ਰਾਜਨੀਤਕ ਭੇੜੀਏ ਅਤੇ ਜੰਗ
ਜੰਗਲ ਵਿਚ 'ਹਾਈਨਾ' Hyena ਨਾਂ ਦੇ ਕੁੱਤੇ ਜਿਹੀ ਕਿਸਮ ਦੇ ਜਾਨਵਰ ਹੁੰਦੇ ਤੇ ਇੱਕ ਹੋਰ ਛੋਟੇ ਡੱਬ-ਖੜਬੇ ਜਿਹੇ ਉਹ ਵੀ ਕੁੱਤਿਆਂ ਜਿਹਿਆਂ ਵਰਗੇ, ਪਰ ਉਹ ਛੋਹਲੇ ਬੜੇ। ਜਦ ਉਹ ਸ਼ਿਕਾਰ ਫੜਦੇ ਤਾਂ ਸ਼ਿਕਾਰ ਹਾਲੇ ਜਿਉਂਦਾ ਹੁੰਦਾ ਕਿ ਉਹ ਉਸ ਦੀ ਬੋਟੀ ਬੋਟੀ ਵੀ ਕਰ ਚੁੱਕੇ ਹੁੰਦੇ। ਮੈਂ ਦੇਖਿਆ ਕਿ 'ਹਾਈਨਾ' ਨੇ ਸ਼ਿਕਾਰ ਢਾਹਿਆ, ਪਰ ਦੂਜੇ ਕੁੱਤੇ ਜਿਆਦਾ ਸਨ, ਉਹ ਖੋਹਣ ਆ ਪਏ ਪਰ ਇਸ ਖੋਹਾ-ਮਾਈ ਵਿਚ ਜੋ ਉਨੀ ਸ਼ਿਕਾਰ ਹੀ ਹਾਲਤ ਕੀਤੀ? ਸ਼ਿਕਾਰ ਹਾਲੇ ਜਿਉਂਦਾ ਸੀ ਕਿਤੇ ਲੱਤ ਫੜੀ ਕਿਸੇ ਕੰਨ ਕਿਸੇ ਸਿਰੀ ਕੋਈ ਹੇਠੋਂ ਚਿੰਬੜਿਆ। ਹੁਣ ਉਹ ਮਰ ਵੀ ਨਹੀਂ ਸੀ ਰਿਹਾ ਤੇ ਜਿਉਂਦਾ ਉਹ ਉਸ ਨੂੰ ਛੱਡਣ ਨਹੀਂ ਸੀ ਲੱਗੇ। ਉਸ ਦੇ ਜਿਉਂਦੇ ਦਾ ਉਨੀ ਖਲਾਰਾ ਜਿਹਾ ਅਜਿਹਾ ਪਾਇਆ ਕਿ ਤੁਸੀਂ ਸੋਚਣ ਲੱਗਦੇ ਕਿ ਕੁਦਰਤ ਇਨੀ ਕਰੂਰ ਤਾਂ ਹੋ ਨਹੀਂ ਸਕਦੀ! ਚਲੋ ਇਹ ਉਨ੍ਹਾਂ ਦੀ ਖੁਰਾਕ ਸੀ ਉਹ ਇੰਝ ਨਾ ਕਰਨ ਤਾਂ ਖੁਦ ਮਰਨ!
ਪਰ ਪਾਕਿਸਤਾਨ ਅਤੇ ਹਿੰਦੋਸਤਾਨ ਮੈਨੂੰ ਉਨ੍ਹਾਂ ਕੁੱਤਿਆਂ ਵਰਗੇ ਜਾਪਦੇ ਜਿਹੜੇ ਅਪਣੀਆਂ ਰਾਜਨੀਤਕ ਮਾਸ ਦੀਆਂ ਬੋਟੀਆਂ ਖਾਤਰ ਲੋਕਾਂ ਨੂੰ ਵਿਚ ਵਿਚਾਲੇ ਜਦ ਦਿਲ ਕਰੇ ਧੂਹ ਕੱਢਦੇ ਹਨ। ਲੋਕ ਸ਼ਿਕਾਰ ਹਨ ਉਨ੍ਹਾਂ ਦਾ। ਉਹ ਖੂੰਨਖਾਰ ਭੇੜੀਏ। ਉਨ੍ਹਾਂ ਦਾ ਰਾਜਨੀਤਕ ਜੀਵਨ ਹੀ ਲੋਕਾਂ ਦੇ ਸ਼ਿਕਾਰ ਉਪਰ ਨਿਰਭਰ ਹੈ। ਉਹ ਸ਼ਿਕਾਰ ਨਾ ਕਰਨ ਤਾਂ ਕੁਰਸੀਓਂ ਭੁੱਖੇ ਮਰਨ?
