ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਆਮ ਪਾਰਟੀ !!!
ਗੁਰਦੇਵ ਸਿੰਘ ਸੱਧੇਵਾਲੀਆ
ਪੰਜਾਬ ਬਦਲ ਰਿਹਾ ਹੈ। ਪੰਜਾਬ ਨਹੀਂ ਬਦਲ ਰਿਹਾ ਦਰਅਸਲ ਪੰਜਾਬ ਨੂੰ ਬਦਲਿਆ ਜਾ ਰਿਹਾ ਹੈ। ਪੰਜਾਬ ਹਰਕਤ ਵਿਚ ਹੈ। ਪੰਜਾਬ ਵਿਚ ਜਿਵੇਂ ਸਾਹ ਜਿਹਾ ਪੈ ਗਿਆ ਹੋਵੇ। ਮਰ ਰਹੇ ਬੰਦੇ ਨੂੰ ਜਿਵੇਂ ਚਾਰ ਸਾਹ ਆਕਸੀਜਨ ਦੇ ਦਿੱਤੇ ਜਾ ਰਹੇ ਹੋਣ।
ਪੰਜਾਬ ਦੇ ਲੰਬੜਦਾਰਾਂ ਨੂੰ ਹੁਣ ਪਾਣੀਆਂ ਦਾ ਫਿਕਰ ਹੋ ਆਇਆ ਹੈ। ਉਨ੍ਹਾਂ ਨੂੰ ਨਹਿਰਾਂ ਦੇ ਚੇਤੇ ਆਉਂਣ ਲੱਗੇ ਹਨ। ਪਾਣੀਆਂ ਪਿੱਛੇ ਸਿਰ ਦੇਣ ਦੀਆਂ ਗੱਲਾਂ ਹੋਣ ਲੱਗੀਆਂ ਹਨ। ਪੰਜਾਬ ਦੇ ਮੁਰਦਾ ਪਏ ਮਸਲੇ ਕਬਰਾਂ ਵਿਚੋਂ ਕੱਢ ਲਏ ਗਏ ਹਨ। ਦਫਨ ਹੋ ਚੁੱਕੇ ਮੁਦਿਆਂ ਨੂੰ ਖੋਦ ਲਿਆ ਗਿਆ ਹੈ। ਮਿੱਟੀ ਝਾੜ ਕੇ ਉਨ੍ਹਾਂ ਵਿਚ ਜਾਨ ਪਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਨਕਲੀ ਸਾਹ ਦੇਣ ਦੀ! ਕਿਤੇ ਕਿਤੇ ਪੰਥ ਨਾਂ ਦੀ ਕੋਈ ਗੱਲ ਵੀ ਸੁਲਘਣ ਜਿਹਾ ਲੱਗੀ ਹੈ। ਬਾਦਲਾਂ ਮੂਹੋਂ ਵੀ ਕਿਤੇ ਭੁਲ ਜਿਹਾ ਗਿਆ ਪੰਥ ਨਿਕਲਣ ਲੱਗ ਪਿਆ ਹੈ ਯਾਣੀ ਪੰਥ ਦੀ ਯਾਦ ਜਿਵੇਂ ਸਤਾਉਂਣ ਜਿਹੀ ਲਗੀ ਹੈ ਬਾਦਲਾਂ ਨੂੰ!
