ਗੁਰਬਾਣੀ ਵਿੱਚ ਉੱਦਮ ਦਾ ਸੰਕਲਪ
ਗੁਰਬਾਣੀ ਕੇਵਲ ਰੂਹਾਨੀ ਖੇਤਰ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਸਾਡੀ ਅਗਵਾਈ ਕਰਦੀ ਹੈ। ਜੇਕਰ ਵਿਚਾਰੀਏ ਤਾਂ ਗੁਰਬਾਣੀ ਜੀਵਨ ਦੇ ਹਰ ਖੇਤਰ ਜਿਵੇਂ ਕਿ ਜ਼ਾਤਪਾਤ, ਸੰਸਾਰ ਦੀ ਉਤਪਤੀ, ਮੌਤ, ਵਿਭਚਾਰ, ਤਿਆਗ, ਗ੍ਰਿਹਸਤ, ਮੁਕਤੀ, ਧੀਰਜ, ਲਾਲਚ, ਚਾਲ-ਚਲਣ, ਖਾਣ ਪੀਣ, ਆਲਸ, ਪਖੰਡ ਤੇ ਮੂਰਤੀ ਪੂਜਾ ਵਰਗੇ ਮਸਲਿਆਂ ਵਿੱਚ ਵੀ ਅਸਾਨੂੰ ਸਿੱਧੇ ਰਾਹ ਪਾਉਂਦੀ ਹੈ।
ਗੁਰਬਾਣੀ ਵਿੱਚ ਉੱਦਮ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਕੇਵਲ ਵਾਹਿਗੁਰੂ ਤੇ ਭਰੋਸਾ ਕਰਕੇ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਦੀ ਨਿਖੇਧੀ ਕੀਤੀ ਗਈ ਹੈ। ਕਿਸੇ ਚੰਗੇ ਕੰਮ ਲਈ ਦਿਲੋਂ ਕੀਤੀ ਮਿਹਨਤ ਤੇ ਕੋਸ਼ਿਸ਼ ਅਸਾਡੇ ਮਨ ਨੂੰ ਪਵਿਤਰ ਕਰਦੀ ਹੈ। ਹੇਠ ਲਿਖੀਆਂ ਤੁਕਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ:-
ਉਦਮੁ ਕਰਤ ਮਨੁ ਨਿਰਮਲੁ ਹੋਆ।। ਪੰਨਾ ੯੯
ਭਾਵ:- ਕੋਸ਼ਿਸ਼ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ।
ਉਦਮੁ ਕਰਤ ਸੀਤਲ ਮਨ ਭਏ।। ਮਾਰਗਿ ਚਲਤ ਸਗਲ ਦੁਖ ਗਏ।। ਪੰਨਾ ੨੦੧
ਭਾਵ:- ਉਪਰਾਲਾ ਕਰਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ। (ਇਸ) ਰਸਤੇ ਤੇ ਤੁਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।
ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ।। ਪੰਨਾ ੩੮੧
ਭਾਵ:- ਉਪਰਾਲਾ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣਾ ਹੰਕਾਰ ਦੂਰ ਕਰਨ ਨਾਲ ਮਨ (ਵਾਹਿਗੁਰੂ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ।। ਪੰਨਾ ੮੧੫
