ਸਰਬ ਰੋਗ ਕਾ ਅਉਖਦੁ ਨਾਮੁ
ਮੇਰੇ ਸਾਰਿਆਂ ਰੋਗਾਂ ਦੀ ਇੱਕ ਹੀ ਦਵਾਈ ਹੈ, ਤੇ ਉਹ ਹੈ "ਨਾਮ"। ਇਹ ਗੱਲ ਸਪੱਸ਼ਟ ਹੈ। ਨਾਮ ਕੀ ਹੈ ਤੇ ਮੇਰੇ ਰੋਗ ਕੀ ਹਨ, ਸਵਾਲ ਇਹ ਹੈ? ਗੋਡੇ ਦੁੱਖਣੇ, ਸਿਰ ਦੁੱਖਣਾ, ਨਜਲਾ ਹੋਣਾ, ਸ਼ੂਗਰ ਹੋ ਜਾਣੀ, ਬਲੱਡ ਪ੍ਰੈਸ਼ਰ ਹੋਣਾ, ਹਾਈ ਕਲੈਸਟਰੌਲ ਦਾ ਹੋਣਾ, ਕੈਂਸਰ ਹੋਣੀ, ਜੋੜਾਂ ਦਾ ਦੁੱਖਣਾ ਆਮ ਤੌਰ 'ਤੇ ਮੈਂ ਇਹੀ ਰੋਗ ਮੰਨੇ ਹਨ, ਕਰੀਬਨ ਅਜਿਹੇ ਹੀ ਕੁਝ ਹੋਰ ਹੋਣਗੇ।
...ਪਰ ਗੁਰਬਾਣੀ ਇਨ੍ਹਾ ਨੂੰ ਰੋਗ ਨਹੀਂ ਮੰਨਦੀ। ਗੁਰਬਾਣੀ ਇਨ੍ਹਾਂ ਨੂੰ ‘ਸੁਖੁ ਦੁਖੁ ਦੁਇ ਦਰਿ ਕਪੜੇ’ ਮੰਨਦੀ ਹੈ, ਜਿਹੜੇ ਮਨੁੱਖ ਜਿੰਦਗੀ ਵਿਚ ਕਈ ਵਾਰ ਬਦਲਦਾ ਹੈ। ਅੱਜ ਸਿਰ ਦੁਖਦਾ ਕੱਲ ਨੂੰ ਹੱਟ ਜਾਂਦਾ, ਅੱਜ ਬੱਲਡ ਪ੍ਰੈਸ਼ਰ ਹਾਈ ਹੈ ਕੱਲ ਨੂੰ ਲੋਅ ਹੋ ਜਾਂਦਾ, ਸ਼ੂਗਰ ਕਦੇ ਸੀ ਕਦੇ ਨਹੀਂ ਇਵੇਂ ਹੀ ਬਾਕੀ ਰੋਗ ਪਰ ਕਈ ਉਮਰ ਦੇ ਹਿਸਾਬ ਦੇਹੀ ਨੂੰ ਪੱਕੇ ਹੀ ਲੱਗ ਜਾਂਦੇ ਹਨ ਉਹ ਉਮਰੀ ਰੋਗ ਹੁੰਦੇ ਹਨ ਜਿਵੇਂ ਜੋੜਾਂ-ਗੋਡਿਆਂ ਦੇ ਇਹ ਤਾਂ ਲੈ ਕੇ ਹੀ ਮਰਨਾ ਪੈਂਦਾ।
ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਲੁਟੇਰੇ ਨਿਜਾਮ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਰੋਗਾਂ ਨਾਲ ਸਬੰਧਤ ਕੁਝ ਚੋਣਵੇ ਸ਼ਬਦ ਲੈ ਕੇ ਉਨ੍ਹਾਂ ਉਪਰ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਨਿਲਕਿਆ ਕਿ ਜੇ ਤਾਂ ਮੈਂ ਦੱਸੇ ਸਬਦ ਦੇ ਪੜਨ ਨਾਲ ਠੀਕ ਹੋ ਗਿਆ, ਤਾਂ ਗੁਰੂ ਜ਼ਾਹਰਾ ਹੈ ਨਹੀਂ ਤਾਂ ਹੋਰ ਕੋਈ ਲੱਭਣ ਤੁਰ ਪਵਾਂਗੇ।
ਪੰਜਾਬ ਦੀ ਗੱਲ ਹੈ, ਮੇਰੇ ਬੜੇ ਪੁਰਾਣਾ ਮਿੱਤਰ ਸੀ ਉਹ ਕੋਈ 12 ਕੁ ਸਾਲ ਪਹਿਲਾਂ ਪੁਲਿਸ ਵਿੱਚ ਹੁੰਦਾ ਸੀ ਹੁਣ ਥਾਣੇਦਾਰ ਬਣਕੇ ਮਜੀਠੇ ਲੱਗਾ ਹੈ। ਪਹਿਲਾਂ ਉਹ ਪੀਂਦਾ ਹੁੰਦਾ ਸੀ, ਮੁੰਡਾ ਉਸ ਦੇ ਕੋਈ ਨਹੀਂ ਸੀ, ਜਿਸ ਕਾਰਨ ਘਰਵਾਲੀ ਪ੍ਰੇਸ਼ਾਨ ਰਹਿਣ ਲੱਗ ਪਈ ਤੇ ਇਸੇ ਚੱਕਰ ਵਿੱਚ ਹੀ ਉਹ ਧਾਗੇ-ਟੂਣਿਆਂ ਵਾਲਿਆਂ ਦੇ ਗੇੜ ਵਿੱਚ ਪੈ ਗਈ ਤੇ ਉਸ ਵਿੱਚ ਕੋਈ ‘ਓਪਰੀ ਸ਼ੈਅ’ ਵੀ ਆਉਣ ਲਗ ਪਈ, ਜਿਸ ਕਾਰਨ ਘਰਵਾਲਾ ਵੀ ਦੁੱਖੀ ਹੋ ਗਿਆ ਤੇ ਆਖਰ ਇਸੇ ਰੌਲੇ-ਗੌਲੇ ਵਿੱਚ ਉਹ ਕਿਸੇ ਰਾਧਾਸੁਆਮੀ ਦੇ ਢਹੇ ਚ੍ਹੜ ਗਏ ਤੇ ‘ਪੱਕੇ’ ਰਾਧਾਸ਼ਾਮ ਬਣ ਗਏ।
ਇਸ ਵਾਰੀ ਕਈ ਸਾਲਾਂ ਬਾਅਦ ਉਹ ਮੈਨੂੰ ਮਿਲੇ ਸਨ ਜਦ ਮੈਂ ਦੇਖਿਆ ਤਾਂ ਬੀਬੀ ਦੇ ਦਸਤਾਰ ਬੰਨੀ ਹੋਈ ਸੀ ਤੇ ਗਾਤਰਾ ਉੋਪਰ ਦੀ ਪਾਇਆ ਹੋਇਆ ਸੀ।
ਕਿਵੇਂ ਭੈਣ ਮੇਰੀਏ ਪੰਥ ਫਿਰ ਬਦਲ ਲਿਆ? ਉਸ ਦੀ ਦਸਤਾਰ ਦੇਖ ਮੈਂ ਬੀਬਾ ਨੂੰ ਪੁੱਛਿਆ।
ਹਾਂ! ਵੀਰ ਜੀ ਮੈਂ ਅੰਮ੍ਰਿਤ ਛੱਕ ਲਿਆ ਹੈ।
ਪਰ ਪਹਿਲੇ ‘ਪੰਥ’ ਦਾ ਕੀ ਬਣਿਆ? ਮੇਰਾ ਇਸ਼ਾਰਾ ਫੂਕਾਂ ਵਾਲਿਆਂ ਵਲ ਸੀ।
ਉਥੇ ਵੀ ਜਾਈਦਾ ਹੈ!!
ਇਹ ਦੋ ਬੇੜੀਆਂ ਡੋਬਣਗੀਆਂ ਨਾ?
ਹੀ, ਹੀ, ਨਹੀਂ ਵੀਰ ਜੀ ਦਰਅਸਲ ਮੈਂ ਦੋ ਸਾਲ ਉਥੇ ਨਹੀਂ ਸੀ ਗਈ ਮੈਂ ਸੋਚ ਲਿਆ ਸੀ ਕਿ ਹੁਣ ਅਪਣੇ ਗੁਰੂ ਤੋਂ ਬਿਨਾ ਕਿਤੇ ਨਹੀਂ ਜਾਣਾ, ਪਰ ਸਰੀਰ ਮੇਰੇ ਵਿੱਚੋਂ ਅੰਗਾਰੇ ਨਿਕਲਣ, ਮਨ ਮੇਰਾ ਦੌੜਨ ਦੌੜਨ ਕਰੇ ਜਿਵੇਂ ਕੋਈ ਕਾਹਲੀ ਪੈਂਦੀ ਅੰਦਰ ਤੇ ਆਖਰ ਜ਼ਿਦ ਛੱਡ ਕੇ ਮੈਂ ਹਰੇਕ ਸੰਗਰਾਦ ਉਥੇ ਜਾਣ ਲੱਗ ਪਈ ਤਾਂ ਚੰਗੀ-ਭਲੀ ਹੋ ਗਈ!
ਇਸ ਦਾ ਮੱਤਲਬ ਜੋਰਾਵਰ ਤਾਂ ਫਿਰ ਰਾਧਾ ਦਾ ਸੁਆਮੀ ਹੋਇਆ, ਫਿਰ ਆਹ ਗਾਤਰੇ ਦਸਤਾਰ ਦੀ ਕੀ ਲੋੜ ਪੈ ਗਈ ਬੀਮਾਰੀ ਤਾਂ ਤੇਰੀ ਇਸ ਕੱਟੀ ਨਹੀਂ। ਪਰ ਚਲ ਦੱਸ ਤੇਰਾ ਸੁਆਮੀ ਕਦੇ ਬੀਮਾਰ ਨਹੀਂ ਹੋਇਆ? ਕਦੇ ਉਸ ਨੂੰ ਨਜਲਾ, ਜੁਕਾਮ, ਖਾਂਸੀ, ਬੁਖਾਰ, ਸ਼ੂਗਰ, ਬਲੱਡ ਪ੍ਰੈਸ਼ਰ, ਸਿਰ ਦੁੱਖਣਾ ਕੋਈ ਬੀਮਾਰੀ ਨਹੀਂ ਲੱਗੀ?
ਨਹੀਂ ਇੰਝ ਤਾਂ ਨਹੀਂ ਪਰ.... ਮੈਂ ਠੀਕ ਕਿਵੇਂ ਹੋ ਗਈ?
ਕੋਈ ਹੋਰ ਡਾਕਟਰ ਵੀ ਦੇਖਦੀਂ ਹੈਂ?
ਉਹ ਤਾਂ ਦਵਾਈ ਚਲਦੀ ਹੈ!
ਫਿਰ ਤੈਨੂੰ ਕਿਵੇਂ ਪਤੈ ਕਿ ਤੂੰ ਕਿਹੜੇ ਡਾਕਟਰ ਨਾਲ ਠੀਕ ਹੈਂ?