ਉਧਰ ਮਾਨ ਕਾ ਖਾਲਿਸਤਾਨ ਦਾ ਗੱਡਾ ਚੀਕਣ ਲਗਾ ਹੈ ਉਸ ਵਿਚੋਂ ਆਜ਼ਾਦੀ ਦੀਆਂ ਚੀਕਾਂ ਨਿਕਲਣ ਲਗੀਆਂ ਹਨ। ਉਸ ਅਜਾਦੀ ਦੀਆਂ ਜਿਹੜੀ ਉਹ ਕਈ ਚਿਰਾਂ ਤੋਂ ਸਿਖਾਂ ਨੂੰ ਲੈ ਕੇ ਦੇਣ ਦੇ ਲਾਰੇ ਲਾ ਕੇ ਮੂਰਖ ਬਣਾਉਂਦਾ ਆ ਰਿਹਾ ਹੈ ਯਾਣੀ 'ਡਫਰ ਸਟੇਟ'? ਮਾਨ ਦੀ ਕ੍ਰਿਪਾਨ ਲੋਕਾਂ ਨੂੰ ਝਾੜੂ ਦਿਖਾਉਂਣ ਲੱਗ ਪਈ ਹੈ। ਬਿਆਨ ਤੇ ਮਾਨ ਹੁਣ ਪੂਰੇ ਜਾਹੋ ਜਲਾਲ ਵਿਚ ਨੇ। ਉਸ ਦੇ ਸਾਜੇ ਨਿਵਾਜੇ 'ਜਥੇਦਾਰਾਂ' ਨੂੰ ਪੰਜਾਬ ਵਿਚਲੇ ਵਗ ਰਹੇ ਨਸ਼ਿਆਂ ਦੇ ਦਰਿਆਵਾਂ ਦਾ ਫਿਕਰ ਹੋਣ ਲੱਗਿਆ ਹੈ। ਉਹ ਵੀ ਤਿੰਨ ਤਿੰਨ ਫੁੱਟੀਆਂ ਕ੍ਰਿਪਾਨਾ ਚੁੱਕੀ ਅਪਣਾ ਡੌਰੂ ਵਜਾਉਂਣ ਲੱਗੇ ਹਨ। ਤੇ ਇਹ ਸਭ ਡੌਰੂ ਵੌਰੂ ਚੋਣਾਂ ਤੱਕ ਵੱਜਣਗੇ ਬਾਅਦ ਵਿਚ ਕਿਹੜੇ ਨਸ਼ੇ, ਕਿਹੜਾ ਖਾਲਿਸਤਾਨ ਤੇ ਕਿਹੜਾ ਮਾਨ?
ਪਿੱਛਲੀ ਵਾਰੀ ਬਾਦਲਾਂ ਤੋਂ ਦਲਾਲੀ ਲੈ ਕੇ ਬੰਦੇ ਖੜੇ ਕਰਕੇ ਉਨ੍ਹਾਂ ਨੂੰ ਜਿਤਾਉਂਣ ਵਾਲੀ ਬਸਪਾ ਨੂੰ ਵੀ ਅਪਣੇ ਦਲਿਤ ਭਰਾਵਾਂ ਦਾ ਹੇਜ ਜਾਗ ਪਿਆ ਹੈ। ਉਨ੍ਹਾਂ ਦਾ ਇਨਕਲਾਬ ੨੦੧੭ ਦੀਆਂ ਚੋਣਾਂ ਤੱਕ ਲਲਕਾਰੇ ਤੇ ਨਾਹਰੇ ਮਾਰੇਗਾ। ਉਨੀ ਅਜਾਦੀ ਦੀ ਲੋਹ ਤਾਅ ਲਈ ਹੈ ਜਟਾਂ ਨੂੰ ਹੇਠਾਂ ਬਾਲ ਕੇ ਦਲਿਤਾਂ ਨੂੰ ਚੋਣਾ ਤਕ ਪਰੌਂਠੇ ਤਲ ਤਲ ਦੇਣਗੇ ਅਤੇ ਗਲੀਂ ਬਾਤੀਂ ਖੁਸ਼ ਕਰਨਗੇ ਕਿ ਬੱਅਸ ਜਾਤੀ ਜੂਲਾ ਵੱਢ ਕੇ ਜੱਟਾਂ ਕੋਲੋਂ ਅਜਾਦੀ ਲੈ ਕੇ ਦੇਣੀ ਹੈ ਤੁਹਾਨੂੰ। ਉਨ੍ਹਾਂ ਦਾ ਇਨਕਲਾਬ ਜੱਟਾਂ ਹੇਠੋਂ ਨਿਕਲਣ ਤੋਂ ਸ਼ੁਰੂ ਹੁੰਦਾ ਤੇ ਉਥੇ ਹੀ ਜਾ ਕੇ ਖਤਮ ਹੋ ਜਾਂਦਾ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਦ ਉਹ ਜੱਟਾਂ ਹੇਠੋਂ ਨਿਕਲਦੇ ਨਿਕਲਦੇ ਫਿਰ ਤੋਂ ਬ੍ਰਹਾਮਣ ਦੇ ਜੂਲੇ ਹੇਠ ਸਿਰ ਦੇ ਬੈਠੇ ਹਨ! ਪਰ ਚੋਣਾ ਲਈ ਜੱਟਾਂ ਵਾਲਾ ਹਥਿਆਰ ਜਿਆਦਾ ਕਾਰਗਰ ਹੈ। ਛੇਤੀ ਸਮਝ ਆਉਂਣ ਵਾਲਾ!