ਭਾਵ:- ਉਪਰਾਲਾ ਕਰਨ ਨਾਲ ਖੁਸ਼ੀ ਮਿਲਦੀ ਹੈ ਤੇ ਸਿਮਰਦਿਆਂ ਸੱਚਾ ਸੁਖ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅਸੀਂ ਆਪਣੇ ਕਾਰ ਵਿਹਾਰ ਨੂੰ ਕਰਦਿਆਂ ਵੀ ਭਗਤੀ ਕਰ ਸਕਦੇਂ ਹਾਂ ਅਤੇ ਦੁਨਿਆਵੀ ਜ਼ਿਮੇਵਾਰੀਆਂ ਤੋਂ ਮੂੰਹ ਮੋੜ ਕੇ ਜੰਗਲਾਂ ਵਿੱਚ ਤੇ ਪਹਾੜਾਂ ਤੇ ਰੱਬ ਦੀ ਭਾਲ ਵਿੱਚ ਜਾਣ ਦਾ ਕੋਈ ਲਾਭ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਹੇਠ ਲਿਖੀਆਂ ਤੁਕਾਂ ਵਿੱਚ ਇਸ ਗੱਲ ਨੂੰ ਭਲੀ ਭਾਂਤ ਦਰਸਾਇਆ ਹੈ:-
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ਪੰਨਾ ੫੨੨
ਭਾਵ:-ਉੱਦਮ ਕਰਨ ਨਾਲ ਤੈਨੂੰ ਸੁੱਚਜਾ ਜੀਵਨ ਮਿਲੇ ਗਾ ਤੇ ਤੂੰ ਸੁਖ ਪਾਏਂਗਾ। ਸਿਮਰਦਿਆਂ ਤੂੰ ਪ੍ਰਭੂ ਨੂੰ ਮਿਲ ਪਵੇਂਗਾ ਤੇ ਤੇਰੀ ਚਿੰਤਾ ਦੂਰ ਹੋ ਜਾਵੇਗੀ।
ਭਗਤ ਕਬੀਰ ਜੀ ਵੀ ਗੁਰੂ ਜੀ ਨਾਲ ਸਹਿਮਤ ਹਨ ਤੇ ਲਿਖਦੇ ਹਨ:-
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ।। ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।। ਪੰਨਾ ੧੩੭੬
ਭਾਵ:- ਭਗਤ ਨਾਮ ਦੇਵ ਭਗਤ ਤ੍ਰਿਲੋਚਨ ਨੂੰ ਕਹਿੰਦੇ ਹਨ ਕਿ ਤੂੰ ਮੂੰਹ ਨਾਲ ਰੱਬ ਨੂੰ ਯਾਦ ਕਰ। ਆਪਣੇ ਹਥਾਂ ਪੈਰਾਂ ਨਾਲ ਤੂੰ ਸਾਰੇ ਕੰਮ ਕਾਜ ਕਰ ਅਤੇ ਆਪਣਾ ਮਨ ਪਵਿੱਤਰ ਪ੍ਰਭੂ ਦੇ ਨਾਲ ਜੋੜ।
ਕਈ ਮਨੁੱਖ ਕੋਸ਼ਿਸ਼ ਕਰਨ ਤੋਂ ਕਤਰਾਉਂਦੇ ਹਨ ਤੇ ਕੋਈ ਉਸਾਰੂ ਕੰਮ ਨਹੀਂ ਕਰਦੇ। ਉਹ ਆਪਣੇ ਆਪ ਨੂੰ ਸੰਤ ਅਖਵਾਂਦੇ ਹਨ ਅਤੇ ਆਪਣੇ ਭੋਜਨ ਤੇ ਹੋਰ ਲੋੜਾਂ ਲਈ ਦੂਜਿਆਂ ਤੇ ਨਿਰਭਰ ਹੁੰਦੇ ਹਨ। ਗੁਰਬਾਣੀ ਅਜਿਹੇ ਨਿਕੰਮੇ ਬੰਦਿਆਂ ਨੂੰ ਦੁਰਕਾਰਦੀ ਹੈ। ਗੁਰੂਨਾਨਕ ਜੀ ਅਸਾਨੂੰ ਅਜੇਹੇ ਬੰਦਿਆਂ ਤੋਂ ਸਾਵਧਾਨ ਕਰਦੇ ਹਨ ਤੇ ਲਿਖਦੇ ਹਨ:-
ਮਖਟੂ ਹੋਇ ਕੈ ਕੰਨ ਪੜਾਏ।। ਫਕਰੁ ਕਰੇ ਹੋਰੁ ਜਾਤਿ ਗਵਾਏ।।
ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।। ਪੰਨਾ ੧੨੪੫
ਭਾਵ:- (ਪਖੰਡੀ) ਹੱਡ- ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫਕੀਰ ਬਣ ਜਾਂਦਾ ਹੈ ਤੇ ਕੁਲ ਦੀ ਅਣਖ ਗਵਾ ਬੈਠਦਾ ਹੈ। ਆਪਣੇ ਆਪ ਨੂੰ ਗੁਰੂ ਪੀਰ ਅਖਵਾਂਦਾ ਹੈ, ਪਰ ਦਰ ਦਰ ਤੋਂ ਰੋਟੀ ਮੰਗਦਾ ਫਿਰਦਾਹੈ; ਅਜੇਹੇ ਬੰਦੇ ਦੇ ਪੈਰੀਂ ਕਦੇ ਨਹੀਂ ਲਗਣਾ ਚਾਹੀਦਾ।
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ।। ਪੰਨਾ ੧੦੧੨
ਭਾਵ:- (ਕਮਚੋਰ) ਦਰ ਦਰ ਮੰਗਦਾ ਫਿਰਦਾ ਹੈ, ਪਰ ਲੋਕਾਂ ਨੂੰ ਉਪਦੇਸ਼ ਕਰਦਾ ਹੈ। ਉਸ ਦਾ ਮਨ (ਮੋਹ ਵਿਚ) ਅੰਨ੍ਹਾ ਹੋ ਗਿਆ ਹੈ ਤੇ ਉਸ ਨੇ ਆਪਣੀ ਇੱਜ਼ਤ ਗਵਾ ਲਈ ਹੈ।
(ਨੇਕ ਕੰਮ ਲਈ) ਉਦਮ ਕਰਨ ਵਾਲੇ ਦੋਹਾਂ ਜਹਾਨਾਂ ਵਿੱਚ ਸਤਕਾਰੇ ਜਾਂਦੇ ਹਨ। ਗੁਰਬਾਣੀ ਅਨੁਸਾਰ ਇੱਕ ਨੇਕ ਇਨਸਾਨ ਨੂੰ ਉੱਦਮ ਕਰਕੇ ਇਮਾਨਦਾਰੀ ਨਾਲ ਕਮਾਈ ਕਰਕੇ ਵੰਡ ਛਕਣਾ ਚਾਹੀਦਾ ਹੈ। ਗੁਰੂ ਨਾਨਕ ਜੀ ਨੇ ਲਿਖਿਆ ਹੈ:-
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਪਨਾ ੧੨੪੫
ਭਾਵ:- ਹੇ ਨਾਨਕ! ਜੋ ਮੱਨੁਖ ਮਿਹਨਤ ਨਾਲ ਕਮਾ ਕੇ ਖਾਂਦਾ ਹੈ ਅਤੇ ਆਪਣੀ ਕਮਾਈ ਵਿਚੋਂ ਆਪਣੇ ਹੱਥ ਨਾਲ ਹੋਰਨਾਂ ਨੂੰ ਵੀ (ਪੁੰਨ ਦਾਨ) ਦਿੰਦਾ ਹੈ, ਉਹ ਜੀਵਨ ਦਾ ਸਹੀ ਰਸਤਾ ਜਾਣਦਾ ਹੈ।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।। ਪੰਨਾ ੪੭੨
ਭਾਵ:- ਹੇ ਨਾਨਕ! ਅਗਲੇ ਜਹਾਨ ਵਿੱਚ ਮੱਨੁਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਉਹ ਆਪਣੀ ਮਿਹਨਤ ਦੀ ਕਮਾਈ ਵਿਚੋਂ (ਲੋੜਵੰਦਾਂ) ਨੂੰ ਦਿੰਦਾ ਹੈ।
ਹੇਠ ਲਿਖੀ ਤੁਕ ਵਿੱਚ ਗੁਰੂ ਰਾਮ ਦਾਸ ਜੀ ਨੇ ਵੀ ਇੱਕ ਗੁਰਸਿੱਖ ਲਈ ਉੱਦਮ ਕਰਨ ਤੇ ਜ਼ੋਰ ਦਿੱਤਾ ਹੈ:-
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ।। ਪੰਨਾ ੩੦੫
