ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
(ਭਾਗ 2)
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥4॥
ਕਰਤਾਰ ਨੂੰ ਲਭਦਿਆਂ ਮੈਨੂੰ ਇਹ ਫਾਇਦਾ ਜ਼ਰੂਰ ਹੋਇਆ ਹੈ ਕਿ ਮੇਰੇ ਮਨ ਦੀ ਦਵਿਧਾ ਦੂਰ ਹੋ ਗਈ ਹੈ, ਮੈਂ ਉਸ ਬਾਰੇ ਕੁਝ-ਕੁਝ ਸਮਝ ਲਿਆ ਹੈ। ਦੁਵਿਧਾ ਦੂਰ ਹੋਣ ਨਾਲ ਮੇਰਾ ਮਨ ਪ੍ਰਭੂ ਦੀ ਚਾਹ ਵਿਚ ਜੁੜ ਗਿਆ ਹੈ, ਅਤੇ ਮੈਂ ਉਸ ਹਰੀ ਨੂੰ ਪਰਾਪਤ ਕਰ ਲਿਆ ਹੈ।
ਤੁਰਕ ਤਰੀਕਤਿ ਮਾਨੀਐ ਹਿੰਦੂ ਬੇਦ ਪੁਰਾਨ ॥
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥5॥
ਜਿਵੇਂ ਤਰੀਕਤ (ਸ਼ਰ੍ਹਾ ਦੇ ਅਸੂਲਾਂ ਵਾਲੀ ਕਿਤਾਬ) ਪੜ੍ਹਨ ਵਾਲੇ ਨੂੰ ਤੁਰਕ ਮੰਨੀਦਾ ਹੈ ਅਤੇ ਵੇਦ-ਪੁਰਾਣ (ਹਿੰਦੂਆਂ ਦੇ ਧਰਮ ਗ੍ਰੰਥ) ਪੜ੍ਹਨ ਵਾਲੇ ਨੂੰ ਹਿੰਦੂ ਮੰਨੀਦਾ ਹੈ, ਇਵੇਂ ਹੀ, ਦੁਵਿਧਾ ਨੂੰ ਮਿਟਾਈ ਰੱਖਣ ਅਤੇ ਵਾਹਿਗੁਰੂ ਨਾਲ ਜੁੜੇ ਰਹਣ ਲਈ, ਮਨ ਦਾ ਗਿਆਨ ਨਾਲ ਕੁਝ-ਨਾ-ਕੁਝ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਹ ਇਕ ਲਗਾਤਾਰ ਦੀ ਕਿਰਿਆ ਹੈ, ਜਿਸ ਨੂੰ ਅਸੀਂ ਨਿੱਤ-ਨੇਮ ਕਹਿੰਦੇ ਹਾਂ[ਕਿਸੇ ਸ਼ਬਦ ਤੇ ਤਦ ਤੱਕ ਟਿਕਣ ਦੀ ਲੋੜ ਹੁੰਦੀ ਹੈ, ਜਦ ਤੱਕ ਉਸ ਦੀ ਸਮਝ ਨਾ ਆ ਜਾਵੇ, ਜਦ ਉਸ ਦੀ ਸਮਝ ਆ ਜਾਵੇ ਤਾਂ ਅਗਾਂਹ ਵਧਣਾ ਜ਼ਰੂਰੀ ਹੁੰਦਾ ਹੈ, ਇਵੇਂ ਹੀ ਬੰਦੇ ਨੇ ਮਾਦੀ ਗਿਆਨ ਹਾਸਲ ਕੀਤਾ ਹੈ, ਜੇ ਉਹ ਇਕ ਗੱਲ ਤੇ ਹੀ ਅਟਕਿਆ ਰਹਿੰਦਾ ਤਾਂ ਇਹ ਤਰੱਕੀ ਕਦੇ ਵੀ ਨਹੀਂ ਹੋ ਸਕਦੀ ਸੀ। ਪਰ ਵਿਡੰਬਣਾ ਇਹ ਹੈ ਕਿ ਆਤਮਕ ਤੱਲ ਤੇ ਅਸੀਂ ਇਸ ਗੱਲ ਨੂੰ ਸਮਝਣ ਦੀ ਲੋੜ ਹੀ ਨਹੀਂ ਜਾਣੀ, ਗੁਰੂ ਸਾਹਿਬ ਨੇ ਤਾਂ ਸਾਨੂੰ ਸਭ ਕੁਝ ਬੜੇ ਵਿਸਤਾਰ ਨਾਲ ਸਮਝਾਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਸਿੱਖ ਲਈ ਸਮਝਣੇ ਬਹੁਤ ਜ਼ਰੂਰੀ ਹਨ, ਉਨ੍ਹਾਂ ਤੋਂ ਅਸੀਂ ਗੁਰਮਤਿ ਦੇ ਫਲਸਫੇ ਦੀ ਸੋਝੀ ਹਾਸਲ ਕਰਨੀ ਹੈ, ਜਿਸ ਦੇ ਆਧਾਰ ਤੇ ਅਸੀਂ ਸਾਰੀ ਉਮਰ ਗੁਰਮਤਿ ਦਾ ਗਿਆਨ ਹਾਸਲ ਕਰਨਾ ਹੈ। ਉਸ ਸਮਝੇ ਫਲਸਫੇ ਦੀ ਕਸਵੱਟੀ ਤੇ ਹੀ ਅਸੀਂ ਪਰਖਣਾ ਹੈ ਕਿ ਅਸੀਂ ਗੁਰਬਾਣੀ ਨੂੰ ਸਹੀ ਲੀਹਾਂ ਤੇ ਸਮਝ ਰਹੇ ਹਾਂ ਜਾਂ ਨਹੀਂ, ਜੇ ਅਸੀਂ ਕਿਤੇ ਗਲਤ ਰਾਹ ਤੇ ਹੋਈਏ ਤਾਂ ਸਾਨੂੰ ਕਿਸੇ ਹੋਰ ਪੱਖ ਤੋਂ ਗੁਰਬਾਣੀ ਨੂੰ ਸਮਝਣ ਦੀ ਲੋੜ ਹੁੰਦੀ ਹੈ ।
ਪਰ ਅਸੀਂ ਕੀ ਕੀਤਾ ਹੈ ?
ਅਸੀਂ ਸਾਰੀ ਉਮਰ ਉਸ ਦਾ ਰੱਟਾ ਹੀ ਲਾਈ ਜਾਂਦੇ ਹਾਂ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕੋਈ ਵਿਰਲਾ ਹੀ ਕਰਦਾ ਹੈ, ਇਸ ਨੂੰ ਹੀ ਅਸੀਂ ਆਪਣਾ ਨਿੱਤ-ਨੇਮ ਮਿੱਥ ਲਿਆ ਹੈ।
ਅਸੀਂ ਆਪਣੇ ਬੱਚਿਆਂ ਨੂੰ ਵੀ ਕੁਰਾਹੇ ਪਾਉਣ ਲਈ, ਉਨ੍ਹਾਂ ਨੂੰ ਇਹ ਸਿਖਾਅ ਰਹੇ ਹਾਂ ਕਿ ਵੱਧ-ਤੋਂ-ਵੱਧ ਬਾਣੀ ਕੰਠ(ਮੂੰਹ ਜ਼ਬਾਨੀ ਯਾਦ) ਕਰ ਲੈਣਾ ਹੀ ਵੱਡੀ ਗੁਰਮੁਖਤਾਈ ਹੈ, ਅਤੇ ਉਨ੍ਹਾਂ ਨੂੰ ਇਸ ਵਿਚ ਹੀ ਫਸਾਈ ਰੱਖਣ ਲਈ, ਰੱਟਾ ਲਾਉਣ ਦੇ ਮੁਕਾਬਲੇ ਕਰਾ ਕੇ ਉਨ੍ਹਾਂ ਨੂੰ ਵੱਡੇ-ਵੱਡੇ (ਕਾਰਾਂ ਤੱਕ ਦੇ) ਇਨਾਮ ਦਿੱਤੇ ਜਾਂਦ ਹਨ, ਤਾਂ ਜੋ ਉਨ੍ਹਾਂ ਦੇ ਦਿਮਾਗ ਵਿਚ ਪੱਕਾ ਹੋ ਜਾਵੇ ਕਿ ਰੱਟਾ ਲਾਉਣਾ ਹੀ ਸਭ ਤੋਂ ਵੱਡਾ ਗਿਆਨ ਹੈ, ਸਥਾਪਤ ਮਹਾਨਤਮ ਵਿਦਵਾਨ ਗੁਰਇਕਬਾਲ ਸਿੰਘ ਦਾ ਇਹੀ ਟੀਚਾ ਹੈ ਅਤੇ ਇਹੀ ਪਰਚਾਰ ਹੈ ।
ਪਤਾ ਨਹੀਂ ਇਹ ਕਿਸ ਯੋਜਨਾ ਅਧੀਨ ਕੀਤਾ ਜਾ ਰਿਹਾ ਹੈ ?