ਇਹੀ ਹਾਲ ਕਾਂਗਰਸ ਵਾਲਿਆਂ ਦਾ ਹੈ। ਉਨ੍ਹਾਂ ਦਾ ਕੈਪਟਨ ਥੋੜੇ ਚਿਰ ਲਈ ਅਰੂਸਾ ਵਲੋਂ ਵਿਹਲਾ ਹੋਇਆ ਹੈ। ਪੈਰ ਨੂੰ ਮਿੱਟੀ ਨਾ ਲੱਗਣ ਦੇਣ ਵਾਲੇ ਕਾਂਗਰਸੀਏ ਵੀ ਵਿਹੜਿਆਂ ਵਿਚ ਜਾ ਕੇ ਲੋਕਾਂ ਦੇ ਨਿਆਣਿਆਂ ਦੀਆਂ ਚਾਰ ਕੁ ਦਿਨ ਨਲੀਆਂ ਪੂੰਝਣਗੇ, ਉਨ੍ਹਾਂ ਨੂੰ ਕੁੱਛੜ ਚੁੱਕਣਗੇ ਅਤੇ ਕਈ ਖੇਖਨ ਕਰਨਗੇ। ਖੂੰਖਾਰ ਸ਼ੇਰ ਜਿਵੇਂ ਸ਼ਿਕਾਰ ਨੂੰ ਖਾਣ ਤੋਂ ਪਹਿਲਾਂ ਚੱਟਦਾ ਹੈ??
ਪਰ ਆਹ ਚੋਣਾ ਲੰਘ ਲੈਣ ਦਿਓ। ਪਾਣੀ ਸੌਂ ਜਾਣਗੇ। ਦਰਿਆ ਚੁੱਪ ਹੋ ਜਾਣਗੇ। ਪੰਥ ਲਈ ਸਿਸਕੀਆਂ ਬੰਦ ਹੋ ਜਾਣਗੀਆਂ। ਨਿਕਲੀਆਂ ਕ੍ਰਿਪਾਨਾ ਤੇ ਖਾਲਿਸਤਾਨਾਂ ਦੇ ਜਾਹੋ ਜਲਾਲ ਲੰਮੀਆ ਤਾਣ ਜਾਣਗੇ। ਇਨਕਲਾਬ ਹੁਰੀਂ ਲੱਭਣਗੇ ਨਹੀਂ!
ਕੋਈ ਜਿੱਤੇ ਕੋਈ ਹਾਰੇ ਗਰੀਬ ਦੀ ਹਾਲਤ ਬਦ ਤੋਂ ਬਦਤਰ ਹੋਵੇਗੀ। ਪਾਣੀਆਂ ਦੇ ਮਸੀਹੇ, ਮੁੱਦਿਆਂ ਦੇ ਲੰਬੜਦਾਰ, ਪੰਜਾਬ ਨੂੰ ਬਚਾਉਂਣ ਦੇ ਦਾਅਵੇਦਾਰ ਕੋਈ ਨਹੀਂ ਲੱਭੇਗਾ। ਸ਼ਾਂਤੀ, ਮਹਾਂ ਸ਼ਾਂਤੀ ਹੋਵੇਗੀ! ਜਿਵੇਂ ਇਥੇ ਕੁਝ ਹੋਇਆ ਹੀ ਨਾ ਹੋਵੇ?