ਭਾਵ:- ਇੱਕ ਸੱਚਾ ਸਿੱਖ ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ ਅਤੇ (ਨਾਮ-ਰੂਪੀ) ਅੰਮ੍ਰਿਤ ਦੇ ਸਰੋਵਰ ਵਿੱਚ ਟੁੱਬੀ ਲਾਉਂਦਾ ਹੈ। (ਸਤ ਸੰਗਤ ਵਿੱਚ ਨਾਮ ਜਪਦਾ ਹੈ।)
ਗੁਰਬਾਣੀ ਸਿਖਾਉਂਦੀ ਹੈ ਕਿ ਅਸੀਂ ਆਪ ਵੀ ਕੰਮ ਕਰੀਏ ਤੇ ਵਿਹਲੇ ਬੈਠ ਕੇ ਦੂਜਿਆਂ ਤੇ ਹੁਕਮ ਹੀ ਨ ਚਲਾਉਂਦੇ ਰਹੀਏ। ਗੁਰੂ ਨਾਨਕ ਜੀ ਨੇ ਲਿਖਿਆ ਹੈ:- ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।। ਪੰਨਾ ੪੭੪
ਭਾਵ:- ਆਪਣਾ ਕੰਮ ਆਪਣੇ ਹੱਥਾਂ ਨਾਲ ਕਰਨਾ ਚਾਹੀਦਾ ਹੈ।
ਗੂਰੂ ਅਰਜਨ ਪਾਤਸ਼ਾਹ ਜੀ ਦੀ ਸਿੱਖਿਆ ਹੈ ਕਿ ਅਸਾਨੂੰ ਕੰਮ ਕਰਨ ਤੋਂ ਨਹੀਂ ਕਤਰਾਉਣਾ ਚਾਹੀਦਾ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਆਪ ਲਿਖਦੇ ਹਨ:-
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ।। ਪੰਨਾ ੧੦੯੬
ਭਾਵ:-ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨਾ ਮੋੜ। (ਜੀਵਨ ਨੂੰ ਸੁੱਚਾ ਬਣਾਣ ਲਈ ਉੱਦਮ ਕਰ।)
ਅਗਲੀ ਤੁਕ ਵਿੱਚ ਗੁਰੂ ਨਾਨਕ ਜੀ ਸਿੱਖਿਆ ਦਿੰਦੇ ਹਨ ਕਿ ਮੁਸੀਬਤਾਂ ਦਾ ਟਾਕਰਾ ਕਰਦਿਆਂ ਵੀ ਉੱਦਮ ਕਰੋ:-
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ।। ਪੰਨਾ ੧੧੦੮
(ਗਰਮੀਆਂ ਵਿਚ) ਤਪਸ਼ ਤਰਾਵਤ ਨੂੰ ਸੁਕਾੳਂਦੀ ਹੈ ਤੇ ਜੀਵ ਫਿਕਰ ਚਿੰਤਾ ਵਿੱਚ ਮਰਦੇ ਹਨ। ਤਦ ਭੀ ਸੂਰਜ ਆਪਣੇ ਕੰਮ ਅੰਦਰ ਨਹੀਂ ਥਕਦਾ।
ਗੁਰਬਾਣੀ ਅਸਾਨੂੰ ਸਿਖਾਉਂਦੀ ਹੈ ਕਿ ਅਸਾਨੂੰ ਕੇਵਲ ਚੰਗੇ ਕੰਮਾ ਲਈ ਉੱਦਮ ਕਰਨਾ ਚਾਹੀਦਾ ਹੈ ਤੇ ਲਾਲਚ ਕਾਰਣ ਹਰ ਤਰੀਕੇ ਨਾਲ ਧਨ ਇੱਕਠਾ ਕਰਨਾ ਠੀਕ ਨਹੀਂ ਹੈ। ਗੁਰੂ ਨਾਨਕ ਜੀ ਨੇ ਲਿਖਿਆ ਹੈ:-
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ।। ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।। ਪੰਨਾ ੨੩
