ਪਾਲ ਸਿੰਘ ਪੁਰੇਵਾਲ ਜੀ ਦੇ ਕੈਲੰਡਰ-2003 ਦੀਆਂ ਤਾਰੀਖਾਂ ਦੀ ਜਾਂਚ ਬਾਰੇ।
ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ,
ਸ਼੍ਰੀ ਅੰਮ੍ਰਿਤਸਰ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਸਨਮਾਨ ਯੋਗ ਜੱਥੇਦਾਰ, ਸ਼੍ਰੀ ਅਕਾਲ ਤਖ਼ਤ ਸਾਹਿਬ, ਜੀਉ,
ਸਨਿਮਰ ਬੇਨਤੀ ਹੈ ਕਿ ਪਾਲ ਸਿੰਘ ਪੁਰੇਵਾਲ ਜੀ ਦੇ 2003 ਵਾਲੇ ਸੰਸਕਰਨ ਨੂੰ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਪ੍ਰਵਾਣਗੀ ਪ੍ਰਾਪਤ ਨਹੀਂ ਹੈ, ਪਰੰਤੂ ਇਸ ਨੂੰ ਲੇ ਕੇ ਕੁੱਝ ਥਾਂ ਭਰਮ-ਭੁੱਲੇਖੇ ਦੀ ਸਥਿਤੀ ਬਣੀ ਹੋਈ ਹੈ। ਇਸ ਬਾਬਤ ਪੁਖ਼ਤਾ ਜਿਹੇ ਜਾਪਦੇ ਸੰਕੇਤ ਮਿਲ ਰਹੇ ਹਨ ਕਿ 2003 ਵਿਚ ਗੁਰੂ ਸਾਹਿਬਾਨ ਜੀ ਦੇ ਪੁਰਬਾਂ ਬਾਬਤ ਤੈਅ ਕੀਤੀਆਂ ਗਈਆਂ ਤਾਰੀਖ਼ਾਂ ਗਲਤ ਸਨ। ਇਸ ਬਾਰੇ ਇਤਰਾਜ਼ 1999 ਵਿਚ ਹੀ ਸਾ੍ਹਮਣੇ ਆਏ ਸਨ ਜਿਸ ਕਾਰਣ ਮਿਤੀ 23.12.1999 ਨੂੰ ਇਕ 7 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਤ ਕੀਤੀ ਗਈ ਸੀ ਜਿਸ ਨੇ ਇਸ ਬਾਰੇ "ਇਤਹਾਸਕ ਤੱਥਾਂ ਦੇ ਅਧਾਰ ਤੇ ਆਪਣਾ ਫ਼ੈਸਲਾ" ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨਾ ਸੀ। ਪਰ ਕੁੱਝ ਚਿਰ ਬਾਦ 7 ਮੈਂਬਰੀ ਕਮੇਟੀ ਭੰਗ ਕਰ ਦਿੱਤੀ ਗਈ ਅਤੇ ਆਖ਼ਰਕਾਰ ਇਤਰਾਜ਼ ਕਰਨ ਵਾਲੇ ਸੱਜਣ 11 ਮੈਂਬਰੀ ਕੈਲੰਡਰ ਕਮੇਟੀ ਵਿਚ ਸ਼ਾਮਲ ਨਹੀਂ ਕੀਤੇ ਗਏ।
