ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ ?
ਮੈਂ 78 ਸਾਲ ਦਾ ਬਿਰਧ ਹਾਂ ਅਤੇ ਮੇਰੀ ਘਰ ਵਾਲੀ 72 ਸਾਲ ਦੀ ਹੈ। ਜਦੋਂ ਨੋਟ ਬੰਦੀ ਹੋਈ ਤਾਂ ਸਾਡਾ ਕਾਰ ਵਿਹਾਰ ਠੀਕ-ਠਾਕ ਚੱਲ ਰਿਹਾ ਸੀ, ਸਾਡੇ ਕੋਲ 6/7 ਲੱਖ ਰੁਪਏ ਦੀ ਜਮਾ ਪੂੰਜੀ ਸੀ ਅਤੇ ਅਸੀਂ ਉਸ ਨੂੰ ਛੁੱਟ-ਪੁੱਟ ਰੂਪ ਵਿਚ ਲੋੜਵੰਦਾਂ ਨੂੰ ਵਿਆਜ ਤੇ ਦੇ ਕੇ 7/8 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੇ ਸੀ, ਮੇਰੇ ਘਰ ਵਾਲੀ ਨੂੰ ਸਰਕਾਰ ਵਲੋਂ 800 ਰੁਪਏ ਮਹੀਨਾ ਬਿਰਧ ਅਵਸਥਾ ਪੈਨਸ਼ਨ ਮਿਲਦੀ ਸੀ, (ਉਹ ਵੀ ਮੈਨੂੰ ਨਹੀਂ ਮਿਲਦੀ, ਕਿਉਂਕਿ ਸਰਕਾਰ ਦੇ ਕਾਨੂਨ ਮੁਤਾਬਕ ਇਕ ਘਰ ਵਿਚੋਂ ਇਕ ਨੂੰ ਹੀ ਪੈਨਸ਼ਨ ਮਿਲ ਸਕਦੀ ਹੈ)ਜਿਸ ਨਾਲ ਸਾਡਾ ਗੁਜ਼ਾਰਾ ਠੀਕ-ਠਾਕ ਚਲ ਰਿਹਾ ਸੀ।
2016 ਦੇ ਅਖੀਰ ਵਿਚ ਸ਼ਾਹੀ ਫੁਰਮਾਨ ਜਾਰੀ ਹੋ ਗਿਆ ਕਿ 1000 ਅਤੇ 500 ਦੇ ਨੋਟ ਅੱਜ ਤੋਂ ਰੱਦੀ ਕਾਗਜ਼ ਦੇ ਟੁਕੜੇ ਹਨ, ਉਨ੍ਹਾਂ ਨੂੰ ਦੋ ਮਹੀਨੇ ਦੇ ਅੰਦਰ-ਅੰਦਰ ਬੈਨਕਾਂ ਵਿਚ ਜਮਾ ਕਰਵਾ ਦਿੱਤਾ ਜਾਵੇ, ਇਸ ਮਗਰੋਂ ਉਨ੍ਹਾਂ ਦੀ ਕੋਈ ਕੀਮਤ ਨਹੀਂ ਹੋਵੇਗੀ। (ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਕਿਉਂਕਿ ਨੋਟਾਂ ਤੇ ਰਿਜ਼ਰਵ ਬੈਂਕ ਦੇ ਗਵਰਨਰ ਵਲੋਂ ਲਿਖਿਆ ਹੋਇਆ ਹੁੰਦਾ ਹੈ ਕਿ ਮੈਂ ਇਸ ਨੋਟ ਦੇ 1000 ਜਾਂ 500 ਰੁਪਏ ਦੇਣ ਦਾ ਪਾਬੰਦ ਹਾਂ, ਨੋਟ ਤੇ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖਤ ਵੀ ਹੁੰਦੇ ਹਨ) ਪਰ ਸਾਰੇ ਨਿਯਮ-ਕਾਨੂਨ ਛਿੱਕੇ ਤੇ ਟੰਗ ਕੇ ਇਹ ਕੰਮ ਹੋਇਆ।