ਭਾਵ:- ਜਿਨ੍ਹਾਂ ਮਨੁੱਖਾਂ ਦੇ ਕੋਲ ਸੱਚ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਮਿਲ ਸਕਦਾ। ਜੇ ਨਿੱਰਾ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ। (ਖੋਟ ਮਨੱਖ ਦੇ ਅੰਦਰ ਰਚ ਜਾਂਦਾ ਹੈ।)
ਕਰਣੀ ਬਾਝਹੁ ਭਿਸਤਿ ਨ ਪਾਇ।। ਪੰਨਾ ੯੫੨
ਭਾਵ:- ਚੰਗੇ ਅਮਲਾਂ ਦੇ ਬਿਨਾਂ ਸਵਰਗ, ਪ੍ਰਭੂ ਦਾ ਮਿਲਾਪ ਪਰਾਪਤ ਨਹੀਂ ਹੋ ਸਕਦਾ।
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। ਪੰਨਾ ੯੫੩
ਭਾਵ:-ਕੂੜ ਕਮਾਣ ਵਾਲੇ ਹਾਰ ਜਾਂਦੇ ਹਨ ਤੇ ਅੰਤ ਨੂੰ ਸੱਚ ਦੀ ਜਿੱਤ ਹੁੰਦੀ ਹੈ।
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ।। ਪੰਨਾ ੧੨੪੫
ਭਾਵ:-ਜੋ ਸੱਚ ਤੇ ਕਰੜੀ ਮਿਹਨਤ ਤੋਂ ਖਾਲੀ ਹਨ ਉਨ੍ਹਾਂ ਦੀ ਪਰਲੋਕ ਵਿੱਚ ਇੱਜ਼ਤ ਨਹੀਂ ਹੁੰਦੀ।
ਅਕਸਰ ਕੰਮਚੋਰ ਤੇ ਆਲਸੀ ਮਨੁੱਖ ਚੰਗੇ ਕੰਮ ਕਰਨ ਦਾ ਉੱਦਮ ਹੀ ਨਹੀਂ ਕਰਦੇ, ਪਰ ਬੁਰੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਅਗਲੀ ਤੁਕ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਜਿਹੇ ਬੰਦਿਆਂ ਨੂੰ ਤਾੜਨਾ ਕੀਤੀ ਹੈ:-
ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ।। ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ।। ਪੰਨਾ ੫੧੮
ਭਾਵ:- ਇੱਕ ਸੁਸਤ ਆਦਮੀ ਚੰਗੇ ਕੰਮ ਕਰਨ ਵਿੱਚ ਆਲਸ ਕਰਦਾ ਹੈ, ਪਰ ਬੁਰੇ ਕੰਮ ਕਰਨ ਲਈ ਉਹ ਸ਼ੇਰ (ਦਲੇਰ) ਹੈ। ਹੇ ਨਾਨਕ! ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰ ਵਿਚ। (ਮੌਤ ਦੀ) ਬੇੜੀ ਪੈ ਜਾਵੇਗੀ।
ਸਾਵਣ ਸਿੰਘ
ਸਾਵਣ ਸਿੰਘ
ਗੁਰਬਾਣੀ ਵਿੱਚ ਉੱਦਮ ਦਾ ਸੰਕਲਪ
Page Visitors: 2541