ਦੁਨੀਆਂ ਉਪਰ ਜਦ ਵੀ ਕੋਈ ਲੜਾਈ ਦਾ ਅਜਿਹਾ ਅਸੂਲ ਬਣ ਜਾਏ ਕਿ ਲੜਨ ਵਾਲੇ ਨੇਤਾਵਾਂ ਦੇ ਟੱਬਰ ਪਹਿਲਾਂ ਜੰਗ ਵਿਚ ਜਾਣਗੇ ਤਾਂ ਦੁਨੀਆਂ ਉਪਰ ਕੋਈ ਜੰਗ ਹੋਵੇ ਨਾ। ਕਦੇ ਵੀ ਨਾ! ਕਦੇ ਤੁਸੀਂ ਕੋਈ ਜਾਨਵਰ ਅਪਣੀ ਹੀ ਉਮਤ ਦਾ ਸ਼ਿਕਾਰ ਕਰਦਾ ਦੇਖਿਆ?
ਇਥੇ ਪਰ ਸਾਰਾ ਦੋਸ਼ ਤੁਸੀਂ ਰਾਜਨੀਤਕਾਂ ਨੂੰ ਵੀ ਨਹੀਂ ਦੇ ਸਕਦੇ ਉਹ ਤਾਂ ਲੋਕਾਂ ਦੀ ਤਰਜਮਾਨੀ ਕਰ ਰਹੇ ਹਨ। ਲੋਕ ਨਫਰਤ ਨਾਲ ਗਲ ਗਲ ਤੱਕ ਭਰੇ ਹੋਏ ਨੇ। ਦੋਵੇਂ ਪਾਸੇ। ਤੁਸੀਂ ਕਦੇ ਵਾਹਗਾ-ਬਾਰਡਰ ਤੇ ਗਏ ਹੋਂ?
ਸ਼ਾਮੀਂ ਜਦ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਤਾਂ ਦੋਵੋਂ ਪਾਸਿਓਂ ਖਾਸ ਕਰ ਸਾਡੇ ਵਾਲੇ ਪਾਸਿਓਂ! ਸਾਡੇ ਵਾਲੇ ਪਾਸਿਓਂ ਤਾਂ ਕਿਉਂਕਿ ਉਥੇ ਪੰਜਾਬ ਵਾਲੇ ਘੱਟ ਬਾਹਰ ਦੀ ਬਾਂਦਰ ਸੈਨਾ ਜਿਆਦਾ ਆਈ ਹੁੰਦੀ ਤੇ ਜੋ ਜੰਗੀ ਹਾਲਤ ਉਥੇ ਕਰ ਦਿੱਤੇ ਜਾਂਦੇ। ਕੁੱਤਿਆਂ ਵਾਂਗ ਲੋਕ ਉਥੇ ਸੰਗਲੀਆਂ ਤੁੜਾਉਂਦੇ ਦੇਖੇ ਜਾ ਸਕਦੇ ਹਨ। ਜਿੰਦਾਬਾਦ-ਮੁਰਦਾਬਾਦ!
ਪਾਕਿਸਤਾਨ-ਹਿੰਦੋਸਤਾਨ ਦੇ ਕ੍ਰਿਕਟ ਮੈਚ ਵੇਲੇ ਲੋਕ ਦੇਖੇ ਨਹੀਂ ਤੁਸੀਂ?
