਂ ਨੇ ਆਪਣੇ ਵਪਾਰ ਦੇ ਵਾਧੇ ਨੂੰ ਮੁੱਖ ਰੱਖਦਿਆਂ ਸਿੱਖੀ ਸਿਧਾਂਤ ਦੀਆਂ ਝੂਲ਼ਾਂ ਹਿਲਾਉਂਦਿਆਂ ਹੋਇਆਂ ਦੁਖ ਭੰਜਨੀ ਤੇ ਸੰਕਟ ਮੋਚਨ ਦੀਆਂ ਪੋਥੀਆਂ ਛਾਪ ਦਿੱਤੀਆਂ ਹੋਈਆਂ ਨੇ। ਕੁੱਝ ਵੀਰ ਕੇਵਲ ਗੁਰਬਾਣੀ ਦੇ ਅੱਖਰੀਂ ਅਰਥਾਂ ਤੱਕ ਹੀ ਸੀਮਤ ਹਨ। ਕੋਈ ਪਰਚਾਰਕ ਸ਼ਬਦ ਗੁਰਬਾਣੀ ਦਾ ਲੈਂਦਾ ਹੈ ਤੇ ਵਿਆਖਿਆਂ ਬਿੱਪਰਵਾਦੀ ਸਿਧਾਂਤ ਦੀ ਕਰਦਾ ਦਿਸਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਲੰਗਰ ਚਲਾ ਕੇ ਹਰ ਮਨੁੱਖ ਨੂੰ ਮੁੱਢਲ਼ੀ ਅਜ਼ਾਦੀ, ਵਿਦਿਆ ਹਾਸਲ ਕਰਨ, ਇਖ਼ਲਾਕੀ ਕਦਰਾਂ ਕੀਮਤਾਂ ਨੂੰ ਧਾਰਨ ਕਰਨ ਦੀ ਰੂਹਾਨੀਅਤ ਦਾ ਵਲ਼ ਸਮਝਾਇਆ ਹੈ। ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਲਾ ਆਪਣੇ ਸਤਿਗੁਰ ਵਿੱਚ ਹੀ ਸਮਾ ਜਾਂਦਾ ਹੈ---
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ।।
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ
।। ੧।। ਰਹਾਉ।।
ਅੱਖਰੀਂ ਅਰਥ---ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿੱਚ ਲੀਨ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਗੁਣਾਂ ਵਾਲੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਕਾਇਮ ਕਰਨ ਲਈ ਦਸ ਭਾਗਾਂ ਵਿੱਚ ਵੰਡਿਆ ਸੀ। ਭਾਵ ਦਸ ਗੁਰੂ ਸਹਿਬਾਨ ਦੀ ਇੱਕ ਵਿਚਾਰਧਾਰਾ, ਇੱਕ ਸੋਚ, ਇੱਕ ਜੀਵਨ ਜੁਗਤੀ ਨੇ ਦੁਨੀਆਂ ਨੂੰ ਨਵਾਂ ਅਜ਼ਾਦੀ ਵਾਲਾ ਜੀਵਨ ਦਿੱਤਾ। ਭਾਈ ਸੱਤਾ ਜੀ ਦੂਜੀ ਪਉੜੀ ਵਿੱਚ ਫਰਮਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਬਖਸ਼ੀ ਹੋਈ ਗੁਰ-ਸ਼ਬਦ ਦੀ ਦਾਤ ਭਾਈ ਲਹਿਣਾ ਜੀ ਵੰਡ ਰਹੇ ਹਨ, ਜਿਸ ਦੀ ਜੋਤ ਤੇ ਜੁਗਤੀ ਗੁਰੂ ਨਾਨਕ ਸਾਹਿਬ ਵਾਲੀ ਹੈ—
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।।
ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।।
ਝੁਲੈ ਸੁ ਛਤੁ ਨਿਰੰਜਨੀ, ਮਲਿ ਤਖਤੁ ਬੈਠਾ ਗੁਰ ਹਟੀਐ।।
ਕਰਹਿ ਜਿ ਗੁਰ ਫੁਰਮਾਇਆ, ਸਿਲ ਜੋਗੁ ਅਲੂਣੀ ਚਟੀਐ।।
ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।
ਖਰਚੇ ਦਿਤਿ ਖਸੰਮ ਦੀ, ਆਪ ਖਹਦੀ ਖੈਰਿ ਦਬਟੀਐ।।
ਹੋਵੈ ਸਿਫਤਿ ਖਸੰਮ ਦੀ, ਨੂਰੁ ਅਰਸਹੁ ਕੁਰਸਹੁ ਝਟੀਐ।।
ਤੁਧੁ ਡਿਠੇ ਸਚੇ ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ।।
ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ।।
ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨੑ ਮੁਰਟੀਐ।।
ਦਿਲਿ ਖੋਟੈ ਆਕੀ ਫਿਰਨਿੑ, ਬੰਨਿੑ ਭਾਰੁ ਉਚਾਇਨਿੑ ਛਟੀਐ।।
ਜਿਨਿ ਆਖੀ ਸੋਈ ਕਰੇ, ਜਿਨਿ ਕੀਤੀ ਤਿਨੈ ਥਟੀਐ।।
ਕਉਣੁ ਹਾਰੇ, ਕਿਨਿ ਉਵਟੀਐ
।। ੨।।
ਅੱਖਰੀਂ ਅਰਥ -— (ਜਦੋਂ ਗੁਰੂ ਨਾਨਕ ਜੀ ਨੇ ਗੁਰਿਆਈ ਦਾ ਫਰਜ਼ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਜੀ) ਨੇ (ਕੇਵਲ ਸਰੀਰ ਹੀ) ਵਟਾਇਆ ਸੀ।
(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਜੀ ਦੀ ਹੱਟੀ ਵਿੱਚ (ਬਾਬਾ ਲਹਣਾ) (ਗੁਰੂ ਨਾਨਕ ਜੀ ਪਾਸੋਂ ‘ਨਾਮ` ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ। (ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ—ਇਹ “ਹੁਕਮ ਪਾਲਣ” -ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।
(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ-ਦਾਤਿ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ, (ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿੱਚ ਕੋਈ ਘਾਟਾ ਨਹੀਂ ਪੈਂਦਾ।
(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ। ਹੇ ਸੱਚੇ ਸਤਿਗੁਰੂ (ਅੰਗਦ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ।
(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ; (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ। (ਪਰ ਜੀਵਾਂ ਦੇ ਕੀਹ ਵੱਸ ਹੈ ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ। ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ। ੨।
 
ਪ੍ਰਿੰ: ਗੁਰਬਚਨ ਸਿੰਘ ਪੰਨਵਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.