ਜੇ ਕੁਝ ਲਭੇਗਾ ਤਾਂ ਤੁਹਾਨੂੰ ਤੁਹਾਡੀ ਭੁੱਖ- ਨੰਗ, ਬੇਰੁਜਗਾਰੀ, ਹਰਾਸੇ ਤੇ ਤਰਸਜੋਗ ਚਿਹਰੇ ਲੱਭਣਗੇ। ਇਨਸਾਫ ਲੈਣ ਲਈ ਤਰਲੇ ਕੱਢਦੇ ਗਰੀਬ ਲੱਭਣਗੇ। ਜਰਵਾਣਿਆਂ ਕੋਲੋਂ ਅਪਣੀਆਂ ਧੀਆਂ ਦੀ ਪੱਤ ਬਚਾਉਂਦੇ ਫਿਰਦੇ ਲੋਕ !!
ਗਰੀਬ ਤੱਪਦੀਆਂ ਸੜਕਾਂ ਤੇ ਰਿਕਸ਼ਾ ਖਿਚ ਰਿਹਾ ਹੋਵੇਗਾ, ਕਿਸਾਨ ਸੜਦੀ ਧੁੱਪੇ ਖੇਤਾਂ ਵਿਚ ਅਪਣੇ ਹੀ ਮੁੜਕੇ ਵਿਚ ਗੜੁਚ ਅਪਣੀ ਲਚਾਰੀ ਤੇ ਝੂਰ ਰਿਹਾ ਹੋਵੇਗਾ ਪਰ ਤੁਹਾਡੇ ਆਹ ਨਾਹਰੇ ਅਤੇ ਜੈਕਾਰਿਆਂ ਵਾਲੇ ਏਅਰਕੰਡੀਸ਼ਨ ਕਮਰਿਆਂ ਵਿਚ ਅਯਾਸ਼ੀਆਂ ਮਾਰ ਰਹੇ ਹੋਣਗੇ।
ਕਿਹੜਾ ਤੁਹਾਡਾ ਪਾਣੀ, ਕਿਹੜੀ ਬਿਜਲੀ ਤੇ ਕਿਹੜੇ ਬਿਲ! ਇਹ ਦੁਖਾਂਤ ਕੇਵਲ ਤੁਹਾਡਾ ਹੀ ਨਹੀਂ ਇਹ ਪੂਰੇ ਮੁਲਕ ਦਾ ਹੈ। ਪੂਰੇ ਮੁਲਕ ਦੇ ਗਰੀਬ ਦੀ ਹਾਲਤ ਬਦਤਰ ਹੈ। ਇਹ ਮੁਲਕ ਕਦੇ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਇਸ ਮੁਲਕ ਦੀ ਵਾਗਡੋਰ ਗਲ ਗਲ ਤੱਕ ਨਫਰਤ ਨਾਲ ਭਰੇ ਹੋਏ ਕੱਟਰਵਾਦੀਆਂ ਦੇ ਹੱਥ ਹੈ। ਉਨ੍ਹਾਂ ਲਈ ਤੁਸੀਂ ਰਿਆਇਆ ਨਹੀਂ ਬਲਕਿ ਹਿੰਦੂ ਹੋ, ਸਿੱਖ, ਮੁਸਲਮਾਨ ਜਾਂ ਇਸਾਈ ਹੋ।