ਅਜਿਹੀ ਨਫਰਤ ਦੀ ਤਰਜਮਾਨੀ ਕਰਦੀਆਂ ਸਰਕਾਰਾਂ ਅਪਣੇ ਰਾਜਨੀਤਕ ਮੁਫਾਦਾਂ ਲਈ ਲੋਕਾਂ ਦੀ ਬਲੀ ਕਿਉਂ ਨਹੀਂ ਦੇਣਗੀਆਂ? ਲੋਕਾਂ ਦੀ ਨਫਰਤ ਉਨ੍ਹਾਂ ਦਾ ਹੌਸਲਾ ਹੈ ਕਿ ਉਹ ਜੰਗੀ ਮਹੌਲ ਪੈਦਾ ਕਰਨ। ਲੋਕਾਂ ਅੰਦਰਲੀ ਨਫਰਤ ਸਰਕਾਰਾਂ ਨੂੰ ਉਕਸਾਉਂਦੀ ਹੈ ਕਿ ਜੰਗ ਲਾਈ ਜਾਵੇ ਜਾਂ ਜੰਗੀ ਮਹੌਲ ਸਿਰਜ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਵੇ। ਲੋਕ ਹੀ ਜਦ ਤਿਆਰ ਹਨ ਮੂਰਖ ਹੋਣ ਲਈ ਤਾਂ ਸਰਕਾਰਾਂ ਲਈ ਕੀ ਮੁਸ਼ਕਲ ਹੈ ਕਿ ਉਹ ਦੋ-ਚਾਰ, ਪੰਜ-ਸੱਤ ਦੀ ਬਲੀ ਦੇ ਦੇਣ! ਸਰਕਾਰਾਂ ਕੀ ਕਰਦੀਆਂ ਕਿ ਉਹ 'ਫ੍ਰੈਂਡਲੀ ਮੈਚ' ਖੇਡਦੀਆਂ ਕਿ ਤੈਨੂੰ ਲੋੜ ਤੂੰ ਚਾਰ ਬੰਦੇ ਮਾਰ ਸਾਨੂੰ ਲੋੜ ਤਾਂ ਅਸੀਂ। ਕਸ਼ਮੀਰ ਇਸ ਦਾ ਫੁਟਬਾਲ ਹੈ। ਕਦੇ ਉਹ ਉਸ ਦੀ ਡੀ ਵਿਚ ਸੁੱਟ ਜਾਂਦਾ ਜਦ ਦੂਜੇ ਨੂੰ ਲੋੜ ਹੁੰਦੀ ਉਹ ਉਸ ਦੀ!
ਲੋਕ ਮੋਇਆਂ ਦੇ ਵਰਲਾਪ ਕਰ ਰਹੇ ਹੁੰਦੇ, ਮਾਵਾਂ ਵੈਣ ਪਾਉਂਣ ਡਹੀਆਂ ਹੁੰਦੀਆਂ, ਪਰ ਅਪਣੇ ਅਪਣੇ ਮੁਲਖਾਂ ਦੇ ਲੋਕ ਲੁੱਡੀਆਂ ਪਾ ਰਹੇ ਹੁੰਦੇ ਕਿ ਅਸੀਂ ਇਨੇ ਮਾਰੇ, ਅਸੀਂ ਉਨੇ ਮਾਰੇ! ਇਸ ਨਰਫਤ ਦੀ ਅੱਗ ਵਿਚ ਮਨੁੱਖੀ ਮਾਸ ਸੜਦਾ ਹੈ, ਲਹੂ ਵਿਹੰਦਾ ਹੈ, ਪਰ ਲੋਕ ਖੁਸ਼ ਹੋ ਰਹੇ ਹੁੰਦੇ ਹਨ, ਉਨਾਂ ਦੇ ਮੁਲਖ ਨੇ ਇਨੇ ਮਾਰੇ! ਰਾਜਨੀਤਕ ਭੇੜੀਏ ਧੁਰ ਢਿੱਡੋਂ ਹੱਸਦੇ ਹਨ, ਅਪਣੀ ਕਾਮਯਾਬੀ ਉਪਰ ਅਤੇ ਲੋਕਾਂ ਦੀ ਮੂਰਖਤਾ ਉਪਰ।
ਅਪਣੇ ਪੰਜਾਬ ਵਾਲੇ ਪਾਸੇ ਦੇ ਕੁਝ ਫੁਕਰੇ ਐਵੇਂ ਲਲਕਾਰੇ ਮਾਰੀ ਜਾਂਦੇ ਪਾਕਿਸਤਾਨ ਦੀ ਇਉਂ ਕਰ ਦੇਂਗੇ ਜਿਉਂ ਕਰ ਦੇਂਗੇ।
ਇਨ੍ਹਾਂ ਨੂੰ ਹਾਲੇ ਕੱਲ ਹਿੰਦੂ ਵਲੋਂ ਫੇਰੇ ਛਿੱਤਰ ਭੁੱਲ ਗਏ?