ਉਸ ਵੇਲੇ ਕੈਲੰਡਰ ਬਨਾਉਣ ਵਾਲੇ ਸੱਜਣਾ ਵਲੋਂ ਇਹ ਚਿੰਤਾ ਪ੍ਰਚਾਰੀ ਗਈ ਸੀ ਕਿ 13,000 ਸਾਲ ਬਾਦ ਵਿਸਾਖੀ ਅੰਗ੍ਰੇਜ਼ੀ ਦੇ ਅਕਤੂਬਰ ਮਹੀਨੇ ਵਿਚ ਆਏਗੀ ਤਾਂ ਬੜਾ ਅਨਰਥ ਹੋਵੇਗਾ।ਪਰ ਹੁਣ ਇਸ ਵਿਸ਼ੇ ਬਾਰੇ ਫ਼ੈਲਾਏ ਜਾ ਰਹੇ ਪਾੜ ਪਾਉ ਪ੍ਰਚਾਰ ਵਿਚ ਪਹਿਲਾਂ ਇਹ ਸੋਚਣਾ ਅਤਿ ਜ਼ਰੂਰੀ ਹੋ ਗਿਆ ਹੈ ਗੁਰੂ ਸਾਹਿਬਾਨ ਦੇ ਪੁਰਬਾਂ ਨੂੰ ਗਲਤ ਤਾਰੀਖ਼ਾਂ ਤੇ ਨਿਸ਼ਚਤ ਕਰਨ ਨਾਲ ਗੁਰ ਇਤਹਾਸ ਦੀ ਪ੍ਰਮਾਣਿਕਤਾ ਦਾ ਕੀ ਬਣੇਗਾ ? ਕੈਲੰਭਰ ਦੀ ਲੋੜ ਮੋਸਮਾਂ ਲਈ ਸੀ ਜਾਂ ਸਿੱਖੀ ਦੇ ਇਤਹਾਸ ਦੀ ਪ੍ਰਮਾਣਿਕਤਾ ਬਾਰੇ ਸਾਡੀ ਸਹੀ ਸਮਝ ਨੂੰ ਬਰਕਰਾਰ ਰੱਖਣ ਲਈ ? ਵਿਸਾਖ਼ ਨੂੰ ਗਰਮ ਰੱਖਣ ਲਈ ਇਤਹਾਸ ਦੀ ਪ੍ਰਮਾਣਿਕਤਾ ਨੂੰ ਗਰਕ ਨਹੀਂ ਕੀਤਾ ਜਾ ਸਕਦਾ।ਸਾਡੀ ਪਹਿਲੀ ਪ੍ਰਾਥਮਿਕਤਾ ਸਾਡਾ ਗੁਰ ਇਤਹਾਸ ਹੈ ਨਾ ਕਿ 13,000 ਸਾਲ ਬਾਦ ਦੇ ਮੋਸਮ ਦਾ ਹਾਲ!
ਅਗਰ ਅੱਜ ਸਾਡਾ ਗੁਰ ਇਤਹਾਸ ਗਲਤ ਜਾਂ ਅਪ੍ਰਮਾਣਿਕ ਹੁੰਦਾ ਹੈ ਤਾਂ ਸਾਡੀ ਪਛਾਂਣ ਵੀ ਗਲਤ ਅਤੇ ਅਪ੍ਰਮਾਣਿਕ ਹੁੰਦੀ ਜਾਏਗੀ। ਜ਼ਾਹਰ ਹੈ ਕਿ 2003 ਵਾਲੇ ਕੈਲੰਡਰ ਵਿਚਲੀਆਂ ਗਲਤ ਪ੍ਰਤੀਤ ਹੁੰਦੀਆਂ ਤਾਰੀਖ਼ਾ ਨੂੰ ਬਚਾਉਣ ਲਈ ਸਿੱਖ ਇਤਹਾਸ ਦੀ ਪ੍ਰਮਾਣਿਕਤਾ ਦੀ ਕੁਰਬਾਨੀ ਨਹੀਂ ਦਿੱਤੀ ਜਾਣੀ ਚਾਹੀਦੀ। ਐ.ਜੀ.ਪੀ.ਸੀ ਆਪਣੀ ਇਸ ਜਿੰਮੇਵਾਰੀ ਤੋਂ ਅਲਗ ਨਹੀਂ ਹੋ ਸਕਦੀ। ਚੁੰਕਿ ਇਹ ਵਿਸ਼ਾ ਕਿਸੇ ਦਾ ਨਿਜੀ ਵਿਸ਼ਾ ਨਹੀਂ ਇਸ ਲਈ ਗਲਤ ਸਿੱਧ ਹੋ ਰਹਿਆਂ ਤਰੀਖ਼ਾਂ ਬਾਰੇ ਪੜਤਾਲ ਲਈ ਇਕ ਪ੍ਰਵਾਣਿਤ ਪੰਥਕ ਉਪਰਾਲੇ ਦੀ ਲੋੜ ਹੈ।
