ਸਾਡੀ “ਸੋਦਰ” ਕਿਹੜੀ?
ਸਿੱਖ ਇਤਿਹਾਸ ਦੇ ਪੰਨਿਆ ਨੂੰ ਘੋਖਣ ਤੋਂ ਪਤਾ ਲਗਦਾ ਹੈਕਿ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਮਾ ਵੇਲੇ ‘ਸੋ ਦਰ’ ਬਾਣੀ ਦਾ ਪਹਿਲਾ ਸ਼ਬਦ “ਸੋ ਦਰ ਤੇਰਾ ਕੇਹਾ ਸੋ ਘਰ ਕੇਹਾ” ਪੜਨ ਦੀ ਮਰਯਾਦਾ ਕਾਇਮ ਕੀਤੀ।
ਪੰਜਵੇਂ ਜਾਮੇ ਵਿੱਚ ਧੰਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਰੂਪ ਵਿੱਚ ਜੱਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਨਿਤਨੇਮ ਪਕੇ ਪੈਰੀਂ ਕਾਇਮ ਕੀਤਾ ਅਤੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਵੇਲੇ ਪੜਨ ਜਾਣ ਵਾਲੀ ਬਾਣੀ “ਜਪੁ” ਸ਼ਾਮਾ ਵੇਲੇ “ਸੋ ਦਰ” ਤੇ “ਸੋ ਪੁਰਖ” ਨੂੰ ਇਕਠਾ ਕੀਤਾ। ਸੌਣ ਵੇਲੇ “ਸੋਹਿਲਾ ਸਾਹਿਬ” ਦਾ ਵਿਧਾਨ ਕਾਇਮ ਕੀਤਾ। ਪਹਿਲੇ 13 ਅੰਗਾਂ ਵਿੱਚ ਜਪੁ, ਸੋਦਰ, ਸੋਪੁਰਖ, ਅਤੇ ਸੋਹਿਲਾ ਸਾਹਿਬ ਅੰਕਤ ਕੀਤਾ। ਉਸ ਤੋਂ ਬਆਦ ਰਾਗਾਂ ਦੀ ਤਰਤੀਬ ਬਣਾਕੇ ਸਮੁਚੀ ਬਾਣੀ ਦਰਜ ਕੀਤੀ ਗਈ।
ਸੋ ਦਰ ਬਾਣੀ ਵਿੱਚ ਧੰਨ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ‘ਸੋ ਦਰ ਤੇਰਾ ਕੇਹਾ ਸੋ ਘਰ ਕੇਹਾ’ ਦੇ ਨਾਲ ਬਾਣੀ ਵਿੱਚੋਂ ਅੱਠ (8) ਸ਼ਬਦਾਂ ਦੀ ਆਪ ਚੌਣ ਕਰਕੇ “ਸੋ ਦਰ” ਦਾ ਸਮੁੱਚਾ ਸਰੂਪ ਕਾਇਮ ਕੀਤਾ ਜੋ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਹੈ:-
“ਆਸਾ ਮ: 1, ਸੁਣਿ ਵਡਾ ਆਖੈ ਸਭੁ ਕੋਇ,
ਆਸਾ ਮ: 1, ਆਖਾ ਜੀਵਾ ਵਿਸਰੈ ਮਰਿ ਜਾਉ,
ਰਾਗ ਗੂਜਰੀ ਮ: 4, ਹਰਿ ਕੇ ਜਨ ਸਤਿਗੁਰ ਸਤ ਪੁਰਖਾ,
ਰਾਗ ਗੂਜਰੀ ਮ; 5, ਕਾਹੇ ਰੇ ਮਨ ਚਿਤਵਹਿ ਉਦਮੁ,
ਅਤੇ ਸੋ ਪੁਰਖ ਸਿਰਲੇਖ ਹੇਠ:-ਰਾਗ ਆਸਾ ਮ: 4 ਸੋ ਪੁਰਖੁ ੴ ਸਤਿਗੁਰ ਪ੍ਰਸਾਦਿ॥ ਸੋ ਪੁਰਖ ਨਿਰਜਨੁ,
ਆਸਾ ਮ: 4, ਤੂੰ ਕਰਤਾ ਸਚਿਆਰੁ ਮੈਡਾ ਸਾਈ,
