ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 1)
ਬਾਵਨ ਅਖਰੀ ਕਬੀਰ ਜੀਉ ਕੀ, ੴਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥1॥
ਕਬੀਰ ਜੀ ਸੋਝੀ ਦਿੰਦੇ ਹਨ ਕਿ ਮਾਇਆ ਤੇ ਆਧਾਰਿਤ ਇਸ ਸ੍ਰਿਸ਼ਟੀ ਦਾ ਪਸਾਰਾ ਤਿੰਨਾਂ ਲੋਕਾਂ
ਤੱਕ ਹੀ ਸੀਮਤ ਹੈ।(ਥਰਤੀ=ਠੋਸ ਤੱਲ, ਆਕਾਸ਼=ਖਲਾਅ-ਖਾਲੀ ਥਾਂ-ਸਪੇਸ, ਪਾਤਾਲ= ਪਾਣੀ ਦਾ ਤਾਲਾਬ-ਸਮੁੰਦਰ) ਇਸ ਨੂੰ ਸਮਝਣ ਲਈ ਜੋ ਅੱਖਰ ਬੋਲੇ ਜਾਂ ਲਿਖੇ ਜਾਂਦੇ ਹਨ, ਉਹ ਵੀ ਮਾਇਆ ਦਾ ਹੀ ਹਿੱਸਾ ਹਨ।
ਇਹ ਮਾਇਆ ਦਾ ਸਾਰਾ ਪਸਾਰਾ ਇਕ ਦਿਨ ਖਤਮ ਹੋ ਜਾਣਾ ਹੈ, ਇਸ ਵਿਚ ਵਰਤੇ ਜਾਣ ਵਾਲੇ ਅੱਖਰ ਵੀ ਇਕ ਦਿਨ ਖਿਰ ਜਾਣੇ ਹਨ, ਖਿਸ ਜਾਣੇ ਹਨ,ਖਤਮ ਹੋ ਜਾਣੇ ਹਨ।ਏ ਦਾ ਮਤਲਬ ਹੈ ਦਿਸਦਾ ਪਸਾਰਾ।
ਇਸ ਤੋਂ ਹਟ ਕੇ, ਜੋ ਹਮੇਸ਼ਾ ਕਾਇਮ ਰਹਣਾ ਹੈ, ਪਰਮਾਤਮਾ, ਆਤਮਾ ਅਤੇ ਮਨ ਦੀ ਸੋਝੀ, ਆਤਮਕ ਦੁਨੀਆ ਦੀ ਸੋਝੀ ਹਾਸਲ ਕਰਨ ਵਾਲੇ ਅੱਖਰ, ਜੋ ਮਾਇਆ ਦੇ ਪਸਾਰੇ ਤੋਂ ਬਾਹਰ ਹਨ, ਜੋ ਕਦੇ ਖਤਮ ਨਹੀਂ ਹੋਣੇ ਉਹ ਅੱਖਰ ਇਨ੍ਹਾਂ ਅੱਖਰਾਂ ਵਿਚ ਨਹੀਂ ਹਨ। ਓਇ ਦਾ ਮਤਲਬ ਹੈ ਅਣਦਿਸਦਾ ਪਸਾਰਾ।ਜਦ ਕਬੀਰ ਜੀ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਕੁਝ ਅਣਦਿਸਦੇ ਅੱਖਰ ਵੀ ਹਨ, ਤਾਂ ਇਸ ਤੇ ਸ਼ੱਕ ਦੀ ਤੇ ਕੋਈ ਗੁੰਜਾਇਸ਼ ਹੀ ਨਹੀਂ ਹੈ, ਕਿ ਓਇ ਅੱਖਰ ਹਨ ਜਾਂ ਨਹੀਂ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਉਹ ਅੱਖਰ ਕਿਹੜੇ ਹਨ ? ਅਤੇ ਕਿੱਥੇ ਹਨ ?