ਮੇਰਾ ਮਨ ਗਵਾਹੀ ਦਿੰਦਾ ਕਿ ਡਾਕਟਰ ਨਾਲੋਂ ਮੈਂ ਉਥੇ ਜਾ ਕੇ ਠੀਕ ਹਾਂ।
ਬੀਬਾ ਤੂੰ ਠੀਕ ਨਹੀਂ ਹੋਈ, ਤੂੰ ਤਾਂ ਸਗੋਂ ਅਗੇ ਨਾਲੋਂ ਵੀ ਬੀਮਾਰ ਹੈਂ, ਤੈਨੂੰ ਪਤਾ ਨਹੀਂ ਲੱਗ ਰਿਹੈ। ਦੇਹ ਦਾ ਸਿਰ ਦੁੱਖਣਾ ਹਟ ਜਾਣਾ ਠੀਕ ਹੋ ਜਾਣਾ, ਨਹੀਂ ਸਿਰ ਦੇ ਵਿੱਚ ਤੂੰ ਕਿੰਨੇ ਸਿਰ ਫਸਾ ਲਏ ਨੇ ਇਹ ਰੋਗ ਤੇਰਾ ਠੀਕ ਹੋਣ ਵਾਲਾ ਨਹੀਂ ਤੇ ਤੂੰ ਮੁੜ ਮੁੜ ’ਡਾਕਟਰ’ ਬਦਲ-ਬਦਲ ਇੰਨੀ ਕਮਜੋਰ ਹੋ ਗਈ ਹੈਂ, ਕਿ ਭਵਿੱਖ ਵਿੱਚ ਮੈਨੂੰ ਡਰ ਹੈ ਕਿਤੇ ਤੂੰ ਘਰਵਾਲਾ ਵੀ ਨਾ ਬਦਲ ਲਏਂ। ਪਰ ਯਕੀਨਨ ਹਾਲੇ ਤੂੰ ਜਿੰਦਗੀ ਵਿੱਚ ਕਈ ‘ਗੁਰੂ’ ਬਦਲੇਂਗੀ। ਕਦੇ ਧਾਗਿਆਂ ਵਾਲਾ, ਕਦੇ ਤਵੀਤਾਂ ਵਾਲ, ‘ਸਿਆਣਾ’ ਪਹਿਲਾਂ ਤੂੰ ਕੋਈ ਨਹੀਂ ਛੱਡਿਆ, ਵਿੱਚੇ ਗਾਤਰੇ ਵਾਲਾ ਬਾਬਾ ਜੀ ਫਸਾ ਲਿਆ, ਵਿਚੇ ਰਾਧੇ-ਸ਼ਾਮ ਵੀ ਇੰਨਾ ਕੁਝ ਹੁੰਦਿਆਂ ਜੇ ਤੂੰ ਰੋਗੀ ਨਹੀਂ ਤਾਂ ਹੋਰ ਕੀ ਏ?
ਉਸ ਨੂੰ ਅਹਿਸਾਸ ਹੋਇਆ ਕਿ ਵਾਕਿਆਂ ਹੀ ਮੈਂ ਕਈ ਕੁਝ ਹੁਣ ਬਦਲ ਲਿਆ ਹੈ। ਤੇ ਆਖਰ ਕਹਿਣ ਲੱਗੀ ਕਿ ਹਾਂਅ ਵੀਰ ਜੀ! ਕੋਈ ਗੱਲ ਦੱਸਦਾ ਹੀ ਨਹੀਂ ਐਵੇਂ ਗਲਤ ਭਟਕੀ ਜਾਂਦੇ ਹਾਂ ਅਪਣੇ ਤੇ ਦੇਖੋ ਘਰ ਵਿੱਚ ਸਭ ਕੁਝ ਹੈ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕੀਤਿਆਂ ਹੀ ਦੁੱਖ ਕੱਟ ਹੋ ਜਾਂਦੇ ਹਨ ਕਿਤੇ ਜਾਣ ਦੀ ਲੋੜ ਨਹੀਂ!
ਬੀਬਾ ਜੇ ਤੂੰ ਫਿਰ ਬੇਰੀ ਦੇ ਹੀ ਕੰਡਿਆਂ ਵਿੱਚ ਫੱਸਣਾ ਹੈ ਤਾਂ ਉਥੇ ਹੀ ਫਸੀ ਰਹਿ ਵਾਪਸ ਆਉਂਣ ਦੀ ਲੋੜ ਨਹੀਂ। ਦੁੱਖ ਬੇਰੀਆਂ ਨਹੀਂ ਕੱਟਦੀਆਂ, ਗੁਰੂ ਦਾ ਨਾਮ ਕੱਟਦਾ ਹੈ, ਬੇਰੀ ਕਿਉਂ ਸ਼ਰੀਕ ਬਣਾਈ ਜਾਂਦੀ ਗੁਰੂ ਦੇ ਨਾਮ ਦੀ। ਹਰਿਮੰਦਰ ਦੇ ਅੰਦਰ ਬੈਠਾ ਤਾਂ ਦੁਹਾਈਆਂ ਦੇਈ ਜਾ ਰਿਹੈ ਕਿ ‘ਦੁਖ ਭੰਜਨ ਤੇਰਾ ਨਾਮ’ ਤੇ ਬਾਹਰ ਸਿੱਖ ਨੇ ਦੇਹ ਤੇਰੇ ਦੀ ਬੇਰੀ ਦੀ ਸ਼ਾਮਤ ਆਂਦੀ ਪਈ। ਜੇ ਬੇਰੀਆਂ ਨੂੰ ਹੀ ਮੱਥੇ ਟੇਕਣੇ ਸੀ ਤਾਂ ਹਿੰਦੂ ਮਾੜਾ ਸੀ, ਉਹ ਤਾਂ ਪਹਿਲਾਂ ਹੀ ਪਿੱਪਲਾਂ ਨੂੰ ਟੇਕੀ ਜਾ ਰਿਹਾ ਸੀ, ਫਿਰ ਸਿੱਖ ਬਣ ਹਾਅ ਗਾਤਰਾ ਪਾਉਂਣ ਦੀ ਕੀ ਲੋੜ ਸੀ?
ਉਹ ਕੋਈ ਘੰਟਾ ਭਰ ਬੈਠ ਕੇ ਸੁਣਦੀ ਰਹੀ ਤੇ ਪੁੱਛਦੀ ਰਹੀ ਜਦ ਉਸ ਨੂੰ ਕੋਈ ਦਲੀਲ ਦਾ ਰਾਹ ਨਾ ਲੱਭਾ ਕੁੜੀ ਅਪਣੀ ਨੂੰ ਕਹਿਣ ਲੱਗੀ, ਕਿ ਅਪਣੇ ਪਿਓ ਨੂੰ ਸੱਦ ਕੇ ਲਿਆ ਜਿਹੜਾ ਪਰ੍ਹੇ ਬੈਠਾ ਹੋਰ ਰਿਸ਼ਤੇਦਾਰਾਂ ਨਾਲ ਗੱਪਾਂ ਮਾਰ ਰਿਹਾ ਸੀ। ਜਦ ਉਹ ਆਇਆ ਤਾਂ ਕਹਿਣ ਲੱਗੀ ਅੱਜ ਤੋਂ ਸਭ ਕੁਝ ਬੰਦ। ਜਾਂਦੇ ਹੋਏ ਸ੍ਰੀ ਗੁਰੂ ਜੀ ਦਾ ਟੀਕਾ ਲੈ ਕੇ ਚਲਣਾ ਹੈ। ਮੈਂ ਕਿਤੇ ਹੋਰ ਨਹੀਂ ਜਾਣਾ ਮਰ ਨਹੀਂ ਚਲੀ। ਤੇ ਹਾਸੇ ਨਾਲ ਕਹਿਣ ਲੱਗੀ ਮੈਨੂੰ ‘ਬਾਬਾ’ ਤਾਂ ਹੁਣ ਲੱਭਾ।