ਸਨਿਮਰ ਬੇਨਤੀ ਹੈ ਕਿ ਇਸ ਸਬੰਧ ਵਿਚ ਖੜੀ ਦੂਬਿਧਾ ਨੂੰ ਦੁਰ ਕਰਨ ਲਈ ਪੰਥਕ ਤੌਰ ਤੇ ਕੁੱਝ ਜਾਣਕਾਰ/ਮਾਹਰ ਸੱਜਣਾਂ ਦੀ ਇਕ ਕਮੇਟੀ ਦਾ ਗਠਨ ਹੋਵੇ ਜਿਸ ਨਾਲ ਸਹਿਯੋਗ ਕਰਨ ਲਈ ਪਾਲ ਸਿੰਘ ਪੁਰੇਵਾਲ ਜੀ ਨੂੰ ਵੀ ਸੱਦਾ ਦਿੱਤਾ ਜਾਏ ਤਾਂ ਕਿ ਪੁਰੀ ਨਿਰਪੱਖਤਾ ਨਾਲ ਪੁਰੇਵਾਲ ਜੀ ਵਲੋਂ ਸੰਨ 2003 ਵਿਚ ਤੈਅ ਤਾਰੀਖ਼ਾ ਦੀ ਸੱਚਾਈ ਪੜਚੋਲੀ ਜਾ ਸਕੇ।ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਬਾਰੇ ਪੁਰੇਵਾਲ ਜੀ ਦੀ ਤਾਰੀਖ਼ 5 ਜਨਵਰੀ (23 ਪੋਹ) ਨੂੰ ਪੜਤਾਲ ਦਾ ਅਧਾਰ ਬਣਾ ਕੇ ਬਾਕੀ ਤਾਰੀਖ਼ਾਂ ਦੀ ਜਾਂਚ ਵੀ ਹੋ ਸਕਦੀ ਹੈ।
ਜੇ ਕਰ ਅੱਜ ਦੇ ਆਧੂਨਿਕ ਯੁਗ ਵਿਚ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਪੁਰਬਾਂ ਬਾਰੇ ਫ਼ੈਲ ਰਹੇ ਇਤਹਾਸਕ ਭਰਮ-ਭੁੱਲੇਖਿਆਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰ ਸਕੇ ਤਾਂ ਹਜ਼ਾਰਾਂ ਸਾਲ ਬਾਦ ਮੋਸਮਾਂ ਦਾ ਤਾਂ ਕੁੱਝ ਨਹੀਂ ਵਿਗੜਨਾ ਅਲਬੱਤਾ ਅੱਜ ਦੇ ਸਮੇਂ ਤੋਂ ਹੀ ਸਾਡੇ ਇਤਹਾਸ ਦੀ ਪ੍ਰਮਾਣਿਕਤਾ ਦਾ ਬਹੁਤ ਕੁੱਝ ਵਿਗੜਦਾ ਜਾਣਾ ਹੈ।
ਆਸ ਹੈ ਕਿ 2003 ਵਾਲਿਆਂ ਤਾਰੀਖ਼ਾਂ ਦੀ ਨਿਰਪੱਖ ਪੰਥਕ ਪੜਚੋਲ ਇਕ ਪਾਸੇ ਸਾਡੀ ਪੰਥਕ ਕਾਰਜਸ਼ੈਲੀ ਅਤੇ ਇਤਹਾਸ ਦੀ ਪ੍ਰਮਾਣਿਕਤਾ ਨੂੰ ਦ੍ਰਿੜ ਕਰੇਗੀ ਅਤੇ ਦੂਜੇ ਪਾਸੇ ਇਹ ਇਸ ਬਾਰੇ ਫੈਲੀ ਦੂਬਿਧਾ ਦੂਰ ਕਰਨ ਵਿਚ ਵੀ ਸਹਾਈ ਹੋਵੇਗੀ।
ਕਿਸੇ ਵੀ ਭੁੱਲ-ਚੂਕ ਲਈ ਛਿਮਾ ਦਾ ਜਾਚਕ
ਹਰਦੇਵ ਸਿੰਘ
ਹਰਦੇਵ ਸਿੰਘ ਜਮੂੰ
ਪਾਲ ਸਿੰਘ ਪੁਰੇਵਾਲ ਜੀ ਦੇ ਕੈਲੰਡਰ-2003 ਦੀਆਂ ਤਾਰੀਖਾਂ ਦੀ ਜਾਂਚ ਬਾਰੇ।
Page Visitors: 2491