ਹੱਥਾਂ-ਪੈਰਾਂ ਦੀ ਪੈ ਗਈ, ਪਹਿਲਾ ਮਸਲਾ ਤਾਂ ਇਹ ਸੀ ਕਿ ਐਸੀ ਅਨਾਰਕੀ ਵਿਚ ਸਾਡੇ ਵਿਆਜ ਤੇ ਦਿਤੇ ਪੈਸੇ ਕੌਣ ਵਾਪਸ ਕਰੇਗਾ ? ਖੈਰ ਕੁਝ ਸਮੇ ਵਿਚ ਹੀ ਸਾਡੇ ਪੈਸੇ ਵਾਪਸ ਹੋਣੇ ਸ਼ੁਰੂ ਹੋਏ, ਮਗਰੋਂ ਪਤਾ ਲੱਗਾ ਕਿ ਕਾਲੇ ਧਨ ਵਾਲੇ ਆਪਣਾ ਪੈਸਾ, ਦੂਸਰੇ ਲੋਕਾਂ ਵਲੋਂ ਆਪਣੇ ਨਾਮ ਤੇ ਜਮ੍ਹਾਂ ਕਰਵਾ ਕੇ ਮਗਰੋਂ ਬੈਂਕ ਚੋਂ ਪੈਸੇ ਲੈ ਕੇ ਵਾਪਦ ਦੇਣ ਵਾਲੇ ਨੂੰ 20 ਤੋਂ 30 % ਤੱਕ ਪੈਸੇ ਦਿੱਤੇ ਗਏ ਸਨ, ਸ਼ਾਇਦ ਏਸੇ ਆੜ ਵਿਚ ਮਿਲੇ ਪੈਸੇ ਸਾਨੂੰ ਵਾਪਸ ਕੀਤੇ ਗਏ, ਪਰ ਸ਼ੁਕਰ ਹੈ ਰੱਬ ਦਾ ਸਾਡੇ ਪੈਸੇ ਸਾਨੂੰ ਵਾਪਸ ਮਿਲ ਗਏ।
ਹੁਣ ਮਸਲ੍ਹਾ ਸੀ ਉਨ੍ਹਾਂ ਨੂੰ ਬੈਂਕ ਵਿਚ ਜਮ੍ਹਾ ਕਰਵਾਉਣ ਦਾ। ਏਥੇ ਇਕ ਗੱਲ ਹੋਰ ਯਾਦ ਕਰਵਾਉਣ ਦੀ ਹੈ ਕਿ ਇਸ ਤੋਂ ਪਹਿਲਾਂ ਮੋਦੀ ਜੀ ਨੇ ਇਕ ਸਕੀਮ ਚਲਾਈ ਸੀ , “ਪ੍ਰਧਾਨ ਮੰਤ੍ਰੀ ਜਨ-ਧਨ ਯੋਜਨਾ” ਜਿਸ ਅਧੀਨ ਲੋਕਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਅਸੀਂ ਵਿਦੇਸ਼ੀ ਬੈਂਕਾਂ ਚੋਂ ਕਾਲਾ ਧਨ ਵਾਪਸ ਭਾਰਤ ਲਿਆ ਰਹੇ ਹਾਂ, ਉਹ ਪੈਸਾ ਇਨ੍ਹਾਂ ਖਾਤਿਆਂ ਵਿਚ ਜਮ੍ਹਾ ਕਰਵਾਇਆ ਜਾਵੇਗਾ, ਇਵੇਂ ਇਸ ਯੋਜਨਾ ਅਧੀਨ ਕ੍ਰੋੜਾਂ ਖਾਤੇ ਖੁਲ੍ਹੇ ਸਨ, ਅਸੀਂ ਵੀ ਉਹ ਖਾਤੇ ਖੁਲਵਾਏ ਸਨ।ਮਗਰੋਂ ਭਾਰਤੀ ਜੰਤਾ ਪਾਰਟੀ ਦੇ ਉੱਚ ਨੇਤਿਆਂ ਵਲੋਂ ਸਾਫ ਕਰ ਦਿੱਤਾ ਗਿਆ ਸੀ ਕਿ ਇਹ ਤਾਂ ਵੋਟਾਂ ਲਈ ਇਕ ਸਟੰਟ ਹੀ ਸੀ।
ਹੁਣ ਸਾਡੇ ਦੋਹਾਂ ਦਾ ਕੰਮ ਹੋ ਗਿਆ, ਸਵੇਰੇ ਰੋਟੀ ਖਾ ਕੇ ਬੈਂਕ ਦੀ ਕਤਾਰ ਵਿਚ ਖੜੇ ਹੋ ਜਾਣਾ, ਕਿਸੇ ਦਿਨ ਤਾਂ 35/40 ਹਜ਼ਾਰ ਰੁਪਏ ਜਮਾ ਹੋ ਜਾਂਦੇ ਅਤੇ ਕਿਸੇ ਦਿਨ ਕਤਾਰ ਲੰਮੀ ਹੋਣ ਕਾਰਨ, ਉਹ ਵੀ ਨਾ ਹੋਣੇ।
ਚਲੋ ਰੱਬ-ਰੱਬ ਕਰਦਿਆਂ ਕਦੇ ਦੁਪਹਿਰ ਦੀ ਰੋਟੀ ਖਾ ਕੇ, ਕਦੇ ਭੁੱਖੇ ਰਹਿ ਕੇ ਪੈਸੇ ਜਮ੍ਹਾ ਹੋ ਗਏ। ਹੁਣ ਚਲਿਆ ਦੌਰ ਪੈਸੇ ਕਢਵਾਉਣ ਦਾ, ਸਾਨੂੰ ਤਾਂ ਇਹ ਹੀ ਉਮੀਦ ਸੀ ਕਿ ਜਿਵੇਂ ਮਹੀਨੇ ਤੋਂ ਉੱਪਰ ਦੇ ਸਮੇ ਵਿਚ ਇਹ ਪੈਸੇ ਜਮ੍ਹਾ ਹੋਏ ਹਨ ਓਵੇਂ ਹੀ ਮਿਲ ਵੀ ਜਾਣਗੇ ਅਤੇ ਸਾਰਾ ਕਾਰ-ਵਿਹਾਰ ਮੁੜ ਚੱਲ ਪਵੇਗਾ, ਪਰ ਇਹ ਕੰਮ ਤਾਂ ਜਮ੍ਹਾ ਕਰਵਾਉਣ ਨਾਲੋਂ ਵੀ ਬਹੁਤ ਔਖਾ ਸੀ। ਪਹਿਲੇ ਦਿਨ ਹੀ ਅਸੀਂ 10,000 ਰੁਪਏ ਕਢਵਾਉਣ ਦਾ ਫਾਰਮ ਭਰ ਕੇ ਦਿੱਤਾ ਤਾਂ ਬੈਂਕ ਵਾਲਿਆਂ ਨੇ ਹੁਕਮ ਸੁਣਾ ਦਿੱਤਾ ਕਿ ਮਹੀਨੇ ਦੇ ਚਾਰ ਹਜ਼ਾਰ ਤੋਂ ਵੱਧ ਪੈਸੇ ਨਹੀਂ ਮਿਲਣਗੇ, ਜਦ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਤਾਂ ਮਹੀਨੇ ਦਾ 24 ਹਜ਼ਾਰ ਦੇਣ ਦੀ ਗੱਲ ਕਰਦੀ ਹੈ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਸੀ ਕਿ ਉਹ ਤੁਹਾਡੇ ਖਾਤੇ ਲਈ ਨਹੀਂ ਹੈ, ਤੁਹਾਨੂੰ ਸਿਰਫ 4,000 ਰੁਪਏ ਮਹੀਨੇ ਦੇ ਹੀ ਮਿਲਣ ਗੇ (ਤਦ ਉਨ੍ਹਾਂ ਖਾਤਿਆਂ ਦੀ ਅਸਲੀਅਤ ਪਤਾ ਲੱਗੀ)। ਕੁਝ ਦਿਨ ਤਾਂ ਬਹਸ ਵਿਚ ਹੀ ਲੱਗ ਗਏ, ਜਦ ਉਨ੍ਹਾਂ ਨੂੰ ਕਿਹਾ ਕਿ ਪ੍ਰਦਾਨ ਮੰਤ੍ਰੀ ਅਜਿਹਾ ਕੁਝ ਨਹੀਂ ਕਹਿ ਰਿਹਾ, ਉਹ ਤਾਂ 24,000 ਰੁਪਏ ਦੀ ਗੱਲ ਕਰਦਾ ਹੈ ਤਾਂ ਸਿੱਧਾ ਜਵਾਬ ਮਿਲ ਗਿਆ ਕਿ “ਜਾ ਕੇ ਮੋਦੀ ਕੋਲੋਂ ਲੈ ਲਵੋ”। (ਸਾਨੂੰ ਵੀ ਆਪਣੀ ਔਕਾਤ ਜਜ਼ਰ ਆ ਗਈ)
ਹਾਲਾਤ ਨਾਲ ਸਮਝੌਤਾ ਕਰਦੇ ਹੋਏ, 4,000 ਰੁਪਏ ਮਹੀਨੇ ਦੇ ਕਢਵਾਉਣੇ ਸ਼ੁਰੂ ਕੀਤੇ, ਤਾਂ ਜੋ ਘਰ ਦਾ ਖਰਚਾ ਤਾਂ ਚੱਲ ਸਕੇ। ਉਨ੍ਹਾਂ ਦਿਨਾ ਵਿਚ ਲੋਕ ਸੀਨੀਅਰ-ਸਿਟੀਜ਼ਨ ਦੀ ਇੱਜ਼ਤ ਵੀ ਭੁੱਲ ਗਏ ਸਨ, ਲਾਈਨ ਵਿਚ ਪਿੱਛੇ ਹੀ ਖੜੇ ਹੋਣਾ ਪੈਂਦਾ ਸੀ। 4 ਮਹੀਨੇ ਇਵੇਂ ਹੀ ਨਿਕਲੇ, ਉਸ ਮਗਰੋਂ 10,000 ਮਿਲਣੇ ਸ਼ੁਰੂ ਹੋਏ, ਜੋ ਪੈਸੇ ਮੁੱਕਣ ਤੱਕ ਚੱਲੇ। ਇਵੇਂ ਇਕ ਪਾਸੇ ਤਾਂ ਆਮਦਨੀ ਬੰਦ ਹੋ ਗਈ, ਨੱਠ-ਭੱਜ ਦਾ ਖਰਚਾ ਵੱਧ ਗਿਆ, ਅਤੇ ਮੂਲ ਦੇ ਪੈਸੇ ਘਟਦੇ ਗਏ, ਕਤਾਰਾਂ ਦੇ ਧੱਕੇ ਵੱਖਰੇ। ਹੁਣ ਸਾਡੀ ਪੋਜ਼ੀਸ਼ਨ ਇਹ ਹੈ ਕਿ ਸਾਡੇ ਕੋਲ ਮੂਲ ਧਨ 4 ਲੱਖ ਕਰੀਬ ਰਹਿ ਗਿਆ ਹੈ, ਆਮਦਨ ਵੀ 7/8 ਹਜ਼ਾਰ ਰੁਪਏ ਮਹੀਨਾ ਤੋਂ ਘਟ ਕੇ 4 ਹਜ਼ਾਰ ਕਰੀਬ ਰਹਿ ਗਈ ਹੈ, ਰੋਟੀ ਪਾਣੀ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਹੋ ਰਿਹਾ ਹੈ, ਇਹ ਫਿਕਰ ਅਲੱਗ ਲੱਗੀ ਰਹਿੰਦੀ ਹੈ ਕਿ ਜੇ ਸਾਡੇ ਵਿਚੋਂ ਕੋਈ ਬਿਮਾਰ ਹੋ ਗਿਆ ਤਾਂ ਕੀ ਹੋਵੇਗਾ ? ਅਸੀਂ ਕੋਈ ਕੰਮ ਕਰਨ ਜੋਗੇ ਵੀ ਨਹੀਂ ਹਾਂ।