ਇਨੇ ਬੇਹਯਾ ਤੇ ਬੇਗੈਰਤ ਲੋਕ?
ਮਾਲ ਮੰਡੀ, ਲੱਡਾ ਕੋਠੀ ਵਰਗੇ ਕਸਾਖਾਨੇ। ਨਹਿਰਾਂ ਰੋਹੀਆਂ ਦੇ ਝੂਠੇ ਮੁਕਾਬਲੇ! ਦਿੱਲੀ ਆਦਿ ਵਿਚ ਕੁੱਤਿਆਂ ਵਾਂਗ ਰੁਲਦੀਆਂ ਲਾਸ਼ਾਂ! ਇਹ ਦਿੱਲੀ ਵਾਲੇ ਤੁਹਾਡੇ ਲੱਗਦੇ ਕੀ?
ਜਦ ਦਿੱਲ ਕਰੇ ਤੁਹਾਨੂੰ ਕੁੱਟ ਕੱਢਦੇ ਕਿਹੜੀ ਦੇਸ਼ ਭਗਤੀ ਚੜ੍ਹੀ ਪਈ ਤੁਹਾਨੂੰ?
ਇਹ ਤੁਹਾਨੂੰ ਉਜਾੜਨਗੇ, ਵਾਰ ਵਾਰ ਉਜਾੜਨਗੇ। ਚਾਹੇ ਤੁਹਾਡਾ ਪਾਣੀ ਖੋਹ ਕੇ ਉਜਾੜ ਦੇਣ ਚਾਹੇ ਜੰਗ ਲਾ ਕੇ। ਤੁਸੀਂ ਕਦੇ ਵੀ ਕਿਸੇ ਤਰ੍ਹਾਂ ਵੀ ਹਿੰਦੂ ਦੇ ਢਾਂਚੇ ਵਿਚ ਫਿੱਟ ਨਹੀਂ ਬੈਠਦੇ। ਬੈਠ ਸਕਦੇ ਹੀ ਨਹੀਂ। ਤੁਹਾਡੇ ਇਤਿਹਾਸਕ ਅਤੇ ਵਿਚਾਰਧਾਰਕ ਇਨੇ ਵੱਡੇ ਪਾੜੇ ਹਨ ਕਿ ਤੁਸੀਂ ਫਿੱਟ ਨਹੀਂ ਬੈਠ ਸਕਦੇ!
ਹਾਲੇ ਤੁਹਾਨੂੰ ਇਸ ਗੱਲ ਦੀ ਇੰਤਜਾਰ ਕਰਨੀ ਪਵੇਗੀ ਕਿ ਸੂਰਜ ਨੂੰ ਖਰਾਦੇ ਚਾਹੜ ਕੇ ਅਪਣੀ ਕੁੜੀ ਦੇ ਮੇਚ ਕਰਨ ਵਾਂਗ ਬ੍ਰਹਾਮਣ ਤੁਹਾਨੂੰ ਅਪਣੇ ਮੇਚ ਦਾ ਕਰ ਲਵੇ ਜੋ ਕਿ ਉਹ ਲਗਾਤਾਰ ਕਰਦਾ ਆ ਰਿਹਾ ਹੈ!
ਇਦੋਂ ਘੱਟ ਉਸ ਦਾ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਤੁਸੀਂ ਜਿੰਨੀਆਂ ਮਰਜੀ ਦੇਸ਼ ਭਗਤੀ ਦੀਆਂ ਟਾਹਰਾਂ ਮਾਰੀ ਜਾਓ ਤੇ ਗੀਤ ਗਾਈ ਜਾਓ!
ਗੁਰਦੇਵ ਸਿੰਘ ਸੱਧੇਵਾਲੀਆ
ਰਾਜਨੀਤਕ ਭੇੜੀਏ ਅਤੇ ਜੰਗ
Page Visitors: 2514