ਦੇਖੀਂ ਬੀਬਾ ਇਹ ਗਲਤੀ ਫਿਰ ਨਾ ਕਰੀਂ। ਗੱਲ ਦੱਸਣ ਵਾਲਾ ‘ਬਾਬਾ’ ਨਹੀਂ ਬਾਬਾ ਜੀ ਅਪਣੇ ਸਾਰਿਆਂ ਦੇ ਇੱਕ ਹੀ ਨੇ ਕਿਸੇ ਦੀ ਵੀ ਗੱਲ ਸੁਣਕੇ ਉਸ ਦੇ ਮਗਰ ਨਹੀਂ ਦੌੜ ਪਈਦਾ, ਇਹੀ ਮਾਰ ਵੱਗੀ ਸਾਨੂੰ ਸਭ ਨੂੰ ਕਿ ‘ਜੀਨ੍ਹੇ ਲਾਇਆ ਗਲੀਂ ਉਸੇ ਨਾਲ ਉਠ ਚਲੀ।
ਉਸ ਦਾ ਹੌਸਲਾ ਵੇਖ ਘਰਵਾਲਾ ਹੈਰਾਨ ਸੀ। ਉਹ ਅਗਲੇ ਦਿਨ ਸਾਰਾ ਟੱਬਰ ਫਿਰ ਮੇਰੇ ਕੋਲੇ ਆਣ ਬੈਠਾ। ਇਥੇ ਲੋਕਾਂ ਦਾ ਕੀ ਕਸੂਰ ਕਿ ਉਨ੍ਹੀ ਡੇਰਿਆਂ ਵਲ ਮੂੰਹ ਚੁੱਕ ਲਿਆ ਹੈ। ਮੈਨੂੰ ਦੱਸਿਆ ਹੀ ਹੁਣ ਤੱਕ ਇਹੀ ਗਿਆ ਕਿ ਇਥੇ ਪਾਠ ਕਰਨ ਨਾਲ, ਇਥੇ ਸੁੱਖਣਾ ਸੁੱਖਣ ਨਾਲ, ਇਥੇ ਦੀਵਾ ਬਾਲਣ ਨਾਲ, ਇਸ ਨਾਮ ਦੇ ਕੈਂਪ ਵਿੱਚ ਆ ਕੇ ਇਸ ਸਬਦ ਦੇ ਘੋਟਾ ਲਾਉਂਣ ਨਾਲ ਆਹ ਦੁੱਖ ਦੂਰ ਹੁੰਦੇ ਹਨ ਤੇ ਜੇ ਨਾ ਹੋਏ ਫਿਰ ਹੋਰ ਗੁਰੂ ਬਥੇਰੇ ਨੇ।
ਬੀਮਾਰ ਬੰਦਾ ਹੀ ਮੁੜ ਮੁੜ ਅਪਣੇ ਪੰਥ ਬਦਲਦਾ, ਬੀਮਾਰ ਹੀ ਗੁਰੂ ਬਦਲਦਾ, ਬੀਮਾਰ ਹੀ ਡੇਰੇ ਬਦਲਦਾ। ਤੰਦਰੁਸਤ ਕਿਉਂ ਬਦਲੂ। ਉਹ ਬਦਲ ਸਕਦਾ ਹੀ ਨਹੀਂ ਉਹ ਕਹਿੰਦਾ ਆਉਂਣ ਦੇ ਪਰ ਆਰਾ ਸਿੱਧਾ ਰੱਖ। ਵੱਡ ਜਿਵੇਂ ਮਰਜੀ ਤਸੱਲੀ ਨਾਲ ਪਰ ਮਿੱਤਰਾ ਬੰਦ ਦੇਖ ਕਿੰਨੇ ਛੱਡ ਚਲਿਆਂ।
ਉਹ ਸਿਰ ਦੁਖਦੇ ਤੋਂ ਕਿਸੇ ਅਜਮੇਰੀ ਮਾਸ਼ਟਰ ਤੋਂ ਸਵਾਹ ਥੋੜੋਂ ਲੈਣ ਭੱਜੇਗਾ। ਉਹ ਮੁੰਡਾ ਨਾ ਹੋਏ ਤੋਂ ਕਿਸੇ ਸ੍ਹਾਨ ਸਿਉਂ ਵਰਗੀ ਜੂਠ ਦੇ ਕਛਿਹਿਰੇ ਥੋੜੋਂ ਧੋ ਕੇ ਪੀਏਗਾ?
ਗੁਰਦੇਵ ਸਿੰਘ ਸੱਧੇਵਾਲੀਆ (ਚਲਦਾ)
ਗੁਰਦੇਵ ਸਿੰਘ ਸੱਧੇਵਾਲੀਆ
ਸਰਬ ਰੋਗ ਕਾ ਅਉਖਦੁ ਨਾਮੁ
Page Visitors: 2909