ਜਿਵੇਂ ਹੁਣ ਗੱਲਾਂ ਖੁੱਲ ਰਹੀਆਂ ਹਨ ਕਿ ਨੋਟ ਬੰਦੀ ਦੀ ਸੂਹ ਤਾਂ ਬੀ.ਜੇ.ਪੀ. ਵਾਲਿਆਂ ਨੂੰ ਇਕ ਮਹੀਨਾ ਪਹਿਲਾਂ ਹੀ ਹੋ ਗਈ ਸੀ ਅਤੇ ਉਨ੍ਹਾਂ ਨੇ ਆਪਣਾ ਸਾਰਾ ਕਾਲਾ-ਧਨ, ਪਹਿਲਾ ਹੀ ਬੈਂਕਾਂ ਵਿਚ ਜਮ੍ਹਾ ਕਰਵਾ ਕੇ ਗੋਰਾ ਕਰ ਲਿਆ ਸੀ, ਜੋ ਬਚ ਗਏ ਸਨ, ਉਨ੍ਹਾਂ ਦਾ ਕਾਲਾ-ਧਨ, ਗੋਰਾ ਕਰਵਾਉਣ ਲਈ ਸਾਰੇ ਨਿਯਮ-ਕਾਨੂਨ ਛਿੱਕੇ ਟੰਗ ਕੇ, ਅਜਿਹੀਆਂ ਖਬਰਾਂ ਵੀ ਅੱਖੋਂ-ਪਰੋਖੇ ਕੀਤੀਆਂ ਗਈਆਂ ਕਿ ਬਾਜ਼ਾਰ ਵਿਚ ਕੁਝ ਨੋਟ ਅਜਿਹੇ ਵੀ ਹਨ, ਜਿਨ੍ਹਾਂ ਦੀ ਛਪਾਈ ਠੀਕ ਨਹੀਂ ਹੈ, ਕਈ ਨੋਟ ਜਾਅਲੀ ਹੋਣ ਦੀਆਂ ਖਬਰਾਂ ਵੀ ਆੲਆਂਿ, ਪਰ ਉਨ੍ਹਾਂ ਦੀ ਘੋਖ-ਪਰਖ ਕਰਨ ਦੀ ਥਾਂ, ਸਰਕਾਰ ਨੇ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਬਦਲ ਕੇ, ਨਵੇਂ ਗਵਰਨਰ ਕੋਲੋਂ ਐਲਾਨ ਕਰਵਾ ਦਿੱਤਾ ਕਿ, ਜੋ ਨੋਟ ਜੈਸਾ ਵੀ ਹੈ ਉਹ ਅਸਲੀ ਹੈ। ਆਪਣਾ ਮਤਲਬ ਸਿੱਧ ਕਰਨ ਲਈ ਸਰਕਾਰ ਨੇ ਦੇਸ਼ ਨਾਲ ਗੱਦਾਰੀ ਕਰਦੇ ਹੋਏ, ਬਾਜ਼ਾਰ ਵਿਚ ਜਾਅਲੀ ਨੋਟ ਚੱਲਣ ਦਾ ਰਾਹ ਵੀ ਖੋਲ੍ਹ ਦਿੱਤਾ। ਕਈ ਬੈਨਕਾਂ ਦੇ ਏ.ਟੀ.ਐਮ. ਵਿਚੋਂ ਜਾਲ੍ਹੀ ਨੋਟ ਨਿਕਲਣ ਦੀਆਂ ਖਬਰਾਂ ਵੀ ਆਈਆਂ ਪਰ ਸਰਕਾਰ ਆਪਣਾ ਮਸਲ੍ਹਾ ਹੱਲ ਕਰਨ ਵਿਚ ਹੀ ਲੱਗੀ ਰਹੀ।
ਸਰਕਾਰ ਇਹ ਵੀ ਨਹੀਂ ਦੱਸ ਸਕਦੀ ਕਿ ਰਿਜ਼ਰਵ ਬੈਂਕ ਨੇ ਕਿੰਨੇ ਨੋਟ ਛਾਪੇ ਹਨ ? ਮਾਰਕਿਟ ਵਿਚ 2,000 ਅਤੇ 500 ਦੇ ਕਿੰਨੇ ਨੋਟ ਹਨ ? ਮਾਰਕਿਟ ਵਿਚ ਜੋ ਵਾਧੂ ਨੋਟ ਹਨ, ਉਹ ਕਿੱਥੋਂ ਆਏ ? ਉਨ੍ਹਾਂ ਵਾਧੂ ਨੋਟਾਂ ਦਾ ਕੀ ਕੀਤਾ ਜਾਵੇਗਾ ? ਕਾਲਾ ਧਨ ਬਰਾਮਦ ਕਰਦਿਆਂ ਕਰਦਿਆਂ ਸਰਕਾਰ ਨੇ ਤਾਂ ਸਾਰਾ ਧਨ ਹੀ ਸ਼ੱਕੀ ਕਰ ਦਿੱਤਾ ਹੈ, ਜਿਸ ਦਾ ਸਰਕਾਰ ਕੋਲ ਕੋਈ ਹਿਸਾਬ ਨਹੀਂ ਹੈ। ਕੋਈ ਜਵਾਬ ਨਹੀਂ ਹੈ। ਨਵੀਆਂ ਨਵੀਆਂ ਸਕੀਮਾਂ ਥੋਪ ਕੇ, ਆਮ ਲੋਕਾਂ ਨੂੰ ਏਨਾ ਭੰਬਲ-ਭੁਸੇ ਵਿਚ ਪਾ ਦਿੱਤਾ ਹੈ ਕਿ ਉਨ੍ਹਾਂ ਕੋਲ ਸਰਕਾਰ ਵਲੋਂ ਕੀਤੇ ਜਾ ਰਹੇ ਗਲਤ ਕੰਮਾਂ ਦੀ ਘੋਖ ਕਰਨ ਦਾ ਸਮਾ ਹੀ ਨਹੀਂ ਹੈ, ਸਰਕਾਰ ਨਿਰਵਿਘਨ ਆਪਣੀਆਂ ਚੱਮ ਦੀਆਂ ਚਲਾ ਰਹੀ ਹੈ। ਇਵੇਂ ਹੀ ਚਲਦੇ ਰਹੇ ਤਾਂ ਇਕ ਦਿਨ ਗਰੀਬ ਆਦਮੀ ਕੋਲ ਪੈਸਾ ਰਹੇਗਾ ਹੀ ਨਹੀਂ, ਅਤੇ ਸਰਕਾਰ ਆਰ.ਐਸ.ਐਸ. ਦੇ ਮਨੂ ਸਿਰਤੀ ਵਾਲੇ ਮਨੋਰਥ ‘ਸ਼ੂਦਰ ਨੂੰ ਪੈਸਾ ਰੱਖਣ ਦਾ ਕੋਈ ਹੱਕ ਨਹੀਂ ਹੈ’ ਨੂੰ ਇਕ ਦਿਨ ਪੂਰਾ ਕਰ ਲਵੇਗੀ। ਰੱਬ ਹੀ ਅਜਿਹੇ ਬੰਦਿਆਂ , ਅਜਿਹੀ ਪਾਰਟੀ ਕੋਲੋਂ ਭਾਰਤ ਨੂੰ ਬਚਾਵੇ।
ਟਿੱਪਣੀ:-ਇਸ ਦੇ ਨਾਲ ਹੀ ਕੁਝ ਟਿੱਪਣੀਆਂ ਕਰਨੀਆਂ ਵੀ ਜ਼ਰੂਰੀ ਹਨ।
1. (ੳ) ਸਰਕਾਰ ਬਾਰੇ।
ਹਾਲਾਤ ਨੂੰ ਵੇਖਦੇ ਹੋਏ ਸਪੱਸ਼ਟ ਹੈ ਕਿ ਜੇ ਸਰਕਾਰ ਬਦਲ ਵੀ ਗਈ, ਤਾਂ ਵੀ ਉਸ ਦਾ ਕੋਈ ਵੱਡਾ ਬਹੁਮਤ ਨਹੀਂ ਹੋਵੇਗਾ, ਜਿਸ ਨਾਲ ਉਹ ਆਪਣੇ ਫੈਸਲੇ ਦ੍ਰਿੜਤਾ ਨਾਲ ਲਾਗੂ ਕਰ ਸਕੇ, ਅਜਿਹੀ ਹਾਲਤ ਵਿਚ ਨਵੇਂ ਬਣੇ ‘ਰਾਸ਼ਟਰਪਤੀ’ ‘ਉਪ-ਰਾਸ਼ਟਰਪਤੀ’ ਨਵੇਂ ਸਥਾਪਤ ਕੀਤੇ ‘ਗਵਰਨਰ’ ਨਵੇਂ ਸਥਾਪਤ ਕੀਤੇ ‘ਸੁਪ੍ਰੀਮ ਕੋਰਟ ਦੇ ਜੱਜ’ ਕੀ ਨਵੀਂ ਬਣੀ ਸਰਕਾਰ ਨੂੰ ਇਨ੍ਹਾਂ ਮਹਾਂ-ਘੋਟਾਲਿਆਂ ਦੀ ਜਾਂਚ ਕਰਵਾਉਣ ਦੇਣਗੇ ?
(ਅ) ਜੈਟਲੀ ਬਾਰੇ।
ਜੈਟਲੀ ਚੋਣਾਂ ਵਿਚ ਆਪਣੀ ਮਰਜ਼ੀ ਨਾਲ ਉਸ ਇਲਾਕੇ ਤੋਂ ਖੜਾ ਹੋਇਆ ਸੀ, ਜਿੱਥੋਂ ਪਿਛਲੀਆਂ ਕਈ ਚੋਣਾਂ ਬੀ.ਜੇ.ਪੀ. ਜਿੱਤੀ ਸੀ, ਉਹ ਇਲਾਕਾ ਨਵਜੋਤ ਸਿੱਧੂ ਕੋਲੋਂ ਜ਼ਬਰਦਸਤੀ ਖਾਲੀ ਕਰਵਾਇਆ ਗਿਆ ਸੀ। ਉਸ ਹਲਕੇ ਦੀ ਜੰਤਾ ਨੇ, ਜੈਟਲੀ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਜੇ ਜੈਟਲੀ ਵਿਚ ਜ਼ਰਾ ਜਿਹੀ ਵੀ ਨੈਤਿਕਤਾ ਹੁੰਦੀ ਤਾਂ ਉਹ ਅਜਿਹੀ ਵੱਡੀ ਜ਼ਿੱਮੇਦਾਰੀ ਵਾਲਾ ਓਹਦਾ ਨਾ ਲੈਂਦਾ। ਸ਼ਾਇਦ ਮੋਦੀ ਨੂੰ ਵੀ ਪੂਰੀ ਬੀ.ਜੇ.