ਜਿਸ ਮੁਲਕ ਨੂੰ ਚਾਹ ਵੇਚਣ ਵਾਲੇ, ਲੋਕਾਂ ਦੇ ਖੂਨ ਵਿਚ ਨਹਾਉਂਣ ਵਾਲੇ ਮੋਦੀ ਅਤੇ ਅਮਿਤ ਸ਼ਾਹ ਵਰਗੇ ਚਲਾ ਰਹੇ ਹੋਣ ਉਸ ਮੁਲਕ ਦੀ ਤਰੱਕੀ ਬਾਰੇ ਤੁਸੀਂ ਸੋਚ ਵੀ ਕਿਵੇਂ ਸਕਦੇ ਹੋਂ ? ਜਿਸ ਮੁਲਕ ਵਿਚ ਅਪਣੇ ਹੀ ਮੁਲਕ ਦੇ ਲੋਕਾਂ ਦੇ ਲਹੂ ਵਿਚ ਹੱਥ ਰੰਗਣ ਵਾਲੀ ਮਾਈ ਨੂੰ ਦੁਰਗਾ ਕਹਿਕੇ ਪੂਜਿਆ ਜਾਂਦਾ ਹੋਵੇ ਉਸ ਮੁਲਕ ਦੀ ਕੱਟੜ ਜ਼ਿਹਨੀਅਤ ਦਾ ਅੰਦਾਜਾ ਤੁਸੀਂ ਕਿਵੇਂ ਨਹੀਂ ਲਾ ਸਕਦੇ। ਕਤਲੇਆਮ ਕਰਨ ਵਾਲੀ ਮਾਈ ਮਰਦੀ ਹੈ ਤਾਂ ਉਸ ਦੇ ਮੁੰਡੇ ਦੀ ਸ਼ਾਨਦਾਰ ਜਿੱਤ, ਦੂਜਾ ਕਤਲੇਆਮ ਕਰਨ ਵਾਲਾ ਮੋਦੀ ਉੱਠਦਾ ਤੇ ਸ਼ਾਨਦਾਰ ਜਿੱਤ! ਇਹ ਇਸ ਮੁਲਕ ਦੀ ਬਦਕਿਸਮਤੀ ਜਾਨਣ ਲਈ ਕਾਫੀ ਨਹੀਂ?
ਵਿਦਵਤਾ ਅਤੇ ਝੂਠਾਂ ਦੀਆਂ ਲੁੱਚ-ਗੜੁਚੀਆਂ ਨਾਲ ਤੁਸੀਂ ਜੋ ਮਰਜੀ ਸਾਬਤ ਕਰ ਦਿਓ, ਪਰ ਇਤਿਹਾਸ ਦੇ ਗਰਭ ਵਿਚ ਪਈਆਂ ਗੱਲਾਂ ਨੂੰ ਤੁਸੀਂ ਹੋਣੋਂ ਕਿਵੇਂ ਰੋਕ ਸਕਦੇ ਹੋਂ। ਇਤਿਹਾਸ ਤੇਰਾ, ਮੇਰਾ, ਉਸਦਾ, ਇਸਦਾ ਜਾਂ ਬੁਰਕੀ ਉਪਰ ਬਊਂ ਬਊਂ ਕਰਨ ਵਾਲੇ ਮੀਡੀਏ ਦਾ ਮੁਥਾਜ ਨਹੀਂ। ਲਿੰਬਾ ਪੋਚੀ ਨਾਲ ਤੁਸੀਂ ਇਸ ਕੂੜ ਨੂੰ ਕੱਜ ਨਹੀਂ ਸਕਦੇ। ਇਹ ਸੌ ਪਰਦੇ ਪਾੜ ਕੇ ਵੀ ਲੋਕਾਂ ਤਕ ਪਹੁੰਣ ਜਾਏਗਾ। ਮੈਂ ਨਹੀਂ ਹੋਰ, ਹੋਰ ਨਹੀਂ ਤਾਂ ਕੋਈ ਹੋਰ ਇਸ ਨੂੰ ਲੋਕਾਂ ਦੀਆਂ ਦਹਿਲੀਜਾਂ ਤਕ ਲਿਜਾਂਦੇ ਰਹਿਣਗੇ ਇਹ ਖਲਕਤ ਦੀਆਂ ਬਰੂਹਾਂ ਵਿਚ ਬੈਠਾ ਤੁਹਾਡੇ ਦਰਵਾਜੇ ਤੇ ਦਸਖਤ ਦਿੰਦਾ ਰਹੇਗਾ!
ਉਥੇ ਮਨੁੱਖ ਪਹਿਲਾਂ ਨਹੀਂ ਬਲਕਿ ਹਿੰਦੂ, ਮੁਸਲਮਾਨ ਜਾਂ ਸਿੱਖ ਪਹਿਲਾਂ ਤੇ ਉਸ ਤੋਂ ਅਗੇ ਕਿ ਹਿੰਦੂ ਵੀ ਕਿਹੜੀ ਜਾਤ ਦਾ? ਬ੍ਰਾਹਮਣ, ਕੱਛਤਰੀ, ਵੈਸ਼ ਜਾਂ ਸ਼ੂਦਰ? ਤੇ ਅਗਿਓਂ ਸ਼ੂਦਰ ਤੋਂ ਅਗਾਂਹ ਸ਼ੂਦਰ ਕਿਹੜਾ? ਇਸ 'ਕਿਹੜੇ' ਦਾ ਖਾਰਾ ਸਮੁੰਦਰ ਏਨਾ ਗਹਿਰਾ ਹੈ ਕਿ ਬ੍ਰਹਾਮਣ ਸਦੀਆਂ ਤੋਂ ਮਨੁੱਖਤਾ ਨੂੰ ਇਸ ਵਿਚ ਗੋਤੇ ਦੇ ਦੇ ਮਾਰਦਾ ਰਿਹਾ ਹੈ।
ਉਥੇ ਮਨੁੱਖ ਜਿਉਂ ਨਹੀਂ ਰਹੇ, ਬਲਕਿ ਜਿਉਂਣ ਲਈ ਇੱਕ ਤਰਲਾ ਹਨ। ਤੁਸੀਂ ਅਸੀਂ ਪਰਦੇ ਉਪਰ ਜੋ ਦੇਖਦੇ ਹਾਂ ਉਹ ਅਸਲ ਵਿਚ ਹਿੰਦੋਸਤਾਨ ਨਹੀਂ ਹੈ। ਉਸ ਨੂੰ ਦੇਖਣਾ ਤਾਂ ਵੱਡੇ ਸ਼ਹਿਰਾਂ ਦੇ ਦੁਆਲੇ ਜਾ ਕੇ ਕਿਤੇ ਤੁਸੀਂ ਝੌਪੜੀਆਂ ਦੁਆਲੇ ਗੇੜਾ ਕੱਢ ਸਕੋਂ।
ਜਿਸ ਪੰਜਾਬ ਦੀ ਪੀੜਾ ਤੁਹਾਨੂੰ ਇਥੇ ਵਾਲਿਆਂ ਨੂੰ ਹੈ ਉਹ ਪੰਜਾਬ ਉਸੇ ਮੁਲਕ ਵਿਚ ਹੈ ਜਿਸ ਦੀ ਗੱਲ ਹੋ ਰਹੀ ਹੈ। ਤੁਸੀਂ ਪੰਜਾਬ ਨੂੰ ਬਚਾਉਂਣਾ ਚਾਹੁੰਦੇ ਪਰ ਕਿਸ ਤੋਂ? ਬਾਦਲਾਂ ਕੈਪਟਨਾ ਦੇ ਹੱਥ ਦੇਖਣ ਤੋਂ ਬਾਅਦ ਤੁਹਾਨੂੰ ਜਾਪਦਾ ਕਿ ਆਮ ਪਾਰਟੀ ਵਾਲੇ ਸ਼ਾਇਦ ਕੋਈ ਬੇੜਾ ਬੰਨੇ ਲਾ ਦੇਣ। ਹੋ ਸਕਦਾ ਕੋਈ ਰਾਹਤ ਮਿਲ ਜਾਏ! ਤੁਹਾਡਾ ਦੌੜਨਾ ਨਿਰ-ਸੁਆਰਥ ਹੈ।