ਅਤੇ ਅਜਿਹਾ ਕਰਨ ਵਾਲਿਆਂ ਨੂੰ ਧਾਰਮਕ ਸਟੇਜਾਂ ਤੋਂ ਕਿਉਂ ਸਨਮਾਨਿਆ ਜਾਂਦਾ ਹੈ ?
ਪਹਿਲੇ 13 ਪੰਨਿਆਂ ਨੂੰ ਸਮਝੇ ਬਗੈਰ ਸਾਡੇ ਕਹੇ ਜਾਂਦੇ ਮਹਾਨ ਵਿਦਵਾਨ ਗੁਰਬਾਣੀ ਦੇ ਅਜੀਬ-ਅਜੀਬ ਅਰਥ ਕਰਦੇ ਹਨ, ਉਹ ਅਰਥ ਵੀ ਇਕ ਦੂਜੇ ਦੀ ਕਾਟ ਕਰਨ ਵਾਲੇ ਹੁੰਦੇ ਹਨ, ਇਹ ਸਾਰੇ ਵਿਦਵਾਨ ਸਾਰੀ ਦੁਨੀਆਂ ਵਿਚ ਸਿੱਖੀ ਦੇ ਪਰਚਾਰ ਦੇ ਨਾਮ ਥੱਲੇ ਸਿੱਖਾਂ ਨੂੰ ਲੁੱਟਦੇ ਵੀ ਹਨ ਅਤੇ ਕੁਰਾਹੇ ਵੀ ਪਾਉਂਦੇ ਹਨ, ਜਦ ਕਿ ਗੁਰੂ ਸਾਹਿਬ ਵੱਲੋਂ ਪਰਮਾਤਮਾ ਬਾਰੇ ਸੋਝੀ ਦੇਣ ਲਈ, ਅੱਖਰਾਂ ਰਾਹੀਂ ਜੋ ਉਸ ਦਾ ਚਿਤ੍ਰ ਬਣਾਇਆ ਹੈ, ਉਸ ਦੇ ਅਰਥਾਂ ਬਾਰੇ ਵੀ ਇਨ੍ਹਾਂ ਵਿਚੋਂ ਕੋਈ ਵਿਰਲਾ ਹੀ ਜਾਣਦਾ ਹੋਵੇਗਾ, ਉਸ ਨੂੰ ਪਤਾ ਨਹੀਂ ਕਿਸ ਆਧਾਰ ਤੇ ਇਹ ਮੂਲ-ਮੰਤ੍ਰ ਕਹਿੰਦੇ ਹਨ ? ਇਨ੍ਹਾਂ ਵਿਚੋਂ ਹੀ ਮਹਾਨਤਮ ਵਿਦਵਾਨ ਇੰਦਰ ਸਿੰਘ ਘੱਗਾ ਜੀ ਤਾਂ ਏਥੋਂ ਤੱਕ ਕਹਿੰਦੇ ਹਨ ਕਿ “ੴ ”(੧ਓਅੰਕਾਰ) ਕੋਈ ਅੱਖਰ ਨਹੀਂ ਹੈ , ਇਹ ਖਾਲੀ ‘ਏਕੋ’ ਹੈ, ਜਦ ਕਿ ਕਬੀਰ ਜੀ ਕਹਿੰਦੇ ਹਨ ,
ਓਅੰਕਾਰ ਆਦਿ ਮੈ ਜਾਨਾ ॥
ਲਿਖਿ ਅਰੁ ਮੇਟੈ ਤਾਹਿ ਨਮਾਨਾ ॥ ”
ਘੱਗਾ ਜੀ ਦੇ ਕਹਣ ਦਾ ਭਾਵ ਤਾਂ ਇਹੀ ਹੋਇਆ ਕਿ ਗੁਰੂ ਸਾਹਿਬ ਗਲਤ ਲਿਖ ਗਏ ਹਨ (ਏਸੇ ਦੀ ਆੜ ਵਿਚ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਵੀ ਤਾਂ ਆਮ ਬੰਦਿਆਂ ਵਾਙ ਹੀ ਜੰਮੇ ਸੀ, ਅਤੇ ਓਵੇਂ ਹੀ ਮਰੇ ਵੀ ਹਨ, ਜਦ ਬਾਕੀ ਸਾਰੇ ਬੰਦੇ “ਭੁੱਲਣ-ਹਾਰ” ਹਨ ਤਾਂ ਗੁਰੂ ਸਾਹਿਬ ਕਿਵੇਂ “ਅਭੁੱਲ” ਹੋ ਸਕਦੇ ਹਨ ?