ਇਸ ਤੁਕ ਵਿਚੋਂ ਇਹ ਤਾਂ ਸਪੱਸ਼ਟ ਹੈ ਕਿ ‘ਏ’ ਅਤੇ ‘ਓਇ’ ਦੋਵਾਂ ਤਰ੍ਹਾਂ ਦੇ ਅੱਖਰ ਕਈ ਹਨ, ਦੋਵੇਂ ਅਖਰ ਬਹੁ-ਵਚਨ ਹਨ।
ਜਹਾ ਬੋਲ ਤਹ ਅਛਰ ਆਵਾ ॥
ਜਹ ਅਬੋਲ ਤਹ ਮਨੁ ਨ ਰਹਾਵਾ ॥
ਬੋਲ ਅਬੋਲ ਮਧਿ ਹੈ ਸੋਈ ॥
ਜਸ ਓਹੁ ਹੈ ਤਸ ਲਖੈ ਨ ਕੋਈ ॥2॥
ਮਾਦੀ ਦੁਨੀਆ ਵਿਚ, ਜਿੱਥੇ ਸਭ ਕੁਝ ਬੋਲਿਆ-ਸੁਣਿਆ ਅਤੇ ਲਿਖਿਆ-ਪੜ੍ਹਿਆ-ਵੇਖਿਆ ਜਾ ਸਕਦਾ ਹੈ, ਓਥੇ ਇਨ੍ਹਾਂ ਅੱਖਰਾਂ ਦੀ ਵਰਤੋਂ ਹੁੰਦੀ ਹੈ, ਜਿੱਥੇ ਕੁਝ ਬੋਲਿਆ ਨਹੀਂ ਜਾ ਸਕਦਾ, ਜਿਸ ਅਸਥਾਨ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਓਥੇ ਮਨ ਦੀ, ਕਰਤਾਰ ਨਾਲੋਂ ਵੱਖਰੀ ਹੋਂਦ ਨਹੀਂ ਰਹਿ ਜਾਂਦੀ, ਖਤਮ ਹੋ ਜਾਂਦੀ ਹੈ।
ਬੋਲ ਵਾਲੀ ਅਸਥਾ ਵਿਚ, ਪਰਮਾਤਮਾ ਦੀ ਸਰਗੁਣ ਸਰੂਪ ਵਾਲੀ ਅਵਸਥਾ ਅਤੇ ਅਬੋਲ ਵਾਲੀ ਅਵਸਥਾ, ਪਰਮਾਤਮਾ ਦੀ ਨਿਰਗੁਣ ਸਰੂਪ ਵਾਲੀ ਅਵਸਥਾ, ਦੋਵਾਂ ਵਿਚ ਪ੍ਰਭੂ ਆਪ ਹੀ ਹੁੰਦਾ ਹੈ। ਪਰ ਜੈਸਾ ਉਹ ਹੈ, ਉਸ ਬਾਰੇ ਪੂਰੀ ਸੋਝੀ, ਕੋਈ ਦੇ ਨਹੀਂ ਸਕਦਾ, ਬਿਆਨ ਨਹੀਂ ਕਰ ਦਕਦਾ, ਉਹ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ।
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨ ਲੋਕ ਬਿਸਥਾਰ ॥3॥
ਜੇ ਮੈਂ ਪਰਮਾਤਮਾ ਨੂੰ ਪਾ ਵੀ ਲਵਾਂ, ਤਾਂ ਵੀ ਮੈਂ ਉਸ ਬਾਰੇ ਕੁਝ ਦੱਸ ਨਹੀਂ ਸਕਦਾ, ਜੇ ਮੈਂ ਉਸ ਬਾਰੇ ਕੁਝ ਦੱਸਣ ਦੀ ਕਸ਼ਿਸ਼ ਵੀ ਕਰਾਂ ਤਾਂ ਉਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਇਹ ਸ੍ਰਿਸ਼ਟੀ, ਤਿਨੋਂ ਲੋਕ (ਧਰਤੀ=ਠੋਸ ਤੱਲ, ਆਕਾਸ਼=ਸਪੇਸ-ਖਾਲੀ ਥਾਂ ਅਤੇ ਪਾਤਾਲ=ਪਾਣੀ ਦਾ ਤਾਲ-ਸਮੁੰਦਰ) ਜਿਸ ਪ੍ਰਭੂ ਦਾ ਆਪਣਾ ਵਿਸਤਾਰ ਹੈ , ਉਹ ਬਟਕ-ਬੋੜ੍ਹ ਦੇ ਬੀਜ ਦੇ ਅੰਦਰ ਪੂਰਨ ਰੂਪ ਵਿਚ ਸਮਾਇਆ ਹੋਇਆ ਹੈ, ਉਸ ਵਿਚ ਪੂਰਨ ਰੂਪ ਵਿਚ ਮੌਜੂਦ ਹੈ, ਭਲਾ ਇਸ ਨਾਲ ਕਿਸੇ ਦਾ ਕੀ ਫਾਇਦਾ ਹੋ ਸਕਦਾ ਹੈ ? ਇਹ ਆਤਮਕ ਤੱਲ ਦੀਆਂ ਗੱਲਾਂ ਹਨ, ਇਸ ਨੂੰ ਉਹੀ ਸਮਝ ਸਕਦਾ ਹੈ, ਜੋ ਆਤਮਕ ਰਾਹ ਤੇ ਚੱਲ ਰਿਹਾ ਹੋਵੇ, ਮਾਦੀ ਰਾਹ ਤੇ ਚੱਲਣ ਵਾਲਾ ਤਾਂ ਬੋੜ੍ਹ ਦੇ ਬੀਜ ਨੂੰ ਲੈ ਕੇ ਉਸ ਦੀ ਚੀਰ-ਫਾੜ ਕਰ ਕੇ ਉਸ ਵਿਚੋਂ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਅਤੇ ਫਿਰ ਫੈਸਲਾ ਦੇ ਦੇਵੇਗਾ ਕਿ ਇਹ ਸਭ ਗਲਤ ਹੈ ਬੋੜ੍ਹ ਦੇ ਬੀਜ ਵਿਚ ਕਿਤੇ ਵੀ ਰੱਬ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 1)
Page Visitors: 2591