ਗੱਲ ਤੁਹਾਨੂੰ ਔਖੀ ਜਾਪੇਗੀ, ਪਰ ਉਸ ਮੁਲਕ ਦੀ ਲੜਾਈ ਦਰਅਸਲ ਕੁਰੱਪਸ਼ਨ ਦੀ ਲੜਾਈ ਨਹੀਂ ਹੈ। ਕੁਰੱਪਸ਼ਨ ਕਿਥੇ ਨਹੀਂ। ਜਥੇ ਤੁਸੀਂ ਅਸੀਂ ਰਹਿ ਰਹੇ ਇਥੇ ਨਹੀਂ? ਲੜਾਈ ਬ੍ਰਾਹਮਣ ਵਲੋਂ ਸਦੀਆਂ ਤੋਂ ਠੋਸੀ ਗਈ ਅਜਾਰੇਦਾਰੀ ਦੀ ਹੈ। ਜਿਹੜੀ ਉਹ ਕਿਸੇ ਵੀ ਕੀਮਤ 'ਤੇ ਨਾ ਛਡਣਾ ਚਾਹੁੰਦਾ ਨਾ ਵੰਡਣਾ। ਉਸ ਦੀ ਧੌਣ ਵਿਚ ਜਿਹੜਾ ਉੱਚਾ ਹੋਣ ਦਾ ਕੀਲਾ ਠੁੱਕਿਆ ਹੋਇਆ ਉਹ ਕਈ ਕੇਜਰੀਵਾਲ ਰਲ ਕੇ ਵੀ ਹਾਲੇ ਨਹੀਂ ਕੱਢ ਸਕਦੇ। ਉਥੇ ਨੇੜਲੇ ਭਵਿੱਖ ਹਾਲੀਂ ਕਿਸੇ ਇਨਕਲਾਬ ਦੀ ਕੋਈ ਸੰਭਾਵਨਾ ਨਹੀਂ। ਜਿੰਨਾ ਚਿਰ ਧਰਮਾ-ਜਾਤਾਂ ਤੋਂ ਉਪਰ ਉੱਠ ਕੇ ਨੀ ਸੋਚਿਆ ਜਾਂਦਾ ਉਨਾ ਚਿਰ ਮਨੁੱਖਤਾ ਇੰਝ ਹੀ ਆਪਸ ਵਿਚ ਖਹਿ ਖਹਿ ਮਰਦੀ ਰਹੇਗੀ ਤੇ ਕਿਸੇ ਵਿਕਾਸ ਵੰਨੀ ਵਧਣ ਦੀ ਕੋਈ ਸੰਭਾਵਨਾ ਜਾਪਦੀ ਨਹੀਂ।
ਇਸ ਦੇ ਬਾਵਜੂਦ ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਜਰੀਵਾਲ ਨੇ ਇਸ ਮੁਲਕ ਦੀ ਇੱਕ ਲੰਮੀ ਚੁੱਪ ਨੂੰ ਤੋੜਿਆ ਹੈ। ਉਸ ਨੇ ਇੱਕ ਮਿੱਥ ਤੋੜੀ ਹੈ ਕਿ ਸ਼ਾਹੀ ਘਰਾਣਿਆਂ ਖਿਲਾਫ ਬੋਲਿਆ ਨਹੀਂ ਜਾ ਸਕਦਾ! ਉਸ ਰਜਵਾੜਾ ਸ਼ਾਹੀ ਦੀ ਸਿੱਧਾ ਸ਼ਾਹ ਰਗ ਨੂੰ ਹੱਥ ਪਾਉਂਣ ਦੀ ਜੁਅਰਤ ਕੀਤੀ ਹੈ। ਅਗੇ ਜਾ ਕੇ ਉਹ ਕਿੰਨਾ ਕਾਮਯਾਬ ਹੁੰਦਾ ਜਾਂ ਨਹੀਂ, ਪਰ ਐਸ ਵੇਲੇ ਤੱਕ ਜਿਹੜੇ ਸੱਚ ਉਹ ਲੋਕਾਂ ਨੂੰ ਦੱਸ ਗਿਆ ਹੈ ਗਾਂਧੀ ਵਰਗੇ ਬੇਈਮਾਨ ਬੰਦੇ ਵੀ ਲੋਕਾਂ ਨੂੰ ਦੱਸ ਨਹੀਂ ਸਕੇ। ਬਕਲਿ ਗਾਂਧੀ-ਪਟੇਲ-ਨਹਿਰੂ ਵਰਗੇ ਸ਼ਾਹੀ ਘਰਾਣਿਆਂ ਦੀਆਂ ਉਹ ਰੰਡੀਆਂ ਸਨ ਜਿੰਨਾ ਦਾ ਸਾਰਾ ਜੋਰ ਉਨ੍ਹਾਂ ਦੇ ਹਿੱਤਾਂ ਨੂੰ ਬਚਾਉਣ ਖਾਤਰ ਲੱਗਦਾ ਰਿਹਾ ਅਤੇ ਸ੍ਰ ਭਗਤ ਸਿੰਘ ਵਰਗਿਆਂ ਨੂੰ ਫਾਂਸੀ ਤੱਕ ਪਹੁਚਾਉਂਣ ਲਈ ਜਿੰਨਾ ਦਾ ਅਹਿਮ ਰੋਲ ਰਿਹਾ ਤਾਂ ਕਿ ਉਨ੍ਹਾਂ ਘਰਾਣਿਆਂ ਨੂੰ ਕੋਈ ਆਂਚ ਨਾ ਆਵੇ।
ਪਰ ਕੇਜਰੀਵਾਲ ਨੇ ਉਨਾਂ ਘਰਾਣਿਆਂ ਯਾਣੀ ਅੰਬਾਨੀਆਂ ਅਦਾਨੀਆਂ ਨੂੰ ਚੁਰਾਹੇ ਨੰਗਾ ਕੀਤਾ ਹੈ, ਉਨ੍ਹਾਂ ਅੰਬਾਨੀਆਂ ਅਦਾਨੀਆਂ ਨੂੰ ਜਿੰਨਾ ਸਾਹਵੇਂ ਹਰ ਹਰ ਹੋਈ ਫਿਰਦੇ ਮੋਦੀ ਦੀ ਔਕਾਤ ਇੱਕ ਨੌਕਰ ਜਿੰਨੀ ਵੀ ਨਹੀਂ!
ਹਾਲ ਦੀ ਘੜੀ ਪੰਜਾਬ ਵਾਲਿਆਂ ਦਾ, ਤੁਹਾਡਾ ਸਾਡਾ ਇਹ ਸੋਚ ਕੇ ਗੁਜਾਰਾ ਕਰ ਲੈਣ ਤੋਂ ਬਿਨਾ ਕੋਈ ਚਾਰਾ ਨਹੀਂ ਕਿ ਇੱਕ ਆਮ ਪਾਰਟੀ ਬਚਦੀ ਹੈ, ਜਿਸ ਨਾਲ ਸਹਿਜੋਗ ਕਰਕੇ ਪੰਜਾਬ ਨੂੰ ਬਾਦਲਾਂ ਦੇ ਖੂਨੀ ਪੰਜਿਆਂ ਤੋਂ ਬਚਾਇਆ ਜਾ ਸਕੇ। ਵਾਲ ਦੀਆਂ ਖੱਲਾਂ ਲਾਹੁਣ ਵਾਲੇ, ਇਲਾਕੇ ਅਤੇ ਟੋਪੀਆਂ ਪਰਖਣ ਵਾਲੇ 'ਵਿਦਵਾਨ' ਪੰਜਾਬ ਦੀ ਤਹਿ ਤੱਕ ਜਾ ਕੇ ਦੇਖਣ ਕੀ ਪੱਗਾਂ ਵਾਲਿਆਂ ਬਾਦਲਕਿਆਂ ਪੰਜਾਬ ਦੀ ਕਿਵੇਂ ਜਹੀ ਤਹੀ ਫੇਰ ਕੇ ਰੱਖ ਦਿੱਤੀ ਕਿ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਅਗਲੇ ਕਈ ਦਹਾਕਿਆਂ ਤੀਕ ਅਪਣੇ ਪੈਰਾਂ 'ਤੇ ਖੜਾ ਵੀ ਹੋ ਸਕੇਗਾ??