ਆਸਾ ਮ: 1 ਤਿਤੁ ਸਰਵਰੜੈ ਭਾਈਲੇ ਨਿਵਾਸਾ,
ਆਸਾ ਮ: 5 ਭਾਈ ਪਰਾਪਤਿ ਮਾਨੁਖ ਦੇਹੁਰੀਆ”
ਇਹ ਸਮੁਚੇ ਨੌਂ (9) ਸ਼ਬਦਾ ਦਾ ਸੁਮੇਲ ਹੀ “ਸੋ ਦਰ” ਹੈ।
ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ “ਦੇਹਧਾਰੀ ਗੁਰੂ” ਦੀ ਪ੍ਰੰਮਪਰਾ ਨੂੰ ਹਮੇਸ਼ਾ ਲਈ ਸਮਾਪਿਤ ਕਰਕੇ ਸ਼ਬਦ ਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਤੇ ਪ੍ਰਕਾਸ਼ ਕਰਕੇ ਹਕੁਮ ਕੀਤਾ ਕਿ ਅਜ ਤੋਂ ਬਆਦ ਜੁਗੋ ਜੁੱਗ ਅਟੱਲ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ। ਬਾਣੀ ਅੰਦਰਲੀ ਤਰਤੀਬ, ਮਰਯਾਦਾ ਜੋ ਪੰਜਵੇ ਜਾਮੇ ਵਿੱਚ ਕਾਇਮ ਕੀਤੀ ਉਸ ਨੂੰ ਉਵੇ ਹੀ ਕਾਇਮ ਰਖਿਆ।
ਫਿਰ ਕਿਤਨੀ ਅਜੀਬ ਗਲ ਹੈਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਅਨੇਕਾ ਹੀ ਜੱਥੇ, ਟਕਸਾਲਾਂ, ਡੇਰੇਦਾਰਾਂ, ਸ਼ਰੋਮਣੀ ਕਮੇਟੀਆਂ ਨੇ ਆਪੋ ਆਪਣੀਆਂ ਬਣਾਈਆਂ ਮਰਯਾਦਾ ਦੇ ਨਾਮ ਥੱਲੇ “ਸੋ ਦਰ” ਬਾਣੀ ਦਾ ਸਰੂਪ ਜੋ ਧੰਨ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਕਾਇਮ ਕੀਤਾ ਹੈ ਉਸ ਨੂੰ ਵਿਗਾੜਨ ਦਾ ਕੋਝਾ ਜਤਨ ਕੀਤਾ ਹੈ।
ਕੋਈ ਸੋ ਦਰ ਬਾਣੀ ਦੀ ਸ਼ੁਰੂਆਤ ਆਸਾ ਕੀ ਵਾਰ ਦੇ ਸ਼ਲੋਕ “ਦੁਖ ਦਾਰੂ ਸੁਖ ਰੋਗ ਭਇਆ” ਤੋਂ ਕਰਦਾ ਹੈ। ਕੋਈ ‘ਹਰਿ ਜੁਗ ਜੁਗ ਭਗਤ ਉਪਾਇਆ’ ਤੋਂ ਅਤੇ ਵਿੱਚ ਬਚਿੱਤ੍ਰ ਨਾਟਕ ਦੇ ਅੜੀਅਲ, ਸਵਯੇ, ਛੰਤ, ਚੌਪਈਆਂ, ਅਤੇ “ਪੁਨ ਰਾਛਸ ਕਾ ਕਾਟਾ ਸੀਸਾ” ਆਦਿ “ਸੋ ਦਰ” ਵਿੱਚ ਆਪਣੀ ਮਤ ਅਨੁਸਾਰ ਜੋੜ ਦਿਤੇ ਹਨ। ਜੋਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ, ਸਰੂਪ, ਬਣਤਰ, ਸਿਧਾਂਤ ਤੋਂ ਬਿਲਕੁਲ ਉਲੱਟ ਹੈ।
ਜੇ ਡੇਰੇਦਾਰਾਂ ਨੂੰ ਪੁਛੀਏ ਕਿ ਭਾਈ ਸੋ ਦਰ ਵਿੱਚ ਇਹ ਅੜੀਅਲ਼, ਸਵਯੇ, ਛੰਤ, ਚੋਪਈਆਂ ਕਿਉ? ਤਾਂ ਜੁਆਬ ਮਿਲਦਾ ਹੈਕਿ ਇਹ ਮਰਯਾਦਾ ਸਾਡੇ ਮਹਾਂਪੁਰਖ ਕਾਇਮ ਕਰਕੇ ਗਏ ਹਨ। ਜੇ ਪ੍ਰਚਾਰਕਾ ਸ਼੍ਰੋਮਣੀ ਕਮੇਟੀਆ ਨੂੰ ਪੁਛੀਏ ਤਾਂ ਜੁਆਬ ਮਿਲਦਾ ਹੈਕਿ” ਸਿਖ ਰਹਿਤ ਮਰਯਾਦਾ ਵਿੱਚ ਵਿਦਵਾਨਾ ਨੇ “ਸੋਦਰ” ਦਾ ਸਰੂਪ ਤਿਆਰ ਕੀਤਾ ਹੈ ਇਸ ਲਈ ਇਹ ਜ਼ਰੂਰੀ ਹੈ। ਡੇਰੇਦਾਰ ਆਪਣੇ ਮਹਾਂਪੁਰਖਾਂ ਨੂੰ ਅੱਗੇ ਰਖਦੇ ਹਨ ਅਤੇ ਪ੍ਰਚਾਰਕ ਜਨ ਵਿਦਵਾਨਾ ਨੂੰ ਜਾਂ ਫਿਰ ਗੁਰੂ ਪੰਥ ਦਾ ਵਾਸਤਾ ਪਾਉਂਦੇ ਹਨ। ਪਰ ਧੰਨ ਸਾਹਿਬ ਗੁਰੂ ਅਰਜਨ ਸਾਹਿਬ ਜੀ ਦਾ ਕਾਇਮ ਕੀਤਾ ਹੋਇਆ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਦਾ ਸਰੂਪ ਜਿਸ ਨੂੰ ਦਸਵੇਂ ਪਾਤਸ਼ਾਹ ਜੀ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਰਕਰਾਰ ਰਖਿਆ ਜਿਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਾਧ ਘਾਟ ਨਹੀ ਕੀਤਾ, ਉਸ ਦੀ ਗਲ ਕੋਈ ਨਹੀ ਕਰਦਾ।
ਪੰਥ ਉਹ ਜਿਹੜਾ ਗੁਰੂ ਸਾਹਿਬਾਨ ਜੀ ਦੀ ਕਾਇਮ ਕੀਤੀ ਹੋਈ ਮਰਯਾਦਾ ਸਿਧਾਂਤ, ਗੁਰਬਾਣੀ ਦੀ ਤਰਤੀਬ ਨੂੰ ਹਮੇਸ਼ਾਂ ਕਾਇਮ ਰਖਣ ਲਈ ਤਤਪਰ ਰਹੇ। ਗੁਰਬਾਣੀ ਦਾ ਤਾਂ ਫੈਸਲਾ ਇਹ ਹੈਕਿ:-
“ਜੋ ਗੁਰ ਕਹੈ ਸੋਈ ਭਲ ਮਾਨੋ॥”
ਕੀ ਸਾਡੇ ਮਹਾਂਪੁਰਖ, ਸਾਡੇ ਵਿਦਵਾਨ, ਗੁਰੂ ਸਾਹਿਬਾਨ ਜੀ ਤੋਂ ਵੱਧ ਸਿਆਣੇ ਹਨ? ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਸੋਦਰ” ਦੀ ਬਾਣੀ ਅਧੂਰੀ ਹੈ? ਜੋ ਇਨ੍ਹਾਂ ਨੇ ਆਪਣੀਆਂ ਮਰਯਾਦਾਵਾਂ ਦੇ ਨਾਮ ਥਲੇ ਪੂਰੀ ਕੀਤੀ ਹੈ?
ਸੋਦਰ ਨਾਲ ਜੋੜੇ ਗਏ ਅੜੀਅਲ, ਚੋਪਈਆਂ, ਸਵੱਯੇ, ਦੋਹਰੇ ਆਦਿ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਸਾ ਹੀ ਨਹੀ। ਇਨ੍ਹਾਂ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਨਹੀ। ਫਿਰ ਇਹ ਕਿਉਂ ਸਿੱਖ ਲਈ ਜ਼ਰੂਰੀ ਹਨ?
ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਰੋਜ਼ਾਨਾ ਸੋਦਰ ਬਾਣੀ ਪੜਦਾ ਹੈ। ਕੀ ਉਹ ਅਧੂਰੀ ਸੋਦਰ ਪੜਦਾ ਹੈ? ਕੀ ਅਸੀਂ ਇਹ ਆਖ ਸਕਦੇ ਹਾਂ ਕਿ ਇਸ ਨੇ ਅਧੂਰਾ ਪਾਠ ਕੀਤਾ ਹੈ? ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੇਵਲ ਨੌ ਸ਼ਬਦਾਂ ਦਾ ਹੀ ਸੋਦਰ ਹੈ। ਜੋ ਆਪਣੇ ਆਪ ਵਿੱਚ ਸੰਪੂਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਦਾ ਨਿਤਨੇਮ, ਸੋਦਰ ਅਤੇ ਸਮੁਚੀ ਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਆਪ ਵਿੱਚ ਪੂਰਾ ਗੁਰੂ ਹੈ ਅਤੇ ਸਾਨੂੰ ਇਹ ਵਿਸ਼ਵਾਸ਼ ਹੈਕਿ:-
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ॥
ਅਸੀਂ ਭੁਲਣਹਾਰ ਹਾਂ, ਅਵਗੁਣਹਾਰੇ ਹਾਂ, ਗੁਰੂ ਦਾ ਉਪਦੇਸ਼ ਭੁਲ ਜਾਂਦੇ ਹਾਂ ਪਰ ਗੁਰੂ ਨਹੀ ਭੁਲਦਾ:-
ਭੁਲਣ ਅੰਦਰਿ ਸਭ ਕੋ
ਅਭੁਲ ਗੁਰੂ ਕਰਤਾਰ॥
ਗੁਰੂ ਸਾਹਿਬਾਨ ਜੀ ਨੇ ਕੋਈ ਵੀ ਕੰਮ ਅਧੂਰਾ ਨਹੀ ਛਡਿਆ। ਇਸ ਲਈ ਸਿਖ ਨੂੰ ਇਹ ਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰਥ ਗੁਰੂ ਹਨ। ਸਾਨੂੰ ਧੰਨ ਸਾਹਿਬ ਸ੍ਰ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਹਮੇਸ਼ਾਂ ਚੇਤੇ ਰਖਣੇ ਚਾਹੀਦੇ ਹਨ
“ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ 1॥ ਰਹਾਉ॥
ਗੁਰੂ ਕ੍ਰਿਪਾ ਕਰੇ ਅਸੀਂ ਸਮੁਚੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਈਏ।
ਸ਼ਰੋਮਣੀ ਗੁ: ਪ੍ਰਬੰਦਕ ਕਮੇਟੀ ਅੰਮ੍ਰਿਤਸਰ ਨੂੰ ਨਿਮਰਤਾ ਸਹਿਤ ਬਨੇਤੀ ਹੈਕਿ ਸ੍ਰੀ ਦਰਬਾਰ ਸਾਹਿਬ ਜੀ ਵਿਚੋਂ ਸੋਦਰ ਬਾਣੀ ਦਾ ਪ੍ਰਸਾਰਨ ਟੀਵੀ ਤੇ ਰੋਜ਼ਾਨਾ ਹੁੰਦਾ ਹੈ ਕਿਉਨਾ ਸੋਦਰ ਬਾਣੀ ਦੀ ਡਿਉਟੀ ਨਿਭਾਉਣ ਵਾਲੇ ਗ੍ਰੰਥੀ ਸਿੰਘ ਜੀ ਨੂੰ ਇਹ ਪਕਾ ਕਰ ਦਿਤਾ ਜਾਏ ਕਿ ਸੋਦਰ ਬਾਣੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁਕ ਕੇ ਕੀਤਾ ਜਾਏ ਤਾਂਕਿ ਸਾਰਿਆਂ ਦੇ ਭੁਲੇਖੇ ਦੂਰ ਹੋ ਜਾਣ ਕਿ ਸੋਦਰ ਦਾ ਸਰੂਪ ਕਿਹੜਾ ਹੈ। ਇਸ ਤਰਾਂ ਕਰਨ ਨਾਲ ਸਮੁਚੇ ਵਿਸ਼ਵ ਵਿੱਚ ਧੰਨ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੀ ਕਾਇਮ ਕੀਤੀ ਸੋਦਰ ਦੀ ਮਰਯਾਦਾ ਪਕੀ ਹੋ ਜਾਏਗੀ। ਕਿਸੇ ਨੂੰ ਕੋਈ ਭੁਲੇਖਾ ਰਹੇ ਗਾ ਹੀ ਨਹੀ।
ਭੁੱਲ ਚੁੱਕ ਦੀ ਖਿਮਾ
ਇਛਪਾਲ ਸਿੰਘ “ਰਤਨ”
9311887100
ਇਛਪਾਲ ਸਿੰਘ “ਰਤਨ”
ਸਾਡੀ “ਸੋਦਰ” ਕਿਹੜੀ?
Page Visitors: 2922