ਪੀ. ਵਿਚ ਜੈਟਲੀ ਨਾਲ ਦਾ ਕੋਈ ਆਰਥਿਕ ਮਾਹਰ ਬੰਦਾ ਨਜ਼ਰ ਹੀ ਨਹੀਂ ਆਇਆ ਸੀ। (ਸ਼ਾਇਦ ਇਸ ਲਈ ਹੀ ਇਸ ਨੂੰ ਕ੍ਰਿਕਟ ਬੋਰਡ ਵਿਚ ਰਹਿੰਦਿਆ ਕੀਤੇ ਘੁਟਾਲੇ ਤੋਂ ਬਚਾਉਣ ਲਈ ਜੁਡੀਸ਼ਰੀ ਦੀ ਕੁਵਰਤੋਂ ਕੀਤੀ) ਜੈਟਲੀ ਨੇ ਉਸ ਓਹਦੇ ਦੀ ਦੁਰਵਰਤੋਂ ਕਰਦਿਆਂ ਆਪਣੀ ਅਤੇ ਆਪਣੇ ਸਾਥੀਆਂ ਦੀ ਕਾਲੀ ਕਮਾਈ ਨੂੰ ਗੋਰਾ ਕਰਨ ਲਈ ਮੋਦੀ ਨੂੰ ਕੁਰਾਹੇ ਪਾਇਆ ਅਤੇ ਇਸ ਵਿਚ ਉਹ ਕਾਮਯਾਬ ਹੋਇਆ।
(ੲ) ਇਤਿਹਾਸਿਕ ਪੱਖ।
ਇਹ ਸਮਾ ਨਿਰਪੱਖ ਇਤਿਹਾਸਕਾਰਾਂ ਲਈ ਭਾਰਤ ਦਾ ਸਭ ਤੋਂ ਵੱਧ ਕਾਲਾ ਚੈਪਟਰ ਹੋਵੇਗਾ, ਪਰ ਆਰ.ਐਸ.ਐਸ. ਅਤੇ ਬ੍ਰਾਹਮਣਵਾਦ ਤੋਂ ਪ੍ਰਭਾਵਤ ਇਤਿਹਾਸਕਾਰ ਇਸ ਨੂੰ ਭਾਰਤ ਦਾ ਸੁਨਹਰੀ ਸਮਾ ਸਾਬਤ ਕਰਨ ਲਈ ਪੂਰਾ ਜ਼ੋਰ ਲਾਉਣਗੇ। ਮੇਰੀ ਨਿਗਾਹ ਵਿਚ ਨਿਰਵਿਵਾਦਤ ਇਹ ਸਮਾ ਜੋ ਕਈ ਦਹਾਕੇ ਚੱਲਣ ਵਾਲਾ ਹੈ, ਭਾਰਤ ਨੂੰ ਗੁਲਾਮੀ ਵੱਲ ਲੈ ਜਾਵੇਗਾ।
2.(ੳ ) ਸਿੱਖਾਂ ਲਈ ਇਹ ਸਮਾ !
ਗੁਰੂ-ਪੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ(ਅੱਜ ਦਾ ਤਿਨਾਬ) ਸਿੱਖਾਂ ਲਈ ਬਹੁਤ ਸਤਿਕਾਰਤ ਹੈ, ਜਿੱਥੇ ਗੁਰੂਆਂ ਦੇ ਲੱਗੇ ਪੈਰਾਂ ਦੇ ਨਿਸ਼ਾਨ ਸਿੱਖਾਂ ਨੂੰ ਪਲ-ਪਲ ਗੁਰਮਤਿ ਦੇ ਸਿਧਾਂਤ ਯਾਦ ਕਰਵਾਉਂਦੇ ਹਨ। ਪਰ ਸਿੱਖ ਫਲਸਫੇ ਦੀ ਅਸਲੀ ਕੀਮਤ, ਗੁਰੂ ਸਾਹਿਬਾਂ ਦੀ ਸਿਖਿਆ ਵਿਚ ਹੈ, ਅੱਜ ਦੇ ਹਾਲਾਤ ਮੁਤਾਬਕ, ਜਦੋਂ ਪੰਜਾਬ ਵਿਚ ਬਹੁਤ ਘੱਟ ਹੀ ਅਜਿਹੇ ਸਿੱਖ ਹਨ ਜੋ ਗੁਰਮਤਿ ਨਾਲ ਜੁੜੇ ਹਨ, ਨਹੀਂ ਤਾਂ ਬਹੁ-ਗਿਣਤੀ ਸਿੱਖ ਅੱਜ ਗੁਰਮਤਿ ਨਾਲੋਂ ਟੁੱਟ ਕੇ ਕਰਮਕਾਂਡਾਂ ਨਾਲ ਜੁੜੇ ਹੋਏ ਹਨ, ਕੁਝ ਕਹੇ ਜਾਂਦੇ ਵਿਦਵਾਨ ਤਾਂ ਗੁਰਵਿਅਕਤੀਆਂ ਤੇ, ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਕਿੰਤੂ-ਪ੍ਰੰਤੂ ਕਰਦੇ ਨਜ਼ਰ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਬਚਾਉਣ ਲਈ ਸਿੱਖਾਂ ਨੂੰ ਪੰਜਾਬ ਛੱਡ ਕੇ, ਕਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਅਮਰੀਕਾ ਆਦਿ ਵਰਗੇ ਆਜ਼ਾਦ ਖਿਆਲ ਦੇਸ਼ਾਂ ਨੂੰ ਆਪਣਾ ਕਾਰਜ ਛੇਤਰ ਬਨਾਉਣਾ ਚਾਹੀਦਾ ਹੈ, ਨਾਲ ਹੀ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਗੁਰੂ ਸਾਹਿਬਾਂ ਨੇ ਆਪਣੀ ਸਿਖਿਆ ਵਿਚ ਕਦੇ ਵੀ ਕਿਸੇ ਨੂੰ ਸਿੱਖ(ਅੱਜ ਦਾ ਭੇਖਧਾਰੀ) ਬਣਨ ਲਈ ਨਹੀਂ ਕਿਹਾ, ਬਲਕਿ ਗੁਰਸਿੱਖ ਬਣਨ ਲਈ ਕਿਹਾ ਹੈ।
ਬਲਕਿ ਸਾਫ ਲਫਜ਼ਾਂ ਵਿਚ ਕਿਹਾ ਕਿ ਜੇ ਤੂੰ ਮੁਸਲਮਾਨ ਹੈਂ ਤਾਂ ਚੰਗਾ ਮੁਸਲਮਾਨ ਬਣਨ ਲਈ ਇੰਸਾਨ ਬਣ, ਇੰਸਾਨੀਅਤ ਨੂੰ ਧਾਰਨ ਕਰ। ਜੇ ਤੂੰ ਹਿੰਦੂ ਹੈਂ ਤਾਂ ਚੰਗਾ ਹਿੰਦੂ ਬਣਨ ਲਈ ਇੰਸਾਨ ਬਣ, ਇੰਸਾਨੀਅਤ ਨੂੰ ਧਾਰਨ ਕਰ। ਇਹੀ ਸਿਖਿਆ ਦੁਨੀਆ ਦੇ ਹਰ ਬੰਦੇ ਲਈ ਹੈ। ਸੋ ਤੁਸੀਂ ਸਿੱਖ ਬਨਾਉਣ ਦਾ, ਖਾਲਿਸਤਾਨ ਬਨਾਉਣ ਦਾ ਰਾਹ ਛੱਡ ਕੇ ਆਪ ਵੀ ਇੰਸਾਨੀਅਤ ਧਾਰਨ ਕਰੋ ਅਤੇ ਦੁਨੀਆ ਦੇ ਸਾਰੇ ਲੋਕਾਂ ਨੂੰ ਇੰਸਾਨੀਅਤ ਧਾਰਨ ਕਰਨ ਦਾ ਗੁਰ-ਉਪਦੇਸ਼ ਦੇਵੋ, ਇਹੀ ‘ਬੇਗਮ-ਪੁਰੇ’ ਦਾ ਰਾਹ ਹੈ, ਜਿੱਥੇ ਧਰਮਾਂ ਦੀਆਂ ਕੋਈ ਵੰਡੀਆਂ ਨਹੀਂ, ਦੇਸ਼ਾਂ ਦੀਆਂ ਕੋਈ ਵੰਡੀਆਂ ਨਹੀਂ, ਇੰਸਾਨਾਂ ਵਿਚ ਕੋਈ ਵੰਡੀਆਂ ਨਹੀਂ।
(ਅ) ਦਲਿਤਾਂ ਲਈ ਇਹ ਸਮਾ !
ਦਲਿਤਾਂ ਲਈ, ਆਉਣ ਵਾਲਾ ਸਮਾ, “ਮਨੂ-ਸਿਮ੍ਰਤੀ” (ਜਿਸ ਦੀ ਆਰ.ਐਸ.ਐਸ. ਪਰਚਾਰਕ ਹੈ) ਮੁਤਾਬਕ ਨਰਕ ਮਈ ਹੀ ਹੋਵੇਗਾ, ਇਸ ਲਈ ਤੁਹਾਡੀ ਪਹਿਲੀ ਜ਼ਿੱਮੇਵਾਰੀ ਇਹੀ ਹੈ ਕਿ ਆਪਣੀਆਂ ਵੋਟਾਂ ਦੇ ਬਲ ਤੇ ਭਾਰਤ ਨੂੰ, ਬੀ.ਜੇ.ਪੀ. ਦੀ ਆੜ ਵਿਚ ਖੜੀਆਂ ਕੱਟੜ-ਵਾਦੀ ਹਿੰਦੂ ਤਾਕਤਾਂ, ਉਨ੍ਹਾਂ ਦੇ ਨਾਲ ਖੜੀਆਂ ਅਤੇ ਉਨ੍ਹਾਂ ਦੇ ਮੁਕਾਬਲੇ ਤੇ ਖੜੀਆਂ ਹੋਰ ਕੱਟੜ-ਪੰਥੀ ਤਾਕਤਾਂ ਤੋਂ ਮੁਕਤ ਕਰਾਵੋ। ਨਹੀਂ ਤਾਂ ਇਹ ਯਕੀਨ ਜਾਣੋ ਕਿ ਤੁਹਾਡੀ ਬਾਂਹ ਫੜਨ ਵਾਲਾ ਬਾਬਾ ਨਾਨਕ, ਉਸ ਦੇ ਦਸ ਸਰੂਪ ਅਤੇ ਤੁਹਾਡੇ ਤੇ ਸਭ ਕੁਝ ਵਾਰਨ ਵਾਲਾ ਗੁਰੂ ਗੋਬਿੰਦ ਸਿੰਘ, ਦੁਬਾਰਾ ਨਹੀਂ ਜੰਮਣਾ। ਸਮਾ ਰਹੇ ਚੇਤ ਜਾਵੋਗੇ ਤਾਂ ਇੱਜ਼ਤ ਦੀ ਜ਼ਿੰਦਗੀ ਜੀਵੋਗੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਬ੍ਰਾਹਮਣ ਨੂੰ ਆਪਣੇ ਪਰਛਾਵੇਂ ਤੋਂ ਬਚਾਉਣ ਲਈ ਗਲੀ ਵਿਚੋਂ ਨਿਕਲਦਿਆਂ ਪੀਪਾ ਖੜਕਾਉਣਾ ਪਵੇਗਾ, ਆਪਣੇ ਪਦ-ਚਿਨ੍ਹਾਂ ਦੇ ਸੰਪਰਕ ਵਿਚ ਆਉਣ ਨਾਲ, ਬ੍ਰਾਹਮਣ ਨੂੰ ਅਪਵਿਤ੍ਰ ਹੋਣ ਤੋਂ ਬਚਾਉਣ ਲਈ, ਆਪਣੇ ਲੱਕ ਨਾਲ ਛਾਪਾ ਬੰਨ੍ਹ ਕੇ ਆਪਣੇ ਪਦ-ਚਿਨ੍ਹ ਮਿਟਾਉਣੇ ਪੈਣਗੇ।(ਪੰਜਾਬ ਵਿਚਲੇ, ਸਿੱਖੀ ਨੂੰ ਖਤਮ ਕਰਨ ਦੇ ਚਾਹਵਾਨ ਸਿੱਖਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ‘ਵਰਨ-ਵੰਡ’ ਮੁਤਾਬਕ ਉਹ ਵੀ ‘ਸ਼ੂਦਰ’ ਹੀ ਹਨ)
(ੲ) ਸੁਹਿਰਦ ਹਿੰਦੂਆਂ ਲਈ !
ਇਤਿਹਾਸ ਗਵਾਹ ਹੈ ਕਿ ਬ੍ਰਾਹਮਣ ਦੀ ਇਸ ਆਪਸੀ ਵੰਡ ਕਾਰਨ ਤੁਹਾਡੇ ਵਢੇਰਿਆਂ ਨੇ ਵੀ 11 ਸਦੀਆਂ ਤੋਂ ਵੱਧ ਗੁਲਾਮੀ ਹੰਢਾਈ ਹੈ, ਸੰਭਲੋਂ ਆਪਣੇ ਕੁਰਾਹੇ ਜਾਂਦੇ ਭਰਾਵਾਂ ਨੂੰ ਸਮਝਾਵੋ ਕਿ ਹੁਣ ਆਪਸ ਵਿਚ ਵੰਡੀਆਂ ਪਾਉਣੀਆਂ ਛੱਡ ਦੇਵੋ, ਇਸ ਵਿਚ ਹੀ ਸਾਰਿਆਂ ਦੀ ਭਲਾਈ ਹੈ, ਨਹੀਂ ਤਾਂ ਇਹ ਸਦੀਆਂ ਦੀ ਗੁਲਾਮੀ ਮੈਨੂੰ ਫਿਰ ਸਾਰਿਆ ਦੇ ਸਿਰ ਤੇ ਖੜੀ ਨਜ਼ਰ ਆ ਰਹੀ ਹੈ, ਭਾਰਤ-ਮਾਤਾ ਦੇ ਸਕੇ ਹੋਵੋ, ਗਾਈਆਂ, ਬਾਂਦਰਾਂ ਜਾਂ ਪੈਸਿਆਂ ਦੇ ਸਕੇ ਨਾ ਬਣੋ।
(ਸ) ਸੁਹਿਰਦ ਮੁਸਲਮਾਨਾਂ ਲਈ !
ਸੁਹਿਰਦ ਮੁਸਲਮਾਨਾਂ ਦੀ ਹਾਲਤ ਫਿਲਹਾਲ ਉਸ ਸੱਪ ਵਰਗੀ ਹੈ, ਜਿਸ ਦੇ ਮੂੰਹ ਵਿਚ ਕੋੜ੍ਹ-ਕਿਰਲੀ ਆ ਗਈ ਹੋਵੇ, ਅਤੇ ਕਹਾਵਤ ਹੈ ਕਿ ਜੇ ਉਹ ਕਿਰਲੀ ਖਾਂਦਾ ਹੈ ਤਾਂ ਕੋੜ੍ਹੀ ਹੁੰਦਾ ਹੈ, ਜੇ ਉਸ ਨੂੰ ਛੱਡਦਾ ਹੈ ਤਾਂ ਕਲੰਕੀ ਹੁੰਦਾ ਹੈ। ਉਨ੍ਹਾਂ ਦੇ ਸਿਆਣੇ ਲੀਡਰਾਂ ਨੂੰ ਵੋਟਾਂ ਦੇ ਸਿਰ ਤੇ ਲੜਾਈ ਲੜਦਿਆਂ, ਹੋਣ ਵਾਲੀ ਖਾਨਾ ਜੰਗੀ ਤੋਂ ਬਚਣ ਦੀ ਲੋੜ ਹੈ, ਇਸ ਵਿਚ ਹੀ ਸਭ ਦੀ ਭਲਾਈ ਹੈ।
ਨਹੀਂ ਤਾਂ ਬਹੁਤ ਕੁਝ ਬੁਰਾ ਹੋ ਜਾਵੇਗਾ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ ?
Page Visitors: 6230