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਾਤਰੁ ॥
ਦੇ ਅਰਥ ਗਲਤ ਕੀਤੇ ਜਾ ਰਹੇ ਹਨ, ਇਹ ਤੁਕ ਖਾਲੀ ਪਰਮਾਤਮਾ ਲਈ ਵਰਤੀ ਗਈ ਹੈ।
ਜ਼ਰਾ ਸੋਚੋ, ਕੀ ਗੁਰੂ ਸਾਹਿਬ ਨੇ ਸਾਨੂੰ ਜੋ ਆਤਮਕ ਗਿਆਨ ਦਿੱਤਾ ਹੈ, ਉਸ ਦੇ ਅਲੱਗ-ਅਲੱਗ ਆਪਾ ਵਿਰੋਧੀ ਕਈ ਅਰਥ ਹੋ ਸਕਦੇ ਹਨ ?
ਜੇ ਨਹੀਂ ਤਾਂ ਫਿਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ?
ਏਸੇ ਕਾਰਨ ਹੀ ਅੱਜ ਗੁਰਮਤਿ ਵਿਚ ਸੈਂਕੜੇ ਵੰਡੀਆਂ ਪਈਆਂ ਹੋਈਆਂ ਹਨ ਅਤੇ ਕਿਰਤੀ ਸਿੱਖ ਵੀ ਦੁਵਿਧਾ ਵਿਚ ਪਿਆ ਕਈ ਡੇਰੇਦਾਰਾਂ ਨੂੰ, ਕਈ ਪਰਚਾਰਕਾਂ ਨੂੰ ਪਾਲ ਰਿਹਾ ਹੈ।
ਨਿੱਤ-ਨੇਮ ਦੇ ਨਾਂ ਤੇ ਰੋਜ਼ ਝਗੜੇ ਹੋ ਰਹੇ ਹਨ, ਸੈਂਕੜੇ ਨਹੀਂ ਹਜ਼ਾਰਾਂ ਨਿੱਤ-ਨੇਮ ਬਣ ਗਏ ਹਨ, ਜਿਨ੍ਹਾਂ ਨੂੰ ਅਸੀਂ ਟੀ.ਵੀ. ਰਾਹੀਂ ਅਲੱਗ-ਅਲੱਗ ਗੁਰਦਵਾਰਿਆਂ ਤੋਂ ਰੋਜ਼ ਸੁਣਦੇ ਹਾਂ, ਪਰ ਅਸਲ ਕਰਨ ਵਾਲਾ ਕੰਮ ਕੋਈ ਵਿਰਲਾ ਹੀ ਕਰ ਰਿਹਾ ਹੈ। ਅਸੀਂ ਆਪਣੇ ਨਿੱਤ-ਨੇਮ ਬਾਰੇ ਫੈਸਲਾ ਕਰਨ ਤੋਂ ਵੀ ਅਸਮਰੱਥ ਹਾਂ।
ਓਅੰਕਾਰ ਆਦਿ ਮੈ ਜਾਨਾ ॥
ਲਿਖਿ ਅਰੁ ਮੇਟੈ ਤਾਹਿ ਨਮਾਨਾ ॥
ਓਅੰਕਾਰ ਲਖੈ ਜਉ ਕੋਈ ॥
ਸੋਈ ਲਖਿ ਮੇਟਣਾ ਨ ਹੋਈ ॥6॥
ਮੈਂ ਉਸ ਪ੍ਰਭੂ ਨੂੰ ਹੀ ਕਰਤਾ-ਪੁਰਖ, ਦੁਨੀਆ ਦਾ ਆਦਿ, ਸ੍ਰਿਸ਼ਟੀ ਦਾ ਮੁੱਢ, ਸਭ ਨੂੰ ਪੈਦਾ ਕਰਨ ਵਾਲਾ ਮੰਨਦਾ ਹਾਂ, ਜਿਸ ਦਾ ਪਸਾਰਾ ਇਹ ਸਾਰੀ ਦੁਨੀਆ ਹੈ, ਜਿਸ ਨੂੰ ਉਸ ਨੇ ਪੈਦਾ ਕਰ ਕੇ ਮੇਟ ਦਿੱਤਾ, ਖਤਮ ਕਰ ਦਿੱਤਾ, ਉਸ ਨੂੰ ਮੈਂ ਰੱਬ ਨਹੀਂ ਮੰਨਦਾ। ਜਿਸ ਬੰਦੇ ਨੂੰ ਅਜਿਹੇ ਪਰਮਾਤਮਾ ਬਾਰੇ ਸੋਝੀ ਹੋ ਗਈ, ਉਸ ਦੇ ਮਨ ਤੋਂ ਫਿਰ ਉਹ ਸੋਝੀ ਮਿਟ ਨਹੀਂ ਸਕਦੀ।
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 2)
Page Visitors: 2689